ਜਮਹੂਰੀਅਤ ਦਾ ਮੁਕੰਮਲ ਮਜਮਾ!

ਅਰੁੰਧਤੀ ਰਾਏ
ਕੀ ਇਹ ਅਜਿਹਾ ਸੰਪੂਰਨਤਾ ਦਾ ਦਿਨ ਨਹੀਂ ਸੀ? ਮੇਰਾ ਮਤਲਬ, ਜੋ ਕੁੱਝ ਦਿੱਲੀ ਵਿਚ ਕੀਤਾ ਗਿਆ। ਦਿੱਲੀ ‘ਚ ਬਸੰਤ ਨੇ ਹਾਲੇ ਦਸਤਕ ਦਿੱਤੀ ਹੀ ਸੀ, ਸੂਰਜ ਅਜੇ ਚੜ੍ਹਿਆ ਹੀ ਸੀ, ਅਤੇ ਕਾਨੂੰਨ ਨੇ ਆਪਣਾ ਕੰਮ ਕਰ ਦਿਖਾਇਆ। ਐਨ ਛਾਹ ਵੇਲੇ, 2001 ਦੇ ਸੰਸਦ ਉੱਪਰ ਹਮਲੇ ਵਾਲੇ ਕੇਸ ਵਿਚ ਮੁੱਖ ਦੋਸ਼ੀ ਠਹਿਰਾਏ ਅਫਜ਼ਲ ਗੁਰੂ ਨੂੰ ਚੁੱਪ-ਚੁਪੀਤੇ ਫਾਹੇ ਲਾ ਦਿੱਤਾ ਗਿਆ ਅਤੇ ਉਸ ਦੀ ਲਾਸ਼ ਤਿਹਾੜ ਜੇਲ੍ਹ ‘ਚ ਦਫਨਾ ਦਿੱਤੀ ਗਈ। ਕੀ ਉਸ ਨੂੰ ਮਕਬੂਲ ਭੱਟ ਦੇ ਨੇੜੇ ਦਫ਼ਨਾਇਆ ਗਿਆ? (ਇਕ ਹੋਰ ਕਸ਼ਮੀਰੀ ਜਿਸ ਨੂੰ 11 ਫਰਵਰੀ 1984 ‘ਚ ਤਿਹਾੜ ਜੇਲ੍ਹ ‘ਚ ਫਾਹੇ ਲਾਇਆ ਗਿਆ ਸੀ) ਅਫਜ਼ਲ ਦੇ ਬੇਟੇ (ਗਾਲਿਬ) ਤੇ ਉਸ ਦੀ ਪਤਨੀ (ਤਬੱਸਮ) ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਗ੍ਰਹਿ ਸਕੱਤਰ ਨੇ ਪ੍ਰੈੱਸ ਨੂੰ ਦੱਸਿਆ, “ਅਥਾਰਟੀ ਨੇ ਉਸ ਦੇ ਪਰਿਵਾਰ ਨੂੰ ਸਪੀਡ ਪੋਸਟ ਅਤੇ ਰਜਿਸਟਰਡ ਪੋਸਟ ਰਾਹੀਂ ਇਤਲਾਹ ਭੇਜੀ ਸੀ, ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਇਹ ਪਤਾ ਲਾਉਣ ਲਈ ਕਿਹਾ ਗਿਆ ਹੈ ਕਿ ਕੀ ਉਨ੍ਹਾਂ ਨੂੰ ਇਤਲਾਹ ਮਿਲੀ ਜਾਂ ਨਹੀਂ।” ਕੋਈ ਬਾਹਲੀ ਵੱਡੀ ਗੱਲ ਨਹੀਂ, ਉਹ ਤਾਂ ਮਹਿਜ਼ ਕਸ਼ਮੀਰੀ ਦਹਿਸ਼ਤਪਸੰਦ ਦੇ ਪਰਿਵਾਰ ਵਾਲੇ ਹਨ!
ਇਸ ਵਿਲੱਖਣ ਏਕਤਾ ਦੀ ਘੜੀ ਕੌਮ, ਜਾਂ ਘੱਟੋਘੱਟ ਇਸ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਸੀæਪੀæਐੱਮæ ਨੇ (‘ਦੇਰੀ’ ਜਾਂ ‘ਸਮੇਂ’ ਬਾਰੇ ਕੁਝ ਰੇੜਕੇ ਨੂੰ ਛੱਡ ਕੇ) ਕਾਨੂੰਨ ਦੇ ਰਾਜ ਦੀ ਫ਼ਤਹਿ ਦੇ ਜਸ਼ਨ ਮਿਲ-ਜੁਲ ਕੇ ਮਨਾਏ। ਕੌਮ ਦੀ ਰੂਹ ਨੇ ਸਾਡੇ ਉੱਪਰ ਆਪਣੀ ਸਮੂਹਿਕ ਬੌਧਿਕ ਛਾਪ ਛੱਡੀ ਜਿਸ ਦਾ ਇਨ੍ਹੀਂ ਦਿਨੀਂ ਸਿੱਧਾ ਪ੍ਰਸਾਰਨ ਟੀæਵੀæ ਸਟੂਡੀਓ ‘ਤੋਂ ਹੋ ਰਿਹਾ ਹੈ-ਆਪਣੀ ਵੇਦਨਾ ਦੀ ਦਾਸਤਾਂ ਅਤੇ ਤੱਥਾਂ ਉੱਪਰ ਪੂਰੀ ਪਕੜ ਦੇ ਰੂਪ ‘ਚ ਆਮ ਪਰੋਸੇ ਜਾਂਦੇ ਮਿਲਗੋਭੇ ਦੀ ਛਾਪ। ਉਹ ਆਦਮੀ ਹੁਣ ਭਾਵੇਂ ਮੁਰਦਾ ਸੀ ਅਤੇ ਇਸ ਜਹਾਨੋਂ ਕੂਚ ਕਰ ਗਿਆ ਸੀ, ਫਿਰ ਵੀ ਇਨ੍ਹਾਂ ਨੂੰ ਝੁੰਡਾਂ ਦੇ ਰੂਪ ‘ਚ ਸ਼ਿਕਾਰ ਕਰਨ ਵਾਲੇ ਬੁਜ਼ਦਿਲਾਂ ਵਾਂਗ, ਇਕ ਦੂਜੇ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਮਹਿਸੂਸ ਹੋ ਰਹੀ ਸੀ। ਸ਼ਾਇਦ ਇਸ ਡੂੰਘੇ ਅਹਿਸਾਸ ਕਾਰਨ, ਕਿਉਂਕਿ ਉਹ ਜਾਣਦੇ ਹਨ ਕਿ ਉਹ ਸਾਰੇ ਭਿਆਨਕ ਅਤੇ ਘਿਣਾਉਣਾ ਕੰਮ ਅੰਜਾਮ ਦੇਣ ਲਈ ਇਕਜੁੱਟ ਹੋਏ ਹਨ।
ਸੱਚ ਕੀ ਹੈ?
