ਪੰਜਾਬ ਦਾ ਲੱਜਪਾਲ ਪੁੱਤਰ ਪੋਰਸ

ਪੋਰਸ ਅਤੇ ਸਿਕੰਦਰ ਦੀ ਲੜਾਈ ਬਾਰੇ ਹੁਣ ਤਕ ਇਹੀ ਮਸ਼ਹੂਰ ਹੈ ਕਿ ਸਿਕੰਦਰ ਨੇ ਪੋਰਸ ਨੂੰ ਹਰਾਇਆ, ਪਰ ਲਹਿੰਦੇ ਪੰਜਾਬ ਦਾ ਦਾਨਿਸ਼ਵਰ ਮੁਹੰਮਦ ਅਜ਼ਹਰ ਵਿਰਕ ਇਸ ਵਿਚਾਰ ਨੂੰ ਤੱਥਾਂ ਸਹਿਤ ਉਲਟਾ ਸੁੱਟਦਾ ਹੈ। ਉਸ ਮੁਤਾਬਕ, ਦੋਹਾਂ ਵਿਚਕਾਰ ਸੁਲ੍ਹਾ ਹੋਈ ਸੀ। ਪੋਰਸ ਦੀ ਹਾਰ ਵਾਲੀ ਗੱਲ ਪੱਛਮੀ ਵਿਦਵਾਨਾਂ ਦੇ ਦਿਮਾਗ ਦੀ ਹੀ ਕਾਢ ਹੈ।

ਇਸ ਦਿਲਚਸਪ ਲੇਖ ਵਿਚ ਮੁਹੰਮਦ ਅਜ਼ਹਰ ਵਿਰਕ ਨੇ ਪੰਜਾਬ ਦੇ ਇਸ ਲੱਜਪਾਲ ਪੁੱਤਰ ਦੀ ਕਹਾਣੀ ਛੇੜੀ ਹੈ। ਲੇਖ ਦਾ ਲਿਪੀਅੰਤਰ ਰਾਜਵਿੰਦਰ ਸਿੰਘ ਸਿੱਧੂ (ਫੋਨ: +91-98555-03224) ਨੇ ਕੀਤਾ ਹੈ। -ਸੰਪਾਦਕ
ਮੁਹੰਮਦ ਅਜ਼ਹਰ ਵਿਰਕ
ਫੋਨ:+92-30042-31622
ਸਿਕੰਦਰ ਯੂਨਾਨ ਦਾ ਰਹਿਣ ਵਾਲਾ ਸੀ ਜੋ ਪੂਰੀ ਦੁਨੀਆਂ ਨੂੰ ਫਤਹਿ ਕਰਨ ਦਾ ਸੁਪਨਾ ਲੈ ਕੇ ਆਪਣੇ ਦੇਸ਼ ਤੋਂ ਤੁਰਿਆ। ਪੇਸ਼ਾਵਰ ਤੇ ਟੈਕਸਲਾ ਦੀਆਂ ਰਿਆਸਤਾਂ ਨੂੰ ਫਤਹਿ ਕਰ ਕੇ ਅੱਗੇ ਉਸ ਦਾ ਪਿੜ ਪੰਜਾਬ ਦੇ ਲੱਜਪਾਲ ਪੁੱਤਰ ਨਾਲ ਪੈ ਗਿਆ। ਇਸ ਪੰਜਾਬੀ ਪੁੱਤਰ ਦਾ ਨਾਂ ਪੋਰਸ ਸੀ। ਇਹ ਵਾਕਿਆ ਈਸਾ ਪੂਰਬ ਦਾ ਹੈ। ਰਾਜਾ ਪੋਰਸ ਨੇ ਸਿਕੰਦਰ ਨੂੰ ਏਨਾ ਔਖਾ ਵਕਤ ਦਿਖਾਇਆ ਕਿ ਉਹ ਅੱਗੇ ਤੁਰਨ ਦੇ ਕਾਬਿਲ ਨਾ ਰਿਹਾ।
ਜਿਸ ਵਕਤ ਸਿਕੰਦਰ ਨੇ ਟੈਕਸਲਾ ਦੀ ਰਿਆਸਤ ਨੂੰ ਜਿੱਤ ਲਿਆ ਤਾਂ ਉਸ ਨੇ ਪੰਜਾਬ ਦੀ ਰਿਆਸਤ ਪਾਰਾਵਤ ਦੇ ਰਾਜਾ ਪੋਰਸ ਨੂੰ ਸੁਨੇਹਾ ਭੇਜਿਅ- ‘ਮੇਰਾ ਇਸਤਕਬਾਲ ਤੂੰ ਟੈਕਸਲਾ ਆ ਕੇ ਕਰ, ਜਾਂ ਫਿਰ ਆਪਣੀ ਰਿਆਸਤ ਮੇਰੇ ਹਵਾਲੇ ਕਰ ਕੇ ਮੇਰੀ ਹੁਕਮਰਾਨੀ ਦਾ ਐਲਾਨ ਕਰ।’ ਪੰਜਾਬ ਦੇ ਗ਼ੈਰਤਮੰਦ ਪੁੱਤਰ ਨੇ ਜਵਾਬ ਦਿੱਤਾ ਜਿਹੜਾ ਤਾਰੀਖ ਦਾ ਹਿੱਸਾ ਬਣ ਗਿਆ- ‘ਸਿਕੰਦਰ ਮੈਂ ਤੇਰਾ ਇਸਤਕਬਾਲ ਜ਼ਰੂਰ ਕਰਾਂਗਾ, ਪਰ ਤਲਵਾਰ ਨਾਲ ਤੇ ਇਹ ਤਲਵਾਰ ਹੀ ਮੇਰੇ ਮੁਲਕ ਦੀ ਕਿਸਮਤ ਦਾ ਫੈਸਲਾ ਕਰੇਗੀ।’
ਰਾਜਾ ਪੋਰਸ ਦੀ ਰਿਆਸਤ ਦਾ ਨਾਂ ਪਾਰਾਵਤ ਸੀ ਜੋ ਦਰਿਆ ਜਿਹਲਮ ਤੇ ਚਨਾਬ ਦੇ ਦਰਮਿਆਨੀ ਇਲਾਕੇ ਵਿਚ ਸੀ। ਪੋਰਸ ਬੜੀ ਅਮੀਰ ਰਿਆਸਤ ਦਾ ਮਾਲਕ ਸੀ ਤੇ ਉਹ ਲੰਮੇ-ਚੌੜੇ ਇਲਾਕੇ ‘ਤੇ ਹੁਕਮਰਾਨੀ ਕਰ ਰਿਹਾ ਸੀ। ਲਹਿੰਦੇ ਪੰਜਾਬ ਦੇ ਮੌਜੂਦਾ ਜ਼ਿਲ੍ਹਾ ਗੁਜਰਾਤ, ਮੰਡੀ ਬਹਾਊਦੀਨ, ਸਰਗੋਧਾ ਤੇ ਕੁਝ ਇਲਾਕਾ ਝੰਗ ਦਾ ਇਸ ਦੀ ਰਿਆਸਤ ਵਿਚ ਸ਼ਾਮਿਲ ਸੀ।
