ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਮਨੁੱਖੀ ਫਿਤਰਤ ਵੀ ਅਜੀਬ ਹੈ। ਜਦੋਂ ਕਿਸੇ ਬੰਦੇ ਦੀ ਸਕੀਮ ਰਾਸ ਨਾ ਆਵੇ, ਉਸ ਨੂੰ ਮੂਰਖ ਕਹਿ ਦਿੱਤਾ ਜਾਂਦਾ ਹੈ ਅਤੇ ਜਦੋਂ ਕਿਸੇ ਦਾ ਪੁੱਠਾ ਸਿੱਧਾ ਪ੍ਰਾਜੈਕਟ ਕਾਮਯਾਬ ਹੋ ਜਾਵੇ ਤਾਂ ਉਸ ਨੂੰ ਸਿਆਣਾ ਕਿਹਾ ਜਾਂਦਾ ਹੈ। ਮੈਨੂੰ ਕੇਵਲ ਉਹ ਆਦਮੀ ਹੀ ਸਿਆਣਾ ਨਹੀਂ ਲਗਦਾ ਜਿਸ ਨੂੰ ਮਨੋਵਿਗਿਆਨੀ ਮੰਦਬੁੱਧੀ ਵਾਲਾ ਕਹਿਣ ਜਾਂ ਗੁੱਸੇ ਵਿਚ ਆਇਆ ਇਨਸਾਨ, ਆਰਜ਼ੀ ਤੌਰ ‘ਤੇ ਪਾਗਲਪਣ ਦਾ ਸ਼ਿਕਾਰ ਬਣਿਆ ਹੋਵੇ। ਗੁੱਸੇ ਵਿਚ ਆਏ ਲੜ ਰਹੇ ਲੋਕਾਂ ਨੂੰ ਬਹੁਤ ਵਾਰ ਇਹ ਕਹਿ ਕੇ ਹਟਾਇਆ ਜਾਂਦਾ ਹੈ, “ਮੂਰਖ ਨਾ ਬਣ, ਕੁਝ ਅਕਲ ਕਰ।” ਕਚਹਿਰੀਆਂ ਵਿਚ ਲੱਖਾਂ ਕੇਸ ਆਉਂਦੇ ਹਨ। ਵਕੀਲਾਂ ਦੀ ਬਹਿਸ ਹੁੰਦੀ ਹੈ। ਸਭ ਧਿਰਾਂ ਦੀ ਗੱਲ ਸੁਣਨ ਪਿਛੋਂ ਕਿਸੇ ਧਿਰ ਨੂੰ ਮੂਰਖ ਜਾਂ ਸਿਆਣਾ ਨਹੀਂ ਕਹਿੰਦੇ।
ਜੱਜ ਕਾਨੂੰਨ ਅਨੁਸਾਰ ਜਿਹੜੀ ਧਿਰ ਠੀਕ ਲਗਦੀ ਹੈ, ਉਸ ਦੇ ਹੱਕ ਵਿਚ ਫੈਸਲਾ ਸੁਣਾ ਦਿੰਦੇ ਹਨ।
ਬਚਪਨ ਦੀ ਦਿਲਚਸਪ ਘਟਨਾ ਯਾਦ ਆ ਗਈ। ਨਾਭਾ ਰਿਆਸਤ ਦੇ ਪਿੰਡਾਂ ਵਿਚ ਮਜ਼ਹਬੀ ਅਤੇ ਰਾਮਦਾਸੀਏ ਸਿੱਖਾਂ ਦੀ ਬਸਤੀ, ਪਿੰਡ ਤੋਂ ਕੁਝ ਫਾਸਲੇ ‘ਤੇ ਹੁੰਦੀ ਸੀ। ਜਾਤ-ਪਾਤ ਦੀ ਘਿਨਾਉਣੀ ਰੀਤ ਅਨੁਸਾਰ ਪਿੰਡ ਦੇ ਜੱਟ ਸਿੱਖ ਦੂਰੋਂ ਹੀ ਆਵਾਜ਼ ਦੇ ਕੇ ਦਿਹਾੜੀ ਲਈ ਬਸਤੀ ਦੇ ਲੋਕਾਂ ਨੂੰ ਬੁਲਾ ਲੈਂਦੇ। ਇਕ ਦਿਨ ਮੇਰੇ ਪਿੰਡ ਦੇ ਗੁਆਂਢੀ ਪਿੰਡ ਪਿੱਥੋ ਵਿਚੋਂ ਕੋਈ ਸ਼ਰੀਫ ਆਦਮੀ ਦੂਰੋਂ ਹੀ ਆਵਾਜ਼ ਦੇਣ ਦੀ ਥਾਂ ਬਸਤੀ ਅੰਦਰ ਚਲਿਆ ਗਿਆ। ਇਕ ਬੀਬੀ ਨੇ ਬੜੇ ਸਤਿਕਾਰ ਨਾਲ ‘ਜੀ ਆਇਆਂ’ ਕਿਹਾ ਅਤੇ ਨਿਮਰਤਾ ਨਾਲ ਦੁੱਧ ਪਿਲਾਉਣ ਦੀ ਪੇਸ਼ਕਸ਼ ਕੀਤੀ। ਉਸ ਨੇਕ ਇਨਸਾਨ ਨੇ ਦੁੱਧ ਪੀ ਲਿਆ। ਇਹ ਗੱਲ ਸੁਣ ਕੇ ਪਿੰਡ ਵਿਚ ਹਾਹਾਕਾਰ ਮੱਚ ਗਈ। ਉਸ ਨੇ ਕੰਮੀਆਂ ਦੇ ਘਰੋਂ ਦੁੱਧ ਕਿਉਂ ਪੀਤਾ? ਉਹ ਆਦਮੀ ਹੈਰਾਨ ਕਿ ਉਸ ਨੇ ਕੀ ਬੁਰਾ ਕਰ ਦਿੱਤਾ? ਉਘੇ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਉਸ ਪਿੰਡ ਆਏ ਹੋਏ ਸਨ। ਲੋਕ ਇਕੱਠੇ ਹੋ ਕੇ ਭਾਈ ਸਾਹਿਬ ਕੋਲ ਸ਼ਿਕਾਇਤ ਲੈ ਕੇ ਚਲੇ ਗਏ। ਉਨ੍ਹਾਂ ਨਾ ਕਿਸੇ ਨੂੰ ਮੂਰਖ ਕਿਹਾ, ਤੇ ਨਾ ਹੀ ਸਿਆਣਾ। ਕੇਵਲ ਇਤਨਾ ਕਿਹਾ ਕਿ ਉਸ ਭਲੇ ਆਦਮੀ ਤੋਂ ਅਣਗਹਿਲੀ ਹੋ ਗਈ ਤੇ ਤੁਸੀਂ ਅਗਿਆਨ ਦੇ ਅਸਰ ਹੇਠ ਆ ਗਏ। ਜਾਓ, ਪਿਆਰ ਨਾਲ ਰਹੋ।
ਰੋਜ਼ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਸਾਧਾਰਨ ਮਨੁੱਖ ਵੀ ਆਪਣੀ ਸੂਝ ਅਨੁਸਾਰ ਫਾਇਦੇ ਵਾਲਾ ਕੰਮ ਹੀ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਹਰ ਇਕ ਦੀ ਸੂਝ ਦੀ ਉਚਾਈ ਅਤੇ ਗਹਿਰਾਈ ਇਕੋ ਜਿਹੀ ਨਹੀਂ ਹੁੰਦੀ।
ਭਾਰਤ ਨੂੰ ਆਜ਼ਾਦ ਹੋਇਆਂ ਬਹੁਤਾ ਸਮਾਂ ਨਹੀਂ ਸੀ ਬੀਤਿਆ, ਜਦੋਂ ਮੇਰੇ ਪਿੰਡ ਦੇ ਇਕ ਚੁਸਤ ਬੰਦੇ ਨੂੰ ਫੁਰਨਾ ਫੁਰਿਆ: ਸੋਚਿਆ, ਦੇਸ਼ ਦੀ ਸਾਰੀ ਜਮੀਨ ਦੀ ਮਾਲਕ ਤਾਂ ਹੁਣ ਸਰਕਾਰ ਹੋ ਜਾਵੇਗੀ, ਕਿਉਂ ਨਾ ਆਪਣੀ ਸਾਰੀ ਜਮੀਨ ਵੇਚ ਦੇਵਾਂ ਤੇ ਐਸ਼ ਕਰਾਂ। ਉਸ ਨੇ ਸਾਰੀ ਜਮੀਨ ਬਿਲੇ ਲਾ ਦਿੱਤੀ, ਕੰਮ ਛੱਡ ਦਿੱਤਾ ਤੇ ਰੰਗਰਲੀਆਂ ਮਨਾਉਣ ਵਿਚ ਗਲਤਾਨ ਹੋ ਗਿਆ। ਉਸ ਦੀ ਆਖਰੀ ਉਮਰ ਬਹੁਤ ਬੁਰੇ ਹਾਲਾਤ ਵਿਚ ਗੁਜ਼ਰੀ। ਫਿਰ ਵੀ ਆਮ ਰਾਏ ਇਹੀ ਸੀ ਕਿ ਉਹ ਮੂਰਖ ਤਾਂ ਨਹੀਂ ਸੀ, ਸਿਆਣਪ ਰਾਸ ਨਹੀਂ ਆਈ।
ਸਰਕਾਰ ਵੱਲੋਂ ਛੋਟੀਆਂ ਬਚਤਾਂ ਦਾ ਆਦੇਸ਼ ਆਇਆ। ਇਸ ਸਕੀਮ ਦੇ ਬੇਅੰਤ ਲਾਭ ਦਿਖਾਏ ਗਏ। ਜਨਤਾ ਨੇ ਮਹਿਸੂਸ ਕੀਤਾ, ਬੜੀ ਸਿਆਣੀ ਸਕੀਮ ਹੈ। ਮੇਰਾ ਸਹਿਯੋਗੀ ਕਹਿਣ ਲੱਗਿਆ, ਇਹ ਸਕੀਮ ਫਜ਼ੂਲ ਹੈ। ਜਿਹੜੀ ਚੀਜ਼ ਅੱਜ ਦਸ ਰੁਪਏ ਨੂੰ ਮਿਲਦੀ ਹੈ, ਤੁਹਾਡੀ ਬਚਤ ਕੀਤੇ ਪੰਜਾਹ ਰੁਪਿਆਂ ਵਿਚ ਵੀ ਇਹੀ ਚੀਜ਼ ਪੰਜ ਸਾਲ ਪਿਛੋਂ ਨਹੀਂ ਮਿਲੇਗੀ। ਕਿਉਂ ਨਾ ਬਚਤ ਕਰਨ ਦੀ ਥਾਂ ਅੱਜ ਹੀ ਕੁਝ ਖਰੀਦ ਲਈਏ। ਹੁਣ ਕਿਸ ਨੂੰ ਮੂਰਖ ਕਹੀਏ ਅਤੇ ਕਿਸ ਨੂੰ ਸਿਆਣਾ, ਸਮਝ ਨਹੀਂ ਆਉਂਦੀ!
