ਮਾਣੀਆਂ ਕੋਠੀ ਤੇ ਕੈਨੇਡਾ ਵਿਚ ਦੋ ਅਨੰਦ ਵਾਦੀਆਂ

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ।

ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ। ਇਸ ਲੇਖ ਲੜੀ ਵਿਚ ਉਨ੍ਹਾਂ ਕੋਠੀ ਲੱਗੇ ਬਜ਼ੁਰਗਾਂ ਦੀ ਪੀੜਾ ਦੀ ਸਾਰ ਲਈ ਹੈ। ਇਹ ‘ਕੋਠੀ ਲੱਗੇ’ ਬਜ਼ੁਰਗ ਜਦੋਂ ਕਿਸੇ ਪਾਰਕ ਵਿਚ ‘ਕੱਠੇ ਹੁੰਦੇ ਹਨ ਤਾਂ ਆਪੋ ਵਿਚ ਦੁਖੜੇ ਫੋਲਦੇ ਹਨ। ਹਥਲੇ ਲੇਖ ਵਿਚ ਪ੍ਰਿੰæ ਬਾਜਵਾ ਨੇ ਆਪਣਾ ਜੀਵਨ ਸਫਰ ਬਿਆਨਿਆ ਹੈ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਜਮੀਨ ਜਾਇਦਾਦ ਸੰਭਾਲਣ ਲਈ ਸ਼ਰੀਕੇ ਕਬੀਲੇ ਨਾਲ ਸਿੱਝਣਾ ਪਿਆ। ਫਿਰ ਵੀ ਉਨ੍ਹਾਂ ਨੂੰ ਤਸੱਲੀ ਹੈ ਕਿ ਉਨ੍ਹਾਂ ਪਾਸ ਕੋਠੀ ਹੈ ਜਿਥੇ ਉਹ ਜਦੋਂ ਚਾਹੁਣ ਜਾ ਕੇ ਰਹਿ ਸਕਦੇ ਹਨ। -ਸੰਪਾਦਕ

ਪ੍ਰਿੰæ ਬਲਕਾਰ ਸਿੰਘ ਬਾਜਵਾ
ਫੋਨ: 647-402-2170

‘ਕੋਠੀ ਦੇ ਪ੍ਰਭੂਸੱਤਾ ਮਾਹੌਲ ‘ਚ ਸਹਿਜ ਜੀਵਨ ਚੱਲ ਰਿਹਾ ਸੀ। ਰਾਜਗੁਰੂ ਨੇੜਲੇ ਦੋਹਾਂ ਪਲਾਟਾਂ ਦੀ ਚਾਰਦੀਵਾਰੀ ਤੇ ਇੱਕ ਕਮਰਾ ਬਣਾਇਆ ਹੋਇਆ ਸੀ। ਇੱਕ ਦਿਨ ‘ਪਾਲਾ’ ਮਿਲਣ ਆ ਗਿਆ। ਪੁਰਾਣਾ ਜਿਹਾ ਸਾਈਕਲ, ਪਿੱਛੇ ਦੁੱਧ ਵਾਲੇ ਢੋਲ ਲਟਕੇ ਹੋਏ। ਢਿੱਲ੍ਹੀ ਜਿਹੀ ਪੱਗ, ਲੰਬਾ ਕੁੜਤਾ ਤੇ ਚਾਦਰਾ, ਪੈਰੀਂ ਟੁੱਟੀ ਜਿਹੀ ਜੁੱਤੀ। ਛੇ ਫੁੱਟ ਕੱਦ। ਰਿਸ਼ਤੇ ‘ਚੋਂ ਪਾਲਾ ਮੇਰੀ ਭੈਣ ਦਾ ਜੇਠ ਲੱਗਦਾ ਸੀ। ਮੁਕਤਸਰ ਵਿਚ ਉਹਦਾ ਪਿੰਡ ਸੀ ਜੋ ਸੇਮ ਦੀ ਮਾਰ ਹੇਠ ਸੀ। ਉਹਦੇ ਦੋ ਮੁੰਡੇ ਤੇ ਪੋਲੀਓ ਕਾਰਨ ਅਪਾਹਜ ਹੋਈ ਇੱਕ ਵੱਡੀ ਕੁੜੀ ਸੀ। ਉਹਦੇ ਸਾਲੇ ਲੁਧਿਆਣੇ ਸਨ। ਉਥੋਂ ਡੇਰਾ ਡੰਡਾ ਚੁੱਕ ਭਾਈ ਰਣਧੀਰ ਸਿੰਘ ਨਗਰ ਲਾਗੇ ਪਿੰਡ ਸਨੇਤ ਵਿਚ ਇੱਕ ਘਰ ‘ਚ ਡੇਅਰੀ ਆ ਚਲਾਈ। ਬੱਚੇ ਸਕੂਲ ਪੜ੍ਹਦੇ ਸਨ। ਹਰ ਗੱਲ ਨਾਲ ‘ਮਾਮਾ ਜੀ, ਮਾਮਾ ਜੀ’ ਕਰਦਾ। ਕਹਿੰਦਾ, “ਮਾਮਾ ਜੀ, ਮੈਨੂੰ ਆਪਣੇ ਖਾਲੀ ਪਏ ਪਲਾਟ ‘ਚ ਦੋ ਕੁ ਸਾਲ ਰਹਿਣ ਦੀ ਆਗਿਆ ਦੇ ਦਿਉ। ਮੇਰੇ ਕੋਲੋਂ ਸਨੇਤ ਵਾਲਾ ਘਰ ਖਾਲੀ ਕਰਵਾ ਲਿਆ ਮਾਲਕਾਂ ਨੇ। ਬੱਚਿਆਂ ਦੀ ਪੜ੍ਹਾਈ ਖਾਤਰ ਇਥੇ ਆਇਆਂ। ਉਦੋਂ ਤਾਈਂ ਮੈਂ ਆਪਣਾ ਪੱਕਾ ਟਿਕਾਣਾ ਕਿਤੇ ਬਣਾ ਲਊਂ।”
ਮੈਨੂੰ ਤਰਸ ਆ ਗਿਆ। ਕਿਸੇ ਨਾਲ ਸਲਾਹ ਨਾ ਕੀਤੀ। ਇਜਾਜ਼ਤ ਦੇ ਦਿੱਤੀ। ਪਤਨੀ ਨੇ ਜ਼ਰੂਰ ਕਹਿ ਦਿੱਤਾ, “ਪਾਲਿਆ ਜਿਸ ਰੰਗ ‘ਚ ਲੈਣ ਲੱਗੈਂ, ਓਸੇ ਰੰਗ ‘ਚ ਛੱਡ ਦਈਂ!” ਤਿੰਨ ਕੁ ਸਾਲਾਂ ਬਾਅਦ ਉਹਨੂੰ ਕਿਹਾ, “ਪਾਲਿਆ! ਭਾਈ ਪਲਾਟ ਖਾਲੀ ਕਰ ਦੇਹ।” ਕਹਿੰਦਾ, “ਮਾਮਾ ਜੀ, ਮੈਂ ਕਿੱਥੇ ਜਾਵਾਂ?” ਅਨਪੜ੍ਹ ਰਿੱਛ ਜਿਹਾ ਬੂਝੜ ਜੱਟ ਆਨਾ ਕਾਨੀ ਕਰਨ ਲੱਗਾ। ਮੈਂ ਆਪਣੇ ਪਰਿਵਾਰਾਂ ਸਾਹਮਣੇ ਬੁੱਧੂ ਬਣ ਗਿਆ। ਮੈਨੂੰ ਵੀ ਕਨਸੋਆਂ ਮਿਲਣ ਲੱਗੀਆਂ। ਉਹ ਆਪਣੇ ਪ੍ਰਾਪਰਟੀ ਡੀਲਰ ਸਾਲੇ ਦੀ ਗੁੱਝੀ ਸਕੀਮ ਵਿਚ ਹੀ ਮੇਰੇ ਕੋਲੋਂ ਪਲਾਟ ‘ਚ ਬਹਿਣ ਦੀ ਇਜਾਜ਼ਤ ਲੈਣ ਆਇਆ ਸੀ।