ਪੋਰਸ ਜਿਹਲਮ ਨੇੜੇ ਇਕ ਪਿੰਡ ਵਿਚ ਪੈਦਾ ਹੋਇਆ। ਇਸ ਜਨਮ ਮਿਤੀ ਬਾਰੇ ਕੋਈ ਢੁਕਵੀਂ ਜਾਣਕਾਰੀ ਨਹੀਂ ਮਿਲ ਸਕੀ। ਪੋਰਸ ਹਿੰਦੂ ਧਰਮ ਨੂੰ ਮੰਨਣ ਵਾਲਾ ਸੀ। ਪੋਰਸ ਦਾ ਕੱਦ 7 ਫੁੱਟ 4 ਇੰਚ ਸੀ। ਉਹ ਬੜਾ ਹੀ ਖੂਬਸੂਰਤ ਤੇ ਰੋਅਬ ਵਾਲਾ ਜਵਾਨ ਸੀ। ਇਸ ਮਜ਼ਬੂਤ ਜਿਸਮਾਨੀ ਅਜ਼ਾ ਦੇ ਮਾਲਕ ਪੰਜਾਬੀ ਪੁੱਤਰ ਦਾ ਹਕੂਮਤੀ ਦੌਰ 317 ਈਸਾ ਪੂਰਬ ਦਾ ਹੈ। ਰਾਜਾ ਪੋਰਸ ਨੂੰ ਪੋਰੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਜੰਗ-ਏ-ਜਿਹਲਮ (326 ਈਸਾ ਪੂਰਬ) ਜੁਲਾਈ ਮਹੀਨੇ ਲੜੀ ਗਈ। ਲਹਿੰਦੇ ਪੰਜਾਬ ਦੇ ਮੌਜੂਦਾ ਜ਼ਿਲ੍ਹੇ ਮੰਡੀ ਬਹਾਊਦੀਨ ਤੋਂ 10 ਕਿਲੋ ਮੀਟਰ ਦੂਰ ਨਿਕਾਸਾ ਨਾਂ ਦੇ ਪਿੰਡ ਜਿਸ ਦਾ ਮੌਜੂਦਾ ਨਾਂ ਮੌਂਗ ਹੈ, ਸਿਕੰਦਰ ਤੇ ਪੋਰਸ ਦੀਆਂ ਫ਼ੌਜਾਂ ਵਿਚਾਲੇ ਮੈਦਾਨ-ਏ-ਜੰਗ ਬਣਿਆ। ਪੋਰਸ ਦੀਆਂ ਫ਼ੌਜਾਂ ਜਿਹਲਮ ਦਰਿਆ ਦੇ ਪੂਰਬੀ ਕੰਢੇ ਅਤੇ ਸਿਕੰਦਰ ਦੀਆਂ ਪੱਛਮੀ ਕੰਢੇ ‘ਤੇ ਕਸਬਾ ਹਰਨਪੁਰ ਕੋਲ ਮੌਜੂਦ ਸਨ। ਇਥੇ ਮੈਂ ਸਿਕੰਦਰ ਤੇ ਪੋਰਸ ਦੀਆਂ ਫ਼ੌਜਾਂ ਦਾ ਵੇਰਵਾ ਸਾਂਝਾ ਕਰਨਾ ਜ਼ਰੂਰੀ ਹੈ- ਪੋਰਸ ਦੀਆਂ ਫ਼ੌਜਾਂ: 30000 ਪੈਦਲ ਸੈਨਿਕ, 4000 ਘੋੜ ਸਵਾਰ, 200 ਹਾਥੀ, 1000 ਰੱਥ; ਸਿਕੰਦਰ ਦੀਆਂ ਫ਼ੌਜਾਂ: 15000 ਪੈਦਲ ਸੈਨਿਕ, 3000 ਘੋੜ ਸਵਾਰ, 80 ਹਾਥੀ, ਰੱਥ ਕੋਈ ਨਹੀਂ
ਸਿਕੰਦਰ ਨੇ ਹਰਨਪੁਰ ਨੇੜੇ ਜਲਾਲਪੁਰ ਦੇ ਮੁਕਾਮ ਤੋਂ ਜਿਹਲਮ ਨੂੰ ਪਾਰ ਕੀਤਾ ਤੇ ਮੌਜੂਦਾ ਪਿੰਡ ਮੌਂਗ ਪੁੱਜਾ। ਪੋਰਸ ਦੇ ਜਾਸੂਸ ਦਰਿਆ ‘ਤੇ ਪੂਰੀ ਨਿਗਰਾਨੀ ਰੱਖ ਰਹੇ ਸਨ। ਇਸ ਜਾਸੂਸ ਦਸਤੇ ਨੇ ਸਿਕੰਦਰ ਨੂੰ ਦਰਿਆ ਪਾਰ ਕਰਦੇ ਵੇਖ ਲਿਆ। ਇਸ ਦਸਤੇ ਦੀ ਕਮਾਨ ਪੋਰਸ ਦੇ 19 ਸਾਲਾ ਪੁੱਤਰ ਦੇ ਹੱਥ ਸੀ। ਸਿਕੰਦਰ ਦੇ ਦਰਿਆ ਪਾਰ ਕਰਦਿਆਂ ਹੀ ਦੋਹਾਂ ਧਿਰਾਂ ਵਿਚ ਤਕੜੀ ਝੜਪ ਹੋਈ। ਇਸ ਵਿਚ ਸਿਕੰਦਰ ਦਾ ਪਿਆਰਾ ਘੋੜਾ ਬੋਸੀ ਪੌਲਿਸ ਮਾਰਿਆ ਗਿਆ ਜਿਸ ਦੀ ਯਾਦ ਵਿਚ ਉਸ ਨੇ ਫਾਲੀਆ ਸ਼ਹਿਰ ਆਬਾਦ ਕੀਤਾ ਜੋ ਹੁਣ ਮੰਡੀ ਬਹਾਊਦੀਨ ਜ਼ਿਲ੍ਹੇ ਦਾ ਤਹਿਸੀਲ ਹੈੱਡਕੁਆਰਟਰ ਹੈ। ਇਸ ਜੰਗ ਵਿਚ ਸਿਕੰਦਰ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੂੰਹ ਪਰਨੇ ਡਿੱਗ ਪਿਆ ਤੇ ਉਸ ਨੂੰ ਉਸ ਦੇ ਸੈਨਿਕਾਂ ਨੇ ਚੁਕਿਆ। ਇਸ ਲੜਾਈ ਵਿਚ ਪੋਰਸ ਦਾ ਜਵਾਨ ਪੁੱਤਰ ਮਾਰਿਆ ਗਿਆ।
