ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਮੌਤ ਦੀ ਭਿਆਨਕਤਾ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਬਹੁਤ ਦੁੱਖਦਾਈ ਹੁੰਦਾ ਹੈ, ਕਿਸੇ ਪਿਆਰੇ ਦਾ ਤੁਰ ਜਾਣਾ।æææਪਲ ਪਲ ਕਰਕੇ ਕਿਰਦੇ ਸਾਹਾਂ ਦੀ ਵੇਦਨਾ, ਉਮਰ ਦੀ ਦਹਿਲੀਜ ‘ਤੇ ਛਿੜਕਿਆ ਦਰਦ।
ਹਥਲੇ ਲੇਖ ਵਿਚ ਉਨ੍ਹਾਂ ਅਜੋਕੇ ਮਸ਼ੀਨੀ ਯੁਗ ਵਿਚ ਕੁਦਰਤ ਦੀਆਂ ਨਿਆਮਤਾਂ ਦੇ ਤਬਾਹ ਹੋ ਜਾਣ ਉਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਮਸ਼ੀਨੀ ਸ਼ੋਰ ਵਿਚ ਗੁੰਮ ਗਏ ਬੋਟਾਂ ਦੇ ਬੋਲ, ਹਵਾ ਦੀ ਰੁਮਕਣੀ, ਗੁਫਤਗੂ ਦੀ ਸਰਸਰਾਹਟ ਅਤੇ ਸੱਜਣਾਂ ਦੇ ਕਦਮਾਂ ਦੀ ਆਹਟ, ਪੈਦਾ ਕਰ ਰਹੀ ਏ ਮਨੁੱਖੀ ਸਹਿਜ ਵਿਚ ਘਬਰਾਹਟ।æææਮਾਨਵੀ ਕੁਕਰਮਾਂ ਦੀ ਸਜ਼ਾ ਭੁਗਤ ਰਹੀ ਏ ਸਰਘੀ (ਸਵੇਰ)। ਧੁਆਂਖੇ ਗਏ ਨੇ ਇਸ ਦੇ ਸਰੋਕਾਰ। ਉਹ ਚਾਹੁੰਦੇ ਹਨ, ਨਵੀਂ ਸਰਘੀ ਦੀ ਆਮਦ ‘ਤੇ ਸਰਘੀ ਦਾ ਕਹਿਣਾ ਮੰਨੀਏ, ਸੁੰਗੜ ਰਹੀਆਂ ਕਿਸਮਤ ਰੇਖਾਵਾਂ ਨੂੰ ਲੰਮੇਰਾ ਕਰੀਏ, ਕਰਮਯੋਗਤਾ ‘ਚੋਂ ਮਾਨਵੀ ਰਹਿਤਲ ਨੂੰ ਪਰਿਭਾਸ਼ਤ ਕਰੀਏ, ਪੌਣਾਂ ਦੇ ਨਾਮ ਰੁਮਕਣੀ ਅਤੇ ਦਰਿਆਵਾਂ ਦੇ ਨਾਮ ਰਵਾਨਗੀ ਕਰੀਏ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਬੜੀ ਪੀੜਤ ਏ ਸਰਘੀ ਅਤੇ ਦੁਖੀ ਨੇ ਸਰਘੀ ਦੀਆਂ ਨਿਆਮਤਾਂ। ਜੀਵਨ-ਦਾਤਾਂ ਵੰਡਣ ਵਾਲਾ ਰਹਿਬਰ ਜਦ ਆਪਣੀ ਹੋਣੀ ਦੀ ਫਿਕਰਮੰਦੀ ਵਿਚ ਧੁਖਣ ਲੱਗ ਪਵੇ ਤਾਂ ਇਸ ਦਾ ਸੇਕ ਉਸ ਦੇ ਅੰਤਰੀਵ ਨੂੰ ਲੱਗਣਾ ਸੁਭਾਵਿਕ ਹੁੰਦਾ ਏ।