13 ਦਸੰਬਰ 2001 ਨੂੰ ਅਸਲੇ ਨਾਲ ਲੈਸ ਪੰਜ ਆਦਮੀ ਚਿੱਟੇ ਰੰਗ ਦੀ ਅੰਬੈਸਡਰ ਕਾਰ ਜਿਸ ਵਿਚ ਵਿਸਫੋਟਕ ਇੰਪਰੋਵਾਈਜਡ ਐਕਸਪਲੋਜਿਵ ਡਿਵਾਈਸ ਰੱਖਿਆ ਹੋਇਆ ਸੀ, ਵਿਚ ਸਵਾਰ ਹੋ ਕੇ ਸੰਸਦ ਭਵਨ ‘ਚ ਜਾ ਘੁਸੇ। ਜਦੋਂ ਉਨ੍ਹਾਂ ਨੂੰ ਲਲਕਾਰਿਆ ਗਿਆ ਤਾਂ ਉਹ ਛਾਲਾਂ ਮਾਰ ਕੇ ਕਾਰ ‘ਚੋਂ ਬਾਹਰ ਆ ਗਏ ਅਤੇ ਗੋਲੀਆਂ ਦਾ ਮੀਂਹ ਵਰਸਾਉਣ ਲੱਗੇ। ਉਨ੍ਹਾਂ ਨੇ ਅੱਠ ਸੁਰੱਖਿਆ ਮੁਲਾਜ਼ਮ ਅਤੇ ਇਕ ਮਾਲੀ ਥਾਏਂ ਮਾਰ ਮੁਕਾਏ। ਇਸ ਪਿੱਛੋਂ ਹੋਈ ਗੋਲੀਬਾਰੀ ‘ਚ ਉਹ ਸਾਰੇ ਮਾਰੇ ਗਏ। ਕਿਹਾ ਜਾਂਦਾ ਹੈ ਕਿ ਪੁਲਿਸ ਹਿਰਾਸਤ ‘ਚ ਕੀਤੇ ਇਕਬਾਲ ‘ਚ ਅਫਜ਼ਲ ਗੁਰੂ ਨੇ ਇਨ੍ਹਾਂ ਦੀ ਸ਼ਨਾਖ਼ਤ ਮੁਹੰਮਦ, ਰਾਣਾ, ਰਾਜਾ, ਹਮਜ਼ਾ ਅਤੇ ਹੈਦਰ ਵਜੋਂ ਕੀਤੀ ਸੀ। ਉਸ ਦੇ ਕਈ ਤਰ੍ਹਾਂ ਦੇ ਇਕਬਾਲੀਆ ਬਿਆਨਾਂ ਦੀ ਚਰਚਾ ਹੁੰਦੀ ਰਹੀ ਹੈ। ਉਨ੍ਹਾਂ ਹਮਲਾਵਰਾਂ ਬਾਰੇ ਅਸੀਂ ਅੱਜ ਵੀ ਬੱਸ ਇੰਨਾ ਕੁ ਹੀ ਜਾਣਦੇ ਹਾਂ। ਉਸ ਸਮੇਂ ਮੁਲਕ ਦੇ ਗ੍ਰਹਿ ਮੰਤਰੀ ਐੱਲ਼ਕੇæ ਅਡਵਾਨੀ ਦਾ ਕਹਿਣਾ ਸੀ ਉਹ ‘ਪਾਕਿਸਤਾਨੀ ਜਾਪਦੇ ਸਨ’। (ਖ਼ੁਦ ਸਿੰਧੀ ਹੋਣ ਕਾਰਨ ਉਹ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਕਿ ਪਾਕਿਸਤਾਨੀ ਕਿਹੋ ਜਹੇ ਹੁੰਦੇ ਹਨ!) ਮਹਿਜ਼ ਅਫਜ਼ਲ ਦੇ ਇਕਬਾਲੀਆ ਬਿਆਨ (ਜਿਸ ਨੂੰ ਪਿੱਛੋਂ ਮੁਲਕ ਦੀ ਸਰਵਉੱਚ ਅਦਾਲਤ ਨੇ ‘ਲਾਪਰਵਾਹੀ’ ਅਤੇ ‘ਕਾਨੂੰਨੀ ਤੌਰ-ਤਰੀਕਿਆਂ ਦੀਆਂ ਬੇਨਿਯਮੀਆਂ’ ਵਾਲਾ ਕਹਿ ਕੇ ਰੱਦ ਕਰ ਦਿੱਤਾ) ਦੇ ਆਧਾਰ ‘ਤੇ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਪਣੇ ਸਫ਼ੀਰ ਨੂੰ ਵਾਪਸ ਬੁਲਾ ਲਿਆ ਅਤੇ ਪੰਜ ਲੱਖ ਫ਼ੌਜੀ ਪਾਕਿਸਤਾਨ ਦੀ ਸਰਹੱਦ ‘ਤੇ ਭੇਜਣ ਲਈ ਲਾਮਬੰਦ ਕਰ ਲਏ। ਪਰਮਾਣੂ ਯੁੱਧ ਦੀ ਚਰਚਾ ਹੋਣ ਲੱਗੀ। ਬਦੇਸ਼ੀ ਸਫ਼ਾਰਤਖ਼ਾਨਿਆਂ ਨੇ ਵੀਜ਼ਾ ਸਲਾਹਕਾਰ ਲਾ ਦਿੱਤੇ ਅਤੇ ਦਿੱਲੀ ਤੋਂ ਆਪਣਾ ਅਮਲਾ-ਫੈਲਾ ਹਟਾ ਲਿਆ। ਇਹ ਖਿੱਚੋਤਾਣ ਕਈ ਮਹੀਨੇ ਚਲਦੀ ਰਹੀ ਅਤੇ ਭਾਰਤ ਨੂੰ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ।