ਇਸ ਤੋਂ ਬਾਅਦ ਬਕਾਇਦਾ ਜੰਗ ਸ਼ੁਰੂ ਹੋਈ। ਜੰਗ ਦੌਰਾਨ ਪੋਰਸ ਆਪਣੇ ਵੱਡੇ ਹਾਥੀ ‘ਤੇ ਸਵਾਰ ਸੀ। ਜਦੋਂ ਸਿਕੰਦਰ ਨੇ ਪੋਰਸ ਨੂੰ ਪਹਿਲੀ ਵਾਰ ਤੱਕਿਆ ਤਾਂ ਉਸ ਨੇ ਤਾਰੀਖੀ ਗੱਲ ਕੀਤੀ- ‘ਅੱਜ ਮੇਰੇ ਸਾਹਮਣੇ ਇਹੋ ਜਿਹਾ ਜਵਾਨ ਮੌਜੂਦ ਹੈ ਜਿਹੜਾ ਮੇਰੀ ਹਿੰਮਤ, ਹੌਸਲੇ ਤੇ ਸ਼ਾਨ ‘ਤੇ ਪੂਰਾ ਉਤਰਦਾ ਹੈ। ਮੈਨੂੰ ਅੱਜ ਪੋਰਸ ਦੇ ਬਹਾਦਰ ਸਿਪਾਹੀਆਂ ਤੇ ਵਹਿਸ਼ੀ ਹਾਥੀਆਂ ਦਾ ਮੁਕਾਬਲਾ ਕਰਨਾ ਪਵੇਗਾ।’
ਤਾਰੀਖ ਗਵਾਹ ਹੈ ਕਿ ਇਹ ਜੰਗ ਪਿਛਲੀਆਂ ਜੰਗਾਂ ਤੋਂ ਵੱਧ ਖੂਨੀ ਸੀ। ਇਸ ਦੀ ਵਜ੍ਹਾ ਇਹ ਸੀ ਕਿ ਇਸ ਵਿਚ ਖੂੰਖਾਰ ਹਾਥੀ ਸ਼ਾਮਿਲ ਸਨ। ਸਭ ਤੋਂ ਵੱਡੀ ਝੜਪ ਅੱਠ ਘੰਟੇ ਦੀ ਹੋਈ। ਸਿਕੰਦਰ ਦੀਆਂ ਫ਼ੌਜਾਂ ਦਾ ਵੱਡਾ ਹਿੱਸਾ ਤਬਾਹ ਹੋ ਗਿਆ। ਪੋਰਸ ਨੂੰ ਇਸ ਜੰਗ ਵਿਚ ਨੌਂ ਜ਼ਖ਼ਮ ਲੱਗੇ। ਸਭ ਤੋਂ ਵੱਡਾ ਜ਼ਖ਼ਮ ਉਸ ਦੇ ਸੱਜੇ ਮੋਢੇ ‘ਤੇ ਲੱਗਾ। ਦੋਹੀਂ ਪਾਸੇ ਬੜੀ ਤਬਾਹੀ ਹੋਈ, ਪਰ ਕੋਈ ਵੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਹਬਸ਼ੀ ਅਹਿਦਨਾਮੇ ਵਿਚ ਯੂਨਾਨੀ ਫ਼ੌਜਾਂ ਦਾ ਹਸ਼ਰ ਇੰਜ ਲਿਖਿਆ ਹੈ- ‘ਸਿਕੰਦਰ ਦੇ ਫ਼ੌਜੀ ਕੁੱਤਿਆਂ ਵਾਂਗ ਉਚੀ ਉਚੀ ਰੋ ਰੋ ਕੀਰਨੇ ਪਾ ਰਹੇ ਸਨ। ਉਹ ਹਥਿਆਰ ਸੁੱਟ ਕੇ ਪੋਰਸ ਨਾਲ ਮਿਲਣ ਦੀ ਖਾਹਿਸ਼ ਰੱਖਦੇ ਸਨ। ਜਦੋਂ ਸਿਕੰਦਰ ਨੂੰ ਪਤਾ ਲੱਗਾ ਉਹ ਫੌਰਨ ਉਨ੍ਹਾਂ ਕੋਲ ਗਿਆ ਅਤੇ ਉਨ੍ਹਾਂ ਦਾ ਮਾਣ ਵਧਾਇਆ, ਪਰ ਸੱਚੀ ਗੱਲ ਇਹ ਹੈ ਕਿ ਸਿਕੰਦਰ ਆਪ ਵੀ ਥੱਕ ਗਿਆ ਸੀ। ਢਿੱਡੋਂ ਉਹ ਵੀ ਚਾਹੁੰਦਾ ਸੀ ਕਿ ਜੰਗ ਕਿਸੇ ਨਾ ਕਿਸੇ ਤਰ੍ਹਾਂ ਮੁੱਕ ਜਾਵੇ।’
‘ਹਿਸਟਰੀ ਆਫ ਦਿ ਜਿਊਸ’ ਵਿਚ ਯਹੂਦੀ ਇਤਿਹਾਸਕਾਰ ਜੋਸਫ ਬਿਨ ਗੋਰੀਆਨ ਲਿਖਦਾ ਹੈ, ‘ਜੰਗ ਏਨੀ ਤੇਜ਼ ਤੇ ਖਤਰਨਾਕ ਸੀ ਕਿ ਇਸ ਵਿਚ ਸਿਕੰਦਰ ਦੀਆਂ ਫ਼ੌਜਾਂ ਦਾ ਚੋਖਾ ਹਿੱਸਾ ਤਬਾਹ ਹੋ ਗਿਆ। ਸਿਕੰਦਰ ਦੇ ਫ਼ੌਜੀਆਂ ਦੀ ਇਹ ਸੋਚ ਬਣ ਗਈ ਸੀ ਕਿ ਅਸੀਂ ਸਾਰੇ ਸਿਕੰਦਰ ਨਾਲ ਬਗ਼ਾਵਤ ਕਰ ਕੇ ਪੋਰਸ ਦੀਆਂ ਫ਼ੌਜਾਂ ਵਿਚ ਸ਼ਾਮਿਲ ਹੋ ਜਾਈਏ।’
