ਪੰਜਾਬੀ ਸਭਿਅਤਾ ਦਾ ਭਵਿਖ

ਵਿਦਵਾਨਾਂ ਨੇ ਸਭਿਆਤਾਵਾਂ ਦੇ ਖਾਤਮੇ ਦੇ ਕਾਰਨਾਂ ਦੀ ਪੁਣ-ਛਾਣ ਕਰਦਿਆਂ ਇਹ ਤੱਥ ਨਿਤਾਰੇ ਹਨ ਕਿ ਮੌਸਮ ਵਿਚ ਤਬਦੀਲੀ, ਲੜਾਈਆਂ, ਕਮਾਈ ਲਈ ਇਕ ਤੋਂ ਦੂਜੀ ਥਾਂ ਵੱਲ ਹਿਜਰਤ ਅਤੇ ਫਿਰ ਉਥੇ ਹੀ ਵਸੇਬਾ ਕਰਨ ਕਰ ਕੇ ਸਭਿਆਤਾਵਾਂ ਹੌਲੀ ਹੌਲੀ ਮਰ-ਮੁੱਕ ਗਈਆਂ।

ਇਸ ਪ੍ਰਸੰਗ ਵਿਚ ਜੇ ਪੰਜਾਬ ਬਾਰੇ ਸੋਚੀਏ ਤਾਂ ਤੱਥ ਫਿਕਰਾਂ ਵਿਚ ਪਾਉਣ ਵਾਲੇ ਹਨ। ਇਨ੍ਹਾਂ ਫਿਕਰਾਂ ਦੀ ਚਰਚਾ ਡਾæ ਹਰਸ਼ਿੰਦਰ ਕੌਰ ਨੇ ਇਸ ਲੇਖ ਵਿਚ ਕੀਤੀ ਹੈ। -ਸੰਪਾਦਕ

ਡਾæ ਹਰਸ਼ਿੰਦਰ ਕੌਰ
ਫੋਨ: 0175-2216783
ਖ਼ਤਮ ਹੋ ਚੁੱਕੀਆਂ ਕੁਝ ਸਭਿਅਤਾਵਾਂ ਵੱਲ ਝਾਤ ਮਾਰੀਏ ਤਾਂ ਬਹੁਤ ਕੁਝ ਪਤਾ ਲੱਗਦਾ ਹੈ। ਨਾਲ ਹੀ ਇਹ ਜਾਣਕਾਰੀ ਮਿਲਦੀ ਹੈ ਕਿ ਉਨ੍ਹਾਂ ਦਾ ਅੰਤ ਕਿਉਂ ਤੇ ਕਿਵੇਂ ਹੋਇਆ। ਪਹਿਲਾਂ ਗੱਲ ਕਰੀਏ ਮਾਇਆ ਸਭਿਅਤਾ ਦੀ। ਮੈਕਸਿਕੋ ਤੋਂ ਗੁਟਮਲਾ ਤਕ ਫੈਲੇ ਕਮਾਲ ਦੇ ਪੱਕੇ ਪਿਰਾਮਿਡ ਬਣਾਉਣ ਵਾਲੇ, ਉਸ ਸਮੇਂ ਤੇ ਹਿਸਾਬ ਦੇ ਚੋਟੀ ਦੇ ਮਾਹਿਰ, ਲਿਖਾਰੀ, ਕੈਲੰਡਰ ਬਣਾਉਣ ਵਿਚ ਮਾਹਿਰ, ਪੌੜੀਦਾਰ ਫਾਰਮ ਬਣਾਉਣ ਵਿਚ ਕਮਾਲ ਕਰਨ ਵਾਲੇ, ਸਲੀਕੇ ਨਾਲ ਰਹਿਣ ਸਹਿਣ ਵਾਲੇ ਅਤੇ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਖ਼ਿਰ ਸਾਲ 900 ਵਿਚ ਪੂਰੀ ਤਰ੍ਹਾਂ ਖਿੰਡ ਪੁੰਡ ਕਿਉਂ ਗਏ? ਉਸ ਸਮੇਂ ਦੀਆਂ ਲਿਖਤਾਂ ਮੌਜੂਦ ਹਨ, ਕਿਉਂਕਿ ਉਸ ਸਮੇਂ ਲੋਕ ਲਿਖਣ ਦਾ ਸ਼ੌਕ ਰੱਖਦੇ ਸਨ। ਗਜ਼ਬ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਬੋਲੀ ਅਜੇ ਤਕ ਕਿਤੇ ਨਾ ਕਿਤੇ ਬੋਲੀ ਜਾ ਰਹੀ ਹੈ ਜਿਸ ਸਦਕਾ ਉਨ੍ਹਾਂ ਬਾਰੇ ਕੁਝ ਨਾ ਕੁਝ ਲੱਭਿਆ ਜਾ ਸਕਦਾ ਹੈ। ਜੋ ਸਭਿਅਤਾ ਦੇ ਮਰ ਮੁੱਕ ਜਾਣ ਦੇ ਅਨੁਮਾਨ ਲਾਏ ਗਏ, ਉਹ ਸਨ: 1æ ਮੌਸਮ ਵਿਚ ਬਹੁਤ ਜ਼ਿਆਦਾ ਤਬਦੀਲੀ; 2æ ਲੜਾਈਆਂ; 3æ ਸੋਕਾ ਅਤੇ 4æ ਲੋਕਾਂ ਦਾ ਦੂਜੀ ਥਾਂ ਕਮਾਈ ਲਈ ਚਲੇ ਜਾਣਾ ਤੇ ਉਥੋਂ ਦਾ ਸਭਿਆਚਾਰ ਅਪਣਾ ਕੇ ਉਥੇ ਦਾ ਹੀ ਬਣ ਕੇ ਰਹਿ ਜਾਣਾ।
ਬਹੁਤੇ ਇਤਿਹਾਸਕਾਰ ਇਸ ਤੱਥ ਨਾਲ ਸਹਿਮਤ ਹਨ ਕਿ ਏਨੀ ਅਗਾਂਹ-ਵਧੂ ਸਭਿਅਤਾ ਜੋ ਸੋਕਿਆਂ ਨਾਲ ਲੜੀ, ਖ਼ੁਰਾਕ ਦੀ ਕਮੀ ਕਾਰਨ ਬਹੁਤੇ ਲੋਕਾਂ ਦੇ ਹੋਰ ਥਾਂਵਾਂ ਵਲ ਚਲੇ ਜਾਣ ਦੇ ਰੁਝਾਨ ਨੂੰ ਵੀ ਬਰਦਾਸ਼ਤ ਕਰਦੀ ਰਹੀ, ਅਖ਼ੀਰ ਲੜਾਈ-ਝਗੜਿਆਂ ਤੋਂ ਔਖੀ ਹੋ ਕੇ ਪੂਰਨ ਰੂਪ ਵਿਚ ਉਸ ਥਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ। ਇਕ ਗੱਲ ਜੋ ਖਿੱਚ ਪਾਉਂਦੀ ਹੈ, ਉਹ ਹੈ ਇੰਨੀਆਂ ਸਦੀਆਂ ਬਾਅਦ ਵੀ ਜ਼ੁਬਾਨ ਦਾ ਬਚੇ ਰਹਿਣਾ। ਕਾਰਨ ਸੀ- ਬਹੁਗਿਣਤੀ ਲੋਕ ਆਪਣੀ ਜ਼ੁਬਾਨ ਲਿਖਣ ਤੇ ਪੜ੍ਹਨ ਨੂੰ ਤਰਜੀਹ ਦਿੰਦੇ ਰਹੇ। ਪਿੰਡਾਂ ਵਿਚ ਇਹ ਜ਼ੁਬਾਨ ਬੋਲਣ ਵਾਲੇ ਬਚੇ ਰਹਿ ਗਏ। ਸ਼ਹਿਰੀ ਤਾਂ ਦੂਜੀਆਂ ਜ਼ੁਬਾਨਾਂ ਵਿਚ ਰਚ ਮਿਚ ਗਏ।
ਸਿੰਧ ਘਾਟੀ ਦੀ ਸੱਭਿਅਤਾ ਦੀ ਗੱਲ। ਹਜ਼ਾਰਾਂ ਸਾਲ ਪਹਿਲਾਂ ਹੜੱਪਾ ਸਭਿਅਤਾ ਨਾਲ ਜੁੜੇ 50 ਲੱਖ ਬੰਦੇ ਜੋ ਮੌਜੂਦਾ ਭਾਰਤ, ਪਾਕਿਸਤਾਨ, ਇਰਾਨ ਤੇ ਅਫ਼ਗਾਨਿਸਤਾਨ ਜਿੰਨੀ ਥਾਂ ਉਤੇ ਫੈਲੇ ਹੋਏ ਸਨ, ਉਸ ਸਮੇਂ ਦੇ ਕਮਾਲ ਦੇ ਘਰ-ਬਾਰ ਬਣਾ ਕੇ ਅਤੇ ਵੱਡੀਆਂ ਦੁਕਾਨਾਂ ਦੀ ਉਸਾਰੀ ਤੋਂ ਇਲਾਵਾ ਪਾਣੀ ਦੀ ਨਿਕਾਸੀ ਦੇ ਵਧੀਆ ਪ੍ਰਬੰਧ ਕਰਨ ਦੇ ਬਾਵਜੂਦ ਲਗਭਗ 3000 ਸਾਲ ਪਹਿਲਾਂ ਸੋਕੇ ਕਾਰਨ ਢਿੱਡ ਭਰਨ ਤੋਂ ਔਖੇ, ਹੋਰ ਥਾਂਵਾਂ ਵੱਲ ਤੁਰ ਜਾਣ ਨੂੰ ਮਜਬੂਰ ਹੋ ਗਏ। ਖੇਤੀਬਾੜੀ ਵਿਚ ਕਈ ਹੋਰ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਜਿਨ੍ਹਾਂ ਲਈ ਘੱਟ ਪਾਣੀ ਲੋੜੀਂਦਾ ਸੀ, ਪਰ ਫਿਰ ਵੀ ਮਿੱਟੀ ਦੇ ਸੈਂਪਲ ਦੱਸਦੇ ਹਨ ਕਿ ਪਾਣੀ ਦੀ ਘਾਟ ਹੀ ਅਖ਼ੀਰ ਏਨੀ ਵੱਡੀ ਸਭਿਅਤਾ ਨੂੰ ਖ਼ਾਤਮੇ ਵੱਲ ਲੈ ਗਈ। ਜਦੋਂ ਹੇਠਲੀ ਪੱਧਰ ਦੇ ਲੋਕ ਨਿਕਲੇ ਤਾਂ ਵੱਡੇ ਵਪਾਰੀ ਵੀ ਖਾਣ ਪੀਣ ਨੂੰ ਤਰਸਦੇ ਮਹਿੰਗਾਈ ਤੇ ਸੋਕੇ ਨੂੰ ਵੇਖਦੇ ਉਹ ਥਾਂ ਛੱਡ ਗਏ। ਫਿਰ ਰਾਜੇ ਕਿਨ੍ਹਾਂ ਉਤੇ ਰਾਜ ਕਰਦੇ? ਅਮੀਰ ਤਬਕਾ ਵੀ ਹੌਲੀ ਹੌਲੀ ਇਹ ਥਾਂ ਤਿਆਗ਼ ਗਿਆ।
ਈਸਟਰ ਸਭਿਅਤਾ ਵੀ 700 ਤੋਂ 1200 ਸਾਲ ਤਕ ਵਧਦੀ ਫੁਲਦੀ ਰਹੀ ਤੇ ਅਖ਼ੀਰ ਸਾਰੇ ਦਰੱਖ਼ਤ ਵੱਢਣ, ਪਾਣੀ ਦਾ ਸੋਮਾ ਮੁਕਾਉਣ ਤੇ ਖੇਤੀਬਾੜੀ ਵਿਚ ਪਾਣੀ ਦੀ ਘਾਟ ਕਾਰਨ ਹੌਲੀ ਹੌਲੀ ਅੰਨਦਾਤਿਆਂ ਵੱਲੋਂ ਇਸ ਥਾਂ ਨੂੰ ਤਿਆਗਣ ਸਦਕਾ ਇਹ ਸਭਿਅਤਾ ਵੀ ਹੌਲੀ ਹੌਲੀ ਖ਼ਤਮ ਹੋ ਗਈ। ਤੁਰਕੀ ਵਿਚ ਵੀ 9000 ਸਾਲ ਪਹਿਲਾਂ ਦੀ ਸਭਿਅਤਾ ਅਜਿਹੇ ਕਾਰਨਾਂ ਕਰ ਕੇ ਖ਼ਤਮ ਹੋ ਗਈ। ਇਲੀਨੋਇ ਵਿਚਲੇ ਮਿਸੀਸਿਪੀ ਵੀ ਬਹੁਤ ਵਧੀਆ ਕਾਰੀਗਰ ਸਨ। ਖੇਤੀਬਾੜੀ ਤੋਂ ਇਲਾਵਾ ਭਾਂਡੇ, ਘਰ-ਬਾਰ ਤੇ ਵੱਡੇ ਮਕਾਨ ਵੀ ਸਾਲ 600 ਤੋਂ 1400 ਈਸਵੀ ਤਕ ਉਨ੍ਹਾਂ ਨੇ ਸਾਂਭੀ ਰੱਖੇ; ਪਰ ਅਖ਼ੀਰ ਕੰਮ ਕਾਰ ਦੀ ਤਲਾਸ਼ ਵਾਸਤੇ ਨੌਜਵਾਨ ਤਬਕਾ ਹੋਰ ਥਾਂਈਂ ਨਿਕਲ ਗਿਆ। ਪਾਣੀ ਦੀ ਘਾਟ ਤੇ ਬਿਮਾਰੀਆਂ ਕਰ ਕੇ 40,000 ਲੋਕਾਂ ਨੂੰ ਇਹ ਥਾਂ ਹਮੇਸ਼ਾ ਲਈ ਛੱਡਣ ਉਤੇ ਮਜਬੂਰ ਕਰ ਗਈ।
ਇਨ੍ਹਾਂ ਤੋਂ ਇਲਾਵਾ ਵੀ ਬਹੁਤ ਹੋਰ ਸਭਿਅਤਾਵਾਂ ਹਨ ਜੋ ਖ਼ਤਮ ਹੋਈਆਂ, ਉਨ੍ਹਾਂ ਦੇ ਵੱਡੇ ਕਾਰਨ ਇਹੋ ਲੱਭੇ ਗਏ ਹਨ: ਸੋਕਾ ਤੇ ਧਰਤੀ ਹੇਠਲੇ ਪਾਣੀ ਦੀ ਕਮੀ; ਬਿਮਾਰੀਆਂ; ਹੋਰ ਥਾਂਵਾਂ ਵੱਲ ਕੰਮ ਕਾਰ ਦੀ ਭਾਲ ਵਾਸਤੇ ਚਲੇ ਜਾਣਾ; ਮੌਸਮ ਦੀ ਤਬਦੀਲੀ ਤੇ ਕੁਦਰਤੀ ਕਹਿਰ।
ਧਿਆਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਸਿਰਫ਼ ਉਸ ਸਭਿਅਤਾ ਦੀ ਜ਼ੁਬਾਨ ਬਚੀ ਹੈ ਜਿਸ ਵਿਚ ਹੇਠਲੇ ਪੱਧਰ ਦੇ ਲੋਕ, ਕਾਰੀਗਰ ਜਾਂ ਖੇਤੀਬਾੜੀ ਨਾਲ ਜੁੜੇ ਲੋਕਾਂ ਨੇ ਇਸ ਜ਼ੁਬਾਨ ਨੂੰ ਬੋਲਣਾ ਜਾਰੀ ਰੱਖਿਆ ਅਤੇ ਥਾਂ ਬਦਲਣ ਤੋਂ ਬਾਅਦ ਵੀ ਇਕ ਗੁੱਟ ਵਿਚ ਜੁੜੇ ਰਹਿ ਕੇ ਆਪਸੀ ਸਾਂਝ ਬਣਾਈ ਰੱਖੀ; ਯਾਨੀ ਰਹਿਣ ਸਹਿਣ ਬਦਲਣ ਬਾਅਦ ਵੀ ਬੱਚਿਆਂ ਨਾਲ ਤੇ ਰਿਸ਼ਤੇਦਾਰੀ ਨਾਲ ਸਭਿਆਚਾਰ ਤੇ ਜ਼ੁਬਾਨ ਦੀ ਸਾਂਝ ਦੀ ਤੰਦ ਟੁੱਟਣ ਨਾ ਦਿੱਤੀ। ਅਮੀਰ ਤਬਕਾ ਤੇ ਪੜ੍ਹੇ ਲਿਖੇ ਨੌਜਵਾਨ ਆਪਣੀ ਮਾਂ ਬੋਲੀ ਨੂੰ ਤਿਲਾਂਜਲੀ ਦੇ ਕੇ ਹਮੇਸ਼ਾ ਲਈ ਕਿਸੇ ਹੋਰ ਸਭਿਅਤਾ ਵਿਚ ਗੁੰਮ ਹੋ ਗਏ।
