ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ।
ਇਸ ਲੇਖ ਲੜੀ ਵਿਚ ਉਨ੍ਹਾਂ ਕੋਠੀ ਲੱਗੇ ਬਜ਼ੁਰਗਾਂ ਦੀ ਪੀੜਾ ਦੀ ਸਾਰ ਲਈ ਹੈ। ਇਹ ‘ਕੋਠੀ ਲੱਗੇ’ ਬਜ਼ੁਰਗ ਜਦੋਂ ਕਿਸੇ ਪਾਰਕ ਵਿਚ ‘ਕੱਠੇ ਹੁੰਦੇ ਹਨ ਤਾਂ ਆਪੋ ਵਿਚ ਦੁਖੜੇ ਫੋਲਦੇ ਹਨ। ਹਥਲੇ ਲੇਖ ਵਿਚ ਪ੍ਰਿੰæ ਬਾਜਵਾ ਨੇ ਪੰਜਾਬ ਦੇ ਵਿਗੜੇ ਹਾਲਾਤ ਦਾ ਸ਼ਿਕਾਰ ਹੋਏ ਇਕ ਐਨæਆਰæਆਈæ ਬਜ਼ੁਰਗ ਦੇ ਦੁਖੜਿਆਂ ਦੀ ਸਾਰ ਲਈ ਹੈ। -ਸੰਪਾਦਕ
ਪ੍ਰਿੰæ ਬਲਕਾਰ ਸਿੰਘ ਬਾਜਵਾ
ਫੋਨ: 647-402-2170
ਸ਼ੁਭ ਸਵੇਰ ਭਾਈਚਾਰੇ (ਸ਼ੁਭ ਸਵੇਰ ਕਹਿੰਦਿਆਂ ਤੇ ਸੈਰ ਕਰਦਿਆਂ ਬਣਿਆ ਭਾਈਚਾਰਾ) ਦੀ ਇੱਕ ਪੰਜਾਬੀ ਜੋੜੀ ਨਾਲ ਅਪਣੱਤ ਭਰੀ ਸਾਂਝ ਪੈ ਗਈ। ਇੱਕ ਵੇਰ ਕੁਝ ਵਕਫੇ ਪਿੱਛੋਂ ਮਿਲੇ। ਮਨ ਦੇ ਉਦਰੇਵਿਆਂ, ਹੇਰਵਿਆਂ ਦੀਆਂ ਚੀਸਾਂ ਤੇ ਹਉਕਿਆਂ ਦੇ ਕਿੱਸੇ ਛਿੜ ਪਏ। ‘ਕਿੱਥੇ ਰਹੇ ਹੋ, ਬੜੇ ਚਿਰ ਪਿੱਛੋਂ ਮਿਲੇ ਹੋ?’ ਬੀਬੀ ਬੋਲੀ, “ਵੀਰ ਜੀ! ਕਿੱਥੇ ਰਹਿਣਾ, ਬੜੇ ਚਾਅਵਾਂ ਨਾਲ ਪਿਛਲੀ ਦੀਵਾਲੀ ਇੰਡੀਆ ਗਏ ਸੀ, ਕੁਝ ਨਾ ਪੁੱਛੋ, ਇਹ ਤਾਂ ਮਾਨਸਿਕ ਰੋਗੀ ਹੋ ਕੇ ਆਏ ਨੇ। ਹਰ ਵੇਲੇ ‘ਨਈਂ ਰਹਿਣਾ ਇੰਡੀਆ, ਨਈਂ ਰਹਿਣਾ ਇੰਡੀਆ’ ਦੀ ਰੱਟ ਲਾਈ ਰੱਖਦੇ ਨੇ, ਮਾਣਮੱਤੇ ਐਨæਆਰæਆਈæ ਨਾਮ ਤੋਂ ਹੀ ਡਰੇ ਤੇ ਸਹਿਮੇ ਰਹਿੰਦੇ ਨੇ, ਪਰਵਾਸੀਆਂ ਦਾ ਹਰ ਦੇਸ਼ ਵਾਸੀ, ਸ਼ਾਈਲਾਕ ਵਾਂਗ ਆਪਣਾ ਪੌਂਡ ਆਫ ਫਲੈਸ਼ ਵੱਢਣ ਦੀ ਤਾਕ ਵਿਚ ਹੁੰਦੈ। ਬੀæਏæ ਵਿਚ ਪੜ੍ਹਿਆ, ਯਾਦ ਐ, ਭਾਵੇਂ ਹੋਏ ਭੈਣ-ਭਾਈ ਜਾਂ ਬਾਬੂ, ਇਸ ਵਰਤਾਰੇ ਤੋਂ ਸਹਿਮੇ, ਡਰੇ, ਇਹ ਤਾਂ ਕਈ ਵਾਰੀ ਰਾਤੀਂ, ਬੁੜਬੁੜਾਉਂਦੇ ਉਠ ਬੈਠਦੇ ਨੇ, ‘ਨਈਂ ਰਹਿਣਾ ਇੰਡੀਆ, ਨਈਂ ਰਹਿਣਾ ਇੰਡੀਆ।’ ਕਿਸੇ ਡਾਕਟਰ ਕੋਲ ਵੀ ਨਈਂ ਜਾਂਦੇ, ਐਤਕੀਂ ਕਿਹਾ ਚਲੋ ਜਾ ਆਈਏ, ਤਾਂ ਸਾਡੇ ਵੱਲ ਖਾਲੀ ਖਾਲੀ ਜਿਹਾ ਝਾਕੀ ਜਾਣ, ਬੱਸ ਕਦੀ ਕਦੀ ਬੋਲਦੇ ਨੇ, ਕੌਣ ਪੁੱਛੂ ਤੈਨੂੰ ਉਥੇ ਸੁਰੈਣਿਆ, ਹੁਣ ਤਾਂ ਤੇਰੇ ਲਈ ਠਾਣੇ ਵੀ ਸਪੈਸ਼ਲ ਬਣ ਗਏ ਨੇ, ਸ਼ੈਦ ਹੁਣ ਜੇਲ੍ਹਾਂ ਵੀ।”
ਨਾਲ ਹੀ ਖੜ੍ਹਾ ਬਾਈ ਵੇਖਣ ਨੂੰ ਠੀਕ ਠਾਕ ਲੱਗਾ। ਪਰ ਪਹਿਲਾਂ ਵਾਂਗ ਗੱਲੀਂ ਨਾ ਛਿੜਿਆ। ਪੰਜਾਬ ਬਾਰੇ, ਸਿਆਸੀ ਲੋਕਾਂ ਬਾਰੇ, ਹਾਲਾਤ ਬਾਰੇ, ਪਿੰਡ ਬਾਰੇ, ਭਾਈ-ਭਤੀਜਿਆਂ ਬਾਰੇ, ਉਥੇ ਦੀ ਜਾਇਦਾਦ ਬਾਰੇ, ਕੋਠੀ ਬਾਰੇ, ਆਪਣੇ ਵੇਲੇ ਦੀ ਗੱਲਾਂ ਬਾਰੇ, ਜੋ ਕਦੀ ਉਹਦੀ ਅਟੁੱਟ ਲੜੀ ਹੁੰਦੀ, ਅੱਜ ਗਾਇਬ ਸੀ।
