ਇੱਕ ਦੂਸਰੇ ਦੇ ਪੂਰਕ ਹਨ ਧਰਮ ਤੇ ਰਾਜਨੀਤੀ

ਸਿੱਖ ਜਗਤ ਵਿਚ ਧਰਮ ਅਤੇ ਰਾਜਨੀਤੀ ਦੇ ਆਪਸੀ ਸਬੰਧਾਂ ਬਾਰੇ ਅਕਸਰ ਚਰਚਾ ਛਿੜਦੀ ਰਹੀ ਹੈ ਜੋ ਅੱਜ ਵੀ ਜਾਰੀ ਹੈ। ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਦੇ 3 ਜੁਲਾਈ ਦੇ ਅੰਕ ਵਿਚ ਛਪੇ ਆਪਣੇ ਲੇਖ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਧਰਮ ਅਤੇ ਰਾਜਨੀਤੀ ਦੇ ਆਪਸੀ ਸਬੰਧਾਂ ਬਾਰੇ ਕੁਝ ਨੁਕਤੇ ਉਠਾਏ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ ਪਰ ਰਾਜਨੀਤੀ ਉਤੇ ਧਰਮ ਦਾ ਕੁੰਡਾ ਜਰੂਰੀ ਹੈ।

ਇਸੇ ਲੇਖ ਦੇ ਪ੍ਰਤੀਕਰਮ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾæ ਬਲਕਾਰ ਸਿੰਘ ਨੇ ਕੁਝ ਟਿੱਪਣੀਆਂ ਕੀਤੀਆਂ ਹਨ। ਅਸੀਂ ਇਹ ਦੋਵੇਂ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਪ੍ਰੋæ ਕਿਰਪਾਲ ਸਿੰਘ ਬਡੂੰਗਰ*

ਧਰਮ ਅਤੇ ਰਾਜਨੀਤੀ ਇੱਕ ਦੂਜੇ ਦੇ ਪੂਰਕ ਹਨ। ਸੱਭਿਅਤਾਵਾਂ ਦੇ ਅਰੰਭ ਵਿਚ ਧਰਮ ਅਤੇ ਰਾਜਨੀਤੀ-ਦੋਵੇਂ ਇੱਕ ਦੂਜੇ ਲਈ ਸਹਾਈ ਹੋਏ ਹਨ। ਪੰਜਾਬ ਵਿਚ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਕੂਮਤ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸਿੱਖ ਮਿਸਲਾਂ ਅਤੇ ਸਿੱਖ ਰਿਆਸਤਾਂ ਕਾਇਮ ਨਾ ਹੁੰਦੀਆਂ ਤਾਂ ਸਿੱਖ ਧਰਮ ਦੀ ਸ਼ਾਇਦ ਅੱਜ ਵਰਗੀ ਸਥਿਤੀ ਨਾ ਹੁੰਦੀ। ਇਸ ਤਰ੍ਹਾਂ ਧਰਮ ਅਤੇ ਰਾਜਨੀਤੀ ਸਦਾ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹੇ ਹਨ।
ਸਿੱਖ ਧਰਮ ਮੂਲ ਰੂਪ ਵਿਚ ਸੰਸਥਾਗਤ ਧਰਮ ਹੀ ਨਹੀਂ, ਸਗੋਂ ਗੁਣਾਤਮਕ ਅਤੇ ਮਾਨਵਤਾਵਾਦੀ ਧਰਮ ਵੀ ਸੀ। ਇਸ ਨੂੰ ਇਸਲਾਮ ਦੀ ਕੱਟੜਤਾ ਤੇ ਜਬਰ ਵਿਰੁਧ ਇੱਕ ਲੰਮੇ ਸੰਘਰਸ਼ ਵਿਚੋਂ ਲੰਘਣਾ ਪਿਆ। ਸਿੱਖ ਰਾਜ ਦੀ ਸਥਾਪਤੀ ਰਾਜਨੀਤੀ ਕਾਰਨ ਨਹੀਂ ਸਗੋਂ ਧਰਮ ਅਤੇ ਰਾਜਨੀਤੀ ਦੇ ਸੰਜੋਗ ਨਾਲ ਹੋਈ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਧਰਮ ਦਾ ਹੀ ਨਹੀਂ ਸਗੋਂ ਦੂਜੇ ਧਰਮਾਂ ਦਾ ਵੀ ਸਤਿਕਾਰ ਕੀਤਾ ਅਤੇ ਸਾਂਝਾ ਖਾਲਸਾ ਰਾਜ ਸਥਾਪਤ ਕੀਤਾ ਜਿਸ ਨੂੰ ‘ਸਰਕਾਰ-ਏ-ਖਾਲਸਾḔ ਕਿਹਾ ਜਾਂਦਾ ਸੀ।
ਸਿੱਖ ਧਰਮ ਵਿਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਬਾਬਰ ਦੇ ਹਮਲੇ ਸਮੇਂ ਹੀ ਸਪੱਸ਼ਟ ਹੋ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਖਿਲਾਫ ਜ਼ੋਰਦਾਰ ਰੋਸ ਪ੍ਰਗਟ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਧਰਮ ਦੇ ਸ਼ਾਂਤਮਈ ਤੇ ਨਿਮਰਤਾ ਵਾਲੇ ਸਰੂਪ ਉਤੇ ਰਾਜਨੀਤੀ ਦਾ ਵਹਿਸ਼ੀਆਨਾ ਹਮਲਾ ਸੀ। ਇਸ ਪਿੱਛੋਂ ਸਿੱਖ ਧਰਮ ਵਿਚ ਸ੍ਰੀ ਅਕਾਲ ਤਖਤ ਦੀ ਸਥਾਪਨਾ ਤੇ ਮੀਰੀ ਪੀਰੀ ਦੀ ਪਰੰਪਰਾ, ਭਗਤੀ ਤੇ ਸ਼ਕਤੀ ਦਾ ਸੁਮੇਲ ਧਰਮ ਅਤੇ ਰਾਜਨੀਤੀ ਦਾ ਸੰਜੋਗ ਹੀ ਸੀ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਦੀ ਸਥਾਪਨਾ ਅਤੇ ਹੋਂਦ, ਇਨ੍ਹਾਂ ਦੋਹਾਂ ਦੇ ਵਿਚਕਾਰ ਦੋ ਨਿਸ਼ਾਨ ਸਾਹਿਬ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਪਹਿਨੀਆਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਰਮ ਅਤੇ ਰਾਜਨੀਤੀ ਦੇ ਸੁਮੇਲ ਤੇ ਸੰਜੋਗ ਦੇ ਲਖਾਇਕ ਹੀ ਹਨ। ਪੀਰੀ ਦਾ ਨਿਸ਼ਾਨ ਸਾਹਿਬ, ਮੀਰੀ ਦੇ ਨਿਸ਼ਾਨ ਸਾਹਿਬ ਤੋਂ ਉਚਾ ਹੋਣਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਧਰਮ ਦਾ ਕੁੰਡਾ ਰਾਜਨੀਤੀ ਦੇ ਸਿਰ ਉਤੇ ਜ਼ਰੂਰੀ ਹੈ। ਖਾਲਸੇ ਦੇ ਆਦਰਸ਼ਾਂ ਵਿਚੋਂ ਵੀ ਧਰਮ ਅਤੇ ਰਾਜਨੀਤੀ ਦਾ ਸੰਜੋਗ ਝਲਕਦਾ ਹੈ।
ਧਰਮ ਦਾ ਉਦੇਸ਼ ਹੈ, ਨਾਮ ਜਪਾਉਣਾ ਭਾਵ ਆਤਮਾ ਦਾ ਵਿਕਾਸ, ਰਾਜਨੀਤੀ ਦਾ ਫਰਜ਼ ਹੈ ਗੁਨਾਹਗਾਰਾਂ ਨੂੰ ਦੰਡ ਦੇਣਾ ਅਤੇ ਸਮਾਜਿਕ ਤੇ ਆਰਥਿਕ ਜ਼ਿੰਦਗੀ ਨੂੰ ਨਿਯਮਤ ਅਤੇ ਵਿਕਾਸਮੁਖੀ ਦਿਸ਼ਾ ਵੱਲ ਰੱਖਣਾ।
ਸਿੱਖ ਧਰਮ ਵਿਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਗਿਣਤੀ ਅਤੇ ਕੱਟੜਤਾ ਉਤੇ ਨਹੀਂ ਸਗੋਂ ਆਤਮਿਕ ਗੁਣਾਂ ਅਤੇ ਰਛਿਆ ਰਿਆਇਤ ਦੀ ਭਾਵਨਾ ‘ਤੇ ਆਧਾਰਿਤ ਹੈ। ਰਾਜਨੀਤੀ ਬਿਨਾ ਧਰਮ ਦੁਨੀਆਂ ਤੋਂ ਦੂਰ ਹੋ ਕੇ ਕੋਈ ਉਪਯੋਗੀ ਯੋਗਦਾਨ ਪਾਉਣ ਯੋਗ ਨਹੀਂ ਰਹਿੰਦਾ। ਧਰਮ ਤੋਂ ਬਿਨਾ ਰਾਜਨੀਤੀ ਗੁੰਡਿਆਂ ਦੀ ਖੇਡ ਬਣ ਕੇ ਰਹਿ ਜਾਂਦੀ ਹੈ। ਧਰਮ ਦੇ ਪ੍ਰਸਾਰ ਲਈ ਜੇ ਰਾਜਨੀਤੀ ਦੀ ਦੁਰਵਰਤੋਂ ਕੀਤੀ ਜਾਵੇ ਤਾਂ ਇਹ ਘੋਰ ਅਨਿਆਂ ਤੇ ਅੱਤਿਆਚਾਰ ਦਾ ਰੂਪ ਧਾਰਨ ਕਰ ਲੈਂਦੀ ਹੈ। ਜਦੋਂ ਰਾਜਨੀਤਕ ਸ਼ਕਤੀ ‘ਤੇ ਕਾਬਜ਼ ਰਹਿਣ ਜਾਂ ਰਾਜਨੀਤਕ ਸ਼ਕਤੀ ਹਾਸਲ ਕਰਨ ਲਈ ਧਰਮ ਦਾ ਸਹਾਰਾ ਲਿਆ ਜਾਵੇ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਜਾਵੇ ਤਾਂ ਇਸ ਤੋਂ ਵੱਡਾ ਦੰਭ ਤੇ ਪਖੰਡ ਕੋਈ ਨਹੀਂ ਰਹਿ ਜਾਂਦਾ। ਧਰਮ ਤੇ ਰਾਜਨੀਤੀ ਦਾ ਸਬੰਧ ਉਦੋਂ ਹੀ ਉਪਯੋਗੀ ਹੁੰਦਾ ਹੈ ਜਦੋਂ ਧਰਮ ਆਪਣੇ ਮਾਰਗ ‘ਤੇ ਸਥਿਰ ਰਹਿੰਦਾ ਹੋਇਆ ਰਾਜਨੀਤੀ ਤੋਂ ਦੂਰ ਨਾ ਰਹੇ। ਸਗੋਂ ਰਾਜਨੀਤੀ ਦਾ ਮਾਰਗ ਦਰਸ਼ਨ ਕਰੇ। ਰਾਜਨੀਤੀ ਇੱਕ ਚੰਗੇ ਰਾਜ ਦੇ ਆਦਰਸ਼ਾਂ ਨੂੰ ਕਾਇਮ ਕਰਦੀ ਹੋਈ ਧਰਮ ‘ਤੇ ਭਾਰੂ ਨਾ ਹੋਵੇ ਤੇ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਨਾ ਕਰੇ।
1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਲਗਾਤਾਰ ਤਿੰਨ ਦਿਨ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ, ਪਰ ਧਰਮ ਨਿਰਪੱਖ ਦੇਸ਼ ਵਿਚ ਕਿਸੇ ਨੇ ਵੀ ਜਾਨ ਮਾਲ ਦੀ ਰੱਖਿਆ ਨਹੀਂ ਕੀਤੀ। ਅੱਜ ਤੇਈ ਸਾਲ ਬੀਤਣ ਤੋਂ ਬਾਅਦ ਵੀ ਸਮੂਹਿਕ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਅਜਿਹਾ ਤਾਂ ਹੀ ਹੋ ਰਿਹੈ ਕਿਉਂਕਿ ਰਾਜਨੀਤਕ ਸ਼ਕਤੀ ਧਰਮ ਨਿਰਪੱਖਤਾ ਦੇ ਮੁਖੌਟੇ ਹੇਠ ਛੁਪੀ ਆਪਣੀ ਧਾਰਮਿਕ ਕੱਟੜਤਾ ਅਤੇ ਆਪਣੀ ਵੋਟ ਰਾਜਨੀਤੀ ਕਰ ਰਹੀ ਹੈ। ਘੱਟ ਗਿਣਤੀਆਂ ਦੇ ਧਰਮ, ਸੱਭਿਆਚਾਰ, ਭਾਸ਼ਾ ਤੇ ਅੱਡਰੀ ਪਛਾਣ ਨੂੰ ਨਿਗਲ ਲੈਣ ਦੀਆਂ ਸਾਜ਼ਿਸ਼ਾਂ ਅਤੇ ਯਤਨ ਜਾਰੀ ਹਨ। ਅਜਿਹਾ ਭਾਰਤ ਨੂੰ ਇੱਕ ਧਰਮੀ ਅਤੇ ਇੱਕ ਕੌਮੀ ਰਾਸ਼ਟਰ ਬਣਾਉਣ ਹਿੱਤ ਕੀਤਾ ਜਾ ਰਿਹੈ। ਸਭ ਨੂੰ ਆਪਣਾ ਧਰਮ, ਸੱਭਿਆਚਾਰ, ਵਿਰਾਸਤ ਅਤੇ ਅਕੀਦਿਆਂ ਨੂੰ ਕਾਇਮ ਰੱਖਣ ਦੀ ਗਾਰੰਟੀ ਕਰਦਿਆਂ ਧਰਮ ਦੀ ਰੱਖਿਆ ਲਈ ਰਾਜਨੀਤਕ ਸ਼ਕਤੀ ਅਤੇ ਰਾਜਨੀਤੀ ਨੂੰ ਲੋਕ-ਹਿਤੈਸ਼ੀ ਅਤੇ ਨਿਆਂਸ਼ੀਲ ਬਣਾਏ ਰੱਖਣ ਲਈ ਧਰਮ ਦੀ ਲੋੜ ਹੈ।
