ਰਿਪੋਰਟਿੰਗ ਪਾਕਿਸਤਾਨ

ਤਿੰਨ ਸਾਲ ਪਹਿਲਾਂ ਮਈ 2014 ਵਿਚ ਪਾਕਿਸਤਾਨ ਨੇ ਭਾਰਤੀ ਪੱਤਰਕਾਰਾਂ ਮੀਨਾ ਮੈਨਨ ਅਤੇ ਸਨੇਹ ਅਲੈਕਸ ਫਿਲਿਪ ਉਤੇ ‘ਪਾਕਿਸਤਾਨ ਵਿਰੋਧੀ’ ਰਿਪੋਰਟਿੰਗ ਦੇ ਦੋਸ਼ ਲਾ ਕੇ ਮੁਲਕ ਵਿਚੋਂ ਚਲੇ ਜਾਣ ਦੇ ਹੁਕਮ ਕਰ ਦਿੱਤੇ ਸਨ। ਮੀਨਾ ਮੈਨਨ ਭਾਰਤ ਦੀ ਮਸ਼ਹੂਰ ਅੰਗਰੇਜ਼ੀ ਅਖਬਾਰ ‘ਦਿ ਹਿੰਦੂ’ ਲਈ ਰਿਪੋਰਟਿੰਗ ਕਰਦੀ ਸੀ। ਹਾਲ ਹੀ ਵਿਚ ਉਸ ਦੀ ਕਿਤਾਬ ‘ਰਿਪੋਰਟਿੰਗ ਪਾਕਿਸਤਾਨ’ ਆਈ ਹੈ ਜਿਸ ਵਿਚ ਉਸ ਨੇ ਪਾਕਿਸਤਾਨ ਵਿਚ ਆਪਣੇ ਵਸੇਬੇ ਵਾਲੇ ਵਕਤ ਦੀਆਂ ਬਾਤਾਂ ਪਾਈਆਂ ਹਨ। ਇਸ ਕਿਤਾਬ ਵਿਚੋਂ ਕੁਝ ਅੰਸ਼ ਪਾਠਕਾਂ ਲਈ ਪੇਸ਼ ਹਨ। -ਸੰਪਾਦਕ

ਭਾਰਤ ਤੋਂ ਬਾਹਰ ਇਹ ਮੇਰੀ ਪਹਿਲੀ ਪੋਸਟਿੰਗ ਸੀ। ਮੈਂ ਵਿਦੇਸ਼ੀ ਪੱਤਰਕਾਰ ਸਾਂ, ਪਰ ਜਿਥੇ ਮੇਰੀ ਪੋਸਟਿੰਗ ਹੋਈ, ਉਹ ਮੇਰੇ ਲਈ ਬਹੁਤਾ ਵਿਦੇਸ਼ੀ ਮੁਲਕ ਨਹੀਂ ਸੀ। ਉਤੇ ਕੰਮ ਕਰਨਾ ਆਸਾਨ ਵੀ ਸੀ ਅਤੇ ਔਖਾ ਵੀ। ਮੁੱਢ ਤੋਂ ਹੀ ਲੋਕ ਦੋਸਤਾਨਾ ਸਨ ਅਤੇ ਮੈਂ ਜੋ ਸੋਚਦੀ ਸਾਂ, ਉਸ ਤੋਂ ਮੈਨੂੰ ਕਿਤੇ ਘੱਟ ਔਖਿਆਈ ਹੋਈ। ਤੁਹਾਨੂੰ ਜਿਥੇ ਤਕ ਪੁੱਜਣ ਜਾਂ ਜੋ ਕੁਝ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਸੀ, ਉਸ ਲਈ ਤੁਹਾਨੂੰ ਅਫਸਰਾਂ ਦਾ ਸ਼ੁਕਰਗੁਜ਼ਾਰ ਹੋਣਾ ਬਣਦਾ ਸੀ- ਘੱਟੋ-ਘੱਟ ਤੁਹਾਡੇ ਤੋਂ ਤਵੱਕੋ ਤਾਂ ਇਹੋ ਹੀ ਕੀਤੀ ਜਾਂਦੀ ਸੀ। ਨਾਲ ਹੀ ਤੁਹਾਨੂੰ ਇਹ ਵੀ ਸਮਝਣਾ ਤੇ ਮੰਨਣਾ ਪੈਣਾ ਹੀ ਸੀ ਕਿ ਬਹੁਤ ਕੁਝ ਅਜਿਹਾ ਹੈ ਜਿਥੇ ਤਕ ਪਹੁੰਚ ਕਰਨ ਦੀ ਤੁਹਾਨੂੰ ਖੁੱਲ੍ਹ ਨਹੀਂ ਦਿੱਤੀ ਗਈ। ਮੇਰੇ ਮਾਮਲੇ ਵਿਚ ਤਾਂ ਬਹੁਤ ਛੇਤੀ ਸਮਾਂ ਅਜਿਹਾ ਆ ਗਿਆ ਜਦੋਂ ਪੂਰੇ ਮੁਲਕ (ਪਾਕਿਸਤਾਨ) ਨੂੰ ਹੀ ਮੇਰੀ ਪਹੁੰਚ ਤੋਂ ਬਾਹਰ ਕਰ ਦਿੱਤਾ ਗਿਆ। ਅਜਿਹਾ ਹੋਣ ਤੋਂ ਪਹਿਲਾਂ ਮੇਰੇ ਇਕ ਸਾਥੀ ਪੱਤਰਕਾਰ ਨੂੰ ਅਫਸਰਾਂ ਨੇ ਦੱਸ ਦਿੱਤਾ ਸੀ ਕਿ ਮੇਰੀਆਂ ਰਿਪੋਰਟਾਂ ਬਹੁਤ ‘ਪਾਕਿਸਤਾਨ ਵਿਰੋਧੀ’ ਹਨ; ਉਨ੍ਹਾਂ ਦੀ ਸੁਰ ਬਹੁਤ ਆਲੋਚਨਾਤਮਕ ਹੈ।