ਵਿਚੋਲੇ ਰਾਹੀਂ ਮੇਰੀ ਜਾਣ-ਪਛਾਣ ਵਾਲੇ ਲੜਕੇ ਦਾ ਵਿਆਹ ਬੜੀ ਸੁਸ਼ੀਲ ਅਤੇ ਪੜ੍ਹੀ-ਲਿਖੀ ਲੜਕੀ ਨਾਲ ਹੋ ਗਿਆ। ਤਿੰਨ ਬੱਚੇ ਹੋਣ ਪਿਛੋਂ ਉਹ ਲੜਕੀ ਉਦਾਸ ਰਹਿਣ ਲੱਗੀ। ਬੱਚੇ ਬੜੇ ਪਿਆਰੇ ਸਨ। ਘਰ ਦਾ ਮਾਹੌਲ ਵੀ ਹਰ ਤਰ੍ਹਾਂ ਠੀਕ ਸੀ, ਫਿਰ ਵੀ ਪਤਾ ਨਹੀਂ ਕਿਉਂ, ਉਸ ਲੜਕੀ ਨੇ ਖੁਦਕੁਸ਼ੀ ਕਰ ਲਈ। ਪਤਾ ਲੱਗਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਇਹ ਘਟਨਾ ਪਹਿਲਾਂ ਵੀ ਹੋਈ ਸੀ। ਦੁਖੀ ਹਿਰਦੇ ਨਾਲ ਲੜਕੀ ਦੇ ਪਤੀ ਨੇ ਵਿਚੋਲੇ ਨੂੰ ਕਿਹਾ ਕਿ ਤੁਸੀਂ ਤਾਂ ਸਿਆਣੇ ਬਿਆਣੇ ਹੋ, ਪਹਿਲਾਂ ਕਿਉਂ ਨਾ ਦੱਸਿਆ ਕਿ ਇਨ੍ਹਾਂ ਦੇ ਪਰਿਵਾਰ ਵਿਚ ਇਹ ਬਿਮਾਰੀ ਹੈ। ਵਿਚੋਲੇ ਦਾ ਨਿਮਰ ਜਵਾਬ ਸੀ, “ਬਰਖੁਰਦਾਰ, ਮੈਂ ਸਿਆਣਾ ਭਾਵੇਂ ਨਾ ਹੋਵਾਂ, ਪਰ ਬਹੁਤਾ ਮੂਰਖ ਵੀ ਨਹੀਂ ਹਾਂ। ਪਰਿਵਾਰ ਦੇ ਬਾਕੀ ਸਾਰੇ ਮੈਂਬਰ ਠੀਕ-ਠਾਕ ਹਨ, ਇਸ ਹੋਣਹਾਰ ਤੇ ਪਿਆਰੀ ਬੱਚੀ ‘ਤੇ ਹੀ ਬਿਜਲੀ ਕਿਉਂ ਗਿਰੀ? ਮੈਨੂੰ ਆਪ ਸਮਝ ਨਹੀਂ ਆ ਰਹੀ।” ਇਹ ਮਿਸਾਲਾਂ ਤਾਂ ਸਾਧਾਰਨ ਹਨ, ਪਰ ਅਹਿਮ ਮਸਲਿਆਂ ਵਿਚ ਵੀ ਨਤੀਜੇ ਇਹੀ ਨਿਕਲਦੇ ਹਨ ਕਿ ਨਾ ਕੋਈ ਮੂਰਖ ਸੀ ਤੇ ਨਾ ਹੀ ਕੋਈ ਸਿਆਣਾ।
ਪੰਜਾਹਵਿਆਂ ਦੇ ਸ਼ੁਰੂ ਵਿਚ ਮਾਨਸਾ-ਬਠਿੰਡਾ ਦੇ ਇਲਾਕੇ ਵਿਚ ਮੁਜਾਰਾ ਅੰਦੋਲਨ ਜ਼ੋਰਾਂ ‘ਤੇ ਸੀ। ਕਮਿਊਨਿਸਟ ਪਾਰਟੀ ਸ਼ਿਦਤ ਨਾਲ ਇਹ ਲਹਿਰ ਚਲਾ ਰਹੀ ਸੀ। ਗੱਲ ਵੀ ਠੀਕ ਸੀ। ਬਹੁਤ ਸਾਲਾਂ ਤੋਂ ਮੁਜਾਰੇ ਬਟਾਈਆਂ ਦੇ ਦੇ ਥੱਕ ਚੁਕੇ ਸਨ, ਉਹੀ ਜਮੀਨ ਦੇ ਮਾਲਕ ਬਣਨੇ ਚਾਹੀਦੇ ਸਨ। ਲਹਿਰ ਕਾਮਯਾਬ ਹੋਈ ਅਤੇ ਮੁਜਾਰੇ ਜਮੀਨਾਂ ਦਾ ਮਾਲਕ ਬਣ ਗਏ। ਸੀæਪੀæਆਈæ ਅਤੇ ਸੀæਪੀæਐਮæ ਦੇ ਐਮæਐਲ਼ਏæ ਤਿੰਨ ਤਿੰਨ ਵਾਰ ਚੁਣੇ ਗਏ, ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਪਾਰਟੀਆਂ ਦਾ ਲਗਭਗ ਸਫਾਇਆ ਹੋ ਗਿਆ ਹੈ। ਪੰਜਾਬ ਵਿਚ ਸਭ ਤੋਂ ਵੱਧ ਖੁਦਕੁਸ਼ੀਆਂ ਮਾਲਵੇ ਦੇ ਇਸੇ ਇਲਾਕੇ ਵਿਚ ਹੋ ਰਹੀਆਂ ਹਨ। ਕਾਰਨ ਬਹੁਤ ਹਨ, ਪਰ ਇਕ ਇਹ ਵੀ ਹੈ ਕਿ ਇਹ ਲੋਕ ਆਪੇ ਤੋਂ ਬਾਹਰ ਹੋ ਕੇ ਖਰਚ ਕਰਦੇ ਹਨ। ਮੇਰੀ ਜਾਣ ਪਛਾਣ ਦੇ ਇਕ ਪੁਰਾਣੇ ਮੁਜਾਰੇ ਦੇ ਪੁੱਤਰ ਨੇ ਆਪਣੀ ਲੜਕੀ ਦੇ ਵਿਆਹ ‘ਤੇ ਬਹੁਤ ਚੰਗੀ ਕਾਰ ਦਾਜ ਵਿਚ ਦਿੱਤੀ। ਉਹ ਕੇਵਲ ਦੋ ਏਕੜ ਦਾ ਮਾਲਕ ਹੈ। ਅਜਿਹੀਆਂ ਮਿਸਾਲਾਂ ਆਮ ਨਹੀਂ, ਫਿਰ ਵੀ ਰੀਸੋ-ਰੀਸੀ ਕਈ ਥਾਂਵਾਂ ‘ਤੇ ਇਹੀ ਕੁਝ ਹੋ ਰਿਹਾ ਹੈ।
