ਹੁਣ ਹਿੰਦੂਤਵੀ ਬਣੇਗਾ ‘ਧਰਮ ਨਿਰਪੱਖ’ ਰਾਸ਼ਟਰ ਦਾ ‘ਪਤੀ’

ਬੂਟਾ ਸਿੰਘ
ਫੋਨ: 91-94634-74342
‘ਧਰਮ ਨਿਰਪੱਖ’ ਰਾਸ਼ਟਰ 17 ਜੁਲਾਈ ਨੂੰ ਆਪਣਾ 14ਵਾਂ ਰਾਸ਼ਟਰਪਤੀ ਚੁਣ ਰਿਹਾ ਹੈ ਜਿਸ ਦੇ ਰਾਜਭਾਗ ਉਪਰ ਇਸ ਵਕਤ ਸੰਘ ਬ੍ਰਿਗੇਡ ਕਾਬਜ਼ ਹੈ। ਕਾਂਗਰਸ ਵਲੋਂ ਥਾਪੇ 13ਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜ ਕਾਲ 25 ਜੁਲਾਈ ਨੂੰ ਖ਼ਤਮ ਹੋ ਜਾਵੇਗਾ, ਇਸ ਤੋਂ ਪੰਜ ਦਿਨ ਪਹਿਲਾਂ 20 ਜੁਲਾਈ ਨੂੰ ਵੋਟਾਂ ਦੀ ਗਿਣਤੀ ਹੋ ਜਾਵੇਗੀ। ਆਸਾਰ ਸਪਸ਼ਟ ਹਨ- ਅਗਲਾ ਰਾਸ਼ਟਰਪਤੀ ਨਾਗਪੁਰ ਸਦਰ ਮੁਕਾਮ ਦਾ ਹੋਵੇਗਾ।

ਮੁਕਾਬਲਾ ਮੁੱਖ ਹਾਕਮ ਜਮਾਤੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਦਰਮਿਆਨ ਹੈ। ਸੰਸਦ ਦੇ ਦੋਹਾਂ ਸਦਨਾਂ ਦੇ 776 ਮੈਂਬਰਾਂ (543+223) ਅਤੇ ਵਿਧਾਨ ਸਭਾਵਾਂ ਦੇ ਕੁਲ 4120 ਮੈਂਬਰਾਂ ਦੇ ਆਧਾਰ ‘ਤੇ ਵੋਟਾਂ ਦੀ ਵੈਲਿਊ ਤੈਅ ਕਰਨ ਦਾ ਨਿਸ਼ਚਿਤ ਫਾਰਮੂਲਾ ਹੈ; ਭਾਵ ਰਾਸ਼ਟਰਪਤੀ ਦੀ ਚੋਣ ਮੁਲਕ ਦੇ ਲੋਕ ਨਹੀਂ, ਉਨ੍ਹਾਂ ਦੇ ਚੁਣੇ ਹੋਏ 4896 ਨੁਮਾਇੰਦੇ 1098903 ਵੋਟਾਂ ਪਾ ਕੇ ਕਰਨਗੇ। ਇਸ ਫਾਰਮੂਲੇ ਅਨੁਸਾਰ ਕੁਲ 1098903 ਵੋਟਾਂ ਵਿਚੋਂ ਇਸ ਵਕਤ ਸੰਘ ਦੇ ਉਮੀਦਵਾਰ ਦੇ ਹੱਕ ਵਿਚ 62æ44% ਅਤੇ ਕਾਂਗਰਸ ਦੀ ਉਮੀਦਵਾਰ ਦੇ ਹੱਕ ਵਿਚ 33æ58% ਹਨ; 4% ਵੋਟਾਂ ਨੇ ਅਜੇ ਇਹ ਫ਼ੈਸਲਾ ਕਰਨਾ ਹੈ ਕਿ ਉਹ ਕਿਸ ਦੀ ਹਮਾਇਤ ਕਰਨਗੇ।
