ਧਰਮ ਤੇ ਰਾਜਨੀਤੀ ਦਾ ਸਿੱਖ ਪ੍ਰਸੰਗ

ਬਲਕਾਰ ਸਿੰਘ ਪ੍ਰੋਫੈਸਰ

ਧਰਮ ਤੇ ਰਾਜਨੀਤੀ ਬਾਰੇ ਬਹਿਸ ਇਸ ਸਮੇਂ ਕੌਮੀ ਪੱਧਰ ‘ਤੇ ਵੀ ਚੱਲੀ ਹੋਈ ਹੈ ਕਿਉਂਕਿ ਕੇਂਦਰ ਸਰਕਾਰ ਭਗਵੇਂਕਰਨ ਦੀ ਸਿਆਸਤ ਨੂੰ ਧਰਮ ਨਿਰਪੇਖ ਵਿਧਾਨਕਤਾ ਦੇ ਬਦਲ ਵਜੋਂ ਉਭਾਰ ਰਹੀ ਹੈ। ਇਸ ਨਾਲ ਧਰਮ ਅਤੇ ਰਾਜਨੀਤੀ ਦਾ ਮਸਲਾ ਭਾਰਤੀ ਗਣਤੰਤਰ ਵਾਸਤੇ ਅਹਿਮ ਹੋ ਗਿਆ ਹੈ ਕਿਉਂਕਿ ਧਰਮ ਤੇ ਰਾਜਨੀਤੀ ਦਾ ਇਕ ਸਿਆਸੀ ਉਸਾਰ ਪਾਕਿਸਤਾਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ।

ਮੀਰੀ ਪੀਰੀ ਦੇ ਹਵਾਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਦੇ ਧਰਮ ਤੇ ਰਾਜਨੀਤੀ ਨੂੰ ਇਕ ਦੂਜੇ ਦੇ ਪੂਰਕ ਕਹਿਣ ਨਾਲ (ਪੰਜਾਬੀ ਟ੍ਰਿਬਿਊਨ 3 ਜੁਲਾਈ 2017) ਇਸ ਮਸਲੇ ਬਾਰੇ ਚਰਚਾ ਦੀ ਲੋੜ ਪੈਦਾ ਹੋ ਗਈ ਹੈ। ਸਿੱਖ ਧਰਮ, ਧਰਮਾਂ ਦੇ ਪ੍ਰਸੰਗ ਵਿਚ ਸੰਪੂਰਨ ਜੀਵਨ ਦਾ ਧਰਮ ਹੋਣ ਕਰਕੇ ਜੀਵਨ ਨਾਲ ਜੁੜੇ ਹੋਏ ਸਾਰੇ ਸਰੋਕਾਰਾਂ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਮੰਨਦਾ ਹੈ। ਪੂਰਕਤਾ ਦਾ ਮਤਲਬ ਰਲੇਵਾਂ ਨਹੀਂ ਹੁੰਦਾ ਅਤੇ ਨਾ ਹੀ ਇਕ ਪੱਖ ਨੂੰ ਕਿਸੇ ਦੂਜੇ ਦੀ ਕੀਮਤ ‘ਤੇ ਵਰਤਿਆ ਜਾਣਾ ਹੋ ਸਕਦਾ ਹੈ।
ਗੁਰੂ ਕਾਲ ਦੌਰਾਨ ਧਰਮ ਨੂੰ ਸਿਆਸਤ ਵਾਸਤੇ ਜਾਂ ਸਿਆਸਤ ਨੂੰ ਧਰਮ ਵਾਸਤੇ ਵਰਤੇ ਜਾਣ ਨੂੰ ਉਤਸ਼ਾਹਿਤ ਨਹੀਂ ਸੀ ਕੀਤਾ ਗਿਆ ਕਿਉਂਕਿ ਦੋਹਾਂ ਵਿਚੋਂ ਕਿਸੇ ਇਕ ਦੇ ਉਲਾਰ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਦੋਹਾਂ ਵੱਲੋਂ ਰਲ ਕੇ ਕੀਤੇ ਗਏ ਉਲਾਰ ਦੀਆਂ ਮਿਸਾਲਾਂ ਵੀ ਇਤਿਹਾਸ ਵਿਚੋਂ ਮਿਲ ਜਾਂਦੀਆਂ ਹਨ। ਧਰਮ ਅਤੇ ਸਿਆਸਤ ਦੀ ਭੂਮਿਕਾ ਦਾ ਪ੍ਰਗਟਾਵਾ ਇਤਿਹਾਸ ਵਿਚ ਹੁੰਦਾ ਰਿਹਾ ਹੈ ਅਤੇ ਇਸ ਮੁੱਦੇ ‘ਤੇ ਡਾæ ਜਸਪਾਲ ਸਿੰਘ ਨੇ ਦੋਹਾਂ ਨੂੰ ਰੇਲ ਦੀਆਂ ਦੋ ਲਾਈਨਾਂ ਵਾਂਗ ਇਕ ਸੰਤੁਲਨ ਵਿਚ ਇਕ ਦੂਜੇ ਤੋਂ ਵਿਥ ਤੇ ਤਸਲੀਮ ਕੀਤਾ ਹੋਇਆ ਹੈ। ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਧਰਮ ਤੇ ਰਾਜਨੀਤੀ ਨੂੰ ਗੁਰਮਤਿ ਪ੍ਰਸੰਗ ਵਿਚ ਵੇਖਣ ਦੀ ਥਾਂ ਸਿੱਖ ਰਾਜ ਦੇ ਹਵਾਲੇ ਨਾਲ ਲੋੜ ਮੁਤਾਬਕ ਵਰਤੇ ਜਾਣ ਵਾਲੇ ਬਦਲ ਵਾਂਗ ਪੇਸ਼ ਕਰ ਦਿੱਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਸਿੱਖੀ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਤਿਹਾਸ ਨੂੰ ਬਾਣੀ ਉਤੇ ਪਹਿਲ ਪ੍ਰਾਪਤ ਹੋ ਜਾਵੇਗੀ।
ਸਮਾਂ ਆ ਗਿਆ ਹੈ ਕਿ ਇਸ ਸਵਾਲ ਦੇ ਸਨਮੁਖ ਹੋਇਆ ਜਾਵੇ ਕਿ ਸਿੱਖੀ, ਸਿੱਖਾਂ ਕਰਕੇ ਬਚੀ ਹੋਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਬਚੀ ਹੋਈ ਹੈ? ਇਸ ਨਾਲ ਇਹ ਵੀ ਪਤਾ ਲੱਗ ਜਾਏਗਾ ਕਿ ਸਰਕਾਰ-ਏ-ਖਾਲਸਾ ਗੁਰਮਤਿ ਨਾਲ ਕਿੰਨੀ ਕੁ ਨਿਭਦੀ ਰਹੀ ਸੀ? ਬਾਬਰਵਾਣੀ ਦੇ ਹਵਾਲੇ ਨਾਲ ਕਿਸੇ ਕਿਸਮ ਦੀ ਰਾਜਨੀਤੀ ਸਥਾਪਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨੂੰ ਧਰਮ ਵੱਲੋਂ ਰਾਜਨੀਤੀ ਨਾਲ ਨਿਭਣ ਤੇ ਨਜਿੱਠਣ ਦੀ ਵਿਧੀ ਵਜੋਂ ਹੀ ਸਾਹਮਣੇ ਲਿਆਂਦਾ ਜਾ ਸਕਦਾ ਹੈ।
ਇਸ ਵੇਲੇ ਦੀ ਲੋੜ ਵਿਰਾਸਤ ਨੂੰ ਸਿਆਸਤ ਵਾਸਤੇ ਵਰਤਣ ਦੀ ਥਾਂ, ਵਿਰਾਸਤ ਨੂੰ ਸਿਆਸਤ ਤੋਂ ਬਚਾਏ ਜਾਣ ਦੀ ਹੈ। ਗੱਲ 2017 ਵਿਚ ਹੋ ਰਹੀ ਹੈ ਅਤੇ ਪ੍ਰੋæ ਬਡੂੰਗਰ ਹਵਾਲੇ ਪੰਚਮ ਪਾਤਸ਼ਾਹ ਹਜ਼ੂਰ ਦੀ ਸ਼ਹੀਦੀ ਦੇ ਦੇਈ ਜਾ ਰਹੇ ਹਨ। ਧਰਮ ਅਤੇ ਸਿਆਸਤ ਬਾਰੇ ਮਿਲਦੇ ਵੇਰਵਿਆਂ ਦੇ ਆਧਾਰ ‘ਤੇ ਵਿਚਾਰੀਏ ਤਾਂ ਇਹੀ ਸਮਝ ਆਉਂਦਾ ਹੈ ਕਿ ਸਿਆਸਤ ਨੂੰ ਧਰਮ ਸਦਾ ਹੀ ਠੀਕ ਬੈਠਦਾ ਰਿਹਾ ਹੈ, ਪਰ ਧਰਮ ਨੂੰ ਸਿਆਸਤ ਕਦੇ ਵੀ ਠੀਕ ਨਹੀਂ ਬੈਠੀ। ਪ੍ਰੋæ ਬਡੂੰਗਰ ਨੇ ਇਸੇ ਦਾ ਸਮਰਥਨ ਕਰਦਿਆਂ ਕਿਹਾ ਹੋਇਆ ਹੈ ਕਿ ‘ਧਰਮ ਤੋਂ ਬਿਨਾ ਰਾਜਨੀਤੀ ਗੁੰਡਿਆਂ ਦੀ ਖੇਡ ਬਣ ਕੇ ਰਹਿ ਜਾਂਦੀ ਹੈ।’
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਜੇ ਉਹ ਇਸ ਕਰਕੇ ਅਕਾਲੀ ਦਲ ਦੇ ਧਰਨਿਆਂ ਵਿਚ ਜਾ ਰਹੇ ਹਨ ਤਾਂ ਉਹੀ ਦੱਸਣ ਕਿ ਇਸ ਨਾਲ ਕੀ ਕੋਈ ਫਰਕ ਪਿਆ ਹੈ? ਕਿਸ ਨੂੰ ਨਹੀਂ ਪਤਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀਆਂ ਦੀ ਉਸੇ ਤਰ੍ਹਾਂ ਨੌਕਰੀ ਕਰ ਰਹੇ ਹਨ, ਜਿਵੇਂ ਪੁਰਾਣੇ ਜਮਾਨਿਆਂ ਵਿਚ ਬ੍ਰਾਹਮਣੀ ਸੰਸਥਾਵਾਂ ਦੇ ਮੁਖੀ ਤਤਕਾਲੀ ਰਾਜਿਆਂ ਦੀ ਕਰਿਆ ਕਰਦੇ ਸਨ। ਇਸ ਦੀ ਰੌਸ਼ਨੀ ਵਿਚ ਉਹ ਰਾਜਨੀਤੀ ਉਤੇ ਧਰਮ ਦੇ ਕੁੰਡੇ ਦੀ ਕਲਪਨਾ ਕਿਵੇਂ ਕਰੀ ਜਾ ਰਹੇ ਹਨ?
ਸਿੱਖ ਧਰਮ ਨੇ ਰਾਜਨੀਤੀ ਵਾਸਤੇ ਧਾਰਮਿਕ ਸੰਸਥਾਵਾਂ ਨੂੰ ਵਰਤੇ ਜਾਣ ਦਾ ਰਾਹ ਬੰਦ ਕੀਤਾ ਸੀ। ਇਸੇ ਕਰਕੇ ਮਿਸਲਾਂ ਵੇਲੇ ਮਿਸਲਦਾਰ, ਰਾਜਨੀਤੀ ਨੂੰ ਪਾਸੇ ਰੱਖ ਕੇ ਅਕਾਲ ਤਖਤ ਸਾਹਿਬ ‘ਤੇ ਜਾਇਆ ਕਰਦੇ ਸਨ। ਜੋ ਵਰਤਮਾਨ ਵਿਚ ਹੋ ਰਿਹਾ ਹੈ, ਉਸ ਦਾ ਸਮਰਥਨ ਮੀਰੀ ਪੀਰੀ ਦੇ ਹਵਾਲੇ ਨਾਲ ਨਹੀਂ ਕੀਤਾ ਜਾ ਸਕਦਾ। ਇਸ ਸਥਿਤੀ ਤੋਂ ਪ੍ਰੋæ ਬਡੂੰਗਰ ਵਾਕਫ ਹਨ ਅਤੇ ਇਸੇ ਕਰਕੇ ਉਨ੍ਹਾਂ ਕੋਲੋਂ ਇਹ ਸੱਚ ਕਹਿ ਹੋ ਗਿਆ ਹੈ ਕਿ ‘ਜਦੋਂ ਰਾਜਨੀਤਕ ਸ਼ਕਤੀ ‘ਤੇ ਕਾਬਜ ਰਹਿਣ ਜਾਂ ਰਾਜਨੀਤਕ ਸ਼ਕਤੀ ਹਾਸਲ ਕਰਨ ਲਈ ਧਰਮ ਦਾ ਸਹਾਰਾ ਲਿਆ ਜਾਵੇ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਜਾਵੇ ਤਾਂ ਇਸ ਤੋਂ ਵਡਾ ਦੰਭ ਤੇ ਪਖੰਡ ਕੋਈ ਨਹੀ ਰਹਿ ਜਾਂਦਾ।’
ਪ੍ਰੋæ ਬਡੂੰਗਰ ਇਹ ਕਿਸ ਨੂੰ ਦੱਸ ਰਹੇ ਹਨ ਅਤੇ ਮਨਭਾਉਂਦੇ ਨਤੀਜੇ ਕਿਸ ਆਧਾਰ ‘ਤੇ ਕੱਢ ਰਹੇ ਹਨ ਕਿ ‘ਧਰਮ ਤੇ ਰਾਜਨੀਤੀ ਦਾ ਸਬੰਧ ਉਦੋਂ ਹੀ ਉਪਯੋਗੀ ਹੁੰਦਾ ਹੈ ਜਦੋਂ ਧਰਮ ਆਪਣੇ ਮਾਰਗ ‘ਤੇ ਸਥਿਰ ਰਹਿੰਦਾ ਹੋਇਆ ਰਾਜਨੀਤੀ ਤੋਂ ਦੂਰ ਨ ਰਹੇ।’ ਪ੍ਰਧਾਨ ਜੀ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਸੰਸਥਾਵਾਂ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਦੀ ਜਿੰਮੇਵਾਰੀ ਸਿੱਖ ਸਿਆਸਤਦਾਨਾਂ ‘ਤੇ ਹੀ ਆਉਂਦੀ ਹੈ। ਮੇਰੀ ਸਮਝ ਮੁਤਾਬਕ ਪ੍ਰੋæ ਬਡੂੰਗਰ ਵੀ ਸਿਆਸਤਦਾਨ ਪਹਿਲਾਂ ਹਨ ਅਤੇ ਹੋਰ ਕੁਝ ਵੀ ਬਾਅਦ ਵਿਚ ਹਨ। ਅਸਲ ਵਿਚ ਉਹ ਅਕਾਲੀ ਦਲ ਵਲੋਂ ਅਕਾਲੀ ਦਲ ਵਾਸਤੇ ਦਿੱਤੀ ਹੋਈ ਜਿੰਮੇਵਾਰੀ ਨਿਭਾਉਣ ਦੀ ਹੀ ਕੋਸ਼ਿਸ਼ ਕਰ ਰਹੇ ਹਨ ਅਤੇ ਹਵਾਲੇ ਵਾਲਾ ਲੇਖ ਲਿਖਦਿਆਂ ਉਨ੍ਹਾਂ ਨੇ ਧਿਆਨ ਵਿਚ ਨਹੀਂ ਰੱਖਿਆ ਕਿ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਲੇਖ ਵਜੋਂ ਪੜ੍ਹਿਆ ਤੇ ਵਿਚਾਰਿਆ ਵੀ ਜਾ ਸਕਦਾ ਹੈ। ਇਸੇ ਕਰਕੇ ਉਹ ਅਕਾਲੀ ਦਲ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਵੇਖਣ ਦੀ ਥਾਂ ਮਹਾਰਾਜਾ ਰਣਜੀਤ ਸਿੰਘ ਦੀ ਨਿਰੰਤਰਤਾ ਵਿਚ ਵੇਖਣ ਦੇ ਮੁੱਦਈ ਲੱਗਣ ਲੱਗ ਪਏ ਹਨ।
ਸਿੱਖ ਧਰਮ ਪ੍ਰਾਪਤ ਦੇ ਉਲਾਰ ਵਰਤਾਰਿਆਂ ਵਿਚਕਾਰ ਸਹਿਜ ਸਥਾਪਨ ਨਾਲ ਜੁੜੀ ਹੋਈ ਸਿਧਾਂਤਕਤਾ ਹੈ ਅਤੇ ਇਸ ‘ਤੇ ਅਮਲ ਦੀ ਆਸ ਸਿੱਖ ਸਿਆਸਤਦਾਨਾਂ ਤੋਂ ਇਸ ਕਰਕੇ ਨਹੀਂ ਕੀਤੀ ਜਾ ਸਕਦੀ ਕਿ ਸਿੱਖ ਸਿਆਸਤ ਧਰਮ ਵਾਸਤੇ ਨਹੀਂ, ਰਾਜ ਵਾਸਤੇ ਕਾਰਜਸ਼ੀਲ ਰਹੀ ਹੈ। ਇਸ ਦੇ ਕਾਰਨ ਵਿਧਾਨਕਤਾ ਨਾਲ ਵੀ ਜੁੜੇ ਹੋਏ ਹਨ ਅਤੇ ਵੋਟ ਬੈਂਕ ਦੀ ਸਿਆਸਤ ਨਾਲ ਵੀ ਜੁੜੇ ਹੋਏ ਹਨ। ਨੈਤਿਕਤਾ (ਧਰਮ) ਅਤੇ ਕੂਟਨੀਤੀ (ਸਿਆਸਤ) ਦੇ ਇਸ ਭੇੜ ਵਿਚ ਫਸੇ ਹੋਣ ਦੇ ਬਾਵਜੂਦ ਪ੍ਰੋæ ਬਡੂੰਗਰ ਤੋਂ ਰਾਜਨੀਤਕ ਵਰਤਾਰੇ ਬਾਰੇ ਇਹ ਸੱਚ ਕਹਿ ਹੋ ਗਿਆ ਹੈ ਕਿ ‘ਰਾਜਨੀਤਕ ਸ਼ਕਤੀ ਧਰਮ ਨਿਰਪੇਖਤਾ ਦੇ ਮਖੌਟੇ ਹੇਠ ਛੁਪੀ ਆਪਣੀ ਧਾਰਮਿਕ ਕੱਟੜਤਾ ਅਤੇ ਆਪਣੀ ਰਾਜਨੀਤੀ ਕਰ ਰਹੀ ਹੈ।’
ਮੈਨੂੰ ਚੰਗਾ ਲੱਗਿਆ ਹੈ ਕਿ ਕਿਸੇ ਨੂੰ ਬਖਸ਼ੇ ਬਿਨਾ ਪ੍ਰਧਾਨ ਜੀ ਕੋਲੋਂ ਕਹਿ ਹੋ ਗਿਆ ਹੈ ਕਿ ‘ਘਟਗਿਣਤੀਆਂ ਦੇ ਧਰਮ, ਸਭਿਆਚਾਰ, ਭਾਸ਼ਾ ਤੇ ਅੱਡਰੀ ਪਛਾਣ ਨੂੰ ਨਿਗਲ ਲੈਣ ਦੀਆਂ ਸਾਜਿਸ਼ਾਂ ਅਤੇ ਯਤਨ ਜਾਰੀ ਹਨ। ਅਜਿਹਾ ਭਾਰਤ ਨੂੰ ਇਕ ਧਰਮੀ ਅਤੇ ਇਕ ਕੌਮੀ ਰਾਸ਼ਟਰ ਬਣਾਉਣ ਹਿਤ ਕੀਤਾ ਜਾ ਰਿਹਾ ਹੈ।’ ਇਹ ਸੁਰ ਬੇਸ਼ੱਕ ਸਿੱਖ ਸੁਰ ਵਿਚ ਹੈ, ਪਰ ਪ੍ਰਧਾਨ ਜੀ ਖੁਦ ਅਕਾਲੀ ਵਜੋਂ ਇਸ ਤਰ੍ਹਾਂ ਦੀ ਸਿਆਸਤ ਦੇ ਭਾਈਵਾਲ ਹਨ। ਇਸ ਨਾਲ ਉਨ੍ਹਾਂ ਨੇ ਸਿੱਖ ਸੁਰ ਵਿਚ ਲੋੜੀਂਦੇ ਸੰਵਾਦ ਦੀ ਨੀਂਹ ਰੱਖ ਦਿੱਤੀ ਹੈ ਅਤੇ ਇਸ ਵਾਸਤੇ ਉਹ ਵਧਾਈ ਦੇ ਪਾਤਰ ਹਨ।