ਕਾਸ਼! ਕਮਿਊਨਿਸਟ ਪਾਰਟੀ ਦੇ ਨੇਤਾ ਭਾਸ਼ਣਾਂ ਅਤੇ ਡਰਾਮਿਆਂ ਰਾਹੀਂ ਗਰੀਬ ਕਿਸਾਨਾਂ ਨੂੰ ਇਹੋ ਜਿਹੀ ਸੁੱਕੀ ਟੌਹਰ ਤੋਂ ਖਬਰਦਾਰ ਕਰਦੇ! ਉਹ ਬਿਸਵੇਦਾਰ ਜਿਨ੍ਹਾਂ ਦੀ ਪਿੱਠ ‘ਤੇ ਕੇਵਲ ਦਾਗ ਹੀ ਸਰਦਾਰੀ ਦਾ ਹੈ, ਕੋਲ ਕੁਝ ਨਹੀਂ। ਜੇ ਇਹ ਇਨ੍ਹਾਂ ਦੀ ਹਾਲਤ ਨੂੰ ਵੀ ਧਿਆਨ ਵਿਚ ਰੱਖਦੇ ਤਾਂ ਜਿਸ ਤੇਜ਼ੀ ਨਾਲ ਇਸ ਪਾਰਟੀ ਦੀ ਚੜ੍ਹਤ ਹੋਈ ਸੀ, ਉਤਨੀ ਹੀ ਤੇਜ਼ੀ ਨਾਲ ਇਸ ਦਾ ਜਵਾਲ (ਗਿਰਾਵਟ) ਨਾ ਆਉਂਦਾ। ਪਾਰਟੀ ਦੀ ਮਾੜੀ ਹਾਲਤ ਬਾਬਤ ਮੈਂ ਇਕ ਸੂਝਵਾਨ ਕਾਮਰੇਡ ਨਾਲ ਗੱਲ ਕੀਤੀ। ਮੈਂ ਕਿਹਾ, “ਤੁਹਾਡੀ ਪਾਰਟੀ ਦੇ ਕਾਰਕੁਨ ਪੜ੍ਹੇ-ਲਿਖੇ ਤੇ ਸਿਆਣੇ ਹਨ, ਇਨ੍ਹਾਂ ਦੀ ਮੂਰਖਤਾ ਦਾ ਸਬੂਤ ਘੱਟ ਹੀ ਮਿਲਦਾ ਹੈ, ਪਰ ਅੱਜ ਪਾਰਟੀ ਦੀ ਜੋ ਹਾਲਤ ਹੈ, ਉਸ ਨੂੰ ਦੇਖ ਕੇ ਫਿਰ ਕੀ ਕਹੀਏ?” ਜਵਾਬ ਸੀ, “ਸ਼ਾਇਦ ਸਾਡੀ ਸੂਝ ਰੰਗ ਨਹੀਂ ਲਿਆ ਸਕੀ। ਸ਼ਾਇਦ ਅਸੀਂ ਲਹਿਰ ਦੀ ਖੁਸ਼ੀ ਵਿਚ ਸਮਝ ਤੋਂ ਕੰਮ ਨਹੀਂ ਲਿਆ। ਹਾਂ, ਇਕ ਗੱਲ ਪੱਕੀ ਹੈ ਕਿ ਕਮਿਊਨਿਸਟ ਪਾਰਟੀ ਤਾਂ ਫੇਲ੍ਹ ਹੋ ਗਈ, ਪਰ ਕਮਿਊਨਿਜ਼ਮ ਫੇਲ੍ਹ ਨਹੀਂ ਹੋਇਆ।” ਮੈਂ ਕਿਹਾ, ਦਿਲ ਕੇ ਬਹਿਲਾਨੇ ਕੇ ਲੀਏ ਖਿਆਲ ਅੱਛਾ ਹੈ।
ਮੁਜਾਰਾ ਅੰਦੋਲਨ ਪਿਛੋਂ ਪੰਜਾਬੀ ਸੂਬੇ ਦੀ ਮੰਗ ਨੇ ਜ਼ੋਰ ਫੜਿਆ। ਅਕਾਲੀ ਪਾਰਟੀ ਨੇ ਸਿਰ-ਧੜ ਦੀ ਬਾਜ਼ੀ ਲਾ ਦਿੱਤੀ। ਇਸ ਅੰਦੋਲਨ ਬਾਬਤ ਬਹੁਤ ਕੁਝ ਲਿਖਿਆ ਜਾ ਚੁਕਾ ਹੈ। ਇਕ ਗੱਲ ਸਾਫ ਹੈ ਕਿ ਕੇਂਦਰ ਦੀ ਸਰਕਾਰ ਪੰਜਾਬੀ ਸੂਬੇ ਦੇ ਹੱਕ ਵਿਚ ਨਹੀਂ ਸੀ। ਮਜਬੂਰੀ ਵੱਸ ਮੰਗ ਪੂਰੀ ਕਰ ਦਿੱਤੀ। ਇਸ ਫੈਸਲੇ ਵਿਚ ਐਸੇ ਐਕਟ ਸ਼ਾਮਲ ਕਰ ਦਿੱਤੇ ਗਏ ਜਿਨ੍ਹਾਂ ਨਾਲ ਮਸਲਾ ਸਾਫ-ਸੁਥਰਾ ਹੋਣ ਦੀ ਥਾਂ ਗੰਧਲਾ ਤੇ ਗੁੰਝਲਦਾਰ ਹੋ ਗਿਆ ਅਤੇ ਅਕਾਲੀਆਂ ਦੇ ਹੱਥ ਵਿਚ ਲੂਲੀ-ਲੰਗੜੀ ਸੂਬੀ ਆਈ। ਚੰਡੀਗੜ੍ਹ ਦੇ ਪਿਆਰ ਵਿਚ ਦਰਸ਼ਨ ਸਿੰਘ ਫੇਰੂਮਾਨ ਜਿਹਾ ਨੇਕ ਅਤੇ ਸਿਰੜੀ ਦੇਸ਼ ਭਗਤ ਸ਼ਹੀਦ ਹੋ ਗਿਆ। ਪਾਣੀਆਂ ਦੇ ਮਸਲੇ ਨੇ ਕਪੂਰੀ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਅਤੇ ਪੰਜਾਬ ਦੇ ਪਿੰਡਾਂ ਵਿਚ ਖੂਨ ਦੀ ਹੋਲੀ ਖੇਡੀ। ਫਿਰ ਵੀ ਇਸ ਅਣਹੋਣੀ ਖੇਡ ਦਾ ਅੰਤ ਨਾ ਹੋਇਆ ਅਤੇ ਦਿੱਲੀ, ਕਾਨਪੁਰ ਤੇ ਕਈ ਹੋਰ ਸ਼ਹਿਰਾਂ ਵਿਚ ਐਸੇ ਦਰਦਨਾਕ ਕਾਰੇ ਹੋਏ ਜਿਨ੍ਹਾਂ ਨੂੰ ਸੁਣ ਕੇ ਇਨਸਾਨੀਅਤ ਸਦਾ ਸ਼ਰਮਿੰਦਾ ਰਹੇਗੀ। ਇਹ ਸਭ ਕੁਝ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਬੇਸ਼ੱਕ ਅਕਾਲੀ ਵੀਰ ਹਿੰਮਤੀ ਤੇ ਬਹਾਦਰ ਹਨ, ਮੂਰਖ ਬਿਲਕੁਲ ਨਹੀਂ, ਪਰ ਇਸ ਨਿਮਾਣੀ ਸੂਬੀ ਨੂੰ ਮਨਜ਼ੂਰ ਕਰਨ ਵੇਲੇ ਸਾਰੇ ਮਾਰੂ ਐਕਟਾਂ ਨੂੰ ਅੱਖੋਂ ਉਹਲੇ ਕਰਨਾ, ਫਿਰ ਵੀ ਖੁਸ਼ੀਆਂ ਮਨਾਉਣਾ ਕਿਥੋਂ ਦੀ ਸਿਆਣਪ ਸੀ? ਕਾਸ਼ ਇਹ ਸਭ ਕੁਝ ਨਾ ਹੁੰਦਾ!
ਥੋੜ੍ਹਾ ਹੋਰ ਪਿਛੇ ਜਾਈਏæææ ਭਾਰਤ ਦੇ ਆਜ਼ਾਦੀ ਸੰਗਰਾਮ ਵੱਲ ਝਾਤ ਮਾਰੀਏ। ਇਸ ਬਾਰੇ ਬਹੁਤ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਕੋਈ ਕਹਿੰਦਾ ਹੈ, ਅਸੀਂ ਬਿਨ ਤਲਵਾਰ ਢਾਲ ਮੱਲਾਂ ਮਾਰ ਲਈਆਂ। ਕੋਈ ਕਹਿੰਦਾ ਹੈ, ਇਹ ਤਾਂ ਗਦਰੀ ਬਾਬਿਆਂ ਅਤੇ ਭਗਤ ਸਿੰਘ ਜਿਹੇ ਸੂਰਬੀਰਾਂ ਦੀ ਬਦੌਲਤ ਹੀ ਵਡਮੁੱਲੀ ਸੌਗਾਤ ਸਾਡੇ ਹੱਥ ਆਈ। ਸ਼ਾਇਦ ਸਾਰੀਆਂ ਧਿਰਾਂ ਦੀ ਮਿਲੀ-ਜੁਲੀ ਕੋਸ਼ਿਸ਼ ਦਾ ਸਿੱਟਾ ਹੈ। ਫਿਰ ਵੀ ਇਕ ਗੱਲ ਸਾਫ ਹੈ ਕਿ ਜਾਨ ‘ਤੇ ਖੇਡਣ ਵਾਲਿਆਂ ਦੀ ਕੁਰਬਾਨੀ ਮਹਾਨ ਹੈ, ਪਰ ਉਹ ਲੋਕ ਨਾ ਤਾਂ ਐਸੀ ਆਜ਼ਾਦੀ ਦੀ ਮਨਜ਼ੂਰੀ ਵਿਚ ਹਿੱਸਾ ਪਾ ਸਕੇ ਅਤੇ ਨਾ ਹੀ ਇਸ ਆਜ਼ਾਦੀ ਦੇ ਖੱਟੇ-ਮਿੱਠੇ ਨਤੀਜੇ ਹੀ ਦੇਖ ਸਕੇ।
ਗੁਲਾਮੀ ਲਾਹਨਤ ਹੈ। ਇਸ ਤੋਂ ਛੁਟਕਾਰਾ ਬੇਹੱਦ ਜ਼ਰੂਰੀ ਸੀ, ਪਰ ਇਸ ਦੀ ਜ਼ੰਜੀਰ ਕੱਟਣ ਨਾਲ ਪਾਕਿਸਤਾਨ ਅਤੇ ਭਾਰਤ ਵਿਚ ਕਤਲੋਗਾਰਤ ਦਾ ਜੋ ਦਰਦਨਾਕ ਮਾਹੌਲ ਬਣਿਆ ਤੇ ਲੱਖਾਂ ਲੋਕਾਂ ਦਾ ਉਜਾੜ ਹੋਇਆ, ਉਹ ਵੀਹਵੀਂ ਸਦੀ ਦਾ ਯਹੂਦੀਆਂ ਦੀ ਦੁਰਦਸ਼ਾ ਨਾਲੋਂ ਵੀ ਭਿਆਨਕ ਮੰਜ਼ਰ ਸੀ। ਇਸ ਤਬਾਹੀ ਦੇ ਜ਼ਖਮ ਅਜੇ ਵੀ ਅੱਲੇ ਹਨ। ਵੰਡ ਪਿਛੋਂ ਭਾਰਤ ਤੇ ਪਾਕਿਸਤਾਨ ਨੇ ਕੀ ਪਾਇਆ ਤੇ ਕੀ ਖੋਇਆ? ਪਾਕਿਸਤਾਨ ਦੇ ਮਕਬੂਲ ਸ਼ਾਇਰ ਦਾਮਨ ਨੇ ਇਕ ਮੁਸ਼ਾਇਰੇ ਵਿਚ ਅੱਖਾਂ ਵਿਚੋਂ ਨੀਰ ਵਹਾਉਂਦਿਆਂ ਕਿਹਾ, ‘ਰੋਏ ਤੁਸੀਂ ਵੀ ਓ, ਰੋਏ ਵੀ ਹਾਂ।’ ਪੰਡਿਤ ਨਹਿਰੂ ਨੇ ਉਸ ਨੂੰ ਸੌ ਰੁਪਏ ਇਨਾਮ ਦਿੱਤਾ!