ਮੈਂ ਪਰੇਸ਼ਾਨ ਹੁੰਦਿਆਂ ਪੁੱਛਿਆ, “ਤਾਂ ਵੀ, ਭੈਣ ਜੀ, ਕੀ ਵਾਪਰਿਐ, ਕੋਈ ਨਾ ਕੋਈ ਗੱਲ ਤਾਂ ਹੋਈ ਹੋਊ, ਤੁਸੀਂ ਤਾਂ ਕੋਲ ਈ ਹੁੰਦੇ ਸੀ, ਮਾਹੌਲ ‘ਚ ਕੀ ਏਡੀ ਵੱਡੀ ਤਬਦੀਲੀ ਆ ਗਈ ਐ, ਕੀ ਭਾਣਾ ਵਰਤਿਐ, ਤੁਸੀਂ ਤਾਂ ਓæਸੀæਆਈæ ਲੈ ਬੜੇ ਖੁਸ਼ ਸੀ-ਹੁਣ ਜਦੋਂ ਮਰਜੀ ਉਠ ਜਾਇਆ ਕਰਾਂਗੇ, ਪੰਜਾਬ ਨੂੰæææ।”
“ਸਹਿਮੇ ਜਿਹੇ ਰਹਿੰਦੇ ਨੇ, ਪਹਿਲਾਂ ਪਹਿਲਾਂ ਕਦੀ ਕਦੀ ਬੋਲਦੇ, ‘ਕੌਣ ਪੁੱਛੂ, ਤੈਨੂੰ ਉਥੇ ਹੁਣ ਸੁਰੈਣਿਆ, ਕੀ ਲੈਣ ਜਾਣਾ ਈ, ਚੁੱਪ ਕਰਕੇ ਬੈਠਾ ਰਹਿ ਏਥੇ ਈ, ਕੌਣ ਪੁੱਛੂ ਤੈਨੂੰ ਉਥੇ ਹੁਣ, ਚੱਲ ਛੱਡ ਪਰੇ। ਉਹ ਸਮੇਂ ਲੱਦ ਗਏ, ਜਦੋਂ ਤੇਰੀ ਪੁੱਛਗਿੱਛ ਸੀ। ਸ਼ ਸਰੈਣ ਸਿਆਂ, ਕੁਰਸੀਆਂ ਨੂੰ ਸਲਾਮਾਂ ਨੇ, ਅੱਜ ਉਹ ਜ਼ਮਾਨੇ ਕਿੱਥੇ! ਚਿਹਨ ਚੱਕਰ ਹੋਰ ਹੀ ਗੇੜ ‘ਚ ਪੈ ਗਏ ਨੇ, ਭੁੱਲ ਜਾ ਉਹ ਬਾਤਾਂ, ਨਵੇਂ ਸਿਕੰਦਰਾਂ ਦੇ ਹੁਣ ਸਿੱਕੇ ਚੱਲਦੇ ਆ।’ ਕਦੀ ਕਦੀ ਰਾਤ ਦੇ ਸੁਪਨਿਆਂ ਦੀਆਂ ਗੱਲਾਂ ਕਰਦੇ, ‘ਬੜਾ ਈ ਭਿਆਨਕ ਸੁਪਨਾ ਆਇਆ ਈ ਬਿਸ਼ਨ ਕੁਰੇ, ਜਾਗ ਖੁੱਲ੍ਹ ਗਈ ਰਾਤੀਂ, ਫਿਰ ਅੱਖ ਈ ਨਾ ਲੱਗੇ, ਕੀ ਬਣ ਗਿਐ, ਕੀ ਸੋਚਿਆ ਸੀ।’ ਅੱਛਾ ਵੀਰ ਜੀ, ਸਾਡੇ ਲਈ ਇਨ੍ਹਾਂ ਦੀ ਇਸ ਹਾਲਤ ਦੀ ਬਾਹਲੀ ਚਿੰਤਾ ਰਹਿੰਦੀ ਐ, ਸਾਡੀ ਕੋਈ ਮਦਦ ਕਰੋ, ਤੁਸੀਂ ਆਪ ਇਹੋ ਜਿਹੇ ਸਮਿਆਂ, ਹਾਲਤਾਂ ‘ਚੋਂ ਲੰਘੇ ਓਂ।”
“ਭੈਣ ਜੀ, ਇਥੇ ਬਹੁਤੀ ਨਿੱਠ ਕੇ ਗੱਲ ਨਈਂ ਹੋਣੀ, ਜਦੋਂ ਕਿਤੇ ਵਕਤ ਲੱਗੇ, ਤੁਸੀਂ ਆ ਜਾਇਓ ਘਰੇ, ਫਿਰ ਕਰਾਂਗੇ, ਖੁੱਲ੍ਹ ਕੇ ਗੱਲਾਂ, ਕੋਈ ਗੱਲ ਨਈਂ, ਅੱਛਾ ਸਤਿ ਸ੍ਰੀ ਅਕਾਲ।”
ਅਸੀਂ ਅੱਗੇ ਵੀ ਇੱਕ ਦੂਜੇ ਕੋਲ ਕਈ ਵਾਰੀ ਜਾਈਦਾ ਸੀ। ਕੋਈ ਬਹੁਤਾ ਓਪਰਾਪਨ ਨਈਂ ਸੀ। ਗਲਾਸੀ ਵਗੈਰਾ ਵੀ ਖੜਕਾ ਲਈਦੀ ਸੀ। ਸੋਚਦਾ ਆਇਆ ਕਿ ਬਾਈ ਨੂੰ ਕੋਈ ਮਾਨਸਿਕ ਠੇਸ ਲੱਗੀ ਏ। ਸ਼ੈਦ ਮਨੋਵਿਰੇਚਨ (ਕਥਾਰਸਿਸ) ਨਾਲ ਮਨ ਦੇ ਗੁੱਬ-ਗੁਭਾਟ ਨਿਕਲ ਜਾਣ ਤੇ ਮਾਨਸਿਕ ਪਾਵਨਵਾਦ ਨਾਲ ਠੀਕ ਹੋ ਜਾਏ।
ਇੱਕ ਦਿਨ ਚਾਰ ਕੁ ਵਜੇ ਉਹ ਦੋਵੇਂ ਆ ਗਏ। ਮੇਰਾ ਬਹੁਤਾ ਵਸੇਬਾ ਵਾਕਆਊਟ ਬੇਸਮੈਂਟ ਵਿਚ ਈ ਹੁੰਦੈ। ਪੂਰੀ ਇਕੱਲ ਤੇ ਏਕਾਂਤ ਵਾਲਾ। ਪੂਰੀ ਅਨੰਦਵਾਦੀ। ਸਾਹਮਣੇ ਕਰੀਕ ਆਪਣੀ ਮੌਸਮੀ ਰਫਤਾਰ ‘ਚ ਮਸਤ ਵਹਿੰਦੀ ਰਹਿੰਦੀ ਏ। ਅਸੀਂ ਚਾਰੇ ਬਿਨਾ ਕਿਸੇ ਉਚੇਚ ਦੇ ਬਹਿ ਗਏ। ਦੋਵੇਂ ਭੈਣਾਂ ਆਪਣੀਆਂ ਗੱਲਾਂ ਦੀਆਂ ਪੂਣੀਆਂ ਕੱਤਣ ਲੱਗ ਪਈਆਂ। ਚਾਹ ਪੀਂਦਿਆਂ ਸਧਾਰਨ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ-ਆਮ ਆਦਮੀ ਪਾਰਟੀ ਦੀਆਂ, ਨਸ਼ਿਆਂ ਦੇ ਕਿੱਸੇ, ਫੈਲਦਾ ਕੈਂਸਰ, ਜ਼ਹਿਰੀਲੇ ਤੇ ਡੂੰਘੇ ਹੋ ਰਹੇ ਪਾਣੀ, ਸਰਕਾਰਾਂ ਵੱਲੋਂ ਕਰਾਈਆਂ ਜਾ ਰਹੀਆਂ ਐਨæਆਰæਆਈæ ਸਭਾਵਾਂ ਵਿਚ ਵਿਚਾਰੇ ਜਾ ਰਹੇ ਪਰਵਾਸੀਆਂ ਦੇ ਮਸਲੇ, ਜਾਇਦਾਦਾਂ ਦੇ ਮਸਲਿਆਂ ਨੂੰ ਸੁਲਝਾਉਣ ਦੀਆਂ ਕਾਰਵਾਈਆਂ, ਵਗੈਰਾ ਵਗੈਰਾ।
ਜਦੋਂ ਇਹ ਗੱਲਾਂ ਛਿੜੀਆਂ, ਸਰੈਣ ਸਿੰਘ ਦੀ ਪਤਾ ਨਹੀਂ ਕਿਹੜੀ ਦੁਖਦੀ ਰਗ ਦੱਬੀ ਗਈ। ਉਹ ਤਾਂ ਪੂਰੇ ਗੁੱਸੇ ‘ਚ ਬਿਫਰ ਖਲੋਤਾ, “ਆਹੋ, ਮਸਲੇ ਤਾਂ ਸਾਰੇ ਹੱਲ ਕਰ ਦਿੱਤੇ ਨੇ, ਇੱਕ ਕੈਨੇਡੀਅਨ ਐਨæਆਰæਆਈæ ਨੂੰ ਮੋਗੇ ਵਿਖੇ ਗੋਲੀ ਨਾਲ ਪਾਰ ਬੁਲਾਇਆ ਹੈ। ਲੋਕ ਤ੍ਰਾਹ ਤ੍ਰਾਹ ਕਰਨ ਲੱਗ ਪਏ ਨੇ, ਪੰਜਾਬ ਵੱਲ ਤੁਰ ਪਏ ਨੇ ਡਰੇ ਲੋਕ, ਜਾਇਦਾਦਾਂ ਵੇਚਣ ਤੇ ਸਮੇਟਣ। ਆਹੋ, ਇਨ੍ਹਾਂ ਲਈ ਹੁਣ ਜੇਲ੍ਹਾਂ ਵੀ ਵੱਖਰੀਆਂ ਬਣਾ ਦੇਣੀਆਂ ਨੇ, ਪੀ ਓਜ਼ ਦੀ ਗਿਣਤੀ ਵਧੂ, ਬਾਦਲਾਂ ਨੇ ਰਾਜ ਨਹੀਂ, ਸੇਵਾ ਕਰਨੀ ਏ, ਬੱਸ ਏਨੀ ਕੁ ਕਸਰ ਰਹਿ ਗਈ ਸੀ, ਉਹ ਵੀ ਹੁਣ ਕੱਢ ਦੇਣਗੇ। ਸਿਆਸਤੀ ਹੋਏ ਪ੍ਰਸ਼ਾਸਨ, ਬ੍ਰਿਗੇਡਾਂ ਤੇ ਸੰਗਤ ਦਰਸ਼ਨ ਨੇ ਹੀ ਪਿੰਡਾਂ ‘ਚ ਲੋਕਾਂ ਨੂੰ ਸਿੱਖਿਆ, ਸਿਹਤ, ਰੋਜ਼ਗਾਰ ਦੇ ਪ੍ਰਸ਼ਾਦ ਵੰਡ ਦੇਣੇ ਨੇ! ਵੇਖੋ ਇਨ੍ਹਾਂ ਦੇ ਚਮਤਕਾਰ!! ਗਾਉ ਇਨ੍ਹਾਂ ਦੇ ਸੋਹਲੇ, ਕਰਾ ਲਓ ਇਨ੍ਹਾਂ ਤੋਂ ਸੇਵਾ। ਭੁਗਤੋ! ਇਹ ਤਾਂ ਖਾਣਗੇ ਮੇਵੇ, ਤੁਸੀਂ ਖਾਵੋਂਗੇ ਜੇਲ੍ਹਾਂ ਦੀ ਹਵਾ। ਇਨ੍ਹਾਂ ਦੇ ਅਬਦਾਲੀ ਬ੍ਰਿਗੇਡਾਂ ਦੇ ਧੌਂਸ ਤੇ ਧੱਕੇ ਆਉਣਗੇ ਤੁਹਾਡੇ ਹਿੱਸੇ, ਸ਼ਰੀਕ ਤੇ ਸਿਆਸੀ ਗਿਰਝਾਂ ਨੋਚਣਗੀਆਂ ਤੁਹਾਡੀਆਂ ਹੱਡੀਆਂ। ਹੁਣ ਕਿਉਂ ਚੀਕਦੇ ਓਂ, ਮੰਨੋ ਭਾਣਾ, ਨੀਵੀਆਂ ਪਾ ਕੇ, ਇਹ ਰਾਜ ਚੱਲਣੈ ਹਾਲੀ ਹੋਰ 25 ਸਾਲ-ਕੈਲੀਫੋਰਨੀਆ ਦੇ ਸ਼ਾਹਰਾਹ ਪੈ ਗਿਆ ਏ। ਅੱਗੇ ਅੱਗੇ ਵੇਖੋ ਰੰਗ ਕਰਤਾਰ ਦੇ!”
ਬਾਈ ਠਹਿਰ। ਥੋੜ੍ਹੀ ਸਾਡੀ ਵੀ ਸੁਣ। ਜੋ ਕਹਿਨਾਂ ਉਹ ਠੀਕ ਐ। ਉਹ ਦੁਬਾਰਾ ਗੇਅਰ ਫੜ ਗਿਆ, “ਬਾਈ ਪ੍ਰਿੰਸੀਪਲ, ਉਹ ਵੇਲੇ ਯਾਦ ਆਉਂਦੇ ਰਹਿੰਦੇ ਨੇ। ‘ਕੇਰਾਂ ਜਦੋਂ ਪਹਿਲੀ ਵਾਰ ਮੋਟਰ ਸਾਈਕਲ ਲਿਆ, ਚਲਾਉਣਾ ਤਾਂ ਯਾਰਾਂ ਦੋਸਤਾਂ ਕੋਲੋਂ ਸਿੱਖ ਲਿਆ। ਲਸੰਸ ਹੈ ਨਈਂ ਸੀ। ਠਾਣੇ ਦੇ ਐਸ਼ਐਚæਓæ ਨਾਲ ਗੱਲ ਕੀਤੀ। ਕਹਿੰਦਾ, ਗੱਲ ਈ ਕੋਈ ਨਈਂ, ਫੋਟੋ, ਮੈਟ੍ਰਿਕ ਦੇ ਸਰਟੀਫਿਕੇਟ ਦੀ ਕਾਪੀ ਦੇ ਦਿਉ। ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਕੁਝ ਦਿਨਾਂ ਬਾਅਦ ਇੱਕ ਸਿਪਾਹੀ ਲਸੰਸ ਘਰੇ ਫੜਾ ਗਿਆ। ਇਸੇ ਲਸੰਸ ਨਾਲ ਪਿੱਛੋਂ ਮਾਰੂਤੀ ਕਾਰ ਚਲਾਉਂਦਾ ਰਿਹਾ। ਇੱਕ ਵਾਰੀ ਤੁਹਾਡੇ ਵੱਡੇ ਭਤੀਜੇ ਨੇ ਟੀæਵੀæ ਲਈ ਇੱਕ ਕੈਬਨਿਟ ਅੱਡੇ ਨੇੜਿਉਂ ਫਰਨੀਚਰ ਦੀ ਦੁਕਾਨ ਤੋਂ ਖਰੀਦੀ। ਦੁਕਾਨਦਾਰ ਨੇ ਹੀ ਪਿੰਡ ਪਹੁੰਚਾਉਣ ਲਈ ਰਿਕਸ਼ਾ ਕਰ ਦਿੱਤਾ। ਸ਼ਾਮ ਤੱਕ ਤੁਹਾਡੇ ਘਰ ਪਹੁੰਚ ਜਾਵੇਗੀ। ਅਗਲੇ ਦਿਨ ਤੱਕ ਉਡੀਕਦੇ ਰਹੇ। ਕੈਬਨਿਟ ਪਹੁੰਚੀ ਨਾ। ਦੁਕਾਨਦਾਰ ਨੂੰ ਪੁੱਛਿਆ। ਕਹਿੰਦਾ, ਮੈਂ ਤਾਂ ਲਦਾ ਕੇ ਤੋਰ ਦਿੱਤਾ ਸੀ। ਮੈਂ ਹੁਣ ਕੀ ਕਰ ਸਕਦਾਂ। ਪੈਰਾਂ ‘ਤੇ ਪਾਣੀ ਨਾ ਪੈਣ ਦੇਵੇ। ਗੱਲ ਮੇਰੇ ਜ਼ਿਹਨ ‘ਚ ਫੁਰ ਗਈ। ਇਹ ਕੋਈ ਮਿਲੀ ਭੁਗਤ ਈ। ਹੋਰ ਕੋਈ ਰਾਹ ਸੋਚ। ਲਾਚਾਰ ਹੋਇਆ ਵਾਕਫ ਠਾਣੇਦਾਰ ਨੂੰ ਜਾ ਮਿਲਿਆ। ਬੈਠੋ ਸਾਹਿਬ, ਚਾਹ ਪੀਉ, ਕਿਤੇ ਨਈਂ ਜਾਂਦੀ ਤੁਹਾਡੀ ਕੈਬਨਿਟ। ਹੌਲਦਾਰਾ, ਜਾਹ ਲੈ ਕੇ ਆ ਉਸ ਦੁਕਾਨਦਾਰ ਨੂੰ, ਇਹਦੀਆਂ ਅੱਗੇ ਵੀ ਇੱਕ ਦੋ ਸ਼ਿਕਾਇਤਾਂ ਆਈਆਂ ਨੇ। ਚਲੋ ਜੀ ਆਪਾਂ ਗੁਲਮੋਹਰ ‘ਚ ਖਾਣਾ ਖਾਈਏ ਤੇ ਕਰੀਏ ਥੋੜ੍ਹਾ ਨੁਕਲ ਪਾਣੀ, ਅਤੇ ਹੁਣ ਛੋਟੇ ਮੋਟੇ ਕੰਮਾਂ ਲਈ ਦਫਤਰਾਂ ਦੇ ਗੇੜੇ, ਈ ਰਹਿ ਗਏ ਨੇ।”
“ਪਰ ਐਤਕੀਂ ਜਿਹੜਾ ਭਾਣਾ ਵਾਪਰਿਐ, ਉਹਨੇ ਤਾਂ ਗੱਲ ਈ ਸਿਰੇ ਲਾ’ਤੀ।” ਉਹ ਉਧੜਨ ਲੱਗ ਪਿਆ। ਉਸ ਦਾ ਪੂਰਾ ਮਨੋਵਿਰੇਚਨ ਕਰਨ ਲਈ ਇੱਕ ਛੋਟੀ ਜਿਹੀ ਗਲਾਸੀ ਵੀ ਲਿਆ ਰੱਖੀ। ਉਹ ਛਿੜ ਪਿਆ, “ਗੱਲ ਛੋਟੀ ਜਿਹੀ ਸੀ। ਪਤੰਦਰ ਆ ਧਮਕੇ। ‘ਆ ਬਾਹਰ ਨਿਕਲ, ਤੇਰੀ ਭੈਣ ਦੀæææਚੌਰਿਆ, ਅਰਜ਼ੀਆਂ ਲਿਖ ਕਨੇਡੇ ਚਲਾ ਜਾਨੈਂ, ਪਿੱਛੋਂ ਮਹਿਕਮੇ ਵਾਲੇ ਸਾਡਾ ਨੱਕ ‘ਚ ਦਮ ਕਰੀ ਰੱਖਦੇ ਨੇ। ਤੂੰ ਸਮਝਿਆ ਕੀ ਏ, ਮਾਂ ਦਿਆ ਯਾਰਾ।’ ਘਰ ਮੂਹਰੇ ਆ ਖਲੋਤੇ ਪੰਜ ਛੇ ਬੁਰਛੇ। ਪੰਜਾਬੀ ਦੇ ਲੱਛੇਦਾਰ, ਚੋਂਦੇ ਸ਼ਲੋਕਾਂ ਨੇ ਮੈਨੂੰ ਕੱਖੋਂ ਹੌਲਾ ਕਰ’ਤਾ। ‘ਜੋ ਮਰਜ਼ੀ ਕਰੋ ਬਈ, ਤੁਹਾਡੀ ਚੱਲਦੀ ਐ, ਮੈਨੂੰ ਕੀ, ਤੁਹਾਡਾ ਰਾਜ ਐ,’ ਏਨਾ ਹੀ ਮੂੰਹੋਂ ਨਿਕਲਿਆ। ‘ਤੈਨੂੰ ਕੀ, ਤੂੰ ਚੌਰਿਆ ਚਿੱਠੀ ‘ਤੇ ਚਿੱਠੀ ਠੋਕੀ ਜਾਨੈਂ, ਆ ਜਾਹ ਕਰਾਉਨੇ ਆਂ ਤੇਰਾ ਪਾਸਪੋਰਟ ਜ਼ਬਤ, ਜੋ ਕਰਨਾ ਈ ਕਰ, ਆ ਤੇਰੀ ਮਾਂ ਦੀæææ।’ ਪ੍ਰਤੱਖਣ ਹੋ ਗਿਆ, ਇਹ ਕਿਸੇ ਸ਼ਾਤਰ, ਸ਼ਰਾਰਤੀ, ਸੁਆਰਥੀ ਵਕੀਲ ਦੇ ਪੜ੍ਹਾਏ ਹੋਏ ਨੇ। ਪਰਵਾਸੀ ਨੂੰ ਸੱਤ ‘ਕਵੰਜਾ ‘ਚ ਅੜਾ ਅਦਾਲਤੀ ਗਧੀਗੇੜ ‘ਚ ਪਾ ਦਿਉ। ਆਪੇ ਡਰ ਕੇ ਭੱਜ ਜਾਊ। ਸਭ ਛੱਡ ਛਡਾ ਕੇ। ਬਚ ਜਾ ਭੋਲਿਆ ਪੰਛੀਆਂ। ਵੇਲਾ ਟਪਾ।”
ਸਰੈਣਾ ਉਹਦਾ ਬਚਪਨ ਦਾ ਨਾਮ ਸੀ। ਪੜ੍ਹਨ-ਲਿਖਣ ‘ਚ ਚੰਗਾ ਸੀ। ਮਿਹਨਤੀ ਬਾਪ ਦਾ ਸੁਲੱਘ ਪੁੱਤਰ। ਪੜ੍ਹਾਈ ਦੀ ਪੌੜੀ ਵਾਹਵਾ ਚੜ੍ਹਦਾ ਗਿਆ। ਉਚੇ ਕੋਠੇ ਦੀ ਉਚਾਈ ਜਿੱਡੇ ਅਹੁਦੇ ‘ਤੇ ਜਾ ਬੈਠਾ। ਅੱਗੋਂ ਕੁਰਸੀ ਵੀ ਜਨਤਕ ਆਨ-ਸ਼ਾਨ ਵਾਲੀ ਮਿਲ ਗਈ। ਪਟਵਾਰੀ ਸਰੈਣ ਸਿੰਘ, ਫਿਰ ਸ਼ ਸੁਰੈਣ ਸਿੰਘ ਕਾਨੂੰਨਗੋ, ਫਿਰ ਤਹਿਸੀਲਦਾਰ ਸ਼ ਸਰੈਣ ਸਿੰਘ ਕਮਾਲਪੁਰੀ, ਸਭ ਪਾਸੇ ‘ਕਮਾਲਪੁਰੀ ਸਾਹਿਬ, ਕਮਾਲਪੁਰੀ ਸਾਹਿਬ’ ਹੁੰਦੀ। ਨਾਮ ਗੂੰਜਣ ਲੱਗ ਪਿਆ। ਕੁਰਸੀ ਦੁਆਲੇ ਗਰਜ਼ਮੰਦ ਮਖਿਆਲ ਵਾਂਗ ਜੁੜੇ ਰਹਿੰਦੇ। ਚਾਰ ਚੁਫੇਰੇ ਸਲਾਮਾਂ ਹੁੰਦੀਆਂ। ਦਫਤਰ ਅੱਗੇ ਖੜੇ ਲੋਕ ਇੰਤਜ਼ਾਰ ਕਰਦੇ। ਚਪੜਾਸੀ ਅੱਗੇ ਹੋ ਸਾਹਿਬ ਨੂੰ ਸਲਾਮ ਕਰਦੇ। ਬਰੀਫਕੇਸ ਚੁੱਕ ਤੁਰਦੇ। ਦਫਤਰ ਦਾ ਦਰਵਾਜ਼ਾ ਖੋਲ੍ਹ ਖੜ੍ਹੇ ਹੁੰਦੇ। ਖਾਸ ਵਾਕਫ ਏਧਰ ਓਧਰ ਦੀ ਕੰਨ ‘ਚ ਕੋਈ ਰਾਜ਼ ਦੀ ਗੱਲ ਕਰ ਜਾਂਦੇ। ਦਫਤਰ ‘ਚ ਕੁਰਸੀ ‘ਤੇ ਬੈਠੇ ਦੀ ਇੱਕ ਨਿਰਾਲੀ ਹੀ ਸ਼ਾਨ ਹੁੰਦੀ। ਦੀਵਾਲੀਆਂ ਤੇ ਵਿਸਾਖੀਆਂ ਲੰਘਦੀਆਂ ਗਈਆਂ।
ਜੀਵਨ ਦੇ ਚੱਲਦੇ ਪ੍ਰਵਾਹ ‘ਚ ਪਰਿਵਾਰ ਵਿਦੇਸ਼ ਜਾ ਸੈਟ ਹੋਇਆ। ਸਭ ਪਾਸੇ ਮੌਜਾਂ ਹੀ ਮੌਜਾਂ। ਕੋਠੀ ਵੀ ਲਾਗਲੇ ਸ਼ਹਿਰ ਵਿਚ ਚੰਗੀ ਬਣਾ ਲਈ। ਵੱਡੀ ਸੁਨਹਿਰੀ ਨੇਮ ਪਲੇਟ ਦੂਰੋਂ ਹੀ ਚਮਕਦੀ। ਅੰਤ ‘ਜੋ ਉਪਜ ਹੈ ਸੋ ਬਿਨਸ ਹੈ’ ਦੇ ਸੱਚ ਨੇ ਆ ਘੇਰਿਆ। ਸੇਵਾ ਮੁਕਤੀ ਹੋ ਗਈ।
ਮੁੜ ਸ਼ ਸਰੈਣ ਸਿੰਘ ਕਮਾਲਪੁਰੀ ਬਣ ਗਿਆ। ਅਗਲੇ ਪਿਛਲੇ ਲਕਬ ਪਤਝੜ ਦੇ ਪੱਤਿਆਂ ਵਾਂਗ ਝੜਦੇ ਗਏ। ਹੌਲੀ ਹੌਲੀ ਅਫਸਰੀ ਦੀ ਟੌਹਰ ਮੁਸ਼ਕ ਕਾਫੂਰ ਵਾਂਗ ਮੁਕਣ ਲੱਗ ਪਈ। ਜਿਹੜੇ ਕਦੇ ਉਹਦੇ ਅੱਗੇ ਪਿੱਛੇ ਫਿਰਦੇ ਹੁੰਦੇ, ਪਾਸਾ ਵੱਟ ਜਾਂਦੇ। ਦਵਾ-ਦਾਰੂ, ਡਾਕਖਾਨੇ, ਬੈਂਕ, ਬਾਜ਼ਾਰ, ਰਾਸ਼ਨ, ਸਬਜ਼ੀ ਜਾਂ ਹੋਰ ਨਿੱਕ-ਸੁੱਕ ਦੀ ਖਰੀਦਦਾਰੀ ਲਈ ਆਪ ਹੀ ਜਾਣਾ ਪੈਂਦਾ। ਨੌਕਰ ਤਾਂ ਹਮੇਸ਼ਾਂ ਲਈ ਬੰਨ੍ਹ ਕੇ ਰੱਖੇ ਨਹੀਂ ਸਨ ਜਾ ਸਕਦੇ। ਖਰੀਦਦਾਰੀ ਵੀ ਭਾਰਤ ਵਰਗੇ ਦੇਸ਼ ਵਿਚ ਆਪ ਹੀ ਕਰਨੀ ਪਈ। ਦਵਾਈਆਂ ‘ਚ ਮਿਲਾਵਟ। ਗੁੜ ਖਰੀਦਣਾ ਔਖਾ ਲੱਗਦਾ। ਉਹੋ ਬੰਦੇ ਜਿਹੜੇ ਵਲ ਪਾ ਮਿਲਦੇ ਹੁੰਦੇ, ਹੁਣ ਦੂਜੇ ਪਾਸੇ ਵਲਾ ਜਾਂਦੇ। ਪਹਿਲੇ ਸਹਿਕਰਮੀਆਂ ‘ਚ ਗਰਮਜੋਸ਼ੀ ਗਾਇਬ ਹੋ ਚੁਕੀ ਸੀ। ਕਿਸੇ ਦਫਤਰ ‘ਚ ਜਾਣ ਵੇਲੇ ਜਦੋਂ ਕਹਿਣਾ ਕਿ ਮੈਂ ਤਹਿਸੀਲਦਾਰ ਰਿਟਾਇਰਡ ਹਾਂ, ਇੱਕ ਵਾਰੀ ਤਾਂ ਅਗਲਾ ਅਹੁਲਦਾ, ਪਰ ਤੀਜੇ ਅੱਖਰ ਨੂੰ ਸੁਣ ਇਉਂ ਕੁਰਸੀ ‘ਚ ਨੀਵੀਂ ਪਾ ਢੈਲਾ ਹੋ ਜਾਂਦਾ ਜਿਵੇਂ ਗੰਡੋਏ ‘ਤੇ ਨਮਕ ਪੈ ਗਿਆ ਹੋਏ।
ਗੱਲਾਂ ਸੁਣਦਿਆਂ ਵਿਚ ਗੱਲ ਪਾਈ। ਯਾਰਾ ਕਮਾਲਪੁਰੀ ਆਹ ਸਾਡੇ ਰੇਡੀਓ ਵਾਲੇ ਅਤੇ ਪੰਜਾਬੀ ਮੀਡੀਆ ਪਰਵਾਸੀ ਸੰਗਤ ਦਰਸ਼ਨਾਂ ਦੇ ਸੋਹਲੇ ਗਾਉਂਦੇ ਨਈਂ ਥੱਕਦੇ।
“ਰਹਿਣ ਦੇ ਪ੍ਰਿੰਸੀਪਲਾ, ਏਥੇ ਵੀ ‘ਈਸਬਗੋਲ ਕੁਝ ਨਾ ਬੋਲ’ ਵਾਲਾ ਈ ਕਿੱਸਾ ਈ, ‘ਢੱਕੀ ਰਿੱਝਣ ਦੇ’, ਸਭ ਚਾਪਲੂਸੀਆਂ ਨੇ।” ਗੁੱਸੇ ‘ਚ ਉਧੜਨ ਲੱਗ ਪਿਆ, “ਅੱਜ ਦੀ ਪੰਜਾਬ ਦੀ ਸਿਆਸੀ, ਰਾਜਨੀਤਕ ਤੇ ਪ੍ਰਸ਼ਾਸਕੀ ਸਥਿਤੀ ਦਾ ਅੰਦਾਜ਼ਾ ਇਥੋਂ ਹੀ ਲਾ ਲੈ। ਕਿਤੇ ਆਪਣੇ ਖਾਸ ਹਲਕੇ ਵਿਚ ਸਰਬਸ਼ਕਤੀਮਾਨ ਬਾਦਲ ਸਾਹਿਬ ਇੱਕ ਸੰਗਤ ਦਰਸ਼ਨ ਕਰ ਰਹੇ ਸਨ। ਇੱਕ ਨਿਮਾਣੇ ਜਿਹੇ ਜੱਟ ਨੇ ਹੱਥ ਜੋੜ ਕੇ ਅਰਜੋæਈ ਕੀਤੀ, ‘ਜਨਾਬ ਅਫਸਰ ਨੇ ਪੈਸੇ ਲੈ ਲਏ ਹੋਏ ਨੇ, ਕੰਮ ਹਾਲੇ ਵੀ ਨਹੀਂ ਹੋਇਆ।’ ਬਾਦਲ ਸਾਹਿਬ ਦੀ ਦੂਜੀ ਪਾਰੀ ਵਿਚ ਸਥਿਤੀ ਇਹ ਬਣ ਗਈ ਹੋਈ ਸੀ ਕਿ ‘ਬਾਦਲ ਸਾਹਿਬ ਨੇ ਝੱਟ ਕਹਿ ਦਿੱਤਾ, ਬਈ ਪੈਸੇ ਲੈ ਕੇ ਤਾਂ ਕੰਮ ਕਰ ਦਿਆ ਕਰੋ।’ ਬੱਸ ਹੋਰ ਕੀ ਦੱਸਾਂ! ਜਿਸ ਪ੍ਰਸ਼ਾਸਕੀ ਤੰਤਰ ‘ਚ ਬਾਦਲ ਵਰਗੇ ਸਿਆਸੀ ਖਿਡਾਰੀ ਬੇਵਸ ਹੋ ਗਏ ਹੋਣ, ਉਥੇ ਆਮ ਅਫਸਰਾਂ ਦਾ ਕੀ ਵੱਟੀਂਦਾ ਹੋਵੇਗਾ। ਜੋ ਬੇਅਸੂਲਾ, ਧੱਕੇ ਤੇ ਧੌਂਸ ਵਾਲਾ ਪ੍ਰਸ਼ਾਸਕੀ ਛੜਯੰਤਰ ਇਨ੍ਹਾਂ ਲੀਡਰਾਂ ਨੇ ਬੁਣ ਲਿਐ, ਉਸ ਵਿਚ ਇਹ ਆਪ ਹੀ ਫਸ ਗਏ ਨੇ। ਇਹਦੀ ਥਾਂ ਕਿ ਇਹ ਸਿਸਟਮ ਨੂੰ ਚਲਾਉਣ, ਉਲਟਾ ਸਿਸਟਮ ਇਨ੍ਹਾਂ ਨੂੰ ਚਲਾ ਰਿਹੈ।”
ਉਹਦੀ ਘਰਵਾਲੀ ਬੋਲੀ, “ਆਹ ਜੋ ਐਨæ ਆਰæ ਆਈæ ਮਸਲਿਆਂ ਦੀ ਗੱਲ ਕਰ ਰਹੇ ਹੋ, ਸਾਡੇ ਨੇੜੇ ਹੀ ਇੱਕ ਧੱਕੇਸ਼ਾਹੀ ਵਾਪਰੀ ਏ।”
ਵਿਚੋਂ ਹੀ ਕਮਾਲਪੁਰੀ ਬੋਲ ਪਿਆ, “ਕੈਨੇਡਾ ਵਾਸੀ, ਉਚੇ ਰਸੂਖ ਵਾਲੇ ਬੰਦੇ ਨੇ ਸਾਡੇ ਏਰੀਏ ਵਿਚ ਇੱਕ ਬਹੁਤ ਸੋਹਣੀ ਕੋਠੀ ਬਣਾ ਲਈ। ਹਰ ਸਾਲ ਆਉਂਦਾ, ਐਤਕੀਂ ਉਹਦੇ ਗਵਾਂਢ ਇੱਕ ਵੱਡੀ ਕਮਰਸ਼ੀਅਲ ਇਮਾਰਤ ਉਸਰਨ ਲੱਗ ਪਈ। ਪਹੁੰਚ ਵਾਲਾ ਬੰਦਾ ਸੀ, ਭੱਜ ਨੱਠ ਕੀਤੀ, ਕਾਰਪੋਰੇਸ਼ਨ ਦੇ ਅਧਿਕਾਰੀ ਆ ਗਏ, ਕਰੇਨ ਆ ਗਈ, ਪਤਾ ਲੱਗਾ ਕਿ ਰਿਹਾਇਸ਼ੀ ਏਰੀਏ ‘ਚ ਨਕਸ਼ਾ ਰਿਹਾਇਸ਼ੀ ਤੇ ਉਸਾਰੀ ਕਮਰਸ਼ੀਅਲ। ਪ੍ਰੈਸ ਵਾਲੇ ਵੀ ਪਹੁੰਚ ਗਏ। ਪ੍ਰਸ਼ਾਸਨ ਦੇ ਹੁਕਮ ‘ਤੇ ਉਸਰ ਰਿਹਾ ਕੁਝ ਅਗਲਾ ਪਿਛਲਾ ਹਿੱਸਾ ਢਾਹ’ਤਾ। ਇਸੇ ਚੱਕਰ ‘ਚ ਮਾਲਕਾਂ ਦੇ ਕਾਰਿੰਦਿਆਂ ਨੇ ਦਹਿਸ਼ਤ ਫੈਲਾਉਣ ਲਈ ਉਹਦਾ ਨੌਕਰ ਕੁੱਟ ਕੱਢਿਆ, ਧੱਕੇਸ਼ਾਹੀ ਦਾ ਨੰਗਾ ਨਾਚ ਵਿਖਾ’ਤਾ। ਹੁਣ ਦੋਹਾਂ ਪਾਸਿਆਂ ਵੱਲੋਂ ਪਹੁੰਚ-ਦਰ-ਪਹੁੰਚ ਦਾ ਦੌਰ, ਪਤਾ ਨਹੀਂ ਗੱਲ ਕਿੱਥੇ ਪਹੁੰਚੇ। ਕਾਦਰ ਜਾਣੇ। ਕੁਝ ਨਈਂ ਕਿਹਾ ਜਾ ਸਕਦਾ!”
ਅਸੀਂ ਸ਼ਕਤੀ ਵਾਟਰ ਨਾਲ ਦੁਖ-ਸੁੱਖ ਸਾਂਝੇ ਕਰਦੇ ਰਹੇ। ਥੋੜ੍ਹਾ ਜਿਹਾ ਹੋਰ ਸਰੂਰ ਵਿਚ ਹੋਇਆ ਕਮਾਲਪੁਰੀ ਮਨ ਦੇ ਗੁਬਾਰ ਕੱਢਦਾ ਤੁਰਿਆ ਗਿਆ। ਦੋਵੇਂ ਬੀਬੀਆਂ ਭਾਵੇਂ ਆਪਣੇ ਢਿੱਡ ਫੋਲ ਫੋਲ ਹੌਲੇ ਕਰ ਰਹੀਆਂ ਸਨ, ਪਰ ਸਾਡੀਆਂ ਗੱਲਾਂ ਵਿਚ ਵੀ ਕੜਛੀ ਮਾਰੀ ਜਾ ਰਹੀਆਂ ਸਨ। ਮੈਂ ਬੋਲਿਆ, ਬਾਦਲ ਦੀ ਗੱਲ ਸੁਣ। ਕਮਾਲਪੁਰੀ ਵਿਚੇ ਬੋਲ ਪਿਆ, “ਰਹਿਣ ਦੇ ਬਾਦਲੀ ਅਕਾਲੀਆਂ ਨੂੰ, ਕੀ ਗੱਲ ਕਰਦੈਂ! ਪੰਜ-ਆਬ ਦੀ ਧਰਤੀ ਹੁਣ ਪਾਣੀ ਨੂੰ ਤਰਸੇਗੀ, ਰੋਜ਼ਗਾਰ ਦੇ ਆਧਾਰ ਸੁੰਗੜੀ ਜਾ ਰਹੇ ਨੇ, ਦੁੱਧ ਘਿਉ ਦੀਆਂ ਨਹਿਰਾਂ ਦੀ ਥਾਂ ਨਸ਼ਿਆਂ ਦੇ ਦਰਿਆ ਵਹਿ ਰਹੇ ਨੇ, ਸੰਤ ਬਾਬੇ ਇਸ਼ਾਰਿਆਂ ਨਾਲ ਪ੍ਰਸ਼ਾਸਨ ਨੂੰ ਨਚਾ ਰਹੇ ਨੇ, ਬਾਹੂਬਲੀਆਂ ਦੀ ਚੱਲਦੀ ਐ, ਪੁਲਿਸ ਦੀ ਹਾਜ਼ਰੀ ‘ਚ ਗੈਂਗਸਟਰ ਕਤਲ ਕਰ ਜਾਂਦੇ ਨੇ। ਬਾਦਲੀ ਅਕਾਲੀਆਂ ਨੇ ਤਾਂ ਪੰਥ ਤੇ ਜਵਾਨੀ ਨੂੰ ਸੱਤਾ ਦੀ ਬਲੀ ਚਾੜ੍ਹ ਦਿੱਤੈ। ਗੁਰੂ ਨੇ ਪੰਥ ਤੋਂ ਵੰਸ਼ ਵਾਰਿਆ, ਬਾਦਲ ਵੰਸ਼ ਲਈ ਪੰਥ ਵਾਰ ਰਹੇ ਨੇ। ਅੱਜ ਜੱਟ ਬੇਮੌਸਮੇ ਬੱਦਲਾਂ ਵਾਂਗ ਬਾਦਲ ਸ਼ਬਦ ਤੋਂ ਹੀ ਸਹਿਮੇ ਪਏ ਨੇ, ਨਾ ਦੱਬ ਦੁਖਦੀ ਰਗ ਨੂੰ, ਜਵਾਨੀ ਬੇਰੋਜ਼ਗਾਰੀ ਤੋਂ ਤੰਗ ਆ, ਟਾਂਚੀਆਂ ‘ਤੇ ਚੜ੍ਹ ਖੁਦਕੁਸ਼ੀਆਂ ‘ਤੇ ਉਤਾਰੂ ਏ, ਤੇ ਕਿਰਤੀ ਮਾਪੇ ਕਰਜ਼ੇ ਹੇਠ ਦੱਬੇ ਖੁਦਕੁਸ਼ੀ ਕਰ ਰਹੇ ਨੇ, ਰੇਤ/ਬਜਰੀ ਮਾਫੀਆ, ਲੈਂਡ ਮਾਫੀਆ, ਚਿੱਟਾ ਮਾਫੀਆ ਲੋਕਾਂ ਦਾ ਖੂਨ ਚੂਸੀ ਜਾ ਰਿਹੈ, ਲੋਕ ਸਹਿਮੇ ਪਏ ਨੇ, ਹਰ ਅੰਗ ਦਾ ਸਿਆਸੀਕਰਨ ਹੋ ਗਿਐæææ।”
ਸਭ ਠੀਕ ਐ ਬਾਈ। ਸਾਨੂੰ ਸਭ ਨੂੰ ਸਮਝਣਾ ਪੈਣਾ। ਐਵੇਂ ਮੌਲਿਆਂ ਵਾਂਗ ਸਿਰ ਸੁੱਟ ਕੇ ਵਗਣਾ ਨਹੀਂ ਚਾਹੀਦਾ। ਸੂਚਨਾ ਟੈਕਨਾਲੋਜੀ ਨੇ ਤਾਂ ਜੀਵਨ ਦੇ ਚਿਹਨ-ਚੱਕਰ ਹੀ ਬਦਲ ਦਿੱਤੇ ਨੇ। ਸਾਨੂੰ ਵੀ ਕੰਧ ‘ਤੇ ਲਿਖੇ ਸੱਚ ਨੂੰ ਸਮਝਣਾ ਚਾਹੀਦੈ। ਸਮੇਂ ਨੂੰ ਸਮਝੀਏ ਤੇ ਸੰਭਲੀਏ! ਬਕੌਲ ਮਿਰਜ਼ਾ ਗਾਲਿਬ: ‘ਇਨਸਾਨ ਘਰ ਬਦਲਤਾ ਹੈ, ਲਿਬਾਸ ਬਦਲਤਾ ਹੈ, ਰਿਸ਼ਤੇ ਬਦਲਤਾ ਹੈ, ਦੋਸਤ ਬਦਲਤਾ ਹੈ, ਫਿਰ ਭੀ ਪਰੇਸ਼ਾਨ ਕਿਉਂ ਰਹਿਤਾ ਹੈ? ਕਿਉਂਕਿ ਵੋਹ ਖੁਦ ਕੋ ਨਹੀਂ ਬਦਲਤਾ।’
“ਵਾਹ ਬਾਈ ਵਾਹ! ਸੁਣਾਈਂ ਫਿਰ ਇੱਕ ਵਾਰੀ।” ਮੈਨੂੰ ਪਤਾ ਸੀ ਕਮਾਲਪੁਰੀ ਕਦੀ ਕਦੀ ਸ਼ੇਅਰੋ ਸ਼ਾਇਰੀ ਵੀ ਕਰਦੈ। ਉਹਤੋਂ ਵੀ ਰਿਹਾ ਨਾ ਗਿਆ, “ਉਹਨੇ ਫੁੱਲਾਂ ਵਾਂਗੂ ਕਾਹਦਾ ਖਿੜਨਾ, ਕੰਡਿਆਂ ਨੂੰ ਤਾਂ ਗਲੇ ਲਗਾਉਣਾ ਆਉਂਦਾ ਨਹੀਂ।”
“ਵਾਹ ਵੀਰ ਜੀ, ਅੱਜ ਤਾਂ ਤੁਸੀਂ ਇਨ੍ਹਾਂ ਨੂੰ ਵਾਹਵਾ ਟਹਿਕੇ ‘ਤੇ ਕਰ’ਤੈ।” ਬੀਬੀਆਂ ਵੀ ਹੁਣ ਘਰ ਦੇ ਕੰਮਾਂ ਦੀ ਫਿਕਰ ‘ਚ ਉਠਣ ਦੇ ਇਸ਼ਾਰੇ ਕਰ ਰਹੀਆਂ ਸਨ।
“ਲੈ ਬਈ ਕਮਾਲਪੁਰੀ ਆਪਾਂ ਸੈਰ ‘ਤੇ ਹੋਰ ਵੀ ਦੁਖੜੇ ਫੋਲਿਆ ਕਰਾਂਗੇ।” ਉਠਦੇ ਨੇ ਇੱਕ ਹੋਰ ਛੱਡ’ਤਾ: ਸੌ ਯਾਰਾਂ ਦੀ ਯਾਰੀ ਨਾਲੋਂ, ਇੱਕ ਹੰਝੂ ਦੀ ਯਾਰੀ ਚੰਗੀ। ਪਿਆਰ ਦੀ ਬਾਜ਼ੀ ਜਿੱਤਣ ਨਾਲੋਂ, ਪਿਆਰ ਦੀ ਬਾਜ਼ੀ ਹਾਰੀ ਚੰਗੀ।
ਵਾਹ! ਅਤੇ ਗੁਣਾਗੁਣਾਈਏ: ‘ਵੋਹ ਹੀ ਖੁਸ਼ ਹੈ ਜੋ ਹਰ ਹਾਲ ਪੇ ਖੁਸ਼ ਹੈ।’