ਟੈਕਸ ਡਿਓਢੀਆਂ ਸਨ ਮਿਸਲਾਂ ਵੇਲੇ ਸੁਚੱਜੇ ਪ੍ਰਸ਼ਾਸਨ ਦੀ ਮਿਸਾਲ

ਅੰਮ੍ਰਿਤਸਰ: ਸਿੱਖ ਮਿਸਲਾਂ ਦੇ ਸਮੇਂ ਅੰਮ੍ਰਿਤਸਰ ਸ਼ਹਿਰ ਨੂੰ ਛੋਟੇ-ਛੋਟੇ ਹਿੱਸਿਆਂ ‘ਚ ਵੰਡਣ ਵਾਲੇ ਕਟੜਿਆਂ ਦੀਆਂ ਚੁੰਗੀ ਡਿਓਢੀਆਂ ਅੱਜ ਵੀ ਅੰਦਰੂਨੀ ਸ਼ਹਿਰ ‘ਚ ਮੌਜੂਦ ਹਨ। ਇਨ੍ਹਾਂ ਦੀ ਹੋਂਦ ਅਤੇ ਇਤਿਹਾਸਕ ਮਹੱਤਤਾ ਬਾਰੇ ਸਬੰਧਤ ਵਿਭਾਗਾਂ ਨੂੰ ਜਾਣਕਾਰੀ ਨਾ ਹੋਣ ਕਰ ਕੇ ਤਕਰੀਬਨ 250 ਵਰ੍ਹੇ ਪੁਰਾਣੀਆਂ ਵਿਰਾਸਤੀ ਡਿਓਢੀਆਂ ਖੰਡਰਾਂ ‘ਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ।

ਦੱਸਣਯੋਗ ਹੈ ਕਿ ਸਿੱਖ ਮਿਸਲਾਂ ਦੇ ਹੋਂਦ ‘ਚ ਆਉਣ ਤੋਂ ਬਾਅਦ ਇਨ੍ਹਾਂ ਦੇ ਬਹੁਤੇ ਸਰਦਾਰਾਂ ਨੇ ਅੰਮ੍ਰਿਤਸਰ ਵਿਚ ਆਪੋ-ਆਪਣੇ ਨਾਵਾਂ ‘ਤੇ ਕਟੜੇ ਵਸਾ ਕੇ ਉਨ੍ਹਾਂ ਵਿਚ ਆਪਣੀ ਰਿਹਾਇਸ਼ ਲਈ ਮਹਿਲਨੁਮਾ ਹਵੇਲੀਆਂ ਅਤੇ ਰਿਹਾਇਸ਼ੀ ਕਿਲ੍ਹੇ ਉਸਾਰ ਲਏ। ਅੰਮ੍ਰਿਤਸਰ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਮਿਸਲ ਕਾਲ ਸਮੇਂ ਅੰਮ੍ਰਿਤਸਰ ‘ਚ 65 ਦੇ ਕਰੀਬ ਕਟੜੇ ਸਨ ਅਤੇ ਤਕਰੀਬਨ ਹਰ ਕਟੜੇ ‘ਚ ਇਕ-ਦੋ ਵੱਡੇ ਬਾਜ਼ਾਰ ਜਾਂ ਮੰਡੀਆਂ ਸਥਾਪਤ ਕੀਤੀਆਂ ਗਈਆਂ।
ਇਹ ਕਟੜੇ ਇਕ ਕਿਸਮ ਦੇ ਸ਼ਹਿਰ ਦੇ ਅੰਦਰ ਹੀ ‘ਮਿੰਨੀ ਸਿਟੀ’ (ਛੋਟੇ ਨਗਰ) ਬਣੇ ਹੋਏ ਸਨ ਅਤੇ ਦੱਸਿਆ ਜਾਂਦਾ ਹੈ ਕਿ ਜੇਕਰ ਇਕ ਕਟੜੇ ਦਾ ਵਿਅਕਤੀ ਅਪਰਾਧ ਕਰ ਕੇ ਦੂਸਰੇ ਕਟੜੇ ਵਿਚ ਭੱਜ ਜਾਂਦਾ ਤਾਂ ਦੂਸਰੇ ਕਟੜੇ ਦੇ ਹਾਕਮ ਨੂੰ ਉਸ ਨੂੰ ਪਨਾਹ ਜਾਂ ਸਖਤ ਤੋਂ ਸਖਤ ਸਜ਼ਾ ਦੇਣ ਦਾ ਵੀ ਅਧਿਕਾਰ ਪ੍ਰਾਪਤ ਸੀ। ਇਕ ਕਟੜੇ ਦੇ ਵਪਾਰੀ ਵੱਲੋਂ ਦੂਸਰੇ ਕਟੜੇ ਦੇ ਮੰਡੀ ਵਿਚੋਂ ਸਾਮਾਨ ਖਰੀਦਣ ‘ਤੇ ਬਕਾਇਦਾ ਉਸ ਕਟੜੇ ਦੇ ਪ੍ਰਮੁੱਖ ਰਸਤੇ ‘ਤੇ ਸਥਾਪਤ ਕੀਤੀ ਗਈ ਟੈਕਸ ਡਿਓਢੀ ਦੇ ਅਧਿਕਾਰੀ ਨੂੰ ਟੈਕਸ ਵੀ ਦੇਣਾ ਪੈਂਦਾ ਸੀ। ਉਪਰੋਕਤ ਟੈਕਸ ਡਿਓਢੀਆਂ ‘ਚੋਂ ਕਟੜਾ ਹਰੀ ਸਿੰਘ ਭੰਗੀ ਅਤੇ ਚੂੜਾ ਬਾਜ਼ਾਰ ਵਿਚਲੀਆਂ ਡਿਓਢੀਆਂ ਅੱਜ ਵੀ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਕਟੜੇ ਵਸਾਏ ਗਏ, ਉਸ ਵੇਲੇ ਰਹਿਣ ਲਈ ਜਗ੍ਹਾ ਲੈਣ ਵਾਲੇ ਨੂੰ ਕਟੜੇ ਦੇ ਹਾਕਮ ਨੂੰ ਸਾਲ ਬਾਅਦ ਗੁੜ ਦੀ ਰੋੜੀ ਜਾਂ ਅੱਠ ਆਨੇ ਦੇਣੇ ਪੈਂਦੇ ਸਨ। ਇਕ ਸਾਲ ਬਾਅਦ ਕਿਸੇ ਪਾਸੋਂ ਚਾਰ ਆਨੇ (25 ਪੈਸੇ), ਕਿਸੇ ਪਾਸੋਂ ਅੱਠ ਆਨੇ ਤੇ ਕਿਸੇ ਤੋਂ ਇਕ ਰੁਪਿਆ ਜਾਂ ਦੋ ਰੁਪਏ ਹੈਸੀਅਤ ਵੇਖ ਕੇ ਟੈਕਸ ਦੇ ਰੂਪ ਵਿਚ ਲਏ ਜਾਂਦੇ ਸਨ।
ਉਪਰੋਕਤ ਕਟੜਿਆਂ ਵਿਚੋਂ ਕਟੜਾ ਆਹਲੂਵਾਲੀਆਂ, ਕਟੜਾ ਫ਼ਤਿਹ ਸਿੰਘ ਕਾਲਿਆਂਵਾਲਾ, ਕਟੜਾ ਹਰੀ ਸਿੰਘ ਭੰਗੀ, ਗੁਰੂ ਬਾਜ਼ਾਰ, ਲੋਹਾ ਮੰਡੀ (ਆਹਨ ਫਰੋਸ਼ਾ ਮੰਡੀ), ਕਟੜਾ ਨਿਹਾਲ ਸਿੰਘ ਅਟਾਰੀ ਵਾਲਾ, ਕਟੜਾ ਫ਼ਤਿਹ ਸਿੰਘ ਮਾਨ, ਕਟੜਾ ਹਰਸਾ ਸਿੰਘ, ਚਾਕ ਦਰਬਾਰ ਸਾਹਿਬ, ਕਟੜਾ ਸ਼ ਲਹਿਣਾ ਸਿੰਘ (ਪ੍ਰਸਿੱਧ ਮੋਚੀ ਬਾਜ਼ਾਰ), ਕਟੜਾ ਜੱਲ੍ਹੇਵਾਲੀਆਂ, ਛਾਉਣੀ ਨਿਹੰਗਾਂ, ਕਟੜਾ ਸ਼ੇਰ ਸਿੰਘ, ਕਟੜਾ ਘਨਈਆ, ਕਟੜਾ ਕਰਮੋਂ ਡਿਓਢੀ, ਕਟੜਾ ਜੈਮਲ ਸਿੰਘ, ਕਟੜਾ ਖੜਕ ਸਿੰਘ, ਕਟੜਾ ਮੋਤੀ ਰਾਮ, ਕਟੜਾ ਚੜ੍ਹਤ ਸਿੰਘ ਭੰਗੀ, ਕਟੜਾ ਮਿਸਰ ਬੇਲੀ ਰਾਮ, ਮਜੀਠ ਮੰਡੀ, ਕਿਲ੍ਹਾ ਭੰਗੀਆਂ, ਕਟੜਾ ਹਕੀਮਾਂ, ਲੂਣ ਮੰਡੀ, ਕਣਕ ਮੰਡੀ, ਕਟੜਾ ਰਾਮਗੜ੍ਹੀਆਂ, ਕਟੜਾ ਮਾਈ ਸੇਵਾ, ਕਟੜਾ ਭਾਈ ਬਸਤੀ ਰਾਮ, ਚਾਕ ਪਾਸੀਆਂ, ਬਾਜ਼ਾਰ ਕੰਜਰੀਆਂ, ਬਾਜ਼ਾਰ ਬੱਤੀ ਹੱਟਾ, ਬਾਜ਼ਾਰ ਪੱਟਰੰਗਾ, ਚਾਵਲ ਮੰਡੀ, ਚੁਰਸਤੀ ਅਟਾਰੀ, ਦਰਸ਼ਨੀ ਦਰਵਾਜ਼ਾ, ਕਟੜਾ ਗੁਰੂ ਕੇ ਮਹਿਲ, ਕਟੜਾ ਮਹਿਤਾਬ ਸਿੰਘ (ਪਾਪੜਾਂ ਵਾਲਾ ਬਾਜ਼ਾਰ) ਆਦਿ ਪ੍ਰਮੁੱਖ ਕਟੜੇ ਸਨ।