ਚਰਨਜੀਤ ਸਿੰਘ ਸਾਹੀ
ਫੋਨ: 317-430-6545
“ਬੇਬੇ ਲੰਬੜੀ, ਚਰਖੇ ਨੂੰ ਚੰਬੜੀ।” ਕਹਿ ਹਵੇਲੀ ਦੇ ਗੇਟ ਅੱਗੋਂ ਪ੍ਰਾਇਮਰੀ ਸਕੂਲ ਦੇ ਕੁਝ ਸ਼ਰਾਰਤੀ ਬੱਚੇ ਸ਼ੂਟ ਵੱਟ ਕੇ ਭੱਜ ਗਏ।
“ਖਲੋ ਜਾਓ, ਪੱਛੀ ਲੈਣਿਓ! ਤੁਹਾਡਾ ਜਾਏ ਕੱਖ ਨਾ!” ਬੇਬੇ ਦੇ ਬੋਲ ਕਿੰਨੀ ਦੂਰ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਰਹੇ। ਕੁਝ ਬੱਚੇ ਸ਼ਰੀਫ ਤੇ ਬੀਬੇ ਰਾਣੇ ਬਣ ਕੇ ਗੇਟ ਅੰਦਰ ਲੰਘ ਆਏ, “ਬੇਬੇ ਜੀ ਸਾਸਰੀ ਕਾਲ!”
ਬੇਬੇ ਥੋੜ੍ਹਾ ਗੁੱਸੇ ਹੋ, “ਵੇ ਇਹ ਕਿਨ੍ਹਾਂ ਦੇ ਮੁੰਡੇ ਸਨ?”
“ਬੇਬੇ ਜੀ, ਦੋ ਤੇ ਸਨ ਤਾਰੇ ਲੰਬੜ ਦੇ ਤੇ ਇਕ ਸੰਧੂ ਫੌਜੀ ਦਾ।”
“ਵੇ ਤੂੰ ਉਰਾਂ ਆ ਖਾਂ। ਕੱਲ ਤੂੰ ਵੀ ਉਨ੍ਹਾਂ ਨਾਲ ਸੈਂ ਕਾਲੂਆ ਜਿਆ?”
“ਨਹੀਂ! ਇਹ ਨਹੀਂ ਸੀ, ਬੇਬੇ ਜੀ।” ਨਾਲ ਵਾਲੇ ਨੇ ਕਾਲੂ ਦੇ ਬੋਲਣ ਤੋਂ ਪਹਿਲਾਂ ਹੀ ਸਫਾਈ ਦੇ ਦਿੱਤੀ।
“ਚਲ, ਆ ਜਾਉ।” ਬੱਚੇ ਖਚਰਾ ਜਿਹਾ ਮੁਸਕਰਾਉਂਦੇ ਨੇੜੇ ਹੋ ਖੜ੍ਹ ਗਏ। ਬੇਬੇ ਨੇ ਰੂੰ ਦੀਆਂ ਪੂਣੀਆਂ ਵਾਲੇ ਛਿੱਕੂ ਵਿਚ ਕਿਤਾਬ ਹੇਠਾਂ ਰੱਖੀ ਕੌਲੀ ਵਿਚੋਂ ਪਿੰਡੋਂ ਕਿਸੇ ਘਰੋਂ ਆਈ ਭਾਜੀ-ਲੱਡੂ ਤੇ ਸ਼ੱਕਰਪਾਰੇ, ਜੋ ਉਹ ਆਪ ਨਾ ਖਾਂਦੀ, ਬੱਚਿਆਂ ਲਈ ਸੰਭਾਲ ਕੇ ਰੱਖਦੀ, ਸਾਰਿਆਂ ਦੀਆਂ ਤਲੀਆਂ ‘ਤੇ ਕੁਝ ਨਾ ਕੁਝ ਰੱਖ ਦਿੱਤਾ, ਤੇ ਉਹ ਲੈ ਕੇ ਦੌੜ ਗਏ। ਇਸੇ ਲਾਲਚ ਨੂੰ ਬੱਚੇ ਕਦੀ ਕਦੀ ਬੇਬੇ ਕੋਲ ਆ ਜਾਂਦੇ।
ਪਿੰਡੋਂ ਆਏ ਬੈਠੇ ਕੇਹਰੂ ਜੁਲਾਹੇ ਨੇ ਸਭ ਵੇਖ, ਬੇਬੇ ਨਾਲ ਹਮਦਰਦੀ ਜਤਾਉਂਦਿਆਂ ਕਿਹਾ, “ਲੰਬੜਦਾਰਨੀ ਜੀ! ਜੁਆਕਾਂ ਦੇ ਮਾਂ ਬਾਪ ਨੂੰ ਕਹੋ। ਇਨ੍ਹਾਂ ਨੂੰ ਪਤਾ ਹੀ ਨਹੀਂ ਬਜ਼ੁਰਗਾਂ ਦੀ ਇੱਜਤ ਕਿਵੇਂ ਕਰੀਦੀ ਐ।”
ਬੇਬੇ ਨੇ ਕੇਹਰੂ ਦੇ ਬੋਲਾਂ ‘ਤੇ ਪੋਚਾ ਫੇਰਿਆ, “ਕੋਈ ਗੱਲ ਨਹੀਂ ਕੇਹਰੂਆ! ਅਜੇ ਬੱਚੇ ਨੇ, ਆਪੇ ਸਿਆਣੇ ਹੋ ਜਾਣਗੇ। ਤੂੰ ਆ ਸੂਤਰ ਲੈ ਜਾਹ, ਜਿੰਨੇ ਬਣ ਜਾਣ ਖੇਸ ਬਣਾ ਕੇ ਦੇ ਜਾਈਂ।”
ਬੇਬੇ ਨੂੰ ਮਿਲਣ ਕੋਈ ਵੀ ਰਿਸ਼ਤੇਦਾਰੀ ‘ਚੋਂ ਆਉਂਦਾ, ਉਹ ਸਭ ਨੂੰ ਪੈਸਿਆਂ ਦੀ ਥਾਂ ਖੇਸ ਹੀ ਪਿਆਰ ਵਿਚ ਦਿੰਦੀ। ਉਹਦਾ ਮੰਨਣਾ ਸੀ, ਪੈਸੇ ਤਾਂ ਘਰਾਂ ‘ਚ ਖਰਚ ਹੋ ਜਾਂਦੇ ਹਨ ਪਰ ਇਹ ਖੇਸ ਜਦੋਂ ਵੀ ਕੋਈ ਵਰਤੂ, ਬੇਬੇ ਨੂੰ ਯਾਦ ਕਰੂ। ਬੇਬੇ ਜਦੋਂ ਲੋੜ ਸਮਝਦੀ, ਆਪਣੀ ਪੈਲੀ ਵਿਚ ਹਿੱਸੇ ‘ਤੇ ਕਪਾਹ ਬਿਜਵਾ ਲੈਂਦੀ। ਬੀਜਣ ਵਾਲਾ ਹਿੱਸੇ ਆਉਂਦੀ ਕਪਾਹ ਪਿੰਜਵਾ ਕੇ ਘਰ ਪਹੁੰਚਦੀ ਕਰਦਾ। ਫਿਰ ਬੇਬੇ ਸਾਰਾ ਸਾਲ ਹੌਲੀ ਹੌਲੀ ਕੱਤਦੀ ਤੇ ਰੱਬ ਨਾਲ ਗੱਲਾਂ ਕਰਦੀ ਰਹਿੰਦੀ। ਕਹਿੰਦੀ, ਵਿਹਲੇ ਬੈਠ ਹੱਡ ਜੁੜ ਜਾਂਦੇ ਹਨ। ਬੇਬੇ ਦਾ ਪੜਪੋਤਾ ਸਰੂਪ ਸਿੰਘ ਜਦੋਂ ਵੀ ਸ਼ਹਿਰੋਂ ਪਿੰਡ ਦਾਦੇ-ਦਾਦੀ ਨੂੰ ਮਿਲਣ ਆਉਂਦਾ ਤਾਂ ਕਦੀ ਕਦਾਈਂ ਹਵੇਲੀ ਵਿਚ ਬੇਬੇ (ਪੜਦਾਦੀ) ਕੋਲ ਰਾਤੀਂ ਸੌਂ ਜਾਂਦਾ, ਉਹਨੂੰ ਚੰਗਾ ਲੱਗਦਾ ਬੇਬੇ ਕੋਲੋਂ ਸਾਖੀਆਂ, ਕਹਾਣੀਆਂ ਤੇ ਬੇਬੇ ਦੀ ਜ਼ਿੰਦਗੀ ਦੇ ਸਫਰ ਬਾਰੇ ਸੁਣ ਕੇ। ਕਦੀ ਉਹ ਧਾਰਮਿਕ, ਕਦੀ ਪਾਕਿਸਤਾਨ ਤੇ ਕਦੇ ਜ਼ਿੰਦਗੀ ਦੇ ਬੀਤੇ ਮਿੱਠੇ ਕੌੜੇ ਪਲਾਂ ਬਾਰੇ ਬੜੇ ਸਹਿਜ ਨਾਲ ਦੱਸਦੀ।
ਬੇਬੇ ਲੰਬੜਦਾਰਨੀ ਪਿੰਡ ਦੀ ਫਿਰਨੀ ‘ਤੇ ਬਣੀ ਹਵੇਲੀ ਵਾਲੇ ਘਰ ਇਕੱਲੀ ਰਹਿੰਦੀ ਸੀ। ਉਸ ਦਾ ਛੋਟਾ ਪੁੱਤਰ ਰੇਲਵੇ ਵਿਚ ਕਿਤੇ ਦੂਰ ਸ਼ਹਿਰ ਨੌਕਰੀ ਕਰਦਾ ਤੇ ਪਰਿਵਾਰ ਸਣੇ ਉਥੇ ਹੀ ਰਹਿੰਦਾ ਸੀ। ਇਹ ਹਵੇਲੀ ਵਾਲਾ ਘਰ ਉਸ ਪੁੱਤਰ ਦੇ ਹਿੱਸੇ ਆਇਆ ਸੀ, ਜਿਸ ‘ਚ ਬੇਬੇ ਰਹਿੰਦੀ ਸੀ। ਵੱਡਾ ਪੁੱਤਰ ਕੁਝ ਸਾਲ ਪਹਿਲਾਂ ਹੀ ਚੰਗੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਪਿੰਡ ਆਇਆ ਸੀ ਤੇ ਪਿੰਡ ਵਿਚਲੇ ਪੁਰਾਣੇ ਘਰ ਰਹਿੰਦਾ ਸੀ ਜੋ ਬੇਬੇ ਨੇ ਵੰਡ ਵੇਲੇ ਉਸ ਦੇ ਹਵਾਲੇ ਕਰ ਦਿੱਤਾ ਸੀ। ਉਸ ਨੇ ਸਣੇ ਪਰਿਵਾਰ ਬੇਬੇ ਨੂੰ ਬਹੁਤ ਜੋਰ ਲਾਇਆ, ‘ਬੇਬੇ ਜੀ, ਸਾਡੇ ਨਾਲ ਪਿੰਡ ਵਾਲੇ ਘਰ ਰਹੁ’ ਪਰ ਉਹ ਇਹੋ ਕਹਿੰਦੀ, ‘ਜਿੰਨਾ ਚਿਰ ਚਲਦੀਆਂ ਨੇ, ਮੈਂ ਆਪ ਹੀ ਖਾਣੀ ਪਕਾਣੀ ਏ।’ ਜਦੋਂ ਦਿਲ ਕਰਦਾ, ਇਕ ਅੱਧੀ ਰਾਤ ਪਿੰਡ ਵਿਚਲੇ ਘਰ ਚਲੀ ਵੀ ਜਾਂਦੀ।
ਬੇਬੇ ਦੱਸਦੀ, ਅੱਜ ਤੱਕ ਉਸ ਡਾਲਡਾ ਘਿਉ ਨਹੀਂ ਸੀ ਵਰਤਿਆ ਤੇ ਨਾ ਹੀ ਘਰੋਂ ਦੁੱਧ ਵੇਚਿਆ। ਪੁਰਾਣੇ ਵਿਚਾਰਾਂ ਵਾਲੀ ਬੇਬੇ ਕਹਿੰਦੀ, ਸਰਕਾਰੇ ਦਰਬਾਰੇ ਦੁੱਧ ਪੁੱਤ ਦੀ ਸਹੁੰ ਖਾਈਦੀ ਏ। ਪਹਿਲਾਂ ਜਦੋਂ ਲਵੇਰੀਆਂ ਰੱਖੀਆਂ ਸਨ, ਘਰ ਦੀ ਵਰਤੋਂ ਤੋਂ ਵਾਧੂ ਘਿਉ ਪੁੱਤਰਾਂ ਨੂੰ ਜ਼ਰੂਰ ਪਹੁੰਚਦਾ ਕਰਦੀ ਤੇ ਲੱਸੀ ਆਂਢ-ਗੁਆਂਢ ਲੈ ਜਾਂਦਾ। ਪਰ ਹੁਣ ਸਵੇਰੇ ਉਠ ਨਹਾ-ਧੋ ਪਾਠ ਕਰਦੀ, ਚਾਹ ਬਣਾ ਨਾਲ ਹੀ ਦੋ ਤਿੰਨ ਦੇਸੀ ਘਿਉ ਨਾਲ ਤਰ ਮੰਨੀਆਂ ਬਣਾ ਲੈਂਦੀ। ਦਿਨ ਵਿਚ ਜਦੋਂ ਵੀ ਭੁੱਖ ਲੱਗਦੀ, ਦੁੱਧ ਵਰਗੀ ਚਾਹ ਬਣਾ ਛਕ ਲੈਂਦੀ। ਫਿਰ ਚਰਖਾ ਡਾਹ ਲੈਂਦੀ, ਚਰਖੇ ਦੇ ਮੁੰਨੇ ਨਾਲ ਉਸ ਨੇ ਛੋਟੀ ਜਿਹੀ ਕੱਚ ਦੀ ਸ਼ੀਸ਼ੀ ਵਿਚ ਸਰੋਂ ਦਾ ਤੇਲ ਪਾ ਕੇ ਬੰਨਿਆ ਸੀ। ਜਦੋਂ ਤੂੰਬੇ ਨਾਲ ਚਰਖੇ ਦੇ ਤਕਲੇ ਦੀਆਂ ਗੁਜਾਂ ਜਾਂ ਹੱਥੀ ਨੂੰ ਤੇਲ ਲਾਉਂਦੀ ਤਾਂ ਕਦੀ ਕਦਾਈਂ ਆਪਣੇ ਕੰਨਾਂ ਵਿਚ ਵੀ ਫੇਰ ਲੈਂਦੀ।
ਬੇਬੇ ਥੋੜ੍ਹਾ ਉਚਾ ਸੁਣਦੀ ਸੀ। ਚਰਖਾ ਕੱਤਦੀ ਅੱਕ ਥੱਕ ਜਾਂਦੀ, ਫੇਰ ਆਪਣੀ ਪੁਰਾਣੀ ਧਾਰਮਿਕ ਕਿਤਾਬ ਸਿਦਕ ਖਾਲਸਾ, ਦੁਸ਼ਟ ਦਮਨ ਪ੍ਰਕਾਸ਼-ਜਿਨ੍ਹਾਂ ਦੀਆਂ ਗੱਤੇ ਦੀਆਂ ਜਿਲਦਾਂ ਤਕਰੀਬਨ ਪਾਟ ਚੁਕੀਆਂ ਸਨ ਪਰ ਬੇਬੇ ਨੇ ਰੁਮਾਲਾਂ ਵਿਚ ਬੜੇ ਅਦਬ ਨਾਲ ਵਲ੍ਹੇਟ ਰੱਖੀਆਂ ਸਨ, ਲਿਆ ਕੇ ਮੱਧਮ ਜਿਹੀ ਕੰਬਦੀ ਆਵਾਜ਼ ਵਿਚ ਕਦੀ ਹੇਕ ਲਾ ਕੇ ਤੇ ਕਦੀ ਸਿੱਧਾ ਪੜ੍ਹਨ ਲੱਗ ਜਾਂਦੀ। ਕਈ ਵਾਰੀ ਬੇਬੇ ਦੀ ਕੰਬਦੀ ਆਵਾਜ਼ ਵਾਲੀ ਹੇਕ ਚਰਖੇ ਦੀ ਘੂਕ ਵਿਚ ਹੀ ਲੀਨ ਹੋ ਜਾਂਦੀ। ਕੋਲ ਬੈਠੇ ਨੂੰ ਵੀ ਬੇਬੇ ਦੇ ਬੋਲਾਂ ਦੀ ਸਮਝ ਨਾ ਪੈਂਦੀ। ਜਦੋਂ ਦਿਲ ਕਰਦਾ ਦਿਨ ਵਿਚ ਇਕ ਅੱਧੀ ਵਾਰ ਪਿੰਡ ‘ਚ ਹੌਲੀ ਹੌਲੀ ਤੁਰ ਸ਼ਰੀਕੇ ਬਰਾਦਰੀ ਜਾਂ ਪੁੱਤਰ ਦੇ ਘਰ ਚੱਕਰ ਮਾਰ ਆਉਂਦੀ। ਭਾਵੇਂ ਥੋੜ੍ਹਾ ਕੁੱਬ ਨਿਕਲ ਆਇਆ ਸੀ, ਖੂੰਡੀ ਜਾਂ ਸੋਟੀ ਹੱਥ ਵਿਚ ਨਾ ਫੜ੍ਹਦੀ, ਲੱਕ ਪਿੱਛੇ ਦੋਵੇਂ ਹੱਥ ਰੱਖ ਤੁਰਦੀ ਜਾਂ ਉਨ੍ਹਾਂ ‘ਚੋਂ ਕੋਈ ਆਉਂਦਾ-ਜਾਂਦਾ ਬੇਬੇ ਕੋਲ ਦਿਨ ਵੇਲੇ ਆ ਬਹਿੰਦਾ।
ਬੇਬੇ ਨੂੰ ਆਮ ਮਾਈਆਂ ਵਾਂਗ ਚੁਗਲੀ ਸੁਣਨ ਤੇ ਕਰਨ ਦੀ ਆਦਤ ਨਹੀਂ ਸੀ, ਸਿਰਫ ਧਾਰਮਿਕ ਸਾਖੀਆਂ ਜਾਂ ਗੱਲਾਂ। ਪਿੰਡ ‘ਚ ਖੁਸ਼ੀ-ਗਮੀ ਵੇਲੇ ਕਾਰ ਵਿਹਾਰ ਕਰਨ ਲਈ ਬਰਾਦਰੀ ਵਾਲੇ ਬੇਬੇ ਨੂੰ ਘਰ ਬੁਲਾ ਉਸ ਦੀ ਸਲਾਹ ਲੈਂਦੇ, ਖਾਸ ਕਰ ਭਾਜੀ ਜਾਂ ਪਰੀਠਾ ਵੰਡਣ ਵੇਲੇ ਬੇਬੇ ਪੀੜ੍ਹੀ ਡਾਹ ਵੰਡਣ ਵਾਲਿਆਂ ਕੋਲ ਬੈਠ ਜਾਂਦੀ ਤੇ ਜੋ ਉਹ ਪੁੱਛਦੇ, ਦੱਸੀ ਜਾਂਦੀ।
ਉਹਦੀ ਉਮਰ ਨੱਬੇ ਸਾਲ ਦੇ ਨੇੜੇ ਤੇੜੇ ਸੀ। ਨੰਬਰਦਾਰ ਹੋਰੀਂ ਕੋਈ ਪੱਚੀ ਕੁ ਸਾਲ ਪਹਿਲਾਂ ਚਲਾਣਾ ਕਰ ਗਏ ਸਨ। ਬੇਬੇ ਨੇ ਆਪਣੇ ਗੁਜਾਰੇ ਲਈ ਪੰਜ ਏਕੜ ਜਮੀਨ ਆਪਣੇ ਕੋਲ ਰੱਖ ਬਾਕੀ ਦੋਹਾਂ ਪੁੱਤਰਾਂ ਨੂੰ ਅੱਧੀ ਅੱਧੀ ਵੰਡ ਦਿੱਤੀ ਤੇ ਹਵੇਲੀ ਵਾਲਾ ਘਰ ਛੋਟੇ ਤੇ ਪਿੰਡ ਵਿਚਲਾ ਘਰ ਵੱਡੇ ਪੁੱਤਰ ਨੂੰ ਦੇ ਦਿੱਤਾ।
ਇਹ ਪਿੰਡ ਸਾਰਾ ਹੀ ਸਿਆਲਕੋਟੀਆਂ ਜਾਂ ਕਈ ਬਾਰੀਏ ਕਹਿ ਦਿੰਦੇ ਸਨ, ਦਾ ਵੱਜਦਾ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਇਥੇ ਇਕ ਹੀ ਲੋਕਲ ਜੱਟ ਸਿੱਖਾਂ ਦਾ ਘਰ ਸੀ, ਬਾਕੀ ਸਭ ਮੁਸਲਮਾਨਾਂ ਦੇ ਸਨ। ਕੁਝ ਘਰ ਪੰਡਿਤਾਂ, ਮਿਸਤਰੀਆਂ, ਬਾਣੀਆਂ ਤੇ ਚਾਰ ਘਰ ਵਿਹੜੇ ਦੇ ਸਨ। ਸੰਤਾਲੀ ਦੀ ਵੰਡ ਵੇਲੇ ਦੋਹੀਂ ਪਾਸੀਂ ਲੋਕਾਂ ਦੇ ਸਿਰ ਖੂਨ ਸਵਾਰ ਸੀ। ਸੰਤਾਲੀ ਦੀ ਵੰਡ ਵੇਲੇ ਲੁੱਟਮਾਰ ਕਰਨ ਵਾਲਿਆਂ ਇਸ ਪਿੰਡ ਦੇ ਸਾਰੇ ਮੁਸਲਮਾਨ ਪਿੰਡ ਦੀ ਪਹੀ ਵਿਚ ਇਕੱਠੇ ਕਰ ਲਏ ਕਿ ਤੁਹਾਨੂੰ ਪਾਕਿਸਤਾਨ ਜਾਣ ਵਾਲੇ ਕੈਂਪ ਵਿਚ ਛੱਡ ਕੇ ਆਉਣਾ ਹੈ ਪਰ ਸਾਰੇ ਮਰਦਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਜਵਾਨ ਔਰਤਾਂ ਨੂੰ ਉਧਾਲ ਲਿਆ। ਅਜਿਹੇ ਹੀ ਵਰਤਾਰੇ ਜਨੂੰਨੀਆਂ ਨੇ ਪਾਕਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਨਾਲ ਕੀਤੇ। ਇਸ ਪਿੰਡ ਵਿਚ ਪਾਕਿਸਤਾਨ ਤੋਂ ਉਜੜ ਕੇ ਆਏ ਤਿੰਨ ਗੋਤਾਂ ਦੇ ਜੱਟਾਂ ਨੂੰ ਬਹੁਤੀ ਜਮੀਨ ਅਲਾਟ ਹੋਈ ਉਹ ਨੇ ਸਾਹੀ, ਸੰਧੂ ਤੇ ਸੋਹੀ। ਇਨ੍ਹਾਂ ਦੇ ਤਿੰਨ ਆਪਣੇ ਆਪਣੇ ਨੰਬਰਦਾਰ। ਜਿਨ੍ਹਾਂ ਵਿਚੋਂ ਇਕ ਬੇਬੇ ਦਾ ਖਾਵੰਦ ਸਾਹੀ ਗੋਤ ਦਾ ਜੱਦੀ ਨੰਬਰਦਾਰ ਸੀ।
ਬੇਬੇ ਪਾਕਿਸਤਾਨ ਨੂੰ ਬਹੁਤ ਯਾਦ ਕਰਦੀ, ਜੇ ਕੋਈ ਪਾਕਿਸਤਾਨ ਤੋਂ ਉਜੜ ਕੇ ਆਇਆ ਮਿਲਦਾ ਤਾਂ ਇਕੋ ਸਵਾਲ ਕਰਦੀ, “ਪਿਛੋਂ ਕਿਥੋਂ ਦੇ ਓ? ਇਥੇ ਕਿਵੇਂ ਅੱਪੜੇ? ਜੀਆ ਜੰਤ ਬਚ ਗਿਆ ਸੀ?”
ਸਰੂਪ ਨੇ ਇਕ ਦਿਨ ਕੋਲ ਬੈਠ ਕਿਹਾ, “ਬੇਬੇ ਜੀ, ਪਾਕਿਸਤਾਨ ਦੀ ਕਹਾਣੀ ਸੁਣਾਉ ਕੁਝ, ਤੁਸੀਂ ਇੱਧਰ ਕਿਵੇਂ ਪਹੁੰਚੇ?”
“ਪੁੱਤਰ ਬਹੁਤ ਔਖੇæææ।” ਬੇਬੇ ਨੇ ਲੰਮਾ ਹਉਕਾ ਲਿਆ, “ਪੁੱਤਰ ਕੀ ਦੱਸਾਂ, ਪਾਕਿਸਤਾਨ ‘ਚ ਭਰੇ ਘਰ ਛੱਡ ਏਧਰ ਆ ਕੇ ਪਨਾਹਗੀਰ ਬਣ ਗਏ। ਛੇ ਹਲ ਵਗਦੇ ਸਨ ਸਾਡੇ ਲੰਬੜਾਂ ਦੇ, ਪਿੰਡ ਦੇ ਮੁੱਢ ਦੋ ਘੁਮਾਂ ਬਾਗ ਸੀ, ਹਰ ਤਰ੍ਹਾਂ ਦੇ ਫਲਾਂ ਦੇ ਬੂਟੇ, ਦੋ ਪੇਂਦੂ ਬੇਰੀਆਂ ਏਡੀਆਂ ਖਿਲਰ ਗਈਆਂ ਸਨ, ਹੇਠਾਂ ਡੰਗਰ ਬੰਨਦੇ। ਚਾਚੇ-ਤਾਇਆਂ ਦੇ ਰਲਾ ਲੰਬੜ ਹੋਰੀਂ ਛੇ ਭਰਾ, ਇਕੋ ਵਲਗਣ ਵਾਲੀ ਹਵੇਲੀ ਵਿਚ ਸਾਰੇ ਇਕੱਠੇ ਰਹਿੰਦੇ ਸਾਂ। ਅੰਦਰ ਈ ਆਪਣਾ ਆਟਾ ਪੀਹਣ ਵਾਲਾ ਖਰਾਸ, ਇਕ ਕਮਰੇ ਵਿਚ ਮਹਾਰਾਜ ਦੀ ਸਵਾਰੀæææਪੁੱਤਰ ਸਾਡੇ ਵੇਲੇ ਕੁੜੀਆਂ ਪਿੰਡਾਂ ਵਿਚ ਸਕੂਲ ਨਹੀਂ ਸਨ ਜਾਂਦੀਆਂ। ਮੈਂ ਵੀ ਗੁਰਮੁਖੀ ਪੜ੍ਹਨੀ ਗੁਰਦੁਆਰੇ ਭਾਈ ਜੀ ਕੋਲੋਂ ਸਿੱਖੀ ਸੀ। ਮੇਰੇ ਵਿਆਹ ਤੋਂ ਪਹਿਲਾਂ ਲੰਬੜ ਹੋਰਾਂ ਦਾ ਚਾਚਾ ਮਹਾਰਾਜ ਦੀ ਬੀੜ ਦੀ ਸਾਂਭ ਕਰਦਾ ਸੀ ਤੇ ਵਿਆਹ ਪਿਛੋਂ ਮੈਂ। ਲੰਬੜਦਾਰ ਹੋਰਾਂ ਨੂੰ ਮੈਂ ਆਖ ਦਿੱਤਾ ਸੀ, ਪਈ ਮੈਂ ਪੁੱਤਰਾਂ ਨੂੰ ਪੜ੍ਹਾਉਣਾ ਏ, ਵਾਹੀ ਨਹੀਂ ਕਰਨ ਦੇਣੀ, ਮਿੱਟੀ ਵਿਚ ਮਿੱਟੀ ਨਹੀਂ ਹੋਣ ਦੇਣਾ। ਫੇਰ ਕੀ ਸੀ ਉਨ੍ਹਾਂ ਵੇਲਿਆਂ ਵਿਚ ਦੋਵਾਂ ਪੁੱਤਰਾਂ ਨੂੰ ਦਸ ਦਸ ਜਮਾਤਾਂ ਕਰਵਾਈਆਂ ਜਦੋਂ ਦੂਰ ਦੂਰ ਤੱਕ ਕੋਈ ਪੜ੍ਹਿਆ ਨਹੀਂ ਸੀ ਹੁੰਦਾ। ਸ਼ਰੀਕ ਆਖਦੇ, ਵੇਖਾਂਗੇ ਜਦੋਂ ਲੰਬੜ ਦੇ ਮੁੰਡੇ ਪਟਵਾਰੀ ਬਣ ਗਏ। ਇੱਕ ਨੇ ਪਟਵਾਰ ਕੀਤੀ, ਦੂਜਾ ਰੇਲਵੇ ਵਿਚ ਬਾਊ ਲੱਗ ਗਿਆ। ਪਾਕਿਸਤਾਨ ਵਿਚ ਈ ਦੋਵੇਂ ਨੌਕਰ ਹੋ ਗਏ ਸਨ।”
“ਕੀ ਦੱਸਾਂ ਪੁੱਤਰ! ਯਾਦ ਕਰਕੇ ਅਜੇ ਵੀ ਲੂੰ ਕੰਡੇ ਖਲੋ ਜਾਂਦੇ ਨੇ। ਰੌਲਿਆਂ ਤੋਂ ਪਹਿਲਾਂ ਘੁੱਗ ਵਸਦੇ ਸਨ ਸਾਰੇ, ਇਨ੍ਹਾਂ ਮਰ ਜਾਣਿਆਂ ਗੋਰਿਆਂ ਨੇ ਗਾਂਧੀ-ਨਹਿਰੂ ਤੇ ਕੀ ਨਾਂ ਈ ਉਸ ਮੁੱਲੇ ਦਾ? ਖੌਰੇ ਜਿਨਾਂਹ ਆਂਹਦੇ ਨੇ! ਨਾਲ ਮਤਾ ਪਕਾਇਆ, ਵਈ ਤੁਆਨੂੰ ਦੋਵਾਂ ਨੂੰ ਮੁਲਖ ਵੰਡ ਦੇਨੇ ਆਂ। ਫਿਰ ਕੀ ਸੀ, ਵਾਗੁਰੂ, ਵਾਗੁਰੂ, ਦੋਵੀਂ ਪਾਸੀਂ ਵੱਢ ਟੁੱਕ ਸ਼ੁਰੂ ਹੋ ਗਈ। ਛੋਟਾ ਪੁੱਤਰ ਤੇ ਪਹਿਲਾਂ ਈ ਅੰਬਰਸਰ ਬਾਲ ਬੱਚਾ ਲੈ ਸਹੁਰੀਂ ਆ ਗਿਆ ਸੀ ਤੇ ਵੱਡੇ ਦੇ ਸਹੁਰੇ ਉਹਨੂੰ ਤੇ ਉਹਦੇ ਬਾਲ ਬੱਚੇ ਨੂੰ ਲੈ ਸਭ ਕੁਝ ਛੱਡ ਛਡਾ ਮਿਲਟਰੀ ਦੇ ਕੈਂਪ ‘ਚ ਜਾ ਬੈਠੇ। ਉਹਦਾ ਸਹੁਰਾ ਸਾਨੂੰ ਆਖੇ, ‘ਭੈਣ ਜੀ, ਲੰਬੜ ਹੋਰਾਂ ਨੂੰ ਆਖੋ ਤੁਸੀਂ ਵੀ ਨਿਕਲ ਚੱਲੋ। ਲੰਬੜ ਹੋਰਾਂ ਦੇ ਸਾਰੇ ਭਰਾ ਟੱਬਰ ਲੈ ਕੈਂਪਾਂ ‘ਚ ਟੁਰ ਗਏ ਨੇ, ਤੁਸੀਂ ‘ਕੱਲੇ ਬੈਠੇ ਓ, ਦੋਵਾਂ ਗੁੱਡੀਆਂ ਨੂੰ ਲੈ, ਜੇ ਸਭ ਠੀਕ ਹੋ ਗਿਆ ਤੇ ਮੁੜ ਆਵਾਂਗੇæææਅਸੀਂ ਕਿਹੜਾ ਪੱਕੇ ਜਾਣਾ।’
ਪਈ ਲੰਬੜ ਹੋਰੀਂ ਤੇ ਹੋ ਗਏ ਤਿਆਰ, ਫਿਰ ਮੈਂ ਆਖਿਆ ਮਰਦੀ ਮਰ ਜਾਂਗੀ, ਮੈਂ ਨਹੀਂ ਜਾਣਾ। ਲੰਬੜ ਆਖੇ, ਤੂੰ ਤੇ ਮਰਨਾ, ਸਾਨੂੰ ਵੀ ਮਾਰਨਾ। ਤਰਕਾਲਾਂ ਪਈਆਂ, ਹਵੇਲੀ ਦਾ ਬੂਹਾ ਖੜਕਿਆ, ਲੰਬੜ ਆਖੇ, ਲੈ ਆ ਪਏ ਨੀ! ਉਨ੍ਹਾਂ ਜਾ ਬੂਹਾ ਖੋਲ੍ਹਿਆ ਤੇ ਪੁੱਛਿਆ, ਕੌਣ ਏਂ? ਅਖੇ, ‘ਮੈਂ, ਨੂਰਾਂ ਵਾਂ, ਬੇਬੇ ਕਿੱਥੇ ਵੇ?’ ਮੈਂ ਆਖਿਆ, ‘ਲੰਘ ਆ, ਖੈਰ ਏ?’ ਉਹ ਤੇ ਸਾਹੋ ਸਾਹ ਹੋਈ ਸੀ, ਮਸਾਂ ਕੁਈ, ‘ਬੇਬੇ ਅਸੀਂ ਤੁਹਾਡਾ ਲੂਣ ਖਾਧਾ ਏ, ਨਿਕਲ ਜਾਓ ਸਵੇਰੇ। ਅੱਜ ਮੈਂ ਆਪ ਕੰਨੀਂ ਸੁਣਿਆ ਏ, ਅੱਬਾ ਹਮੀਦੇ ਨੂੰ ਆਖਣ ਡਿਆ ਸੀ, ਵਈ ਸਾਰੇ ਸਿੱਖੜੇ ਨਿਕਲ ਗਏ ਨੇ ਛੱਡ ਛੱਡਾ ਕੇ, ਆਹ ਲੰਬੜ ਤੇ ਲੰਬੜੀ ਅੜੇ ਬੈਠੇ ਨੇ, ਕੱਲ ਰਾਤ ਨਹੀਂ ਪੈਣ ਦੇਣੀ ਵੱਢਣੇ ਨੇ।’
ਪੁੱਤ! ਮੈਂ ਤੇ ਗਈ ਡਰ। ਉਹਨੂੰ ਆਖਿਆ, ਕੁੜੀਏ ਅੰਦਰ ਆ ਜਾਹ। ਉਹ ਆਖੇ, ਮੈਂ ਮੁੜਨਾ ਏ, ਮੈਨੂੰ ਕਿਸੇ ਵੇਖ ਲਿਆ ਤਾਂ ਬੇਬੇ ਮੈਨੂੰ ਵੀ ਵੱਢ ਦੇਣਗੇ। ਮੈਂ ਆਖਿਆ, ਕੁੜੀਏ ਸੁਣ! ਅੱਬਾ ਆਪਣੇ ਨੂੰ ਆਖੀਂ, ਪਈ ਲੰਬੜ ਤੈਨੂੰ ਮਿਲਿਆ ਏ ਤੇ ਸੁਨੇਹਾ ਦਿੱਤਾ ਏ, ਸਵੇਰੇ ਆਹ ਭੜੋਲੀਆਂ ‘ਚੋਂ ਜਿੰਨੇ ਦਾਣੇ ਚਾਹੀਦੇ ਨੇ, ਉਹ ਭਰ ਲਓ, ਤੇ ਸਾਡੀ ਅਮਾਨਤ ਆ ਦੋ ਵਹਿੜੇ, ਲੰਬੜ ਆਂਹਦਾ ਸੀ, ਐਤਕੀਂ ਹਲੀਂ ਕੱਢਾਂਗੇ ਤੇ ਆ ਤਰੈ ਮੱਝਾਂ-ਦੋ ਸੱਜਰ ਸੂਈਆਂ ਨੇ, ਲੈ ਜਾਓ। ਅਸੀਂ ਕਿਹੜਾ ਕੈਂਪਾਂ ‘ਚ ਬਹਿ ਰਹਿਣਾ ਏਂ, ਆ ਕੇ ਤੁਹਾਡੇ ਕਿੱਲਿਓਂ ਖੋਲ੍ਹ ਲਿਆਵਾਂਗੇ। ਉਹ ‘ਅੱਛਾ, ਬੇਬੇ ਜੀ!’ ਆਖ ਮੁੜ ਗਈ। ਲੰਬੜ ਹੋਰਾਂ ਬੜੇ ਗੁੱਸੇ ਹੋ ਮੈਨੂੰ ਘੁਰਿਆ, ‘ਹੁਣ ਦੱਸ? ਮਰਨਾ ਈ ਕਿ ਜਾਣਾ ਈ? ਚੱਲ! ਕੁੜੀਆਂ ਨੂੰ ਲੈ ਰਾਤੋ ਰਾਤ ਕੈਂਪ ‘ਚ ਟੁਰ ਚੱਲੀਏ, ਉਨ੍ਹਾਂ ਸਵੇਰੇ ਆ ਪੈਣਾ ਏ।
ਪੁੱਤਰ! ਮੈਂ ਲੰਬੜ ਹੋਰਾਂ ਦੀ ਗੱਲ ਮੰਨ ਲਈ, ਲੰਬੜ ਹੋਰਾਂ ਵਹਿੜਿਆਂ ਦੀ ਕੰਡ ‘ਤੇ ਹੱਥ ਫੇਰਿਆ ਤੇ ਥਾਪੀ ਦਿੱਤੀ, ਦੋਵੇਂ ਵਹਿੜੇ ਖੋਲ੍ਹ ਦਿੱਤੇ। ਲੰਬੜ ਹੋਰਾਂ ਆਪਣੀਆਂ ਅੱਖਾਂ ‘ਚ ਗਲੇਡੂ ਭਰ ਲਏ। ਜਿਹੜੇ ਕੋਲ ਚਾਰ ਛਿੱਲੜ ਸਨ ਤੇ ਟੂੰਮਾਂ ਪੱਲੇ ਬੰਨ, ਕੁੜੀਆਂ ਨੂੰ ਉਂਗਲ ਲਾ, ਘਰ ਜੰਦਰਾ ਮਾਰ ਕੈਂਪ ‘ਚ ਜਾ ਰਲੇ। ਸਾਨੂੰ ਕੀ ਪਤਾ ਸੀ, ਉਸ ਘਰ ਫੇਰ ਨਹੀਂ ਮੁੜਨਾ। ਕਿਸੇ ਤਰ੍ਹਾਂ ਭੁੱਖੇ ਤ੍ਰਿਹਾਏ ਧੱਕੇ ਖਾਂਦੇ ਕੈਂਪਾਂ ਨਾਲ ਸੰਭੜਿਆਲ ਰੇਲ ਗੱਡੀ ਦੇ ‘ਟੇਸ਼ਨ ‘ਤੇ ਪਹੁੰਚੇ, ਉਥੋਂ ਸਾਡੇ ਵਰਗੀਆਂ ਸਵਾਰੀਆਂ ਨਾਲ ਤੂੜੀ ਹੋਈ ਰੇਲ ਗੱਡੀ ਵਿਚ ਬੜੇ ਔਖੇ ਚੜ੍ਹੇ। ਜਿਹਨੂੰ ਸਿਆਲਕੋਟ ‘ਟੇਸ਼ਨ ‘ਤੇ ਮੁਸਲਮਾਨਾਂ ਨੇ ਡੱਕ ਲਿਆ, ਪਈ ਅਸੀਂ ਸਾਰੀ ਗੱਡੀ ਵੱਢ ਦੇਣੀ ਏਂ।
