ਗੁਲਜ਼ਾਰ ਸਿੰਘ ਸੰਧੂ
ਪਿਛਲੇ ਹਫਤੇ ਚੰਡੀਗੜ੍ਹ ਸਾਹਿਤ ਅਕਾਡਮੀ ਦੇ ਸੱਦੇ ਉਤੇ ਤਾਮਿਲ ਲੇਖਿਕਾ ਤੇ ਪੱਤਰਕਾਰਾ ਵਾਸੰਥੀ ਚੰਡੀਗੜ੍ਹ ਆਈ। ਉਸ ਨੇ ਆਪਣੇ ਪਿਛੋਕੜ ਤੇ ਰਚਨਾਕਾਰੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਖਾਸ ਕਰਕੇ 1984 ਦੇ ਪੰਜਾਬ ਉਤੇ ਲਿਖੇ ਆਪਣੇ ਉਸ ਨਾਵਲ ਬਾਰੇ ਜੋ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁਕਾ ਹੈ। ਅੰਗਰੇਜ਼ੀ ਵਿਚ Ḕਸਾਈਲੈਂਟ ਸਟਾਰਮḔ ਭਾਵ ਸ਼ਾਂਤ ਹਨੇਰੀ ਨਾਂ ਥੱਲੇ। ਉਸ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਇੱਕ ਮਿੱਤਰ ਜਸਵਿੰਦਰ ਸਿੰਘ ਕੇਸਾਧਾਰੀ ਸਿੱਖ ਸੀ।
ਪਰ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਸਿੱਖਾਂ ਉਤੇ ਆਈ ਆਫਤ ਸਮੇਂ ਉਸ ਨੂੰ ਕੇਸ ਕਟਾਉਣੇ ਪੈ ਗਏ ਤਾਂ ਉਹ ਵਾਸੰਥੀ ਲਈ ਪਹਿਲਾਂ ਵਾਲਾ ਜਸਵਿੰਦਰ ਨਹੀਂ ਰਿਹਾ। Ḕਦਿੱਲੀ ਵਾਲੇ ਮੈਨੂੰ ਦੁਸ਼ਮਣ ਸਮਝਦੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿਚ ਮੈਂ ਹੁਣ ਭਾਰਤੀ ਨਹੀਂ ਰਿਹਾ।Ḕ ਵਾਸੰਥੀ ਨੇ ਉਸ ਦੇ ਬੋਲੇ ਸ਼ਬਦ ਦੁਹਰਾਏ।
ਵਾਸੰਥੀ ਯੂæਟੀæ ਗੈਸਟ ਹਾਊਸ ਵਿਚ ਸਰੋਤਿਆਂ ਦੇ ਰੂਬਰੂ ਸੀ। ਉਸ ਨੇ ਪੰਜਾਬ ਬਾਰੇ ਆਪਣਾ ਨਾਵਲ ਰਾਜੀਵ-ਲੌਂਗੋਵਾਲ ਸਮਝੌਤੇ ਉਤੇ ਖਤਮ ਕੀਤਾ ਸੀ। ਪਰ ਵਾਸੰਥੀ ਦੀ ਹੁਣ ਤੱਕ 50 ਹਜ਼ਾਰ ਕਾਪੀਆਂ ਵਿਕਣ ਵਾਲੀ ਪੁਸਤਕ ḔਅੰਮਾḔ ਹੈ ਜਿਹੜੀ ਪਿਛਲੇ ਦਿਨਾਂ ਵਿਚ ਤਾਮਿਲਨਾਡੂ ਦੀ ਲੰਮਾ ਸਮਾਂ ਮੁੱਖ ਮੰਤਰੀ ਰਹੀ ਜੈਲਲਿਤਾ ਬਾਰੇ ਹੈ।