ਹਬਸ਼ੀ ਅਹਿਦਨਾਮੇ ਦੇ ਮੁਤਾਬਿਕ ਜਦੋਂ ਜੰਗ ਬਹੁਤਾ ਜ਼ੋਰ ਫੜ ਗਈ ਫਿਰ ਸਿਕੰਦਰ ਸੰਘ ਪਾੜ ਕੇ ਬੋਲਿਆ, ‘ਓ ਹਿੰਦੋਸਤਾਨ ਦੇ ਰਾਜਿਆ! ਓ ਪੰਜਾਬ ਦੇ ਰਾਜਿਆ! ਮੈਂ ਤੇਰੀ ਤਾਕਤ ਦਾ ਅੰਦਾਜ਼ਾ ਲਾ ਲਿਆ ਹੈ। ਅਸੀਂ ਆਪਣੇ ਫ਼ੌਜੀ ਨਾ ਮਰਵਾਈਏ। ਅਸੀਂ ਜੰਗ ਬੰਦ ਕਰ ਕੇ ਦੋਵੇਂ ਆਪਸ ਵਿਚ ਲੜਦੇ ਹਾਂ।’
ਇਹ ਗੱਲ ਸਿਕੰਦਰ ਨੇ ਉਸ ਸਮੇਂ ਕੀਤੀ ਜਦੋਂ ਉਸ ਨੂੰ ਆਪਣੀਆਂ ਫ਼ੌਜਾਂ ਦੀ ਇਸ ਗੱਲ ਦਾ ਯਕੀਨ ਹੋ ਗਿਆ ਕਿ ਸਿਕੰਦਰ ਨੂੰ ਫੜ ਕੇ ਪੋਰਸ ਦੇ ਹਵਾਲੇ ਕਰ ਦਿੱਤਾ ਜਾਵੇ। ਜਦੋਂ ਸਿਕੰਦਰ ਨੂੰ ਆਪਣੀਆਂ ਫ਼ੌਜਾਂ ਦੇ ਖਿਆਲਾਂ ਦਾ ਪਤਾ ਲੱਗਾ, ਉਸ ਵਕਤ ਸਿਕੰਦਰ ਨੇ ਪੋਰਸ ਨੂੰ ਜੰਗਬੰਦੀ ਦੀ ਪੇਸ਼ਕਸ਼ ਕੀਤੀ, ਜਾਂ ਫਿਰ ਪੋਰਸ ਨੂੰ ਆਹਮੋ-ਸਾਹਮਣੇ ਲੜਨ ਲਈ ਆਖਿਆ।
ਇਰਾਨੀ ਸ਼ਾਇਰ ਫਿਰਦੌਸੀ ਨੇ ਆਪਣੀ ਕਿਤਾਬ ‘ਸ਼ਾਹਨਾਮਾ ਇਸਲਾਮ’ ਵਿਚ ਸਿਕੰਦਰ ਅਤੇ ਪੋਰਸ ਦੀ ਲੜਾਈ ਦਾ ਜ਼ਿਕਰ ਇਨ੍ਹਾਂ ਅਲਫਾਜ਼ ਨਾਲ ਕੀਤਾ ਹੈ, ‘ਜਦੋਂ ਜੰਗ ਵਿਚ ਬੜੀ ਤਬਾਹੀ ਤੇ ਖ਼ੂਨ-ਖਰਾਬਾ ਹੋਇਆ ਤਾਂ ਸਿਕੰਦਰ ਨੇ ਉਚੀ ਆਵਾਜ਼ ਨਾਲ ਪੋਰਸ ਨੂੰ ਆਖਿਆ, ‘ਐ ਪੰਜਾਬ ਦੇ ਵੱਡੇ ਇਨਸਾਨ! ਸਾਡੀਆਂ ਫ਼ੌਜਾਂ ਲੜਦੀਆਂ ਲੜਦੀਆਂ ਥੱਕ ਗਈਆਂ ਨੇ। ਜੰਗਲੀ ਦਰਿੰਦੇ ਹਾਥੀ, ਫ਼ੌਜਾਂ ਦੀਆਂ ਖੋਪੜੀਆਂ ਲਿਤਾੜ ਰਹੇ ਨੇ। ਘੋੜਿਆਂ ਦੇ ਪੌੜ ਸਿਪਾਹੀਆਂ ਦੀਆਂ ਲੱਤਾਂ ਭੰਨ ਰਹੇ ਨੇ। ਅਸੀਂ ਦੋਵੇਂ ਬਹਾਦਰ ਇਨਸਾਨ ਹਾਂ ਤੇ ਅਸੀਂ ਇਕ ਦੂਜੇ ਦੇ ਮੁਤਾਬਿਕ ਜ਼ਹੀਨ ਤੇ ਜ਼ਬਰਦਸਤ ਹਾਂ, ਫਿਰ ਅਸੀਂ ਆਪਣੀਆਂ ਫ਼ੌਜਾਂ ਕਿਉਂ ਮਰਵਾ ਰਹੇ ਹਾਂ।’
ਜਦੋਂ ਇਸ ਖੂਨੀ ਜੰਗ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਸਿਕੰਦਰ ਦਾ ਸੁਲ੍ਹਾ ਵੱਲ ਧਿਆਨ ਗਿਆ। ਇਸ ਸਾਰੀ ਕਹਾਣੀ ਬਾਰੇ ਆਰੀਅਨ ਲਿਖਦਾ ਹੈ ਕਿ ਸਿਕੰਦਰ ਨੇ ਆਪਣਾ ਆਦਮੀ ਸੁਲ੍ਹਾ ਲਈ ਪੋਰਸ ਕੋਲ ਭੇਜਿਆ। ਸੁਨੇਹਾ ਲੈ ਕੇ ਆਉਣ ਵਾਲੇ ਨੂੰ ਪੋਰਸ ਨੇ ਗੁੱਸੇ ਵਿਚ ਤੀਰ ਮਾਰਿਆ, ਪਰ ਉਹ ਆਦਮੀ ਬਚ ਗਿਆ। ਪੋਰਸ ਸੁਲ੍ਹਾ ਵਾਲੇ ਪਾਸੇ ਨਹੀਂ ਸੀ, ਬਲਕਿ ਜੰਗ ਲਈ ਬਜਿਦ ਸੀ। ਆਖਰ ਸਿਕੰਦਰ ਨੇ ਇਕ ਐਸੇ ਬੰਦੇ ਦਾ ਪਤਾ ਕਰਾਇਆ ਜਿਹੜਾ ਪੋਰਸ ਦਾ ਬੜਾ ਕਰੀਬੀ ਸੱਜਣ ਸੀ। ਇਸ ਬੰਦੇ ਦਾ ਨਾਂ ਮਿਰੋਜ਼ ਸੀ। ਸਿਕੰਦਰ ਨੇ ਇਸ ਨੂੰ ਸੁਲ੍ਹਾ ਲਈ ਪੋਰਸ ਕੋਲ ਭੇਜਿਆ। ਪੋਰਸ ਦੇ ਇਸ ਬੇਲੀ ਨੇ ਉਸ ਨੂੰ ਸਮਝਾਇਆ। ਆਖਰ ਗੱਲ ਸੁਲ੍ਹਾ-ਸਫਾਈ ‘ਤੇ ਮੁੱਕ ਗਈ। ਇਕ ਸਾਂਝੇ ਮੁਕਾਮ ‘ਤੇ ਪੋਰਸ ਆਪਣੇ ਬੇਲੀ ਨਾਲ ਸਿਕੰਦਰ ਨੂੰ ਮਿਲਣ ਲਈ ਮੰਨ ਗਿਆ। ਜਦੋਂ ਸਿਕੰਦਰ ਤੇ ਪੋਰਸ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਤਾਂ ਸਿਕੰਦਰ ਪੋਰਸ ਨੂੰ ਵੇਖ ਕੇ ਹੈਰਾਨ ਹੋ ਗਿਆ। ਸਿਕੰਦਰ ਦਾ ਕੱਦ 5 ਫੁੱਟ 5 ਇੰਚ ਸੀ ਅਤੇ ਪੋਰਸ ਦਾ 7 ਫੁੱਟ 4 ਇੰਚ। ਪੋਰਸ ਦੀ ਖਾਸੀਅਤ ਤੇ ਕੱਦ ਨੂੰ ਵੇਖ ਕੇ ਸਿਕੰਦਰ ਘਬਰਾ ਗਿਆ ਤੇ ਫੌਰਨ ਗੱਲ ਕਰਨ ਵਿਚ ਪਹਿਲ ਕੀਤੀ ਤੇ ਆਪਣਾ ਹੱਥ ਅੱਗੇ ਵਧਾਇਆ। ਸਿਕੰਦਰ ਆਖਣ ਲੱਗਾ- ‘ਮੈਂ ਜੰਗਬੰਦੀ ਚਾਹੁੰਦਾ ਹਾਂ। ਤੁਹਾਡੀਆਂ ਹਰ ਤਰ੍ਹਾਂ ਦੀਆਂ ਸ਼ਰਤਾਂ ਦਾ ਇਹਤਰਾਮ ਵੀ ਕਰਾਂਗਾ। ਅਸੀਂ ਦੋਵੇਂ ਇਕ ਦੂਸਰੇ ਲਈ ਕੀ ਕਰ ਸਕਦੇ ਹਾਂ?’
ਰਾਜਾ ਪੋਰਸ ਬੜੇ ਮਜ਼ਬੂਤ ਇਰਾਦੇ ਅਤੇ ਪੱਕੇ ਕਿਰਦਾਰ ਨਾਲ ਸਿਕੰਦਰ ਵੱਲ ਵੇਖਦਾ ਰਿਹਾ ਤੇ ਆਖਣ ਲੱਗਾ, ‘ਉਹ ਸਭ ਕੁਝ ਜੋ ਇਕ ਬਾਦਸ਼ਾਹ ਦੂਜੇ ਬਾਦਸ਼ਾਹ ਲਈ ਕਰ ਸਕਦਾ ਹੈ’, ਪਰ ਪੱਛਮੀ ਤੇ ਯੂਰਪੀ ਲਿਖਾਰੀਆਂ ਨੇ ਪੋਰਸ ਬਾਰੇ ਬੜੇ ਗਲਤ ਤੇ ਮਨਘੜਤ ਫਿਕਰੇ ਘੜੇ- ‘ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ’ ਜੋ ਗ਼ਲਤ ਹੈ। ਪੋਰਸ ਕੋਈ ਜੰਗੀ ਕੈਦੀ ਨਹੀਂ ਸੀ, ਜਿਹੜਾ ਸਿਕੰਦਰ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ ਸੀ, ਬਲਕਿ ਇਹ ਸੁਲ੍ਹਾ ਬਰਾਬਰੀ ਦੀ ਬੁਨਿਆਦ ‘ਤੇ ਹੋਈ ਸੀ। ਇਕ ਸਾਲਸੀ ਕਿਰਦਾਰ ਮੌਜੂਦ ਸੀ, ਬਲਕਿ ਪੋਰਸ ਨੇ ਸਿਕੰਦਰ ਨੂੰ ਨਾ ਤਾਂ ਕੋਈ ਯਕੀਨ-ਦਹਾਨੀ ਅਤੇ ਨਾ ਹੀ ਕੋਈ ਆਜਜ਼ੀ ਵਿਖਾਈ। ਪੋਰਸ ਨੇ ਸਿਕੰਦਰ ਸਾਹਮਣੇ ਪੰਜਾਬ ਦੀ ਗ਼ੈਰਤ ਉਸੇ ਤਰ੍ਹਾਂ ਕਾਇਮ ਰੱਖੀ, ਜਿਵੇਂ ਆਧੁਨਿਕ ਦੌਰ ਵਿਚ ਭਗਤ ਸਿੰਘ ਨੇ ਪੰਜਾਬੀ ਗ਼ੈਰਤ ਨੂੰ ਅੰਗਰੇਜ਼ਾਂ ਸਾਹਮਣੇ ਕਾਇਮ ਰੱਖਿਆ। ਬਰਾਬਰੀ ਦੀ ਬੁਨਿਆਦ ‘ਤੇ ਹੋਈ ਸੁਲ੍ਹਾ ਦੇ ਦੋ ਨੁਕਤੇ ਬੜੇ ਸਾਫ ਸਨ:
ਪਹਿਲਾ ਇਹ ਕਿ ਸਿਕੰਦਰ ਨੇ ਰਿਆਸਤ ‘ਤੇ ਪੋਰਸ ਦਾ ਹੱਕ ਮੰਨ ਲਿਆ। ਦੂਸਰਾ ਇਹ ਕਿ ਪੋਰਸ ਨੇ ਸਿਕੰਦਰ ਨੂੰ ਆਪਣੀ ਰਿਆਸਤ ਵਿਚੋਂ ਸਹੀ ਸਲਾਮਤ ਨਿਕਲ ਜਾਣ ਦੀ ਯਕੀਨ-ਦਹਾਨੀ ਕਰਵਾਈ।
ਸੁਲ੍ਹਾ ਤੋਂ ਬਾਅਦ ਸਿਕੰਦਰ ਤੇ ਪੋਰਸ ਇਕ ਦੂਜੇ ਦੇ ਬੇਲੀ ਬਣ ਗਏ। ਜੰਗ ਤੋਂ ਬਾਅਦ ਪੋਰਸ ਦੀ ਹਕੂਮਤ ਕਾਇਮ ਰਹੀ। ਸਿਕੰਦਰ ਨੇ ਜੰਗਬੰਦੀ ਤੋਂ ਬਾਅਦ ਪੋਰਸ ਦੀ ਰਿਆਸਤ ਵਿਚ ਇਕ ਮਹੀਨਾ ਗੁਜ਼ਾਰਿਆ। ਪੋਰਸ ਨੇ ਉਸ ਦਾ ਪੂਰਾ ਖਿਆਲ ਰੱਖਿਆ। ਸਿਕੰਦਰ ਜਦੋਂ ਪੋਰਸ ਦੀ ਰਿਆਸਤ ਤੋਂ ਅੱਗੇ ਵਧਣ ਲਈ ਤੁਰ ਪਿਆ ਤਾਂ ਉਸ ਨੇ ਕੁਝ ਹੋਰ ਇਲਾਕੇ ਪੋਰਸ ਨੂੰ ਦੇ ਦਿੱਤੇ ਜਿਹੜੇ ਪੋਰਸ ਦੀ ਰਿਆਸਤ ਦਾ ਹਿੱਸਾ ਨਹੀਂ ਸਨ। ਇਹ ਇਲਾਕੇ ਮਿਲਣ ਨਾਲ ਪੋਰਸ ਦੀ ਰਿਆਸਤ ਹੋਰ ਵੱਡੀ ਤੇ ਮਜ਼ਬੂਤ ਹੋ ਗਈ। ਇਨ੍ਹਾਂ ਇਲਾਕਿਆਂ ਦਾ ਰਕਬਾ ਪੋਰਸ ਦੀ ਆਪਣੀ ਰਿਆਸਤ ਤੋਂ ਵੱਡਾ ਸੀ। ਇਹ ਇਲਾਕਾ ਖਾਹਰੀਆਂ, ਲਾਲਾ ਮੂਸਾ, ਜਲਾਲਪੁਰ, ਮਰਾਲਾ, ਬਿਮਬਰ ਤੇ ਮੁਸਤਮਲ ਸੀ।
ਇਸ ਜੰਗ ਦਾ ਕੀ ਨਤੀਜਾ ਨਿਕਲਿਆ? ਕੌਣ ਜਿੱਤਿਆ ਤੇ ਕੌਣ ਹਾਰਿਆ? ਇਸ ਬਾਰੇ ਪੱਛਮੀ ਅਤੇ ਯੂਰਪੀ ਲੇਖਕਾਂ ਨੇ ਪੋਰਸ ਨੂੰ ਹਾਰੀ ਹੋਈ ਧਿਰ ਵਜੋਂ ਸਾਬਿਤ ਕਰਨ ਲਈ ਟਿੱਲ ਲਾਇਆ। ਇਹ ਲਿਖਾਰੀ ਪੋਰਸ ਦੀ ਹਾਰ ਹੋਈ ਮੰਨ ਕੇ ਉਸ ਨੂੰ ਕੈਦੀ ਬਣਾ ਕੇ ਸਿਕੰਦਰ ਦੇ ਦਰਬਾਰ ਵਿਚ ਪੇਸ਼ ਕਰਦੇ ਹਨ। ਤਾਰੀਖ ਗਵਾਹ ਹੈ ਕਿ ਸਿਕੰਦਰ ਨੇ ਇਸ ਹਮਲੇ ਤੋਂ ਪਹਿਲਾਂ ਜਿੰਨੇ ਇਲਾਕੇ ਫਤਹਿ ਕੀਤੇ, ਉਥੋਂ ਦੇ ਹੁਕਮਰਾਨਾਂ ਨਾਲ ਉਸ ਨੇ ਬੜਾ ਭੈੜਾ ਸਲੂਕ ਕੀਤਾ। ਫਿਰ ਸਵਾਲ ਹੈ ਕਿ ਸਿਕੰਦਰ ਨੇ ਪੋਰਸ ਨਾਲ ਚੰਗਾ ਸਲੂਕ ਕਿਉਂ ਕੀਤਾ? ਇਸ ਦੀ ਵਜ੍ਹਾ ਬਿਲਕੁਲ ਸਾਫ ਹੈ ਕਿ ਪੋਰਸ ਸਿਕੰਦਰ ਤੋਂ ਵੱਧ ਤਾਕਤਵਰ ਸੀ। ਇਹ ਜੰਗ ਬਰਾਬਰੀ ਦੀ ਬੁਨਿਆਦ ‘ਤੇ ਬੰਦ ਹੋਈ ਸੀ। ਇਕ ਦੂਜੇ ਦੀ ਚੌਧਰ ਅਤੇ ਹੱਕ ਨੂੰ ਮੰਨਿਆ ਗਿਆ। ਇਹੋ ਵਜ੍ਹਾ ਸੀ ਕਿ ਸਿਕੰਦਰ ਨੇ ਪੋਰਸ ਨੂੰ ਜੰਗ ਤੋਂ ਬਾਅਦ ਉਸ ਦੀ ਹਕੂਮਤ ਦੇ ਨਾਲ ਨਾਲ ਦੂਸਰਾ ਫਤਹਿ ਕੀਤਾ ਹੋਇਆ ਇਲਾਕਾ ਵੀ ਦੇ ਦਿਤਾ। ਏਸ਼ੀਆਈ, ਇਰਾਨੀ ਤੇ ਅਫਰੀਕੀ ਖੋਜਕਾਰ ਇਸ ਜੰਗ ਦੀ ਅਸਲੀਅਤ ਦਿਖਾਉਂਦੇ ਹਨ। ਉਹ ਮੰਨਦੇ ਹਨ ਕਿ ਇਨ੍ਹਾਂ ਦੋਵਾਂ ਬਹਾਦਰਾਂ ਦਰਮਿਆਨ ਸਮਝੌਤੇ ਦੀ ਤੰਦ ਸਿਰਫ ਤੇ ਸਿਰਫ ਬਰਾਬਰ ਦੀ ਤਾਕਤ ਦੀ ਸੀ।
