ਡੋਨਲਡ ਟਰੰਪ ਨੇ ਆਖਰ ਰੋਕ ਹੀ ਲਿਆ ਵਿਦੇਸ਼ੀਆਂ ਦਾ ਰਾਹ

ਵਾਸ਼ਿੰਗਟਨ: ਡੋਨਲਡ ਟਰੰਪ ਵੱਲੋਂ ਛੇ ਮੁਸਲਿਮ ਦੇਸ਼ਾਂ ਉਤੇ ਲਾਈ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਇਸ ਵਾਸਤੇ ਟਰੰਪ ਪ੍ਰਸ਼ਾਸਨ ਨੂੰ ਅਧਿਕਾਰਾਂ ਬਾਰੇ ਗਰੁੱਪਾਂ ਨਾਲ ਪੰਜ ਮਹੀਨੇ ਲੜਾਈ ਲੜਨੀ ਪਈ ਹੈ।

ਟਰੰਪ ਨੇ ਈਰਾਨ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਤੇ ਯਮਨ ਦੇ ਨਾਗਰਿਕਾਂ ਉਤੇ ਯਾਤਰਾ ਦੀ ਪਾਬੰਦੀ ਸਬੰਧੀ ਕਾਨੂੰਨ ਪਾਸ ਕੀਤਾ ਸੀ। ਇਸ ਨੂੰ ਅਮਰੀਕੀ ਅਦਾਲਤਾਂ ਨੇ ਰੱਦ ਕਰ ਦਿੱਤਾ ਸੀ। ਹੁਣ ਅਮਰੀਕੀ ਸੁਪਰੀਮ ਕੋਰਟ ਨੇ ਯਾਤਰਾ ਪਾਬੰਦੀ ਅਕਤੂਬਰ ਮਹੀਨੇ ਤੱਕ ਸਿਧਾਂਤਕ ਰੂਪ ਨਾਲ ਬਹਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼, ਨਿਆਂ ਤੇ ਅੰਦਰੂਨੀ ਸੁਰੱਖਿਆ ਮੰਤਰਾਲੇ ਨਵੇਂ ਮਾਪਦੰਡਾਂ ਨੂੰ ਅੰਤਿਮ ਰੂਪ ਦੇਣ ਵਿਚ ਲੱਗੇ ਹੋਏ ਹਨ। ਟਰੰਪ ਪ੍ਰਸ਼ਾਸਨ ਦੇ ਨਵੇਂ ਯਾਤਰਾ ਪਾਬੰਦੀ ਤੋਂ ਬਚਨ ਲਈ ਛੇ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਇਨ੍ਹਾਂ ਸ਼ਰਤਾਂ ਉਤੇ ਖਰਾ ਉਤਰਨਾ ਹੋਵੇਗਾ।
ਅਮਰੀਕੀ ਸੁਪਰੀਮ ਕੋਰਟ ਅਕਤੂਬਰ ਵਿਚ ਫਿਰ ਰਾਸ਼ਟਰਪਤੀ ਦੇ ਪਾਬੰਦੀ ਵਾਲੇ ਆਦੇਸ਼ ਨੂੰ ਬਣਾਈ ਰੱਖਣ ਜਾਂ ਫਿਰ ਰੱਦ ਕਰਨ ਦੇ ਫੈਸਲੇ ਉਤੇ ਗੌਰ ਕਰੇਗਾ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਮੁਲਕ ਵਿਚ ਅਤਿਵਾਦੀਆਂ ਦੇ ਦਾਖਲੇ ਨੂੰ ਰੋਕਣ ਲਈ ਇਹ ਆਰਜ਼ੀ ਪਾਬੰਦੀ ਜ਼ਰੂਰੀ ਹੈ ਪਰ ਪਰਵਾਸੀ ਵਕੀਲ ਦੋਸ਼ ਲਾ ਰਹੇ ਹਨ ਕਿ ਇਕੱਲੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਗੈਰਕਾਨੂੰਨੀ ਹੈ। ਇਰਾਨ, ਲਿਬੀਆ, ਸੋਮਾਲੀਆ, ਸੂਡਾਨ, ਸੀਰੀਆ ਤੇ ਯਮਨ ਦੇ ਨਾਗਰਿਕਾਂ ‘ਤੇ 90 ਦਿਨਾਂ ਲਈ ਅਤੇ ਸ਼ਰਨਾਰਥੀਆਂ ਉਤੇ 120 ਦਿਨਾਂ ਲਈ ਰੋਕ ਲਾਈ ਗਈ ਹੈ ਪਰ ਪਾਬੰਦੀ ਤੋਂ ਅਮਰੀਕਾ ਵਿਚ ‘ਕਰੀਬੀ ਪਰਿਵਾਰਕ ਰਿਸ਼ਤਿਆਂ’ ਵਾਲੇ ਲੋਕਾਂ ਨੂੰ ਛੋਟ ਮਿਲੇਗੀ ਪਰ ਕਾਰਕੁਨਾਂ ਨੇ ਕਿਹਾ ਕਿ ਸਰਕਾਰ ਨੇ ਪਰਿਵਾਰ ਨੂੰ ਬੇਹੱਦ ਸੌੜੇ ਢੰਗ ਨਾਲ ਪਰਿਭਾਸ਼ਤ ਕੀਤਾ ਹੈ, ਜਿਸ ‘ਚੋਂ ਦਾਦਾ-ਦਾਦੀ ਤੇ ਪੋਤੇ-ਪੋਤਰੀਆਂ ਤੋਂ ਇਲਾਵਾ ਹੋਰ ਰਿਸ਼ਤਿਆਂ ਨੂੰ ਬਾਹਰ ਕਰ ਦਿੱਤਾ ਹੈ। ਰੋਕ ਲਾਗੂ ਹੋਣ ਬਾਅਦ ਅਮਰੀਕਾ ਦੇ ਜਾਇਜ਼ ਵੀਜ਼ੇ ਉਤੇ ਆਉਣ ਵਾਲੇ ਇਨ੍ਹਾਂ ਛੇ ਮੁਲਕਾਂ ਦੇ ਲੋਕਾਂ ਦੀ ਮਦਦ ਤੇ ਸੌਖੇ ਦਾਖਲੇ ਲਈ ਨਿਊ ਯਾਰਕ ਦੇ ਜੌਹਨ ਐਫ਼ ਕੈਨੇਡੀ ਕੌਮਾਂਤਰੀ ਹਵਾਈ ਅੱਡੇ ਤੋਂ ਇਲਾਵਾ ਹੋਰ ਹਵਾਈ ਅੱਡਿਆਂ ਉਤੇ ਪਰਵਾਸੀਆਂ ਦੇ ਅਧਿਕਾਰਾਂ ਬਾਰੇ ਕਾਰਕੁਨ ਤੇ ਵਕੀਲ ਮੌਜੂਦ ਸਨ।ਗ੍ਰਹਿ ਸੁਰੱਖਿਆ ਵਿਭਾਗ, ਜਿਸ ਦੀ ਜਨਵਰੀ ਵਿਚ ਲਾਏ ਬੈਨ ਦੌਰਾਨ ਮਾੜੇ ਵਿਹਾਰ ਕਾਰਨ ਆਲੋਚਨਾ ਹੋਈ ਸੀ, ਨੇ ਇਸ ਵਾਰ ਬੈਨ ਸੁਚਾਰੂ ਢੰਗ ਨਾਲ ਲਾਗੂ ਕਰਨ ਦਾ ਵਾਅਦਾ ਕੀਤਾ।
______________________________________
ਵਿਦੇਸ਼ੀ ਕਾਮਿਆਂ ਦੀ ਵਧੇਗੀ ਤਨਖਾਹ?