ਬੱਸ ਫਿਰ ਕੀ ਸੀ, ਭਾਜੜਾਂ ਪੈ ਗਈਆਂ। ਚਾਰਾਜੋਈਆਂ ਅਰੰਭੀਆਂ। ਖੜਕੇ ਦੜਕੇ ਵਾਲੇ ਯਾਰਾਂ ਨਾਲ ਗੱਲ ਕੀਤੀ ਕਿ ਮੇਰੀ ਝੋਲੀ ‘ਚ ਕੁਝ ਪਾਓ ਤੇ ਕਬਜਾ ਛੁਡਾ ਲਓ। ਛਿੱਤਰ ਮਾਰੋ ਇਹਨੂੰ! ਮੰਦੇ ਦੇ ਦਿਨ ਸਨ। ਕੋਈ ਮੰਨਿਆ ਨਾ। ਅਸਲ ਵਿਚ ਉਹ ਪਹਿਲਾਂ ਸਨੇਤ ਵਾਲਾ ਪਲਾਟ ਵੀ ਦੱਬਣ ਲੱਗਾ ਸੀ। ਪਰ ਡਾਂਗਾਂ, ਛਿੱਤਰ ਖਾ ਕੇ ਨਿਕਲਿਆ ਸੀ। ਆਖਿਰ ਪੁਲਿਸ ਤੇ ਭਾਈਚਾਰਕ ਦਬਾਅ ਹੇਠ ਉਸ ਨੂੰ ਇੱਕ ਪਲਾਟ ਨੌਂ ਕੁ ਲੱਖ ‘ਚ ਛੱਡਣਾ ਪਿਆ। ਦੂਜਾ ਖਾਲੀ ਕਰਾ ਲਿਆ। ਏਦਾਂ ਉਸ ਬਿੱਝ ਤੋਂ ਖਹਿੜਾ ਛੁੱਟਿਆ। ਖਾਲੀ ਕਰਾਇਆ ਪਲਾਟ ਪਿੱਛੋਂ 2010 ਵਿਚ 65 ਲੱਖ ਦਾ ਵਿਕਿਆ। ਪੈਸੇ ਪਰਿਵਾਰ ਵਿਚ ਤਿੰਨ ਥਾਂਈਂ ਵੰਡ ਦਿੱਤੇ। ਏਦਾਂ ਉਸ ਜਾਇਦਾਦ ਦੀ ਜ਼ਿੰਮੇਵਾਰੀ ਅਤੇ ਬੋਝ ਤੋਂ ਸੁਰਖਰੂ ਹੋਇਆ।
ਪਿੰਡ ਵਾਲੇ ਤੌੜ ਦੀ ਗੱਲ ਵੀ ਸੁਣਾਉਣ ਵਾਲੀ ਹੈ। ਅਸੀਂ ਬਾਹਰ ਰਹਿੰਦੇ ਸੀ। ਲੋਕ ਇੱਟਾਂ ਚੁੱਕ ਰਹੇ ਸੀ ਤੇ ਕੂੜਾ ਸੁੱਟੀ ਜਾ ਰਹੇ ਸਨ। ਬਾਪੂ ਦੀ ਜਾਇਦਾਦ ਦੀ ਸੰਭਾਲ ਤਾਂ ਕਰਨੀ ਹੀ ਸੀ। ਇਸ ਵਿਚ ਹੀ ਪਰਿਵਾਰ ਦੀ ਇੱਜਤ ਸੀ। ਮਿਸਤਰੀ ਲਾਉਣ ਵੇਲੇ ਪਹਿਲਾਂ ਚਾਚੇ ਦੇ ਪੁੱਤ ਭਰਾ ਨਾਲ ਸਾਂਝੇ ਵਿਹੜੇ ਦੀ ਨੀਂਹ ਪੁੱਟਣੀ ਸੀ। ਇਹੋ ਜਿਹੇ ਮੌਕੇ ‘ਤੇ ਪਿੰਡਾਂ ‘ਚ ਤਮਾਸ਼ਬੀਨ ਤੇ ਸ਼ਰਾਰਤੀ ਅਨਸਰ ਆ ਹੀ ਖੜ੍ਹਦੈ। ਇਹੋ ਜਿਹੇ ਤਰੀਕਾਂ ਭੁਗਤਣ ਵੇਲੇ ਹੋਟਲਾਂ ਦੀਆਂ ਪਲੇਟਾਂ ਚੱਟਣ ਲਈ ਨਾਲ ਤੁਰਨ ਨੂੰ ਤਿਆਰ-ਬਰ-ਤਿਆਰ ਰਹਿੰਦੇ ਨੇ। ਤਾਏ ਦਾ ਪੁੱਤ ਭਰਾ ਏਧਰ ਓਧਰ ਕੰਨ ‘ਚ ਗੱਲ ਕਰੇ ਇਹਨੇ ਤਾਂ ਪਹਿਲਾਂ ਹੀ ਤੁਹਾਡੇ ਥਾਂ ਵਿਚ ਆਪਣਾ ਵਿਹੜਾ ਵਧਾਇਆ ਹੋਇਐ।
