ਭਾਰਤ ਤੇ ਪਾਕਿਸਤਾਨ ਵੱਲੋਂ ਰਿਹਾਇਸ਼ੀ ਇਲਾਕਿਆਂ ‘ਤੇ ਗੋਲਾਬਾਰੀ

ਜੰਮੂ: ਭਾਰਤ ਤੇ ਪਾਕਿਸਤਾਨੀ ਦੀ ਫੌਜ ਵੱਲੋਂ ਇਕ ਦੂਜੇ ਦੇ ਰਿਹਾਇਸ਼ੀ ਇਲਾਕਿਆਂ ਵਿਚ ਗੋਲਾਬਾਰੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇਸ਼ਾਂ ਨੇ ਇਕ-ਦੂਜੇ ਉਤੇ ਪਹਿਲ ਕਰਨ ਦੇ ਦੋਸ਼ ਲਾਉਂਦੇ ਹੋਏ ਆਮ ਲੋਕਾਂ ਦਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ।

ਜੰਮੂ ਕਸ਼ਮੀਰ ਦੇ ਜ਼ਿਲ੍ਹੇ ਪੁਣਛ ਵਿਚ ਸਰਹੱਦੀ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਵਿਚ ਇਕ ਫੌਜੀ ਤੇ ਉਸ ਦੀ ਪਤਨੀ ਮਾਰੇ ਗਏ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਜ਼ਖ਼ਮੀ ਹੋ ਗਈਆਂ। ਇਹ ਫੌਜੀ ਛੁੱਟੀ ‘ਤੇ ਘਰ ਆਇਆ ਹੋਇਆ ਸੀ। ਗੋਲੀਬੰਦੀ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਨੇ ਭਾਰਤੀ ਚੌਕੀਆਂ ਉਪਰ ਛੋਟੇ ਤੇ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ।
ਭਾਰਤੀ ਜਵਾਨਾਂ ਨੇ ਇਸ ਦਾ ਸਖਤੀ ਨਾਲ ਜਵਾਬ ਦਿੱਤਾ। ਪਾਕਿ ਸੈਨਿਕਾਂ ਨੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲੀਬਾਰੀ ਕੀਤੀ ਅਤੇ ਖਾਦੀ, ਕਰਮਾੜਾ ਅਤੇ ਗੁਪਲੁਰ ਵਰਗੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਕਸ਼ਮੀਰ ਦੇ ਜ਼ਿਲ੍ਹੇ ਬਾਂਦੀਪੋਰਾ ਵਿਚ ਫੌਜ ਦੀ ਟੁਕੜੀ ਉਤੇ ਅਤਿਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਕੈਪਟਨ ਸਣੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਭਾਰਤ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ 2 ਪਾਕਿਸਤਾਨੀ ਜਵਾਨਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੀ 24 ਫਰੰਟੀਅਰ ਯੂਨਿਟ ਦੀ ਮੈੱਸ ਵੀ ਤਬਾਹ ਹੋ ਗਈ। ਭਾਰਤੀ ਫੌਜ ਨੇ ਮਕਬੂਜ਼ਾ ਕਸ਼ਮੀਰ ‘ਚ ਪਾਕਿਸਤਾਨ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ।
ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਦੇ ਮੁੱਦੇ ਉਤੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇæਪੀæ ਸਿੰਘ ਨੂੰ ਤਲਬ ਕੀਤਾ। ਇਸ ਦੌਰਾਨ ਭਾਰਤੀ ਡਿਪਲੋਮੈਟ ਨੇ ਪਾਕਿ ਫੌਜੀਆਂ ਦੀ ਗੋਲੀਬਾਰੀ ਵਿਚ ਦੋ ਨਾਗਰਿਕਾਂ ਦੀ ਮੌਤ ਹੋਣ ਬਾਰੇ ਵਿਰੋਧ ਦਰਜ ਕਰਵਾਇਆ। ਭਾਰਤੀ ਡਿਪਲੋਮੈਟ ਨੇ ਪਾਕਿਸਤਾਨ ਨੂੰ ਇਹ ਵੀ ਦੱਸਿਆ ਕਿ ਇਸ ਸਾਲ 223 ਦਫਾ ਗੋਲੀਬੰਦੀ ਦੀ ਉਲੰਘਣਾ ਹੋਈ ਤੇ ਘੁਸਪੈਠ ਦੀਆਂ ਤਕਰੀਬਨ 50 ਕੋਸ਼ਿਸ਼ਾਂ ਹੋਈਆਂ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨਫ਼ੀਸ ਜ਼ਕਾਰੀਆ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਚਿਰੀਕੋਟ ਅਤੇ ਸਤਵਾਲ ਸੈਕਟਰਾਂ ਵਿਚ ਭਾਰਤੀ ਦਸਤਿਆਂ ਵੱਲੋਂ ਕੀਤੀ ਗੋਲੀਬਾਰੀ ਕਾਰਨ ਤਲਬ ਕੀਤਾ ਗਿਆ ਸੀ।
___________________________
ਅਮਰਨਾਥ ਯਾਤਰਾ ਉਤੇ ਹਮਲਾ,7 ਮੌਤਾਂ
ਅਨੰਤਨਾਗ: ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿਚ ਅਤਿਵਾਦੀਆਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੀ ਲਪੇਟ ਵਿਚ ਅਮਰਨਾਥ ਯਾਤਰੀਆਂ ਦੀ ਬੱਸ ਆ ਜਾਣ ਕਾਰਨ ਸੱਤ ਸ਼ਰਧਾਲੂ ਮਾਰੇ ਗਏ ਅਤੇ 12 ਹੋਰ ਜਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਪੰਜ ਔਰਤਾਂ ਸ਼ਾਮਲ ਹਨ। ਜਖ਼ਮੀਆਂ ਵਿਚ ਇਕ ਪੁਲਿਸ ਮੁਲਾਜ਼ਮ ਸ਼ਾਮਲ ਹੈ। ਬੱਸ ਸਵਾਰ ਯਾਤਰੀ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਮਗਰੋਂ ਬਾਲਟਾਲ ਤੋਂ ਪਰਤ ਰਹੇ ਸਨ। ਇਹ ਹਮਲਾ ਅਜਿਹੇ ਸਮੇਂ ਹੋਇਆ, ਜਦੋਂ ਕੁਝ ਘੰਟੇ ਪਹਿਲਾਂ ਹੀ ਜੰਮੂ ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਇਕ ਢਾਂਚੇ ਨੂੰ ਤੋੜਨ ਦਾ ਦਾਅਵਾ ਕਰਦਿਆਂ ਮੁਜ਼ੱਫ਼ਰਨਗਰ (ਉਤਰ ਪ੍ਰਦੇਸ਼) ਦੇ ਵਾਸੀ ਸੰਦੀਪ ਕੁਮਾਰ ਸ਼ਰਮਾ ਉਰਫ ਆਦਿਲ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਸੀ। ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਇਸ ਹਮਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਨੀ ਘੱਟ ਹੈ।
___________________________
ਭਾਰਤ ਦੀ ਪਾਕਿਸਤਾਨ ਨੂੰ ਸਲਾਹæææ
ਨਵੀਂ ਦਿੱਲੀ: ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ, ਜੋ ਪਿਛਲੇ ਸਾਲ ਭਾਰਤੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਸੀ, ਨੂੰ ਮਸੀਹਾ ਬਣਾਏ ਜਾਣ ‘ਤੇ ਪਾਕਿਸਤਾਨ ‘ਤੇ ਹੱਲਾ ਬੋਲਦਿਆਂ ਭਾਰਤ ਨੇ ਕਿਹਾ ਕਿ ਇਸਲਾਮਾਬਾਦ ਵੱਲੋਂ ਅਤਿਵਾਦ ਨੂੰ ਸਮਰਥਨ ਤੇ ਸ਼ਹਿ ਦੀ ‘ਇਕ ਵਾਢਿਓਂ ਸਾਰਿਆਂ’ ਨੂੰ ਨਿੰਦਾ ਕਰਨ ਦੀ ਲੋੜ ਹੈ। ਇਸ ਦੌਰਾਨ ਕੰਟਰੋਲ ਰੇਖਾ ‘ਤੇ ਗੋਲੀਬੰਦੀ ਦੀ ਉਲੰਘਣਾ ਦੇ ਦੋਸ਼ ‘ਚ ਪਾਕਿਸਤਾਨ ਨੇ ਲਗਾਤਾਰ ਦੂਜੇ ਦਿਨ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਮੁੜ ਤਬਲ ਕਰ ਲਿਆ। ਪਾਕਿ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਸੁਰੱਖਿਆ ਬਲਾਂ ਵੱਲੋਂ ਹੋਰ ਆਮ ਨਾਗਰਿਕ ਮਾਰੇ ਹਨ।