ਬਹੁਤੇ ਮੁਲਕਾਂ ਵਿਚ ਕਿਸੇ ਨਾ ਕਿਸੇ ਪੱਧਰ ‘ਤੇ ਇਹ ਵਤੀਰਾ ਹੁੰਦਾ ਹੀ ਹੈ ਕਿ ਜੇ “ਤੁਸੀਂ ਸਾਡੇ ਨਾਲ ਨਹੀਂ ਤਾਂ ਤੁਸੀਂ ਸਾਡੇ ਖਿਲਾਫ ਹੋ।” ਇਸਲਾਮਾਬਾਦ ਵਿਚ ਵੀ ਮੈਨੂੰ ਇਹੋ ਅਹਿਸਾਸ ਕਰਵਾਇਆ ਜਾਣ ਲੱਗਾ। ਇਸਲਾਮਾਬਾਦ ਵੱਲ ਰਵਾਨਾ ਹੋਣ ਤੋਂ ਪਹਿਲਾਂ ਮੈਂ ਆਪਣੀਆਂ ਦੋ ਸਹਿਕਰਮੀਆਂ- ਅਨੀਤਾ ਪ੍ਰਤਾਪ ਤੇ ਨਿਰੂਪਮਾ ਸੁਬਰਾਮਨੀਅਮ ਨਾਲ ਲੰਮਾ ਵਿਚਾਰ-ਵਟਾਂਦਰਾ ਕੀਤਾ ਸੀ। ਦੋਵੇਂ ਪਾਕਿਸਤਾਨ ਵਿਚ ਭਾਰਤੀ ਪੱਤਰਕਾਰ ਰਹਿ ਚੁੱਕੀਆਂ ਸਨ। ਅਜਿਹੀ ਚਰਚਾ ਸਦਕਾ ਪਾਕਿਸਤਾਨ ਵਿਚ ਘਰ ਕਿਵੇਂ ਬਣਾਉਣਾ ਹੈ, ਕੀ ਕਿਥੋਂ ਖ਼ਰੀਦਣਾ ਹੈ, ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਵਰਗਾ ਬਹੁਤ ਸਾਰਾ ਮੁੱਢਲਾ ਕੰਮ ਕਰਨ ਤੋਂ ਮੇਰਾ ਬਚਾਅ ਹੋ ਗਿਆ।
ਹੋਰ ਚਿਤਾਵਨੀਆਂ ਦੇ ਨਾਲ ਨਾਲ ਮੈਨੂੰ ਨਿਮਰਤਾ ਨਾਲ ਬੋਲਣ ਦੀ ਚਿਤਾਵਨੀ ਵੀ ਦਿੱਤੀ ਗਈ। ਮੈਂ ਮੁੰਬਈ ਤੋਂ ਸੀ ਅਤੇ ਸਾਡੀ ਬੰਬਈਆ ਹਿੰਦੀ ਕਿਸੇ ਤਕੱਲੁਫ਼ ਜਾਂ ਸ਼ੁੱਧਤਾ ਲਈ ਨਹੀਂ ਜਾਣੀ ਜਾਂਦੀ ਸੀ। ਹਿੰਦੀ ਵਿਚ ਮਰਦਾਵੀਂ ਤੇ ਜ਼ਨਾਨਾ ਭਾਸ਼ਾ ਲਈ ਸਖ਼ਤ ਵਿਆਕਰਨ ਵਰਤੀ ਜਾਂਦੀ ਹੈ। ਇਸ ਦੇ ਉਲਟ ਸਾਡੀ ਅਸ਼ੁੱਧ ਬੋਲੀ ਵਿਚ ਅਜਿਹੀ ਕੋਈ ਸੀਮਾ ਨਹੀਂ ਹੈ। ਇਕ ਮਹਿਲਾ ਵੀ ‘ਮੈਂ ਆਤਾ ਹੂੰ’ ਆਦਿ ਕਹਿ ਸਕਦੀ ਹੈ। ਸ਼ਬਦ ਅਤੇ ਵਾਕ ਛੋਟੇ ਹੋਣ ਕਾਰਨ ਇਨ੍ਹਾਂ ਵਿਚ ਕੋਈ ਨਜ਼ਾਕਤ ਨਜ਼ਰ ਨਹੀਂ ਆਉਂਦੀ ਸੀ ਅਤੇ ਕੋਈ ਵੀ ਆਪਣੀ ਮਰਜ਼ੀ ਮੁਤਾਬਿਕ ਕੁਰੱਖ਼ਤ ਬੋਲ ਸਕਦਾ ਸੀ। ਕੁਬੋਲ ਬੋਲਣ ਦਾ ਰਿਵਾਜ ਸੀ।
