ਰੱਬ ਨਾਲ ਗੱਲਾਂ

ਉਮਰ ਦੇ ਆਖਰੀ ਪੜਾਅ ਵਿਚ ਕਲਮ ਵਾਹੁਣ ਵਾਲੇ ਦਰਸ਼ਨ ਸਿੰਘ ਦੀਆਂ ਰਚਨਾਵਾਂ ਬਾਤਾਂ ਵਰਗਾ ਸੁਆਦ ਦਿੰਦੀਆਂ ਹਨ। ਉਹਦੀ ਕਹਾਣੀ ਪੜ੍ਹੋ ਜਾਂ ਨਾਵਲ; ਰਸਦਾਰ, ਸਰਲ, ਸਹਿਜ ਸ਼ੈਲੀ ਪਾਠਕ ਦਾ ਭਰਪੂਰ ਸਵਾਗਤ ਕਰਦੀ ਹੈ। ਸੰਨ 2001 ਵਿਚ ਉਹਦਾ ਪਹਿਲਾ ਨਾਵਲ ਆਇਆ ਸੀ ਅਤੇ ਫਿਰ ਹਰ ਸਾਲ ਇਕ ਕਿਤਾਬ ਉਹਦੇ ਬੋਝੇ ਵਿਚੋਂ ਨਿਕਲਦੀ ਰਹੀ। ਹਰ ਰਚਨਾ ਇਕ ਤੋਂ ਇਕ ਚੜ੍ਹ ਕੇ। ‘ਰੱਬ ਨਾਲ ਗੱਲਾਂ’ ਕਹਾਣੀ ਵਿਚ ਉਸ ਨੇ ਰੂਹ ਨਾਲ ਗੱਲਾਂ ਕੀਤੀਆਂ ਹਨ। ਹੈਰਾਨੀ ਹੁੰਦੀ ਹੈ ਕਿ ਇੰਨੀਆਂ ਗਹਿਰ-ਗੰਭੀਰ ਗੱਲਾਂ ਕੋਈ ਇਸ ਤਰੀਕੇ ਨਾਲ ਵੀ ਕਰ ਸਕਦਾ ਹੈ।

-ਸੰਪਾਦਕ

ਦਰਸ਼ਨ ਸਿੰਘ

ਜੇ ਪਾਸਪੋਰਟ ਵੇਖਾਂ ਤਾਂ ਮੈਂ ਉਣਾਨਵਿਆਂ ਦਾ ਹਾਂ। ਜੇ ਵੱਡੀ ਭੈਣ ਦੀ ਸੁਣਾਂ, ਤਾਂ ਅਠਾਸੀਆਂ ਦਾ। ਜੇ ਦਾਅ ਲੱਗਾ ਤਾਂ ਦੋ ਚਾਰ ਸਾਲ ਹੋਰ ਕੱਢ ਜਾਵਾਂਗਾ।
ਵੇਖਣ ਵਾਲਿਆਂ ਨੂੰ ਤਾਂ ਮੈਂ ਏਡਾ ਲਗਦਾ ਨਹੀਂ। ਉਹ ਕਹਿੰਦੇ ਨੇ, ਸੱਠ ਪੈਂਹਠ ਦਾ ਲਗਦਾ ਏਂ ਜਾਂ ਹੱਦ ਸੱਤਰਾਂ ਦਾ। ਇਸ ਤਰ੍ਹਾਂ ਦਾ ਭੁਲੇਖਾ ਪੈ ਸਕਦਾ ਏ। ਇਕ ਤਾਂ ਮੈਂ ਦਾੜ੍ਹੀ ਮੁੱਛਾਂ ਰੰਗੀਆਂ ਹੁੰਦੀਆਂ ਨੇ ਤੇ ਦੂਜਾ ਮੈਂ ਫਿੱਕੇ, ਘਸਮੈਲੇ ਰੰਗਾਂ ਦੇ ਕੱਪੜੇ ਨਹੀਂ ਪਾਉਂਦਾ। ਉਹ ਹਮੇਸ਼ਾ ਹੀ ਕੁਝ ਕੁਝ ਸ਼ੋਖ ਰੰਗ ਦੇ ਹੁੰਦੇ ਨੇ। ਇਸ ਤਰ੍ਹਾਂ ਦਾ ਕਿਹਾ-ਸੁਣ ਕੁਝ ਖੁਸ਼ ਤਾਂ ਹੁੰਦਾ ਹਾਂ, ਪਰ ਖਾਸ ਨਹੀਂ। ਅਸਲ ਵਿਚ ਮੈਨੂੰ ਹਰ ਵੇਲੇ ਏਨਾ ਕੁਝ ਹੁੰਦਾ ਰਹਿੰਦਾ ਏ, ਜੋ ਮੈਨੂੰ ਆਪਣੀ ਸਰੀਰਕ ਅਸਲੀਅਤ ਭੁੱਲਣ ਨਹੀਂ ਦੇਂਦਾ। ਥਿੜਕਦਾ ਰਹਿੰਦਾ ਹਾਂ। ਬੇ-ਸਹਾਰਾ ਪੌੜੀ ਨਹੀਂ ਚੜ੍ਹ ਸਕਦਾ। ਤੇਜ਼ ਚੱਲਾਂ ਤਾਂ ਸਾਹ ਚੜ੍ਹਦੈ। ਬਹੁਤਾ ਖਾਧਾ ਪੀਤਾ ਨਹੀਂ ਜਾਂਦਾ। ਪੀਂਦਾ ਭਾਵੇਂ ਰੋਜ਼ ਹਾਂ, ਪਰ ਪੀਂਦਾ ਝੂੰਗੇ ‘ਚੋਂ ਇਕੋ ਪੈੱਗ ਹੀ। ਆਪਣੇ ਉਮਰੋਂ ਛੋਟੇ ਯਾਰਾਂ ਬੇਲੀਆਂ ਵਾਂਗ ਰੱਜ ਕੇ ਪੀ ਨਹੀਂ ਸਕਦਾ। ਬਹੁਤੀ ਭੱਜ-ਦੌੜ ਵੀ ਨਹੀਂ ਕਰ ਸਕਦਾ। ਮੈਨੂੰ ਕਨਸਰਟਾਂ ‘ਤੇ ਜਾਣ ਦਾ ਬੜਾ ਸ਼ੌਕ ਹੁੰਦਾ ਸੀ। ਥਾਂ ਜਿਥੇ ਵੀ ਮਿਲ ਜਾਂਦੀ, ਮਨਜ਼ੂਰ ਹੁੰਦੀ। ਭੁੰਝੇ ਵੀ ਬਹਿ ਜਾਂਦਾ। ਕੰਧ ਨਾਲ ਢਾਸਣਾ ਲਾ ਖਲੋਤਾ ਰਹਿੰਦਾ। ਹੁਣ ਤਾਂ ਨਵੇਂ, ਬਹੁ-ਪਰਦੀ ਆਰਾਮਦੇਹ ਕੁਰਸੀਆਂ ਵਾਲੇ ਸਿਨਮਿਆਂ ਵਿਚ ਫਿਲਮ ਵੇਖਣ ਵੀ ਨਹੀਂ ਜਾਇਆ ਜਾਂਦਾ। ਉਹ ਆਵਾਜ਼ ਬੜੀ ਉਚੀ ਰੱਖਦੇ ਨੇ। ਵੇਖਣ ਆਇਆਂ ਨੂੰ ਬੋਲੇ ਸਮਝਦੇ ਨੇ। ਉਨ੍ਹਾਂ ਦੀ ਡੰਡ ਨਾਲ ਮੇਰੇ ਕੰਨ ਪਾਟਦੇ ਨੇ। ਏਸੇ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਮੁਥਾਜੀਆਂ ਨੇ। ਕੀ ਕੀ ਦੱਸਾਂ। ਏਸ ਕਰ ਕੇ ਜੇ ਕਦੀ ਕੁਝ ਖੁਸ਼ ਹੋਵਾਂ ਵੀ ਤਾਂ ਬਹੁਤਾ ਚਿਰ ਖੁਸ਼ ਨਹੀਂ ਰਿਹਾ ਜਾ ਸਕਦਾ।
ਬਸ ਜਿਊਣ ਦਾ ਮਜ਼ਾ ਨਹੀਂ ਆ ਰਿਹਾ। ਜੀਅ ਅਜੇ ਵੀ ਸਭ ਕੁਝ ਕਰਨ ਨੂੰ ਕਰਦੈ, ਪਰ ਕਰ ਨਹੀਂ ਸਕਦਾ। ਕਰਨ ਜੋਗਾ ਹੀ ਨਹੀਂ ਰਿਹਾ। ਇਹ ਸੋਚ ਕੇ ਦਿਲ ਮਸੋਸਿਆ ਜਾਂਦੈ।
ਕਈ ਵਾਰੀ ਆਪਣੇ ਆਪ ਨੂੰ ਸਮਝਾਉਨਾਂ, ‘ਸੁਣ ਭਾਈ, ਦੱਸ, ਤੂੰ ਕੀ ਨਹੀਂ ਕੀਤਾ? ਜ਼ਿੰਦਗੀ ਤੂੰ ਰੱਜ ਕੇ ਜੀਵੀ ਏ। ਜੋ ਵੀ ਕਿਸੇ ਹੋਰ ਨੇ ਕੀਤਾ, ਤੂੰ ਵੀ ਕੀਤਾ। ਲਾਹ ਲਏ ਸਾਰੇ ਸ਼ੌਕ। ਸੈਰਾਂ ਵੀ ਕੀਤੀਆਂ। ਐਸ਼ਾਂ ਵੀ ਕੀਤੀਆਂ। ਇਸ਼ਕ ਮੁਸ਼ਕ ਵੀ। ਪਰਦੇਸੀਂ ਵਾਸ ਵੀ। ਰਿਜ਼ਕ ਵੀ ਰਿਹਾ। ਅਵਸਰ ਵੀ। ਸਰੀਰਕ ਪਾਇਆਂ ਵੀ। ਚੰਗਾ ਘਰ ਵੀ ਰਿਹਾ। ਸੁਹਣੀ ਵਹੁਟੀ ਵੀ। ਜੋ ਵੀ ਹੋਣਾ ਚਾਹੀਦਾ ਸੀ, ਉਹ ਤੇਰੇ ਕੋਲ ਰਿਹਾ। ਹੋਰ ਤਾਂ ਹੋਰ, ਸਬਰ ਸੰਤੋਖ ਵੀ ਬੜਾ ਰਿਹਾ, ਏਨਾ ਕਿ ਹੋਰਨਾਂ ਨੂੰ ਵੀ ਵੰਡ ਸਕਦਾ ਸੈਂ। ਫੇਰ ਕਿਉਂ ਝੂਰਦਾ ਰਹਿਨੈਂ। ਜਿੰਨੀ ਕੁ ਰਹਿ ਗਈ ਆ, ਉਹਦੇ ਮਜ਼ੇ ਲੈ। ਅਜੇ ਹੱਥ ਪੈਰ ਚਲਦੇ ਨੇ ਤੇਰੇ!’
