ਹਜੂਮ ਨੂੰ ਹਤਿਆਰਾ ਬਣਾਉਣ ‘ਚ ਮੋਦੀ ਦਾ ਯੋਗਦਾਨ

ਭਾਰਤ ਵਿਚ ਮੁਸਲਮਾਨਾਂ ਨੂੰ ਕੁੱਟ ਕੁੱਟ ਕੇ ਮਾਰਨ ਵਾਲੀਆਂ ਘਟਨਾਵਾਂ ਨੇ ਸਮੁੱਚੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸ਼ਾਹਨਵਾਜ਼ ਆਲਮ ਨੇ ਆਪਣੇ ਇਸ ਲੇਖ ਵਿਚ ਇਨ੍ਹਾਂ ਘਟਨਾਵਾਂ ਦੀਆਂ ਤਹਿਆਂ ਵਿਚ ਪਏ ਤੱਥਾਂ ਅਤੇ ਪਿਛੋਕੜ ਬਾਰੇ ਗਹਿਰ-ਗੰਭੀਰ ਗੱਲਾਂ ਕੀਤੀਆਂ ਹਨ। ਇਸ ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਪਾਠਕ ਇਸ ਮਸਲੇ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਹਕੀਕਤ ਬਾਰੇ ਜਾਣਨ।

-ਸੰਪਾਦਕ
ਸ਼ਾਹਨਵਾਜ਼ ਆਲਮ
ਅਨੁਵਾਦ: ਬੂਟਾ ਸਿੰਘ
ਸ੍ਰੀਨਗਰ ਦੀ ਜਾਮਾ ਮਸਜਿਦ ਦੇ ਬਾਹਰ ਡੀæਐਸ਼ਪੀæ ਅਯੂਬ ਪੰਡਤ ਦੀ ਹਜੂਮ ਵਲੋਂ ਹੱਤਿਆ ਨੂੰ ਹਥਿਆਰ ਵਾਂਗ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਹਜੂਮ ਵਲੋਂ ਮੁਸਲਮਾਨਾਂ ਦੀਆਂ ਹੱਤਿਆਵਾਂ ਉਪਰ ਸਰਕਾਰ ਅਤੇ ਸੰਘ ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਰਹੇ ਹਨ। ਇਹ ਸਰਕਾਰ ਹਮਾਇਤੀ ਟੋਲਾ ਅਤੇ ਉਨ੍ਹਾਂ ਦੇ ਟੀæਵੀæ ਪੈਨਲਿਸਟ ਚਾਹੁੰਦੇ ਹਨ ਕਿ ਮੁਸਲਮਾਨਾਂ ਦੇ ਹਜੂਮੀ ਕਤਲ (ਮੌਬ ਲਿੰਚਿੰਗ) ਦਾ ਵਿਰੋਧ ਕਰਨ ਵਾਲੇ ਅਯੂਬ ਪੰਡਤ ਦੀ ਹੱਤਿਆ ਨੂੰ ਵੀ ਉਸ ਦੇ ਬਰਾਬਰ ਰੱਖ ਕੇ ਗੱਲ ਕਰਨ। ਅਕਸਰ ਹੀ ਤਰਕ ਦਿਖਾਉਣ ਵਾਲੇ ਬਹੁਤ ਸਾਰੇ ਲੋਕ ਸੰਘ ਅਤੇ ਸਰਕਾਰ ਦੇ ਇਸ ਕੁਤਰਕ ਦੇ ਚਕਰਵਿਊ ਵਿਚ ਫਸ ਕੇ ਦੋਹਾਂ ਹੱਤਿਆਵਾਂ ਨੂੰ ਇਕੋ ਚੀਜ਼ ਦੱਸ ਕੇ ਉਸ ਦੀ ਬਰਾਬਰੀ ਵੀ ਕਰ ਰਹੇ ਹਨ; ਲੇਕਿਨ ਸਵਾਲ ਇਹ ਹੈ- ਕੀ ਇਹ ਦੋਵੇਂ ਹੱਤਿਆਵਾਂ ਬਰਾਬਰ ਹਨ ਅਤੇ ਉਨ੍ਹਾਂ ਦੇ ਪਿੱਛੇ ਸੋਚ ਵੀ ਇਕੋ ਜਿਹੀ ਹੈ?
