ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਗਊ ਰਾਖਿਆਂ ਨੂੰ ਜ਼ਾਬਤੇ ਵਿਚ ਰਹਿਣ ਲਈ ਪਾਈ ‘ਮਿੱਠੀ ਝਾੜ’ ਨੇ ਇਸ ਬੁਰਛਾਗਰਦੀ ਖਿਲਾਫ ਭਾਜਪਾ ਸਰਕਾਰ ਦੀ ਨੀਅਤ ‘ਤੇ ਮੁੜ ਸਵਾਲ ਚੁੱਕ ਦਿੱਤੇ ਹਨ। ਪ੍ਰਧਾਨ ਮੰਤਰੀ ਵੱਲੋਂ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿਚ ਗਊ ਰਾਖਿਆਂ ਨੂੰ ‘ਸਬਰ ਦਾ ਪਾਠ’ ਪੜ੍ਹਾਉਣ ਦੇ ਕੁਝ ਹੀ ਘੰਟਿਆਂ ਪਿੱਛੋਂ ਹੀ ਝਾਰਖੰਡ ਵਿਚ ਭੀੜ ਨੇ ਇਕ ਹੋਰ ਬੰਦੇ ਅਲੀਮੂਦੀਨ ਉਰਫ ਅਸਗਰ ਅੰਸਾਰੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਉਸ ਨੂੰ ਬੀਫ (ਗਊ ਦਾ ਮਾਸ) ਰੱਖਣ ਦੇ ਸ਼ੱਕ ‘ਚ ਮਾਰਿਆ ਗਿਆ।
ਅਲੀਮੂਦੀਨ ਮਾਸ ਦਾ ਕਾਰੋਬਾਰ ਕਰਦਾ ਸੀ। ਜਦੋਂ ਉਹ ਆਪਣੀ ਗੱਡੀ ਵਿਚ ਮਾਸ ਲੈ ਕੇ ਜਾ ਰਿਹਾ ਸੀ ਤਾਂ ਗੱਡੀ ‘ਚ ਬੀਫ ਹੋਣ ਦੀ ਅਫਵਾਹ ਉਡ ਗਈ। ਭਾਜਪਾ ਦੇ ਇਕ ਸੀਨੀਅਰ ਆਗੂ ਸਮੇਤ ਲੋਕਾਂ ਦੀ ਜੁੰਡਲੀ ਨੇ ਉਸ ਦੀ ਗੱਡੀ ਰੋਕ ਕੇ ਹਮਲਾ ਕਰ ਦਿੱਤਾ ਅਤੇ ਗੱਡੀ ਨੂੰ ਅੱਗ ਵੀ ਲਾ ਦਿੱਤੀ। ਹਫਤਾ ਪਹਿਲਾਂ ਹੀ ਮਥੁਰਾ ਜਾ ਰਹੀ ਰੇਲ ਗੱਡੀ ਵਿਚ ਮੁਸਲਿਮ ਨੌਜਵਾਨ ਜੁਨੈਦ ਖਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਕਾਤਲ ਉਸ ਦੇ ਪਰਿਵਾਰ ਉਤੇ ਫਿਕਰੇ ਕੱਸਦਿਆਂ ਉਸ ਨੂੰ ‘ਦੇਸ਼ ਵਿਰੋਧੀ’ ਅਤੇ ‘ਗਊ ਮਾਸ ਖਾਣ’ ਵਾਲਾ ਦੱਸ ਰਹੇ ਸਨ। ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਮੋਦੀ ਨੂੰ ਤਿੰਨ ਵਾਰ ਜਨਤਕ ਤੌਰ ‘ਤੇ ਗਊ ਰੱਖਿਆ ਦੇ ਨਾਂ ਉਤੇ ਹੋ ਰਹੀ ਹਿੰਸਾ ਖਿਲਾਫ ਬਿਆਨ ਦੇਣ ਲਈ ਮਜਬੂਰ ਹੋਣਾ ਪਿਆ, ਪਰ ਇਸ ਤੋਂ ਅੱਗੇ ਕੁਝ ਨਹੀਂ ਹੋਇਆ। ਦਰਅਸਲ, ਮੋਦੀ ਸਰਕਾਰ ਦੀ ਆਮਦ ਤੋਂ ਲੈ ਕੇ ਹੁਣ ਤੱਕ ਗਊ ਭਗਤ ਜਿਸ ਬੇਪਰਵਾਹੀ ਨਾਲ ਕਾਨੂੰਨ ਨਾਲ ਖੇਡ ਰਹੇ ਹਨ, ਉਸ ਦੇ ਮੱਦੇਨਜ਼ਰ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਆਖੇ ਤਾਜ਼ਾਤਰੀਨ ਸ਼ਬਦ ਬਹੁਤ ਨਰਮ ਹਨ।