‘ਇਹੋ ਤਾਂ ਗੱਲ ਏ ਯਾਰ, ਮਜ਼ਾ ਨਹੀਂ ਆ ਰਿਹਾ’, ਅੱਗੋਂ ਮਨ ਬੋਲਦਾ ਏ। ‘ਸਭ ਕੁਝ ਹੈ, ਪਰ ਮਾਣ ਨਹੀਂ ਸਕਦਾ। ਕੁਝ ਛੋਟਾ ਹੋਣ ਨੂੰ ਦਿਲ ਕਰਦੈ।’
ਸੱਚੀ ਗੱਲ ਇਹ ਜੇ ਕਿ ਮੇਰਾ ਦਿਲ ਅਜੇ ਵੀ ਹਸਰਤਾਂ ਨਾਲ ਭਰਿਆ ਹੋਇਆ ਏ। ਮੈਨੂੰ ਬਹਾਦੁਰ ਸ਼ਾਹ ਜ਼ਫਰ ਦਾ ਸ਼ਿਅਰ ਯਾਦ ਆਉਂਦਾ ਰਹਿੰਦੈ, ਜਿਸ ਵਿਚ ਉਸ ਨੇ ਹਸਰਤਾਂ ਨੂੰ ਕਿਹਾ ਸੀ ਕਿ ਉਹ ਕੋਈ ਹੋਰ ਥਾਂ ਟਿਕਾਣਾ ਲੱਭਣ। ਉਹਦੇ ਦੁਖੀ ਦਿਲ ਵਿਚ ਉਨ੍ਹਾਂ ਲਈ ਥਾਂ ਨਹੀਂ ਰਹਿ ਗਈ, ਪਰ ਮੇਰਾ ਦਿਲ ਬੜਾ ਮੋਕਲਾ ਏ। ਬੜੀ ਥਾਂ ਏ ਉਹਦੇ ਵਿਚ। ਮੇਰੀਆਂ ਕੀ, ਕਈ ਹੋਰਨਾਂ ਦੀਆਂ ਹਸਰਤਾਂ ਵੀ ਸਮਾ ਜਾਣ ਓਥੇ। ਹਰ ਵੇਲੇ ਸਧਰਾਇਆ ਰਹਿੰਦੈ। ਕੁਝ ਸੁਹਣਾ ਦਿਸੇ, ਕੁਝ ਨਵਾਂ ਲੱਗੇ, ਕੁਝ ਮਿੱਠਾ ਜਾਪੇ, ਉਹਨੂੰ ਚੱਖਣਾ ਚਾਹੁੰਦੈ। ਛੋਹਣਾ ਚਾਹੁੰਦੈ।
ਇਹ ਨਾ ਸਮਝਣਾ, ਮੈਂ ਆਪਣੀ ਉਮਰ ਵਧਾਉਣੀ ਚਾਹੁੰਨਾਂ। ਉਮਰ ਮੇਰੀ ਬੇਸ਼ੱਕ ਓਨੀ ਹੀ ਰਹੇ, ਜਿੰਨੀ ਮੇਰੀ ਲਿਖੀ ਹੋਈ ਏ। ਜੇ ਮੇਰੇ ਹਿੱਸੇ ਸਿਰਫ ਦੋ ਚਾਰ ਸਾਲ ਹੀ ਨੇ ਤਾਂ ਮੈਨੂੰ ਮਨਜ਼ੂਰ ਨੇ। ਮੇਰਾ ਸਰ ਜਾਏਗਾ ਓਨਿਆਂ ਨਾਲ ਹੀ। ਮੈਂ ਕੋਹ ਕਾਫ ਦੇ ਬੁੱਢਿਆਂ ਵਾਂਗ ਉਮਰ ਦਾ ਕੋਈ ਰਿਕਾਰਡ ਨਹੀਂ ਕਾਇਮ ਕਰਨਾ ਚਾਹੁੰਦਾ। ਮੈਂ ਤਾਂ ਚਾਹੁੰਦਾ ਹਾਂ ਕਿ ਇਨ੍ਹਾਂ ਬਾਕੀ ਦੇ ਦੋ ਚਾਰ ਸਾਲਾਂ ਨੂੰ ਜੀਅ ਭਰ ਕੇ ਜੀਵਾਂ। ਚਸਕੇ ਨਾਲ ਜੀਵਾਂ। ਮਜ਼ੇ ਲੈ-ਲੈ ਜੀਵਾਂ। ਚਾਹੁੰਦਾ ਸਿਰਫ ਇਹ ਹਾਂ ਕਿ ਇਹ ਦੋ ਚਾਰ ਸਾਲ ਮੇਰੀ ਹੁਣ ਵਾਲੀ ਉਮਰ ਤੋਂ ਨਹੀਂ, ਮੇਰੀ ਕੁਝ ਪਹਿਲੀ ਉਮਰ ਤੋਂ ਸ਼ੁਰੂ ਹੋ ਜਾਣ। ਬਸ ਏਨਾ ਹੀ। ਏਨਾ ਹੋ ਜਾਵੇ ਤੇ ਆਪਣੇ ਇਹ ਦੋ ਚਾਰ ਸਾਲ ਮਜ਼ੇ ਨਾਲ ਜੀਅ ਲਵਾਂ ਤੇ ਫੇਰ ਭਾਵੇਂ ਚੁੱਕਿਆ ਜਾਵਾਂ। ਹਸਰਤ ਨਹੀਂ ਰਹੇਗੀ ਫੇਰ ਕੋਈ ਮੈਨੂੰ।
ਮੁਸ਼ਕਿਲ ਇਹ ਏ ਕਿ ਮੈਂ ਆਪਣੇ ਆਪ ਨੂੰ ਚੁੱਕ ਕੇ ਉਮਰ ਦੀ ਕਿਸੇ ਪਹਿਲੀ ਥਾਂ ‘ਤੇ ਨਹੀਂ ਰੱਖ ਸਕਦਾ। ਬੰਦਾ ਹਾਂ। ਅਜੇ ਬੰਦਾ ਇਹ ਕੁਝ ਕਰਨ ਜੋਗਾ ਨਹੀਂ ਹੋਇਆ। ਵਿਗਿਆਨੀ ਇਸ ਕੰਮ ਲੱਗੇ ਤਾਂ ਹੋਏ ਨੇ, ਪਰ ਦੋ ਚਾਰ ਸਾਲਾਂ ਵਿਚ ਉਨ੍ਹਾਂ ਦੇ ਸਫਲ ਹੋ ਜਾਣ ਦੀ ਸੰਭਾਵਨਾ ਨਹੀਂ ਲਗਦੀ। ਅਜੇ ਤਾਂ ਇਹ ਰੱਬ ਹੀ ਕਰ ਸਕਦਾ ਏ, ਜੇ ਉਹ ਹੈ ਵੇ ਤਾਂ। ਕੀ ਫੇਰ ਜਾ ਕੇ ਰੱਬ ਦਾ ਬੂਹਾ ਖੜਕਾਵਾਂ?
ਝਾਕਾ ਆਉਂਦਾ ਏ। ਮੈਂ ਸਾਰੀ ਉਮਰ ਰੱਬ ਤੋਂ ਮੁਨਕਰ ਰਿਹਾਂ। ਹੁਣ ਉਸ ਦੇ ਕੋਲ ਅਰਜ਼ ਗੁਜ਼ਾਰਨ ਕਿਵੇਂ ਜਾਵਾਂ? ਮੈਨੂੰ ਧਿਕਾਰ ਦੇਵੇਗਾ ਉਹ। ਕਹੇਗਾ, ਉਹ ਭਾਈ ਜਮਾਂਦਰੂ ਨਾਸਤਕਾ, ਮੇਰੇ ਦੁਆਰੇ ਕੀ ਕਰਨ ਆਇਐਂ?
‘ਜ਼ਰੂਰ ਕਹਾਂਗਾ, ਕਿਉਂ ਨਾ ਕਹਾਂ?’ ਮੈਨੂੰ ਕਿਤੋਂ ਆਵਾਜ਼ ਆਈ। ਕੋਈ ਨੇੜਿਉਂ ਹੀ ਬੋਲਿਆ ਸੀ। ਮੈਂ ਪੁੱਛਿਆ, ਭਾਈ ਕੌਣ ਏਂ ਤੂੰ?
‘ਉਹੀਉ, ਜਿਹਦੇ ਦੁਆਰੇ ਆਇਐਂæææ।’
‘ਮੈਂ ਤਾਂ ਅਜੇ ਏਥੇ ਹਾਂ।’
‘ਮੇਰੇ ਦੁਆਰੇ ਆਉਣ ਲਈ ਉਥੇ ਹੋਣ ਦੀ ਲੋੜ ਨਹੀਂ। ਮੈਂ, ਏਥੇ ਓਥੇ, ਹਰ ਥਾਂ ਹਾਂ।’
‘ਕਿਥੋਂ ਬੋਲ ਰਿਹੈਂ?’
‘ਤੈਨੂੰ ਕੀ। ਕਿਤੋਂ ਵੀ ਬੋਲਾਂ। ਏਸ ਵੇਲੇ ਮੈਂ ਤੇਰੇ ਅੰਦਰੋਂ ਬੋਲ ਰਿਹਾਂ। ਇਹਨੂੰ ਛੱਡ। ਧਿਆਨ ਨਾਲ ਸੁਣ। ਤੂੰ ਜੋ ਚਾਹੁਨੈਂ, ਮੈਂ ਕਰ ਸਕਨਾਂ। ਚਾਹਵੇਂ ਤਾਂ ਤੈਨੂੰ ਫੇਰ ਪੰਜ ਵਰ੍ਹਿਆਂ ਦਾ ਕਰ ਦਿਆਂ, ਜਦੋਂ ਤੂੰ ਆਪਣੇ ਸ਼ਹਿਰ ਖਾਲਸਾ ਸਕੂਲ ਵਿਚ ਪਿਆ ਸੈਂ। ਰੇਸ਼ਮੀ ਰੁਮਾਲ ਬੰਨ੍ਹ ਕੇ ਗਿਆ ਸੀ ਨਾ ਸਿਰ ‘ਤੇ? ਚਾਹਵੇਂ ਤਾਂ ਤੈਨੂੰ ਪੰਦਰਾਂ ਵਰ੍ਹਿਆਂ ਦਾ ਕਰ ਦਿਆਂ, ਜਦੋਂ ਤੂੰ ਲਾਹੌਰ ਕਾਲਿਜ ਵਿਚ ਪਿਆ ਸੈਂ। ਓਥੇ, ਜਿਥੇ ਤੇਰੀ ਇਕ ਜਮਾਤਣ ਨੇ ਤੇਰਾ ਦਿਲ ਮੋਹ ਲਿਆ ਸੀ। ਨਾਂ ਦੱਸਾਂ ਉਹਦਾæææ? ਛੱਡੋ ਰਹਿਣ ਦੇਨੇ ਹਾਂ। ਚਾਹਵੇਂ ਤਾਂ ਤੈਨੂੰ ਚਵ੍ਹੀ ਵਰ੍ਹਿਆਂ ਦਾ ਕਰ ਦਿਆਂ, ਜਦੋਂ ਤੂੰ ਉਹ ਕੁੜੀ ਵੇਖੀ ਸੀ, ਜਿਹੜੀ ਤੇਰੀ ਪਤਨੀ ਬਣੀ। ਉਹਦੇ ਵਾਲ ਘੁੰਗਰਾਲੇ ਸਨ ਨਾ? ਦੋ ਗੁੱਤਾਂ ਕਰਦੀ ਸੀ। ਹੋਰ ਤਾਂ ਹੋਰ, ਤੈਨੂੰ ਮੈਂ ਛੱਤੀ ਵਰ੍ਹਿਆਂ ਦਾ ਵੀ ਕਰ ਸਕਨਾਂ ਜਦੋਂ ਤੂੰ ਮਾਸਕੋ ਸੈਂ, ਜਿਥੇ ਤੂੰ ਸਾਰਾ ਸਮਾਂ ਪਰਦੇਸੀ ਸੁੰਦਰੀਆਂ ਵਿਚ ਘਿਰਿਆ ਰਹਿੰਦਾ ਸੈਂ। ਓਸ ਤਿੱਖੇ ਨਕਸ਼ਾਂ ਵਾਲੀ ਰੂਸਣ ਉਤੇ ਤੇਰੀ ਖਾਸ ਨਜ਼ਰ ਹੁੰਦੀ ਸੀ, ਜਿਹੜੀ ਆਪਣੇ ਭੂਰੇ ਵਾਲ ਪਿੱਛੇ ਜੂੜੇ ‘ਚ ਬੰਨ੍ਹ ਕੇ ਰੱਖਦੀ ਸੀ। ਹੋਰ ਵੀ, ਜਿੰਨੇ ਦਾ ਵੀ ਚਾਹਵੇਂ, ਕਰ ਸਕਨਾਂ, ਪਰ ਬੰਦੇ ਦਿਆ ਪੁੱਤਰਾ, ਦੱਸ, ਮੈਂ ਕਰਾਂ ਤਾਂ ਕਿਉਂ ਕਰਾਂ? ਮੈਨੂੰ ਪਾਗਲ ਕੁੱਤੇ ਨੇ ਵੱਢਿਐ? ਤੂੰ ਤਾਂ ਮੈਨੂੰ ਕਦੀ ਮੰਨਿਆ ਵੀ ਨਹੀਂ। ਹੁਣ ਕਿਉਂ ਆਇਐਂ ਮੇਰੇ ਕੋਲ? ਕਿਉਂ ਨਹੀਂ ਜਾਂਦਾ ਆਪਣੇ ਮਾਰਕਸ ਤੇ ਏਂਗਲਜ਼ ਕੋਲ?’
ਮੈਂ ਬੋਲਣ ਜੋਗਾ ਨਾ ਰਿਹਾ। ਏਸ ਰੱਬ ਨੂੰ, ਜਾਂ ਜੋ ਵੀ ਉਹ ਹੈ ਸੀ, ਸਾਰੀਆਂ ਖਬਰਾਂ ਸਨ। ਉਹਦੇ ਕੋਲ ਮੇਰਾ ਪੂਰਾ ਰਿਕਾਰਡ ਸੀ। ਖੈਰ, ਮੈਂ ਜਵਾਬ ਦਿੱਤਾ ਉਹਨੂੰ। ਬੋਲਿਆ ਮੈਂ ਵੀ ਅੰਦਰ ਹੀ। ਜੇ ਉਹ ਮੇਰੇ ਅੰਦਰੋਂ ਬੋਲ ਰਿਹਾ ਸੀ, ਤਾਂ ਮੇਰੇ ਅੰਦਰੋਂ ਸੁਣ ਵੀ ਸਕਦਾ ਸੀ। ਮੈਂ ਕਿਉਂ ਐਵੇਂ ਮੂੰਹ ਪਿਆ ਟੱਡਾਂ ਆਪਣਾ। ਮੈਂ ਕਿਹਾ, ‘ਵੇਖ ਭਾਈ, ਜਾਣਾ ਤਾਂ ਮੈਂ ਉਨ੍ਹਾਂ ਕੋਲ ਹੀ ਚਾਹੁਨਾਂ, ਪਰ ਪਤਾ ਨਹੀਂ ਉਹ ਕਿਥੇ ਨੇ। ਜਾਣ ਨੂੰ ਤਾਂ ਮੈਂ ਆਪਣੇ ਲੈਨਿਨ ਕੋਲ ਵੀ ਜਾ ਸਕਨਾਂ। ਬੜਾ ਉਲਥਾਇਆ ਏ ਮੈਂ ਉਹਨੂੰ। ਬੜੇ ਲੰਮੇ ਲੰਮੇ ਵਾਕ ਲਿਖਦਾ ਸੀ। ਪੂਰੇ ਪੂਰੇ ਪੈਰੇ ਦੇ। ਉਹਦਾ ਟਿਕਾਣਾ ਵੀ ਮੈਨੂੰ ਪਤੈ, ਪਰ ਉਹ ਵਿਚਾਰਾ ਤਾਂ ਆਪ ਵੀ ਰੁਲ ਰਿਹੈ। ਏਸ ਵੇਲੇ ਜਾ ਕੇ ਕੀ ਪਾਵਾਂ ਫਰਮਾਇਸ਼ ਉਹਨੂੰ। ਮਾਰਕਸ ਕੋਲ ਤਾਂ ਮੈਂ ਇਕ ਵਾਰੀ ਸੰਨ ਸਤਾਹਠ ਵਿਚ ਗਿਆ ਵੀ ਸਾਂ। ਤੇਰੇ ਕੋਲ ਕਿਤੇ ਦਰਜ ਹੋਣੈਂ ਇਹ ਵੀ। ਉਥੇ ਹੋਰ ਵੀ ਲੋਕ ਸਨ। ਸ਼ਰਧਾ ਜਤਾ ਰਹੇ ਸਨ, ਕੁਝ ਮੰਗਣ ਨਹੀਂ ਸਨ ਆਏ। ਮਾਰਕਸ ਅੱਗੋਂ ਚੁੱਪ ਸੀ। ਕੂਅ ਨਹੀਂ ਸੀ ਰਿਹਾ। ਹੱਛਾ, ਜੇ ਮੈਂ ਹੁਣ ਚਲਾ ਵੀ ਜਾਵਾਂ ਫੇਰ ਉਹਦੇ ਕੋਲ ਤੇ ਜੇ ਉਹ ਕੂਅ ਵੀ ਪਿਆ ਤਾਂ ਮੈਨੂੰ ਪਤੈ, ਉਹ ਕੀ ਕਹੇਗਾ। ਉਹ ਕਹੇਗਾ, “ਭੋਲੇ ਪੰਛੀਆ, ਚੰਗਾ ਮਾਰਕਸਵਾਦੀ ਏਂ ਤੂੰ। ਤੈਨੂੰ ਏਨਾ ਵੀ ਯਾਦ ਨਹੀਂ ਕਿ ਮੈਂ ਤਾਂ ਸਿਰਫ ਨਕਸ਼ਾ ਨਵੀਸ ਸਾਂ। ਬਣਾਂਦਾ ਕੁਝ ਨਹੀਂ ਸਾਂ। ਨਾ ਸਮਾਜ ਨਾ ਬੰਦੇ।” ਨਾ ਭਾਈ, ਨਾ ਘੱਲ ਮੈਨੂੰ ਏਡੀ ਦੂਰ, ਏਸ ਉਮਰੇ। ਅੰਗਰੇਜ਼ ਏਨੀ ਛੇਤੀ ਵੀਜ਼ਾ ਵੀ ਨਹੀਂ ਦੇਂਦੇ। ਦੋ-ਦੋ ਹਫਤੇ ਪਾਸਪੋਰਟ ਰੱਖ ਲੈਂਦੇ ਨੇ। ਪੈਸੇ ਵੀ ਬੜੇ ਝਾੜਦੇ ਨੇ। ਜੇ ਤੂੰ ਕਰ ਸਕਨੈਂ ਤਾਂ ਆਪ ਹੀ ਕਰ ਦੇæææ।’
‘ਫੇਰ ਮੰਨੇਂਗਾ ਮੈਨੂੰ?’ ਉਹ ਫੇਰ ਮੇਰੇ ਅੰਦਰੋਂ ਬੋਲਿਆ। ਪਹਿਲਾਂ ਨਾਲੋਂ ਉਚੀ।
‘ਯਾਰ ਏਸ ਵੇਲੇ ਮੰਨਣ, ਨਾ ਮੰਨਣ ਦਾ ਝੇੜਾ ਨਾ ਪਾ।’
‘ਠੀਕ ਏ, ਪਰ ਮੇਰੀ ਇਕ ਮੁਸ਼ਕਿਲ ਏ’, ਉਹਨੇ ਆਵਾਜ਼ ਨੀਵੀਂ ਕਰ ਲਈ, ‘ਚਾਹ ਮੈਂ ਸਿਰਫ ਆਸਤਕਾਂ ਦੀ ਪੂਰੀ ਕਰ ਸਕਨਾਂ। ਨਾਸਤਕਾਂ ‘ਤੇ ਮੇਰਾ ਜਾਦੂ ਨਹੀਂ ਚਲਦਾ।’
‘ਚਲਾ ਯਾਰ, ਆਪਣਾ ਜਾਦੂ। ਕਰ ਵੇਖ ਕੋਸ਼ਿਸ਼। ਚਲ ਜਾਏਗਾ। ਮੇਰੇ ਮਾਪੇ ਤਾਂ ਆਸਤਕ ਸਨ। ਰੋਜ਼ ਸਵੇਰੇ ਤੈਨੂੰ ਮੱਥਾ ਟੇਕਦੇ ਸਨ।’
‘ਚਲ ਉਨ੍ਹਾਂ ਕਰ ਕੇ ਤੇਰੀ ਗੱਲ ਮੰਨੀ।’ ਰੱਬ ਪਸਮ ਪਿਆ। ‘ਦੱਸ ਕਿੰਨੀ ਕਰਾਂ ਤੇਰੀ ਉਮਰ? ਛੇਤੀ ਦੱਸ।’
‘ਇਕਦਮ ਨਹੀਂ ਦੱਸ ਸਕਦਾ। ਸੋਚ ਲੈਣ ਦੇ।’
‘ਚਲ ਸੋਚ ਲੈ, ਜਿੰਨਾ ਮਰਜ਼ੀ। ਫੇਰ ਆ ਜਾਈਂ ਮੇਰੇ ਕੋਲ। ਆਵਾਜ਼ ਦਈਂ ਆ ਕੇ। ਹੁਣ ਵਾਂਗੂ। ਹਾਂ, ਨਾਲੇ ਇਹ ਵੀ ਸੋਚ ਆਈਂ ਕਿ ਮੈਨੂੰ ਮੰਨੇਂਗਾ ਕਿ ਨਹੀਂ।’
‘ਪਾਤਸ਼ਾਹੋ, ਸੋਚਣ ਵਾਲੀ ਗੱਲ ਤਾਂ ਇਹ ਵੀ ਏ।’
‘ਜਾਹ ਫੇਰ ਸੋਚ ਆ ਸਭ ਕੁਝ ਜਾ ਕੇ।’
ਮੈਂ ਇਕਦਮ ਸੋਚਣ ਲੱਗ ਪਿਆ। ਕਈ ਦਿਨ ਤੇ ਕਈ ਰਾਤਾਂ ਸੋਚਦਾ ਰਿਹਾ। ਜਾਗਦਿਆਂ ਵੀ ਤੇ ਸੁੱਤਿਆਂ ਵੀ। ਸੋਚਣਾ ਸੌਖਾ ਕਰਨ ਲਈ ਮੈਂ ਉਮਰ ਨੂੰ ਦਹਾਕਿਆਂ ਵਿਚ ਵੰਡ ਲਿਆ।
ਪਹਿਲੋਂ ਸੋਚਿਆ, ਜੇ ਉਮਰ ਦਸ ਸਾਲਾਂ ਦੀ ਹੋ ਜਾਏ ਤਾਂ? ਦਿਲ ਨਾ ਮੰਨਿਆ। ਉਦੋਂ ਮੇਰਾ ਕੱਦ ਬੜਾ ਛੋਟਾ ਹੁੰਦਾ ਸੀ। ਸਿਰੋਂ ਨੰਗਾ ਤੇ ਪੈਰੋਂ ਵਾਹਣਾ ਘੁੰਮਦਾ ਸਾਂ। ਸਕੂਲੋਂ ਘੁਸਾਈਆਂ ਮਾਰਦਾ ਸਾਂ। ਹਾਂ, ਪਰ ਮੇਰਾ ਉਰਦੂ ਦਾ ਖਤ ਬੜਾ ਸੁਹਣਾ ਹੁੰਦਾ ਸੀ। ਦੂਜਿਆਂ ਦੀ ਇਸਲਾਹ ਕਰਦਾ ਸਾਂ, ਪਰ ਹੁਣ ਇਹ ਖੁਸ਼ਖਤੀ ਕਿਸ ਕੰਮ? ਕਾਤਿਬ ਬਣਨੈਂ? ਨਾਲੇ, ਅੱਜ ਕੱਲ੍ਹ ਉਰਦੂ ਨੂੰ ਕੌਣ ਪੁੱਛਦੈ? ਵਿਚਾਰੀ ਰਿਫਿਊਜਣ ਬਣੀ ਪਈ ਏ, ਆਪਣੇ ਹੀ ਵਤਨ ਵਿਚ। ਉਹੀਉ ਹਾਲ ਸੂ, ਜੋ ਸਾਡਾ ਏਧਰ ਪਾਕਿਸਤਾਨੋਂ ਆਉਣ ਵੇਲੇ ਹੁੰਦਾ ਸੀ। ਨਹੀਂ! ਛੱਡੋ। ਇਕ ਦਹਾਕਾ ਅੱਗੇ ਚੱਲੀਏ।
ਫੇਰ ਕੀ ਮੈਂ ਵੀਹ ਵਰ੍ਹਿਆਂ ਦਾ ਹੋਵਾਂ? ਮੈਂ ਸੋਚਣ ਲੱਗਾ। ਵੀਹ ਸਾਲ ਬੜੀ ਵਧੀਆ ਉਮਰ ਏ। ਰੁੱਤ ਬਸੰਤੀ, ਪਰ ਠਹਿਰੋ, ਮੇਰਾ ਵੀਹਵਾਂ ਵਰ੍ਹਾ ਤਾਂ ਮੁਰਝਾਇਆ ਹੋਇਆ ਸੀ। ਦੇਸ ਵੰਡਿਆ ਗਿਆ ਸੀ ਤੇ ਅਸੀਂ ਘਰ ਘਾਟ ਛੱਡ ਏਥੇ ਆਪਣੇ ਆਜ਼ਾਦ ਹਿੰਦੁਸਤਾਨ ਪਹੁੰਚੇ ਹੋਏ ਸਾਂ। ਰਿਫਿਊਜੀ ਸਾਂ। ਸ਼ਰਨਾਰਥੀ। ਸਾਨੂੰ ਇਹੋ ਸੱਦਦੇ ਸਨ ਉਦੋਂ। ਮੁਥਾਜ ਸਾਂ ਅਸੀਂ। ਨਿਆਸਰੇ। ਰਹਿਣ ਨੂੰ ਥਾਂ ਨਹੀਂ ਸੀ। ਰੁਜ਼ਗਾਰ ਨਹੀਂ ਸੀ। ਮੈਂ ਅੱਧਾ ਅਨਪੜ੍ਹ ਸਾਂ। ਪੜ੍ਹਾਈ ਪੂਰੀ ਨਹੀਂ ਸੀ ਹੋਈ। ਕਿਰਾਏ ਦਾ ਸਾਇਕਲ ਚਲਾਂਦਾ ਸਾਂ। ਟਿਊਸ਼ਨਾਂ ਕਰਦਾ ਸਾਂ। ਜੇ ਵੀਹਾਂ ਦਾ ਹੋ ਗਿਆ ਤਾਂ ਕੀ ਫੇਰ ਟਿਊਸ਼ਨਾਂ ਕਰਾਂਗਾ? ਕਾਰਾਂ ਨਹੀਂ ਰਹਿਣਗੀਆਂ? ਸਾਇਕਲ ਵਾਹਵਾਂਗਾ ਫੇਰ? ਦਿਲ ਨੇ ਇਹ ਸਾਲ ਵੀ ਰੱਦ ਕਰ ਦਿੱਤਾ। ਮਈ ਜੂਨ ਦੀ ਧੁੱਪ ਵਿਚ ਸਾਇਕਲ ਚਲਾਣਾ ਬੜਾ ਮੁਸ਼ਕਿਲ ਸੀ। ਮੇਰੀ ਸੂਈ ਆਪਮੁਹਾਰੇ ਟੱਪ ਕੇ ਤੀਹਵੇਂ ਸਾਲ ‘ਤੇ ਆਣ ਖਲੋਤੀ।
ਤੀਹਵਾਂ ਵਰ੍ਹਾ ਕਮਾਲ ਸੀ। ਜਵਾਨ ਸਾਂ। ਚੰਗੀ ਨੌਕਰੀ ਸੀ। ਮਰਜ਼ੀ ਦੀ ਸੁਹਣੀ ਕੁੜੀ ਨਾਲ ਵਿਆਹ ਹੋ ਚੁੱਕਾ ਸੀ, ਪਰ ਮਕਾਨ ਕਿਰਾਏ ਦਾ ਸੀ। ਅੱਧੀ ਤਨਖਾਹ ਉਹਦੇ ਲੇਖੇ ਲੱਗ ਜਾਂਦੀ ਸੀ। ਦਫਤਰ ਬਸ ‘ਤੇ ਜਾਂਦਾ ਸੀ, ਬੜੀ ਵਾਰੀ ਖਲੋ ਕੇ। ਜਾ ਕੇ ਕੰਮ ਬੜਾ ਕਰਨਾ ਪੈਂਦਾ ਸੀ। ਸਿਰਫ ਤਨਖਾਹ ਨਾਲ ਪੂਰੀ ਨਹੀਂ ਸੀ ਪੈਂਦੀ। ਸ਼ਾਮੀਂ ਘਰ ਆ ਤਰਜਮਾ ਕਰਦਾ ਸਾਂ। ਰੇਟ ਬੜਾ ਘੱਟ ਹੁੰਦਾ ਸੀ। ਬਹੁਤੇ ਪੈਸੇ ਨਹੀਂ ਸਨ ਮਿਲਦੇ। ਦਫਤਰ ਵਿਚ ਵੀ ਕੋਈ ਖਾਸ ਪੁਜ਼ੀਸ਼ਨ ਨਹੀਂ ਸੀ, ਪਰ ਜੇ ਮੇਰੀ ਕਿਸੇ ਗੱਲੋਂ ਇਹ ਨੌਕਰੀ ਛੁੱਟ ਜਾਂਦੀ ਤਾਂ ਮੈਨੂੰ ਹੋਰ ਕੋਈ ਨੌਕਰੀ ਨਾ ਮਿਲਦੀ। ਮੇਰੀ ਕੁਆਲੀਫੀਕੇਸ਼ਨ ਹੀ ਕੋਈ ਨਹੀਂ ਸੀ। ਨਿਉਂ ਕੇ ਰਹੀਦਾ ਸੀ। ਫੇਰ ਵੀ ਠੀਕ ਸੀ, ਪਰ ਇਹੋ ਜਿਹਾ ਕੁਝ ਨਹੀਂ ਸੀ ਕਿ ਉਹਦੀ ਤਾਂਘ ਹੋਵੇ। ਨਹੀਂ ਠੀਕ ਤੀਹ ਸਾਲ ਵੀ।
ਮੈਂ ਸੂਈ ਵੱਲ ਵੇਖਿਆ! ਉਹ ਹਿੱਲੀ ਤੇ ਚਾਲੀਵੇਂ ਵਰ੍ਹੇ ‘ਤੇ ਜਾ ਖਲੋਤੀ।
ਚਾਲੀਵਾਂ ਸਾਲ ਚਿਤਾਰ ਮੂੰਹ ਖਿੜ ਗਿਆ। ਲਿਸ਼ਕ ਪਿਆ। ਕਮਾਲ ਦੇ ਦਿਨ ਸਨ। ਮੈਨੂੰ ਮਾਸਕੋ ਆਇਆਂ ਦੂਜਾ ਸਾਲ ਸੀ। ਮਜ਼ੇ ਹੀ ਮਜ਼ੇ ਸਨ। ਚੰਗਾ ਫਲੈਟ ਸੀ। ਚੰਗਾ ਕੰਮ ਸੀ। ਚੰਗੀ ਕਮਾਈ ਸੀ। ਚੰਗੀ ਸਿਹਤ ਸੀ। ਸਾਰਾ ਦਿਨ ਭੱਜਾ ਫਿਰਦਾ ਸਾਂ। ਕਦੀ ਕੋਈ ਰੋਗ ਨਹੀਂ ਸੀ ਲੱਗਾ। ਇੰਗਲਿਸਤਾਨ ਦੀ ਸੈਰ ਕਰ ਆਇਆ ਸਾਂ। ਮਾਰਕਸ ਦੀ ਕਬਰ ‘ਤੇ ਉਦੋਂ ਹੀ ਗਿਆ ਸਾਂ। ਵੀæਆਈæਪੀæ ਸਾਂ ਓਥੋਂ ਦਾ। ਮਾਸਕੋ ਹਰ ਕੰਮ ਦੀ ਚੀਜ਼ ਖਰੀਦਣ ਲਈ ਲਾਈਨਾਂ ਲਗਦੀਆਂ ਸਨ। ਚੰਗੀਆਂ ਲੰਮੀਆਂ। ਲੋਕੀਂ ਆਪਣੀ ਵਾਰੀ ਰੱਖ ਏਧਰੋਂ ਓਧਰੋਂ ਵੀ ਹੋ ਆਉਂਦੇ ਸਨ, ਪਰ ਮੈਨੂੰ ਕਦੀ ਕਿਸੇ ਲਾਈਨ ‘ਚ ਨਾ ਲੱਗਣਾ ਪਿਆ। ਮੇਰੀ ਪੱਗ ਵੇਖ ਲੋਕ ਮੈਨੂੰ ਅੱਗੇ ਕਰ ਦੇਂਦੇ। ਕਹਿੰਦੇ ‘ਹਿੰਦੁਸਤਾਨੀ ਏ। ਜਾਣ ਦਿਓ।’ ਉਦੋਂ ਕਾਰ ਨਹੀਂ ਸਾਂ ਚਲਾਂਦਾ, ਪਰ ਹੇਠ ਹਮੇਸ਼ਾ ਟੈਕਸੀ ਹੁੰਦੀ ਸੀ। ਕਿਆ ਦਿਨ ਸਨ! ਪੁੱਛੋ ਨਾ।
‘ਠਹਿਰ ਭਾਈ!’ ਮੈਨੂੰ ਅੰਦਰੋਂ ਆਵਾਜ਼ ਆਈ। ਰੱਬ ਦੀ ਨਹੀਂ, ਮੇਰੀ ਆਪਣੀ। ‘ਇਹ ਦੱਸ, ਕੰਮ ਕਿੰਨਾ ਕੁ ਕਰਦਾ ਸੈਂ?’