ਇਸ ਨੁਕਤੇ ਨੂੰ ਸਮਝਣ ਲਈ ਦੋਹਾਂ ਹੀ ਜੁਰਮਾਂ ਦੇ ਤੌਰ-ਤਰੀਕੇ ਨੂੰ ਸਮਝਣਾ ਜ਼ਰੂਰੀ ਹੋਵੇਗਾ। ਈਦ ਦੀ ਖ਼ਰੀਦਦਾਰੀ ਕਰ ਕੇ ਦਿੱਲੀ ਤੋਂ ਬਲਭਗੜ੍ਹ ਪਰਤ ਰਹੇ ਜੁਨੈਦ, ਜਾਂ ਗਊ ਮਾਸ ਜਾਂ ਗਊ ਤਸਕਰੀ ਦੇ ਨਾਮ ‘ਤੇ ਮਾਰੇ ਗਏ ਅਖ਼ਲਾਕ ਜਾਂ ਪਹਿਲੂ ਖ਼ਾਨ ਉਪਰ ਹਮਲਾ ਕਰਨ ਵਾਲੇ ਹਜੂਮ ਦੇ ਮੈਂਬਰ 2014 ਵਿਚ ਮੋਦੀ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਵੀ ਸੜਕ ਜਾਂ ਟਰੇਨ ਦੇ ਹਜੂਮ ਦਾ ਹਿੱਸਾ ਸਨ, ਲੇਕਿਨ ਉਨ੍ਹਾਂ ਨੂੰ ਇਹ ਕਦੇ ਨਹੀਂ ਲੱਗਿਆ ਕਿ ਕਿਸੇ ਜੁਨੈਦ ਜਾਂ ਪਹਿਲੂ ਖ਼ਾਨ ਨੂੰ ‘ਮੁਸਲਮਾਨ’, ਬੀਫ਼ ਖਾਣ ਵਾਲਾ, ਦਹਿਸ਼ਤਗਰਦ, ਦੇਸ਼ ਧ੍ਰੋਹੀ, ਪਾਕਿਸਤਾਨ ਦੀ ਜਿੱਤ ਉਪਰ ਤਾੜੀਆਂ ਮਾਰਨ ਵਾਲਾ, 4-4 ਵਿਆਹ ਕਰਨ ਵਾਲਾ, 25 ਬੱਚੇ ਪੈਦਾ ਕਰਨ ਵਾਲਾ ਕਹਿ ਕੇ ਮਾਰ ਦਿੱਤਾ ਜਾਵੇ। ਇਨ੍ਹਾਂ ਇਲਜ਼ਾਮਾਂ ਤਹਿਤ ਕਿਸੇ ਮੁਸਲਮਾਨ ਨੂੰ ਮਾਰਿਆ ਜਾ ਸਕਦਾ ਹੈ, ਉਨ੍ਹਾਂ ਦੀ ਸਮਝਦਾਰੀ ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਹੀ ਬਣੀ ਹੈ; ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੋਦੀ ਖ਼ੁਦ ਮੁਸਲਮਾਨਾਂ ਦੇ ਕਤਲੇਆਮ ਦਾ ਮਾਸਟਰਮਾਈਂਡ ਰਿਹਾ ਹੈ ਅਤੇ ਉਸ ਦੀ ਸਰਕਾਰ ਐਸੀ ਕਿਸੇ ਵੀ ਹੱਤਿਆ ਵਿਚ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਖੜ੍ਹੇ ਚਸ਼ਮਦੀਦ ਗਵਾਹਾਂ ਉਪਰ ਪੂਰਾ ਭਰੋਸਾ ਹੈ ਕਿ ਉਹ ਹਿੰਦੂ ਹੋਣ ਦਾ ਰਾਸ਼ਟਰੀ ਫਰਜ਼ ਨਿਭਾਉਂਦੇ ਹੋਏ, ਜਾਂ ਜੇ ਮੁਸਲਮਾਨ ਹੋਏ ਤਾਂ ਭੈਅ ਦੇ ਮਾਰੇ ਕਿਸੇ ਵੀ ਜਾਂਚ ਏਜੰਸੀ ਜਾਂ ਮੀਡੀਆ ਨੂੰ ਵਾਰਦਾਤ ਵਾਲੀ ਥਾਂ ਉਪਰ ਮੌਜੂਦ ਨਾ ਹੋਣ ਦਾ ਬਿਆਨ ਦੇ ਦੇਣਗੇ।
ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਪੁਲਿਸ ਮਰਨ ਵਾਲੇ ਮੁਸਲਮਾਨ ਉਪਰ ਹੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਜਾਂ ਬੀਫ਼ ਖਾਣ ਜਾਂ ਲਿਜਾਣ ਦਾ ਮੁਕੱਦਮਾ ਦਰਜ ਕਰੇਗੀ। ਨਾਲ ਹੀ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਮੁਲਕ ਦੀ ਨਿਆਂਪਾਲਿਕਾ ਵੀ ਹੁਣ ਗਊ ਨੂੰ ਰਾਸ਼ਟਰੀ ਪਸ਼ੂ ਕਰਾਰ ਦੇਣ ਦੇ ਬਿਆਨ ਦੇ ਰਹੀ ਹੈ ਅਤੇ ਗਊ ਹੱਤਿਆ ਉਪਰ ਉਮਰ ਕੈਦ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇਹ ਵੀ ਪੂਰਾ ਭਰੋਸਾ ਹੈ ਕਿ ਗਊ ਨਾਲ ਜੁੜੀ ‘ਪਵਿਤਰ’ ਰਾਸ਼ਟਰੀ ਆਮ ਰਾਇ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਤਕ ਵੀ ਇਸ ਨੂੰ ‘ਸਮੂਹਿਕ ਚੇਤਨਾ ਨੂੰ ਸੰਤੁਸ਼ਟ’ ਕਰਨ ਵਾਲੀ ਘਟਨਾ ਕਹਿ ਸਕਦੀ ਹੈ। ਇਸ ਲਈ ਜੋ ਲੋਕ ਮੁਸਲਮਾਨਾਂ ਦੀ ਹੱਤਿਆ ਨੂੰ ‘ਹਜੂਮ’ ਵਲੋਂ ਅੰਜਾਮ ਦਿੱਤੀ ਦੱਸ ਰਹੇ ਹਨ, ਉਹ ਜਾਂ ਤਾਂ ਬੇਸਮਝ ਹਨ, ਜਾਂ ਹਤਿਆਰਿਆਂ ਦੀ ਸ਼ਨਾਖ਼ਤ ਨੂੰ ਲੁਕੋਣ ਲਈ ਜਾਣ-ਬੁਝ ਕੇ ਐਸਾ ਕਰ ਰਹੇ ਹਨ। ਇਹ ‘ਹਜੂਮ’ ਨਹੀਂ; ਇਹ 2014 ਤੋਂ ਬਾਅਦ ਦਾ ਹਿੰਦੁਸਤਾਨੀ ‘ਰਾਜ’ ਹੈ ਜੋ ਆਪਣੀ ਪੂਰੀ ਰਾਜਕੀ, ਪ੍ਰਸ਼ਾਸਨਿਕ ਅਤੇ ਵਿਧਾਨਕ ਤਾਕਤ ਤੇ ਵਾਜਬੀਅਤ ਨਾਲ ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਮਾਰ ਰਿਹਾ ਹੈ।
ਜੋ ਲੋਕ ਮੋਦੀ ਵਿਚ ਤਾਨਾਸ਼ਾਹੀ ਤਲਾਸ਼ ਰਹੇ ਹਨ, ਉਨ੍ਹਾਂ ਨੂੰ ਖ਼ੁਦ ਨੂੰ ਦਰੁਸਤ ਕਰ ਲੈਣਾ ਚਾਹੀਦਾ ਹੈ। ਮੋਦੀ ਤੋਂ ਜ਼ਿਆਦਾ ਵਿਧਾਨਕ ਤਾਕਤ ਅਤੇ ਇਮਿਊਨਿਟੀ (ਸਜ਼ਾ ਤੋਂ ਛੋਟ) ਦਾ ਵਿਕੇਂਦਰੀਕਰਨ ਅੱਜ ਤਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ। ਮੋਦੀ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿਚ ਉਸ ਵਰਗਾ ਹੋਰ ਕੋਈ ਨਹੀਂ ਹੋਇਆ; ਲੇਕਿਨ ਅੱਜ ਬਸਤੀ, ਚੌਰਾਹੇ, ਟਰੇਨ ਵਿਚ ਮੁਸਲਮਾਨਾਂ ਦੀ ਰਸੋਈ ਤੋਂ ਆਉਣ ਵਾਲੀ ਖੁਸ਼ਬੂ ਦਾ ਪਤਾ ਲਾਉਣ ਵਾਲੇ ਹਜੂਮ ਜਾਂ ਹਿੰਦ-ਪਾਕਿਸਤਾਨ ਦਰਮਿਆਨ ਕਿਸੇ ਕ੍ਰਿਕਟ ਮੈਚ ਦੇ ਦੌਰਾਨ ਕਿਸੇ ਜਨਤਕ ਥਾਂ ਉਪਰ ਦੇਖ ਰਹੇ ਮੁਸਲਿਮ ਦਰਸ਼ਕ ਦੇ ਚਿਹਰੇ ਦੇ ਹਾਵ-ਭਾਵ ਉਪਰ ਨਜ਼ਰਾਂ ਟਿਕਾਈ ਬੈਠੇ ਹਜੂਮ ਦਾ ਹਰ ਮੈਂਬਰ ‘ਮੋਦੀ’ ਹੈ। ਇਹੀ ‘ਹਰ-ਹਰ ਮੋਦੀ, ਘਰ-ਘਰ ਮੋਦੀ’ ਦੇ ਨਾਅਰੇ ਦੀ ਹਕੀਕਤ ਹੈ।
ਇਤਿਹਾਸ ਵਿਚ ਐਸਾ ਬਹੁਤ ਘੱਟ ਹੁੰਦਾ ਹੈ ਕਿ ਕੋਈ ਨਾਅਰਾ ਸਚਾਈ ਬਣ ਜਾਵੇ। ਇਸ ਲਈ ਮੋਦੀ ਹੁਣ ਬੰਦਾ ਨਹੀਂ; ਇਕ ਰੁਝਾਨ, ਇਕ ਵਰਤਾਰਾ ਹੈ। ਇਸ ਤੋਂ ਪਹਿਲਾਂ ਕੋਈ ਵੀ ਪ੍ਰਧਾਨ ਮੰਤਰੀ ਆਪਣੀ ਸ਼ਖਸੀਅਤ ਦੇ ਵਿਕੇਂਦਰੀਕਰਨ ਵਿਚ ਐਨਾ ਉਦਾਰਦਿਲ ਨਹੀਂ ਸੀ। ਮੋਦੀ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ ਜੋ ਉਸ ਨੂੰ ਗ਼ੈਰਉਦਾਰ ਦੱਸਦੇ ਰਹੇ ਹਨ।
ਇਸੇ ਤਰ੍ਹਾਂ ਮੁਸਲਮਾਨਾਂ ਦੀਆਂ ਇਹ ਹੱਤਿਆਵਾਂ ਇਹ ਵੀ ਸਾਬਤ ਕਰਦੀਆਂ ਹਨ ਕਿ ਮੋਦੀ ਪ੍ਰਾਈਵੇਟ-ਪਬਲਿਕ ਪਾਰਟਰਨਰਸ਼ਿਪ ਦਾ ਸਮਾਜੀ ਸਰੂਪ ਵੀ ਹੋਰਾਂ ਤੋਂ ਬਿਹਤਰ ਤਰੀਕੇ ਨਾਲ ਅਮਲ ਵਿਚ ਲਿਆ ਸਕਦਾ ਹੈ। ਪਹਿਲਾਂ ਮੁਸਲਮਾਨਾਂ ਦੇ ਖ਼ਿਲਾਫ ਸਿਰਫ਼ ਪੀæਏæਸੀæ ਅਤੇ ਪੁਲਿਸ ਜੋ ਕੰਮ ਕਰਦੀ ਸੀ, ਹੁਣ ਹਜੂਮ ਦੀ ਸ਼ਕਲ ਵਿਚ ਨਿੱਜੀ ਫ਼ੌਜ ਉਨ੍ਹਾਂ ਦੀ ਮੌਜੂਦਗੀ ਵਿਚ ਇਹ ਕੰਮ ਕਰ ਰਹੀ ਹੈ। ਇਸ ਨੂੰ ਤੁਸੀਂ ਕਾਨੂੰਨ ਲਾਗੂ ਅਤੇ ਸੁਰੱਖਿਆ ਮੁਹੱਈਆ ਕਰਾਉਣ ਵਾਲੀ ਏਜੰਸੀ ਵਲੋਂ ਆਪਣੇ ਪ੍ਰਸ਼ਾਸਨਿਕ ਆਧਾਰ ਨੂੰ ਲੋਕਾਂ ਨੂੰ ਵੰਡਣਾ ਕਹਿ ਸਕਦੇ ਹੋ। ਇਹ ਪ੍ਰਸ਼ਾਸਨਿਕ ਵਿਕੇਂਦਰੀਕਰਨ ਹੈ। ਗਾਂਧੀ ਦੇ ‘ਹਿੰਦ ਸਵਰਾਜ’ ਨੂੰ ਕੇਜਰੀਵਾਲ ਤੋਂ ਜ਼ਿਆਦਾ ਗੰਭੀਰਤਾ ਨਾਲ ਮੋਦੀ ਨੇ ਲਿਆ ਹੈ।