14 ਦਸੰਬਰ 2001 ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦਾਅਵਾ ਕੀਤਾ ਕਿ ਉਸ ਨੇ ਹਮਲਾ ਕਰਨ ਵਾਲਿਆਂ ਦਾ ਸੁਰਾਗ਼ ਲਾ ਲਿਆ ਹੈ। 15 ਦਸੰਬਰ ਨੂੰ ਸੈੱਲ ਨੇ ਇਸ ਦੇ ‘ਮੁੱਖ ਸਾਜ਼ਿਸ਼ਘਾੜੇ’ ਪ੍ਰੋਫੈਸਰ ਐੱਸ਼ਏæਆਰæ ਗਿਲਾਨੀ ਨੂੰ ਦਿੱਲੀ ਤੋਂ ਅਤੇ ਸ਼ੌਕਤ ਗੁਰੂ ਤੇ ਅਫਜ਼ਲ ਗੁਰੂ ਨੂੰ ਸ੍ਰੀਨਗਰ ਦੀ ਫ਼ਲਾਂ ਦੀ ਮੰਡੀ ਤੋਂ ਗ੍ਰਿਫ਼ਤਾਰ ਕਰ ਲਿਆ। ਬਾਅਦ ‘ਚ ਸ਼ੌਕਤ ਦੀ ਪਤਨੀ ਅਫ਼ਸਾਂ ਗੁਰੂ ਨੂੰ ਵੀ ਫੜ ਲਿਆ ਗਿਆ। ਮੀਡੀਆ ਨੇ ਵਿਸ਼ੇਸ਼ ਸੈੱਲ ਦੀ ਕਹਾਣੀ ਦਾ ਹੁੱਬ ਕੇ ਪ੍ਰਸਾਰਨ ਕੀਤਾ। ਇਸ ਦੀਆਂ ਕੁਝ ਸੁਰਖ਼ੀਆਂ ਇਸ ਤਰ੍ਹਾਂ ਸਨ: ‘ਦਿੱਲੀ ਯੂਨੀਵਰਸਿਟੀ ਦਾ ਲੈਕਚਰਾਰ ਸਾਜ਼ਿਸ਼ ਦਾ ਧੁਰਾ ਨਿਕਲਿਆ’, ‘ਵਰਸਿਟੀ ਡੌਨ ਨੇ ਕੀਤੀ ਫ਼ਿਦਾਇਨ ਹਮਲੇ ਦੀ ਰਾਹਨੁਮਾਈ’, ‘ਫ਼ੁਰਸਤ ਦੇ ਪਲਾਂ ‘ਚ ਦਹਿਸ਼ਤ ਬਾਰੇ ਲੈਕਚਰ ਝਾੜਿਆ ਕਰਦਾ ਸੀ ਡੌਨ’। ਜ਼ੀæਟੀæਵੀæ ਨੇ 13 ਦਸੰਬਰ ਨਾਂ ਦੇ ‘ਦਸਤਾਵੇਜ਼ੀ ਨਾਟਕ’ ਦਾ ਪ੍ਰਸਾਰਨ ਕੀਤਾ ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਮਨਪ੍ਰਚਾਵੇ ਲਈ ਫਿਲਮਾਇਆ ਇਹ ਪ੍ਰਸਾਰਨ ‘ਪੁਲਿਸ ਦੀ ਫ਼ਰਦੇ-ਜੁਰਮ ‘ਤੇ ਆਧਾਰਤ ਸੱਚੀ ਕਹਾਣੀ’ ਹੈ। (ਜੇ ਪੁਲਿਸ ਦੀ ਕਹਾਣੀ ਨੂੰ ਹੀ ਸੱਚ ਮੰਨਣਾ ਹੈ, ਫਿਰ ਅਦਾਲਤਾਂ ਕਾਹਦੇ ਲਈ ਹਨ?) ਮੌਕੇ ਦੇ ਪ੍ਰਧਾਨ ਮੰਤਰੀ (ਅਟਲ ਬਿਹਾਰੀ) ਵਾਜਪਾਈ ਅਤੇ ਐੱਲ਼ਕੇæ ਅਡਵਾਨੀ ਨੇ ਸ਼ਰੇਆਮ ਇਸ ਫਿਲਮੀ ਪ੍ਰੋਗਰਾਮ ਦੀ ਤਾਰੀਫ਼ ਕੀਤੀ। ਸਰਵਉੱਚ ਅਦਾਲਤ ਨੇ ਇਹ ਕਹਿ ਕੇ ਇਸ ਦੇ ਪ੍ਰਸਾਰਨ ‘ਤੇ ਰੋਕ ਲਾਉਣੋਂ ਨਾਂਹ ਕਰ ਦਿੱਤੀ ਕਿ ਮੀਡੀਆ ਦਾ ਜੱਜਾਂ ਉੱਪਰ ਕੋਈ ਪ੍ਰਭਾਵ ਨਹੀਂ ਪਵੇਗਾ। ਇਹ ਫਿਲਮੀ ਪ੍ਰੋਗਰਾਮ ਅਫਜ਼ਲ, ਸ਼ੌਕਤ ਅਤੇ ਗਿਲਾਨੀ ਨੂੰ ਫਾਸਟ ਟਰੈਕ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਸਾਰਤ ਕੀਤਾ ਗਿਆ। ਇਸ ਤੋਂ ਪਿੱਛੋਂ, ਉੱਚ ਅਦਾਲਤ ਨੇ ‘ਮੁੱਖ ਸਾਜ਼ਿਸ਼ੀ’ ਪ੍ਰੋਫੈਸਰ ਐੱਸ਼ਏæਆਰæ ਗਿਲਾਨੀ ਅਤੇ ਅਫ਼ਸਾਂ ਗੁਰੂ ਨੂੰ ਬਰੀ ਕਰ ਦਿੱਤਾ। ਸਰਵਉੱਚ ਅਦਾਲਤ ਨੇ ਇਹ ਫ਼ੈਸਲਾ ਬਰਕਰਾਰ ਰੱਖਿਆ, ਪਰ ਆਪਣੇ 5 ਅਗਸਤ 2005 ਦੇ ਫ਼ੈਸਲੇ ‘ਚ ਮੁਹੰਮਦ ਅਫਜ਼ਲ ਨੂੰ ਤੀਹਰੀ ਉਮਰ ਕੈਦ ਅਤੇ ਦੋਹਰੀ ਮੌਤ ਦੀ ਸਜ਼ਾ ਵੀ ਸੁਣਾ ਦਿੱਤੀ ਗਈ।
ਕੁਝ ਸੀਨੀਅਰ ਪੱਤਰਕਾਰਾਂ ਵੱਲੋਂ ਸਾਰਾ ਕੁਝ ਜਾਣਦੇ ਹੋਏ ਵੀ ਫੈਲਾਏ ਗਏ ਝੂਠ ਦੇ ਉਲਟ, ਅਫਜ਼ਲ ਗੁਰੂ “ਸੰਸਦ ਭਵਨ ਉੱਪਰ 13 ਦਸੰਬਰ 2005 ਨੂੰ ਹਮਲਾ ਕਰਨ ਵਾਲੇ ਦਹਿਸ਼ਤਪਸੰਦਾਂ” ਵਿਚੋਂ ਇਕ ਨਹੀਂ ਸੀ, ਨਾ ਹੀ ਉਹ “ਸੁਰੱਖਿਆ ਅਮਲੇ ਉੱਪਰ ਗੋਲੀਆਂ ਦੀ ਬੌਛਾੜ ਕਰ ਕੇ ਉਨ੍ਹਾਂ ਵਿਚੋਂ ਤਿੰਨ ਨੂੰ ਥਾਏਂ ਢੇਰ ਕਰ ਦੇਣ ਵਾਲਿਆਂ” ਵਿਚ ਸ਼ਾਮਲ ਸੀ। (ਇਹ ਹੋਰ ਕਿਸੇ ਨੇ ਨਹੀਂ, ਭਾਜਪਾ ਦੇ ਰਾਜ ਸਭਾ ਮੈਂਬਰ ਚੰਦਨ ਮਿਤਰਾ ਨੇ 7 ਅਕਤੂਬਰ 2006 ਦੇ ਦਿ ਪਾਈਨੀਅਰ ਅਖ਼ਬਾਰ ਵਿਚ ਲਿਖਿਆ ਸੀ)। ਇੱਥੋਂ ਤੱਕ ਕਿ ਪੁਲਿਸ ਦੀ ਫ਼ਰਦੇ-ਜੁਰਮ ਵੀ ਅਫਜ਼ਲ ਨੂੰ ਇਸ ਦਾ ਦੋਸ਼ੀ ਨਹੀਂ ਕਹਿੰਦੀ। ਸਰਵਉੱਚ ਅਦਾਲਤ ਦਾ ਫ਼ੈਸਲਾ ਕਹਿੰਦਾ ਹੈ ਕਿ ਇਸ ਮਾਮਲੇ ਦੇ “ਸਬੂਤ ਹਾਲਾਤ ਆਧਾਰਤ ਹਨ। ਜ਼ਿਆਦਾਤਰ ਸਾਜ਼ਿਸ਼ਾਂ ਵਾਂਗ, ਇਸ ਮੁਜਰਮਾਨਾ ਸਾਜ਼ਿਸ਼ ਦੀ ਗਵਾਹੀ ਦਿੰਦੇ ਸਬੂਤ ਨਹੀਂ ਹਨ ਅਤੇ ਹੋ ਵੀ ਨਹੀਂ ਸਕਦੇ।” ਪਰ ਅੱਗੇ ਇਹ ਕਹਿੰਦੀ ਹੈ: “ਭਾਰੀ ਨੁਕਸਾਨ ਪਹੁੰਚਾਉਣ ਵਾਲੇ ਅਤੇ ਪੂਰੀ ਕੌਮ ਨੂੰ ਕੰਬਣੀ ਛੇੜ ਦੇਣ ਵਾਲੇ ਹਮਲੇ ਨੂੰ ਦੇਖਦਿਆਂ ਸਮਾਜ ਦੀ ਸਮੂਹਿਕ ਰੂਹ ਨੂੰ ਸ਼ਾਂਤੀ ਫਿਰ ਹੀ ਮਿਲੇਗੀ ਜੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ”।
ਸਾਡੀ ਸਮੂਹਿਕ ਰੂਹ ਨੂੰ ਘੜਨ ਵਾਲੇ ਕੌਣ ਹਨ? ਕੀ ਮੀਡੀਆ ਵਲੋਂ ਸਾਨੂੰ ਪਰੋਸੇ ਤੱਥਾਂ ਰਾਹੀਂ ਘੜੀ ਚੇਤਨਾ ਇਹ ਸਮੂਹਿਕ ਰੂਹ ਹੋ ਸਕਦੀ ਹੈ? ਟੀæਵੀæ ‘ਤੇ ਸਾਨੂੰ ਦਿਖਾਏ ਪ੍ਰੋਗਰਾਮਾਂ ਦੀ ਘੜੀ ਹੋਈ ਰੂਹ?
ਕੁਝ ਲੋਕ ਇਹ ਦਲੀਲ ਦੇਣਗੇ ਕਿ ਐੱਸ਼ਏæਆਰæ ਗਿਲਾਨੀ ਨੂੰ ਬਰੀ ਕੀਤੇ ਜਾਣ ਅਤੇ ਅਫਜ਼ਲ ਨੂੰ ਸਜ਼ਾ ਦਿੱਤੇ ਜਾਣ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਇਸ ਮਾਮਲੇ ਦੀ ਸੁਣਵਾਈ ਸਾਫ਼-ਸੁਥਰੇ ਤਰੀਕੇ ਨਾਲ ਨਹੀਂ ਹੋਈ। ਕੀ ਸੱਚਮੁੱਚ ਇੰਞ ਹੋਇਆ?