ਅੱਜ ਪਾਕਿਸਤਾਨ ਦੀ ਕੀ ਹਾਲਤ ਹੈ? ਬੰਗਲਾਦੇਸ਼ ਜੁਦਾ ਹੋ ਗਿਆ। ਹੁਣ ਵੀ ਚੈਨ ਨਹੀਂ। ਕੋਈ ਦਿਨ ਨਹੀਂ ਗੁਜ਼ਰਦਾ ਜਦੋਂ ਬੇਗੁਨਾਹ ਬੰਦੇ ਨਾ ਮਰਦੇ ਹੋਣ। ਖਰਬਾਂ ਰੁਪਿਆ ਰੱਖਿਆ ਉਤੇ ਖਰਚ ਹੋ ਰਿਹਾ ਹੈ। ਗਰੀਬੀ ਦੀ ਹਾਲਤ ਦਾ ਇਕ ਨਮੂਨਾ ਪਿਛਲੇ ਦਿਨਾਂ ਵਿਚ ਨਜ਼ਰ ਆਇਆ। ਕਰਾਚੀ ਤੇ ਲਾਹੌਰ ਨੂੰ ਆਉਂਦਾ ਪੈਟਰੋਲ ਦਾ ਟੈਂਕਰ ਰਸਤੇ ਵਿਚ ਮੂਧਾ ਹੋ ਗਿਆ। ਆਲੇ-ਦੁਆਲੇ ਦੀ ਗਰੀਬ ਜਨਤਾ ਬੋਤਲਾਂ, ਬਰਤਨ ਤੇ ਡਰੰਮ ਲਿਆ ਕੇ ਪੈਟਰੋਲ ਨਾਲ ਭਰਨ ਲੱਗ ਪਈ। ਕਿਸੇ ਤੋਂ ਸਿਗਰਟ ਦੀ ਚੰਗਿਆੜੀ ਗਿਰ ਗਈ ਅਤੇ ਦੋ ਸੌ ਤੋਂ ਵੱਧ ਜਾਨਾਂ ਜਾਂਦੀਆਂ ਰਹੀਆਂ, ਕਈ ਜ਼ਖਮੀ ਹੋ ਗਏ। ਅਮਰੀਕਾ ਵਿਚ ਨੰਗ ਭੁੱਖ ਨਾ ਹੋਣ ਕਰ ਕੇ ਕੋਈ ਵੀ ਡੁੱਲ੍ਹਿਆ ਤੇਲ ਬੋਤਲਾਂ ਵਿਚ ਭਰ ਕੇ ਨਹੀਂ ਲਿਆਉਂਦਾ!
ਭਾਰਤ ਵਿਚ ਵੀ ਅਰਬਾਂ ਰੁਪਿਆ ਰੱਖਿਆ ‘ਤੇ ਇਸੇ ਕਰ ਕੇ ਖਰਚ ਹੋ ਰਿਹਾ ਹੈ ਕਿ ਗੁਆਂਢੀ ਦੇਸ਼ ਹਮਲਾ ਨਾ ਕਰ ਦੇਵੇ; ਨਹੀਂ ਤਾਂ ਇਹ ਧਨ ਵਿਕਾਸ ‘ਤੇ ਖਰਚ ਹੋਵੇ। ਦੋਹਾਂ ਦੇਸ਼ਾਂ ਵਿਚ ਕਸ਼ਮੀਰ ਦਾ ਮਸਲਾ ਸੁਲਝਣ ਦੀ ਥਾਂ ਦਿਨੋ ਦਿਨ ਪੇਚੀਦਾ ਹੋ ਰਿਹਾ ਹੈ। ਭਾਰਤ ਵਾਲੇ ਕਾਫੀ ਮੁਸਲਮਾਨ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਭਾਈਆਂ ਨੇ ਉਨ੍ਹਾਂ ਨੂੰ ਸਦਾ ਲਈ ਕੁੜਿੱਕੀ ਵਿਚ ਫਸਾ ਦਿੱਤਾ। ਰਾਵੀ, ਚਨਾਬ ਤੇ ਜਿਹਲਮ ਸ਼ੁਰੂ ਭਾਰਤ ਵਿਚ ਹੁੰਦੇ ਹਨ, ਵਹਿੰਦੇ ਪਾਕਿਸਤਾਨ ਵਿਚ ਹਨ। ਇਨ੍ਹਾਂ ਵਿਚੋਂ ਵਗਦੇ ਪਾਣੀ ਦੇ ਸਮਝੌਤੇ ਲੜਖੜਾ ਰਹੇ ਹਨ। ਜਦ ਕਦੀ ਭਾਰਤ ਵੱਲ ਬਿਜਲੀ ਪੈਦਾ ਕਰਨ ਲਈ ਕੋਈ ਤਜਵੀਜ਼ ਹੁੰਦੀ ਹੈ, ਪਾਕਿਸਤਾਨ ਢੁੱਚਰ ਡਾਹ ਦਿੰਦਾ ਹੈ।