ਜ਼ਿਆਦਾਤਰ ਸਮਾਂ ਅਸੀਂ ਅੰਗਰੇਜ਼ੀ ਬੋਲਦੇ, ਪਰ ਹਿੰਦੀ ਜਾਂ ਉਰਦੂ ਵਿਚ ਗੱਲਬਾਤ ਕਰਨ ਸਮੇਂ ਮੈਨੂੰ ਸਹੀ ਸ਼ਬਦ ਬੋਲਣ ਦੀ ਗੱਲ ਯਾਦ ਰੱਖਣੀ ਪੈਂਦੀ। ਉਰਦੂ ਦੀ ਜਾਣਕਾਰੀ ਨਾ ਹੋਣਾ ਵੱਡਾ ਅੜਿੱਕਾ ਬਣ ਸਕਦਾ ਹੈ, ਭਾਵੇਂ ਮੈਂ ਗ਼ਜ਼ਲਾਂ ਅਤੇ ਸ਼ਾਇਰੀ ਨੂੰ ਪਸੰਦ ਕਰਦੀ ਸੀ। ਮੇਰਾ ਦੱਖਣ ਭਾਰਤੀ ਹੋਣਾ ਵੀ ਕਿਸੇ ਕੰਮ ਨਾ ਆਇਆ।
‘ਮਦਰਾਸੀਆਂ’ (ਭਾਰਤ ਵਿਚ ਵੀ ਸਾਰੇ ਦੱਖਣੀ ਭਾਰਤੀਆਂ ਨੂੰ ਮਦਰਾਸੀ ਕਿਹਾ ਜਾਂਦਾ ਹੈ, ਸੋ ਇਹ ਰੁਝਾਨ ਸਿਰਫ਼ ਪਾਕਿਸਤਾਨ ਤਕ ਸੀਮਿਤ ਨਹੀਂ ਹੈ) ਖ਼ਿਲਾਫ਼ ਇਕ ਹਾਸੋਹੀਣਾ ਰੁਝਾਨ ਸੀ ਅਤੇ ਇਸ ਵਿਚ ਇਹ ਵਿਸ਼ਵਾਸ ਵੀ ਸ਼ਾਮਲ ਸੀ ਕਿ ਅਸੀਂ ਕੁਝ ਅਸਭਿਅਕ, ਕਾਲੇ ਤੇ ਉਜੱਡ ਲੋਕ ਸੀ ਜੋ ਉਤਰੀ ਭਾਰਤ ਦੇ ਜਮਾਅ ਦੇਣ ਵਾਲੇ ਮੌਸਮ ਵਿਚ ਸੁੰਗੜ ਜਾਂਦੇ ਸੀ। ਦਰਅਸਲ, ਦਿੱਲੀ ਵਿਚ ਵੀ ਅਤਿ ਦੀ ਸਰਦੀ ਵਿਚ ਸਵੇਰ ਦੀ ਸੈਰ ਸਮੇਂ ਕਿਸੇ ਨੇ ਟਿੱਪਣੀ ਕੀਤੀ ਸੀ ਕਿ ਮੈਂ ‘ਮਦਰਾਸੀਆਂ’ ਵਰਗੇ ਕੱਪੜੇ ਪਹਿਨੇ ਹੋਏ ਸਨ।
ਮੈਨੂੰ ਮਿਲੇ ਕਈ ਲੋਕਾਂ ਨੇ ਸਾਨੂੰ ਪੰਜਾਬੀ ਘੱਟ ਸਮਝ ਆਉਂਦੀ ਹੋਣ ਦਾ ਮਖੌਲ ਵੀ ਉਡਾਇਆ ਜੋ ਮੈਨੂੰ ਬਿਲਕੁਲ ਵੀ ਨਹੀਂ ਸੀ ਆਉਂਦੀ। ਇਕ ਵਾਰ ਇਕ ਪਾਰਟੀ ਵਿਚ ਜਦੋਂ ਪੰਜਾਬੀ ਸ਼ਾਇਰੀ ਸੁਣਾਈ ਜਾ ਰਹੀ ਸੀ। ਮੈਂ ਇਸ ਦਾ ਮਤਲਬ ਪੁੱਛਿਆ ਤਾਂ ਮੈਨੂੰ ਚੰਗੀ ਝਾੜ ਪਾਈ ਗਈ। ਮੈਂ ਇਹ ਸਿੱਟਾ ਕੱਢਿਆ ਕਿ ਪੰਜਾਬੀ ਅਣਖ ਵੀ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਜਿੰਨੀ ਮਹਾਨ ਸੀ ਅਤੇ ਮੇਰੇ ਵੱਲੋਂ ਇਸ ਦਾ ਮਲਤਬ ਪੁੱਛੇ ਜਾਣ ਨੇ ਮਹਾਨ ਭਾਸ਼ਾ ਦੀ ਸ਼ਾਇਦ ਇਕ ਤਰ੍ਹਾਂ ਬੇਇਜ਼ਤੀ ਕੀਤੀ ਸੀ। ਸ਼ਾਇਰੀ ਸੁਣਾ ਰਹੇ ਸਿਆਸਤਦਾਨ ਨੇ ਵੀ ਕੁਝ ਅਜਿਹਾ ਹੀ ਕਿਹਾ ਸੀ। ਨੁਕਸਾਨ ਤਾਂ ਮੇਰਾ ਹੀ ਸੀ!