ਸਿਕੰਦਰ ਪੰਜਾਬ ਸਮੇਤ ਵਾਦੀ-ਏ-ਸਿੰਧ ਵਿਚ ਦੋ ਵਰ੍ਹੇ ਯਾਨੀ 326 ਈਸਾ ਪੂਰਬ ਤੋਂ 324 ਈਸਾ ਪੂਰਬ ਤੱਕ ਰਿਹਾ। ਇਸ ਸਮੇਂ ਦੌਰਾਨ ਘੱਟ ਤੋਂ ਘੱਟ 12 ਜੰਗਾਂ ਹੋਈਆਂ। ਨਿੱਕੀਆਂ ਝੜਪਾਂ ਦਾ ਕੋਈ ਹਿਸਾਬ ਨਹੀਂ। ਇਥੇ ਹੀ ਇਕ ਝੜਪ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਸਾਹਿਬ (ਪੁਰਾਣਾ ਜ਼ਿਲ੍ਹਾ ਸ਼ੇਖਪੁਰਾ)ਦੇ ਬਹਾਦਰ ਜਵਾਨ ਵੀਰੂ ਰਸਲ ਨਾਲ ਹੋਈ। ਵੀਰੂ ਰਸਲ ਵੀ ਹਿੰਦੂ ਧਰਮ ਨੂੰ ਮੰਨਣ ਵਾਲਾ ਰਾਜਪੂਤ ਸੀ। ਵੀਰੂ ਰਸਲ ਨਾਲ ਸਿਕੰਦਰ ਦੀ ਬੜੀ ਵੱਡੀ ਝੜਪ ਹੋਈ। ਇਸ ਝੜਪ ਵਿਚ ਵੀ ਸਿਕੰਦਰ ਨੂੰ ਬੜਾ ਫਿਕਰਮੰਦ ਹੋਣਾ ਪਿਆ, ਕਿਉਂਕਿ ਇਸ ਜਵਾਨ ਨੇ ਸਿਕੰਦਰ ਦਾ ਰਸਤਾ ਰੋਕਣ ਦੀ ਪੱਕੀ ਨੀਤੀ ਧਾਰੀ ਹੋਈ ਸੀ। ਵੀਰੂ ਰਸਲ ਨੇ ਖਤ ਤੀਰ ਵਿਚ ਪਰੋ ਕੇ ਇਕ ਖਾਸ ਮੁਕਾਮ ਤੋਂ ਸਿਕੰਦਰ ਦੇ ਖੇਮੇ ਵਿਚ ਮਾਰਿਆ। ਵੀਰੂ ਰਸਲ ਮਾਹਿਰ ਨਿਸ਼ਾਨੇਬਾਜ਼ ਸੀ। ਉਸ ਖਤ ਵਿਚ ਲਿਖਿਆ ਸੀ- ‘ਮੰਨਿਆ ਤੂੰ ਸਿਕੰਦਰ ਹੈਂ ਤੇ ਤੂੰ ਦੁਨੀਆ ਫਤਹਿ ਕਰਨ ਲਈ ਨਿਕਲਿਆ ਹੈਂ, ਪਰ ਅੱਗੇ ਥੋੜ੍ਹਾ ਜਿਹਾ ਸੋਚ ਕੇ ਚੱਲੀਂ, ਇਹ ਪੰਜਾਬ ਦੇ ਪੁੱਤਰ ਵੀਰੂ ਰਸਲ ਦਾ ਇਲਾਕਾ ਹੈ ਤੇ ਪਿੰਡ ਮੇਰਾ ਸ਼ਾਹਕੋਟ ਹੈ, ਦਰਿਆ ਰਾਵੀ ਇਸ ਪਿੰਡ ਦੇ ਬਿਲਕੁਲ ਨਾਲ ਖਹਿ ਕੇ ਲੰਘਦਾ ਸੀ। ਦਰੱਖਤਾਂ ਦੇ ਝੁੰਡ ਇਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਉਂਦੇ ਸਨ। ਸੁਬਹ ਸਵੇਰੇ ਜਦੋਂ ਸੂਰਜ ਦੀਆਂ ਕਿਰਨਾਂ ਇਨ੍ਹਾਂ ਦਰਖਤਾਂ ਵਿਚੋਂ ਲੰਘ ਕੇ ਦਰਿਆ ਦੇ ਪਾਣੀ ‘ਤੇ ਪੈਂਦੀਆਂ ਸਨ ਤਾਂ ਅਜੀਬ ਨਜ਼ਾਰਾ ਬਣਦਾ ਸੀ।’ ਇਹ ਵੀਰੂ ਰਸਲ ਦੀ ਛੋਟੀ ਜਿਹੀ ਰਿਆਸਤ ਸੀ। ਇਥੇ ਹੀ ਉਸ ਦੀ ਸਿਕੰਦਰ ਨਾਲ ਵੱਡੀ ਝੜਪ ਹੋਈ। ਘਮਸਾਣ ਦੀ ਜੰਗ ਹੋਈ। ਇਸ ਵਿਚ ਵੀ ਸਿਕੰਦਰ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਤਾਰੀਖ ਮੁਤਾਬਕ ਵੀਰੂ ਰਸਲ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਇਹ ਬੰਦਾ ਮਰ ਗਿਆ ਸੀ, ਜਾਂ ਨੱਸ ਗਿਆ, ਜਾਂ ਕੈਦੀ ਬਣਾ ਲਿਆ ਗਿਆ; ਪਰ ਯਕੀਨਨ ਇਹ ਲੜਦਾ ਲੜਦਾ ਸ਼ਹੀਦ ਹੋ ਗਿਆ ਹੋਵੇਗਾ।