ਮਾਨਯੋਗ ਲੀਡਰ ਮੁਹੰਮਦ ਅਲੀ ਜਿਨਾਹ ਬਹੁਤ ਕਾਬਲ ਆਦਮੀ ਸਨ। ਇਨ੍ਹਾਂ ਨੂੰ ਮੂਰਖ ਕਹਿਣ ਦਾ ਨਾ ਸਾਨੂੰ ਹੱਕ ਹੈ, ਨਾ ਹੀ ਇਹ ਜਾਇਜ਼ ਹੈ, ਪਰ ਕਤਲੋਗਾਰਤ ਵਿਚ ਲੱਖਾਂ ਲੋਕਾਂ ਦਾ ਘਾਣ, ਉਜਾੜਾ ਅਤੇ ਇਸੇ ਦੌਰਾਨ ਦੋਹੀਂ ਪਾਸੀਂ ਆਜ਼ਾਦੀ ਦੀ ਖੁਸ਼ੀ ਮਨਾਉਣਾ ਭਲਾ ਕੇਹਾ ਨਜ਼ਾਰਾ ਸੀ? ਇਹ ਸਭ ਕੁਝ ਦੇਖ ਕੇ ਇਨ੍ਹਾਂ ਲੀਡਰਾਂ ਨੂੰ ਸਿਆਣਾ ਕਹਿਣ ਵਿਚ ਸ਼ਰਮ ਮਹਿਸੂਸ ਹੋ ਰਹੀ ਹੈ। ਕਿਤੇ ਨਾ ਅਜਿਹੀ ਆਜ਼ਾਦੀ ਮਨਜ਼ੂਰ ਕਰਨ ਤੋਂ ਪਹਿਲਾਂ ਸਭ ਧਿਰਾਂ ਰਲ-ਬੈਠ ਕੇ ਮੁਸਲਮਾਨ ਭਾਈਆਂ ਨੂੰ ਵਿਸ਼ਵਾਸ ਦਿਵਾਉਂਦੇ; ਜਿਵੇਂ ਲਿਆਕਤ ਅਲੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਵਗੈਰਾ ਵਗੈਰਾ। ਮੁਸਲਿਮ ਲੀਗ ਦਾ ਕਾਂਗਰਸ ‘ਤੇ ਭਰੋਸਾ ਨਾ ਕਰਨ ਦੀ ਸੋਚ ਨੂੰ ਮੂਰਖਤਾ ਜਾਂ ਸਿਆਣਪ ਕਹਿਣਾ ਬੜਾ ਗੁੰਝਲਦਾਰ ਸਵਾਲ ਹੈ। ਸ਼ਾਇਦ ਭਵਿਖ ਵਿਚ ਵੀ ਇਸ ਦਾ ਤਸੱਲੀਬਖਸ਼ ਜਵਾਬ ਨਾ ਮਿਲ ਸਕੇ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਵੰਡ ਇਤਿਹਾਸ ਦੀ ਮੰਦਭਾਗੀ ਘਟਨਾ ਹੈ।
ਸਾਡੇ ਦੇਸ਼ ਵਿਚ ਗਰੀਬੀ ਹਟਾਓ ਦਾ ਢੰਡੋਰਾ ਹਰ ਪਾਰਟੀ ਪਿੱਟ ਰਹੀ ਹੈ, ਪਰ ਸੱਤਰ ਵਰ੍ਹਿਆਂ ਪਿਛੋਂ ਵੀ ਗਰੀਬ ਘਟ ਨਹੀਂ ਰਹੇ, ਸਗੋਂ ਵਧ ਰਹੇ ਹਨ। ਇਸ ਦੇ ਨਾਲ ਨਾਲ ਅਮੀਰਾਂ ਦੀ ਲੜੀ ਵੀ ਲੰਮੀ ਹੋ ਰਹੀ ਹੈ। ਕੋਈ ਵੇਲਾ ਸੀ ਜਦੋਂ ਭਾਰਤ ‘ਚ ਬਿਰਲਾ, ਟਾਟਾ ਤੇ ਡਾਲਮੀਆ ਹੀ ਕਰੋੜਪਤੀ ਸਨ; ਅੱਜ ਕੱਲ੍ਹ ਅੰਬਾਨੀ, ਅਡਾਨੀ, ਪ੍ਰੇਮਜੀ ਅਤੇ ਹੋਰ ਖਰਬਾਂਪਤੀ ਬਣ ਗਏ ਹਨ। ਦੂਜੀ ਗਰੀਬੀ ਮਾਨਸਿਕ ਹੈ। ਪਹਿਲੀ ਨਾਲ ਮਿਲ ਕੇ ਖੁਦਕੁਸ਼ੀਆਂ ਵੱਲ ਲਿਜਾਂਦੀ ਹੈ। ਆਪ-ਘਾਤੀ ਮਹਾਂਪਾਪੀ ਦੇ ਵਿਚਾਰ ਨੂੰ ਸਮਝਣ ਵਾਲਾ ਕਦੀ ਖੁਦਕੁਸ਼ੀ ਨਹੀਂ ਕਰਦਾ। ਉਹ ਮੁਸ਼ਕਿਲਾਂ ਵਿਚ ਵੀ ਹਿੰਮਤ ਨਹੀਂ ਹਾਰਦਾ, ਸਦਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਪਹਿਲੀ ਗਰੀਬੀ ਨੂੰ ਦੂਰ ਕਰਨਾ ਸਿਆਸੀ ਲੀਡਰਾਂ ਦਾ ਫਰਜ਼ ਹੈ ਅਤੇ ਦੂਜੀ ਨੂੰ ਦੂਰ ਕਰਨਾ ਧਾਰਮਿਕ ਲੀਡਰਾਂ ਦੀ ਡਿਊਟੀ ਹੈ। ਇਹ ਦੋਨੋਂ ਧਿਰਾਂ ਆਪੋ-ਆਪਣੇ ਫਰਜ਼ ਪਛਾਣ ਨਹੀਂ ਸਕੀਆਂ। ਇਹ ਲੀਡਰ ਨਾ ਮੂਰਖ ਹਨ ਤੇ ਨਾ ਹੀ ਸਿਆਣੇ!