ਹਾਂ, ਕੰਮ ਤਾਂ ਬੜਾ ਕਰਨਾ ਪੈਂਦਾ ਸੀ। ਸਵੇਰੇ ਛੇ ਵਜੇ ਤੋਂ ਹੀ ਲੱਗ ਜਾਈਦਾ ਸੀ। ਚਲ ਸੋ ਚਲ। ਜਦੋਂ ਵਿਹਲ ਹੋਵੇ, ਪੜ੍ਹਨ ਨੂੰ ਕੁਝ ਨਹੀਂ ਸੀ ਹੁੰਦਾ। ਉਥੇ ਅੰਗਰੇਜ਼ੀ ਦੀਆਂ ਕਿਤਾਬਾਂ ਤਾਂ ਕਿਤੋਂ ਲੱਭਦੀਆਂ ਹੀ ਨਹੀਂ ਸਨ। ਅਖਬਾਰਾਂ ਸਨ, ਪਰ ਰੂਸੀ ਵਿਚ। ਰੂਸੀ ਏਨੀ ਨਹੀਂ ਸੀ ਆਉਂਦੀ ਕਿ ਉਨ੍ਹਾਂ ਨੂੰ ਪੜ੍ਹ ਸਕਦਾ। ਜੇ ਆਉਂਦੀ ਵੀ ਹੁੰਦੀ ਤਾਂ ਵੀ ਨਾ ਪੜ੍ਹਦਾ। ਉਨ੍ਹਾਂ ਵਿਚ ਪੜ੍ਹਨ ਨੂੰ ਹੁੰਦਾ ਹੀ ਕੁਝ ਨਹੀਂ ਸੀ। ਸਭ ਕੁਝ ਬੇਹਾ। ਸਭ ਕੁਝ ਪੁਰਾਣਾ। ਲਗਦਾ ਸੀ, ਦੁਨੀਆਂ ਖਲੋ ਗਈ ਏ। ਉਹਦੇ ਵਿਚ ਕੁਝ ਹੋ ਹੀ ਨਹੀਂ ਸੀ ਰਿਹਾ। ਮੇਰਾ ਇਕ ਦੋਸਤ, ਮੇਰੇ ਨਾਲੋਂ ਵੀ ਪੱਕਾ ਤੇ ਪੁਰਾਣਾ ਪਾਰਟੀ-ਭਗਤ, ਕਿਹਾ ਕਰਦਾ ਸੀ ਕਿ ਇਹ ਜਿਹੜਾ ਪਰਾਵਦਾ ਏ-ਸਭ ਤੋਂ ਵੱਡਾ ਅਖਬਾਰ, ਭਾਵ ਸੱਚ- ਇਹਦੇ ਵਿਚ ‘ਸੱਚਾਈ’ ਨਹੀਂ ਹੁੰਦੀ ਤੇ ਇਹ ਜਿਹੜਾ ਇਜ਼ਵਸਤੀਆ ਏ-ਹੋਰ ਇਕ ਵੱਡਾ ਅਖਬਾਰ, ਭਾਵ ਖਬਰ-ਇਹਦੇ ਵਿਚ ਖਬਰ ਨਹੀਂ ਹੁੰਦੀ। ਟੀæਵੀæ ਹੈ ਸੀ, ਪਰ ਰੂਸੀ ਵਿਚ। ਕੋਈ ਕਿੰਨਾ ਕੁ ਚਿਰ ਬੈਠਾ ਮੂਰਤਾਂ ਵੇਖਦਾ ਰਹਿੰਦਾ। ਹਾਂ, ਇਕ ਅੰਗਰੇਜ਼ੀ ਅਖਬਾਰ ਮਿਲਦਾ ਸੀ। ਮਾਰਨਿੰਗ ਸਟਾਰ। ਬਰਤਾਨੀਆ ਦੀ ਕਮਿਊਨਿਸਟ ਪਾਰਟੀ ਦਾ ਰੋਜ਼ਾਨਾ ਸੀ। ਉਹ ਲੈ ਲੈਂਦਾ ਸਾਂ, ਜਦੋਂ ਕਦੀ ਦਿਸੇ। ਅੰਗਰੇਜ਼ੀ ਬੜੀ ਚੰਗੀ ਹੁੰਦੀ ਸੀ ਉਹਦੀ, ਪਰ ਵਿਚ ਖਬਰ ਕੋਈ ਨਹੀਂ ਸੀ ਹੁੰਦੀ ਮਤਲਬ ਦੀ। ਹੈ ਵੀ ਛੋਟਾ ਜਿਹਾ ਸੀ। ਪੰਜਾਬੀ ਬੋਲਣ, ਪੰਜਾਬੀ ਸੁਣਨ, ਪੰਜਾਬੀ ਪੜ੍ਹਨ ਨੂੰ ਤਰਸ ਜਾਈਦਾ ਸੀ। ਸਾਡੇ ਆਪਣੇ ਬੱਚੇ ਵੀ ਆਪੋ ਵਿਚ ਰੂਸੀ ਬੋਲਣ ਲੱਗ ਪਏ ਸਨ। ਨਹੀਂ ਯਾਰ, ਰਹਿਣ ਦੇ। ਉਦੋਂ ਵਾਲੀ ਉਮਰ ਨਹੀਂ ਚਾਹੀਦੀ। ਹੋਰ ਨਹੀਂ ਕਰਨੀ ਉਹੋ ਜਿਹੀ ਮਜ਼ਦੂਰੀ।
ਮੈਂ ਆਪਣੀ ਸੂਈ ਵੱਲ ਵੇਖਿਆ। ਉਹਨੇ ਪੂਰੇ ਦਹਾਕੇ ਦੀ ਛੜਾਪੀ ਮਾਰੀ ਤੇ ਪੰਜਾਹ ਵਰ੍ਹਿਆ ਵਾਲੀ ਥਾਂ ‘ਤੇ ਆਣ ਅਟਕੀ।
ਮੇਰੀ ਇਹ ਉਮਰ ਉਦੋਂ ਸੀ, ਜਦੋਂ ਸਾਨੂੰ ਮਾਸਕੋ ਤੋਂ ਮੁੜਿਆਂ ਕੋਈ ਦਸ ਸਾਲ ਹੋ ਚੁੱਕੇ ਸਨ। ਨੌਕਰੀ ਠੀਕ ਸੀ। ਘਰ ਠੀਕ ਸੀ। ਬੱਚੇ ਠੀਕ ਸਨ।
‘ਫੇਰ ਹੋ ਜਾਏ ਉਦੋਂ ਵਾਲੀ ਉਮਰ?’ ਮੈਨੂੰ ਫੇਰ ਮੇਰੀ ਹੀ ਆਵਾਜ਼ ਨੇ ਸਵਾਲ ਪਾਇਆ, ਆਪਣੇ ਅੰਦਰੋਂ।
‘ਠਹਿਰ, ਜ਼ਰਾ ਹੋਰ ਸੋਚ ਲਈਏ’, ਮੈਂ ਆਪਣੇ ਆਪ ਨੂੰ ਜਵਾਬ ਦਿੱਤਾ।
ਉਦੋਂ ਮਕਾਨ ਕਿਰਾਏ ਦਾ ਸੀ। ਮਾਲਕ ਮਕਾਨ ਨੇ ਸਾਡੇ ‘ਤੇ ਕੇਸ ਕੀਤਾ ਹੋਇਆ ਸੀ। ਹਰ ਦੂਜੇ ਮਹੀਨੇ ਤੀਸ ਹਜ਼ਾਰੀ ਕਚਹਿਰੀ ਜਾਣਾ ਪੈਂਦਾ ਸੀ। ਉਹ ਵੀ ਸਵੇਰੇ ਸਵੇਰੇ। ਬੜਾ ਖੱਜਲ ਹੋਈਦਾ ਸੀ। ਦਫਤਰ ਵੀ ਬੜਾ ਕੰਮ ਸੀ। ਮੁਕਦਾ ਨਹੀਂ ਸੀ। ਘਰ ਵੀ ਲਿਆਉਣਾ ਪੈਂਦਾ ਸੀ। ਵਹੁਟੀ ਦੁਖੀ ਸੀ। ਉਹਦੇ ਲਈ ਵਕਤ ਨਹੀਂ ਸੀ। ਬੱਚਿਆਂ ਦੀ ਪੜ੍ਹਾਈ ਵਿਚ ਕੋਈ ਮਦਦ ਨਹੀਂ ਸਾਂ ਕਰ ਸਕਦਾ। ਇਹ ਉਹੀਉਂ ਸਮਾਂ ਸੀ ਜਦੋਂ ਮੈਨੂੰ ਰਾਤ ਨੀਂਦਰ ਨਾ ਪੈਣ ਦੀ ਬਿਮਾਰੀ ਸ਼ੁਰੂ ਹੋਈ ਸੀ। ਅੱਧੀ ਅੱਧੀ ਰਾਤ ਤਕ ਜਾਗਦਾ ਰਹਿੰਦਾ ਸਾਂ। ਸਿਰ ‘ਚ ਕੋਈ ਭੰਬੀਰੀ ਭੌਂਦੀ ਰਹਿੰਦੀ ਸੀ। ਸਵੇਰੇ ਉਠ ਫੇਰ ਸਵਖਤੇ ਹੀ ਦਫਤਰ ਜਾਣਾ ਪੈਂਦਾ ਸੀ। ਉਥੇ ਵੀ, ਕੁਰਸੀ ‘ਤੇ ਬੈਠਾ ਬੈਠਾ ਸੌਂ ਜਾਂਦਾ ਸਾਂ। ਮੇਰੀ ਉਦੋਂ ਦੀ ਖਰਾਬ ਹੋਈ ਨੀਂਦਰ ਹੁਣ ਤਕ ਖਰਾਬ ਏ। ਇਹ ਨਹੀਂ ਸੀ ਵੇਲਾ, ਜਿਹਨੂੰ ਵਾਪਸ ਸੱਦਿਆ ਜਾਵੇ। ਜ਼ਿੰਦਗੀ ਦੇ ਜਿਹੜੇ ਦੋ-ਚਾਰ ਸਾਲ ਹੋਰ ਬਿਤਾਉਣੇ ਨੇ, ਉਹ ਉਨੀਂਦੇ ਝਾਗ ਕੇ ਕਿਉਂ ਬਿਤਾਵਾਂ? ਕਿਉਂ ਖੱਜਲ ਹੋਵਾਂ ਜਾ ਕੇ ਕਚਹਿਰੀਆਂ ਵਿਚ। ‘ਨਹੀਂ, ਨਹੀਂ!’ ਦਿਲ ਨੇ ਇਕਦਮ ਨਾਂਹ ਕਰ ਦਿੱਤੀ।