ਵਾਸ਼ਿੰਗਟਨ: ਅਮਰੀਕੀ ਲੇਬਰ ਸੈਕਟਰੀ ਅਲੈਗਜੈਂਡਰ ਐਕੋਸਟਾ ਨੇ ਐਚ-1 ਬੀ ਵੀਜ਼ਿਆਂ ਉਤੇ ਵਿਦੇਸ਼ੀ ਕਾਮਿਆਂ ਦੀ ਘੱਟੋ-ਘੱਟ ਤਨਖਾਹ ਵਧਾਉਣ ਲਈ ਕਿਹਾ ਹੈ। ਭਾਰਤੀ ਆਈæਟੀæ ਫਰਮਾਂ ਮੌਜੂਦਾ ਰੂਪ ਵਿਚ ਇਨ੍ਹਾਂ ਕਾਮਿਆਂ ਨੂੰ 60,000 ਡਾਲਰ ਤੋਂ ਲੈ ਕੇ 80,000 ਡਾਲਰ ਤੱਕ ਸਾਲਾਨਾ ਤਨਖਾਹ ਦਿੰਦੀਆਂ ਹਨ। ਇਹ ਪਹਿਲੀ ਵਾਰ ਹੈ ਕਿ ਅਮਰੀਕਾ ਦੇ ਲੇਬਰ ਵਿਭਾਗ ਨੇ ਵਿਦੇਸ਼ੀ ਕਾਮਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਐਕੋਸਟਾ ਨੇ ਕਾਂਗਰਸ ਦੇ ਇਕ ਪੈਨਲ ਨੂੰ ਦੱਸਿਆ ਕਿ ਇਹ ਐਚ-1 ਬੀ ਵੀਜ਼ਿਆਂ ਉਤੇ ਅਮਰੀਕਾ ਆਉਣ ਵਾਲੇ ਵਿਦੇਸ਼ੀ ਕਾਮਿਆਂ ਵੱਲੋਂ ਅਮਰੀਕੀ ਕਰਮਚਾਰੀਆਂ ਦੀ ਥਾਂ ਲੈਣ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਹੱਲ ਕਰੇਗਾ। ਕਾਂਗਰਸ ਦੀ ਲੇਬਰ, ਸਿਹਤ ਤੇ ਮਨੁੱਖੀ ਸੇਵਾਵਾਂ, ਸਿੱਖਿਆ ਤੇ ਸਬੰਧਤ ਏਜੰਸੀਆਂ ਬਾਰੇ ਸੈਨੇਟ ਐਪਰੋਪ੍ਰੀਏਸ਼ਨ ਸਬ ਮੀਡੀਆ ਉਤੇ ਆਧਾਰਤ ਪੈਨਲ ਨੂੰ ਸੰਬੋਧਨ ਕਰਦਿਆਂ ਐਕੋਸਟਾ ਨੇ ਆਖਿਆ ਕਿ ਕਾਂਗਰਸ ਨੇ ਸਮੇਂ ਦੇ ਨਾਲ 60,000 ਡਾਲਰ ਦੀ ਹੱਦ ਦਾ ਨਵੀਨੀਕਰਨ ਨਹੀਂ ਕੀਤਾ। ਜੇਕਰ ਅਜਿਹਾ ਹੁੰਦਾ ਤਾਂ ਮਹਿੰਗਾਈ ਦੀ ਦਰ ਨੂੰ ਧਿਆਨ ਵਿਚ ਰੱਖਦੇ ਹੋਏ ਇਹ 80,000 ਡਾਲਰ ਤੋਂ ਵੀ ਵੱਧ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਮੈਂ ਸੈਨੇਟਰ ਨੂੰ ਇਸ ਮੁੱਦੇ ਉਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਾਂਗਾ। ਇਸ ਤੋਂ ਇਲਾਵਾ ਭਾਰਤ ਤੋਂ ਐਚ-1 ਬੀ ਵੀਜ਼ਾ ਧਾਰਕ ਬਦਲ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਧੇ ਤੋਂ ਵੱਧ ਐਚ-1 ਬੀ ਵੀਜ਼ਾ ਭਾਰਤ ਦੀਆਂ ਦੋ ਵੱਡੀਆਂ ਆਊਟਸੋਰਸਿੰਗ ਕੰਪਨੀਆਂ ਵਿਚ ਜਾਂਦੇ ਹਨ।