ਸਰਘੀ ਵਿਚਾਰੀ ਵੀ ਕੀ ਕਰੇ? ਕਿਸ ਤਰ੍ਹਾਂ ਪਾਣੀ-ਹੀਣ ਚੂਲੀ ‘ਚ ਡੁੱਬ ਮਰੇ ਅਤੇ ਕਿਸ ਕੋਲ ਫਰਿਆਦ ਕਰੇ? ਕੋਈ ਨਹੀਂ ਸੁਣਦਾ, ਉਸ ਦੇ ਦੁੱਖੜੇ। ਕਿਸੇ ਕੋਲ ਨਹੀਂ ਵਿਹਲ, ਉਸ ਦੇ ਗਮਾਂ ਦੀ ਹਾਥ ਪਾਉਣ ਦੀ ਅਤੇ ਚਸਕਦੇ ਜ਼ਖਮਾਂ ‘ਤੇ ਮਰਹਮ ਲਾਉਣ ਦੀ? ਕਿਸੇ ਦੀ ਆਤਮਾ ਨਹੀਂ ਪਸੀਜਦੀ ਦਰਦ ‘ਚ ਅਤੇ ਨਾ ਹੀ ਕਿਸੇ ਦੀ ਅੱਖ ਵਿਚ ਹੰਝੂ ਛਲਕਦਾ ਏ, ਵੇਦਨਾ ਸੁਣ ਕੇ? ਚਾਰੇ ਪਾਸਿਉਂ ਘਿਰੀ ਸਰਘੀ, ਰਹਿ ਗਈ ਏ ਦਰਦੀਲੀ ਗਾਥਾ ਦੀ ਪਾਤਰ। ਪਰ ਕੌਣ ਪੜ੍ਹੇਗਾ ਹਉਕਿਆਂ ਦੀ ਵਾਰਤਾ?
ਸਰਘੀ ਦਾ ਸਮੁੱਚ, ਅੰਗਹੀਣ। ਇਸ ਦੀਆਂ ਸੁਰਤਾਲਾਂ, ਅੰਤਹੀਣ। ਇਸ ਦਾ ਸੰਦਲਾਪਣ, ਰੰਗਹੀਣ। ਇਸ ਦੀ ਸੁੰਦਰਤਾ, ਕੋਹਝ ਦੀ ਮਾਰੀ। ਇਸ ਦੇ ਚੌਗਿਰਦੇ ‘ਚ ਗੰਧਲਾਪਣ ਭਾਰੀ। ਇਸ ਦੇ ਨੂਰ-ਵਿਹੜੇ, ਹਨੇਰਿਆਂ ਦੀ ਸਰਦਾਰੀ। ਇਸ ਦੇ ਮੁੱਖੜੇ ‘ਤੇ ਲਾਲੀ ਬਿਖੇਰਨ ਵਾਲਾ ਰੁੱਸਿਆ ਪਿਆ ਏ ਲਲਾਰੀ ਅਤੇ ਇਸ ਦੇ ਨੈਣ-ਸਮੁੰਦਰਾਂ ਵਿਚ ਖਾਰਾਪਣ ਤਾਰੀ।
ਮਾਨਵੀ ਕੁਕਰਮਾਂ ਦੀ ਸਜ਼ਾ ਭੁਗਤ ਰਹੀ ਏ ਸਰਘੀ। ਧੁਆਂਖੇ ਗਏ ਨੇ ਇਸ ਦੇ ਸਰੋਕਾਰ। ਮਲੀਆਮੇਟ ਕਰ ਦਿਤੇ ਨੇ ਜਿਉਣ ਜੋਗੇ ਪੈੜ-ਚਿੰਨ੍ਹ। ਵਾਸ਼ਪ ਹੋ ਗਏ ਨੇ ਮਨੁੱਖੀ ਰਾਹਾਂ ਵਿਚ ਡੋਲ੍ਹੇ ਜਾਣ ਵਾਲੇ ਪਾਣੀ ਅਤੇ ਚੇਤਿਆਂ ‘ਚੋਂ ਖੁਰ ਰਹੀ ਏ ਇਸ ਦੀਆਂ ਕਰਾਮਾਤਾਈ ਦਾਤਾਂ ਦੀ ਸਦੀਆਂ ਪੁਰਾਣੀ ਕਹਾਣੀ।
ਕਦੇ ਵੇਲਾ ਸੀ, ਅੰਮ੍ਰਿਤ ਵੇਲੇ ਸਰਘੀ ਮਨੁੱਖਤਾ ਦੀ ਆਰਤੀ ਉਤਾਰਦੀ ਸੀ ਅਤੇ ਉਸ ਦੀ ਚਿਰੰਜੀਵਤਾ ਲਈ ਸੁੱਚੀਆਂ ਨਿਆਮਤਾਂ ਦੀ ਰਹਿਮਤ ਉਸ ਦੀ ਝੋਲੀ ਵਿਚ ਪਾਉਂਦੀ ਸੀ। ਲੰਮੀ ਉਮਰ ਦੀਆਂ ਦੁਆਵਾਂ, ਉਸ ਦੀ ਚਾਹਨਾ। ਜੀਵ-ਜੰਤੂਆਂ ਦੀ ਸਿਹਤਯਾਬੀ, ਉਸ ਦੀ ਅਰਦਾਸ। ਹਰ ਰੰਗ ਨੂੰ ਮਾਣਨ ਦੀ ਅਸੀਸ। ਸਰਬਜੀਵਾਂ ਵਿਚ ਇਕਸੁਰਤਾ ਅਤੇ ਇਕਸਾਰਤਾ, ਉਸ ਦੀ ਤਮੰਨਾ ਅਤੇ ਕਾਇਨਾਤ ਦੀ ਪ੍ਰਫੁਲਤਾ, ਉਸ ਦਾ ਧਰਮ।
ਹੁਣ ਨਜ਼ਰ ਨਹੀਂ ਆਉਂਦਾ ਸਰਘੀ ਦਾ ਤਾਰਾ। ਧੂੰਏ ਦੇ ਗੁਬਾਰ ਨੇ ਅਲੋਪ ਕਰ ਦਿਤਾ ਏ ਤਾਰਿਆਂ ਦਾ ਛੱਜ। ਤਾਰਿਆਂ ਸੰਗ ਗੁਫਤਗੂ ਬੀਤੇ ਦੀ ਬਾਤ। ਰਾਤ ਦੀ ਸ਼ਾਂਤੀ ਭੰਗ। ਰਾਤ ਦਾ ਸਹਿਜ ਅਤੇ ਇਸ ਦੀ ਸਾਰਥਕਤਾ, ਮਨੁੱਖੀ ਦੌੜ ਨੇ ਖਾਧੀ। ਜੀਵਾਂ ਦਾ ਸੌਣਾ ਹਰਾਮ, ਹਰ ਪਾਸੇ ਦਿਨ-ਰਾਤ ਪੈ ਰਹੇ ਸ਼ੋਰ ਵਿਚ ਕੋਈ ਕਿਸ ਤਰ੍ਹਾਂ ਮਾਣ ਸਕਦਾ ਏ ਨੀਂਦ ਦਾ ਅਨੰਦ। ਸਰਘੀ ਦੇ ਤਾਰੇ ਜਿਹੀ ਹੋਣੀ ਵਾਲੇ ਮਨੁੱਖ ਦੀ ਅੱਖ ਵਿਚ ਕੌਣ ਧਰੇਗਾ ਚਾਨਣ ਦੀ ਕਾਤਰ ਅਤੇ ਕਿਹੜਾ ਮਸਤਕ ਕਰੇਗਾ ਤਾਰਾ-ਮੰਡਲ ਦੇ ਵਰਦਾਨਾਂ ਦੀ ਅਰਾਧਨਾ? ਵਾਸਤਾ ਈ! ਇਸ ਦੇ ਮੱਥੇ ਦਾ ਟਿੱਕਾ, ਸਰਘੀ ਦਾ ਤਾਰਾ ਕਿਤੋਂ ਤਾਂ ਢੂੰਡ ਲਿਆਵੋ ਅਤੇ ਕਰੂਪ ਸਰਘੀ ਨੂੰ ਸਜਾਵੋ।
ਸਰਘੀ ਕਿਸ ਤਰ੍ਹਾਂ ਸਰਘੀ ਕਹਿਣ ਦਾ ਹੱਕ ਜਿਤਾਵੇ ਜਦ ਉਸ ਦੀ ਤਾਸੀਰ ਹੀ ਫਿਜ਼ਾ ਨੂੰ ਸਿਸਕਦੇ ਸਾਹਾਂ ਦੀ ਖੈਰਾਤ ਪਾਵੇ। ਨਿਰਮਲ, ਤਾਜੀ ਅਤੇ ਸਾਫ ਹਵਾ ਦੇ ਲੰਮੇ ਲੰਮੇ ਸਾਹ ਬਖਸ਼ਣ ਵਾਲੀ ਸਰਘੀ ਵਿਚ ਘੁੱਲ ਗਈ ਏ ਧੂੰਏ ਅਤੇ ਧੂੜ ਦੇ ਕਣਾਂ ਦੀ ਬਹੁਤਾਤ। ਬਾਸੀ ਅਤੇ ਦੁਰਗੰਧਤ ਪੌਣ ਕਿਸ ਤਰ੍ਹਾਂ ਸਾਹ-ਸਾਜ਼ ਵਜਾਵੇ ਅਤੇ ਲੰਮੇਰੀ ਉਮਰ ਦੀ ਕਾਮਨਾ, ਹਰ ਪ੍ਰਾਣੀ ਦੇ ਨਾਮ ਲਾਵੇ? ਜਦ ਸਾਹਾਂ ਨੂੰ ਹੀ ਸਿਸਕਣਾ ਪੈ ਜਾਵੇ ਤਾਂ ਕੌਣ ਭਰੇਗਾ ਤੁਹਾਡੇ ਲਈ ਸ਼ੁਭ-ਕਾਮਨਾ ਦਾ ਹੁੰਗਾਰਾ?
ਭਲੇ ਵਕਤਾਂ ‘ਚ ਬਿਰਖ ਦੇ ਪੱਤੇ ਗੁਣਗਣਾਉਂਦੇ, ਬੋਟ ਆਲ੍ਹਣਿਆਂ ‘ਚ ਸੰਗੀਤਕ ਮਹਿਫਿਲਾਂ ਸਜਾਉਂਦੇ ਅਤੇ ਸੁਭ-ਸਵੇਰ ਦਾ ਅਲਾਪ ਉਪਜਾਉਂਦੇ। ਪਰਿੰਦਿਆਂ ਦੀ ਗੁਟਕਣੀ, ਕੁਦਰਤ ਦੇ ਸਭ ਤੋਂ ਹਸੀਨ ਪਲ। ਇਹ ਪਲ ਹੀ ਰੂਹ ਦੀ ਖੁਰਾਕ ਅਤੇ ਜੀਵਨ ਦੀ ਮਘਦੀ ਚੰਗਿਆੜੀ। ਮਸ਼ੀਨੀ ਸ਼ੋਰ ਵਿਚ ਗੁੰਮ ਗਏ ਬੋਟਾਂ ਦੇ ਬੋਲ, ਹਵਾ ਦੀ ਰੁਮਕਣੀ, ਗੁਫਤਗੂ ਦੀ ਸਰਸਰਾਹਟ ਅਤੇ ਸੱਜਣਾਂ ਦੇ ਕਦਮਾਂ ਦੀ ਆਹਟ, ਪੈਦਾ ਕਰ ਰਹੀ ਏ ਮਨੁੱਖੀ ਸਹਿਜ ਵਿਚ ਘਬਰਾਹਟ। ਮਨ ਦੇ ਰੁਦਨ ਨੂੰ ਮਿਟਾਉਣ ਖਾਤਰ ਅਸੀਂ ਸੁਯੋਗ ਉਪਾਅ ਕਰਕੇ ਸਰਘੀ ਦੇ ਸੁੰਗੜਦੇ ਸਾਹਾਂ ਨੂੰ ਕੁਝ ਰਾਹਤ ਤਾਂ ਦਿਵਾ ਹੀ ਸਕਦੇ ਹਾਂ।
ਕਦੇ ਤ੍ਰੇਲ ਧੋਤੇ ਪੱਤੇ ਮਨੁੱਖੀ ਸੋਚ ਵਿਚ ਤਾਜ਼ਗੀ ਭਰਦਿਆਂ ਬਣਦੇ ਸਨ ਮਾਨਵੀ ਗੁਣਾ ਦਾ ਆਧਾਰ, ਹੁੰਦਾ ਸੀ ਸੁਹਜ ਸੋਚ ਦਾ ਪਸਾਰ ਅਤੇ ਰਿੜਕਣੀ ਬਣਦੇ ਸਨ ਸੂਹੇ ਵਿਚਾਰ। ਕਰਮ ਸ਼ੈਲੀ ਵਿਚ ਸਪੱਸ਼ਟਤਾ ਅਤੇ ਸਾਫਗੋਈ ਅਪਨਾਉਣ ਦਾ ਕਰਦਾ ਸੀ ਮਨ ਇਕਰਾਰ ਅਤੇ ਇਸ ਨਾਲ ਹੁੰਦਾ ਸੀ ਸਰਬਰੰਗੀ ਸ਼ਖਸੀਅਤ ਦਾ ਵਿਸਥਾਰ।
ਉਹ ਵੀ ਵੇਲਾ ਸੀ ਜਦ ਖੂਹ ਦੀਆਂ ਟਿੰਡਾਂ ਵਿਚੋਂ ਝਰਦਾ ਪਾਣੀ ਸਰਘੀ ਨੂੰ ਖੁਸ਼ਆਮਦੀਦ ਕਹਿੰਦਾ ਸੀ, ਕੋਈ ਬਜ਼ੁਰਗ ਔਲੂ ਵਿਚ ਡੁੱਬਕੀਆਂ ਮਾਰਦਾ, ਵਾਹਿਗੁਰੂ ਦਾ ਨਾਮ ਉਚਾਰਦਾ, ਸਭ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕਰਦਾ ਸੀ। ਕਿੱਧਰੇ ਪਪੀਹੇ ਦੇ ਮਿਠੜੇ ਬੋਲ ਫਿਜ਼ਾ ਵਿਚ ਸੁਗੰਧੀ ਫੈਲਾਉਂਦੇ ਸਨ, ਖੇਤਾਂ ਵਿਚ ਲਹਿਰਾਉਂਦੀਆਂ ਫਸਲਾਂ ਦਾ ਨਜ਼ਾਰਾ ਅਤੇ ਖਾਲਾਂ-ਬੰਨਿਆਂ ‘ਤੇ ਅੰਮ੍ਰਿਤ ਵੇਲੇ ਦਾ ਗੇੜਾ ਮਨੁੱਖ ਦੇ ਅੰਦਰ ਕੋਮਲਤਾ ਰਮਾਉਂਦਾ ਸੀ। ਕੁਦਰਤ ਦਾ ਇਕ ਅਦਨਾ ਜਿਹਾ ਜੀਵ ਬਣ ਕੇ ਇਸ ਦੀ ਨਿੱਘੀ ਸੰਗਤ ‘ਚੋਂ ਜੀਵਨ ਦਾ ਭੇਤ ਪਾਉਂਦਾ ਸੀ। ਪਰ ਹੁਣ ਇਹ ਸਭ ਬੀਤੇ ਵਕਤਾਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਨੇ। ਸਹਿਜਮਈ ਜੀਵਨ ‘ਤੇ ਭਾਰੂ ਏ ਮਕਾਨਕੀ ਜ਼ਿੰਦਗੀ। ਰੋਬੋਟ ਬਣੇ ਮਨੁੱਖ ਵਿਚੋਂ ਭਾਵਨਾਵਾਂ ਦਾ ਕਿਆਸ ਕਰਨਾ ਏ ਵਿਅਰਥ।
ਸਰਘੀ ਸਹਿਕਦੀ ਏ ਉਨ੍ਹਾਂ ਪਲਾਂ ਨੂੰ ਜਦ ਅਫਗਾਨੀ, ਇਰਾਕੀ, ਸੁਮਾਲੀ, ਕਬਾਇਲੀ ਜਾਂ ਆਦਿਵਾਸੀ ਬੱਚਿਆਂ ਦੀ ਸੋਚ ਵਿਚੋਂ ਬੰਬਾਂ ਅਤੇ ਗੋਲੀਆਂ ਦੀ ਦਹਿਸ਼ਤ ਅਲੋਪ ਹੋ ਜਾਵੇਗੀ। ਉਨ੍ਹਾਂ ਦੀਆਂ ਮਾਸੂਮ ਸੋਚ-ਤਰੰਗਾਂ ਵਿਚੋਂ ਪੂਰਨੇ, ਮੁਹਾਰਨੀਆਂ ਅਤੇ ਹਰਫਾਂ ਦੀ ਲੋਅ ਉਜਾਗਰ ਹੋਵੇਗੀ, ਆਂਦਰਾਂ ਦੀ ਸਹਿਕਣੀ ‘ਚੋਂ ਟੁੱਕਰ ਦੀ ਭਾਲ ਦਾ ਹੇਰਵਾ ਨਹੀਂ ਰਹੇਗਾ ਅਤੇ ਉਹ ਆਪਣੇ ਬਚਪਨੇ ਨੂੰ ਮਾਣਦਿਆਂ ਕੁਦਰਤ ਦੇ ਲਾਡਲੇ ਖਿਡੌਣੇ ਬਣ ਕੇ ਸਰਘੀ ਦਾ ਜੀ ਪਰਚਾਉਣਗੇ।