ਇਸ ਦੇ ਮੁਕਾਬਲੇ ਜੇ ਡੀæਐਸ਼ਪੀæ ਅਯੂਬ ਪੰਡਤ ਦੀ ਹੱਤਿਆ ਦੀਆਂ ਬਾਰੀਕੀਆਂ ਨੂੰ ਦੇਖਿਆ ਜਾਵੇ ਤਾਂ ਮੁਸਲਮਾਨਾਂ ਦੀਆਂ ਹੱਤਿਆਵਾਂ ਦੇ ਮੁਕਾਬਲੇ ਇਸ ਤੋਂ ਉਲਟ ਜ਼ਿਹਨੀਂਅਤ ਕੰਮ ਕਰਦੀ ਨਜ਼ਰ ਆਉਂਦੀ ਹੈ। ਮਸਲਨ, ਜਾਮਾ ਮਸਜਿਦ ਦੇ ਬਾਹਰ ਉਸ ਨੂੰ ਜਿਸ ‘ਹਜੂਮ’ ਨੇ ਮਾਰਿਆ, ਉਸ ਨੇ ਉਸ ਨੂੰ ਹਰ ਆਉਣ-ਜਾਣ ਵਾਲੇ ਦੀ ਫੋਟੋ ਖਿੱਚਦੇ ਦੇਖ ਕੇ ਜੋ ਉਸ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਦਾ ਹਿੱਸਾ ਸੀ, ਉਸ ਨੂੰ ਹਿੰਦੁਸਤਾਨੀ ਸਟੇਟ ਦਾ ਨੁਮਾਇੰਦਾ ਮੰਨਿਆ। ਉਸ ਸਟੇਟ ਦਾ ਜੋ ਉਨ੍ਹਾਂ ਦੀ ਸਰਜ਼ਮੀਨ ਉਪਰ ਪਿਛਲੇ 70 ਸਾਲ ਤੋਂ ਕਾਬਜ਼ ਹੈ; ਜੋ ਉਨ੍ਹਾਂ ਨੂੰ ਵਾਅਦੇ ਅਨੁਸਾਰ ਰਾਇ-ਸ਼ੁਮਾਰੀ ਨਹੀਂ ਕਰਵਾ ਰਿਹਾ; ਜਿਸ ਨੇ ਉਨ੍ਹਾਂ ਦੇ ‘ਵਜ਼ੀਰ-ਏ-ਆਜ਼ਮ’ ਨੂੰ ਜੇਲ੍ਹ ਵਿਚ ਸੁੱਟਿਆ; ਜਿਸ ਨੇ 1987 ਦੀਆਂ ਚੋਣਾਂ ਵਿਚ ਜਿੱਤ ਕੇ ਸਰਕਾਰ ਬਣਾਉਣ ਜਾ ਰਹੇ ਐਮæਯੂæਐਫ਼ (ਮੁਸਲਿਮ ਯੂਨਾਈਟਿਡ ਫਰੰਟ) ਦੇ ਉਮੀਦਵਾਰਾਂ ਨੂੰ ਜੇਲ੍ਹਾਂ ਵਿਚ ਤੁੰਨ ਦਿੱਤਾ; ਜਿਹੜਾ ਸਟੇਟ ਉਨ੍ਹਾਂ ਦੀਆਂ ਔਰਤਾਂ ਨਾਲ ਜਬਰ ਜਨਾਹ ਕਰਦਾ ਹੈ, ਤੇ ਜਿਸ ਦੀ ਨਿਆਂਪਾਲਿਕਾ ਬਲਾਤਕਾਰੀਆਂ ਨੂੰ ਬਚਾਉਂਦੀ ਹੈ; ਜਿਸ ਦੀ ਸੁਪਰੀਮ ਕੋਰਟ ਉਸ ਦੇ ਹਮਵਤਨੀਆਂ ਨੂੰ ਬਿਨਾ ਕਿਸੇ ਠੋਸ ਸਬੂਤ ਦੇ ਸਿਰਫ਼ ਬਹੁ ਗਿਣਤੀ ਹਿੰਦੂ ਸਮਾਜ ਦੀ ਮੁਸਲਿਮ ਵਿਰੋਧੀ ਤੁਅੱਸਬੀ ਸਮੂਹਿਕ ਚੇਤਨਾ ਨੂੰ ਸੰਤੁਸ਼ਟ ਕਰਨ ਲਈ ਫਾਂਸੀ ਦੇ ਦਿੰਦੀ ਹੈ ਅਤੇ ਆਮ ਨੈਤਿਕਤਾ ਨੂੰ ਤਾਕ ‘ਤੇ ਰੱਖ ਕੇ ਉਨ੍ਹਾਂ ਦੀਆਂ ਲਾਸ਼ਾਂ ਵੀ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਦਿੰਦੀ; ਜੋ ‘ਇੰਡੀਆ’ ਪੜ੍ਹਨ ਗਏ ਉਨ੍ਹਾਂ ਦੇ ਭਾਈਆਂ ਉਪਰ ਹਮਲੇ ਕਰਦਾ ਹੈ।æææ
ਇਸ ਤਰ੍ਹਾਂ ਜੁਨੈਦ ਜਾਂ ਪਹਿਲੂ ਖ਼ਾਨ ਦੇ ਮਾਮਲੇ ਦੇ ਪੂਰੀ ਤਰ੍ਹਾਂ ਉਲਟ ਇਥੇ ਹਜੂਮ ਵਲੋਂ ਮਾਰੇ ਗਏ ਅਯੂਬ ਪੰਡਤ ‘ਹਿੰਦੁਸਤਾਨੀ ਸਟੇਟ’ ਹੋ ਜਾਂਦੇ ਹਨ ਅਤੇ ਹਤਿਆਰਾ ਹਜੂਮ ਰਾਜ ਧ੍ਰੋਹੀ। ਇਹ ਰਾਜ ਧ੍ਰੋਹੀ ਹਜੂਮ ਮੁਸਲਮਾਨਾਂ ਨੂੰ ਮਾਰਨ ਵਾਲੇ ਹਜੂਮ ਤੋਂ ਪੂਰੀ ਤਰ੍ਹਾਂ ਉਲਟ ਖ਼ੁਦ ਨੂੰ ‘ਦੇਸ਼ ਧ੍ਰੋਹੀ’ ਕਹਿਣ ਵਿਚ ਮਾਣ ਮਹਿਸੂਸ ਕਰਦਾ ਹੈ; ਠੀਕ ਉਸੇ ਤਰ੍ਹਾਂ, ਜਿਵੇਂ ਮੁਸਲਮਾਨਾਂ ਨੂੰ ਮਾਰਨ ਵਾਲਾ ਹਜੂਮ ਖ਼ੁਦ ਨੂੰ ‘ਦੇਸ਼ ਭਗਤ’ ਦੱਸਣ ਵਿਚ ਮਾਣ ਮਹਿਸੂਸ ਕਰਦਾ ਹੈ। ਦੋਨੋਂ ਹਤਿਆਰੇ ਹਜੂਮ ਇਕ ਦੂਜੇ ਤੋਂ ਉਲਟ ਨਾਅਰੇ ਲਗਾਉਂਦੇ ਹਨ। ਹਿੰਦੁਸਤਾਨ-ਪਾਕਿਸਤਾਨ ਮੈਚ ਦੇ ਦੌਰਾਨ ਮੁਸਲਮਾਨਾਂ ਦਾ ਹਤਿਆਰਾ ਹਜੂਮ ‘ਹਿੰਦੁਸਤਾਨ ਜ਼ਿੰਦਾਬਾਦ-ਪਾਕਿਸਤਾਨ ਮੁਰਦਾਬਾਦ’ ਚੀਕਦਾ ਹੈ ਤਾਂ ਅਯੂਬ ਦਾ ਹਤਿਆਰਾ ਹਜੂਮ ‘ਪਾਕਿਸਤਾਨ ਜ਼ਿੰਦਾਬਾਦ-ਹਿੰਦੁਸਤਾਨ ਮੁਰਦਾਬਾਦ’ ਚੀਕਦਾ ਹੈ।
ਅਯੂਬ ਦੇ ਹਤਿਆਰਾ ਹਜੂਮ ਨੂੰ ਫੜਨ ਲਈ ਸੱਤਾਧਾਰੀ ਭਾਜਪਾ ਫਾਸਟ ਟਰੈਕ ਅਦਾਲਤ ਦੀ ਮੰਗ ਕਰਦੀ ਹੈ, ਜੁਨੈਦ ਵਰਗਿਆਂ ਦੇ ਹਤਿਆਰੇ ਹਜੂਮ ਦੇ ਘਰ ਕੇਂਦਰੀ ਮੰਤਰੀਆਂ ਦਾ ਕਾਫ਼ਲਾ ਜਾਂਦਾ ਹੈ। ਜੁਨੈਦ ਦੇ ਹਤਿਆਰੇ ਹਜੂਮ ਜਿਵੇਂ ਮੋਦੀ ਵਿਚ ਆਪਣਾ ਅਕਸ ਦੇਖਦੀ ਹੈ, ਉਵੇਂ ਹੀ ਅਯੂਬ ਦਾ ਹਤਿਆਰਾ ਹਜੂਮ ਖ਼ੁਦ ਵਿਚ ਅਫ਼ਜ਼ਲ ਗੁਰੂ ਜਾਂ ਬੁਰਹਾਨ ਵਾਨੀ ਦਾ ਅਕਸ ਦੇਖਦਾ ਹੈ ਜਿਸ ਦੇ ਭਾਈ ਦੀ ਫ਼ੌਜ ਵਲੋਂ ਕੀਤੀ ਹੱਤਿਆ ਨੇ ਉਸ ਨੂੰ ਦਹਿਸ਼ਤਗਰਦ ਬਣਾ ਦਿੱਤਾ ਸੀ।