ਹਿੰਦੁਸਤਾਨ ਦੇ ਧਰਮ, ਸੱਭਿਅਤਾ ਅਤੇ ਸਵੈਮਾਣ ਦੀ ਰੱਖਿਆ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਨਾ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਵੱਲੋਂ ਸ੍ਰੀ ਅਕਾਲ ਤਖਤ ਦੀ ਸਥਾਪਨਾ ਅਤੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨਣੀਆਂ, ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਉਪਰੰਤ ਸ਼ਸਤਰਧਾਰੀ ‘ਖਾਲਸਾ ਪੰਥḔ ਦੀ ਸਿਰਜਣਾ ਆਦਿ ਮਹਾਨ ਘਟਨਾਵਾਂ ਧਰਮ ਤੇ ਰਾਜਨੀਤੀ ਦੀ ਮਨੁੱਖੀ ਜ਼ਿੰਦਗੀ ਲਈ ਅਹਿਮੀਅਤ ਅਤੇ ਇੱਕ ਦੂਜੇ ਦੇ ਪੂਰਕ ਹੋਣ ਦਾ ਹੀ ਸਪੱਸ਼ਟ ਸਿਧਾਂਤ ਤੇ ਸਰੂਪ ਹਨ। ਇੱਕ ਤੋਂ ਬਿਨਾ ਦੂਜਾ ਹਮੇਸ਼ਾਂ ਹੀ ਮਨੁੱਖੀ ਜ਼ਿੰਦਗੀ ਲਈ ਘਾਤਕ ਸਿੱਧ ਹੋਇਆ ਹੈ। ਇਸੇ ਲਈ ਇਨ੍ਹਾਂ ਦਾ ਆਪਸੀ ਸਹਿਯੋਗ ਜ਼ਰੂਰੀ ਹੈ ਤਾਂ ਜੋ ਸਹਿਹੋਂਦ ਦੀ ਭਾਵਨਾ ਬਣੀ ਰਹੇ। ਖਾਲਸੇ ਦੀ ਰਾਜਨੀਤਕ ਸ਼ਕਤੀ ਹਰਕਤ ਵਿਚ ਆਈ। ਅੰਤ 14 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਅਗਲੇ ਹੀ ਦਿਨ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸ੍ਰੀ ਅਕਾਲ ਤਖਤ ਉਤੇ ਨੁਮਾਇੰਦਾ ਹਸਤੀ ਦੇ ਸਿੱਖਾਂ ਦਾ ਇਕੱਠ ਸੱਦ ਕੇ ਇਹ ਸਪੱਸ਼ਟ ਕੀਤਾ ਸੀ ਕਿ ਗੁਰਧਾਮਾਂ, ਸਿੱਖ ਇਤਿਹਾਸ, ਰਹਿਤ ਮਰਿਆਦਾ ਦੀ ਰਾਖੀ ਲਈ ਰਾਜਨੀਤਕ ਜਥੇਬੰਦੀ ਦੀ ਲੋੜ ਹੈ। ਨਤੀਜੇ ਵਜੋਂ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਜਦੋਂ ਕਦੇ ਵੀ ਧਾਰਮਿਕ ਖੇਤਰ ਲਈ ਖਤਰਾ ਪੈਦਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਪੂਰੀ ਸ਼ਕਤੀ ਨਾਲ ਜੂਝਿਆ। ਜਦੋਂ ਕਦੇ ਅਕਾਲੀ ਲੀਡਰਸ਼ਿਪ ਜਾਂ ਕੋਈ ਵੀ ਸਿੱਖ ਸੰਸਥਾ ਸਿੱਖ ਸਿਧਾਂਤ ਤੋਂ ਥਿੜਕਦੀ ਨਜ਼ਰ ਆਈ ਤਾਂ ਸ੍ਰੀ ਅਕਾਲ ਤਖਤ ਨੇ ਆਪਣੀ ਧਾਰਮਿਕ ਹਸਤੀ ਦਾ ਭਰਪੂਰ ਪ੍ਰਗਟਾਵਾ ਕਰ ਕੇ ਰਾਜਨੀਤੀ ਨੂੰ ਸਹੀ ਥਾਂ ਉਤੇ ਕਾਇਮ ਰੱਖਿਆ।
*ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।