ਸਰਹੱਦਾਂ ਦਾ ਮੁੱਦਾ: ਭਾਰਤ ਤੇ ਚੀਨ ਵਿਚਕਾਰ ਤਣਾਅ ਹੋਰ ਵਧਿਆ

ਨਵੀਂ ਦਿੱਲੀ: ਚੀਨ ਤੇ ਭਾਰਤ ਦੀ ਸਰਹੱਦ ‘ਤੇ ਇਕਦਮ ਤਣਾਅ ਵਧ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹਨ। ਭਾਰਤ ਨੇ ਚੀਨ ਨਾਲ ਲੱਗਦੀ ਸਰਹੱਦ ‘ਤੇ ਵੱਡੀ ਗਿਣਤੀ ਵਿਚ ਫੌਜ ਤਾਇਨਾਤ ਕਰ ਦਿੱਤੀ ਹੈ। ਕੁਝ ਚੀਨੀ ਮਾਹਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਹਾਲਾਤ ਇਹ ਰਹੇ ਤਾਂ ਦੋਵਾਂ ਦੇਸ਼ਾਂ ਵਿਚ ਛੇਤੀ ਹੀ ਜੰਗ ਲੱਗ ਸਕਦੀ ਹੈ।

ਦੋਵਾਂ ਦੇਸ਼ਾਂ ਨੇ ਪਿਛਲੇ ਹਫਤੇ ਇਕ ਦੂਜੇ ‘ਤੇ ਸਰਹੱਦ ਪਾਰ ਕਰ ਕੇ ਇਕ-ਦੂਜੇ ਦੇ ਇਲਾਕੇ ਵਿਚ ਘੁਸਪੈਠ ਕਰਨ ਦੇ ਦੋਸ਼ ਲਾਏ ਸਨ। ਇਸ ਤਣਾਅ ਵਿਚ ਚੀਨ ਨੇ 1962 ਦੀ ਜੰਗ ਦਾ ਅਸਿੱਧਾ ਹਵਾਲਾ ਦਿੰਦਿਆਂ ਚਿਤਾਵਨੀ ਦਿੱਤੀ ਸੀ ਕਿ ਭਾਰਤੀ ਥਲ ਸੈਨਾ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਚੀਨੀ ਫੌਜੀਆਂ ਵੱਲੋਂ ਭਾਰਤ ਸਰਹੱਦ ਵਿਚ ਦਾਖਲ ਹੋ ਕੇ ਕੁਝ ਚੌਂਕੀਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਖਬਰਾਂ ਆਈਆਂ ਸਨ।
ਚੀਨ ਨੇ ਭਾਰਤ ਨੂੰ ਸਿੱਕਮ ਸੈਕਟਰ ਵਿਚੋਂ ਆਪਣੇ ਫੌਜੀ ਵਾਪਸ ਬੁਲਾਉਣ ਲਈ ਕਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਡੋਂਗਲਾਂਗ ਇਲਾਕੇ ਵਿਚ ਭਾਰਤ ਦੀ ਘੁਸਪੈਠ ਦੀ ਤਸਵੀਰ ਵੀ ਦਿਖਾਈ ਅਤੇ ਕਿਹਾ ਕਿ ਇਸ ਵਿਵਾਦ, ਜਿਸ ਕਾਰਨ ਜ਼ਮੀਨੀ ਪੱਧਰ ਉਤੇ ਫੌਜੀਆਂ ਵਿਚਾਲੇ ਆਹਮੋ-ਸਾਹਮਣੇ ਵਾਲੀ ਸਥਿਤੀ ਪੈਦਾ ਹੋਈ, ਦਾ ਹੱਲ ਸਿਰਫ ਇਸ ਇਲਾਕੇ ਤੋਂ ਭਾਰਤੀ ਫੌਜੀਆਂ ਦੀ ਵਾਪਸੀ ਰਾਹੀਂ ਹੀ ਨਿਕਲ ਸਕਦਾ ਹੈ। ਦੂਜੇ ਪਾਸੇ ਭਾਰਤੀ ਥਲ ਸੈਨਾ ਮੁਖੀ ਬਿਪਿਨ ਰਾਵਤ ਦੀਆਂ ਭਾਰਤ ਦੇ ਜੰਗ ਲਈ ਤਿਆਰ ਹੋਣ ਦੀਆਂ ਟਿੱਪਣੀਆਂ ਨੂੰ ਚੀਨੀ ਫੌਜ ਨੇ ਗੈਰ ਜ਼ਿੰਮੇਵਾਰਾਨਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਜੰਗ ਲਈ ਰੌਲਾ ਪਾਉਣ ਤੋਂ ਬਚਣਾ ਚਾਹੀਦਾ ਹੈ। ਇਹ ਖਬਰ ਹੈ ਕਿ ਚੀਨੀ ਥਲ ਸੈਨਾ ਨੇ ਭਾਰਤ ਸਰਹੱਦ ਨੇੜੇ ਤਿੱਬਤ ਵਿਚ ਹਲਕੇ ਲੜਾਕੂ ਟੈਂਕ ਦੀ ਅਜ਼ਮਾਇਸ਼ ਕੀਤੀ ਹੈ।
ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਸਿੱਕਮ ਸੈਕਟਰ ਵਿਚ ਡੌਂਗਲੈਂਗ ਖਿੱਤੇ ਵਿਚ ਉਸ ਵੱਲੋਂ ਇਕ ਸੜਕ ਦੀ ਉਸਾਰੀ ਬਿਲਕੁਲ ਜਾਇਜ਼ ਕੰਮ ਹੈ ਕਿਉਂਕਿ ਇਹ ਸੜਕ ਚੀਨੀ ਖੇਤਰ ਵਿਚ ਪੈਂਦੀ ਹੈ। ਦੂਜੇ ਪਾਸੇ ਭਾਰਤੀ ਫੌਜੀ ਦਸਤੇ ਇਸ ਖੇਤਰ ਨੂੰ ਆਪਣਾ ਇਲਾਕਾ ਮੰਨਦੇ ਹਨ। ਉਹ ਜਿਸ ਇਲਾਕੇ ਵਿਚ ਮੋਰਚਾ ਲਾਈ ਬੈਠੇ ਹਨ, ਉਸ ਨੂੰ ਚੀਨ ਆਪਣਾ ਖੇਤਰ ਦੱਸ ਰਿਹਾ ਹੈ। ਚੀਨ ਸਰਕਾਰ ਦੇ ਤਰਜਮਾਨ ਲਗਾਤਾਰ ਦੋਸ਼ ਲਾ ਰਹੇ ਹਨ ਕਿ ਭਾਰਤੀ ਫੌਜੀ, ਸਰਹੱਦ ਦੀ ਉਲੰਘਣਾ ਕਰ ਕੇ ਉਸ ਦੇ ਇਲਾਕੇ ਵਿਚ ਘੁਸੇ ਬੈਠੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ ਸਾਲ ਦਾਅਵਾ ਕੀਤਾ ਸੀ ਕਿ ਭਾਰਤ-ਚੀਨ ਸਰਹੱਦ ‘ਤੇ ਪਿਛਲੇ 40 ਸਾਲਾਂ ਦੌਰਾਨ ਇਕ ਵੀ ਗੋਲੀ ਨਹੀਂ ਚੱਲੀ। ਅਜਿਹੀ ਸਥਿਤੀ ਦੀ ਮੁੱਖ ਵਜ੍ਹਾ ਇਹ ਹੈ ਕਿ ਦੋਵਾਂ ਦੇਸ਼ਾਂ ਨੇ ਸਰਹੱਦੀ ਖਹਿਬਾਜ਼ੀ ਜਾਂ ਅਸਲ ਕੰਟਰੋਲ ਰੇਖਾ (ਐਲ਼ਏæਸੀæ) ਦੀ ਉਲੰਘਣਾ ਦੀ ਸੂਰਤ ਵਿਚ ਵੀ ਹਥਿਆਰ ਨਾ ਵਰਤਣ ਦਾ ਅਹਿਦ ਜ਼ੁਬਾਨੀ-ਕਲਾਮੀ ਲਿਆ ਹੋਇਆ ਹੈ ਅਤੇ ਉਸ ਅਹਿਦ ਦੀ ਹੁਣ ਤੱਕ ਪਾਲਣਾ ਕੀਤੀ ਜਾ ਰਹੀ ਸੀ। ਪਿਛਲੇ ਤਿੰਨ ਸਾਲਾਂ ਦੌਰਾਨ ਭਾਰਤ ਤੇ ਚੀਨ ਦੇ ਸਬੰਧਾਂ ਵਿਚ ਵੱਖ-ਵੱਖ ਕਾਰਨਾਂ ਕਰ ਕੇ ਤਰੇੜਾਂ ਉਭਰਦੀਆਂ ਆ ਰਹੀਆਂ ਹਨ। ਚੀਨ ਵਿਚ ਇਹ ਸੰਸੇ ਵਧਦੇ ਜਾ ਰਹੇ ਹਨ ਕਿ ਦੁਨੀਆਂ ਵਿਚ ਉਸ ਦੇ ਅਸਰ-ਰਸੂਖ ਦਾ ਪਸਾਰ ਵਧਣ ਤੋਂ ਰੋਕਣ ਦੀ ਅਮਰੀਕੀ ਰਣਨੀਤੀ ਵਿਚ ਭਾਰਤ ਸਰਗਰਮ ਭਾਈਵਾਲ ਬਣਦਾ ਜਾ ਰਿਹਾ ਹੈ।
ਦੂਜੇ ਪਾਸੇ ਨਵੀਂ ਦਿੱਲੀ ਇਹ ਮਹਿਸੂਸ ਕਰਦਾ ਹੈ ਕਿ ਚੀਨ, ਦੱਖਣੀ ਏਸ਼ੀਆ ਵਿਚ ਭਾਰਤ ਦੇ ਸਾਰੇ ਗੁਆਂਢੀਆਂ ਨਾਲ ਡੂੰਘੇ ਆਰਥਿਕ ਸਬੰਧ ਬਣਾ ਕੇ ਭਾਰਤ ਦੁਆਲੇ ਘੇਰਾਬੰਦੀ ਕਰ ਰਿਹਾ ਹੈ। ਪਾਕਿਸਤਾਨ ਵਿਚ ਗਵਾਦਰ, ਸ੍ਰੀਲੰਕਾ ਵਿਚ ਹੰਬਨਟੋਟਾ, ਮਿਆਂਮਾਰ ਵਿਚ ਯੈਂਗੌਨ ਅਤੇ ਬੰਗਲਾਦੇਸ਼, ਚਿਟਾਗਾਂਗ ਵਿਚ ਚੀਨੀ ਸਰਮਾਏ ਨਾਲ ਨਵੀਆਂ ਬੰਦਰਗਾਹਾਂ ਦੀ ਉਸਾਰੀ ਅਤੇ ਉਥੇ ਚੀਨੀ ਜਲ ਸੈਨਿਕ ਜਹਾਜ਼ਾਂ ਦੇ ਕਿਆਮ ਦੀ ਵਿਵਸਥਾ ਭਾਰਤੀ ਵਿਦੇਸ਼ ਦਫ਼ਤਰ ਨੂੰ ਭਾਰਤੀ ਹਿੱਤਾਂ ਲਈ ਤਕੜੀ ਭਵਿੱਖੀ ਸਿਰਦਰਦੀ ਜਾਪਦੀ ਹੈ।
__________________________________
1962 ਨਾਲੋਂ 2017 ਦਾ ਭਾਰਤ ਵੱਖਰਾ: ਜੇਤਲੀ
ਨਵੀਂ ਦਿੱਲੀ: ਭਾਰਤੀ ਫੌਜ ਨੂੰ ‘ਇਤਿਹਾਸ ਤੋਂ ਸਬਕ’ ਸਿੱਖਣ ਬਾਰੇ ਕਹਿਣ ਵਾਲੇ ਚੀਨ ‘ਤੇ ਕੇਂਦਰੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ 1962 ਨਾਲੋਂ 2017 ਦਾ ਭਾਰਤ ਵੱਖਰਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਸਿੱਕਮ ਸੈਕਟਰ ਵਿਚ ਭਾਰਤੀ ਤੇ ਚੀਨੀ ਫੌਜੀਆਂ ਵਿਚਾਲੇ ਤਣਾਅ ਪੇਈਚਿੰਗ ਨੇ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭੂਟਾਨ ਨੇ ਸਪੱਸ਼ਟ ਕੀਤਾ ਹੈ ਕਿ ਰੌਲੇ ਵਾਲੀ ਜਗ੍ਹਾ ਉਸ ਦੀ ਹੈ।
__________________________________
ਫੌਜੀ ਹਟਾਏ ਜਾਣ ਬਾਅਦ ਹੀ ਹੋਵੇਗੀ ਗੱਲਬਾਤ: ਚੀਨ
ਪੇਈਚਿੰਗ: ਚੀਨ ਨੇ ਕਿਹਾ ਹੈ ਕਿ ਸਿੱਕਮ ਸੈਕਟਰ ਵਿਚ ਤਣਾਅ ਉਤੇ ਭਾਰਤ ਨਾਲ ਅਰਥ-ਭਰਪੂਰ ਗੱਲਬਾਤ ਲਈ ਸਫਾਰਤੀ ਰਾਹ ਖੁੱਲ੍ਹੇ ਹਨ ਪਰ ਪਹਿਲਾਂ ਭਾਰਤ ਦੋਕਲਮ ਇਲਾਕੇ ‘ਚੋਂ ਆਪਣੇ ਫੌਜੀ ਹਟਾਵੇ ਕਿਉਂਕਿ ਉਸ ‘ਤੇ ਚੀਨ ਦੀ ‘ਨਿਰਵਿਵਾਦ ਪ੍ਰਭੂਸੱਤਾ’ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਕਿਹਾ ਕਿ ਚੀਨ ਤੇ ਭਾਰਤ ਦਰਮਿਆਨ ਮਿਥੀ ਸੀਮਾ ਭਾਰਤੀ ਜਵਾਨਾਂ ਨੇ 18 ਜੂਨ ਨੂੰ ਲੰਘੀ ਸੀ।
___________________________________
ਚੀਨ ਵੱਲੋਂ ਵਿਵਾਦਤ ਨਕਸ਼ਾ ਜਾਰੀ
ਨਵੀਂ ਦਿੱਲੀ: ਚੀਨ ਨੇ ਇਕ ਨਵਾਂ ਵਿਵਾਦਤ ਨਕਸ਼ਾ ਜਾਰੀ ਕਰ ਕੇ ਉਸ ਇਲਾਕੇ ਨੂੰ ਆਪਣਾ ਦੱਸਿਆ ਹੈ, ਜਿਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ‘ਚ ਵਿਵਾਦ ਚੱਲ ਰਿਹਾ ਹੈ। ਨਵੇਂ ਨਕਸ਼ੇ ‘ਚ ਚੀਨ ਨੇ ਭਾਰਤ-ਚੀਨ-ਭੁਟਾਨ ਜੰਕਸ਼ਨ ‘ਤੇ ਵੀ ਆਪਣਾ ਦਾਅਵਾ ਕੀਤਾ ਹੈ। ਨਕਸ਼ੇ ਦੇ ਸਾਹਮਣੇ ਆਉਣ ਨਾਲ ਭਾਰਤ-ਚੀਨ ਵਿਚਾਲੇ ਵਿਵਾਦ ਹੋਰ ਵਧ ਸਕਦਾ ਹੈ।