ਫਾਸਟ ਟਰੈਕ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਮਈ 2006 ਨੂੰ ਸ਼ੁਰੂ ਹੋਈ। ਉਸ ਵਕਤ ਕੁਲ ਆਲਮ ਹਾਲੇ ਵੀ 9 ਸਤੰਬਰ ਦੇ ਜਨੂੰਨ ਦੀ ਲਪੇਟ ‘ਚ ਸੀ। ਅਮਰੀਕੀ ਨਿਜ਼ਾਮ ਅਫ਼ਗਾਨਿਸਤਾਨ ‘ਚ ਆਪਣੀ ‘ਫ਼ਤਹਿ’ ਦੇ ਅਗਾਊਂ ਗਰੂਰ ‘ਚ ਡੰਕੇ ਵਜਾ ਰਿਹਾ ਸੀ। ਗੁਜਰਾਤ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਦੌਰ ਚੱਲ ਰਿਹਾ ਸੀ। ਅਜਿਹੇ ਹਾਲਾਤ ਵਿਚ ਕਾਨੂੰਨ ਸੰਸਦ ਉੱਪਰ ਹਮਲੇ ਦੇ ਮਾਮਲੇ ‘ਚ ਆਪਣਾ ਕੰਮ ਕਰ ਰਿਹਾ ਸੀ। ਕਿਸੇ ਅਪਰਾਧ ਦੇ ਮਾਮਲੇ ਦੇ ਅਹਿਮ ਪੜਾਅ ‘ਤੇ ਜਦੋਂ ਸਬੂਤ ਪੇਸ਼ ਕੀਤੇ ਜਾਂਦੇ ਹਨ, ਜਦੋਂ ਗਵਾਹੀਆਂ ਬਾਰੇ ਜਿਰ੍ਹਾ ਕੀਤੀ ਜਾਂਦੀ ਹੈ, ਜਦੋਂ ਕਾਨੂੰਨੀ ਦਲੀਲਾਂ ਦੀ ਬੁਨਿਆਦ ਤਿਆਰ ਕੀਤੀ ਜਾਂਦੀ ਹੈ-ਉੱਚ ਅਦਾਲਤ ਅਤੇ ਸਰਵਉੱਚ ਅਦਾਲਤ ‘ਚ ਇਸ ਵਕਤ ਸਿਰਫ਼ ਕਾਨੂੰਨੀ ਨੁਕਤੇ ਪੇਸ਼ ਕੀਤੇ ਜਾ ਸਕਦੇ ਹਨ, ਨਵੇਂ ਸਬੂਤ ਪੇਸ਼ ਨਹੀਂ ਕੀਤੇ ਜਾ ਸਕਦੇ-ਅਜਿਹੇ ਪੜਾਅ ‘ਤੇ ਭਾਰੀ ਸੁਰੱਖਿਆ ਵਾਲੀ ਕਾਲ ਕੋਠੜੀ ‘ਚ ਡੱਕੇ ਅਫਜ਼ਲ ਗੁਰੂ ਕੋਲ ਆਪਣਾ ਪੱਖ ਰੱਖਣ ਲਈ ਕੋਈ ਵਕੀਲ ਨਹੀਂ ਸੀ। ਅਦਾਲਤ ਵਲੋਂ ਦਿੱਤਾ ਅਨਾੜੀ ਵਕੀਲ ਇਕ ਵਾਰ ਵੀ ਜੇਲ੍ਹ ਜਾ ਕੇ ਅਫਜ਼ਲ ਨੂੰ ਨਹੀਂ ਮਿਲਿਆ, ਉਸ ਨੇ ਆਪਣੇ ਮੁਵੱਕਿਲ ਦੇ ਬਚਾਅ ਲਈ ਇਕ ਵੀ ਗਵਾਹ ਹਾਜ਼ਰ ਨਹੀਂ ਕਰਾਇਆ ਅਤੇ ਇਸਤਗਾਸਾ ਪੱਖ ਵਲੋਂ ਭੁਗਤਾਏ ਗਵਾਹਾਂ ਨਾਲ ਜਿਰ੍ਹਾ ਨਹੀਂ ਕੀਤੀ। ਇਨ੍ਹਾਂ ਹਾਲਾਤ ‘ਚ ਜੱਜ ਨੇ ਸਾਫ਼ ਕਹਿ ਦਿੱਤਾ ਕਿ ਉਹ ਕੁਝ ਵੀ ਕਰ ਸਕਣ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ।
ਐਪਰ, ਸ਼ੁਰੂ ਤੋਂ ਹੀ ਮਾਮਲੇ ‘ਚ ਕੋਈ ਦਮ ਨਹੀਂ ਸੀ। ਕੁਝ ਮਿਸਾਲਾਂ ਇਹ ਹਨ:
ਪੁਲਿਸ ਨੇ ਅਫਜ਼ਲ ਦਾ ਖ਼ੁਰਾ ਕਿਵੇਂ ਨੱਪਿਆ? ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਦੱਸ ਐੱਸ਼ਏæਆਰæ ਗਿਲਾਨੀ ਨੇ ਪਾਈ ਸੀ, ਪਰ ਅਦਾਲਤ ਦਾ ਰਿਕਾਰਡ ਕਹਿੰਦਾ ਹੈ ਕਿ ਅਫਜ਼ਲ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਇਸ਼ਾਰਾ ਗਿਲਾਨੀ ਨੂੰ ਚੁੱਕੇ ਜਾਣ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਉੱਚ ਅਦਾਲਤ ਦਾ ਕਹਿਣਾ ਸੀ ਕਿ ਇਹ ‘ਆਪਾ ਵਿਰੋਧੀ ਗੱਲਾਂ’ ਹਨ ਪਰ ਇਸ ਨੂੰ ਇੰਞ ਹੀ ਰਹਿਣ ਦਿੱਤਾ ਗਿਆ।
ਅਫਜ਼ਲ ਦੇ ਵਿਰੁੱਧ ਇਲਜ਼ਾਮ ਦੇ ਸਭ ਤੋਂ ਵੱਡੇ ਦੋ ਸਬੂਤ ਮੋਬਾਈਲ ਅਤੇ ਲੈਪਟਾਪ ਸਨ ਜੋ ਉਸ ਦੀ ਗ੍ਰਿਫ਼ਤਾਰੀ ਵਕਤ ਜ਼ਬਤ ਕੀਤੇ ਦੱਸੇ ਗਏ। ਗ੍ਰਿਫ਼ਤਾਰੀ ਸਮੇਂ ਬਰਾਮਦਗੀ ਦੀ ਸੂਚੀ ਉੱਪਰ ਗਿਲਾਨੀ ਦੇ ਭਾਈ ਬਿਸਮਿੱਲ੍ਹਾ ਨੇ ਦਸਤਖ਼ਤ ਕੀਤੇ ਸਨ। ਇਸ ਉੱਪਰ ਜੰਮੂ-ਕਸ਼ਮੀਰ ਦੇ ਦੋ ਪੁਲਸੀਆਂ ਦੇ ਦਸਤਖ਼ਤ ਸਨ ਜਿਨ੍ਹਾਂ ਵਿਚੋਂ ਇਕ ਪਹਿਲੇ ਸਮਿਆਂ ‘ਚ ਅਫਜ਼ਲ ਨੂੰ ਸਤਾਉਣ ਵਾਲਾ ਪੁਲਸੀਆ ਸੀ ਜਦੋਂ ਅਫਜ਼ਲ ‘ਖਾੜਕੂ’ ਵਜੋਂ ਆਤਮ-ਸਮਰਪਣ ਕਰ ਚੁੱਕਾ ਸੀ। ਕੰਪਿਊਟਰ ਅਤੇ ਮੋਬਾਇਲ ਸੀਲ ਕੀਤੇ ਹੋਏ ਨਹੀਂ ਸਨ ਜਿਸ ਤਰ੍ਹਾਂ ਕਿ ਸਬੂਤਾਂ ਨੂੰ ਸਾਂਭਣ ਲਈ ਆਮ ਹੀ ਕਰਨਾ ਹੁੰਦਾ ਹੈ। ਸੁਣਵਾਈ ਸਮੇਂ ਇਹ ਸਪਸ਼ਟ ਹੋ ਗਿਆ ਕਿ ਗ੍ਰਿਫ਼ਤਾਰੀ ਪਿੱਛੋਂ ਲੈਪਟਾਪ ਦੀ ਹਾਰਡ ਡਿਸਕ ਨਾਲ ਛੇੜਛਾੜ ਕੀਤੀ ਗਈ ਸੀ। ਇਸ ਵਿਚ ਸਿਰਫ਼ ਗ੍ਰਹਿ ਮੰਤਰਾਲੇ ਦੇ ਫਰਜ਼ੀ ਪਾਸਾਂ ਅਤੇ ਫਰਜ਼ੀ ਸ਼ਨਾਖ਼ਤੀ ਕਾਰਡਾਂ ਦੇ ਇਮੇਜ ਰੱਖੇ ਗਏ ਸਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਵਰਤੋਂ ਦਹਿਸ਼ਤਪਸੰਦਾਂ ਨੇ ਸੰਸਦ ‘ਚ ਦਾਖ਼ਲ ਹੋਣ ਲਈ ਕੀਤੀ। ਇਸ ਤੋਂ ਬਿਨਾਂ ਇਸ ਵਿਚ ਸੰਸਦ ਭਵਨ ਬਾਰੇ ਜ਼ੀæਟੀæਵੀæ ਦਾ ਵੀਡੀਓ ਕਲਿੱਪ ਰੱਖਿਆ ਹੋਇਆ ਸੀ। ਲਿਹਾਜ਼ਾ ਪੁਲਿਸ ਮੁਤਾਬਕ, ਅਫਜ਼ਲ ਨੇ ਉਸ ਨੂੰ ਸਭ ਤੋਂ ਵੱਧ ਦੋਸ਼ੀ ਸਾਬਤ ਕਰਨ ਵਾਲੇ ਡਾਟਾ ਨੂੰ ਛੱਡ ਕੇ ਬਾਕੀ ਸਾਰੀ ਜਾਣਕਾਰੀ ਇਸ ਵਿਚੋਂ ਪਹਿਲਾਂ ਹੀ ਮਿਟਾ ਦਿੱਤੀ ਸੀ। ਅਤੇ ਉਹ ਇਸ ਨੂੰ ਗਾਜ਼ੀ ਬਾਬਾ ਦੇ ਸਪੁਰਦ ਕਰਨ ਜਾ ਰਿਹਾ ਸੀ ਜਿਸ ਨੂੰ ਫ਼ਰਦੇ-ਜੁਰਮ ਵਿਚ ‘ਕਾਰਵਾਈਆਂ ਦਾ ਸਰਗਨਾ’ ਬਿਆਨ ਕੀਤਾ ਗਿਆ।
ਸਰਕਾਰੀ ਪੱਖ ਦੇ ਗਵਾਹ ਕਮਲ ਕਿਸ਼ੋਰ ਨੇ ਅਫਜ਼ਲ ਦੀ ਸ਼ਨਾਖ਼ਤ ਕੀਤੀ ਅਤੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਹੀ ਉਹ ਅਹਿਮ ਸਿੱਮ ਕਾਰਡ ਅਫਜ਼ਲ ਨੂੰ ਵੇਚਿਆ ਸੀ ਜਿਸ ਜ਼ਰੀਏ 4 ਦਸੰਬਰ ਨੂੰ ਸਾਰੇ ਦੋਸ਼ੀਆਂ ਨੇ ਉਸ ਨਾਲ ਸੰਪਰਕ ਬਣਾਈ ਰੱਖਿਆ, ਪਰ ਸਰਕਾਰੀ ਪੱਖ ਵਲੋਂ ਪੇਸ਼ ਕੀਤਾ ਗਿਆ ਫ਼ੋਨ ਕਾਲਾਂ ਦਾ ਰਿਕਾਰਡ ਦਿਖਾਉਂਦਾਂ ਕਿ ਇਹ ਸਿੱਮ ਤਾਂ 6 ਨਵੰਬਰ 2001 ਤੋਂ ਹੀ ਚਾਲੂ ਸੀ।
ਇੰਞ ਝੂਠਾਂ ਦੇ ਢੇਰ ਅਤੇ ਜਾਅਲੀ ਸਬੂਤਾਂ ਦਾ ਕੋਈ ਅੰਤ ਨਹੀਂ ਹੈ। ਅਦਾਲਤਾਂ ਨੇ ਇਹ ਸਭ ਕੁਝ ਦੇਖਿਆ, ਪਰ ਪੁਲਿਸ ਨੂੰ ਥੋੜ੍ਹੀ ਝਾੜ ਪਾ ਕੇ ਇਸ ਨੂੰ ਰਫ਼ਾ-ਦਫ਼ਾ ਕਰ ਦਿੱਤਾ ਗਿਆ। ਇਸ ਤੋਂ ਵੱਧ ਕੁਝ ਨਹੀਂ ਹੋਇਆ।
ਇਹ ਵੀ ਤਾਂ ਉਹੀ ਘਸੀ-ਪਿਟੀ ਕਹਾਣੀ ਹੈ। ਆਤਮ-ਸਮਰਪਣ ਕਰਨ ਵਾਲੇ ਜ਼ਿਆਦਾਤਰ ਖਾੜਕੂਆਂ ਵਾਂਗ ਅਫਜ਼ਲ ਵੀ ਕਸ਼ਮੀਰ ਵਿਚ ਐਵੇਂ ਹੀ ਅੜਿੱਕੇ ਚੜ੍ਹ ਗਏ ਵਿਅਕਤੀਆਂ ਵਿਚੋਂ ਇਕ ਹੈ-ਰਾਜ ਮਸ਼ੀਨਰੀ ਦੇ ਤਸੀਹਿਆਂ, ਬਲੈਕਮੇਲ, ਫ਼ਿਰੌਤੀਆਂ ਦਾ ਸਤਾਇਆ ਬੰਦਾ। ਸਾਜ਼ਿਸ਼ ਦੀ ਇਸ ਵਿਸ਼ਾਲ ਘਾੜਤ ਵਿਚ ਉਹ ਕੁਝ ਵੀ ਨਹੀਂ ਸੀ। ਜਿਹੜਾ ਵੀ ਕੋਈ ਸੰਸਦ ਉੱਪਰ ਹਮਲੇ ਦੇ ਭੇਤ ਦੀ ਸੱਚੀਓਂ ਹੀ ਥਾਹ ਪਾਉਣੀ ਚਾਹੁੰਦਾ, ਉਸ ਨੂੰ ਸਬੂਤਾਂ ਦੀ ਭਰਮਾਰ ਨੂੰ ਨੀਝ ਨਾਲ ਘੋਖਣ ਦੇ ਰਾਹ ਤੁਰਨਾ ਪੈਣਾ ਸੀ। ਕਿਸੇ ਨੇ ਵੀ ਇਹ ਤਰੱਦਦ ਕਰਨ ਦੀ ਲੋੜ ਨਹੀਂ ਸਮਝੀ, ਇਸ ਨਾਲ ਇਹ ਯਕੀਨੀਂ ਬਣਾ ਦਿੱਤਾ ਗਿਆ ਕਿ ਇਸ ਸਾਜ਼ਿਸ਼ ਦੇ ਅਸਲ ਘਾੜਿਆਂ ਦੀ ਸ਼ਨਾਖ਼ਤ ਨਾ ਹੋ ਸਕੇ ਅਤੇ ਉਨ੍ਹਾਂ ਦੀ ਭੂਮਿਕਾ ਦੀ ਕੋਈ ਪੜਤਾਲ ਹੀ ਨਾ ਹੋਵੇ।
ਹੁਣ ਜਦੋਂ ਅਫਜ਼ਲ ਗੁਰੂ ਨੂੰ ਫਾਹੇ ਲਾ ਦਿੱਤਾ ਗਿਆ ਹੈ, ਮੈਨੂੰ ਉਮੀਦ ਹੈ ਕਿ ਹੁਣ ਤਾਂ ਸਾਡੀ ਸਮੂਹਿਕ ਰੂਹ ਨੂੰ ਸ਼ਾਂਤੀ ਮਿਲ ਗਈ ਹੋਵੇਗੀ। ਕੀ ਹਾਲੇ ਵੀ ਸਾਡਾ ਖ਼ੂਨ ਦਾ ਖੱਪਰ ਪੂਰਾ ਨਹੀਂ ਭਰਿਆ?
ਫਾਂਸੀ ਦਾ ਤਖਤਾ
13 ਦਸੰਬਰ 2001: ਪੰਜ ਦਹਿਸ਼ਤਗਰਦਾਂ ਵਲੋਂ ਸੰਸਦ ਦੇ ਅਹਾਤੇ ‘ਚ ਘੁਸ ਕੇ, ਗੋਲੀਆਂ ਦੀ ਅੰਨ੍ਹੇਵਾਹ ਬੌਛਾੜ। ਪੰਜ ਦੇ ਪੰਜ ਹਮਲਾਵਰ ਅਤੇ 9 ਸੁਰੱਖਿਆ ਮੁਲਾਜ਼ਮ ਮਾਰੇ ਗਏ, 16 ਜ਼ਖ਼ਮੀ ਹੋਏ।
15 ਦਸੰਬਰ 2001: ਦਿੱਲੀ ਪੁਲਿਸ ਨੇ ਅਫਜ਼ਲ ਗੁਰੂ ਨੂੰ ਜੰਮੂ-ਕਸ਼ਮੀਰ ਤੋਂ ਅਤੇ ਐੱਸ਼ਏæਆਰæ ਗਿਲਾਨੀ ਨੂੰ ਦਿੱਲੀ ਯੂਨੀਵਰਸਿਟੀ ਦੇ ਜ਼ਾਕਿਰ ਹੁਸੈਨ ਕਾਲਜ ਤੋਂ ਗ੍ਰਿਫ਼ਤਾਰ ਕੀਤਾ। ਪਿੱਛੋਂ ਅਫ਼ਸਾਂ ਗੁਰੂ ਅਤੇ ਉਸ ਦਾ ਪਤੀ ਸ਼ੌਕਤ ਗੁਰੂ ਵੀ ਗ੍ਰਿਫ਼ਤਾਰ।
29 ਦਸੰਬਰ 2001: ਅਫਜ਼ਲ ਗੁਰੂ ਦਾ 10 ਦਿਨਾ ਪੁਲਿਸ ਰਿਮਾਂਡ।
4 ਜੂਨ 2002 : ਅਫਜ਼ਲ, ਗਿਲਾਨੀ, ਸ਼ੌਕਤ ਅਤੇ ਅਫ਼ਸਾਂ ਗੁਰੂ ਖ਼ਿਲਾਫ਼ ਦੋਸ਼ ਆਇਦ।
18 ਦਸੰਬਰ 2002: ਟਰਾਇਲ ਅਦਾਲਤ ਵਲੋਂ ਗਿਲਾਨੀ, ਸ਼ੌਕਤ ਗੁਰੂ ਅਤੇ ਅਫਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ। ਅਫ਼ਸਾਂ ਗੁਰੂ ਨੂੰ 5 ਸਾਲ ਕੈਦ।
29 ਅਕਤੂਬਰ 2003: ਦਿੱਲੀ ਉੱਚ ਅਦਾਲਤ ਵਲੋਂ ਅਫਜ਼ਲ ਗੁਰੂ ਅਤੇ ਸ਼ੌਕਤ ਗੁਰੂ ਦੀ ਮੌਤ ਦੀ ਸਜ਼ਾ ਬਰਕਰਾਰ, ਗਿਲਾਨੀ ਤੇ ਅਫ਼ਸਾਂ ਬਰੀ।
4 ਅਗਸਤ 2005: ਸਰਵਉੱਚ ਅਦਾਲਤ ਵਲੋਂ ਅਫਜ਼ਲ ਗੁਰੂ ਦੀ ਮੌਤ ਦੀ ਸਜ਼ਾ ‘ਤੇ ਮੋਹਰ; ਸ਼ੌਕਤ ਗੁਰੂ ਦੀ ਸਜ਼ਾ ਘਟਾ ਕੇ 10 ਸਾਲ ਦੀ ਬਾਮੁਸ਼ੱਕਤ ਕੈਦ ‘ਚ ਬਦਲੀ। ਅਫਜ਼ਲ ਬਾਰੇ ਸਰਵਉੱਚ ਅਦਾਲਤ ਦੀ ਟਿੱਪਣੀ-“ਅਪੀਲ ਕਰਤਾ ਜੋ ਆਤਮ-ਸਮਰਪਣ ਕਰ ਚੁੱਕਾ ਖਾੜਕੂ ਹੈ ਅਤੇ ਜੋ ਕੌਮ ਖ਼ਿਲਾਫ਼ ਰਾਜਧ੍ਰੋਹ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆ ਰਿਹਾ, ਸਮਾਜ ਲਈ ਖ਼ਤਰਾ ਹੈ ਅਤੇ ਉਸ ਦੀ ਜ਼ਿੰਦਗੀ ਖ਼ਤਮ ਕਰ ਦੇਣੀ ਚਾਹੀਦੀ ਹੈ।”
26 ਸਤੰਬਰ 2006: ਦਿੱਲੀ ਅਦਾਲਤ ਵਲੋਂ ਅਫਜ਼ਲ ਗੁਰੂ ਨੂੰ ਫਾਹੇ ਲਾਉਣ ਦਾ ਹੁਕਮ; ਫਾਂਸੀ ਦੀ ਤਾਰੀਕ 20 ਅਕਤੂਬਰ 2006 ਮਿਥੀ।
3 ਅਕਤੂਬਰ 2006: ਅਫਜ਼ਲ ਗੁਰੂ ਦੀ ਪਤਨੀ ਤਬੱਸੁਮ ਗੁਰੂ ਨੇ ਰਾਸ਼ਟਰਪਤੀ ਏæਪੀæਜੇæ ਅਬਦੁਲ ਕਲਾਮ ਨੂੰ ਰਹਿਮ ਦੀ ਅਰਜ਼ੀ ਦਿੱਤੀ।
12 ਜਨਵਰੀ 2007: ਸਰਵਉੱਚ ਅਦਾਲਤ ਵਲੋਂ ਅਫਜ਼ਲ ਗੁਰੂ ਦੀ ਮੌਤ ਦੀ ਸਜ਼ਾ ‘ਤੇ ਨਜ਼ਰਸਾਨੀ ਕਰਨ ਦੀ ਅਪੀਲ ਇਹ ਕਹਿ ਕੇ ਖ਼ਾਰਜ ਕਿ “ਇਸ ਵਿਚ ਕੋਈ ਦਮ ਨਹੀਂ।”
19 ਮਈ 2010: ਦਿੱਲੀ ਹਕੂਮਤ ਵਲੋਂ ਅਫਜ਼ਲ ਗੁਰੂ ਦੀ ਰਹਿਮ ਦੀ ਅਰਜ਼ੀ ਖਾਰਜ; ਸਰਵਉੱਚ ਅਦਾਲਤ ਵੱਲੋਂ ਉਸ ਨੂੰ ਦਿੱਤੀ ਮੌਤ ਦੀ ਸਜ਼ਾ ਦੀ ਪੁਸ਼ਟੀ।
30 ਦਸੰਬਰ 2010: ਸ਼ੌਕਤ ਹੁਸੈਨ ਗੁਰੂ ਤਿਹਾੜ ਜੇਲ੍ਹ ‘ਚੋਂ ਰਿਹਾਅ।
10 ਦਸੰਬਰ 2012: ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵਲੋਂ 22 ਦਸੰਬਰ ਨੂੰ ਖ਼ਤਮ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਿੱਛੋਂ ਅਫਜ਼ਲ ਗੁਰੂ ਦੀ ਮਿਸਲ ਨੂੰ ਘੋਖਣ ਦਾ ਐਲਾਨ।
26 ਜਨਵਰੀ 2013: ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵਲੋਂ ਅਫਜ਼ਲ ਗੁਰੂ ਦੀ ਰਹਿਮ ਦੀ ਅਰਜ਼ੀ ਖ਼ਾਰਜ।
9 ਫਰਵਰੀ 2013: ਅਫਜ਼ਲ ਗੁਰੂ ਨੂੰ ਤਿਹਾੜ ਜੇਲ੍ਹ ‘ਚ ਫਾਂਸੀ।

-ਅਨੁਵਾਦ: ਬੂਟਾ ਸਿੰਘ
ਫ਼ੋਨ:91-94634-74342

Be the first to comment

Leave a Reply

Your email address will not be published.