ਦਲਿਤਾਂ ਉਪਰ ਆਪਣੀ ਜਕੜ ਬਣਾਈ ਰੱਖਣ ਦੀ ਨੀਤੀ ਦੇ ਹਿੱਸੇ ਵਜੋਂ ਸੰਘ ਬ੍ਰਿਗੇਡ ਨੇ ਦਲਿਤ ਪਿਛੋਕੜ ਵਾਲੇ ਸ਼ਖਸ ਰਾਮ ਨਾਥ ਕੋਵਿੰਦ ਨੂੰ ਅਗਲਾ ਰਾਸ਼ਟਰਪਤੀ ਬਣਾਉਣ ਦਾ ਪੱਤਾ ਖੇਡਿਆ ਹੈ। ਉਹ ਭਾਜਪਾ ਦੇ ਦਲਿਤ ਮੋਰਚੇ ਦਾ ਸਾਬਕਾ ਪ੍ਰਧਾਨ ਰਹਿ ਚੁੱਕਾ ਹੈ ਅਤੇ ਕਿਹਾ ਜਾਂਦਾ ਹੈ, ਉਸ ਨੇ ਆਪਣਾ ਜ਼ੱਦੀ ਘਰ ਆਰæਐਸ਼ਐਸ਼ ਨੂੰ ਭੇਟ ਕਰ ਦਿੱਤਾ ਸੀ। ਆਰæਐਸ਼ਐਸ਼ ਦਾ ਸੰਵਿਧਾਨ ਮਨੂ ਸਮਰਿਤੀ ਹੈ, ਉਸ ਦੀ ਸਹੁੰ ਚੁੱਕ ਕੇ ਸੰਘ ਵਿਚ ਸ਼ਾਮਲ ਹੋਇਆ ਰਾਮ ਨਾਥ ਕੋਵਿੰਦ ਰਾਸ਼ਟਰਪਤੀ ਚੁਣੇ ਜਾਣ ਦੀ ਸੂਰਤ ਵਿਚ ‘ਧਰਮ ਨਿਰਪੱਖ’ ਸੰਵਿਧਾਨ ਦੀ ਸਹੁੰ ਚੁੱਕੇਗਾ! ਦੋਹਾਂ ਵਿਚੋਂ ਉਹ ਕਿਸ ਦਾ ਵਫ਼ਾਦਾਰ ਹੈ? ਜ਼ਾਹਿਰ ਹੈ, ਸੰਘ ਬ੍ਰਿਗੇਡ ਦੇ ‘ਹਿੰਦੂ ਰਾਸ਼ਟਰ’ ਦੇ ਮਿਸ਼ਨ ਜਾਂ ਮਨੂ ਸਮਰਿਤੀ ਦੇ ਬੋਲਬਾਲੇ ਦਾ। ਰਾਸ਼ਟਰਪਤੀ ਨੂੰ ‘ਸੰਵਿਧਾਨ ਦੀ ਰਾਖੀ ਕਰਨ ਵਾਲਾ ਪਹਿਲਾ ਬੰਦਾ’ ਮੰਨਿਆ ਜਾਂਦਾ ਹੈ। ਆਪਣੀ ਪੂਰੀ ਜ਼ਿੰਦਗੀ ਕਦੇ ਕਿਸੇ ਇਕ ਵੀ ਸੰਵਿਧਾਨਕ ਉਲੰਘਣਾ ਬਾਰੇ ਜ਼ੁਬਾਨ ਨਾ ਖੋਲ੍ਹਣ ਵਾਲਾ ਬੰਦਾ ਸੰਵਿਧਾਨ ਦੀ ਕਿਹੋ ਜਿਹੀ ਰਾਖੀ ਕਰੇਗਾ ਜੋ ਅੱਖਾਂ ਮੀਟ ਕੇ ਸੰਘ ਦੇ ਨਾਗਪੁਰ ਸਦਰ ਮੁਕਾਮ ਦੇ ਹੁਕਮਾਂ ਦੀ ਜੀ-ਹਜ਼ੂਰੀ ਕਰਦਾ ਆਇਆ ਹੈ? ਇਸੇ ਕੋਵਿੰਦ ਨੇ ਭਾਜਪਾ ਦੇ ਚੋਟੀ ਦੇ ਆਗੂ ਬੰਗਾਰੂ ਲਕਸ਼ਮਣ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬੇਕਸੂਰ ਸਾਬਤ ਕਰਨ ਲਈ ਉਸ ਦੇ ਹੱਕ ਵਿਚ ਗਵਾਹੀ ਦਿੱਤੀ ਸੀ। ‘ਦਲਿਤ’ ਰਾਮ ਨਾਥ ਨੂੰ ਇਹ ਭਰਮ ਪੈਦਾ ਕਰਨ ਲਈ ਅੱਗੇ ਲਿਆਂਦਾ ਗਿਆ ਹੈ ਕਿ ਦੇਖੋ, ਸੰਘ ਬ੍ਰਿਗੇਡ ਦਲਿਤਾਂ ਨੂੰ ‘ਆਪਣੇ’ ਸਮਝ ਕੇ ਕਿੰਨਾ ਮਾਣ-ਸਤਿਕਾਰ ਦਿੰਦਾ ਹੈ। ਸੰਘ ਬ੍ਰਿਗੇਡ ਦੀਆਂ ਨਜ਼ਰਾਂ ਵਿਚ ਦਲਿਤਾਂ ਦੀ ਅਸਲ ਹੈਸੀਅਤ ਕੀ ਹੈ, ਇਸ ਦਾ ਸਿੱਕੇਬੰਦ ਨਮੂਨਾ ਹਿੰਦੁਸਤਾਨੀ ਫ਼ੌਜ ਦੇ ਸਾਬਕਾ ਜਰਨੈਲ ਅਤੇ ਮੋਦੀ ਸਰਕਾਰ ਦੇ ਮੂੰਹਫਟ ਕੈਬਨਿਟ ਮੰਤਰੀ ਵੀæਕੇæ ਸਿੰਘ ਦਾ ਬਿਆਨ ਸੀ ਜਿਸ ਨੇ ਦਲਿਤਾਂ ਦੀ ਤੁਲਨਾ ਕੁੱਤਿਆਂ ਨਾਲ ਕੀਤੀ ਸੀ। ਦੂਜਾ ਸਿੱਕੇਬੰਦ ਨਮੂਨਾ ਯੋਗੀ ਅਦਿਤਿਆਨਾਥ ਦੀ ਸਹਾਰਨਪੁਰ ਫੇਰੀ ਵੇਲੇ ਦਲਿਤਾਂ ਨੂੰ ਸਾਬਣ ਅਤੇ ਸ਼ੈਂਪੂ ਵੰਡਣ ਦੀ ਮੁਹਿੰਮ ਸੀ ਤਾਂ ਜੋ ਦਲਿਤਾਂ ਦੇ ਮੁਸ਼ਕ ਨਾਲ ਕਿਤੇ ਉਚ ਜਾਤੀ ਮੁੱਖ ਮੰਤਰੀ ਦੀ ਪਵਿਤਰਤਾ ਨਾ ਭਿੱਟੀ ਜਾਵੇ!
ਕੋਵਿੰਦ ਦੇ ਮੁਕਾਬਲੇ ਕਾਂਗਰਸ ਨੇ ਜਗਜੀਵਨ ਰਾਮ (ਸਾਬਕਾ ਡਿਪਟੀ ਪ੍ਰਧਾਨ ਮੰਤਰੀ) ਦੀ ਧੀ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਜਗਜੀਵਨ ਰਾਮ-ਕਿਆਂ ਦੀ ਕਾਂਗਰਸ ਨਾਲ ‘ਸਾਂਝ’ ਦਾ ਲੰਮਾ ਇਤਿਹਾਸ ਹੈ, ਜਿਸ ਦਾ ਸਿਲਾ ਕਾਂਗਰਸ ਨੇ ਉਸ ਦੀ ਧੀ ਨੂੰ ਆਪਣੀ ਸਰਕਾਰ ਵਿਚ ਸਮਾਜਿਕ ਨਿਆਂ ਮੰਤਰੀ ਅਤੇ ਲੋਕ ਸਭਾ ਸਪੀਕਰ ਦੇ ਅਹੁਦਿਆਂ ਨਾਲ ਨਿਵਾਜ ਕੇ ਅਤੇ ਉਸ ਨੂੰ ਆਪਣੇ ਸਰਕਾਰੀ ਬੰਗਲੇ ਨੂੰ ਅਣਅਧਿਕਾਰਤ ਤੌਰ ‘ਤੇ ਜਗਜੀਵਨ ਰਾਮ ਮਿਊਜ਼ੀਅਮ ਬਣਾਉਣ ਦੀ ਖੁੱਲ੍ਹ ਦੇ ਕੇ ਤਾਰਿਆ। ਹੁਣ ਸੰਘ ਬ੍ਰਿਗੇਡ ਦੇ ‘ਦਲਿਤ’ ਉਮੀਦਵਾਰ ਨੂੰ ਸਿਆਸੀ ਤੌਰ ‘ਤੇ ਕਾਟ ਕਰਨ ਲਈ ਇਸੇ ‘ਦਲਿਤ’ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਸੱਤਾਧਾਰੀ ਅਤੇ ਵਿਰੋਧੀ ਧਿਰ, ਦੋਹਾਂ ਦੇ ਉਮੀਦਵਾਰਾਂ ਦੀ ‘ਮੈਰਿਟ’ ਉਨ੍ਹਾਂ ਦੀ ਜਾਤ ਹੈ। ਰਾਸ਼ਟਰਪਤੀ ਦੀ ਜਾਤ ਜਾਂ ਧਰਮ ਕੀ ਹੈ, ਮੁਲਕ ਦੇ ਅਵਾਮ ਲਈ ਇਹ ਕੋਈ ਮਾਇਨੇ ਨਹੀਂ ਰੱਖਦਾ; ਉਹ ਤਾਂ ਮਹਿਜ਼ ਸਟੇਟ ਦੇ ਜਾਬਰ ਢਾਂਚੇ ਵਲੋਂ ਕੀਤੇ ਫ਼ੈਸਲਿਆਂ ਉਪਰ ਲਗਾਏ ਜਾਣ ਵਾਲੀ ਸੰਵਿਧਾਨਕ ਮੋਹਰ ਹੈ ਜਿਸ ਕੋਲ ਬਹੁਤ ਸੀਮਤ ਰਸਮੀ ਹੱਕ ਹਨ। ਸਾਬਕਾ ਰਾਸ਼ਟਰਪਤੀ ਕੇæਆਰæ ਨਰਾਇਣਨ ਵੀ ‘ਦਲਿਤ’ ਸੀ ਜਿਸ ਨੂੰ ਕਾਂਗਰਸ ਨੇ ਰਾਸ਼ਟਰਪਤੀ ਬਣਾਇਆ ਸੀ। ਉਸ ਦੇ ਰਾਸ਼ਟਰਪਤੀ ਬਣਨ ਨਾਲ ਦਲਿਤਾਂ ਦਾ ਕਿੰਨਾ ਕੁ ਭਲਾ ਹੋਇਆ ਸੀ? ਗਿਆਨੀ ਜ਼ੈਲ ਸਿੰਘ ‘ਸਿੱਖ’ ਸੀ, ਉਸ ਦੇ ਕਾਰਜਕਾਲ ਦੌਰਾਨ ਸਾਕਾ ਨੀਲਾ ਤਾਰਾ, 1984 ਵਿਚ ਸਿੱਖਾਂ ਦੇ ਕਤਲੇਆਮ ਸਮੇਤ ਸਿੱਖ ਭਾਈਚਾਰੇ ਦੀ ਦੁਰਦਸ਼ਾ ਸ਼ਾਇਦ ਹੀ ਕਿਸੇ ਨੂੰ ਭੁੱਲੀ ਹੋਵੇ।
ਵਿਹਾਰਕ ਸਿਆਸਤ ਅੰਦਰ ਰਾਸ਼ਟਰਪਤੀ ਦਾ ਅਹੁਦਾ ਸੱਤਾਧਾਰੀ ਪਾਰਟੀ ਦੇ ਵਫ਼ਾਦਾਰ ਆਗੂਆਂ ਲਈ ਪੂਰਵ-ਰਿਟਾਇਰਮੈਂਟ ਤੋਹਫ਼ਾ ਮੰਨਿਆ ਜਾਂਦਾ ਹੈ। ਉਮੀਦਵਾਰ ਦੀ ਚੋਣ ਹਾਲਾਤ ਦੀ ਜ਼ਰੂਰਤ ਅਨੁਸਾਰ ਕੀਤੀ ਜਾਂਦੀ ਹੈ ਕਿ ਕਿਸ ਧਰਮ ਜਾਂ ਜਾਤ ਵਾਲੇ ਆਗੂ ਨੂੰ ਉਮੀਦਵਾਰ ਬਣਾ ਕੇ ਕਿਸ ਭਾਈਚਾਰੇ ਨੂੰ ਭਰਮਾਉਣਾ ਹੈ ਅਤੇ ਕਿਹੜਾ ਉਮੀਦਵਾਰ ਐਲਾਨ ਕੇ ਸੱਤਾਧਾਰੀ ਕੋੜਮੇ ਦੀ ਜ਼ਿਆਦਾਤਰ ਹਮਾਇਤ ਹਾਸਲ ਕੀਤੀ ਜਾ ਸਕਦੀ ਹੈ। ਇਹ ਵੋਟ ਸਿਆਸਤ ਦਾ ਹੀ ਕ੍ਰਿਸ਼ਮਾ ਹੈ ਕਿ ਭਾਜਪਾ ਨਾਲ ਦੋ ਵਾਰ ਗੱਠਜੋੜ ਸਰਕਾਰ ਬਣਾਉਣ ਵਾਲੀ ਕੁਮਾਰੀ ਮਾਇਆਵਤੀ ਹੁਣ ਕਾਂਗਰਸ ਦੇ ਉਮੀਦਵਾਰ ਦੀ ਹਮਾਇਤ ਕਰ ਰਹੀ ਹੈ ਅਤੇ ਬਿਹਾਰ ਵਿਚ ਲਾਲੂ ਪ੍ਰਸਾਦ ਨਾਲ ਮਿਲ ਕੇ ਭਾਜਪਾ ਨੂੰ ਹਰਾਉਣ ਵਾਲਾ ਨਿਤੀਸ਼ ਕੁਮਾਰ ਮੁੜ ਸੰਘ ਬ੍ਰਿਗੇਡ ਨਾਲ ਨੇੜਤਾ ਵਧਾਉਂਦੇ ਹੋਏ ਸੰਘ ਦੇ ਉਮੀਦਵਾਰ ਦੀ ਹਮਾਇਤ ਕਰ ਰਿਹਾ ਹੈ। ਨਿਤੀਸ਼ ਕੁਮਾਰ ਨੇ ਅਜੇ ਮਈ ਮਹੀਨੇ ਦੇ ਅਖ਼ੀਰਲੇ ਹਫ਼ਤੇ ਹੀ ਮੋਦੀ ਅਤੇ ਮਾਰੀਸ਼ਸ਼ ਦੇ ਪ੍ਰਧਾਨ ਮੰਤਰੀ ਨਾਲ ਦੁਪਹਿਰ ਦੇ ਖਾਣੇ ਉਪਰ ਐਲਾਨ ਕੀਤਾ ਸੀ ਕਿ ਵਿਰੋਧੀ ਧਿਰ ਰਾਸ਼ਟਰਪਤੀ ਚੋਣ ਨੂੰ ਲੈ ਕੇ ਇਕਮੱਤ ਹੈ। ਇਹ ਸ਼ਾਇਦ ਉਸ ਦਾ ਸੌਦੇਬਾਜ਼ੀ ਕਰਨ ਦਾ ਸੰਕੇਤ ਸੀ, ਕਿਉਂਕਿ ਉਸ ਨੇ ਪਾਕਿਸਤਾਨ ਅੰਦਰ ਹਿੰਦੁਸਤਾਨੀ ਫ਼ੌਜ ਦੇ ‘ਸਰਜੀਕਲ ਸਟਰਾਈਕ’ ਅਤੇ ਨੋਟਬੰਦੀ ਵਰਗੇ ਫ਼ੈਸਲਿਆਂ ਦੀ ਹਮਾਇਤ ਕਰ ਕੇ ਪਹਿਲਾਂ ਹੀ ਆਪਣੇ ਸੱਤਾਧਾਰੀ ਜੋਟੀਦਾਰ ਲਾਲੂ ਪ੍ਰਸਾਦ ਨਾਲੋਂ ਵਿੱਥ ਅਤੇ ਸੰਘ ਬ੍ਰਿਗੇਡ ਪ੍ਰਤੀ ਨੇੜਤਾ ਵਧਾਉਣ ਦੇ ਸੰਕੇਤ ਦੇ ਦਿੱਤੇ ਸਨ।
ਦਲਿਤਾਂ ਦੇ ਇਕ ਹਿੱਸੇ ਨੂੰ ਆਪਣੇ ਨਾਲ ਮਿਲਾ ਕੇ ਪੂਰੇ ਦਲਿਤ ਭਾਈਚਾਰੇ ਨੂੰ ਭਰਮ ਵਿਚ ਪਾ ਕੇ ਉਚ ਜਾਤੀ ਦਾਬੇ ਹੇਠ ਰੱਖਣਾ ਜਾਤਪਾਤਵਾਦੀ ਹੁਕਮਰਾਨ ਜਮਾਤ ਦੀ ਸੋਚੀ-ਸਮਝੀ ਨੀਤੀ ਹੈ। ਮੋਦੀ ਦੇ ਤਿੰਨ ਸਾਲ ਦੇ ਰਾਜ ਵਿਚ ਦਲਿਤਾਂ ਉਪਰ ਕੀਤੇ ਜ਼ੁਲਮਾਂ-ਦਰ-ਜ਼ੁਲਮਾਂ ਕਾਰਨ ਸੰਘ ਬ੍ਰਿਗੇਡ ਨੂੰ ਦਲਿਤਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਊਨਾ (ਗੁਜਰਾਤ) ਅਤੇ ਸਹਾਰਨਪੁਰ ਵਿਚ ਦਲਿਤਾਂ ਵਲੋਂ ਹਿੰਦੂਤਵੀ ਗਰੋਹਾਂ ਦੀ ਗੁੰਡਾਗਰਦੀ ਦਾ ਇਕਜੁੱਟ ਹੋ ਕੇ ਮੂੰਹ ਭੰਨਿਆ ਗਿਆ। 2002 ਵਿਚ ਗੁਜਰਾਤ ਵਿਚ ਸੰਘ ਬ੍ਰਿਗੇਡ ਮੁਸਲਮਾਨਾਂ ਦਾ ਕਤਲੇਆਮ ਕਰਨ ਲਈ ਦਲਿਤਾਂ ਨੂੰ ਮੋਹਰਿਆਂ ਵਜੋਂ ਇਸਤੇਮਾਲ ਕਰਨ ਵਿਚ ਕਾਮਯਾਬ ਰਿਹਾ ਸੀ। ਬਾਅਦ ਵਿਚ ਸੰਘ ਦੀਆਂ ਘਿਨਾਉਣੀਆਂ ਕਰਤੂਤਾਂ ਨੇ ਖ਼ੁਦ ਹੀ ਇਨ੍ਹਾਂ ਦਾ ਮਨੂਵਾਦੀ ਚਿਹਰਾ ਨੰਗਾ ਕਰ ਦਿੱਤਾ ਅਤੇ ਇਸ ਨਾਲ ਦਲਿਤਾਂ ਨੂੰ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਅਤੇ ਹੋਰ ਦੱਬੇ-ਕੁਚਲੇ ਸਮੂਹਾਂ ਨਾਲ ਮਿਲ ਕੇ ਭਗਵਾਂ ਦਹਿਸ਼ਤਗਰਦੀ ਵਿਰੁਧ ਇਕਜੁੱਟ ਹੋ ਕੇ ਲੜਨ ਦੀ ਜ਼ਰੂਰਤ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਸੰਘ ਬ੍ਰਿਗੇਡ ਵਲੋਂ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੂਲਾ ਦੇ ਸੰਸਥਾਗਤ ਕਤਲ ਵਿਰੁਧ ਵਿਦਿਆਰਥੀ ਅੰਦੋਲਨ, ਗਊ ਹੱਤਿਆ ਦੇ ਨਾਂ ‘ਤੇ ਬਹੁਤ ਸਾਰੇ ਸੂਬਿਆਂ ਅੰਦਰ ਦਲਿਤਾਂ ਉਪਰ ਜ਼ੁਲਮਾਂ ਅਤੇ ਯੋਗੀ ਅਦਿਤਿਯਾਨਾਥ ਦੀ ਸਰਕਾਰ ਬਣਨ ਨਾਲ ਭੂਤਰੇ ਉਚ ਜਾਤੀ ਹਜੂਮਾਂ ਦੀ ਬਦਮਾਸ਼ੀ ਨੂੰ ਦਲਿਤਾਂ ਵਲੋਂ ਇਕਜੁੱਟ ਹੋ ਕੇ ਚੁਣੌਤੀ ਦੇਣ ਦਾ ਰੁਝਾਨ ਸ਼ੁਰੂ ਹੋਣ ਨਾਲ ਸੰਘ ਬ੍ਰਿਗੇਡ ਲਈ ਹੁਣ ਦਲਿਤਾਂ ਨੂੰ ਬੇਵਕੂਫ਼ ਬਣਾਉਣਾ ਪਹਿਲਾਂ ਜਿੰਨਾ ਸੌਖਾ ਨਹੀਂ ਰਿਹਾ। ਫਿਰ ਵੀ ਸੰਘ ਅਤੇ ਇਸ ਦੀਆਂ ਹਮਖ਼ਿਆਲ ਤਾਕਤਾਂ ਕੋਲ ਦਲਿਤਾਂ ਨੂੰ ਭਰਮਾਉਣ ਲਈ ਹਥਿਆਰਾਂ ਦੀ ਕਮੀ ਨਹੀਂ ਹੈ। ਇਨ੍ਹਾਂ ਵਿਚੋਂ ਇਕ ਕਾਰਗਰ ਹਥਿਆਰ ਦਲਿਤਾਂ ਦਾ ਸੰਸਕ੍ਰਿਤੀਕਰਨ ਹੈ ਜਿਸ ਤਹਿਤ ਦਲਿਤਾਂ ਦੇ ਦਿਮਾਗਾਂ ਵਿਚ ਇਹ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਵੀ ਹਿੰਦੂ ਹਨ।
ਸੰਘ ਬ੍ਰਿਗੇਡ ਵਲੋਂ ਦਲਿਤਾਂ ਵਿਚ ਹਿੰਦੂ ਭਾਈਚਾਰੇ ਦਾ ਅਨਿੱਖੜ ਹਿੱਸਾ ਹੋਣ ਦਾ ਭਰਮ ਬਣਾਈ ਰੱਖਣ ਲਈ ਰਾਮ ਨਾਥ ਕੋਵਿੰਦਾਂ, ਬੰਗਾਰੂ ਲਕਸ਼ਮਣਾਂ, ਰਾਮਵਿਲਾਸ ਪਾਸਵਾਨਾਂ ਵਰਗੇ ਨਮੂਨਿਆਂ ਦੀ ਖ਼ੂਬ ਨੁਮਾਇਸ਼ ਲਾਈ ਜਾਂਦੀ ਹੈ। ਦਲਿਤਾਂ ਵਿਚੋਂ ਉਭਰੇ ਕੁਲੀਨ ਵਰਗ ਦੇ ਉਪਰਲੇ ਹਿੱਸੇ ਨੂੰ ਆਪਣੇ ਸੌੜੇ ਮੁਫ਼ਾਦਾਂ ਲਈ ਘੋਰ ਮਨੂਵਾਦੀ ਭਾਜਪਾ ਅਤੇ ਸ਼ਿਵ ਸੈਨਾ ਨਾਲ ਸਿਆਸੀ ਗੰਢ-ਚਿਤਰਾਵਾ ਕਰਨ ਵਿਚ ਵੀ ਕੋਈ ਹਿਚਕ ਨਹੀਂ ਹੈ। ਇਸ ਦੀ ਮੁਖ ਮਿਸਾਲ ਮਹਾਰਾਸ਼ਟਰ ਹੈ ਜਿਥੇ ਬਾਲ ਠਾਕਰੇ ਨੇ ‘ਸ਼ਿਵ ਸ਼ਕਤੀ’ ਅਤੇ ‘ਭੀਮ ਸ਼ਕਤੀ’ ਭਾਵ ਸ਼ਿਵਜੀ ਅਤੇ ਅੰਬੇਡਕਰ ਦੇ ਪੈਰੋਕਾਰਾਂ ਦੀ ਏਕਤਾ ਦਾ ਨਾਅਰਾ ਦੇ ਕੇ ਵਿਕਾਊ ਆਗੂਆਂ ਦੀ ਮਦਦ ਨਾਲ ਦਲਿਤ ਸਮਾਜ ਦੀਆਂ ਭਾਵਨਾਵਾਂ ਦਾ ਲਾਹਾ ਲਿਆ। ਨਾਮਦੇਵ ਢਾਸਾਲ ਆਖ਼ਿਰਕਾਰ ਬਾਲ ਠਾਕਰੇ ਦਾ ਸ਼ਿਵ ਸੈਨਿਕ ਸਜ ਗਿਆ ਜੋ ਦਲਿਤ ਪੈਂਥਰ ਦਾ ਚੋਟੀ ਦਾ ਆਗੂ ਹੁੰਦਾ ਸੀ। ਇਹੀ ਹਸ਼ਰ ਉਦਿਤ ਰਾਜ ਵਰਗੇ ਦਲਿਤ ਬੁੱਧੀਜੀਵੀਆਂ ਅਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਆਗੂ ਰਾਮਦਾਸ ਅਠਾਵਲੇ ਦਾ ਹੋਇਆ। ਇਹ ਹਿੱਸੇ ਡਾæ ਅੰਬੇਡਕਰ ਦੀ ਸੋਚ ਦੇ ਜਾਤਪਾਤ ਵਿਰੋਧੀ ਤੱਤ ਨੂੰ ਨਸ਼ਟ ਕਰਨ ਲਈ ਉਸ ਨੂੰ ਨਿਰੋਲ ਮੂਰਤੀ ਵਜੋਂ ਅਪਣਾ ਕੇ ਆਪਣੇ ਮਨੂਵਾਦੀ ਏਜੰਡੇ ਲਈ ਵਰਤਣ ਦੀ ਸੰਘ ਬ੍ਰਿਗੇਡ ਦੀ ਮੁਹਿੰਮ ਨੂੰ ਵਾਜਬੀਅਤ ਮੁਹੱਈਆ ਕਰਦੇ ਹਨ। ਬ੍ਰਾਹਮਣਵਾਦ/ਮਨੂਵਾਦ ਦੇ ਜ਼ਹਿਰ ਉਪਰ ਦਲਿਤ ਜਾਂ ਅੰਬੇਡਕਰੀ ਮੁਲੰਮਾ ਚਾੜ੍ਹ ਕੇ ਵੇਚਣਾ ਸੁਖਾਲਾ ਹੈ; ਬਸ ਕੁਝ ਦਲਿਤ ਜਾਂ ਅੰਬੇਡਕਰਵਾਦੀ ਚਿਹਰਿਆਂ ਦੀ ਜ਼ਰੂਰਤ ਹੁੰਦੀ ਹੈ।
ਇਸੇ ਦਾ ਦੂਜਾ ਅਤੇ ਇਸ ਤੋਂ ਵੀ ਵਿਆਪਕ ਰੂਪ ਸਰਕਾਰ ਅਤੇ ਨੌਕਰਸ਼ਾਹੀ ਵਿਚ ਉਚੇ ਅਹੁਦਿਆਂ ‘ਤੇ ਬੈਠੇ ਹਿੱਸੇ ਅਤੇ ਦਲਿਤ ਆਗੂਆਂ ਦਾ ਗੱਠਜੋੜ ਹੈ। ਇਨ੍ਹਾਂ ਦਾ ਮੁੱਖ ਕੰਮ ਜਾਗਰੂਕ ਹੋ ਰਹੇ ਦਲਿਤ ਭਾਈਚਾਰੇ ਨੂੰ ਇਕ ਹੱਦ ਤੋਂ ਅੱਗੇ ਜਾਣ ਤੋਂ ਰੋਕਣਾ ਅਤੇ ਇਕੋ ਇਕ ਉਦੇਸ਼ ਖੁਦ ਸਮਾਜਿਕ ਤੇ ਆਰਥਿਕ ਤਰੱਕੀ ਕਰਨਾ ਹੈ।
ਆਪਣੇ ਦਲਿਤ ਪਿਛੋਕੜ ਦਾ ਵੱਧ ਤੋਂ ਵੱਧ ਮੁੱਲ ਵੱਟਣ ਲਈ ਵਿਕਾਊ ਇਸ ਪਰਤ ਦੇ ਪ੍ਰਭਾਵ ਨੂੰ ਰੋਕਣ ਅਤੇ ਖ਼ਤਮ ਕਰਨ ਦਾ ਇਕੋ ਇਕ ਤਰੀਕਾ ਦਲਿਤ ਸਮਾਜ ਵਿਚ ਚੇਤਨਾ ਪੈਦਾ ਕਰਨਾ ਹੈ। ਲਿਹਾਜ਼ਾ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਰਾਸ਼ਟਰਪਤੀ ਦਲਿਤ ਹੈ ਜਾਂ ਗ਼ੈਰਦਲਿਤ; ਜਾਂ ਕਿਸ ਭਾਈਚਾਰੇ ਵਿਚੋਂ ਹੈ। ਸਵਾਲ ਇਹ ਹੈ ਕਿ ਰਾਸ਼ਟਰਪਤੀ ਬਣ ਕੇ ਉਹ ਕਿਸ ਜਮਾਤ ਦੇ ਏਜੰਡੇ ਲਈ ਕੰਮ ਕਰਦਾ ਹੈ।