ਇਸ ਲਈ ਬੋਲਣ ਤੋਂ ਪਹਿਲਾਂ ਮੈਨੂੰ ਚੰਗੀ ਤਰ੍ਹਾਂ ਸੋਚ ਕੇ ਪੂਰੇ ਵਾਕ ਬਣਾਉਣੇ ਪੈਂਦੇ ਸਨ। ਕੋਈ ਵੀ ਗੱਲ ਨਿਮਰਤਾ ਨਾਲ ਆਖਣ ਵਿਚ ਮੈਨੂੰ ਦੁੱਗਣਾ ਸਮਾਂ ਲੱਗਿਆ, ਪਰ ਮੈਂ ਇਸ ਦੀ ਜਾਚ ਸਿੱਖ ਲਈ। ਜਦੋਂ ਮੈਂ ਇਕ ਵਾਰ ਫੇਸਬੁੱਕ ‘ਤੇ ਗ਼ਾਲਿਬ ਦੀ ਸ਼ਾਇਰੀ ਪੋਸਟ ਕੀਤੀ ਤਾਂ ਮੇਰੇ ਇਕ ਪੰਜਾਬੀ ਦੋਸਤ ਨੂੰ ਇਹ ਦੇਖ ਕੇ ਝਟਕਾ ਲੱਗਿਆ ਕਿ ਮੈਨੂੰ ਇਸ ਬਾਰੇ ਪਤਾ ਸੀ। ਮੈਂ ਆਪਣੇ ਦੋਸਤ ਨੂੰ ਦੱਸਿਆ ਕਿ ਜਿਵੇਂ ‘ਮਦਰਾਸੀਆਂ’ ਨੂੰ ਭੰਡਿਆ ਜਾਂਦਾ ਹੈ, ਉਵੇਂ ਹੀ ਪੰਜਾਬੀਆਂ ਨੂੰ ਵੀ ਵਿਆਹ ਉਤੇ ਅੰਨ੍ਹਾ ਖ਼ਰਚ ਕਰ ਕੇ ਦਿਖਾਵਾ ਕਰਨ ਵਾਲੇ ਕੁਚੱਜੇ ਲੋਕ ਮੰਨਿਆ ਜਾਂਦਾ ਹੈ।
ਮੈਨੂੰ ਉਹ ਨਿੱਘੇ ਤੇ ਮਹਿਮਾਨ ਨਿਵਾਜ਼ ਜਾਪੇ ਜਿਨ੍ਹਾਂ ਨੂੰ ਆਪਣੀ ਭਾਸ਼ਾ ਤੇ ਸਭਿਆਚਾਰ ਉਤੇ ਮਾਣ ਹੈ। ਉਹ ਆਪਣੇ ਜਿੰਨੇ ਹੀ ਮਾਣਮੱਤੇ, ਮਹਿਮਾਨ ਨਿਵਾਜ਼ ਅਤੇ ਛਬੀਲੇ ਪਖਤੂਨਾਂ ਨਾਲ ਝੜਪਦੇ ਰਹਿੰਦੇ ਸਨ। ਨੁਕਸਾਨ ਰਹਿਤ ਦੋਸਤਾਨਾ ਪੱਧਰ ਉਤੇ ਇਹ ਬਹੁਤ ਮਜ਼ਾਹੀਆ ਸੀ, ਪਰ ਕੌਮੀ ਪੱਧਰ ‘ਤੇ ਇਹ ਗੰਭੀਰ ਸਿਆਸੀ ਪਾੜੇ ਦਾ ਆਧਾਰ ਸੀ। ਜਦੋਂ ਇਕ ਪੰਜਾਬੀ ਵਕੀਲ ਨੇ ਇਕ ਪਖਤੂਨ ਮਿੱਤਰ ਨਾਲ ਪੰਜਾਬੀ ਵਿਚ ਗੱਲ ਕੀਤੀ ਤਾਂ ਉਸ ਨੂੰ ਵੱਢ ਖਾਣ ਨੂੰ ਪਈ ਅਤੇ ਉਸ ਨੂੰ ਉਸ ਭਾਸ਼ਾ ਵਿਚ ਗੱਲ ਕਰਨ ਲਈ ਕਿਹਾ ਜੋ ਉਹ ਸਮਝ ਸਕਦੀ ਸੀ। ਕਈ ਵਾਰ ਸਾਡੇ ਦੋਸਤਾਂ ਵਿਚ ਵੀ ਅਜਿਹੇ ਝਗੜੇ ਹੁੰਦੇ ਸਨ ਜੋ ਕਦੇ ਕਦੇ ਬਹੁਤ ਗੰਭੀਰ ਹੋ ਜਾਂਦੇ ਸਨ।
ਇਹ ਗੱਲ ਨਹੀਂ ਸੀ। ਮੈਂ ਕਲਪਨਾ ਵੀ ਨਹੀਂ ਕੀਤੀ ਕਿ ਮੈਂ ਕਦੇ ਪਾਕਿਸਤਾਨ ਵਿਚ ਪੱਤਰਕਾਰ ਵਜੋਂ ਜਾਵਾਂਗੀ ਅਤੇ ਇਸ ਲਈ ਮੈਂ ਆਪਣੀ ਨਾਮਜ਼ਦਗੀ ਬਾਰੇ ਸੁਣ ਕੇ ਹੈਰਾਨ ਹੋ ਗਈ ਸੀ। ਜਦੋਂ ‘ਦਿ ਹਿੰਦੂ’ ਤਤਕਾਲੀ ਸੰਪਾਦਕ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਇਸਲਾਮਾਬਾਦ ਵਿਚ ਤਬਾਦਲਾ ਪਸੰਦ ਕਰਾਂਗੀ ਤਾਂ ਮੈਂ ਹਾਂ ਕਹਿਣ ਤੋਂ ਪਹਿਲਾਂ ਦੂਜੀ ਵਾਰ ਵੀ ਨਹੀਂ ਸੋਚਿਆ।