ਬਾਕੀ ਸਾਰੀਆਂ ਸਭਿਅਤਾਵਾਂ ਥਾਂ ਦੀ ਤਬਦੀਲੀ ਨਾਲ ਰਹਿਣ ਸਹਿਣ ਦਾ ਢੰਗ ਬਦਲ ਕੇ ਦੂਜੀ ਸਭਿਅਤਾ ਨੂੰ ਪੂਰੀ ਤਰ੍ਹਾਂ ਅਪਣਾ ਕੇ, ਆਪਣਾ ਅਸਲ ਰੂਪ, ਜ਼ੁਬਾਨ ਤੇ ਸਭਿਆਚਾਰ ਦਾ ਭੋਗ ਪਾ ਗਈਆਂ। ਉਨ੍ਹਾਂ ਸਾਰੇ ਥਾਂ ਤਬਦੀਲ ਕਰ ਕੇ ਜਾਣ ਵਾਲਿਆਂ ਨੇ ਦੂਜਾ ਸਭਿਆਚਾਰ ਤੇ ਜ਼ੁਬਾਨ ਅਪਣਾਈ ਅਤੇ ਉਨ੍ਹਾਂ ਦੇ ਬੱਚਿਆਂ ਨੇ ਅਗਿਓਂ ਆਪਣੀ ਮਾਂ ਬੋਲੀ ਦੇ ਅੱਧੇ ਸ਼ਬਦ ਛੱਡ ਕੇ ਦੂਜੀ ਸਭਿਅਤਾ ਦੇ ਸ਼ਾਮਲ ਕੀਤੇ ਤੇ ਤੀਜੀ ਪੁਸ਼ਤ ਤਕ ਜ਼ੁਬਾਨ ਹੌਲੀ ਹੌਲੀ ਦਫ਼ਨ ਹੋ ਗਈ। ਉਸ ਵਿਚ ਨਾ ਤਾਂ ਅਗਾਂਹ ਸਾਹਿਤ ਰਚਿਆ ਗਿਆ ਤੇ ਨਾ ਹੀ ਕੋਈ ਪੜ੍ਹਨ ਵਾਲਾ ਬਚਿਆ। ਉਨ੍ਹਾਂ ਦੀ ਜ਼ੁਬਾਨ ਬੋਲਣ ਵਾਲਿਆਂ ਦਾ ਖੁਰਾ ਖੋਜ ਹੁਣ ਇਸ ਧਰਤੀ ਉਤੇ ਨਹੀਂ ਮਿਲਦਾ। ਸਿਰਫ਼ ਖੰਡਰ ਹੀ ਬਚੇ ਹਨ।
ਪੰਜਾਬ ਅੰਦਰ ਝਾਤ ਮਾਰੀਏ ਤਾਂ ਪੁਰਾਣੇ ਸਮੇਂ ਤੋਂ ਹੁਣ ਤਕ ਇਸ ਦੇ ਇੰਨੇ ਟੋਟੇ ਹੋ ਚੁੱਕੇ ਹਨ ਕਿ ਆਕਾਰ ਵਜੋਂ ਇਹ ਬਹੁਤ ਛੋਟਾ ਰਹਿ ਗਿਆ ਹੈ। ਇਸ ਦੀ ਸਭਿਅਤਾ ਉਤੇ ਅਸਰ ਪਿਆ ਗੁਰੂਆਂ, ਪੀਰਾਂ, ਪੈਗੰਬਰਾਂ ਦੀਆਂ ਸਿੱਖਿਆਵਾਂ ਦਾ। ਮਨੁੱਖ ਨੂੰ ਉਚਾ ਆਚਰਨ ਰੱਖ ਕੇ, ਹੱਕ ਹਲਾਲ ਦੀ ਕਮਾਈ ਕਰਨ, ਦੂਜਿਆਂ ਦਾ ਹੱਕ ਨਾ ਮਾਰਨ, ਪਿਆਰ ਮੁਹੱਬਤ ਦੀਆਂ ਧੁਨਾਂ, ਔਰਤ ਦਾ ਸਤਿਕਾਰ, ਬੱਚਿਆਂ ਦਾ ਮਾਪਿਆਂ ਦੇ ਆਖੇ ਲੱਗਣਾ, ਖੁੱਲ੍ਹਾ-ਡੁੱਲ੍ਹਾ ਸੁਭਾਅ, ਮਹਿਮਾਨ ਦਾ ਸਤਿਕਾਰ, ਖੁੱਲ੍ਹਾ ਖਾਣਾ, ਵੰਡ ਕੇ ਖਾਣਾ ਤੇ ਕਿਸੇ ਇਕ ਦੇ ਘਰ ਦੇ ਵਿਆਹ ਵੇਲੇ ਪੂਰੇ ਪਿੰਡ ਵੱਲੋਂ ਜਸ਼ਨ ਮਨਾਉਣਾ ਆਦਿ ਅੰਗ ਪੰਜਾਬੀ ਸਭਿਅਤਾ ਦੇ ਅਹਿਮ ਅੰਸ਼ ਰਹੇ ਹਨ, ਪਰ ਹੁਣ ਪੰਜਾਬੀ ਸਭਿਆਚਾਰ ਵਿਚਲੀਆਂ ਤਬਦੀਲੀਆਂ ਕਿਸ ਪਾਸੇ ਵੱਲ ਇਸ਼ਾਰਾ ਕਰ ਰਹੀਆਂ ਹਨ ਤੇ ਕਿਸ ਤਰ੍ਹਾਂ ਦਾ ਨਿਘਾਰ ਪ੍ਰਤੱਖ ਦਿਸਣ ਲੱਗ ਪਿਆ ਹੈ, ਉਸ ਵੱਲ ਧਿਆਨ ਕਰੀਏ: 1æ ਪੰਜਾਬ ਦੇ ਅੰਦਰ ਵਸੇ ਪੰਜਾਬੀਆਂ ਨਾਲੋਂ ਪੰਜਾਬੋਂ ਬਾਹਰ ਰੋਜ਼ੀ ਰੋਟੀ ਕਮਾਉਣ ਲਈ ਵੱਧ ਪੰਜਾਬੀ ਵਸ ਚੁੱਕੇ ਹਨ; 2æ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਚੁੱਕਾ ਹੈ; 3æ ਅੰਨਦਾਤੇ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ; 4æ ਪਿਤਾ ਆਪਣੀਆਂ ਧੀਆਂ ਦਾ ਬਲਾਤਕਾਰ ਕਰਨ ਲੱਗ ਪਏ ਹਨ। ਭਰਾ ਆਪਣੀਆਂ ਭੈਣਾਂ ਨੂੰ ਚੱਬ ਰਹੇ ਹਨ; 5æ ਬਾਜ਼ਾਰ ਵਿਚ ਪਤੀ ਪਤਨੀ ਸੈਰ ਲਈ ਨਿਕਲਦੇ ਹਨ ਤਾਂ ਕੋਈ ਵੀ ਮਨਚਲਾ ਸ਼ਰਤ ਲਾ ਕੇ ਔਰਤ ਨੂੰ ਸੜਕ ਉਤੇ ਨਿਰਵਸਤਰ ਕਰ ਦਿੰਦਾ ਹੈ ਤੇ ਪੁਲਿਸ ਕੇਸ ਦਰਜ ਕਰਨ ਦੀ ਥਾਂ ਗੱਲ ਰਫਾ-ਦਫਾ ਕਰਨ ਨੂੰ ਕਹਿੰਦੀ ਹੈ; 6æ ਪਿਤਾ ਆਪਣੇ ਜਵਾਈ ਤੇ ਧੀ ਨੂੰ ਕਤਲ ਕਰ ਦਿੰਦਾ ਹੈ, ਕਿਉਂਕਿ ਧੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ; 7æ ਕੋਈ ਵੀ ਬੰਦਾ ਗਰਭਵਤੀ ਔਰਤ ਤਕ ਦਾ ਬਲਾਤਕਾਰ ਕਰ ਕੇ, ਉਸ ਨੂੰ ਮਾਰ ਕੁੱਟ ਕੇ ਜਾਂ ਕਤਲ ਕਰ ਕੇ, ਆਪਣਾ ਅਸਰ ਰਸੂਖ਼ ਵਰਤ ਕੇ ਬਚ ਜਾਂਦਾ ਹੈ; 8æ ਇਕਤਰਫ਼ਾ ਪਿਆਰ ਦਾ ਜਵਾਬੀ ਹੁੰਗਾਰਾ ਨਾ ਮਿਲਣ ਉਤੇ ਚਲਦੀ ਸੜਕ ਉਤੇ ਮਨਚਲਾ ਆਸ਼ਿਕ ਕੁੜੀ ਉਤੇ ਤੇਜ਼ਾਬ ਸੁੱਟ ਦਿੰਦਾ ਹੈ ਜਾਂ ਉਸ ਦਾ ਕਤਲ ਕਰ ਦਿੰਦਾ ਹੈ ਤੇ ਰਾਹ ਚੱਲਦੇ ਬਾਕੀ ਲੋਕ ਪਾਸਾ ਵੱਟ ਕੇ ਲੰਘ ਜਾਂਦੇ ਹਨ; 9æ ਨਾਬਾਲਗ ਬੱਚੀਆਂ ਦੇ ਸਮੂਹਿਕ ਬਲਾਤਕਾਰ ਆਮ ਗੱਲ ਬਣ ਕੇ ਰਹਿ ਗਏ ਹਨ; 10æ ਗੀਤ ਸੰਗੀਤ ਵਿਚ ਲੱਚਰਤਾ ਪਰੋਸੀ ਜਾ ਰਹੀ ਹੈ। ਕਾਮ ਉਕਸਾਊ ਸਾਹਿਤ ਦੀ ਵਿਕਰੀ ਜ਼ੋਰਾਂ ਉਤੇ ਹੈ; 11æ ਸਾਹਿਤਕਾਰਾਂ ਨੂੰ ਅਣਗੌਲਿਆ ਜਾ ਰਿਹਾ ਹੈ ਤੇ ਪੰਜਾਬੀ ਵਿਚ ਰਚੇ ਵਧੀਆ ਸਾਹਿਤ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ; 12æ ਜ਼ੁਬਾਨ ਰੋਜ਼ੀ ਰੋਟੀ ਕਮਾਉਣ ਯੋਗ ਨਹੀਂ ਰਹੀ ਤੇ ਇਸ ਜ਼ੁਬਾਨ ਨੂੰ ਤਿਲਾਂਜਲੀ ਦੇਣ ਵਾਲੇ ਅਨੇਕ ਤਿਆਰ ਹੋ ਚੁੱਕੇ ਹਨ; 13æ ਹੋਰਨਾਂ ਸੂਬਿਆਂ ਵਿਚੋਂ ਹੌਲੀ ਹੌਲੀ ਏਨੇ ਲੋਕ ਇਥੇ ਆ ਕੇ ਵੱਸ ਚੁੱਕੇ ਹਨ ਕਿ ਉਨ੍ਹਾਂ ਦੀ ਜ਼ੁਬਾਨ ਤੇ ਸਭਿਆਚਾਰ ਮੌਜੂਦਾ ਵਸਨੀਕਾਂ ਉਤੇ ਹਾਵੀ ਹੋਣ ਲੱਗ ਪਿਆ ਹੈ ਅਤੇ 14æ ਬਾਹਰੋਂ ਖ਼ਰੀਦ ਕੇ ਲਿਆਈਆਂ ਜਾ ਰਹੀਆਂ ਨੂੰਹਾਂ ਸਦਕਾ ਅਗਾਂਹ ਜੰਮ ਰਹੇ ਬੱਚਿਆਂ ਵਿਚਲਾ ਪੰਜਾਬੀ ਜੁੱਸਾ ਤੇ ਨੁਹਾਰ ਵੀ ਤਬਦੀਲ ਹੋ ਰਹੇ ਹਨ।