ਪੁੱਤਰ! ਦੋ ਜਵਾਨ ਸਰਦਾਰਾਂ ਗੱਡੀ ਵਿਚੋਂ ਉਤਰ ਕੇ ਲਲਕਾਰਿਆ, ਅਸੀਂ ਇਕ ਵੀ ਮੁਸਲਮਾਨ ਬੱਚ ਕੇ ਨਹੀਂ ਆਉਣ ਦੇਣਾ ਉਧਰੋਂ, ਇਹ ਵੇਖ ਲਿਉ! ਪਤਾ ਨਹੀਂ ਉਹ ਡਰ ਗਏ ਜਾਂ ਉਨ੍ਹਾਂ ਦੇ ਮਨ ਵਿਚ ਰੱਬ ਨੇ ਮਿਹਰ ਪਾਈ, ਉਹ ਉਥੋਂ ਚਲੇ ਗਏ। ਤੇ ਗੱਡੀ ਟੁਰ ਪਈ। ਅਸੀਂ ਡੇਰਾ ਬਾਬਾ ਨਾਨਕ ਪਹੁੰਚੇ। ਅੱਗੋਂ ਏਧਰਲੀ ਮਿਲਟਰੀ ਆਖਣ ਲੱਗੀ ਖੈਰ ਮਿਹਰ ਏ, ਤੁਸੀਂ ਆਪਣੇ ਮੁਲਖ ਪਹੁੰਚ ਗਏ ਓਂ, ਹੁਣ ਕੋਈ ਖਤਰਾ ਨਹੀਂ। ਪਰ ਪੁੱਤਰ ਰਾਹ ਵਿਚ ਇਹੀ ਸੀ, ਹੁਣ ਵੀ ਮਰੇ ਤੇ ਹੁਣ ਵੀæææ। ਚੁਫੇਰੇ ਗਿਰਝਾਂ ਵਾਂਗ ਮੁਸਲਮਾਨਾਂ ਦੇ ਜਥੇ ਫਿਰਦੇ ਸਨ, ਵੱਢਣ ਲਈ। ਭਲਾ ਹੋਵੇ ਮਿਲਟਰੀ ਦਾ ਜਿਨ੍ਹੇ ਬਚਾਈ ਰੱਖਿਆ।
ਕਿਸੇ ਤਰ੍ਹਾਂ ਅੰਬਰਸਰ ਛੋਟੇ ਪੁੱਤਰ ਦੇ ਸਹੁਰੇ ਘਰ ਪਹੁੰਚੇ। ਪੁੱਤ! ਅੱਖੀਂ ਵੇਖਿਆ, ਕਈ ਬੁੱਢੇ, ਲੋਕਾਂ ਨੇ ਰਾਵੀ ‘ਚ ਸੁੱਟੇ। ਕਈਆਂ ਦੇ ਜੀਅ ਰਾਹ ‘ਚ ਬਿਮਾਰੀ ਨਾਲ ਮਰ ਗਏ, ਕਈ ਵੱਢੇ ਟੁੱਕੇ ਗਏ। ਵੱਡਾ ਪੁੱਤਰ ਸਿਆਣਾ ਸੀ, ਉਸ ਹੋਰ ਤੇ ਕੁਝ ਨਾ ਲਿਆਂਦਾ ਬੱਸ ਆਪਣੀ ਪੜ੍ਹਾਈ ਤੇ ਪਟਵਾਰ ਦੇ ਸਾਟੀਫਟੇਕ (ਸਰਟੀਫਿਕੇਟ) ਲੱਕ ਦੁਵਾਲੇ ਬੰਨ ਲਿਆਂਦੇ ਤੇ ਆਉਂਦੇ ਨੂੰ ਅੰਬਾਲੇ ਨੇੜੇ ਮਾਲ ਪਟਵਾਰੀ ਦੀ ਨੌਕਰੀ ਮਿਲ ਗਈ। ਸਾਡੀ ਜਮੀਨ ਦੀ ਕੱਚੀ ਅਲਾਟਮੈਂਟ ਵੀ ਉਥੇ ਹੋ ਗਈ। ਉਜੜ ਕੇ ਆਏ ਲੋਕਾਂ ਬੜੀਆਂ ਮਿਹਨਤਾਂ ਕੀਤੀਆਂ ਤੇ ਤਕਲੀਫਾਂ ਝੱਲੀਆਂ। ਅਸੀਂ ਵਖਤਾਂ ਮਾਰਿਆਂ ਰੋਟੀ ਪਕਾਉਣ ਲਈ ਘਰ ਤੰਦੂਰ ਲਾ ਲਿਆ। ਲੋਕਾਂ ਪਿੰਡ ਵਿਚ ਰੌਲਾ ਪਾ ਦਿੱਤਾ ਕਿ ਰਫੂਜੀਆਂ ਰੋਟੀ ਪਕਾਣ ਵਾਲੀ ਮਸ਼ੀਨ ਲਾ ਲਈ। ਨਾ ਇਨ੍ਹਾਂ ਨੂੰ ਖਾਣਾ, ਨਾ ਪਕਾਉਣਾ ਤੇ ਨਾ ਪਾਣਾ ਆਉਂਦਾ ਸੀ। ਬਹੁਤੇ ਬੰਦੇ ਹੁੱਕੀਆਂ ਪੀ ਛੱਡਦੇ ਸਨ ਤੇ ਜਨਾਨੀਆਂ ਪੈਲੀਆਂ ‘ਚ ਕੰਮ ਕਰਦੀਆਂ ਸਨ। ਫੇਰ ਸਾਨੂੰ ਪੱਕੀ ਅਲਾਟਮੈਂਟ ਏਸ ਪਿੰਡ ਹੋਈ, ਦੋਵੇਂ ਪੁੱਤਰ ਆਪਣਾ ਆਪਣਾ ਟੱਬਰ ਨੌਕਰੀਆਂ ‘ਤੇ ਲੈ ਗਏ। ਫੇਰ ਕੀ ਸੀ, ਰਹਿ ਗਏ ਅਸੀਂ ਚਾਰ ਜੀ ਘਰ-ਦੋ ਧੀਆਂ ਤੇ ਦੋ ਜੀ ਅਸੀਂ। ਲੰਬੜਦਾਰ ਹੋਰਾਂ ਜਮੀਨ ਦੇ ਦਿੱਤੀ ਠੇਕੇ ‘ਤੇ, ਆਪ ਅਸੀਂ ਨੌਕਰ ਰੱਖ ਕੇ ਚਾਰ ਮਹੀਆਂ (ਮੱਝਾਂ) ਰੱਖ ਲਈਆਂ। ਲੰਬੜਦਾਰ ਹੋਰੀਂ ਬਣ ਗਏ ਪਿੰਡ ਦੇ ਸਰਪੰਚ। ਸਾਨੂੰ ਕਿਸੇ ਦੱਸਿਆ ਪਈ ਤੁਹਾਡੇ ਕੰਮੀ ਝਿਉਰ ਤੇ ਤਰਖਾਣ ਆ ਵਟਾਲੇ (ਬਟਾਲੇ) ਬੈਠੇ ਨੇ ਤੇ ਛੋਟੇ ਮੋਟੇ ਕੰਮ ਕਰਦੇ ਨੇ। ਤਿੰਨ ਘਰ ਝਿਉਰਾਂ ਦੇ ਤੇ ਦੋ ਘਰ ਤਰਖਾਣਾਂ ਦੇ ਸਨ। ਸਾਨੂੰ ਵੀ ਖੁਸ਼ੀ-ਗਮੀ ਵੇਲੇ ਘਰਾਂ ਵਿਚ ਕੰਮ ਕਰਨ ਲਈ ਕੰਮੀਆਂ ਦੀ ਥੁੜ੍ਹ ਸੀ। ਲੰਬੜਦਾਰ ਹੋਰਾਂ ਪੰਜਾਂ ਘਰਾਂ ਨੂੰ ਪਿੰਡ ਲਿਆ ਸਾਰਿਆਂ ਨੂੰ ਮੁਸਲਮਾਨਾਂ ਵਾਲੇ ਖਾਲੀ ਹੋਏ ਘਰ ਦਿੱਤੇ। ਉਨ੍ਹਾਂ ਲਿੱਪ ਪੋਚ ਘਰ ਸਵਾਰ ਲਏ ਤੇ ਆਪਣੀ ਕੰਮੀਂ ਕਾਰੀਂ ਲੱਗ ਗਏ।
