ਬਠਿੰਡਾ: ਕੈਪਟਨ ਸਰਕਾਰ ਵੱਲੋਂ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਤਹਿਤ ਨਸ਼ੇੜੀਆਂ ਨੂੰ ਤੇਜ਼ੀ ਨਾਲ ਜੇਲ੍ਹੀਂ ਤੁੰਨਿਆ ਜਾ ਰਿਹਾ ਹੈ ਪਰ ਵੱਡੇ ਤਸਕਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਉਂਜ ਇਨ੍ਹਾਂ ਨਸ਼ੇੜੀਆਂ ਦੀਆਂ ਅਦਾਲਤਾਂ ਵਿਚੋਂ ਹੱਥੋ-ਹੱਥ ਜ਼ਮਾਨਤਾਂ ਹੋ ਰਹੀਆਂ ਹਨ।
ਕੈਪਟਨ ਸਰਕਾਰ ਦੇ ਪਹਿਲੇ 100 ਦਿਨਾਂ ਦੌਰਾਨ ਨਸ਼ਿਆਂ ਦੇ ਪਰਚੂਨ ਵਪਾਰੀ ਅਤੇ ਨਸ਼ੇੜੀ ਹੀ ਜੇਲ੍ਹਾਂ ਵਿਚ ਬੰਦ ਕੀਤੇ ਗਏ ਹਨ। ਨਵੀਂ ਸਰਕਾਰ ਦੇ ਪਹਿਲੇ 100 ਦਿਨਾਂ ਦੌਰਾਨ ਬਠਿੰਡਾ ਜ਼ੋਨ ਵਿਚ ਐਨæਡੀæਪੀæਐਸ਼ ਐਕਟ ਤਹਿਤ 886 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਤਹਿਤ 1108 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਨੇ ਭਾਵੇਂ ਇਕ ਨਾਇਜੀਰੀਅਨ ਤੋਂ ਬਿਨਾਂ 100 ਦਿਨਾਂ ਵਿਚ ਪੰਜ ਕਿਲੋ ਹੈਰੋਇਨ ਫੜੀ ਹੈ ਪਰ ਵੱਡੇ ਤਸਕਰ ਜੇਲ੍ਹਾਂ ਤੋਂ ਬਾਹਰ ਹੀ ਹਨ।
ਬਠਿੰਡਾ ਪੁਲਿਸ ਨੇ ਸੌ ਦਿਨਾਂ ਦੌਰਾਨ ਐਨæਡੀæਪੀæਐਸ਼ ਐਕਟ ਤਹਿਤ 207 ਕੇਸ ਦਰਜ ਕੀਤੇ ਹਨ ਤੇ 260 ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਜੇਲ੍ਹਾਂ ਵਿਚ 250 ਨਵੇਂ ਹਵਾਲਾਤੀ ਬੰਦ ਕੀਤੇ ਹਨ। ਜੇਲ੍ਹ ਸੁਪਰਡੈਂਟ ਜੋਗਾ ਸਿੰਘ ਨੇ ਦੱਸਿਆ ਕਿ ਐਨæਡੀæਪੀæਐਸ਼ ਐਕਟ ਵਾਲੇ ਕੇਸਾਂ ਤੋਂ ਬਿਨਾਂ ਐਕਸਾਈਜ਼ ਐਕਟ ਤਹਿਤ ਜ਼ਿਆਦਾ ਹਵਾਲਾਤੀ ਬੰਦ ਹਨ, ਜਿਨ੍ਹਾਂ ਦੀ ਜ਼ਮਾਨਤ ਛੇਤੀ ਹੋ ਜਾਂਦੀ ਹੈ। ਮੁਕਤਸਰ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਦੋ ਮਹੀਨਿਆਂ ਵਿਚ 85 ਮੁਲਜ਼ਮ ਐਨæਡੀæਪੀæਐਸ਼ ਐਕਟ ਤਹਿਤ ਦਰਜ ਕੇਸਾਂ ਵਿਚ ਬੰਦ ਹਨ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਕੁੱਲ 525 ਬੰਦੀ ਹਨ। ਮਾਨਸਾ ਦੇ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਉਨ੍ਹਾਂ ਦੀ ਜੇਲ੍ਹ ਵਿਚ 100 ਦਿਨਾਂ ਦੌਰਾਨ ਐਨæਡੀæ ਪੀæਐਸ਼ ਐਕਟ ਵਾਲੇ 30 ਬੰਦੀ ਹੀ ਆਏ ਹਨ। ਫਿਰੋਜ਼ਪੁਰ ਜੇਲ੍ਹ ਵਿਚ ਐਨæਡੀæ ਪੀæਐਸ਼ ਐਕਟ ਕੇਸਾਂ ਵਿਚ 50 ਬੰਦੀ ਆਏ ਹਨ। ਪੁਲਿਸ ਨੇ ਇਨ੍ਹਾਂ 100 ਦਿਨਾਂ ਦੌਰਾਨ 1108 ਮੁਲਜ਼ਮ ਫੜਨ ਦੀ ਗੱਲ ਆਖੀ ਹੈ। ਫੌਜਦਾਰੀ ਕੇਸਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਿਆਦਾ ‘ਨਾਨ ਕਮਰਸ਼ੀਅਲ’ ਕੇਸ ਦਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਅਦਾਲਤ ਵਿਚੋਂ ਇਕ ਮਹੀਨੇ ਵਿਚ ਜ਼ਮਾਨਤ ਹੋ ਜਾਂਦੀ ਹੈ। ਬਠਿੰਡਾ ਜ਼ੋਨ ਦੇ ਆਈæਜੀæ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਉਨ੍ਹਾਂ ਨੇ 100 ਦਿਨਾਂ ਦੌਰਾਨ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਵਿਚ ਸਫਲਤਾ ਹਾਸਲ ਕੀਤੀ ਹੈ। ਦਿੱਲੀ ਤੋਂ ਸਪਲਾਈ ਦੇਣ ਵਾਲੇ ਦੋ ਨਾਇਜੀਰੀਅਨ ਫੜੇ ਹਨ। 51 ਕਿਲੋਗ੍ਰਾਮ ਅਫੀਮ ਤੇ 54 ਕੁਇੰਟਲ ਭੁੱਕੀ ਫੜੀ ਹੈ। ਅੰਤਰਰਾਜੀ ਸੀਮਾ ‘ਤੇ ਦਿਨ-ਰਾਤ ਪਹਿਰਾ ਲਾ ਕੇ ਤਸਕਰਾਂ ਦਾ ਤਾਲਮੇਲ ਤੋੜਿਆ ਹੈ।
__________________________________________
ਐਸ਼ਟੀæਐਫ਼ ਵੱਲੋਂ ਸਿਆਸੀ ਆਗੂਆਂ ਨੂੰ ਟੰਗਣ ਦੀ ਤਿਆਰੀ
ਜਲੰਧਰ: ਸਪੈਸ਼ਲ ਟਾਸਕ ਫੋਰਸ (ਐਸ਼ਟੀæਐਫ਼) ਨੇ ਨਸ਼ਿਆਂ ਤੇ ਅਸਲੇ ਸਮੇਤ ਫੜੇ ਪੰਜਾਬ ਪੁਲਿਸ ਦੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀਆਂ ਜਾਇਦਾਦਾਂ ਅਤੇ ਉਸ ਦੀ ਸਿਆਸੀ ਆਗੂਆਂ ਸਮੇਤ ਵੱਡੇ ਪੁਲਿਸ ਅਫਸਰਾਂ ਨਾਲ ਨੇੜਤਾ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਐਸ਼ਟੀæਐਫ਼ ਵੱਲੋਂ ਇੰਦਰਜੀਤ ਕੋਲੋਂ ਨਸ਼ਿਆਂ ਬਾਰੇ ਕੀਤੀ ਪੁੱਛ-ਪੜਤਾਲ ਨੂੰ ਅੱਗੇ ਤੋਰੇ ਜਾਣ ਤੋਂ ਪੁਲਿਸ ਦਾ ਇਕ ਵੱਡਾ ਧੜਾ ਨਾਰਾਜ਼ ਚੱਲ ਰਿਹਾ ਹੈ। ਨਾਰਾਜ਼ ਧੜਾ ਦਲੀਲਾਂ ਦੇ ਰਿਹਾ ਹੈ ਕਿ ਜੇ ਇੰਦਰਜੀਤ ਮਾਮਲੇ ਨਾਲ ਵੱਡੇ ਅਫਸਰ ਲਪੇਟੇ ਵਿਚ ਆਉਂਦੇ ਹਨ ਤਾਂ ਪੰਜਾਬ ਪੁਲਿਸ ਦੀ ਬਦਨਾਮੀ ਹੋਵੇਗੀ ਤੇ ਕੈਪਟਨ ਸਰਕਾਰ ਦੇ ਅਕਸ ਨੂੰ ਖੋਰਾ ਲੱਗੇਗਾ। ਪੰਜਾਬ ਪੁਲਿਸ ਦਾ ਦੂਜਾ ਧੜਾ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਇਸ ਦਾ ਦਾਇਰਾ ਹੋਰ ਵੱਡਾ ਕਰਨ ਦੇ ਪੱਖ ਵਿਚ ਹੈ ਤਾਂ ਜੋ ਇਮਾਨਦਾਰ ਪੁਲਿਸ ਅਫਸਰਾਂ ਦੀ ਨਿਸ਼ਾਨਦੇਹੀ ਹੋ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸ਼ਟੀæਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਜਿਸ ਤਰ੍ਹਾਂ ਬਾਰਡਰ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਉਸ ਨਾਲ ਉਨ੍ਹਾਂ ਪੁਲਿਸ ਅਫਸਰਾਂ ਨੂੰ ਵੱਡਾ ਝਟਕਾ ਲੱਗਿਆ ਹੈ, ਜਿਹੜੇ ਇੰਦਰਜੀਤ ਮਾਮਲੇ ਨੂੰ ਠੱਪ ਕਰਵਾਉਣ ਲਈ ਜ਼ੋਰ ਲਾ ਰਹੇ ਸਨ। ਐਸ਼ਟੀæਐਫ਼ ਨੇ ਇੰਦਰਜੀਤ ਦੀਆਂ ਜਾਇਦਾਦਾਂ ਨੂੰ ਘੋਖਣਾ ਸ਼ੁਰੂ ਕਰ ਦਿੱਤਾ ਹੈ।