ਮੁਲਕ ਵਿਚ ਵਧ ਰਹੇ ਰੋਹ ਨੂੰ ਵੇਖਦੇ ਹੋਏ ਮੋਦੀ ਨੇ ਪਿਛਲੇ ਵਰ੍ਹੇ ਜਨਤਕ ਇਕੱਠ ਵਿਚ ਆਖਿਆ ਸੀ ਕਿ ‘ਨਕਲੀ ਗਊ ਰਾਖਿਆਂ’ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੋਦੀ ਦੇ ਇਸ ਹੁਕਮ ਪਿੱਛੋਂ ਪੰਜਾਬ ਵਿਚ ਬਾਦਲ ਸਰਕਾਰ ਨੇ ਕੁਝ ਲੋਕਾਂ ਖਿਲਾਫ ਸਖਤੀ ਕੀਤੀ, ਪਰ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰ ਕੇ ਇਹ ਅਮਲ ਇਥੇ ਹੀ ਰੁਕ ਗਿਆ। ਇਸ ਮਸਲੇ ਦਾ ਹੱਲ ਕਰਨ ਦੀ ਥਾਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਆਖ ਰਹੇ ਹਨ ਕਿ ਅਜਿਹੀਆਂ ਘਟਨਾਵਾਂ ਐਨæਡੀæਏæ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਤੋਂ ਪਹਿਲਾਂ ਦੀਆਂ ਸਰਕਾਰਾਂ ਮੌਕੇ ਵੀ ਵਾਪਰਦੀਆਂ ਰਹੀਆਂ ਹਨ, ਪਰ ਉਦੋਂ ਕਿਸੇ ਨੇ ਇੰਨੇ ਸਵਾਲ ਨਹੀਂ ਕੀਤੇ, ਜਿੰਨੇ ਹੁਣ ਪੁੱਛੇ ਜਾ ਰਹੇ ਹਨ।
ਯਾਦ ਰਹੇ ਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਸੱਤਾ ‘ਚ ਆਉਣ ਤੋਂ ਬਾਅਦ ਗਊ ਰੱਖਿਆ ਦੇ ਨਾਂ ਉਤੇ ਮੁਲਕ ਭਰ ਵਿਚ ਹਿੰਸਕ ਘਟਨਾਵਾਂ ਵਧੀਆਂ ਹਨ। ਹਿੰਸਕ ਭੀੜਾਂ ਗਾਵਾਂ ਨੂੰ ਇਧਰ-ਉਧਰ ਲਿਜਾਣ ਵਾਲੇ ਲੋਕਾਂ ‘ਤੇ ਹਮਲੇ ਕਰ ਕੇ ਸ਼ਰੇਆਮ ਕੁੱਟ-ਕੁੱਟ ਕੇ ਮਾਰ ਦਿੰਦੀਆਂ ਹਨ। ਇਹ ਰੁਝਾਨ ਇੰਨਾ ਵਧ ਚੁੱਕਾ ਹੈ ਕਿ ਪਿਛਲੇ ਦਿਨੀਂ ਕੁਝ ਗੈਰ-ਰਾਜਨੀਤਕ ਸੰਗਠਨਾਂ ਦੇ ਸੱਦੇ ‘ਤੇ ਦਿੱਲੀ, ਮੁੰਬਈ, ਲਖਨਊ ਅਤੇ ਮੁਲਕ ਦੇ ਕਈ ਹੋਰ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਧਰਮ ਅਤੇ ਜਾਤਾਂ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਗਊ ਰੱਖਿਆ ਦੇ ਨਾਂ ਉਤੇ ਬੇਕਸੂਰ ਲੋਕਾਂ ਨੂੰ ਮਾਰਨ ਵਿਰੁੱਧ ਸਖਤ ਰੋਸ ਵਿਖਾਵੇ ਕੀਤੇ। ਇਨ੍ਹਾਂ ਵਿਖਾਵਿਆਂ ਕਾਰਨ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਮਾਮਲੇ ‘ਤੇ ਆਪਣੀ ਚੁੱਪ ਤੋੜਨੀ ਪਈ ਹੈ।