ਯਾਦ ਰੱਖਣਾ! ਉਦੈ ਹੋਣ ਵਾਲਾ ਭਵਿੱਖਮੁਖੀ ਕਿਰਨ-ਕਾਫਲਾ ਹੀ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦਾ ਏ ਜੋ ਸਮਾਜਿਕ ਮੁਹਾਂਦਰੇ ਨੂੰ ਨਿਖਾਰਨ ਲਈ ਪਹਿਲ ਬਣਦਾ ਏ।
ਸਰਘੀ ਨੂੰ ਆਸ ਏ ਕਿ ਕਦੇ ਤਾਂ ਉਸ ਦੇ ਚਾਨਣ ਵਿਚ ਨਹਾਉਣ ਵਾਲੇ ਮਨੁੱਖ ਦੀ ਜੀਵਨ ਸ਼ੈਲੀ ਵਿਚ ਕੁਦਰਤ ਸੰਗ ਇਕਸੁਰਤਾ ਪੁਨਰ ਸੁਰਜੀਤ ਹੋਵੇਗੀ। ਉਹ ਹਵਾ, ਪਾਣੀ ਅਤੇ ਧਰਤ ਦੀ ਪਲੀਤੀ ਨੂੰ ਆਪਣਾ ਗੰਧਲਾਪਣ ਸਮਝ ਇਸ ਦੀ ਸ਼ਫਾਫਤ ਵੰਨੀਂ ਉਚੇਚੇ ਸਾਰਥਕ ਉਪਰਾਲਿਆਂ ਦਾ ਸਿਰਲੇਖ ਬਣ ਕੇ, ਕੁਦਰਤੀ ਸਰੋਤਾਂ ‘ਚੋਂ ਆਪਣੀ ਸਥਿਰਤਾ ਅਤੇ ਸਦੀਵਤਾ ਦਾ ਪਾਠ ਪੜ੍ਹਨਾ ਸ਼ੁਰੂ ਕਰੇਗਾ।
ਸਰਘੀ ਦੀ ਤਮੰਨਾ ਏ ਕਿ ਮਨੁੱਖੀ ਭਾਵਨਾਵਾਂ ਵਿਚੋਂ ਵਾਸ਼ਪ ਹੋ ਚੁਕੇ ਸੁੱਚੇ ਸਰੋਕਾਰਾਂ ਦੀ ਰਹਿਤਲ ਮੁੜ ਸੁਰਜੀਤ ਹੋਵੇ, ਅਬਲਾ ਦੇ ਦਰਦ ਵਿਚ ਪਸੀਜਣ ਦੀ ਜਾਚ ਆਵੇ, ਡੰਗੋਰੀ ਦੀ ਪੀੜਾ ਨੂੰ ਸਮਝਣ ਦੀ ਸੁਮੱਤ ਆਵੇ, ਛਾਂ ਅਤੇ ਛੱਤ ਵਿਹੂਣੇ ਬੋਟਾਂ ਦੀ ਦਰਦੀਲੀ ਗਾਥਾ ਨੂੰ ਆਪਣੇ ਅੰਤਰੀਵ ਵਿਚ ਉਤਾਰਨ ਦਾ ਵੱਲ ਆਵੇ, ਆਪਸੀ ਮੁਹੱਬਤ ਅਤੇ ਭਾਈਚਾਰਕ ਸਾਂਝ ਦੀ ਬਾਣੀ ਕੰਠ ਹੋ ਜਾਵੇ, ਤ੍ਰਿਸ਼ੂਲ ਅਤੇ ਤਲਵਾਰ ਗਰੀਬ ਦੀ ਢਾਲ ਬਣ ਜਾਵੇ, ਮਨੁੱਖੀ ਚੀਥੜਿਆਂ ਅਤੇ ਰੱਤ ਨਾਲ ਲਿਬੜੀ ਖੂਨੀ ਰੁੱਤ ਕਦੇ ਵੀ ਸਰਘੀ ਦਾ ਦਰ ਨਾ ਖੜਕਾਵੇ, ਧਰਤੀ ‘ਤੇ ਪਸਰੀ ਗਹਿਰ, ਸੂਰਜ ਨੂੰ ਗ੍ਰਹਿਣ ਨਾ ਲਾਵੇ ਅਤੇ ਨਾ ਹੀ ਸਰਘੀ ਦਾ ਰੰਗਲਾਪਣ, ਪਿਲੱਤਣਾਂ ਦੀ ਜੂਨ ਹੰਢਾਵੇ।
ਸਰਘੀ ਚੂਸਣਾ ਚਾਹੁੰਦੀ ਏ ਚਿੱਟੀਆਂ ਚੁੰਨੀਆਂ ਦਾ ਰੁਦਨ, ਸੁੰਨੀਆਂ ਸੇਜਾਂ ਦੀ ਮਾਤਮੀ ਹੂਕ, ਮਰਨਹਾਰੀਆਂ ਆਸਾਂ ਦੀ ਵਿਲਕਣੀ, ਬਨੇਰਿਆਂ ‘ਤੇ ਬੁਝੇ ਦੀਵਿਆਂ ਦੀ ਲੇਰ, ਮਰ ਗਈ ਉਡੀਕ ਦਾ ਸੋਗ, ਆਂਦਰਾਂ ਨੂੰ ਮਾਰੀ ਗੰਢ ਦਾ ਦੁੱਖੜਾ ਅਤੇ ਆਪਣੇ ਜਾਇਆਂ ਦੇ ਦੀਦ ਨੂੰ ਲੋਚਦੀ ਬਜ਼ੁਰਗੀ ਨੀਝ ਦਾ ਤਰਲਾ।
ਸਰਘੀ ਦੀ ਲੋਚਾ ਏ ਕਿ ਹਰ ਮਨੁੱਖ, ਇਨਸਾਨੀਅਤ ਦਾ ਮਾਰਗ ਅਪਨਾਵੇ, ਉਸ ਦੀ ਕਰਮ ਸ਼ੈਲੀ ‘ਚੋਂ ਸਰਬਸੁੱਖ ਅਤੇ ਸੁਮੱਤ-ਕਾਮਨਾ ਦੀ ਸੁਗੰਧ ਆਵੇ, ਬਨਸਪਤੀ ਨੂੰ ਮੌਲਣ ਅਤੇ ਵਿਗਸਣ ਦਾ ਵਰ ਮਿਲੇ, ਜੀਵ-ਸੰਸਾਰ ਨੂੰ ਆਪਣੇ ਰੰਗ ਵਿਚ ਰਹਿਣ ਦਾ ਸੁਭਾਗ ਪ੍ਰਾਪਤ ਹੋਵੇ, ਹਰ ਪ੍ਰਾਣੀ ਨੂੰ ਆਪਣੀਆਂ ਰੀਝਾਂ ਅਤੇ ਸ਼ੌਕ ਪੁਗਾਉਣ ਦਾ ਮੌਕਾ ਅਤੇ ਮੁਹਲਤ ਮਿਲੇ, ਪਰਬਤਾਂ, ਸਮੁੰਦਰਾਂ, ਜੰਗਲਾਂ, ਮਾਰੂਥਲਾਂ ਆਦਿ ਵਿਚ ਜੀਵਨ ਦਾ ਕਾਰਵਾਂ ਚਲਦਾ ਰਹੇ, ਮਕਾਨ ਅਤੇ ਮਹਿਲ, ਘਰ ਬਣਨ, ਮਕਾਨਕੀ ਜ਼ਿੰਦਗੀ ਤੋਂ ਕੁਝ ਕੁ ਵਿੱਥ ਬਣੀ ਰਹੇ, ਖੇਤਾਂ ‘ਚ ਉਗਦੀਆਂ ਰਹਿਣ ਜਿਉਣ ਜੋਗੀਆਂ ਫਸਲਾਂ ਅਤੇ ਹਰ ਸਾਹ ਨੂੰ ਮਿਲਦੀ ਰਹੇ ਉਪਜੀਵਕਾ।
ਨਵੀਂ ਸਰਘੀ ਦੀ ਆਮਦ ‘ਤੇ ਸਰਘੀ ਦਾ ਕਹਿਣਾ ਮੰਨੀਏ, ਸੁੰਗੜ ਰਹੀਆਂ ਕਿਸਮਤ ਰੇਖਾਵਾਂ ਨੂੰ ਲੰਮੇਰਾ ਕਰੀਏ, ਕਰਮਯੋਗਤਾ ‘ਚੋਂ ਮਾਨਵੀ ਰਹਿਤਲ ਨੂੰ ਪਰਿਭਾਸ਼ਤ ਕਰੀਏ, ਪੌਣਾਂ ਦੇ ਨਾਮ ਰੁਮਕਣੀ ਅਤੇ ਦਰਿਆਵਾਂ ਦੇ ਨਾਮ ਰਵਾਨਗੀ ਕਰੀਏ, ਟੁੱਟੇ ਖੰਭਾਂ ‘ਚ ਅੰਬਰੀ ਉਡਾਣ ਭਰੀਏ, ਵਿਲਕਦੇ ਬੋਟਾਂ ਲਈ ਚੋਗ ਦਾ ਕੋਈ ਆਹਰ ਕਰੀਏ ਅਤੇ ਆਪਣੇ ਸੋਚ ਆਲੇ ਵਿਚ ਜਗਦਾ ਦੀਵਾ ਧਰੀਏ।
ਸਰਘੀ ਦਾ ਸੁਪਨਾ ਏ ਕਿ ਸਵੇਰੇ ਚਹਿਕਦੀਆਂ ਚਿੜੀਆਂ ਦਾ ਸੰਗੀਤ ਕਾਇਨਾਤ ਨੂੰ ਗੂੜ੍ਹੀ ਨੀਂਦ ‘ਚੋਂ ਜਗਾਵੇ, ਹਰ ਡਾਲ ਹਰੀਆਂ ਕਚੂਰ ਪੱਤੀਆਂ ਨੂੰ ਪਿੰਡੇ ਦਾ ਹਾਰ ਬਣਾਵੇ, ਕੁਦਰਤ ਰਾਣੀ ਹਰ ਟਾਹਣੀ ਨੂੰ ਡੋਡੀਆਂ ਦਾ ਸ਼ਗਨ ਪਾਵੇ, ਹਰ ਡੋਡੀ ਨੂੰ ਖਿੜਨ ਦਾ ਵਰ ਮਿਲੇ, ਹਰ ਫੁੱਲ ਨੂੰ ਜਵਾਨੀ ਮਾਣਨ ਅਤੇ ਆਪਣੀ ਅਉਧ ਪੁਗਾਉਣ ਦੀ ਆਸਥਾ ਨਸੀਬ ਹੋਵੇ, ਫੁੱਲ ਪੱਤੀਆਂ ‘ਤੇ ਡਲਕਦੀ ਤ੍ਰੇਲ ‘ਚੋਂ ਚਾਨਣ ਝਰੇ, ਮਹਿਕਾਂ ਅਤੇ ਸੁਗੰਧੀਆਂ ਦਾ ਕਾਫਲਾ ਫਿਜ਼ਾ ਦੀ ਹਰ ਨੁੱਕਰ ਨੂੰ ਸੁਗੰਧਤ ਕਰੇ, ਭੌਰਿਆਂ ਅਤੇ ਤਿਤਲੀਆਂ ਦੇ ਪਰਾਂ ‘ਚ ਸੰਗੀਤ ਛਹਿਬਰ ਵਰ੍ਹੇ ਅਤੇ ਚਹਿਕਦਾ ਚਮਨ ਵਿਹੜੇ ਦੀ ਆਭਾ ਵਿਚ ਵਾਧਾ ਕਰੇ।
ਨਵੇਂ ਸਾਲ ਦੀ ਪਹਿਲੀ ਸਰਘੀ ਤੁਹਾਡੇ ਸੁਪਨਿਆਂ ਨੂੰ ਆਪਣੀ ਸੋਚ ਦੇ ਹਾਣੀ ਬਣਾਉਣ ਦੀ ਦੁਆ ਕਰੇ। ਚਾਹੇ ਕਿ ਸਭ ਨੂੰ ਘਰ ਬਣਾਉਣ ਅਤੇ ਘਰਾਂ ਨੂੰ ਸਿਰਜਣਾਤਮਿਕਤਾ ਦੀ ਅਸੀਸ ਮਿਲੇ, ਰਿਸ਼ਤਿਆਂ ਵਿਚ ਨਿੱਘ ਅਤੇ ਸਕੂਨ ਦਾ ਵਾਸਾ ਹੋਵੇ ਅਤੇ ਤੁਹਾਡੇ ਮਸਤਕ ਵਿਚ ਸਹਿਜ, ਸੂਖਮ ਅਤੇ ਸੰਦਲੀ ਭਾਵਨਾਵਾਂ ਦਾ ਸੰਚਾਰ ਹੋਵੇ।