______________________________________
ਨਵੇਂ ਵੀਜ਼ਾ ਨਿਯਮ: ਕਰੀਬੀ ਰਿਸ਼ਤੇਦਾਰ ਹੀ ਜਾ ਸਕਣਗੇ ਅਮਰੀਕਾ
ਵਾਸ਼ਿੰਗਟਨ: ਛੇ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਲਈ ਅਮਰੀਕਾ ਨੇ ਨਵੇਂ ਵੀਜ਼ਾ ਨਿਯਮ ਬਣਾਏ ਹਨ। ਨਵੇਂ ਨਿਯਮਾਂ ਮੁਤਾਬਕ ਅਮਰੀਕੀ ਵੀਜ਼ਾ ਹਾਸਲ ਕਰਨ ਲਈ ਕਰੀਬੀ ਰਿਸ਼ਤੇਦਾਰੀ ਦਰਸਾਉਣੀ ਲਾਜ਼ਮੀ ਹੋਵੇਗੀ। ਇਨ੍ਹਾਂ ਨਿਯਮਾਂ ਨਾਲ ਇਰਾਨ, ਲੀਬੀਆ, ਸੀਰੀਆ, ਸੋਮਾਲੀਆ, ਸੁਡਾਨ ਤੇ ਯਮਨ ਪ੍ਰਭਾਵਿਤ ਹੋਣਗੇ। ਨਵੇਂ ਨਿਯਮ ਸੁਪਰੀਮ ਕੋਰਟ ਦੇ ਉਸ ਆਦੇਸ਼ ਤੋਂ ਬਾਅਦ ਜਾਰੀ ਕੀਤੇ ਗਏ ਹਨ ਜਿਸ ਵਿਚ ਰਾਸ਼ਟਰਪਤੀ ਟਰੰਪ ਵੱਲੋਂ ਯਾਤਰਾ ‘ਤੇ ਲਾਈ ਰੋਕ ਨੂੰ ਹੇਠਲੀ ਅਦਾਲਤ ਨੇ ਰਸਮੀ ਤੌਰ ਉਤੇ ਹਟਾ ਦਿੱਤਾ ਸੀ। ਨਵੇਂ ਨਿਯਮਾਂ ਮੁਤਾਬਕ ਅਗਲੇ 90 ਦਿਨਾਂ ਤੱਕ ਬਿਨਾਂ ਕਰੀਬੀ ਰਿਸ਼ਤੇਦਾਰਾਂ ਵਾਲੇ ਬੱਚੇ, ਜੋੜੇ, ਜਾਂ ਭੈਣ-ਭਰਾ ਆਦਿ ਅਮਰੀਕਾ ਵਿਚ ਦਾਖਲ ਨਹੀਂ ਹੋ ਸਕਣਗੇ। ਕਰੀਬੀ ਰਿਸ਼ਤੇਦਾਰਾਂ ਦੀ ਸੂਚੀ ਵਿਚੋਂ ਦੂਰ ਦੇ ਰਿਸ਼ਤੇਦਾਰਾਂ ਤੇ ਭਤੀਜੇ-ਭਤੀਜੀਆਂ, ਸਹੁਰੇ ਪਰਿਵਾਰ ਦੇ ਰਿਸ਼ਤੇਦਾਰ ਤੇ ਪੋਤੇ-ਪੋਤੀਆਂ ਨੂੰ ਬਾਹਰ ਰੱਖਿਆ ਗਿਆ ਹੈ। ਨਿਯਮਾਂ ਮੁਤਾਬਕ ਰਿਸ਼ਤਾ ਦਰਸਾਉਣ ਲਈ ਦਸਤਾਵੇਜ਼ ਪੇਸ਼ ਕਰਨੇ ਜ਼ਰੂਰੀ ਹੋਣਗੇ, ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਅਮਰੀਕਾ ਦਾ ਵੀਜ਼ਾ ਹੈ, ਉਨ੍ਹਾਂ ‘ਤੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ।