ਭਾਰਤ-ਇਸਰਾਈਲ ਸਬੰਧ ਅਤੇ ਮੋਦੀ ਦੇ ਵਿਦੇਸ਼ ਦੌਰੇ

-ਜਤਿੰਦਰ ਪਨੂੰ
ਆਪਣੇ ਦੇਸ਼ ਦੇ ਇੱਕ ਸੌ ਤੀਹ ਕਰੋੜ ਲੋਕਾਂ ਦੇ ਪ੍ਰਤੀਨਿਧ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ ਇਸਰਾਈਲ ਗਏ ਸਨ। ਉਥੇ ਉਨ੍ਹਾਂ ਨੇ ਇਹ ਗੱਲ ਠੀਕ ਕਹੀ ਕਿ ਸੱਤਰ ਸਾਲ ਹੋ ਗਏ ਸਨ ਇਹ ਦੇਸ਼ ਬਣਿਆਂ ਨੂੰ ਤੇ ਅੱਜ ਤੱਕ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਇਥੇ ਨਹੀਂ ਆਇਆ, ਹੁਣ ਮੈਂ ਆਇਆ ਹਾਂ। ਇਹੋ ਜਿਹੀ ਬੇਲੋੜੀ ਤੁਲਨਾ ਦੀ ਉਨ੍ਹਾਂ ਨੂੰ ਖੇਚਲ ਨਹੀਂ ਸੀ ਕਰਨੀ ਚਾਹੀਦੀ ਕਿ ਜਿੱਥੇ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਨਹੀਂ ਗਿਆ, ਉਥੇ ਹੁਣ ਮੈਂ ਆਇਆ ਹਾਂ। ਮੋਦੀ ਜੀ ਦਾ ਰਿਕਾਰਡ ਇਤਿਹਾਸਕ ਤੁਲਨਾ ਦੇ ਪੱਧਰ ਦਾ ਹੈ।

ਇਸਰਾਈਲ ਦੇ ਸੱਤਰ ਸਾਲਾਂ ਦੇ ਸਮੇਂ ਦੀ ਬਜਾਏ ਇਸ ਨਾਲੋਂ ਚਾਰ ਗੁਣਾਂ ਤੋਂ ਵੱਧ ਦੋ ਸੌ ਨੱਬੇ ਸਾਲ ਪੁਰਾਣੇ ਇੱਕ ਯਾਤਰੀ ਕਥਾਨਕ ਨਾਲ ਤੁਲਨਾ ਕਰ ਲੈਣੀ ਵੱਧ ਠੀਕ ਰਹੇਗੀ। ਉਦੋਂ ਜੋਨਾਥਨ ਸਵਿਫਟ ਨੇ ‘ਗੁਲੀਵਰ ਦੀਆਂ ਯਾਤਰਾਵਾਂ’ ਲਿਖੀਆਂ ਸਨ, ਜਿਨ੍ਹਾਂ ਦਾ ਨਾਇਕ ਹਰ ਵਾਰੀ ਇਹੋ ਜਿਹੇ ਦੇਸ਼ ਵਿਚ ਜਾਂਦਾ ਸੀ, ਜਿੱਥੇ ਕਦੇ ਕੋਈ ਨਹੀਂ ਸੀ ਗਿਆ। ਨਰਿੰਦਰ ਮੋਦੀ ਦੇ ਹਰ ਵਿਦੇਸ਼ ਦੌਰੇ ਦਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਉਥੇ ਜਾ ਕੇ ‘ਮੈਂ ਪਹਿਲਾ’ ਜਾਂ ਐਨੇ ਸਾਲਾਂ ਪਿੱਛੋਂ ਇਸ ਦੇਸ਼ ਵਿਚ ਆਉਣ ਵਾਲਾ ‘ਮੈਂ ਪਹਿਲਾ’ ਕਹਿਣ ਦਾ ਸਬੱਬ ਬਣ ਸਕੇ। ਕੈਨੇਡਾ ਦੇ ਦੌਰੇ ਵੇਲੇ ਜਦੋਂ ਉਨ੍ਹਾਂ ਨੇ ਏਦਾਂ ਦੀ ਗੱਲ ਕਹੀ ਤਾਂ ਉਥੋਂ ਦੇ ਅਖਬਾਰਾਂ ਨੇ ਅਗਲੇ ਦਿਨ ਇਹ ਵੇਰਵਾ ਵੀ ਨਾਲ ਹੀ ਛਾਪ ਦਿੱਤਾ ਸੀ ਕਿ ਚਾਰ ਸਾਲ ਪਹਿਲਾਂ ਭਾਰਤ ਤੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਆਇਆ ਸੀ। ਇਸ ਨਾਲ ਸਥਿਤੀ ਹਾਸੋਹੀਣੀ ਹੋ ਗਈ ਸੀ।
ਦੂਸਰੀ ਗੱਲ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਿਦੇਸ਼ੀ ਹਾਕਮ ਨਾਲ ਨਿਜੀ ਸਾਂਝ ਵਿਖਾਉਣ ਦੀ ਚੁਸਤ ਕੋਸ਼ਿਸ਼ ਕਰਨ ਲੱਗਦੇ ਹਨ। ਬਰਾਕ ਓਬਾਮਾ ਨਾਲ ਵੀ ਬੜੀ ਨਿਜੀ ਸਾਂਝ ਦੱਸੀ ਜਾਂਦੀ ਸੀ, ਪਰ ਜਦੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਲਣੋਂ ਪਹਿਲਾਂ ਹੀ ਮੋਦੀ ਨੂੰ ਆਪਣਾ ਬਹੁਤ ਵਧੀਆ ਦੋਸਤ ਕਹਿ ਦਿੱਤਾ ਤਾਂ ਉਸੇ ਦੇਸ਼ ਵਿਚ ਬੈਠੇ ਬਰਾਕ ਓਬਾਮਾ ਦਾ ਮੋਦੀ ਨੂੰ ਚੇਤਾ ਨਹੀਂ ਸੀ ਰਿਹਾ। ਦੇਸ਼ਾਂ ਦੇ ਮੁਖੀਆਂ ਦੀ ਦੋਸਤੀ ਲਈ ਇਹੋ ਜਿਹੇ ਨਿਜੀ ਰੰਗ ਕੋਈ ਅਰਥ ਨਹੀਂ ਰੱਖਦੇ, ਪਰ ਨਰਿੰਦਰ ਮੋਦੀ ਆਪਣੀ ਭਾਸ਼ਣ ਕਲਾ ਵਿਚ ਇਹ ਰੰਗ ਇਸ ਤਰ੍ਹਾਂ ਭਰਦੇ ਹਨ ਕਿ ਉਨ੍ਹਾਂ ਦੇ ਵਿਰੋਧੀ ਵੀ ਖੜ੍ਹੇ ਪੈਰ ਤਾੜੀਆਂ ਮਾਰ ਸਕਦੇ ਹਨ। ਕੂਟਨੀਤੀ ਵਿਚ ਇਹੋ ਜਿਹਾ ਰੰਗ ਹੰਢਣਸਾਰ ਨਹੀਂ ਹੁੰਦਾ, ‘ਅੰਬ ਮੁੱਕ ਗਏ, ਯਾਰਾਨੇ ਟੁੱਟ ਗਏ’ ਵਾਂਗ ਮਸਾਂ ਅਗਲੀ ਚੋਣ ਤੱਕ ਨਿਭਦਾ ਹੈ ਅਤੇ ਨਵੀਂ ਚੋਣ ਪਿੱਛੋਂ ਨਵੇਂ ਹਾਕਮਾਂ ਦੇ ਆਉਂਦੇ ਸਾਰ ‘ਕੱਲ੍ਹ’ ਦਾ ਕਿਸੇ ਨੂੰ ਚੇਤਾ ਨਹੀਂ ਆਉਣਾ ਹੁੰਦਾ।
ਦਿਲਚਸਪ ਗੱਲ ਇਹ ਹੈ ਕਿ ਇਸ ਵਾਰੀ ਜਦੋਂ ਮੋਦੀ ਸਾਹਿਬ ਇਸਰਾਈਲ ਗਏ ਤਾਂ ਬੈਂਜਾਮਿਨ ਨੇਤਾਨਯਾਹੂ ਨਾਲ ਦੋ ਗੱਲਾਂ ਦੀ ‘ਵਿਸ਼ੇਸ਼ ਸਾਂਝ’ ਦਾ ਜ਼ਿਕਰ ਕਰ ਕੇ ਤਾੜੀਆਂ ਗੂੰਜਣ ਲਾ ਦਿੱਤੀਆਂ। ਇੱਕ ਇਹ ਕਿ ਨੇਤਾਨਯਾਹੂ ਤੇ ਮੈਂ ਦੋਵੇਂ ਆਪੋ ਆਪਣੇ ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਜਨਮ ਲੈ ਕੇ ਦੇਸ਼ ਦੇ ਮੁਖੀ ਬਣੇ ਹਾਂ। ਦੂਸਰੀ ‘ਕਮਾਲ’ ਦੀ ਗੱਲ ਇਹ ਕਿ ਇੰਡੀਆ ਅਤੇ ਇਸਰਾਈਲ ਦੋਵੇਂ ਦੇਸ਼ਾਂ ਦਾ ਨਾਂ ‘ਆਈ’ ਨਾਲ ਸ਼ੁਰੂ ਕੀਤਾ ਜਾਂਦਾ ਹੈ। ‘ਆਈ’ ਵਾਲੇ ਹੋਰ ਕਿੰਨੇ ਦੇਸ਼ ਹਨ ਅਤੇ ਉਨ੍ਹਾਂ ਨਾਲ ਇਸਰਾਈਲ ਅਤੇ ਭਾਰਤ ਦੋਵਾਂ ਦੇ ਕਿੰਨੇ ਕੁ ‘ਨਿੱਘੇ’ ਸਬੰਧ ਹਨ, ਦੱਸਣ ਦੀ ਲੋੜ ਨਹੀਂ। ਆਪਣੇ ਦੇਸ਼ ਵਿਚ ਜਿਹੜੇ ਨਰਿੰਦਰ ਮੋਦੀ ਸਾਰੀ ਉਮਰ ਕਿਸੇ ਮਸਜਿਦ ਵੱਲ ਝਾਕੇ ਨਹੀਂ ਸਨ, ਪਿਛਲੇ ਸਾਲ ਜਦੋਂ ਉਹ ਆਬੂ ਧਾਬੀ ਗਏ ਤਾਂ ਉਥੇ ਸ਼ੇਖ ਜ਼ਾਇਦ ਗਰੈਂਡ ਮਸਜਿਦ ਵਿਚ ਵੀ ਇਸ ਲਈ ਪਹੁੰਚ ਗਏ ਕਿ ਉਥੋਂ ਦੇ ਰਾਜ ਕਰਤਿਆਂ ਨਾਲ ਨਿਜੀ ਪੱਧਰ ਦੀ ਨੇੜਤਾ ਦੀ ਝਲਕ ਪੇਸ਼ ਕਰਨੀ ਸੀ। ਉਸ ਮਸਜਿਦ ਵਿਚ ਕੁਝ ਸੈਲਫੀਆਂ ਖਿੱਚਵਾ ਕੇ ਜਿਹੜੀ ਝਲਕ ਉਥੇ ਵਿਖਾਈ ਸੀ, ਇਸਰਾਈਲ ਦੀ ਯਾਤਰਾ ਮਗਰੋਂ ਆਬੂ ਧਾਬੀ ਦੇ ਹਾਕਮਾਂ ਨੂੰ ਮੋਦੀ ਦੀਆਂ ਉਸ ਵੇਲੇ ਦੀਆਂ ਸੈਲਫੀਆਂ ਦਾ ਚੇਤਾ ਕਰਨਾ ਵੀ ਸ਼ਾਇਦ ਚੰਗਾ ਨਹੀਂ ਲੱਗਣਾ।
ਇਹੋ ਜਿਹਾ ਤਜਰਬਾ ਨਰਿੰਦਰ ਮੋਦੀ ਦਾ ਪਹਿਲਾ ਨਹੀਂ ਕਿਹਾ ਜਾ ਸਕਦਾ। ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਸਿਰਫ ਪੌਣੇ ਚਾਰ ਮਹੀਨੇ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਆਏ ਸਨ ਤੇ ਗੁਜਰਾਤ ਵਿਚ ਮੋਦੀ ਉਨ੍ਹਾਂ ਨਾਲ ਪੀਂਘ ਝੂਟਦੇ ਦਿਖਾਈ ਦਿੱਤੇ ਸਨ। ਕੁਝ ਦਿਨ ਬਾਅਦ ਮੋਦੀ ਜਾਪਾਨ ਗਏ ਤਾਂ ਉਥੇ ਬੁੱਧ ਦੀ ਵਿਚਾਰਧਾਰਾ ਦੀ ਚਰਚਾ ਛੇੜ ਕੇ ਕਹਿ ਦਿੱਤਾ ਕਿ ਜਿਹੜੇ ਦੇਸ਼ ਬੁੱਧ ਦੀ ਭਾਵਨਾ ਸਮਝਦੇ ਹਨ, ਉਹ ਜਾਪਾਨ ਵਾਂਗ ਸ਼ਾਂਤੀ ਦੀ ਗੱਲ ਕਰਦੇ ਹਨ ਤੇ ਜਿਹੜੇ ਬੁੱਧ ਨੂੰ ਨਹੀਂ ਮੰਨਦੇ, ਉਹ ਜਾਪਾਨ ਨੇੜੇ ਸਮੁੰਦਰੀ ਪਾਣੀ ਵਿਚ ਛੱਲਾਂ ਪੈਦਾ ਕਰਦੇ ਹਨ। ਇਹ ਮਗਰਲੀ ਗੱਲ ਉਨ੍ਹਾਂ ਨੇ ਉਸੇ ਚੀਨ ਨੂੰ ਚੋਭ ਲਾਉਣ ਲਈ ਆਖੀ ਸੀ, ਜਿਸ ਦੇ ਰਾਸ਼ਟਰਪਤੀ ਜਿਨਪਿੰਗ ਨੂੰ ਕੁਝ ਦਿਨ ਪਹਿਲਾਂ ਗੁਜਰਾਤ ਵਿਚ ਘੁਮਾਉਂਦੇ ਫਿਰਦੇ ਸਨ ਤੇ ਜਿਸ ਚੀਨ ਦਾ ਜਾਪਾਨ ਨਾਲ ਸਮੁੰਦਰੀ ਸਰਹੱਦਾਂ ਦਾ ਵਿਵਾਦ ਚੱਲ ਰਿਹਾ ਸੀ। ਜਾਪਾਨ ਨੂੰ ਨਾਲ ਲੈਣ ਦੇ ਚੱਕਰ ਵਿਚ ਮੋਦੀ ਨੇ ਚੀਨ ਨੂੰ ਉਦੋਂ ਬੇਲੋੜੀ ਚੋਭ ਲਾ ਦਿੱਤੀ ਸੀ।
ਹੁਣ ਨਰਿੰਦਰ ਮੋਦੀ ਜਦੋਂ ਇਸਰਾਈਲ ਗਏ ਤਾਂ ਸਬੰਧਾਂ ਦਾ ਮੋੜਾ ਨਵਾਂ ਨਹੀਂ ਪਿਆ। ਇਸ ਦਾ ਇਤਿਹਾਸ ਵੀ ਇਸਰਾਈਲ ਦੇ ਬਣਨ ਤੋਂ ਸ਼ੁਰੂ ਹੁੰਦਾ ਹੈ। ਜਦੋਂ ਇਹ ਨਵਾਂ ਦੇਸ਼ ਬਣਿਆ ਤਾਂ ਸੰਸਾਰ ਪ੍ਰਸਿੱਧ ਸਾਇੰਟਿਸਟ ਅਲਬਰਟ ਆਈਨਸਟਾਈਨ ਨੇ ਆਪਣੇ ਨਾਲ ਨਿਜੀ ਨੇੜ ਵਾਲੇ ਭਾਰਤੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਸ ਦੇਸ਼ ਦਾ ਸਾਥ ਦੇਣ ਵਾਸਤੇ ਮਨਾਉਣ ਦਾ ਯਤਨ ਕੀਤਾ ਸੀ। ਨਹਿਰੂ ਨੇ ਇੱਕ ਮਹੀਨਾ ਸੋਚਣ ਪਿੱਛੋਂ ਜਵਾਬ ਦਿੱਤਾ ਸੀ ਕਿ ਯਹੂਦੀ ਲੋਕਾਂ ਉਤੇ ਬਹੁਤ ਜ਼ੁਲਮ ਹੋਏ ਹਨ ਅਤੇ ਉਨ੍ਹਾਂ ਨਾਲ ਉਸ ਦੀ ਹਮਦਰਦੀ ਹੈ, ਪਰ ਜਿਹੜੇ ਥਾਂ ਇਨ੍ਹਾਂ ਪੀੜਤ ਲੋਕਾਂ ਦਾ ਦੇਸ਼ ਬਣਾਇਆ ਗਿਆ ਹੈ, ਉਥੋਂ ਪੁੱਟੇ ਗਏ ਲੋਕਾਂ ਦੀ ਹਾਲਤ ਵੀ ਅੱਖੋਂ ਪਰੋਖੇ ਕਰਨ ਦੀ ਗੁੰਜਾਇਸ਼ ਨਹੀਂ। ਫਿਰ ਵੀ ਦੋ ਸਾਲਾਂ ਪਿੱਛੋਂ ਭਾਰਤ ਨੇ ਇਸਰਾਈਲ ਨੂੰ ਦੇਸ਼ ਵਜੋਂ ਮਾਨਤਾ ਦੇ ਦਿੱਤੀ ਸੀ। ਬਾਅਦ ਵਿਚ ਭਾਰਤ ਤੇ ਇਸਰਾਈਲ ਦਾ ਏਨਾ ਫਾਸਲਾ ਸੰਤਾਲੀ ਸਾਲ ਕਾਇਮ ਰਿਹਾ ਸੀ। ਮੋੜਾ ਇਸ ਨੀਤੀ ਵਿਚ ਉਸ ਵੇਲੇ ਪਿਆ ਸੀ, ਜਦੋਂ ਮੋਦੀ ਸਾਹਿਬ ਦੀ ਪਾਰਟੀ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਹੱਥ ਭਾਰਤ ਦੀ ਕਮਾਨ ਆਈ ਤੇ ਉਹ ਆਪਣੀ ਅੱਧੀ ਸਦੀ ਪੁਰਾਣੀ ਸੋਚ ਉਤੇ ਅਮਲ ਕਰਨ ਲਈ ਅੱਗੇ ਵਧੇ ਸਨ।
ਬਹੁਤੇ ਲੋਕਾਂ ਨੂੰ ਇਹ ਗੱਲ ਹੈਰਾਨੀ ਵਾਲੀ ਲੱਗੇਗੀ ਕਿ ਇਸਰਾਈਲ ਜਦੋਂ ਬਣਿਆ ਸੀ ਤਾਂ ਭਾਜਪਾ ਬਣਨ ਤੋਂ ਪਹਿਲਾਂ ਦੇ ਇਸ ਦੇ ਸਿਆਸੀ ਦਲ ‘ਜਨ ਸੰਘ’ ਅਤੇ ਉਸ ਤੋਂ ਪਹਿਲਾਂ ਇਸੇ ਵਿਚਾਰਧਾਰਾ ਦੀ ਪ੍ਰਤੀਕ ਹਿੰਦੂ ਮਹਾਂਸਭਾ ਨੇ ਉਦੋਂ ਹੀ ਇਸਰਾਈਲ ਦੀ ਕਾਇਮੀ ਦਾ ਸਵਾਗਤ ਕਰ ਦਿੱਤਾ ਸੀ। ਇਹ ਗੱਲ ਵੀ ਹੈਰਾਨ ਕਰਨ ਵਾਲੀ ਲੱਗੇਗੀ ਕਿ ਅਕਾਲੀ ਦਲ ਦੇ ਕੁਝ ਆਗੂਆਂ ਨੇ ਵੀ ਉਦੋਂ ਇਸਰਾਈਲ ਦੇ ਬਣਨ ਦਾ ਸਵਾਗਤ ਕੀਤਾ ਸੀ। ਸਵਾਗਤ ਦੋਵਾਂ ਧਿਰਾਂ ਨੇ ਕੀਤਾ, ਪਰ ਸੋਚਣੀ ਹਿੰਦੂ ਮਹਾਂਸਭਾ ਤੇ ਅਕਾਲੀ ਆਗੂਆਂ ਦੀ ਆਪਸ ਵਿਚ ਟਕਰਾਵੀਂ ਸੀ। ਹਿੰਦੂ ਮਹਾਂਸਭਾ ਸਮਝਦੀ ਸੀ ਕਿ ਇਸਲਾਮੀ ਦੇਸ਼ਾਂ ਮੂਹਰੇ ਸਪੀਡ ਬਰੇਕਰ ਲਈ ਇਸਰਾਈਲ ਦਾ ਬਣਨਾ ਸ਼ੁਭ ਸ਼ਗਨ ਹੈ। ਅਕਾਲੀ ਆਗੂ ਉਸ ਦੌਰ ਵਿਚ ਪੰਜਾਬੀ ਸੂਬੇ ਦੇ ਨਾਂ ਹੇਠ ਸਿਰਫ ਸਿੱਖ ਸੂਬਾ ਮੰਗਦੇ ਸਨ। ਪੰਜਾਬੀ ਬੋਲੀ ਦਾ ਸੂਬਾ ਮੰਗਣ ਵਾਲੀ ਸੁਰ ਬਾਰਾਂ ਸਾਲ ਪਿੱਛੋਂ ਸੰਤ ਫਤਿਹ ਸਿੰਘ ਵੇਲੇ ਸ਼ੁਰੂ ਹੋਈ ਸੀ। ਪਹਿਲਾਂ ਅਕਾਲੀਆਂ ਦੀ ਸੋਚ ਦਾ ਇੱਕ ਸਿਰਾ ਇਸ ਗੱਲ ਉਤੇ ਜ਼ੋਰ ਦਿੰਦਾ ਸੀ ਕਿ ਜਿਵੇਂ ਯਹੂਦੀ ਧਰਮ ਦੇ ਨਾਂ ਉਤੇ ਇਸਰਾਈਲ ਬਣਿਆ ਹੈ, ਸਮਾਂ ਪਾ ਕੇ ਸਿੱਖਾਂ ਦਾ ਇਹੋ ਜਿਹਾ ਵੱਖਰਾ ਦੇਸ਼ ਬਣਾਉਣ ਦੀ ਗੁੰਜਾਇਸ਼ ਰੱਦ ਨਹੀਂ ਕਰਨੀ ਚਾਹੀਦੀ। ਅਕਾਲੀ ਦਲ ਵਿਚ ਇਹ ਸੋਚ ਵਕਤੀ ਬਣ ਕੇ ਰਹਿ ਗਈ ਤੇ ਫਿਰ ਇਸ ਦਾ ਕਦੀ ਜ਼ਿਕਰ ਤੱਕ ਨਹੀਂ ਹੋਇਆ, ਪਰ ਇਸ ਤੋਂ ਉਲਟ ਹਿੰਦੂਤਵ ਦੀ ਸੋਚਣੀ ਨਾਲ ਜੁੜੀਆਂ ਰਾਜਸੀ ਧਿਰਾਂ ਇਸਰਾਈਲ ਨਾਲ ਸਬੰਧ ਜੋੜਨ ਲਈ ਸਦਾ ਤਾਂਘਦੀਆਂ ਰਹੀਆਂ ਸਨ।
ਭਾਰਤ-ਇਸਰਾਈਲ ਸਬੰਧਾਂ ਵਿਚ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਆਏ ਮੋੜੇ ਦੇ ਅਸਰ ਹੇਠ ਉਦੋਂ ਦੇ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਇਸਰਾਈਲ ਦਾ ਦੌਰਾ ਕੀਤਾ ਅਤੇ ਉਹ ਵੀ ਭਾਰਤ ਤੋਂ ਉਸ ਦੇਸ਼ ਵਿਚ ਜਾਣ ਵਾਲੇ ਭਾਰਤ ਦੇ ‘ਪਹਿਲੇ ਮੰਤਰੀ’ ਹੋਣ ਦਾ ਮਾਣ ਕਰਦੇ ਸਨ। ਫਿਰ ਤਿੰਨ ਸਾਲ ਹੋਰ ਲੰਘਣ ਮਗਰੋਂ ਵਾਜਪਾਈ ਸਰਕਾਰ ਦੇ ਹੁੰਦਿਆਂ ਹੀ ਜਦੋਂ ਏਰੀਅਲ ਸ਼ੇਰੋਨ ਭਾਰਤ ਦੌਰੇ ਲਈ ਆਇਆ ਤਾਂ ਉਸ ਨੂੰ ‘ਇਸਰਾਈਲ ਤੋਂ ਆਇਆ ਪਹਿਲਾ ਪ੍ਰਧਾਨ ਮੰਤਰੀ’ ਕਹਿ ਕੇ ਵਡਿਆਇਆ ਗਿਆ ਸੀ। ਵਿਚ-ਵਿਚਾਲੇ ਮੰਤਰੀਆਂ ਦੇ ਦੌਰੇ ਹੋ ਜਾਂਦੇ ਰਹੇ, ਪਰ ਉਸ ਦੇਸ਼ ਵਿਚ ਭਾਰਤ ਦਾ ਕੋਈ ਰਾਸ਼ਟਰਪਤੀ ਪਹਿਲੀ ਵਾਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਦੇ ਇੱਕ ਸਾਲ ਪਿੱਛੋਂ ਗਿਆ ਸੀ ਤੇ ਉਹ ਪ੍ਰਣਬ ਮੁਖਰਜੀ ਸੀ, ਜਿਹੜਾ ਸਿੱਧਾ ਓਧਰ ਜਾਣ ਦੀ ਥਾਂ ਪਹਿਲਾਂ ਫਲਸਤੀਨ ਵਿਚ ਬਰੇਕਾਂ ਲਾ ਕੇ ਪਹੁੰਚਿਆ ਸੀ। ਉਸ ਪਿੱਛੋਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਇਸਰਾਈਲ ਗਈ ਤਾਂ ਫਲਸਤੀਨ ਵਿਚੋਂ ਹੋ ਕੇ ਪਹੁੰਚੀ ਸੀ। ਹੁਣ ਨਰਿੰਦਰ ਮੋਦੀ ਸਿੱਧੇ ਇਸਰਾਈਲ ਗਏ ਤਾਂ ਇਸ ਪੱਖੋਂ ਵੀ ਉਹ ‘ਪਹਿਲੇ’ ਹਨ ਕਿ ਉਹ ਆਪਣੇ ਦੇਸ਼ ਤੋਂ ਸਿੱਧੇ ਹੀ ਇਸਰਾਈਲ ਤੱਕ ਦਾ ਸਫਰ ਕਰ ਕੇ ਪਹੁੰਚ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਧਰੇ ਹਨ, ਇਹ ਗੱਲ ਮਾੜੀ ਨਹੀਂ ਕਹੀ ਜਾ ਸਕਦੀ ਤੇ ਅੱਖੋਂ ਪਰੋਖੇ ਕਰਨ ਵਾਲੀ ਵੀ ਨਹੀਂ। ਸਮਝੌਤੇ ਵੀ ਹੋਏ ਹਨ, ਜਿਹੜੇ ਦੋਵਾਂ ਵਾਸਤੇ ਲਾਹੇਵੰਦ ਹੋ ਸਕਦੇ ਹਨ ਅਤੇ ਹੋਣਗੇ ਵੀ। ਇਸ ਪੱਖੋਂ ਪ੍ਰਧਾਨ ਮੰਤਰੀ ਦੇ ਦੌਰੇ ਦਾ ਕੋਈ ਵਿਰੋਧ ਕਰੇ ਵੀ ਤਾਂ ਇਸ ਵਿਰੋਧ ਨੂੰ ਠੀਕ ਨਹੀਂ ਮੰਨਿਆ ਜਾਣਾ। ਬਹੁਤ ਕੁੜਿਤਣ ਦੇ ਦੌਰ ਵਿਚ ਵੀ ਪਾਕਿਸਤਾਨ ਜਾਂ ਚੀਨ ਨਾਲ ਜਦੋਂ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਸਵਾਗਤ ਉਸ ਦਾ ਵੀ ਕੀਤਾ ਜਾਂਦਾ ਹੈ। ਇਸਰਾਈਲ ਨਾਲ ਹੋਏ ਸਮਝੌਤੇ ਵੀ ਇਸ ਪੱਖੋਂ ਵਿਰੋਧ ਦਾ ਮੁੱਦਾ ਨਹੀਂ ਬਣਨਗੇ। ਫਿਰ ਵੀ ਇਸ ਦੌਰੇ ਬਾਰੇ ਕਿੰਤੂ ਉਠਣ ਵਾਲੀ ਗੁੰਜਾਇਸ਼ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਭਾਰਤ ਆਪਣੀ ਗੁੱਟ ਨਿਰਪੱਖ ਲਹਿਰ ਵੇਲੇ ਦੀ ਪੁਰਾਣੀ ਪਹੁੰਚ ਛੱਡ ਕੇ ਇੱਕ ਏਦਾਂ ਦੀ ਲੀਹੇ ਪੈਂਦਾ ਦਿਖਾਈ ਦਿੰਦਾ ਹੈ, ਜਿਹੜੀ ਭਵਿੱਖ ਦੀਆਂ ਪੀੜ੍ਹੀਆਂ ਦੇ ਭਾਰਤ ਲਈ ਸੁਖਾਵੀਂ ਰਹਿਣ ਦੀ ਆਸ ਨਹੀਂ।
ਭਾਰਤ ਨੂੰ ਦਹਿਸ਼ਤਗਰਦੀ ਦੀ ਸਮੱਸਿਆ ਦਾ ਬੜੇ ਚਿਰਾਂ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਦੋਂ ਦਾ ਇਹ ਇਸ ਔਝੜ ਵਿਚ ਫਸਿਆ ਹੈ, ਸੰਸਾਰ ਦੀਆਂ ਪ੍ਰਮੁੱਖ ਤਾਕਤਾਂ ਨੇ ਇਸ ਦੀ ਕਦੇ ਯੋਗ ਮਦਦ ਨਹੀਂ ਕੀਤੀ। ਹੁਣ ਜਦੋਂ ਕਈ ਹੋਰ ਦੇਸ਼ਾਂ ਵਿਚ ਉਹੋ ਕੁਝ ਹੋਣ ਲੱਗ ਪਿਆ ਹੈ, ਜਿਹੜਾ ਭਾਰਤ ਵਿਚ ਪਿਛਲੇ ਚਾਲੀ ਸਾਲਾਂ ਤੋਂ ਹੁੰਦਾ ਪਿਆ ਸੀ ਤਾਂ ਉਹੀ ਤਾਕਤਾਂ ਦਹਿਸ਼ਤਗਰਦੀ ਦੇ ਵਿਰੋਧ ਵਿਚ ਭਾਰਤ ਦੇ ਪੱਖ ਦੀ ਹਮਾਇਤ ਕਰਨ ਦੇ ਬਹਾਨੇ ਭਾਰਤ ਨੂੰ ਇਸ ਲੜਾਈ ਦਾ ਆਗੂ ਬਣਾ ਕੇ ਇਸ ਲਈ ਪੇਸ਼ ਕਰ ਰਹੀਆਂ ਕਿ ਸਿੱਧੇ ਸਿੰਗ ਫਸਾਉਣ ਨੂੰ ਮੋਹਰਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਮਾਣ ਹੈ ਕਿ ਪਹਿਲੀ ਸੰਸਾਰ ਜੰਗ ਵਿਚ ਭਾਰਤੀ ਫੌਜੀਆਂ ਨੇ ਇਸਰਾਈਲ ਦਾ ਹਾਈਫਾ ਸ਼ਹਿਰ ਛੁਡਾਉਣ ਲਈ ਜਾਨਾਂ ਵਾਰੀਆਂ ਸਨ ਤਾਂ ਉਹ ਇਤਿਹਾਸ ਦੇ ਇੱਕ ਕਾਂਡ ਦੀ ਚਰਚਾ ਹੈ, ਪਰ ਇਹੋ ਜਿਹਾ ਕੋਈ ਨਵਾਂ ਕਾਂਡ ਲਿਖਣ ਲਈ ਫਿਰ ਸੰਸਾਰ ਦੀਆਂ ਤਾਕਤਾਂ ਭਾਰਤ ਨੂੰ ਮੋਹਰਾ ਬਣਾਉਣਾ ਚਾਹੁਣ ਤਾਂ ਭਾਰਤ ਨੂੰ ਇਸ ਤੋਂ ਚੌਕਸ ਰਹਿਣ ਦੀ ਲੋੜ ਹੈ। ਭਾਰਤੀ ਲੋਕ ਆਪਣੇ ਦੇਸ਼ ਲਈ ਹਰ ਮੌਕੇ ਹਰ ਕੁਰਬਾਨੀ ਦੇਣ ਲਈ ਤਿਆਰ ਹਨ, ਪਰ ‘ਤਬੇਲੇ ਦੀ ਬਲਾਅ ਵਛੇਰੇ ਦੇ ਗਲ’ ਪੈਣ ਦੀ ਕਹਾਣੀ ਨਹੀਂ ਦੁਹਰਾਉਣੀ ਚਾਹੀਦੀ। ਨੀਤੀ ਪੰਡਿਤ ਨਹਿਰੂ ਵਾਲੀ ਠੀਕ ਸੀ ਕਿ ਇਸਰਾਈਲ ਨਾਲ ਸਬੰਧ ਰੱਖਦਿਆਂ ਇਹ ਨਾ ਭੁਲਾਇਆ ਜਾਵੇ ਕਿ ਜ਼ੁਲਮ ਦੇ ਸਤਾਏ ਇਨ੍ਹਾਂ ਲੋਕਾਂ ਲਈ ਨਵਾਂ ਦੇਸ਼ ਇਸਰਾਈਲ ਬਣਾਉਣ ਵੇਲੇ ਉਥੋਂ ਕੁਝ ਹੋਰ ਲੋਕਾਂ ਦਾ ਉਜਾੜਾ ਵੀ ਹੋਇਆ ਸੀ।