ਜੈਲਲਿਤਾ ਦੇ ਕਾਰਜ ਕਾਲ ਦੀ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਬਾਰੇ ਇੰਡੀਆ ਟੂਡੇ ਦੇ ਤਾਮਿਲ ਐਡੀਸ਼ਨ ਦੀ ਸੰਪਾਦਕ ਹੁੰਦਿਆਂ ਵਾਸੰਥੀ ਨੂੰ ਦਸ ਸਾਲ ਜੈ ਲਲਿਤਾ ਨੇ ਮਿਲਣ ਲਈ ਸਮਾਂ ਨਹੀਂ ਸੀ ਦਿੱਤਾ। ਜਦੋਂ ਜੈਲਲਿਤਾ ਬਾਰੇ ਲਿਖੀ ਉਸ ਦੀ ਪੁਸਤਕ ਦਾ ਵਰਣਨ ਹਿੰਦੁਸਤਾਨ ਟਾਈਮਜ਼ ਵਿਚ ਛਪਿਆਂ ਤਾਂ ਜੈਲਲਿਤਾ ਨੇ ਕਚਹਿਰੀ ਵਲੋਂ ਇਸ ਦੀ ਵਿਕਰੀ ਉਤੇ ਰੋਕ ਲਵਾ ਦਿੱਤੀ। ਹਜ਼ਾਰਾਂ ਦੀ ਗਿਣਤੀ ਵਿਚ ਵਿਕਣ ਵਾਲਾ ਐਡੀਸ਼ਨ ḔਅੰਮਾḔ ਸਿਰਲੇਖ ਥੱਲੇ ਛਪਿਆ ਹੈ। ਵਾਸੰਥੀ ਨੇ ਸਰੋਤਿਆਂ ਨੂੰ ਦੱਸਿਆ ਕਿ ਹੁਣ ਉਹ ਆਪਣਾ ਮੂਲ ਤੇ ਅਸਲੀ ਐਡੀਸ਼ਨ ਮੁੜ ਛਪਵਾ ਰਹੀ ਹੈ। ਜਿਸ ਦਾ ਸਿਰਲੇਖ, Ḕਅੰਮਾ: ਜੈਲਲਿਤਾ ਦਾ ਫਿਲਮੀ ਅਦਾਕਾਰਾਂ ਤੋਂ ਰਾਜਸੀ ਮਹਾਰਾਣੀ ਦਾ ਸਫਰḔ ਹੈ।
ਇਹ ਪੁੱਛੇ ਜਾਣ ‘ਤੇ ਕਿ ਉਹ ਲੇਖਿਕਾ ਕਿਵੇਂ ਬਣੀ, ਉਸ ਨੇ ਗੁਆਂਢ ਵਿਚ ਰਹਿੰਦੀ ਉਸ ਬਾਲ ਵਿਧਵਾ ਦੀ ਕਹਾਣੀ ਦੱਸੀ ਜੋ ਨੌ ਰਾਜ਼ ਦੀ ਸਾਦਾ ਸਾੜ੍ਹੀ ਪਹਿਨਦੀ ਸੀ ਪਰ ਗਹਿਣਾ ਕੋਈ ਨਹੀਂ। ਉਸ ਦਾ ਸਿਰ ਸਦਾ ਮੁੰਨਿਆ ਹੁੰਦਾ ਸੀ। ਉਹ ਵਾਸੰਥੀ ਨੂੰ ਬਹੁਤ ਚੰਗੀ ਲੱਗਦੀ ਸੀ। ਵਾਸੰਥੀ ਦੀ ਪਹਿਲੀ ਰਚਨਾ ਦੇਵਦਾਸੀਆਂ ਦੇ ਜੀਵਨ ਬਾਰੇ ਸੀ, ਜਿਸ ਨੇ ਉਸ ਨੂੰ ਲੇਖਕ ਜਗਤ ਵਿਚ ਲਿਆਂਦਾ। ਉਸ ਨੇ ਇਹ ਵੀ ਦੱਸਿਆ ਕਿ ਉਹ ਕੇਵਲ ਨਾਵਲ ਹੀ ਲਿਖਣੇ ਚਾਹੁੰਦੀ ਸੀ ਪਰ ਸਮੇਂ ਦੀ ਸਿਆਸੀ ਸਥਿਤੀ ਨੇ ਉਸ ਨੂੰ ਪੱਤਰਕਾਰਤਾ ਵਲ ਧੱਕ ਦਿੱਤਾ।
ਅਕਾਦਮੀ ਦੇ ਸੱਦੇ ਉਤੇ ਉਸ ਦੇ ਚੰਡੀਗੜ੍ਹ ਆਉਣ ਦਾ ਮੂਲ ਮੰਤਵ ਉਨ੍ਹਾਂ ਪੰਜਾਬੀਆਂ ਨੂੰ ਮੁੜ ਵੇਖਣਾ ਸੀ, ਜੋ 1984 ਵਿਚ ਭਾਰਤ ਦੇ ਦੁਸ਼ਮਣ ਗਿਣੇ ਗਏ ਸਨ ਤੇ ਜਿਨ੍ਹਾਂ ਬਾਰੇ ਉਸ ਨੇ ਉਦੋਂ ਨਾਵਲ ਲਿਖਿਆ ਸੀ। ਜਦੋਂ ਇਸ ਵਿਸ਼ੇ ਨੂੰ ਕੋਈ ਹੱਥ ਨਹੀਂ ਸੀ ਪਾ ਰਿਹਾ, ਉਸ ਦੇ ਉਸ ਨਾਵਲ ਦਾ ਅੰਗਰੇਜ਼ੀ ਐਡੀਸ਼ਨ, ਵਾਸੰਥੀ ਦੇ ਦੱਸਣ ਅਨੁਸਾਰ ਪ੍ਰਸਿੱਧ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਤੇ ਪੰਜਾਬੀ ਯੂਨੀਵਰਸਟੀ ਦੇ ਸਾਬਕਾ ਵਾਈਸ ਚਾਂਸਲਰ ਡਾæ ਅਮਰੀਕ ਸਿੰਘ ਨੇ ਪਸੰਦ ਕੀਤਾ ਸੀ।
ਜਿੱਥੋਂ ਤੱਕ ਵਾਸੰਥੀ ਨਾਲ ਮੇਰੀ ਆਪਣੀ ਸਾਂਝ ਦਾ ਸਬੰਧ ਹੈ, ਸਾਨੂੰ ਭਾਰਤ ਦੇ ਮਨੁੱਖੀ ਸਰੋਤ ਮੰਤਰਾਲੇ ਨੇ ਲੇਖਕ ਵਟਾਂਦਰਾ ਪ੍ਰੋਗਰਾਮ ਅਧੀਨ 1983 ਵਿਚ ਦੋ ਹਫਤੇ ਲਈ ਫਰਾਂਸ ਭੇਜਿਆ ਸੀ। ਅਸੀਂ ਦੋਨਾਂ ਨੇ ਸਲਾਹ ਕਰਕੇ ਰਸਤੇ ਵਿਚ ਇਟਲੀ ਦਾ ਰੋਮ, ਵੈਟੀਕਨ ਸਿਟੀ, ਆਸਟਰੀਆ ਤੇ ਸਵਿਟਜ਼ਰਲੈਂਡ ਵੀ ਦੇਖੇ ਤੇ ਫਰਾਂਸ ਜਾ ਕੇ ਉਥੋਂ ਦੀ ਰਾਜਧਾਨੀ ਪੈਰਿਸ ਦੇ ਲੂਵ ਅਜਾਇਬਘਰ ਸਮੇਤ ਹੋਰ ਦੇਖਣ ਵਾਲੀਆਂ ਥਾਂਵਾਂ ਵੀ। ਤੁਸੀਂ ਹੈਰਾਨ ਨਾ ਹੋਣਾ ਜੇ ਮੈਂ ਇਹ ਦੱਸਾਂ ਕਿ ਫਰਾਂਸ ਦੀ ਸਰਕਾਰ ਉਤੇ ਦਬਾਅ ਪਾ ਕੇ ਅਸੀਂ ਪੈਰਿਸ ਤੋਂ ਬਹੁਤ ਦੂਰ ਵੱਸੇ ਨੀਸ ਨਾਂ ਦੇ ਉਸ ਸ਼ਹਿਰ ਵੀ ਗਏ ਜੋ ਸਮੁੰਦਰ ਦੇ ਐਨ ਤੱਟ ਉਤੇ ਵੱਸਿਆ ਹੋਇਆ ਹੈ। ਇਸ ਰਮਣੀਕ ਸ਼ਹਿਰ ਵਿਚ ਉਨ੍ਹੀਂ ਦਿਨੀਂ ਤਿੰਨ ਰੋਜ਼ਾ ਵਿਸ਼ਵ ਲੇਖਕ ਕਾਨਫਰੰਸ ਚੱਲ ਰਹੀ ਸੀ। ਇਸ ਵਿਚ ਦੁਨੀਆਂ ਭਰ ਦੇ ਨਾਵਲਕਾਰ, ਨਾਟਕਕਾਰ, ਕਵੀ ਤੇ ਜੀਵਨੀ ਲੇਖਕ ਸ਼ਿਰਕਤ ਕਰ ਰਹੇ ਸਨ ਤੇ ਪ੍ਰਸਿੱਧ ਫਰਾਂਸੀਸੀ ਬੈਲੇ ਡਾਂਸਰ ਲੁਡਮਿਲਾ ਚੈਰੀਨਾ ਵੀ। ਅਨੇਕਾਂ ਲੇਖਕ ਲੁਡਮਿਲਾ ਵਲੋਂ ਚੁਣੀ ਜਾਂਦੀ ਮੇਜ ਉਤੇ ਬੈਠਣ ਦੀ ਸਬੀਲਾਂ ਬਣਾ ਰਹੇ ਸਨ ਪਰ ਉਹ ਸਭ ਨੂੰ ਠਿੱਬੀ ਦੇ ਕੇ ਮੇਰੀ ਤੇ ਵਾਸੰਥੀ ਵਾਲੀ ਮੇਜ਼ ਉਤੇ ਆ ਬੈਠੀ। ਉਸ ਨੂੰ ਵਾਸੰਥੀ ਦੀਆਂ ਮਨਮੋਹਣੀਆਂ ਅੱਖਾਂ ਤੇ ਮੇਰੇ ਸਿਰ ਦੀ ਪਗੜੀ ਨੇ ਖਿੱਚ ਲਿਆ ਸੀ। ਇਥੇ ਇਹ ਦੱਸਣਾ ਵੀ ਅਯੋਗ ਨਹੀਂ ਕਿ ਜਿਸ ਆਡੀਟੋਰੀਅਮ ਵਿਚ ਇਹ ਕਾਨਫਰੰਸ ਹੋ ਰਹੀ ਸੀ, ਉਹ ਨਵੀਂ ਦਿੱਲੀ ਦੀ ਖੁਲ੍ਹੀ ਰਾਬਿੰਦਰਾ ਰੰਗਸ਼ਾਲਾ ਜਿੰਨਾ ਵਿਸ਼ਾਲ ਸੀ। ਸਾਗਰ ਦੇ ਤੱਟ ਉਤੇ ਦਰਜਨਾਂ ਰੈਸਟੋਰੈਂਟ ਸਨ ਤੇ ਕਾਨਫਰੰਸ ਵਿਚ ਸ਼ਿਰਕਤ ਕਰਨ ਵਾਲਿਆਂ ਨੂੰ ਖੁੱਲ੍ਹ ਸੀ ਕਿ ਉਹ ਜਿੱਥੇ ਚਾਹੁਣ, ਖਾ-ਪੀ ਸਕਦੇ ਸਨ। ਨੀਸ ਦੇ ਮੇਅਰ ਮਾਰਸ਼ਲ ਜੂਲੀਅਨ ਦਾ ਹੁਕਮ ਸੀ ਕਿ ਕਿਸੇ ਵੀ ਡੈਲੀਗੇਟ ਨੂੰ ਕੋਈ ਵੀ ਅਸੁਵਿਧਾ ਹੋਈ ਤਾਂ ਜਿੰਮੇਵਾਰ ਵਿਅਕਤੀ ਵਿਰੱਧ ਸਖਤ ਕਾਰਵਾਈ ਹੋਵੇਗੀ।
ਵਾਸੰਥੀ ਦੀ ਚੰਡੀਗੜ੍ਹ ਫੇਰੀ ਨੂੰ ਆਪਾਂ ਨੀਸ ਦੀ ਆਲਮੀ ਲੇਖਕ ਕਾਨਫਰੰਸ ਦੀ ਲੜੀ ਦਾ ਆਖਰੀ ਅੰਗ ਵੀ ਕਹਿ ਸਕਦੇ ਹਨ।
ਅੰਤਿਕਾ:
ਸਚ ਬੋਲਨੇ ਕੀ ਖੂ ਨੇ ਅਮਰ ਕਰ ਦੀਆ ਉਸੇ
ਸੁਕਰਾਤ ਜਾਨਤਾ ਥਾ ਪਿਆਲੇ ਮੇਂ ਜ਼ਹਿਰ ਥਾ
ਨੋਟ: ਕਵੀ ਦਾ ਨਾਂ ਨਹੀਂ ਪਤਾ; ਖੂ ਦਾ ਭਾਵ ਆਦਤ ਹੈ।