ਇਥੇ ਹੀ ਫਿਰ ਸਿਕੰਦਰ ਨੇ ਕਿਹਾ ਸੀ ਕਿ ਮੈਂ ਪੰਜਾਬ ਦੀ ਧਰਤੀ ਉਤੇ ਜਗ੍ਹਾ ਜਗ੍ਹਾ ‘ਤੇ ਵੱਡੇ ਵੱਡੇ ਸੂਰਮੇ ਵੇਖੇ ਨੇ ਜਿਨ੍ਹਾਂ ਨਾਲ ਮੈਨੂੰ ਮੁਕਾਬਲਾ ਕਰਨਾ ਪੈ ਰਿਹਾ ਹੈ। ਮੈਂ ਪੰਜਾਬ ਵਿਚ ਆਪਣੇ ਲਈ ਬੜੀਆਂ ਵੱਡੀਆਂ ਰੁਕਾਵਟਾਂ ਵੇਖ ਰਿਹਾ ਹਾਂ। ਪਲੂਟਾਰਚ ਲਿਖਦਾ ਹੈ- ਪੋਰਸ ਨਾਲ ਹੋਈ ਜੰਗ ਤੇ ਹੋਰ ਝੜਪਾਂ ਨੇ ਮਕਦੂਨੀਆਂ ਦੇ ਹੌਸਲੇ ਬਿਲਕੁਲ ਢਾਹ ਦਿਤੇ। ਇਸ ਦੀ ਵਜ੍ਹਾ ਇਹ ਸੀ ਕਿ ਸਿਕੰਦਰ ਦੀਆਂ ਫ਼ੌਜਾਂ ਨੂੰ ਪੰਜਾਬ ਵਿਚ ਬਹੁਤ ਜ਼ਿਆਦਾ ਮਾਰ ਖਾਣੀ ਪਈ। ਸਿਕੰਦਰ ਘਰੋਂ ਦੁਨੀਆਂ ਫਤਹਿ ਕਰਨ ਲਈ ਨਿਕਲਿਆ ਸੀ, ਪਰ ਪੰਜਾਬ ਦੇ ਜੰਗੀ ਸਫਰ ਵਿਚ ਉਸ ਨੂੰ ਸਭ ਤੋਂ ਵੱਡੇ ਤੇ ਖਤਰਨਾਕ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਇਸ ਲਈ ਸਿਕੰਦਰ ਦੀਆਂ ਫ਼ੌਜਾਂ ਨੇ ਲੜਨ ਤੋਂ ਇਨਕਾਰ ਕਰ ਦਿੱਤਾ। ਇਸ ਪ੍ਰੇਸ਼ਾਨੀ ਦੇ ਆਲਮ ਵਿਚ ਸਿਕੰਦਰ ਪੰਜ ਦਿਨ ਆਪਣੇ ਖੇਮੇ ਵਿਚੋਂ ਬਾਹਰ ਨਹੀਂ ਨਿਕਲਿਆ। ਆਖਰ ਆਪਣੇ ਕਮਾਂਡਰਾਂ ਨਾਲ ਮਸ਼ਵਰਾ ਕਰਨ ਤੋਂ ਬਾਅਦ ਉਸ ਨੇ ਵਾਪਸੀ ਦਾ ਰਸਤਾ ਫੜਿਆ। ਤਾਰੀਖੀ ਤੌਰ ‘ਤੇ ਇਹ ਗੱਲ ਪੱਕੀ ਹੈ ਕਿ ਸਿਕੰਦਰ ਦੇ ਰਸਤੇ ਵਿਚ ਜੇ ਕਦੇ ਪੋਰਸ ਨਾ ਆਉਂਦਾ ਤਾਂ ਸਿਕੰਦਰ ਦਾ ਦੁਨੀਆਂ ਫਤਹਿ ਕਰਨ ਦਾ ਸੁਪਨਾ ਪੂਰਾ ਹੋ ਜਾਣਾ ਸੀ।
ਪੋਰਸ ਦੀ ਮੌਤ ਜਿਹਲਮ ਦੇ ਕੰਢੇ ਉਸ ਦੀ ਆਪਣੀ ਰਾਜਧਾਨੀ ਵਿਚ ਹੋਈ। ਉਸ ਵਕਤ ਪੋਰਸ ਦੀ ਉਮਰ 45 ਵਰ੍ਹੇ ਸੀ। 317 ਈਸਾ ਪੂਰਬ ਵਿਚ ਚੰਦਰ ਗੁਪਤ ਮੌਰੀਆ ਨੇ ਸਾਜ਼ਿਸ਼ ਕਰ ਕੇ ਪੋਰਸ ਦਾ ਕਤਲ ਕਰਵਾ ਦਿੱਤਾ। ਪੋਰਸ ਦੀ ਰਿਆਸਤ ਖਤਮ ਕਰ ਕੇ ਚੰਦਰ ਗੁਪਤ ਨੇ ਉਸ ਨੂੰ ਹਿੰਦੋਸਤਾਨ ਵਿਚ ਸ਼ਾਮਿਲ ਕਰ ਲਿਆ।
ਪੰਜਾਬ ਨੂੰ ਹਮੇਸ਼ਾ ਲੁਟੇਰੇ ਟੋਲਿਆਂ ਨੇ ਤਬਾਹ ਕੀਤਾ। ਪਿਛਲੇ ਚਾਰ ਹਜ਼ਾਰ ਸਾਲਾਂ ਤੋਂ ਪੰਜਾਬ ਵਿਚ ਜ਼ੁਲਮ ਦੀ ਹੋਲੀ ਖੇਡੀ ਜਾ ਰਹੀ ਹੈ। ਇਹ ਜ਼ੁਲਮ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਹੈ। ਇਕ ਗੱਲ ਬੜੀ ਚੰਗੀ ਤੇ ਹੌਸਲੇ ਵਾਲੀ ਹੈ ਕਿ ਇਸ ਧਰਤੀ ਦਿਆਂ ਪੁੱਤਰਾਂ ਨੇ ਜ਼ੁਲਮ ਸਹਿ ਕੇ ਵੀ ਸੀ ਨਹੀਂ ਕੀਤੀ, ਬਲਕਿ ਬੜੇ ਹੌਸਲੇ ਤੇ ਦਲੇਰੀ ਨਾਲ ਜ਼ਾਲਮ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ।