ਚੰਡੀਗੜ੍ਹ: ਪੰਜਾਬ ਪੁਰਾਤਤਵ ਨੂੰ ਡਿਜੀਟਲ ਰੂਪ ਦੇਣ ਪਿੱਛੋਂ ਮਿਲੇ ਦਸਤਾਵੇਜ਼ਾਂ ਵਿਚ ਪਤਾ ਲੱਗਾ ਹੈ ਕਿ ਬਰਤਾਨੀਆ ਨੇ ਜਲ੍ਹਿਆਂਵਾਲਾ ਬਾਗ ਸਾਕੇ ਦੇ ਪੀੜਤ ਪਰਿਵਾਰਾਂ ਲਈ ‘ਖੁੱਲ੍ਹੇ ਦਿਲ ਨਾਲ’ ਮੁਆਵਜ਼ਾ ਐਲਾਨਿਆ ਸੀ। ਕਰਨਲ ਰੈਗੀਨਲਡ ਡਾਇਰ ਦੇ ਹੁਕਮਾਂ ‘ਤੇ ਹੋਏ ਇਸ ਸਾਕੇ ਦੇ ਜ਼ਖ਼ਮੀਆਂ ਨੂੰ ਵੀ ਮੁਆਵਜ਼ਾ ਦਿੱਤਾ ਗਿਆ ਸੀ।ਕੁਝ ਦਿਹਾੜੀਦਾਰਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਇਕ ਕਾਰੋਬਾਰੀ, ਜਿਸ ਦੀ ਸਾਲਾਨਾ ਆਮਦਨ 9 ਹਜ਼ਾਰ ਰੁਪਏ ਆਂਕੀ ਗਈ ਸੀ, ਦੇ ਪਰਿਵਾਰ ਲਈ 1æ01 ਲੱਖ ਰੁਪਏ ਮੁਆਵਜ਼ਾ ਐਲਾਨਿਆ ਸੀ। ਬਰਤਾਨੀਆ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 1592155 ਰੁਪਏ ਅਤੇ ਜ਼ਖ਼ਮੀਆਂ ਲਈ 350762 ਰੁਪਏ ਨੂੰ ਮਨਜ਼ੂਰੀ ਦਿੱਤੀ ਸੀ।
ਸਰਕਾਰੀ ਰਿਕਾਰਡ ਮੁਤਾਬਕ ਕੁੱਲ 376 ਮੌਤਾਂ ਹੋਈਆਂ ਸਨ ਅਤੇ ਸਿਰਫ 218 ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ। ਭਾਵੇਂ ਖੁੱਲ੍ਹੇ ਦਿਲ ਨਾਲ ਮੁਆਵਜ਼ਾ ਐਲਾਨਿਆ ਗਿਆ ਸੀ ਪਰ ਫਰਵਰੀ 1921 ਤੱਕ ਅੰਮ੍ਰਿਤਸਰ ਸ਼ਹਿਰ ਦੇ 19 ਪਰਿਵਾਰਾਂ, ਤਰਨ ਤਾਰਨ ਤਹਿਸੀਲ ਦੇ 13 ਅਤੇ ਅਜਨਾਲਾ ਤਹਿਸੀਲ ਦੇ ਸੱਤ ਪਰਿਵਾਰਾਂ ਨੂੰ ਮਹਿਜ਼ 14150 ਰੁਪਏ ਮੁਆਵਜ਼ਾ ਦਿੱਤਾ ਗਿਆ। ਬਰਤਾਨੀਆ ਦੇ ਪ੍ਰਸ਼ਾਸਨ ਵਾਲੇ ਪੰਜਾਬ ਦੇ ਗ੍ਰਹਿ ਵਿਭਾਗ ਦੀਆਂ ਚਾਰ ਫਾਈਲਾਂ (1920 ਤੋਂ 1922) ਵਿਚ ਇਹ ਤੱਥ ਦਰਜ ਹਨ, ਜੋ ਚੰਡੀਗੜ੍ਹ ਸਥਿਤ ਪੰਜਾਬ ਡਿਜੀਟਲ ਲਾਇਬ੍ਰੇਰੀ (ਪੀæਡੀæਐਲ਼) ਦੇ ਸਟਾਫਰਾਂ ਨੇ ਸਰਕਾਰੀ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਦਿੱਤੇ ਜਾਣ ਦੌਰਾਨ ਲੱਭੇ ਸਨ।