ਪਹਿਲੂ ਜਾਂ ਜੁਨੈਦ ਦਾ ਹਤਿਆਰਾ ਹਜੂਮ ਹਿੰਦੁਸਤਾਨੀ ਸਟੇਟ ਤੋਂ ਮਹਿਫੂਜ਼ ਮਹਿਸੂਸ ਕਰਦਾ ਹੈ, ਅਯੂਬ ਦਾ ਹਤਿਆਰਾ ਹਜੂਮ ਹਿੰਦੁਸਤਾਨੀ ਰਾਜ ਵਲੋਂ ਨਜ਼ਰਅੰਦਾਜ਼ ਕੀਤਾ ਮਹਿਸੂਸ ਕਰਦਾ ਹੈ। ਜ਼ਾਹਿਰ ਹੈ, ਨਾ ਤਾਂ ਦੋਨੋਂ ਹੱਤਿਆਵਾਂ ਨੂੰ ਇਕ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਦੋਨੋਂ ਹਤਿਆਰੇ ਹਜੂਮਾਂ ਨੂੰ। ਇਨ੍ਹਾਂ ਦੀ ਤੁਲਨਾ ਮਹਿਜ਼ ਵਿਰੋਧਾਭਾਸ ਅਤੇ ਉਲਟ ਵਜੋਂ ਹੀ ਹੋ ਸਕਦੀ ਹੈ। ਇਨ੍ਹਾਂ ਹੱਤਿਆਵਾਂ ਨੂੰ ਇਕ ਦੂਜੀ ਤੋਂ ਉਲਟ ਸਾਬਤ ਕਰਨ ਵਾਲੀ ਇਕ ਹੋਰ ਵਜ੍ਹਾ ਹੈ; ਦੋਨਾਂ ਮਾਮਲਿਆਂ ਵਿਚ ਹਜੂਮ ਦੀ ਧਾਰਮਿਕ ਸ਼ਨਾਖ਼ਤ ਅਤੇ ਉਸ ਦੇ ਇਸ ਧਾਰਮਿਕ ਸ਼ਨਾਖ਼ਤ ਦੇ ਨੁਮਾਇੰਦਿਆਂ ਦਾ ਪ੍ਰਤੀਕਰਮ।
ਹਜੂਮ ਪੰਡਤ ਦੀ ਹੱਤਿਆ ਉਪਰ ਕਸ਼ਮੀਰੀ ਮੁਸਲਮਾਨਾਂ ਦੇ ਧਰਮ ਗੁਰੂ ਅਤੇ ਹੁਰੀਅਤ ਨੇਤਾ ਮੀਰਵਾਇਜ਼ ਉਮਰ ਫ਼ਾਰੂਕ ਨੇ ਇਸ ਦੀ ਨਿਖੇਧੀ ਕਰਦੇ ਹੋਏ ਇਸ ਨੂੰ ਕਸ਼ਮੀਰੀ ਤੇ ਇਸਲਾਮੀ ਸੰਸਕ੍ਰਿਤੀ ਦੇ ਉਲਟ ਕਰਾਰ ਦਿੱਤਾ ਅਤੇ ਪੀੜਤ ਦੇ ਘਰ ਦੋ ਮੈਂਬਰੀ ਹੁਰੀਅਤ ਵਫ਼ਦ ਭੇਜਿਆ। ਹੋ ਸਕਦਾ ਹੈ, ਉਸ ਨੇ ਸਿਰਫ਼ ਦਿਖਾਵੇ ਲਈ ਲਈ ਐਸਾ ਕੀਤਾ ਹੋਵੇ; ਲੇਕਿਨ ਕੀ ਅਖ਼ਲਾਕ, ਪਹਿਲੂ ਖ਼ਾਨ ਜਾਂ ਜੁਨੈਦ ਦੀ ਹੱਤਿਆ ਨੂੰ ਕਿਸੇ ਹਿੰਦੂ ਧਰਮ ਗੁਰੂ, ਮਹਾਂ ਮੰਡਲ ਮੁਖੀ ਜਾਂ ਸ਼ੰਕਰਾਚਾਰੀਆ ਨੇ ਦਿਖਾਵੇ ਲਈ ਹੀ ਸਹੀ, ਇਸ ਨੂੰ ਹਿੰਦੂ ਧਰਮ ਵਿਰੋਧੀ ਜਾਂ ਹਿੰਦੁਸਤਾਨੀ ਸੰਸਕ੍ਰਿਤੀ ਵਿਰੋਧੀ ਕਿਹਾ ਅਤੇ ਉਨ੍ਹਾਂ ਦੇ ਘਰ ਆਪਣਾ ਵਫ਼ਦ ਭੇਜਿਆ? ਇਸੇ ਕਰ ਕੇ ਇਹ ਦੋਨੋਂ ਹੱਤਿਆਵਾਂ ਇਕ ਦੂਜੀ ਤੋਂ ਪੂਰੀ ਤਰ੍ਹਾਂ ਉਲਟ ਹਨ।