2011 ਵਿਚ ਕਰਾਚੀ ਦੇ ਆਪਣੇ ਦੌਰੇ ਤੋਂ ਬਾਅਦ ਹੈਦਰਾਬਾਦ ਵਿਚ ਮੈਂ ਰਾਜਧਾਨੀ ਜਾਣ ਲਈ ਉਤਾਵਲੀ ਸੀ, ਭਾਵੇਂ ਇਸ ਦਾ ਮਤਲਬ ਸਫ਼ਰ ਦੀ ਬਹੁਤੀ ਗੁੰਜਾਇਸ਼ ਨਾ ਹੋਣ ‘ਤੇ ਉਤੇ ਫਸ ਜਾਣਾ ਸੀ। ਮੈਂ ਮਹਿਸੂਸ ਕੀਤਾ ਕਿ ਇਹ ਬਹੁਤ ਹੀ ਰਸ਼ਕ ਵਾਲੀ ਪੋਸਟਿੰਗ ਸੀ। ਇਕ ਸਾਬਕਾ ਪੱਤਰਕਾਰ ਅਤੇ ਵਿਦੇਸ਼ੀ ਸਬੰਧਾਂ ਦੀ ਮਾਹਿਰ ਨੇ ਸਭ ਤੋਂ ਯਾਦਗਾਰੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਜੋ ਇੰਨੀ ਉਤਸ਼ਾਹਿਤ ਸੀ ਕਿ ਉਸ ਨੇ ਮੈਨੂੰ ਆਪਣੇ ਸਾਰੇ ਕੱਪੜੇ ਘਰ ਹੀ ਛੱਡ ਜਾਣ ਅਤੇ ਉਤੇ ਜਾ ਕੇ ਸਾਰੇ ਕੱਪੜੇ ਬਣਵਾਉਣ ਲਈ ਕਿਹਾ। ਪਾਕਿਸਤਾਨ ਵਿਚ ਕੀਤੀ ਜਾਂਦੀ ਉਤਮ ਸਿਲਾਈ ਦੀ ਆਪਣੀ ਹੀ ਪ੍ਰਸਿਧੀ ਹੈ। ਮੈਂ ਮੰਨਦੀ ਹਾਂ ਕਿ ਮੇਰੇ ਮਨ ਵਿਚ ਇਹ ਗੱਲ ਸਭ ਤੋਂ ਆਖ਼ਰੀ ਚੀਜ਼ ਸੀ ਕਿਉਂਕਿ ਮੈਨੂੰ ਆਮ ਤੌਰ ‘ਤੇ ਦਰਜ਼ੀਆਂ ਕੋਲ ਗੇੜੇ ਕੱਢਣਾ ਥਕਾਊ ਲੱਗਦਾ ਹੈ। ਮੈਂ ਭਾਵੇਂ ਉਥੋਂ ਵੀ ਕੁਝ ਕੱਪੜੇ ਸਿਲਾਏ।
ਸ਼ੁਰੂਆਤ ਵਿਚ ਲੋਕਾਂ ਦੇ ਨਿੱਘੇ ਸੁਭਾਅ ਅਤੇ ਇਸਲਾਮਾਬਾਦ ਵਿਚ ਆਰਾਮ ਨਾਲ ਰਹਿਣ ਕਾਰਨ ਆਪਣੇ ਲਈ ਭਲਾਈ ਵਾਲੀ ਭਾਵਨਾ ਸਦਕਾ ਮੇਰੇ ਮਨ ਨੂੰ ਟਿਕਾਅ ਸੀ। ਗਰਮੀਆਂ ਦੇ ਅੰਤ ਵਿਚ ਅਸੀਂ ਉਤੇ ਪੁੱਜ ਗਏ ਅਤੇ ਛੇਤੀ ਹੀ ਤਾਪਮਾਨ ਘਟ ਗਿਆ ਅਤੇ ਸਾਨੂੰ ਪੱਖਿਆਂ ਦੀ ਲੋੜ ਵੀ ਨਾ ਰਹੀ।
ਜਨਵਰੀ 2014 ਵਿਚ ਪਖ਼ਾਨੇ ਦੀ ਬਦਬੂ ਨਾਲ ਭਰੇ ਵਰਾਂਡੇ ਵਾਲੇ ਵੀਜ਼ਾ ਦਫ਼ਤਰ ਦੀ ਇਕ ਆਮ ਫੇਰੀ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਨਾਲ ਮਾੜੀ ਹੋਈ ਸੀ। ਦੋ ਆਦਮੀ ਇਕ ਤਰ੍ਹਾਂ ਮੇਰੇ ਨਾਲ ਟਕਰਾਏ। ਇਹ ਸਬੱਬ ਨਹੀਂ ਹੋ ਸਕਦਾ। ਸਲਵਾਰ ਕਮੀਜ਼ ਪਹਿਨੀ ਦਾੜ੍ਹੀ ਵਾਲਾ ਇਕ ਪ੍ਰਾਣੀ ਭੁੱਲ ਹੋਈ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਸਾਰਾ ਸਮਾਂ ਲਲਚਾਈਆਂ ਨਜ਼ਰਾਂ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਦੂਜਾ, ਉਸ ਤੋਂ ਛੋਟੀ ਉਮਰ ਦਾ ਗੋਭਲਾ ਜਿਹਾ ਆਦਮੀ ਆਪਣੀ ਹਰਕਤ ‘ਤੇ ਕਸੂਤੀ ਸਥਿਤੀ ਮਹਿਸੂਸ ਕਰ ਰਿਹਾ ਸੀ।
ਉਸੇ ਸ਼ਾਮ ਉਹ ਇਕ ਕੈਫ਼ੇ ਵਿਚ ਆ ਗਏ, ਜਿਥੇ ਮੈਂ ਇੰਟਰਵਿਊ ਲਈ ਕਿਸੇ ਨੂੰ ਮਿਲਣ ਵਾਸਤੇ ਉਡੀਕ ਕਰ ਰਹੀ ਸੀ। ਮੈਂ ਦਰਵਾਜ਼ੇ ਨੇੜੇ ਸੋਫ਼ੇ ਉਤੇ ਬੈਠੀ ਸੀ ਕਿ ਦਾੜ੍ਹੀ ਵਾਲੇ ਨੇ ਕੱਚ ਦਾ ਦਰਵਾਜ਼ਾ ਖੋਲ੍ਹਿਆ ਅਤੇ ਮੈਨੂੰ ਦੇਖ ਕੇ ਅਚਾਨਕ ਰੁਕ ਗਿਆ। ਮੈਨੂੰ ‘ਖੌਫ਼ਜ਼ਦਾ’ ਕਰਨ ਦੀ ਸੰਤੁਸ਼ਟੀ ਹੋਣ ਉਤੇ ਉਸ ਨੇ ਦਰਵਾਜ਼ਾ ਇਕਦਮ ਬੰਦ ਕੀਤਾ ਅਤੇ ਬਾਹਰ ਚਲਾ ਗਿਆ। ਮੈਂ ਕਦੇ ਕਦੇ ਸੋਚਦੀ ਸੀ ਕਿ ਇਨ੍ਹਾਂ ਦੀ ਹੁਸ਼ਿਆਰੀ ਕਿਸੇ ਬਿਹਤਰ ਕੰਮ ਲਈ ਵਰਤੀ ਜਾ ਸਕਦੀ ਸੀ। ਮਿਸਾਲ ਵਜੋਂ ਨੌਜਵਾਨਾਂ ਨੂੰ ਖ਼ੁਦ ਨੂੰ ਜਨਤਕ ਥਾਵਾਂ ਉਤੇ ਬੰਬਾਂ ਨਾਲ ਉਡਾਉਣ ਜਾਂ ਉਨ੍ਹਾਂ ਨੂੰ ਗਿਰਜਿਆਂ, ਅਦਾਲਤਾਂ ਅਤੇ ਬਾਜ਼ਾਰਾਂ ਵਿਚ ਤਬਾਹੀ ਮਚਾਉਣ ਤੋਂ ਰੋਕਣ ਵਿਚ।
ਜਦੋਂ ਮੈਂ ਪਹਿਲੀ ਵਾਰ ਕਿਸੇ ਸਫ਼ੀਰ ਦੇ ਘਰ ਗਈ ਤਾਂ ਅਸੀਂ ਹਿਚਕਿਚਾਉਂਦਿਆਂ ਕਾਰ ਵਿਚੋਂ ਉਤਰੇ। ਲਾਲ ਮੁੱਛਾਂ ਵਾਲੇ ਹੱਟੇ-ਕੱਟੇ ਆਦਮੀ ਨੇ ਸਾਡਾ ਸਵਾਗਤ ਕੀਤਾ। ਉਸ ਨੇ ਤਸੱਲੀ ਨਾਲ ਮੇਰਾ ਨਾਂ ਬੋਲਿਆ। ਮੈਂ ਪ੍ਰਭਾਵਿਤ ਹੋਈ ਕਿ ਉਹ ਮੈਨੂੰ ਜਾਣਦਾ ਸੀ ਤੇ ਇੰਨਾ ਸਵਾਗਤ ਕਰ ਰਿਹਾ ਸੀ, ਪਰ ਸਫ਼ੀਰ ਨੇ ਹੱਸਦਿਆਂ ਕਿਹਾ ਕਿ ਉਹ ‘ਮਿੱਤਰ’ ਸਨ। ਕੁਝ ਭਲੇ ਲੋਕਾਂ ਨੇ ਤਾਂ ਮੈਨੂੰ ਇਥੋਂ ਤਕ ਦੱਸਿਆ ਕਿ ਇਹ ਲੋਕ ਮੇਰੀ ਸੁਰੱਖਿਆ ਲਈ ਸਨ ਅਤੇ ਉਹ ਕਾਫ਼ੀ ਮਦਦਗਾਰ ਹੋ ਸਕਦੇ ਹਨ।
______________________________________
ਪਾਕਿਸਤਾਨ ਅਤੇ ਖੱਬੇ-ਪੱਖੀ ਲਹਿਰ
ਪਾਕਿਸਤਾਨ ਦੀ ਕਿਸੇ ਮਿਲਟਰੀ ਯੂਨਿਟ ਵਿਚ ਟਰੇਡ ਯੂਨੀਅਨ ਦੀ ਮੌਜੂਦਗੀ ਦੀ ਕੋਈ ਕਲਪਨਾ ਕਰ ਸਕਦਾ ਹੈ? ਅਸਲੀਅਤ ਤਾਂ ਇਹ ਹੈ ਕਿ ਅਜਿਹੀ ਟਰੇਡ ਯੂਨੀਅਨ ਬਣੀ ਅਤੇ ਉਹ ਵੀ 1949 ਵਿਚ। ਪਾਕਿਸਤਾਨ ਅਵਾਮੀ ਵਰਕਰਜ਼ ਪਾਰਟੀ ਦੇ ਪ੍ਰਧਾਨ ਮਿੰਟੋ ਨੇ ਮੁਸਕਣੀਆਂ ਲੈਂਦਿਆਂ ਮੈਨੂੰ ਦੱਸਿਆ ਕਿ ਉਸ ਸਾਲ ਉਹ ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ (ਸੀæਪੀæਪੀæ) ਦਾ ਮੈਂਬਰ ਬਣਿਆ ਅਤੇ ਮੈਂਬਰ ਬਣਨ ਤੋਂ ਬਾਅਦ ਉਸ ਨੇ ਪਹਿਲਾ ਕੰਮ ਮਿਲਟਰੀ ਇੰਜਨੀਅਰਿੰਗ ਸਰਵਿਸ (ਐਮæਈæਐਸ਼) ਵਿਚ ਟਰੇਡ ਯੂਨੀਅਨ ਦੀ ਸਥਾਪਨਾ ਦੇ ਰੂਪ ਵਿਚ ਕੀਤਾ। ਇਸ ਤੋਂ ਅਗਲੀ ਯੂਨੀਅਨ ਅਟਕ ਦੀ ਬਹੁਕੌਮੀ ਤੇਲ ਕੰਪਨੀ ਵਿਚ ਕਾਇਮ ਕੀਤੀ ਗਈ। ਪਾਕਿਸਤਾਨ ਵਿਚ ਕਮਿਊਨਿਸਟ ਲਹਿਰ ਨੂੰ ਭਾਵੇਂ ਦੇਸ਼ ਦੀ ਵਸੋਂ ਦੇ ਬਹੁਤ ਛੋਟੇ ਜਿਹੇ ਹਿੱਸੇ ਤੋਂ ਹੀ ਹੁੰਗਾਰਾ ਮਿਲਦਾ ਰਿਹਾ, ਫਿਰ ਵੀ 1990ਵਿਆਂ ਵਿਚ ਸੋਵੀਅਤ ਸੰਘ ਦੀ ਟੁੱਟ-ਭੱਜ ਤੋਂ ਖੱਬੇ ਪੱਖੀਆਂ ਨੂੰ ਵੱਡਾ ਝਟਕਾ ਲੱਗਿਆ ਅਤੇ ਇਹ ਲਹਿਰ ਬਿਖ਼ਰ ਗਈ। ਹੁਣ ਇਸ ਨੂੰ ਨਵੇਂ ਸਿਰਿਉਂ ਜਥੇਬੰਦ ਕਰਨ ਦੇ ਯਤਨ ਜਾਰੀ ਹਨ ਅਤੇ ਤਿੰਨ ਪਾਰਟੀਆਂ (ਲੇਬਰ, ਅਵਾਮੀ ਪਾਰਟੀ ਅਤੇ ਵਰਕਰਜ਼ ਪਾਰਟੀ) ਦਾ ਰਲੇਵਾਂ ਖੱਬੇ ਪੱਖੀ ਲਹਿਰ ਨੂੰ ਸੁਰਜੀਤ ਕਰਨ ਦੇ ਯਤਨਾਂ ਦਾ ਹਿੱਸਾ ਹੈ।
ਕੁਝ ਖੱਬੇ ਪੱਖੀਆਂ ਨੂੰ ਮਿਲਣ ਦਾ ਮੌਕਾ ਮੈਨੂੰ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ (ਪੀæਡਬਲਿਊæਏæ) ਦੀ ਮੀਟਿੰਗ ਦੌਰਾਨ ਮਿਲਿਆ। ਐਸੋਸੀਏਸ਼ਨ ਦੇ ਕਮਿਊਨਿਸਟ ਸਿਧਾਂਤਕਾਰ ਪ੍ਰੋæ ਸੱਜਾਦ ਜ਼ਹੀਰ ਦੀ ਬੇਟੀ ਨੂਰ ਜ਼ਹੀਰ ਨਾਲ ਮੁਲਾਕਾਤ ਦੇ ਨਾਮ ‘ਤੇ ਇਹ ਪ੍ਰੋਗਰਾਮ ਕਰਵਾਇਆ। ਉਹ ਆਪਣੀਆਂ ਕਿਤਾਬਾਂ ਬਾਰੇ ਬੋਲਣ ਲਈ ਨਵੀਂ ਦਿੱਲੀ ਤੋਂ ਇਸਲਾਮਾਬਾਦ ਆਈ ਸੀ। ਪੀæਡਬਲਿਊæਏæ ਦੀ ਲਾਲ ਇੱਟਾਂ ਵਾਲੀ ਇਮਾਰਤ ਵਿਚ ਸਥਿਤ ਛੋਟੇ ਜਿਹੇ ਹਾਲ ਵਿਚ ਇਹ ਪ੍ਰੋਗਰਾਮ ਹੋਇਆ। ਮੇਰੇ ਪਿੱਛੇ ਲੱਗੇ ਪਾਕਿਸਤਾਨੀ ਸੂਹੀਏ ਵੀ ਇਸੇ ਇਮਾਰਤ ਵਿਚ ਪਹੁੰਚੇ ਹੋਏ ਸਨ। ਮੀਟਿੰਗ ਦੌਰਾਨ ਜਦੋਂ ਮੈਂ ਕਿਸੇ ਕੰਮ ਬਾਹਰ ਆਈ ਤਾਂ ਮੈਂ ਉਨ੍ਹਾਂ ਨੂੰ ਪ੍ਰਬੰਧਕਾਂ ਤੋਂ ਪੁੱਛਗਿੱਛ ਕਰਦਿਆਂ ਦੇਖਿਆ। ਜਦੋਂ ਹਾਲ ਵੱਲ ਜਾਣ ਦੀ ਥਾਂ ਮੈਂ ਗ਼ਲਤ ਪੌੜੀਆਂ ਚੜ੍ਹ ਗਈ ਤਾਂ ਉਨ੍ਹਾਂ ਨੂੰ ਉਥੇ ਦੇਖ ਕੇ ਮੈਂ ਉਨ੍ਹਾਂ ਨੂੰ ਹਾਲ ਵੱਲ ਦਾ ਸਹੀ ਰਾਹ ਪੁੱਛਿਆ। ਇਸ ‘ਤੇ ਇਕ ਬੋਲਿਆ, “ਕਿਥੇ ਜਾਣਾ ਹੈæææ? ਭਾਰਤ?” ਅਜਿਹੇ ਕੁਸੈਲੇ ਤਜਰਬੇ ਦੇ ਬਾਵਜੂਦ ਮੈਨੂੰ ਖ਼ੁਸ਼ੀ ਸੀ ਕਿ ਮੈਂ ਉਥੇ ਗਈ। ਮੈਂ ਉਥੇ ਕਈ ਪ੍ਰਗਤੀਸ਼ੀਲ ਲੇਖਕਾਂ ਨੂੰ ਮਿਲੀ। ਹਰ ਪਾਸੇ ਹੇਰਵਾ ਹਾਵੀ ਸੀ। ਲੋਕ ਨੂਰ ਜ਼ਹੀਰ ਨੂੰ ਬੜੀ ਨਿੱਘ ਨਾਲ ਮਿਲ ਰਹੇ ਸਨ। ਉਹ ਉਸ ਨੂੰ ਕਾਮਰੇਡ ਨੂਰ ਵਜੋਂ ਸੰਬੋਧਨ ਕਰ ਰਹੇ ਸਨ। ਆਖ਼ਿਰ ਉਹ ਪ੍ਰੋæ ਸੱਜਾਦ ਜ਼ਹੀਰ ਦੀ ਬੇਟੀ ਸੀ। ਉਹ ਪ੍ਰੋæ ਜ਼ਹੀਰ ਜੋ ਕਮਿਊਨਿਸਟ ਪਾਰਟੀ ਆਫ਼ ਪਾਕਿਸਤਾਨ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦੇ ਪ੍ਰਧਾਨਗੀ ਕਾਲ ਦੌਰਾਨ ਹੀ 1954 ਵਿਚ ਪਾਰਟੀ ਉਤੇ ਪਾਬੰਦੀ ਲਾਈ ਗਈ ਸੀ।
