ਪਰਮਪਾਲ ਸਿੰਘ ਔਲਖ
ਫਿਲਮਸਾਜ਼ ਗੁਰਿੰਦਰ ਚੱਢਾ ਨੇ ਆਪਣੀ ਨਵੀਂ ਫ਼ਿਲਮ ‘ਪਾਰਟੀਸ਼ਨ 1947’ (ਇਸ ਫਿਲਮ ਦਾ ਨਾਂ ਪਹਿਲਾਂ ‘ਦਿ ਹਾਊਸ ਆਫ਼ ਵਾਇਸਰਾਏ’ ਰੱਖਿਆ ਗਿਆ ਸੀ) ਵਿਚ ਮਸ਼ਹੂਰ ਗੀਤ ‘ਦਮਾ ਦਮ ਮਸਤ ਕਲੰਦਰ’ ਸ਼ਾਮਲ ਕੀਤਾ ਹੈ। ਇਹ ਗੀਤ ਉਘੇ ਗਾਇਕ ਹੰਸ ਰਾਜ ਹੰਸ ਨੇ ਗਾਇਆ ਹੈ। ਇਸ ਫਿਲਮ ਲਈ ਸੰਗੀਤ ਏæਆਰæ ਰਹਿਮਾਨ ਨੇ ਦਿੱਤਾ ਹੈ। ਗੁਰਿੰਦਰ ਚੱਢਾ ਨੇ ਇਸ ਗੀਤ ਲਈ ਕਾਫੀ ਮਿਹਨਤ ਕੀਤੀ ਅਤੇ ਕਰਵਾਈ ਹੈ।
ਉਂਜ, ਸੰਗੀਤਕਾਰ ਏæਆਰæ ਰਹਿਮਾਨ ਨੇ ਇਸ ਗੀਤ ਨੂੰ ਪਾਕਿਸਤਾਨੀ ਸੰਗੀਤਕਾਰ ਮਾਸਟਰ ਆਸ਼ਿਕ ਹੁਸੈਨ ਵਾਲੀ ਤਰਜ਼ ਦੇ ਹੀ ਨੇੜੇ-ਤੇੜੇ ਰੱਖਿਆ ਹੈ। ਰਹਿਮਾਨ ਦੱਸਦਾ ਹੈ ਕਿ ਇਸ ਗੀਤ ਬਾਰੇ ਸਾਰੀ ਦੀ ਸਾਰੀ ਖੋਜ ਇਕੱਲੀ ਗੁਰਿੰਦਰ ਚੱਢਾ ਨੇ ਹੀ ਕੀਤੀ ਹੈ। ਇਸ ਗੀਤ ਨੂੰ ਹੰਸ ਰਾਜ ਹੰਸ ਨੇ ਰੂਹ ਨਾਲ ਗਾਇਆ ਹੈ, ਪਰ ਕੁਝ ਸੰਗੀਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਹ ਪੇਸ਼ਕਾਰੀ ਪਿਛਲੀਆਂ ਵੰਨਗੀਆਂ ਤੋਂ ਅਗਾਂਹ ਨਹੀਂ ਜਾ ਸਕੀ। ਦਰਅਸਲ, ਇਸ ਗੀਤ ਲਈ ਸੰਗੀਤ ਤਿਆਰ ਕਰਨ ਵੇਲੇ ਏæਆਰæ ਰਹਿਮਾਨ ਇਸ ਨੂੰ ਆਪਣਾ ਨਿਵੇਕਲਾ ‘ਟੱਚ’ ਦੇਣ ਤੋਂ ਖੁੰਝ ਗਿਆ ਹੈ। ਉਸ ਨੇ ਇਸ ਗੀਤ ਲਈ ਕੋਈ ਨਵਾਂ ਤਜਰਬਾ ਨਹੀਂ ਕੀਤਾ। ਹੋ ਸਕਦਾ ਹੈ, ਇਹ ਗੁਰਿੰਦਰ ਦੀ ਹੀ ਮੰਗ ਹੋਵੇ!