ਪੀæਡੀæਐਲ਼ ਦੇ ਐਗਜ਼ੀਕਿਊਟਵ ਡਾਇਰੈਕਟਰ ਦਵਿੰਦਰ ਸਿੰਘ ਨੇ ਕਿਹਾ, ‘ਕੀ ਅਸੀਂ ਸੋਚ ਸਕਦੇ ਹਾਂ ਕਿ ਬਰਤਾਨੀਆ ਸਾਮਰਾਜ ਜਲ੍ਹਿਆਂਵਾਲਾ ਬਾਗ ਪੀੜਤਾਂ ਨੂੰ ਮੁਆਵਜ਼ਾ ਵੀ ਦੇ ਸਕਦਾ ਹੈ? ਇਹ 300 ਸਫੇ ਅਣਗੌਲੇ ਤੱਥ ਬਾਰੇ ਦਸਤਾਵੇਜ਼ੀ ਸਬੂਤ ਪੇਸ਼ ਕਰਦੇ ਹਨ। ਪੰਜਾਬ ਪੁਰਾਤਤਵ ਵਿਚ ਇਸ ਤਰ੍ਹਾਂ ਦੇ ਲੱਖਾਂ ਸਫੇ ਹਨ, ਜਿਨ੍ਹਾਂ ‘ਚ ਸਾਡੇ ਬੀਤੇ ਬਾਰੇ ਬਹੁਮੁੱਲੀ ਜਾਣਕਾਰੀ ਲੁਕੀ ਹੋਈ ਹੈ। ਭਾਵੇਂ ਮੁਆਵਜ਼ੇ ਦੇ ਹੁਕਮ ਦੇਣ ਪਿਛਲੇ ਕਾਰਨਾਂ ਬਾਰੇ ਇਹ ਫਾਈਲਾਂ ਚੁੱਪ ਹਨ ਪਰ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਸ਼ਾਸਕ 200 ਤੋਂ 600 ਰੁਪਏ ਵਿਚਕਾਰ ਮੁਆਵਜ਼ਾ ਦੇਣ ਤੋਂ ਸੰਤੁਸ਼ਟ ਸਨ। ਨੌਂ ਫਰਵਰੀ, 1921 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਚæਡੀæ ਕਰਾਇਕ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਇਕ ਗੁਪਤ ਪੱਤਰ ਭੇਜਿਆ, ਜਲ੍ਹਿਆਂਵਾਲਾ ਬਾਗ ‘ਚ ਮਾਰੇ ਗਏ ਵਿਅਕਤੀਆਂ ਦੇ ਆਸ਼ਰਿਤਾਂ ਨੂੰ 13050 ਰੁਪਏ ਵੰਡੇ ਜਾ ਚੁੱਕੇ ਹਨ। ਹੁਣ ਤੱਕ ਸਿਰਫ ਦੋ ਜ਼ਖ਼ਮੀਆਂ ਨੂੰ ਮੁਆਵਜ਼ਾ (1100 ਰੁਪਏ) ਦਿੱਤਾ ਗਿਆ ਹੈ। ਅਪਾਹਜ ਹੋਏ ਵਿਅਕਤੀਆਂ ਨੂੰ ਵੰਡਣ ਲਈ ਹਾਲ ਹੀ ਪੰਜ ਹਜ਼ਾਰ ਰੁਪਏ ਜਾਰੀ ਹੋਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਮੁਖੀ ਤੇ ਸੇਵਾ ਮੁਕਤ ਪ੍ਰੋਫੈਸਰ ਡਾæ ਹਰੀਸ਼ ਸ਼ਰਮਾ ਨੇ ਦੱਸਿਆ, ‘ਇਹ ਸੱਚ ਹੈ ਕਿ ਬਰਤਾਨੀਆ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਸੀ ਪਰ ਇਸ ਸਾਕੇ ਦੇ ਇਸ ਪੱਖ ਉਤੇ ਵਿਸਥਾਰ ਨਾਲ ਰੌਸ਼ਨੀ ਪਾਉਣ ਵਾਲਾ ਕੋਈ ਖੋਜ ਪੱਤਰ ਜਾਂ ਕਿਤਾਬ ਮੈਨੂੰ ਕਦੇ ਨਹੀਂ ਮਿਲੀ। ਆਜ਼ਾਦੀ ਸੰਗਰਾਮ ਦੇ ਇਤਿਹਾਸ ਦਾ ਇਹ ਤੱਥ ਕਦੇ ਹਿੱਸਾ ਨਹੀਂ ਬਣਿਆ।’
________________________________________
ਮੁਆਵਜ਼ੇ ਤੋਂ ਵਾਂਝੇ ਪੀੜਤ ਵੱਲੋਂ ਹਾਈ ਕੋਰਟ ਪਹੁੰਚ
ਚੰਡੀਗੜ੍ਹ: ਅੰਮ੍ਰਿਤਸਰ ਵਿਚ 98 ਸਾਲ ਪਹਿਲਾਂ ਵਾਪਰੇ ਜਲ੍ਹਿਆਂਵਾਲਾ ਬਾਗ ਕਾਂਡ ਦੀ ਗੂੰਜ ਉਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੁਣਾਈ ਦਿੱਤੀ, ਜਦੋਂ ਇਕ ਸੁਤੰਤਰਤਾ ਸੈਨਾਨੀ ਨੇ ਇਸ ਕਾਂਡ ਦੌਰਾਨ ਆਪਣੇ ਦਾਦੇ ਦੀ ਮੌਤ ਲਈ ਮੁਆਵਜ਼ੇ ਦੀ ਮੰਗ ਕੀਤੀ।
ਪਟੀਸ਼ਨਰ ਮੋਹਨ ਸਿੰਘ ਨੇ ਦਲੀਲ ਦਿੱਤੀ ਕਿ ਉਸ ਨੂੰ ਮੁਆਵਜ਼ੇ ਦਾ ਭੁਗਤਾਨ ਕੀਤਾ ਜਾਵੇ ਕਿਉਂਕਿ ਉਹ 13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿਚ ਮਾਰੇ ਗਏ ਈਸ਼ਰ ਸਿੰਘ ਦਾ ਪੋਤਾ ਹੈ। ਉਨ੍ਹਾਂ ਕਿਹਾ ਕਿ ਉਸ ਦਾ ਦਾਦਾ 15-16 ਹੋਰ ਪਿੰਡ ਵਾਸੀਆਂ ਨਾਲ ਜਲ੍ਹਿਆਂਵਾਲਾ ਬਾਗ ਵਿਚ ਇਕੱਠ ਵਿਚ ਸ਼ਾਮਲ ਹੋਣ ਗਿਆ ਸੀ ਪਰ ਉਥੇ ਗੋਲੀਬਾਰੀ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਭਾਰਤ ਤੇ ਪੰਜਾਬ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਪਰ ਸਕੀਮ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਾਂਹਪੱਖੀ ਮਾਨਸਿਕਤਾ ਤੇ ਉਦਾਸੀਨਤਾ ਕਾਰਨ ਇਨ੍ਹਾਂ ਦਾ ਲਾਭ ਨਹੀਂ ਮਿਲ ਰਿਹਾ। ਪਟੀਸ਼ਨਰ ਨੇ ਖੁਦ ਨੂੰ ਸੁਤੰਤਰਤਾ ਸੈਨਾਨੀ ਅਤੇ ਪੀੜਤ ਦੱਸਿਆ।