ਮੈਂ ਨੂਰ ਨੂੰ ਉਸੇ ਸਵੇਰ ਪੀæਡਬਲਿਊæਏæ ਦੇ ਗੈਸਟ ਹਾਊਸ ਵਿਚ ਮਿਲੀ ਸੀ। ਚਾਹ ਪੀਂਦਿਆਂ ਹੋਈ ਗੱਲਬਾਤ ਦੌਰਾਨ ਨੂਰ ਨੇ ਕਿਹਾ ਕਿ ਨਾ ਸਿਰਫ਼ ਪਾਕਿਸਤਾਨ ਅੰਦਰਲੇ ਵੱਖ ਵੱਖ ਕਮਿਊਨਿਸਟ ਗਰੁੱਪਾਂ ਸਗੋਂ ਸਮੁੱਚੇ ਦੱਖਣ ਏਸ਼ੀਆ ਦੇ ਕਮਿਊਨਿਸਟ ਗਰੁੱਪਾਂ ਨੂੰ ਇਕਮੁੱਠ ਤੇ ਇਕਜੁੱਟ ਹੋਣਾ ਚਾਹੀਦਾ ਹੈ। ਉਸ ਦੇ ਪਿਤਾ ਵਿਰਾਸਤ ਤੇ ਜ਼ਿੰਮੇਵਾਰੀ ਪਿੱਛੇ ਛੱਡ ਗਏ ਸਨ ਜਿਸ ਨੂੰ ਪੂਰਿਆਂ ਕਰਨਾ ਉਹ ਆਪਣਾ ਫ਼ਰਜ਼ ਸਮਝਦੀ ਸੀ। ਉਸ ਮੌਕੇ ਆਵਾਮੀ ਵਰਕਰਜ਼ ਪਾਰਟੀ ਦੇ ਸਕੱਤਰ ਜਨਰਲ ਆਸਿਮ ਸੱਜਾਦ ਅਖ਼ਤਰ ਨੇ ਦਲੀਲ ਦਿੱਤੀ ਸੀ ਕਿ ਖੱਬੇ ਪੱਖੀਆਂ ਨੂੰ ਉਦਾਰਵਾਦੀਆਂ (ਲਿਬਰਲਜ਼) ਤੋਂ ਅਲਹਿਦਾ ਰਹਿੰਦਿਆਂ ਵੱਖਰੀ ਪਛਾਣ ਬਣਾਉਣੀ ਚਾਹੀਦੀ ਹੈ। ਇਹ ਉਸ ਦਾ ਸਪਸ਼ਟ ਮਤ ਸੀ ਕਿ ਕਮਿਊਨਿਸਟਾਂ ਨੂੰ ਮਹਿਜ਼ ਕਾਰਕੁਨਾਂ ਵਾਲੀ ਭੂਮਿਕਾ ਨਿਭਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਕੋਈ ਨਿੱਗਰ ਲਹਿਰ ਤਿਆਰ ਕਰਨੀ ਚਾਹੀਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਾਰੇ ਗਰੁੱਪ ਖ਼ੁਦ-ਬਖ਼ੁਦ ਇਕਜੁਟ ਹੋਣੇ ਸ਼ੁਰੂ ਹੋ ਜਾਣਗੇ।
ਪਾਕਿਸਤਾਨ ਕਮਿਊਨਿਸਟ ਪਾਰਟੀ 1948 ਵਿਚ ਵਜੂਦ ਵਿਚ ਆਈ ਸੀ। ਇਸ ਦੇ ਸੰਸਥਾਵਾਂ ਵਿਚ ਸੱਜਾਦ ਜ਼ਹੀਰ ਤੋਂ ਇਲਾਵਾ ਦੋ ਸਾਬਕਾ ਕਾਂਗਰਸੀ ਆਗੂ ਸਿਬਤੇ ਹਸਨ ਤੇ ਅਸ਼ਫ਼ਾਕ ਬੇਗ ਸ਼ਾਮਲ ਸਨ। 1950ਵਿਆਂ ਵਿਚ ਦੁਨੀਆਂ ਭਰ ਵਿਚ ਕਮਿਊਨਿਸਟ ਲਹਿਰ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਸੀ, ਪਰ ਪਾਕਿਸਤਾਨ ਵਿਚ ਇਹ ਹੁੰਗਾਰਾ ਮੱਠਾ ਸੀ। 1954 ਵਿਚ ਆਪਣੇ ਸਿਖ਼ਰਲੇ ਦਿਨਾਂ ਦੌਰਾਨ ਵੀ ਇਸ ਦੇ ਮਹਿਜ਼ 650 ਕਾਰਡ ਹੋਲਡਰ ਮੈਂਬਰ ਸਨ। ਇਹ ਸੰਖਿਆ ਬਹੁਤ ਘੱਟ ਸੀ, ਪਰ ਇਨ੍ਹਾਂ ਮੈਂਬਰਾਂ ਦਾ ਉਤਸ਼ਾਹ ਦੇਖਣਯੋਗ ਸੀ। ਇਨ੍ਹਾਂ ਦੀਆਂ ਨੀਤੀਆਂ ਬਹੁਤ ਸਪਸ਼ਟ ਸਨ, ਪਰ ਜਿਵੇਂ ਹੀ ਇਸ ਉਤੇ ਪਾਬੰਦੀ ਲੱਗੀ, ਇਸ ਦੇ ਕੇਡਰ ਦਾ ਉਤਸ਼ਾਹ ਵੀ ਬਿਖ਼ਰ ਗਿਆ ਅਤੇ ਪਾਰਟੀ ਟੁੱਟ-ਭੱਜ ਗਈ।