ਯਾਦ ਰਹੇ ਕਿ ਇਹ ਗੀਤ ਸਿੰਧ ਸੂਬੇ ਦੇ ਨਿੱਕੇ ਜਿਹੇ ਕਸਬੇ ਸਹਿਵਾਨ ਵਿਚ ਸਥਿਤ ਲਾਲ ਸ਼ਾਹਬਾਜ਼ ਕਲੰਦਰ (1178-1274) ਨਾਲ ਸਬੰਧਤ ਹੈ। ਸ਼ਾਹਬਾਜ਼ ਕਲੰਦਰ ਸੂਫ਼ੀਆਂ ਦੀ ਉਸ ਧਾਰਾ ਨਾਲ ਸਬੰਧਤ ਹੈ ਜੋ ਬਹੁਲਵਾਦੀ ਸਮਾਜ ਦੀ ਪੈਰਵੀ ਕਰਦੇ ਹਨ। ਸ਼ਾਹਬਾਜ਼ ਦੀ ਇਸ ਮਜ਼ਾਰ ‘ਤੇ ਹਰ ਸਾਲ ਉਰਸ ਭਰਦਾ ਹੈ ਅਤੇ ਇਸ ਵਿਚ ਮੁਸਲਮਾਨ ਤੇ ਗੈਰ ਮੁਸਲਮਾਨ, ਸਭ ਵਧ-ਚੜ੍ਹ ਕੇ ਹਾਜ਼ਰੀ ਭਰਦੇ ਹਨ। ਲਾਲ ਸ਼ਾਹਬਾਜ਼ ਕਲੰਦਰ ਦਾ ਅਸਲ ਨਾਂ ਸੱਯਦ ਉਸਮਾਨ ਸ਼ਾਹ ਮਾਰਵੰਡੀ ਸੀ, ਪਰ ਉਸ ਦੇ ਨਾਂ ਨਾਲ ਸਦਾ ਸਦਾ ਲਈ ‘ਲਾਲ’ ਜੁੜ ਗਿਆ, ਕਿਉਂਕਿ ਉਹ ਲਾਲ ਲਿਬਾਸ ਪਹਿਨਦਾ ਸੀ।
ਇਤਿਹਾਸ ਮੁਤਾਬਕ, ਇਹ ਗੀਤ ਪਹਿਲਾਂ ਅਮੀਰ ਖੁਸਰੋ (1253-1325) ਨੇ ਲਿਖਿਆ ਸੀ ਅਤੇ ਬਾਅਦ ਵਿਚ ਬਾਬਾ ਬੁੱਲ੍ਹੇਸ਼ਾਹ (1680-1757) ਨੇ ਇਸ ਗੀਤ ਵਿਚ ਕੁਝ ਕੁ ਸੋਧ-ਸੁਧਾਈ ਕੀਤੀ। ਮਗਰੋਂ ਕਿਤੇ ਜਾ ਕੇ ਮਾਸਟਰ ਆਸ਼ਿਕ ਹੁਸੈਨ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਅਤੇ ਫਿਰ ਇਸ ਗੀਤ ਨੂੰ ਪਾਕਿਸਤਾਨ ਤੇ ਬੰਲਗਾਦੇਸ਼ ਦੇ ਕਈ ਉਘੇ ਫਨਕਾਰਾਂ ਨੇ ਆਵਾਜ਼ ਦਿੱਤੀ। ਇਨ੍ਹਾਂ ਵਿਚ ਨੂਰ ਜਹਾਂ, ਰੂਣਾਂ ਲੈਲਾ, ਨੁਸਰਤ ਫਤਿਹ ਅਲੀ ਖਾਨ, ਆਬਿਦਾ ਪਰਵੀਨ, ਸਾਬਰੀ ਭਰਾ, ਰੇਸ਼ਮਾ, ਕੋਮਲ ਰਿਜ਼ਵੀ ਅਤੇ ਜਨੂੰਨ (ਸੰਗੀਤ ਗਰੁਪ) ਸ਼ਾਮਲ ਹਨ। ਭਾਰਤੀ ਕਲਾਕਾਰਾਂ ਵਿਚੋਂ ਇਹ ਗੀਤ ਗਾਉਣ ਵਾਲੀਆਂ ਵਿਚ ਬਡਾਲੀ ਭਰਾ, ਮੀਕਾ ਸਿੰਘ ਅਤੇ ਹੁਣ ਹੰਸ ਰਾਜ ਹੰਸ ਦੇ ਨਾਂ ਜੁੜੇ ਹੋਏ ਹਨ। ਪਿਛੇ ਜਿਹੇ ਲੰਡਨ ਵਸਦੇ ਇਰਾਨੀ ਗੱਭਰੂ ਸਾਮੀ ਯੂਸਫ਼ ਨੇ ਵੀ ਇਹ ਗੀਤ ਗਾਇਆ ਹੈ।
ਗੁਰਿੰਦਰ ਚੱਢਾ ਨੇ ਪਹਿਲਾਂ ਇਹ ਸਾਰੇ ਗੀਤ ਸੁਣੇ ਅਤੇ ਫਿਰ ਸੰਗੀਤਕਾਰ ਰਹਿਮਾਨ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਆਸ਼ਿਕ ਹੁਸੈਨ ਵਾਲੀ ਤਰਜ਼ ਕਾਇਮ ਰੱਖਣ ਦਾ ਫੈਸਲਾ ਕੀਤਾ। ਗੁਰਿੰਦਰ ਦੀ ਇਹ ਫਿਲਮ ਇਸੇ ਸਾਲ 18 ਅਗਸਤ ਨੂੰ ਰਿਲੀਜ਼ ਹੋਣੀ ਹੈ ਅਤੇ ਇਸ ਦਾ ਸੰਗੀਤ ਹੁਣੇ ਹੀ ਕਲਾ ਜਗਤ ਵਿਚ ਧੁੰਮਾਂ ਪਾ ਰਿਹਾ ਹੈ। ਇਸ ਫਿਲਮ ਵਿਚ ‘ਦਮਾ ਦਮ ਮਸਤ ਕਲੰਦਰ’ ਤੋਂ ਇਲਾਵਾ ਸ਼੍ਰੇਆ ਘੋਸ਼ਾਲ, ਹਰੀਹਰਨ ਵੱਲੋਂ ਗਾਏ ਗੀਤਾਂ ਦੀ ਵੀ ਖੂਬ ਤਾਰੀਫ ਹੋ ਰਹੀ ਹੈ। ਫਿਲਮ ਵਿਚ ਓਮ ਪੁਰੀ, ਹੁਮਾ ਕੁਰੈਸ਼ੀ, ਗਿਲੀਅਨ ਐਂਡਰਸ਼ਨ, ਹਿਊ ਗੌਣਗਿਲੇ ਆਦਿ ਕਲਾਕਾਰ ਵੱਖ ਵੱਖ ਕਿਰਦਾਰ ਨਿਭਾਅ ਰਹੇ ਹਨ।