ਸੂਈ ਸੱਤਰਵੇਂ ਵਰ੍ਹੇ ‘ਤੇ ਲਿਆਉਣੀ ਪਈ।
ਅਸ਼ਕੇ! ਨਹੀਂ ਰੀਸਾਂ! ਕਿਆ ਉਮਰ ਸੀ ਉਹ ਮੇਰੀ! ਸੁਨਹਿਰੀ ਦਿਨ ਸਨ ਮੇਰੇ! ਵਾਰੇ ਨਿਆਰੇ ਸਨ। ਨਾਂ ਨੂੰ ਵਡੇਰਾ ਸਾਂ, ਪਰ ਮੇਰਾ ਸਭ ਕੁਝ ਠੀਕ ਸੀ। ਸਾਰੀਆਂ ਯੋਗਤਾਵਾਂ ਕਾਇਮ ਸਨ। ਸਾਰੀਆਂ! ਮੇਰਾ ਪੰਜਾਬੀ ਵਿਚ ਲਿਖਣ ਨੂੰ ਜੀਅ ਕਰ ਰਿਹਾ ਸੀ। ਸਿਰ ਵਿਚ ਪਹਿਲਾ ਨਾਵਲ ਮੰਡਰਾ ਰਿਹਾ ਸੀ। ਸੋਚ ਰਿਹਾ ਸਾਂ, ਅੰਗਰੇਜ਼ੀ ਵਿਚ ਲਿਖਾਂ ਕਿ ਪੰਜਾਬੀ ਵਿਚ। ਪੰਜਾਬੀ ਵਿਚ ਲਿਖਣਾ ਤਾਂ ਜੰਗਲ ਵਿਚ ਮੋਰ ਦੇ ਨਾਚ ਦੇ ਨਿਆਈਂ ਸੀ। ਕਿਨ੍ਹੇ ਵੇਖਿਆ? ਨਹੀਂ ਵੇਖਿਆ ਤਾਂ ਸਮਝੋ ਮੋਰ ਨਹੀਂ ਨੱਚਿਆ, ਪਰ ਲਿਖਣ ਲੱਗਾ ਮੈਂ ਅਖੀਰ ਪੰਜਾਬੀ ਵਿਚ ਹੀ। ਮੋਰ ਨੂੰ ਭੁੱਲ ਗਿਆ। ਲਿਖਦਾ ਹੌਲੀ ਹੌਲੀ ਸਾਂ। ਇਕੋ ਚੀਜ਼ ਕਈ ਵਾਰੀ ਲਿਖਣੀ ਪੈਂਦੀ ਸੀ। ਪੁੱਤਰ ਵਿਆਹਿਆ ਗਿਆ ਸੀ। ਆਪਣੇ ਪੈਰਾਂ ‘ਤੇ ਖੜ੍ਹਾ ਸੀ। ਮੇਰਾ ਭਾਰ ਲਹਿ ਗਿਆ ਸੀ। ਉਦੋਂ ਬੜਾ ਟੁਰਦਾ ਸਾਂ। ਟੁਰਨਾ ਚੰਗਾ ਲਗਦਾ ਸੀ। ਬੜੇ ਫੁਰਨੇ ਫੁਰਦੇ ਸਨ ਟੁਰਦਿਆਂ। ਜਦੋਂ ਧੀ ਕੋਲ ਸਾਇਪਰਸ ਜਾਂਦਾ ਤਾਂ, ਸਮੁੰਦਰ ਕੰਢੇ ਨੰਗੇ ਪੈਰੀਂ ਟੁਰਿਆ ਕਰਦਾ ਸਾਂ। ਏਥੇ ਦਿੱਲੀ ਮੇਰਾ ਨਵਾਂ ਘਰ ਬੜਾ ਉਚਾ ਸੀ। ਬੜੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ। ਸਮਝੋ ਕੁਤਬ ਮੀਨਾਰ ਸੀ ਕੋਈ। ਦਿਨ ਵਿਚ ਕਈ ਵਾਰੀ ਚੜ੍ਹਦਾ ਸਾਂ। ਬੜਾ ਦਮ ਸੀ। ਮੇਰੇ ਕੋਲ ਕਾਰ ਹੁੰਦੀ ਸੀ। ਮਾਰੂਤੀ। ਨੀਲੇ ਰੰਗ ਦੀ। ਪੂਰੀ ਜਾਪਾਨੀ। ਆਪ ਚਲਾਂਦਾ ਸਾਂ। ਉਡਦੀ ਜਾਂਦੀ ਸੀ। Ḕਹਵਾ ਮੇਂ ਉੜਤਾ ਜਾਏ, ਮੇਰਾ ਲਾਲ ਦੁਪੱਟਾ ਮਲਮਲ ਕਾ।Ḕ ਬਿਲਕੁਲ ਇਹ ਹਾਲ ਸੀ। ਬੜਾ ਮਜ਼ਾ ਆਉਂਦਾ ਸੀ।
‘ਸੱਚੀਂ?’ ਫੇਰ ਮੈਨੂੰ ਅੰਦਰੋਂ ਸਵਾਲ ਦਾਗਿਆ ਗਿਆ।
ਹਾਂ, ਯਾਰ ਪੈਟਰੋਲ ਪੁਆਣ ਵੇਲੇ ਸੋਚਣਾ ਪੈਂਦਾ ਸੀ। ਕਾਰ ਚੰਗੀ ਸੀ। ਤੇਲ ਬਹੁਤਾ ਨਹੀਂ ਸੀ ਪੀਂਦੀ, ਪਰ ਤਿਹ ਤਾਂ ਉਹਨੂੰ ਲਗਦੀ ਹੀ ਸੀ। ਉਹਨੂੰ ਤੇਲ ਪਿਲਾਣ ਵੇਲੇ ਸੋਚਣਾ ਪੈਂਦਾ ਸੀ। ਨੌਕਰੀ ਨਹੀਂ ਸੀ ਰਹੀ। ਰਿਟਾਇਰ ਹੋ ਗਿਆ ਸਾਂ। ਪੈਨਸ਼ਨ ਕੋਈ ਨਹੀਂ ਸੀ। ਖਰਚ ਪਹਿਲਾਂ ਵਰਗੇ ਹੀ ਸਨ। ਕੋਈ ਕੰਮ ਸ਼ੁਰੂ ਨਹੀਂ ਸਾਂ ਕਰ ਸਕਦਾ। ਉਹਦੇ ਲਈ ਪੂੰਜੀ ਚਾਹੀਦੀ ਸੀ, ਪਰ ਖਾਤਾ ਤਾਂ ਖਾਲੀ ਸੀ। ਪੈਸਾ ਮੈਂ ਕਦੀ ਸਾਂਭ ਕੇ ਨਹੀਂ ਸੀ ਰੱਖਿਆ। ਜਿੰਨਾ ਮਿਲਦਾ ਸੀ, ਉਡਾ ਛੱਡਦਾ ਸਾਂ। ਕਰਜ਼ਾ ਨਹੀਂ ਸੀ ਸਿਰ ‘ਤੇ ਕੋਈ, ਪਰ ਬੱਚਤ ਵੀ ਕੋਈ ਨਹੀਂ ਸੀ। ਸੱਚ ਪੁੱਛੋ ਤਾਂ ਉਹ ਮੇਰੇ ਡਾਢੀ ਚਿੰਤਾ ਦੇ ਦਿਨ ਸਨ। ਉਨੀਂਦੇ ਵਧ ਰਹੇ ਸਨ। ਸ਼ਾਇਦ ਮੈਂ ਨੀਂਦਰ ਦੀ ਗੋਲੀ ਖਾਣੀ ਉਦੋਂ ਹੀ ਸ਼ੁਰੂ ਕੀਤੀ ਸੀ। ‘ਜੇ ਇਹ ਕੁਝ ਸੀ ਤਾਂ ਕਿਉਂ ਹੋਵਾਂ ਫੇਰ ਸੱਤਰ ਸਾਲਾਂ ਦਾ? ਫੇਰ ਕਿਉਂ ਸਹੇੜ ਲਵਾਂ ਚਿੰਤਾ ਤੇ ਉਨੀਂਦੇ?’ ‘ਕਿਸ ਖੁਸ਼ੀ ਵਿਚ?’ ਮੈਨੂੰ ਅੰਦਰੋਂ ਹੁੱਝ ਪਈ।
ਮੇਰੀ ਸੂਈ ਡੋਲਣ ਲੱਗੀ ਤੇ ਉਥੇ ਹੀ ਖਲੋ ਗਈ। ਉਹਨੇ ਅਗਲੇ ਦਹਾਕੇ ਦੀ ਪੁਲਾਂਘ ਪੁੱਟਣੋਂ ਨਾਂਹ ਕਰ ਦਿੱਤੀ।
ਮੈਂ ਸੋਚੀਂ ਪੈ ਗਿਆ। ਹੁਣ ਕੀ ਕਰਾਂ? ਕੀ ਕਹਾਂ ਰੱਬ ਨੂੰ? ਮੇਰੇ ਲਈ ਉਹ ਆਪਣਾ ਜਾਦੂ ਵਰਤਣ ਨੂੰ ਤਿਆਰ ਏ, ਪਰ ਮੈਂ ਸੱਤਰ ਸਾਲਾਂ ਤਕ ਤਾਂ ਕਿਸੇ ਵੀ ਉਮਰ ਦਾ ਨਹੀਂ ਹੋਣਾ ਚਾਹੁੰਦਾ। ਫੇਰ ਕੀ ਕਹਾਂ ਸੂ, ਅੱਸੀਆਂ ਦਾ ਕਰ ਦੇਹ? ਬਸ ਏਨੀ ਕੁ ਸਹੂਲਤ ਲਈ ਆਪਣੀ ਸਾਰੀ ਉਮਰ ਦੀ ਨਾਸਤਕਤਾ ਦੀ ਬਲੀ ਚੜ੍ਹਾ ਦੇਵਾਂ? ਕੀ ਫਰਕ ਏ ਅੱਸੀ ਤੇ ਅਠਾਸੀ ਵਿਚ? ਮੈਨੂੰ ਤਕਲੀਫ ਕੀ ਏ ਹੁਣ? ਇਹੋ ਨਾ ਕਿ ਮਜ਼ਾ ਨਹੀਂ ਆ ਰਿਹਾ। ਇਹ ਵੀ ਕੋਈ ਕਾਰਨ ਏ? ਕੀ ਹੋਏ ਕਿ ਮਜ਼ਾ ਆਵੇ?
ਮੇਰੀ ਸਿਹਤ ਵਾਹ-ਵਾਹ ਏ। ਸ਼ਾਮੀ ਰੋਜ਼ ਸੈਰ ਕਰਦਾਂ। ਕੁਝ ਹੌਲੀ ਜ਼ਰੂਰ ਟੁਰਨਾਂ, ਪਰ ਪਾਰਕ ਵਿਚ ਮੇਰੇ ਨਾਲੋਂ ਵੀ ਹੌਲੀ ਟੁਰਨ ਵਾਲੇ ਨੇ। ਮੈਂ ਸੋਟੀ ਨਹੀਂ ਫੜੀ ਹੁੰਦੀ। ਕਈਆਂ ਨੇ ਫੜੀ ਹੁੰਦੀ ਏ। ਕਈ ਡੋਲਦੇ ਜਾਂਦੇ ਨੇ। ਕੁਝ ਨੇ ਕਿਸੇ ਦੀ ਬਾਂਹ ਫੜੀ ਹੁੰਦੀ ਏ। ਉਨ੍ਹਾਂ ਨਾਲੋਂ ਤਾਂ ਚੰਗਾਂ। ਓਨਾ ਟੁਰ ਲੈਨਾਂ, ਜਿੰਨੀ ਲੋੜ ਹੁੰਦੀ ਏ।
ਦਿਮਾਗ ਵੀ ਠੀਕ ਏ। ਕੰਮ ਕਰਦੈ। ਜੋ ਚਾਹਵਾਂ ਚਿਤਾਰ ਸਕਦਾਂ। ਕਲਪਨਾ ਦੇ ਖੰਭ ਅਜੇ ਨਹੀਂ ਝੜੇ। ਲਿਖਣ ਦੀਆਂ ਮੈਨੂੰ ਸਾਰੀਆਂ ਜੁਗਤਾਂ ਆ ਗਈਆਂ ਨੇ। ਨਾਵਲ ਨੂੰ, ਉਤੋਂ, ਵਿਚੋਂ, ਕਿਤੋਂ ਵੀ ਸ਼ੁਰੂ ਕਰ ਸਕਦਾ ਹਾਂ। ਅੱਗਲ ਪਿੱਛਲ ਝਾਤਾਂ ਮਾਰ ਸਕਦਾ ਹਾਂ। ਹੋਰ ਵੀ ਜਿਥੋਂ ਚਾਹਵਾਂ। ਘੱਟ ਉਮਰ ਵੇਲੇ ਮੈਨੂੰ ਇਹ ਵੱਲ ਨਹੀਂ ਸਨ ਆਉਂਦੇ। ਜਿਵੇਂ ਰੱਬ ਦਾ ਬੰਦੇ ਘੜ ਸਕਣ ਦਾ ਦਾਅਵਾ ਏ, ਮੈਂ ਪਾਤਰ ਘੜ ਸਕਦਾ ਹਾਂ। ਅਸਲੀ ਨਾਲੋਂ ਵੀ ਅਸਲੀ। ਪਾਤਰ ਵੀ ਤਾਂ ਬੰਦੇ ਹੀ ਹੁੰਦੇ ਨੇ।
ਮਜ਼ੇ ਦੀ ਗੱਲ ਕਰਦੈਂ? ਹੁਣ ਜੋ ਕੋਈ ਚੰਗੀ ਲਿਖਤ ਪੜ੍ਹ ਕੇ ਮਜ਼ਾ ਆਉਂਦੈ, ਪਹਿਲੋਂ ਕਦੀ ਨਹੀਂ ਸੀ ਆਇਆ। ਹੁਣ ਜੇ ਕੋਈ ਨਾਵਲ ਪੜ੍ਹਨਾਂ ਤਾਂ ਇੰਜ ਸਮਝ ਆਉਂਦੈ, ਜਿਵੇਂ ਲਿਖਣ ਵਾਲਾ ਮੇਰੇ ਕੋਲ ਬੈਠਾ ਹੋਵੇ ਤੇ ਮੈਥੋਂ ਪੁੱਛ-ਪੁੱਛ ਲਿਖ ਰਿਹਾ ਹੋਵੇ। ਮੈਂ ਪਿੱਛੇ ਜਿਹੇ ਤਾਲਸਤਾਏ ਦਾ ਨਾਵਲ ‘ਅਨਾ ਕਰੇਨੀਨਾ’ ਪੜ੍ਹਿਆ, ਥੋੜ੍ਹਾ ਥੋੜ੍ਹਾ ਕਰ ਕੇ। ਇਹ ਨਾਵਲ ਪਹਿਲੋਂ ਮੈਂ ਸੰਨ ਅਠਾਹਠ ਵਿਚ ਪੜ੍ਹਿਆ ਸੀ, ਸਫੇ ਉਥੱਲ ਉਥੱਲ ਕੇ। ਚਲਦਾ ਹੀ ਨਹੀਂ ਸੀ। ਹੁਣ ਪੜ੍ਹ ਕੇ ਜੋ ਮਜ਼ਾ ਆਇਐ, ਉਹ ਚੰਗੀ ਵਿਸਕੀ ਜਾਂ ਵੋਦਕਾ ਜਾਂ ਵਾਈਨ ਪੀ ਕੇ ਵੀ ਨਹੀਂ ਆਉਂਦਾ। ਹੁਣ ਤਾਂ ਲਗਦੈ, ਮੈਂ ਤਾਲਸਤਾਏ ਕੋਲ ਬੈਠਾ ਹੋਵਾਂ ਤੇ ਉਹ ਮੇਰੀ ਸਲਾਹ ਨਾਲ ਲਿਖ ਰਿਹਾ ਹੋਵੇ। ਹੁਣ ਮੈਂ ਉਹਨੂੰ ਕਹਿ ਸਕਦਾਂ, ਇਹ ਜਿਹੜਾ ਵਿਚ ਤੂੰ ਛੋਟਾ ਪਲਾਟ ਸ਼ੁਰੂ ਕਰ ਦਿੱਤੈ, ਇਹਨੂੰ ਰਹਿਣ ਦੇ। ਇਸ ਪਲਾਟ ਵਾਲਾ ਭਾਵੇਂ ਪੂਰਾ ਨਾਵਲ ਲਿਖ ਦੇਹ। ਛੋਟੇ ਹੁੰਦਿਆਂ ਕੀ ਮੈਂ ਤਾਲਸਤਾਏ ਸਾਹਮਣੇ ਮੂੰਹ ਖੋਲ੍ਹ ਸਕਦਾ ਸਾਂ?
ਹੁਣ ਮੈਂ ਹੋਰ ਸਭ ਕੁਝ ਵੀ ਕਰ ਸਕਦਾਂ। ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਫੋਨ ਕਰ ਸਕਦਾਂ। ਬੜਾ ਨਿੱਘ ਏ ਅਜੇ ਵੀ ਉਨ੍ਹਾਂ ਦੀ ਆਵਾਜ਼ ਵਿਚ। ਉਹਦੇ ਕੰਨੀਂ ਪੈਂਦਿਆਂ ਹੀ ਮਨ ਵਿਚ ਉਨ੍ਹਾਂ ਦੀ ਸ਼ਕਲ ਸੂਰਤ ਉਵੇਂ ਹੀ ਉਘੜ ਪੈਂਦੀ ਏ, ਜਿਵੇਂ ਉਹ ਪਹਿਲੀਆਂ ਮੁਲਾਕਾਤਾਂ ਵੇਲੇ ਹੁੰਦੀ ਸੀ। ਅਜੇ ਵੀ ਕਹਿੰਦੀਆਂ ਨੇ, ਮਿਲਿਆ ਕਰ।
ਵੱਡੀ ਗੱਲ ਏ ਕਿ ਪੈਸੇ ਦੀ ਚਿੰਤਾ ਕੋਈ ਨਹੀਂ। ਕਾਰ ‘ਚ ਪੈਟਰੋਲ ਪੁਆਣ ਵੇਲੇ ਸੋਚਣਾ ਨਹੀਂ ਪੈਂਦਾ। ਹੁਣ ਕੋਲ ਕਾਰਾਂ ਵੀ ਬਹੁਤਾ ਤੇਲ ਪੀਣ ਵਾਲੀਆਂ ਨੇ। ਡਰਾਈਵਰ ਵੀ ਹੈ। ਕੋਈ ਤੋਟ ਮਹਿਸੂਸ ਨਹੀਂ ਹੁੰਦੀ। ਪੈਸਾ ਵਧਿਆ ਨਹੀਂ, ਪਰ ਲੋੜਾਂ ਘਟ ਗਈਆਂ ਨੇ। ਉਹ ਵਧ ਗਿਆ ਲਗਦੈ। ਕਮਾਲ ਏ! ਪੈਸਾ ਵਧਾਣ ਦਾ ਏਡਾ ਸੌਖਾ ਤਰੀਕਾ ਛੋਟੇ ਹੁੰਦਿਆਂ ਤਾਂ ਕਦੀ ਸੁੱਝਿਆ ਨਹੀਂ ਸੀ।
‘ਫੇਰ ਭਾਈ ਕੀ ਏ ਕਸਰ?’ ਮੈਂ ਆਪਣੇ ਆਪ ਨੂੰ ਪੁੱਛਿਆ।
ਬਸ ਇਕ ਅੱਧ ਯੋਗਤਾ ਨਹੀਂ ਰਹੀ। ਇਕ ਖਾਸ ਯੋਗਤਾ ਵੀ। ਤਾਂ ਕੀ ਹੋਇਆ! ਕੋਈ ਨਾ ਕੋਈ ਯੋਗਤਾ ਤਾਂ ਹਰ ਉਮਰ ਵਿਚ ਨਹੀਂ ਹੁੰਦੀ। ਕੀ ਮੈਂ ਵੀਹ ਸਾਲ ਵੇਲੇ Ḕਲਾਲ ਦੁਪੱਟਾ ਮਲਮਲ ਕਾḔ ਉਡਾ ਸਕਦਾ ਸਾਂ? ਮਤਲਬ ਏ, ਕਾਰ ਚਲਾ ਸਕਦਾ ਸਾਂ? ਨਹੀਂ। ਪਹਿਲੋਂ ਤਾਂ ਕਾਰ ਹੁੰਦੀ ਹੀ ਨਹੀਂ ਸੀ। ਲਾਹੌਰ ਕਦੀ ਇਕ ਅੱਧ ਮਾਲ ਰੋਡ ‘ਤੇ ਨਜ਼ਰ ਆ ਜਾਂਦੀ ਸੀ। ਕੀ ਤੀਹ ਸਾਲ ਦੀ ਉਮਰ ਵਿਚ ਮੈਂ ਹਵਾਈ ਜਹਾਜ਼ੇ ਚੜ੍ਹ ਸਕਦਾ ਸਾਂ? ਨਹੀਂ। ਚੜ੍ਹਨ ਦੀ ਲੋੜ ਹੀ ਨਹੀਂ ਸੀ। ਜਿਥੇ ਵੀ ਜਾਣਾ ਹੁੰਦਾ, ਰੇਲ ਗੱਡੀ ‘ਤੇ ਜਾਈਦਾ ਸੀ। ਉਸ ਉਮਰੇ ਏਡੀਆਂ ਕਾਹਲਾਂ ਕਿਥੇ ਹੁੰਦੀਆਂ ਸਨ। ‘ਜੇ ਇਹ ਗੱਲ ਏ ਤਾਂ ਫੇਰ ਝੂਰੇਂ ਕਿਉਂ? ਹਰ ਯੋਗਤਾ ਤਾਂ ਸਿਰਫ ਰੱਬ ਕੋਲ ਹੋ ਸਕਦੀ ਏ, ਜਿਹਨੂੰ ਤੂੰ ਅਜੇ ਤਕ ਨਹੀਂ ਮੰਨਦਾ। ਜੇ ਹੋਂਦ ਹੀ ਨਾ ਹੋਵੇ ਤਾਂ ਯੋਗਤਾ ਕਿਸ ਕੰਮ? ਹੋਵੇ ਵੀ ਕਿੱਥੋਂ।’
ਮੈਨੂੰ ਫੇਰ ਅੰਦਰੋਂ ਸਵਾਲ ਪਿਆ, ‘ਫੇਰ ਯਾਰ, ਮਜ਼ੇ ਦਾ ਕੀ ਕਰੀਏ?’
‘ਕਰਨਾ ਕੀ ਏ। ਮਜ਼ੇ ਲਈ ਜਾਹ। ਮਜ਼ੇ ਹੀ ਮਜ਼ੇ ਨੇ। ‘ਅਨਾ ਕਰੇਨੀਨਾ’ ਪੜ੍ਹਿਆ ਈ ਤਾਂ ਤਾਲਸਤਾਏ ਦਾ ‘ਜੰਗ ਤੇ ਅਮਨ’ ਵੀ ਪੜ੍ਹ ਲੈ। ਇਹ ਉਹਦੇ ਨਾਲੋਂ ਵੀ ਵੱਡੈ। ਤਾਲਸਤਾਏ ਨੇ ਉਹਨੂੰ ਦਸ ਪੰਦਰਾਂ ਸਾਲ ਲਾ ਕੇ ਲਿਖਿਆ ਸੀ। ਹੋਰ ਨਾਵਲ ਲਿਖ ਲੈ। ਜਿਥੋਂ ਚਾਹੇਂ, ਉਥੋਂ ਸ਼ੁਰੂ ਕਰ ਲੈ। ਹਰ ਹਫਤੇ ਕਿਸੇ ਸਹੇਲੀ ਨੂੰ ਫੋਨ ਕਰ ਲੈ। ਜੇ ਕਹੇ, ਮਿਲੋ ਤਾਂ ਮਿਲ ਵੀ ਲੈ। ਹੁਣ ਤਾਂ ਬੀਵੀ ਨੂੰ ਵੀ ਇਤਰਾਜ਼ ਨਹੀਂ ਹੋਣਾ। ਚੋਰੀ ਮਿਲਣ ਦੀ ਲੋੜ ਨਹੀਂ। ਆਪਣੀ ਸ਼ਕਲ ਦੀ ਪਰਵਾਹ ਨਾ ਕਰ। ਜੇ ਤੂੰ ਢਲ ਗਿਐਂ ਤਾਂ ਉਹ ਵੀ ਢਲ ਗਈ ਹੋਵੇਗੀ। ਜ਼ਰਾ ਸੋਚ, ਹੋਰ ਵੀ ਬੜਾ ਕੁਝ ਹੋ ਸਕਦੈ। ਮਜ਼ੇ ਹੀ ਮਜ਼ੇ ਨੇ। ਲੈਣ ਵਾਲਾ ਬਣ।’
‘ਫੇਰ ਯਾਰ, ਏਸ ਰੱਬ ਨੂੰ ਕੀ ਕਹੀਏ?’
‘ਕਹਿ ਦੇ, ਜਿਥੇ ਹਾਂ, ਉਥੇ ਹੀ ਰਹਿਣ ਦੇ। ਨਹੀਂ ਲੋੜ ਤੇਰੇ ਕਿਸੇ ਜਾਦੂ ਦੀ। ਜਾਹ ਮੈਂ ਨਹੀਂ ਮੰਨਦਾ ਤੈਨੂੰ।’
ਮੇਰੇ ਮਨ ਦੀ ਆਵਾਜ਼ ਉਚੀ ਹੋ ਮੇਰੇ ਬੁੱਲ੍ਹਾਂ ‘ਤੇ ਆ ਗਈ:
‘ਨਹੀਂ ਭਾਈ, ਮੈਨੂੰ ਕੋਈ ਹਸਰਤ ਨਹੀਂ।’ ਮੈਂ ਰੱਬ ਨੂੰ ਆਵਾਜ਼ ਦਿੱਤੀ। ‘ਬਹਾਦਰ ਸ਼ਾਹ ਜ਼ਫਰ ਦਾ ਸ਼ਿਅਰ ਸੁਣ ਲੈ। ਉਹੀਉ ਹਸਰਤਾਂ ਵਾਲਾ। ਉਰਦੂ ‘ਚ ਏ। ਸਮਝ ਜਾਏਂਗਾ ਨਾ? ਯਾਰ, ਤੈਨੂੰ ਤਾਂ ਸਾਰੀਆਂ ਸਮਝਾਂ ਨੇ। ਤੈਨੂੰ ਤਾਂ ਦੁਨੀਆਂ ਦੀਆਂ ਸਾਰੀਆਂ ਜ਼ੁਬਾਨਾਂ ਆਉਂਦੀਆਂ ਹੋਣਗੀਆਂ। ਸਾਰੀਆਂ ਦੀਆਂ ਸਾਰੀਆਂ ਸਾਢੇ ਛੇ ਹਜ਼ਾਰ। ਇਹ ਵੀ ਪਤਾ ਹੋਏਗਾ ਕਿ ਬਹਾਦਰ ਸ਼ਾਹ ਜ਼ਫਰ ਹਿੰਦੁਸਤਾਨ ਦਾ ਆਖਰੀ ਬਾਦਸ਼ਾਹ ਸੀ। ਤੈਨੂੰ ਤਾਂ ਯਾਰ, ਉਹਦੀ ਬੇਗਮ ਦਾ ਨਾਂ ਵੀ ਆਉਂਦਾ ਹੋਵੇਗਾ। ਸੁਣ ਫੇਰ:
“ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇਂ
ਇਤਨੀ ਜਗ੍ਹੇ ਕਹਾਂ ਹੈ ਦਿਲੇ ਦਾਗਦਾਰ ਮੇਂ।”
‘ਭਾਈ ਮੇਰਾ ਦਿਲ ਤਾਂ ਹੁਣ ਬਹਾਦਰ ਸ਼ਾਹ ਜ਼ਫਰ ਨਾਲੋਂ ਵੀ ਸੌੜਾ ਏ। ਕਿਸੇ ਹਸਰਤ ਲਈ ਵੀ ਥਾਂ ਨਹੀਂ।’
ਅੱਗੋਂ ਕੋਈ ਹੂੰ-ਹਾਂ ਨਾ ਹੋਈ। ਰੱਬ ਨੇ ਸੁਣ ਤਾਂ ਲਿਆ ਹੀ ਹੋਣੈਂ। ਉਹ ਤਾਂ ਪੂਰਾ ਸੁਣਨਹਾਰ ਏ। ਅਣ-ਕਿਹਾ ਵੀ ਸੁਣ ਲੈਂਦੈ।