ਜੇ ਗੁਸਤਾਖੀ ਕਰ ਲਵਾਂ ਤਾਂ ਇਹ ਚਤੁਰ ਮਦਾਰੀ ਹਨ। ਆਪਣੀ ਡੁਗਡਗੀ ਵਜਾ ਕੇ ਲੋਕਾਈ ਨੂੰ ਇਕੱਠੇ ਕਰਨ ਦਾ ਢੰਗ ਇਨ੍ਹਾਂ ਕੋਲ ਹੈ। ਬੜੀਆਂ ਆਸਾਂ ਲੈ ਕੇ ਲੋਕ ਇਨ੍ਹਾਂ ਕੋਲ ਜਾਂਦੇ ਹਨ, ਪਰ ਇਹ ਲਾਰੇ ਲੱਪੇ ਲਾਉਣ ਵਿਚ ਮਾਹਰ ਹਨ। ਲੋਕਾਂ ਨੂੰ ਬਣਾਉਟੀ ਪੁੱਤ ਬਖਸ਼ਦੇ ਹਨ ਅਤੇ ਆਪਣੇ ਅਸਲੀ ਪੁੱਤਾਂ ਨੂੰ ਆਪਣੇ ਆਰਟ ਦੇ ਗੁਰ ਸਿਖਾਉਂਦੇ ਹਨ। ਇਹੀ ਕਾਰਨ ਹੈ ਕਿ ਸਭ ਸਿਆਸੀ ਅਤੇ ਧਾਰਮਿਕ ਬਾਬਿਆਂ ਦੇ ਪੁੱਤਰ ਬਹੁਤ ਕਾਮਯਾਬੀ ਨਾਲ ਇਨ੍ਹਾਂ ਦੇ ਦਰਸਾਏ ਰਸਤੇ ‘ਤੇ ਚੱਲ ਰਹੇ ਹਨ; ਪਰ ਅਫਸੋਸ! ਅਧਿਆਤਮਕ ਪੱਖੋਂ ਇਹ ਕੋਰੇ ਹਨ। ਨਾ ਮੂਰਖ ਹਨ, ਨਾ ਸਿਆਣੇ ਹਨ। ਪਤਾ ਨਹੀਂ ਕਿਉਂ, ਇਹ ਸਭ ਕੁਝ ਦੇਖਦਿਆਂ ਇਕ ਵਿਚਾਰ ਮਨ ਨੂੰ ਟੁੰਬ ਰਿਹਾ ਹੈ। ਵੱਡੀਆਂ ਮੱਛੀਆਂ ਸਦਾ ਛੋਟੀਆਂ ਨੂੰ ਖਾਂਦੀਆਂ ਆਈਆਂ ਹਨ। ਇਸੇ ਤਰ੍ਹਾਂ ਧਨਾਢ ਛੋਟਿਆਂ ਨੂੰ ਖਾਂਦੇ ਰਹਿਣਗੇ। ਜੇ ਖਰਬਪਤੀਆਂ ਦੀ ਲਿਸਟ ਇਸੇ ਤਰ੍ਹਾਂ ਲੰਮੀ ਹੁੰਦੀ ਰਹੀ ਤਾਂ ਨਿੱਕੇ ਮੋਟੇ ਆਦਮੀ ਇਨ੍ਹਾਂ ਦੀ ਖੁਰਾਕ ਬਣ ਕੇ ਖਤਮ ਹੋ ਜਾਣਗੇ; ਕੁਝ ਖੁਦਕੁਸ਼ੀਆਂ ਤੇ ਕੁਦਰਤੀ ਆਫਤਾਂ ਨਾਲ ਮਰ ਜਾਣਗੇ ਅਤੇ ਇਉਂ ਗਰੀਬੀ ਦੂਰ ਹੋ ਜਾਵੇਗੀ।
ਫਿਰ ਵੱਡੀਆਂ ਮੱਛੀਆਂ ਆਪਸ ਵਿਚ ਭਿੜਨਗੀਆਂ, ਭਾਵ ਅਮੀਰ ਦੇਸ਼ਾਂ ਦੀਆਂ ਲੜਾਈਆਂ ਆਪਸ ਵਿਚ ਹੋਣਗੀਆਂ! ਅੱਜ ਦੇ ਮਾਰੂ ਹਥਿਆਰਾਂ ਨਾਲ ਦੁਨੀਆਂ ਦਾ ਅੰਤ ਲਗਭਗ ਨਿਸ਼ਚਿਤ ਹੈ।
ਪ੍ਰਿਥਵੀ ਦੇ ਇਤਿਹਾਸ ਵਿਚ ਇਹ ਕੋਈ ਨਵੀਂ ਗੱਲ ਨਹੀਂ ਹੋਵੇਗੀ। ਬੇਅੰਤ ਥੇਹ ਇਹੋ ਜਿਹੀਆਂ ਘਟਨਾਵਾਂ ਦੇ ਗਵਾਹ ਹਨ। ਕਿਆਸ ਹੀ ਲਾਇਆ ਜਾ ਸਕਦਾ ਹੈ ਕਿ ਇਸ ਸਭਿਅਤਾ ਦੀ ਖਾਕ ਅਤੇ ਰਾਖ ਵਿਚੋਂ ਮਿਥਿਹਾਸਕ ਪਰਿੰਦਾ ਜਿਸ ਨੂੰ ਕੁਕਨੁਸ ਕਹਿੰਦੇ ਹਨ, ਉਗੇਗਾ ਅਤੇ ਨਵੀਂ ਸਭਿਅਤਾ ਨੂੰ ਜਨਮ ਦੇਵੇਗਾ। ਫਿਰ ਕੋਈ ਭਾਈ ਵੀਰ ਸਿੰਘ ਜਿਹਾ ਦਾਨਿਸ਼ਮੰਦ ਖੰਡਰਾਤ ਨੂੰ ਦੇਖ ਕੇ ਕਹੇਗਾ:
ਉਸ ਯੁਗ ਦਾ ਕੀ ਰਹਿ ਗਿਆ ਬਾਕੀ
ਕੁਝ ਖਾਕ ਦੇ ਢੇਰ।
ਬੀਤ ਚੁੱਕੇ ਸਮੇਂ ਦੀ ਰਾਖ
ਦਸਦੀ ਸਮੇਂ ਦਾ ਫੇਰ।
ਨਾ ਸੀ ਕੋਈ ਮੂਰਖ
ਨਾ ਸੀ ਕੋਈ ਸਿਆਣਾ।
ਵਰਤ ਗਿਆ ਸਭ ਤੇਰਾ ਭਾਣਾ।