ਉਦੋਂ ਨਲਕੇ ਨਹੀਂ ਸਨ ਘਰਾਂ ਵਿਚ। ਸਾਰੇ ਪਿੰਡ ਵਿਚ ਤਿੰਨ ਖੂਹੀਆਂ ਸਨ ਜਿੱਥੋਂ ਤਿੰਨੇ ਵੇਲੇ ਝਿਉਰਾਂ ਦੇ ਟੱਬਰ ਘਰ ਪਾਣੀ ਭਰ ਜਾਂਦੇ ਤੇ ਡੰਗਰ ਵੱਛੇ ਲਈ ਛੱਪੜ। ਪੁੱਤਰ, ਲੋਕਾਂ ਵਿਚ ਬੜਾ ਪਿਆਰ ਸੀ। ਪਿੰਡ ਦੀ ਧੀ ਸਭ ਦੀ ਧੀ। ਕੁੜੀ ਦੇ ਵਿਆਹ ਵਿਚ ਸਾਰਾ ਪਿੰਡ ਅੱਗੇ ਲੱਗ ਕੰਮ ਕਰਦਾ। ਸਹੁਰੇ ਜਾਣ ਲੱਗੀ ਕੁੜੀ ਸਾਰੇ ਘਰੀਂ ਮਿਲ ਕੇ ਜਾਂਦੀ ਤੇ ਪਿੰਡ ਦੀਆਂ ਜਨਾਨੀਆਂ ਉਹਨੂੰ ਤੋਰਨ ਪਿੰਡ ਦੀ ਜੂਹ ਤੱਕ ਜਾਂਦੀਆਂ। ਸਹੁਰੇ ਜਾਣ ਲੱਗੀ ਕੁੜੀ ਰੋ ਰੋ ਮਰ ਜਾਂਦੀ।”
ਸਰੂਪ ਸੁਣਦਾ ਸੁਣਦਾ ਉਂਘਲਾਉਣ ਲੱਗਾ ਤਾਂ ਬੇਬੇ ਕਹਿੰਦੀ, “ਪੁੱਤਰ ਸੌਂ ਜਾ ਬਾਕੀ ਫੇਰ ਸੁਣਾਊਂ।”
“ਨਹੀਂ, ਨਹੀਂ। ਮੈਂ ਜਾਗਦਾਂ ਬੇਬੇ ਜੀ! ਉਹ ਜਮੀਨ ਵਾਲੀ ਸੁਣਾਓ, ਕਿਵੇਂ ਲਈ ਸੀ?”
“ਪੁੱਤਰਾ! ਬੜੀ ਔਖੀ ਬਣਾਈ ਏ ਪੈਲੀ। ਸਾਡੇ ਗੁਆਂਢੀ ਵਿਰਕ ਵੇਚ ਕੇ ਯੂæਪੀæ ਟੁਰ ਗਏ ਸਨ। ਹੱਕ-ਸ਼ੁਫਾ ਕਰਕੇ ਬੜੀ ਮਹਿੰਗੀ ਛੇ ਕਿੱਲੇ ਲਈ, ਜੱਦੀ ਸਾਡੀ ਵੀਹ ਕਿੱਲੇ, ਉਸ ਵਿਚੋਂ ਅਸੀਂ ਮਰਲਾ ਨਹੀਂ ਵੇਚੀ। ਆਪਣੇ ਪਿਉ ਨੂੰ ਆਖ ਸ਼ਹਿਰ ਨਾ ਇੱਟਾਂ ਲਾਈ ਜਾਵੇ, ਪਿੰਡ ਵਿਚ ਕੋਈ ਮਰਲਾ ਖਰੀਦੇ। ਜੱਟ ਦੀ ਜਮੀਨ ਦੂਜੀ ਮਾਂ ਹੁੰਦੀ ਏ, ਏਹਨੂੰ ਵੇਚੀਦਾ ਨਹੀਂ। ਜਮੀਨ ਨਾਲ ਹੀ ਜੱਟ ਹਾਂ।”
ਇਹ ਬੇਬੇ ਜੀ ਮੇਰੇ ਦਾਦੀ ਜੀ ਸਨ। ਇਸ ਗੱਲ ਨੂੰ ਅੱਜ ਪੰਤਾਲੀ ਸਾਲ ਹੋ ਗਏ ਹਨ ਤੇ ਬੇਬੇ ਨੂੰ ਸਵਰਗਵਾਸ ਹੋਇਆਂ ਵੀ ਪੈਂਤੀ ਸਾਲ। ਮੈਂ ਅਮਰੀਕਾ ਤੋਂ ਵਾਪਿਸ ਆ ਕੇ ਕੁਝ ਦਿਨ ਪਹਿਲਾਂ ਆਪਣੇ ਹਿੱਸੇ ਦੀ ਜਮੀਨ ਵੇਚ ਦਿੱਤੀ ਹੈ। ਮੈਂ ਆਪਣੇ ਆਪ ਨੂੰ ਪਿੰਡ ਦੇ ਸਰੀਰ ਨਾਲੋਂ ਕੱਟਿਆ ਅੰਗ ਸਮਝ ਰਿਹਾ ਹਾਂ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਅੱਜ ਮੈਂ ਜਦੋਂ ਪਿੰਡੋਂ ਦਿੱਲੀ ਏਅਰਪੋਰਟ ਵੱਲ ਕਾਰ ‘ਤੇ ਚਾਲੇ ਪਾਵਾਂਗਾ, ਰਾਹ ਵਿਚ ਆਉਂਦੀਆਂ ਪਿੰਡ ਦੀਆਂ ਮੜ੍ਹੀਆਂ ਵਿਚੋਂ ਬੇਬੇ ਦੀ ਰੂਹ ਕੁਰਲਾਉਂਦੀ ਸੁਣਾਈ ਦੇਵੇਗੀ, “ਵੇ ਚੰਨ ਪੁੱਤਰ ਵੇਚ ਚੱਲਿਆਂ! ਮਾਂ ਜਮੀਨ ਨੂੰ!”