ਇਹ ਗੱਲ ਠੀਕ ਹੈ ਕਿ ਧਰਮੀਆਂ ਵੱਲੋਂ ਸਿਆਸਤਦਾਨਾਂ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਪਰ ਉਨ੍ਹਾਂ ਨੂੰ ਪਤਾ ਹੈ ਕਿ ਅਜਿਹਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਤੁਰ ਜਾਣ ਤੋਂ ਪਿੱਛੋਂ ਸੰਭਵ ਨਹੀਂ ਹੋ ਸਕਿਆ। ਇਸ ਬਾਰੇ ਇਸ ਵੇਲੇ ਸਿਆਸਤਦਾਨ ਅਤੇ ਸੰਸਥਾ ਮੁਖੀ ਕੋਈ ਵੀ ਗੱਲ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਧਰਮ ਅਤੇ ਸਿਆਸਤ ਇਕ ਦੂਜੇ ਨੂੰ ਪਾਲਣ ਵਾਲੀਆਂ ਧਿਰਾਂ ਹੋ ਗਈਆਂ ਹਨ। ਇਸ ਨੂੰ ਕਦੇ ਕਦੇ ਸਿਆਸਤ ਨਾਲ ਢਕਣ ਦੀ ਕੋਸ਼ਿਸ਼ ਵੀ ਹੁੰਦੀ ਰਹਿੰਦੀ ਹੈ। ਮਿਸਾਲ ਵਜੋਂ ਅਕਾਲ ਤਖਤ ਸਾਹਿਬ ਬਾਰੇ ਗੱਲ ਛੇਵੇਂ ਪਾਤਸ਼ਾਹ ਹਜ਼ੂਰ ਦੇ ਹਵਾਲੇ ਨਾਲ ਕਰਨ ਲੱਗ ਪੈਂਦੇ ਹਾਂ ਅਤੇ ਸਿਆਸਤਦਾਨਾਂ ਦੀ ਨੌਕਰੀ ਨੂੰ ‘ਸਹਿਹੋਂਦ ਦੀ ਭਾਵਨਾ’ ਕਹਿਣ ਲੱਗ ਪੈਂਦੇ ਹਾਂ। ਸਭ ਨੂੰ ਪਤਾ ਹੈ ਕਿ ਭਾਰਤੀ ਵਿਧਾਨ ਦੇ ਅੰਤਰਗਤ ਸਿੱਖ ਸਿਆਸਤ ਨੂੰ ਪੰਥਕ ਸੁਰ ਵਿਚ ਸਿੱਖਾਂ ਦੇ ਬੋਲਬਾਲਿਆਂ ਵਾਸਤੇ ਨਹੀਂ ਚਲਾਇਆ ਜਾ ਸਕਦਾ। ਸ਼੍ਰੋਮਣੀ ਕਮੇਟੀ ਨੂੰ ਭਾਰਤੀ ਵਿਧਾਨ ਦਾ ਇਸ ਤਰ੍ਹਾਂ ਦਾ ਕੋਈ ਬੰਧਨ ਨਹੀਂ ਹੈ।
ਪ੍ਰੋæ ਬਡੂੰਗਰ ਨੂੰ ਕਿਉਂ ਨਹੀਂ ਲੱਗਦਾ ਕਿ ਉਨ੍ਹਾਂ ਦੇ ਸਿਆਸੀ ਧਰਨਿਆਂ ਵਿਚ ਜਾਣ ਨਾਲ ਸਿਆਸਤਦਾਨਾਂ ਦਾ ਕੁਝ ਸੰਵਰਿਆ ਨਹੀਂ ਪਰ ਸ਼੍ਰੋਮਣੀ ਕਮੇਟੀ ਦੀ ਸਾਖ ਨੂੰ ਧੱਕਾ ਜਰੂਰ ਲੱਗਾ ਹੈ। ਪ੍ਰਧਾਨ ਜੀ ਵੱਲੋਂ ਅਪਨਾਇਆ ਗਿਆ ਰਾਹ ਮੀਰੀ ਪੀਰੀ ਦੇ ਹਵਾਲੇ ਨਾਲ ਜਾਇਜ਼ ਸਿੱਧ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵਿਚੋਂ ਪੂਰਕਤਾ ਦਾ ਨਹੀਂ, ਰਲੇਵੇਂ ਦਾ ਪ੍ਰਭਾਵ ਪੈਦਾ ਹੁੰਦਾ ਹੈ। ਇਸ ਰਲੇਵੇਂ ਕਾਰਨ ਕੀਤੇ ਜਾ ਰਹੇ ਧਾਰਮਿਕ ਕੰਮ ਵੀ ਸਿਆਸਤ ਹੀ ਲੱਗਣ ਲੱਗ ਪਏ ਹਨ। ਉਨ੍ਹਾਂ ਦੀ ਇਹ ਧਾਰਨਾ ਅਕਾਲੀ ਸਿਆਸਤਦਾਨਾਂ ਦੀ ਸਾਖ ਬਣਾਉਣ ਦੀ ਕੋਸ਼ਿਸ਼ ਹੈ ਕਿ ‘ਜਦੋਂ ਕਦੀ ਵੀ ਧਾਰਮਿਕ ਖੇਤਰ ਲਈ ਖਤਰਾ ਪੈਦਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਪੂਰੀ ਸ਼ਕਤੀ ਨਾਲ ਜੂਝਿਆ।’
ਕਿਸ ਨੂੰ ਨਹੀਂ ਪਤਾ ਕਿ ਪੰਥ ਨੂੰ ਖਤਰੇ ਦੀ ਸਿਆਸਤ ਲਗਾਤਾਰ ਹੁੰਦੀ ਰਹੀ ਹੈ ਅਤੇ ਇਸ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਹੈ। ਸਿੱਖ ਸਿਆਸਤ ਦੀ ਭੇਟ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਚੜ੍ਹ ਚੁਕੀਆਂ ਹਨ, ਉਸ ਤੋਂ ਤਾਂ ਅਕਾਲ ਤਖਤ ਸਾਹਿਬ ਵੀ ਬਚਿਆ ਹੋਇਆ ਨਹੀਂ ਹੈ। ਫਿਰ ਪ੍ਰੋæ ਬਡੂੰਗਰ ਗੱਲ ਨੂੰ ਸੁਲਝਾਉਣ ਦੀ ਥਾਂ ਉਲਝਾ ਕਿਉਂ ਰਹੇ ਹਨ? ਕਿਸ ਨੂੰ ਨਹੀਂ ਪਤਾ ਕਿ ਇਸ ਨਾਲ ਸ਼੍ਰੋਮਣੀ ਕਮੇਟੀ ਉਤੇ ਸਿਆਸਤਦਾਨਾਂ ਦੇ ਕਬਜ਼ੇ ਦਾ ਰਾਹ ਪੱਧਰਾ ਹੁੰਦਾ ਹੈ? ਸ਼੍ਰੋਮਣੀ ਕਮੇਟੀ ਨੂੰ ਸਿੱਖ ਸਿਆਸਤਦਾਨਾਂ ਤੱਕ ਸੀਮਤ ਕਰਨ ਦੀ ਕੀ ਲੋੜ ਹੈ? ਇਨ੍ਹਾਂ ਮੁੱਦਿਆਂ ‘ਤੇ ਸਾਂਝੀ ਸਿੱਖ ਸਮਝ ਬਣਾਉਣ ਵਾਸਤੇ ਯਤਨ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕਰ ਰਹੀ? ਵਰਤਮਾਨ ਨੂੰ ਨਾਲ ਲੈ ਕੇ ਤੁਰਨ ਵਾਸਤੇ ਸਵਾਲਾਂ ਅਤੇ ਦੁਸ਼ਵਾਰੀਆਂ ਦੇ ਸਨਮੁਖ ਤਾਂ ਹੋਣਾ ਹੀ ਪਵੇਗਾ। ਇਸ ਪਾਸੇ ਇਸ ਲੇਖ ਨਾਲ ਕਦਮ ਚੁੱਕ ਕੇ ਪ੍ਰਧਾਨ ਜੀ ਨੇ ਚੰਗਾ ਕੰਮ ਕੀਤਾ ਹੈ।