ਕੀ ਇਹ ਸਾਰੇ ਤੱਤ ਪੰਜਾਬੀ ਸਭਿਅਤਾ ਦੇ ਵਿਗਾੜ ਤੇ ਵਿਨਾਸ਼ ਵੱਲ ਇਸ਼ਾਰਾ ਨਹੀਂ ਕਰ ਰਹੇ? ਇਹੋ ਜਿਹੀਆਂ ਅਨੇਕ ਤਬਦੀਲੀਆਂ ਜੋ ਕਾਫ਼ੀ ਸਮੇਂ ਤੋਂ ਲਗਾਤਾਰ ਦਿਸ ਰਹੀਆਂ ਹਨ, ਇਹ ਸਪਸ਼ਟ ਕਰ ਰਹੀਆਂ ਹਨ ਕਿ ਪੰਜਾਬੀ ਸਭਿਅਤਾ ਨੂੰ ਸੰਭਾਲ ਦੇ ਰੱਖਣ ਵਾਲੇ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇ ਇਹੀ ਹਾਲ ਰਿਹਾ ਤਾਂ ਪੰਜਾਬੀਆਂ ਦੀ ਗਿਣਤੀ ਪੰਜਾਬ ਅੰਦਰੋਂ ਘੱਟ ਕੇ ਹੋਰ ਮੁਲਕਾਂ ਵਿਚ ਵੱਧ ਹੋ ਜਾਵੇਗੀ ਤੇ ਪਾਣੀ ਵਿਹੂਣਾ, ਕੈਂਸਰ ਪੀੜਤ, ਨਸ਼ੇ ਦੀ ਮਾਰ ਝੱਲਦਾ ਪੰਜਾਬ ਆਪਣੀ ਮਾਤ ਭਾਸ਼ਾ ਨੂੰ ਤਿਲ ਤਿਲ ਮਰਦਾ ਵੇਖ ਹੌਲੀ ਹੌਲੀ ਇਸ ਨਾਲ ਜੁੜੀ ਸਭਿਅਤਾ ਦਾ ਅੰਤ ਵੀ ਵੇਖ ਲਵੇਗਾ, ਕਿਉਂਕਿ ਕੁੱਖਾਂ ਖ਼ਤਮ ਕਰ ਕੇ ਪੰਜਾਬੀਆਂ ਦਾ ਜੀਨ ਵੀ ਸਾਬਤ ਨਹੀਂ ਬਚਣ ਲੱਗਿਆ।
ਉਹ ਸਭਿਆਤਾਵਾਂ ਜੋ ਖ਼ਤਮ ਹੋ ਗਈਆਂ, ਵਿਚੋਂ ਲੱਭੇ ਕਾਰਨ ਅੱਜ ਸਾਨੂੰ ਅਗਾਊਂ ਖ਼ਤਰਿਆਂ ਬਾਰੇ ਸਪਸ਼ਟ ਕਰ ਰਹੇ ਹਨ। ਮੌਜੂਦਾ ਵਿਗੜੇ ਹਾਲਾਤ ਜੇ ਵੇਲੇ ਸਿਰ ਨਾ ਸੰਭਾਲੇ ਗਏ ਤਾਂ ਅਗਲੇ 50 ਸਾਲ ਪੰਜਾਬੀ ਸਭਿਅਤਾ ਤੇ ਜ਼ੁਬਾਨ ਉਤੇ ਭਾਰੇ ਸਾਬਤ ਹੋਣਗੇ। ਜੀਨ ਨੂੰ ਸਾਬਤ ਸੂਰਤ ਅਗਲੀ ਪੁਸ਼ਤ ਤਕ ਪਹੁੰਚਾਉਣ ਵਾਲੀ ਔਰਤ ਤਾਂ ਸਿਰਫ਼ ਖਿਡੌਣਾ ਬਣਾ ਕੇ ਰੱਖ ਦਿੱਤੀ ਗਈ ਹੈ ਤੇ ਜ਼ੁਬਾਨæææ? ਪੰਜਾਬ ਦੀ ਧਰਤੀ ਛੱਡ ਚੁੱਕਿਆਂ ਦੀ ਦੂਜੀ ਪੁਸ਼ਤ ਵਿਚੋਂ ਕਿੰਨੇ ਪੰਜਾਬੀ ਵਿਚ ਸਾਹਿਤ ਰਚ ਰਹੇ ਹਨ ਤੇ ਕਿੰਨੇ ਕੁ ਪੰਜਾਬੀ ਪੜ੍ਹ ਸਕਦੇ ਹਨ, ਇਨ੍ਹਾਂ ਸਵਾਲਾਂ ਦਾ ਜਵਾਬ ਅਗਲੇ ਆਉਣ ਵਾਲੇ ਪੰਜਾਹ ਸਾਲਾਂ ਦੇ ਹਾਲਾਤ ਸਪਸ਼ਟ ਕਰ ਦੇਵੇਗਾ।