ਜੁਨੈਦ ਦੀ ਹੱਤਿਆ ਜਿਥੇ ਧਾਰਮਿਕ ਅਤੇ ਸਿਆਸੀ ਹੱਤਿਆ ਹੈ, ਉਥੇ ਅਯੂਬ ਪੰਡਤ ਦੀ ਹੱਤਿਆ ਨਿਰੋਲ ਸਿਆਸੀ ਹੱਤਿਆ ਹੈ। ਇਸ ਲਈ ਜੁਨੈਦ ਦੀ ਹੱਤਿਆ ਨਫਰਤੀ ਅਪਰਾਧ (ਹੇਟ ਕ੍ਰਾਈਮ) ਦੀ ਸ਼੍ਰੇਣੀ ਵਿਚ ਆਵੇਗੀ ਅਤੇ ਅਯੂਬ ਦੀ ਹੱਤਿਆ ਸਿਆਸੀ ਅਪਰਾਧ (ਪੁਲੀਟੀਕਲ ਕ੍ਰਾਈਮ) ਦੀ ਸ਼੍ਰੇਣੀ ਵਿਚ। ਇਸ ਲਈ ਜੋ ਲੋਕ ਇਨ੍ਹਾਂ ਨੂੰ ਇਕੋ ਜਿਹੀਆਂ ਕਹਿ ਰਹੇ ਹਨ, ਉਹ ਨਾ ਸਿਰਫ਼ ਗ਼ਲਤ ਹਨ, ਸਗੋਂ ਇਨ੍ਹਾਂ ਹੱਤਿਆਵਾਂ ਵਿਚ ਇਨਸਾਫ਼ ਹੋਣ ਦੀਆਂ ਸੰਭਾਵਨਾਵਾਂ ਨੂੰ ਵੀ ਰੋਕ ਰਹੇ ਹਨ; ਕਿਉਂਕਿ ਜੁਨੈਦ ਦੀ ਹੱਤਿਆ ਵਿਚ ਜੁਨੈਦ ਬਨਾਮ ਅਣਪਛਾਤੇ ਹਜੂਮ ਦਾ ਮੁਕੱਦਮਾ ਇਸ ਤ੍ਰਾਸਦੀ ਨੂੰ ਦਿਲ-ਲਗੀ ਵਿਚ ਬਦਲ ਦੇਵੇਗਾ ਅਤੇ ਇਹੀ ਹਾਲਤ ਅਯੂਬ ਦੀ ਹੱਤਿਆ ਦੇ ਮੁਕੱਦਮੇ ਵਿਚ ਵੀ ਹੋਵੇਗੀ, ਕਿਉਂਕਿ ਅਦਾਲਤ ਵਿਚ ਉਹ ਕੇਸ ਅਯੂਬ ਪੰਡਤ ਬਨਾਮ ਹਜੂਮ ਦੇ ਨਾਂ ‘ਤੇ ਜਾਣਿਆ ਜਾਵੇਗਾ। ਜਦਕਿ ਅਸਲ ਨਿਆਂ ਫਿਰ ਹੁੰਦਾ, ਜੇ ਜੁਨੈਦ ਦੀ ਹੱਤਿਆ ਦਾ ਮੁਕੱਦਮਾ ਜੁਨੈਦ ਬਨਾਮ ਸਟੇਟ ਚਲਾਇਆ ਜਾਂਦਾ ਅਤੇ ਅਯੂਬ ਪੰਡਤ ਹੱਤਿਆ ਕਾਂਡ ਦਾ ਮੁਕੱਦਮਾ ਸਟੇਟ ਬਨਾਮ ਹਜੂਮ ਵਜੋਂ ਦਰਜ ਹੁੰਦਾ; ਲੇਕਿਨ ਇੰਞ ਨਹੀਂ ਹੋਵੇਗਾ, ਕਿਉਂਕਿ ਅਸੀਂ ਸਟੇਟ ਨੂੰ ਆਪਣੀ ਸਹੂਲਤ ਅਨੁਸਾਰ ਕਦੇ ਅਣਪਛਾਤੇ ਹਜੂਮ ਅਤੇ ਕਦੇ ਨਿਰੋਲ ਬੰਦੇ ਵਿਚ ਬਦਲ ਦੇਣ ਦੀ ਛੋਟ ਦੇ ਰੱਖੀ ਹੈ। ਸਾਡੀ ਇਹ ਕਮਜ਼ੋਰੀ ਹੀ ਹਤਿਆਰੇ ਸਟੇਟ ਦੀ ਤਾਕਤ ਹੈ। ਲੋਕਾਂ ਨੂੰ ਲੋਕਤੰਤਰ ਦੇ ਹਿਤ ਵਿਚ ਇਸ ਕਮਜ਼ੋਰੀ ਵਿਚੋਂ ਨਿਕਲਣਾ ਹੋਵੇਗਾ ਅਤੇ ਸਪਸ਼ਟ ਸ਼ਬਦਾਂ ਵਿਚ ਕਹਿਣਾ ਪਵੇਗਾ ਕਿ ਅਯੂਬ ਪੰਡਤ ਅਤੇ ਜੁਨੈਦ ਦੀ ਹੱਤਿਆ ਇਕੋ ਜਿਹੀ ਨਹੀਂ। ਅਸੀਂ ਦੋਨਾਂ ਦੀ ਇਕੋ ਜਿਹੀ ਆਲੋਚਨਾ ਕਰਨ ਤੋਂ ਇਨਕਾਰ ਕਰਦੇ ਹਾਂ।