ਮੈਂ ਭਾਂਪ ਗਿਆ। ਚਾਚੇ ਦੇ ਪੁੱਤ ਭਰਾ ਨੂੰ ਕਿਹਾ, “ਲੈ ਭਾਅ, ਤੂੰ ਹੀ ਦੱਸ ਕਿੱਥੇ ਨੀਂਹ ਪੁਟਾਵਾਂ?” ਥੋੜ੍ਹਾ ਏਧਰ ਓਧਰ ਸੇਧ ਬੰਨ੍ਹਦਾ ਚਾਦਰੇ ਵਾਲਾ ਜੱਟ ਕਹਿੰਦਾ, “ਹਈਥੇ।” ਤੁਰੰਤ ਲੇਬਰ ਲਾ ਦਿੱਤੀ। ਤਾਏ ਦਾ ਪੁੱਤ ਭਰਾ ਕਹੇ ਤੂੰ ਐਵੇਂ ਥਾਂ ਛੱਡੀ ਜਾਨੈਂ। ਕਿਹਾ, “ਭਰਾ ਕਿਉਂ ਪੰਚਾਇਤੀ ਚੱਕਰਾਂ ‘ਚ ਪਈਏ। ਮੇਰੇ ‘ਤੇ ਕਾਦਰ ਦੀਆਂ ਬੜੀਆਂ ਮਿਹਰਾਂ ਨੇ। ਮਰਲੇ ਡੇਢ ਮਰਲੇ ਨਾਲ ਮੈਂ ਵੱਡਾ ਨਹੀਂ ਹੋਣਾ। ਸ਼ਰੀਕ ਖੁਸ਼ ਏ ਨਾ?” ਆਉਂਦਿਆਂ ਹੀ ਮੰਜਾ ਡਾਹ ਚਾਹ ਪਾਣੀ ਪੁੱਛਦੈ। ਏਦੂੰ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ। ਇਸ ਤਰ੍ਹਾਂ ਪਲਾਟ ਸੰਭਾਲਿਆ ਗਿਆ ਤੇ ਪਿੰਡ ਦੇ ਸਿਆਸਤੀ ਚੱਕਰਾਂ, ਕੁਚੱਕਰਾਂ ਤੋਂ ਬਚ ਗਿਆ।
1998 ਤੱਕ ਪੰਜਾਬ ‘ਚ ਉਸ ਜ਼ਿੰਦਗੀ ਦਾ ਭਰਪੂਰ ਅਨੰਦ ਮਾਣਿਆ। ਕੈਨੇਡਾ ਦੇ ਫੋਨ ਪਿੱਛੋਂ ਸਾਡੇ ‘ਤੇ ਵੀ ਉਦਰੇਵੇਂ ਦਾ ਆਲਮ ਛਾ ਜਾਂਦਾ। ਥੋੜ੍ਹੀ ਇਕੱਲ ਮਹਿਸੂਸ ਜ਼ਰੂਰ ਹੁੰਦੀ। ਅਸੀਂ ਦੋਵੇਂ ਉਥੇ ‘ਕੱਲੇ, ਚਾਰ ਪੋਤਿਆਂ ਵਾਲੇ ਖਿੜੇ ਬਾਗ ਤੋਂ ਅਲੱਗ। ਦਾਨਸ਼ਮੰਦ ਵੀ ਕਹਿੰਦੇ ਕਿ ਮਾਲੀ ਬਾਗ ‘ਚ ਹੀ ਸੋਂਹਦੇ ਨੇ। ਹੋ ਸਕਦੈ ਹਾਲੀ ਹੋਰ ਦੁਨੀਆਂ ਵੇਖਣੀ ਸੀ। ਨਾ ਚਾਹੁੰਦਿਆਂ ਵੀ ਵੇਖਣੀ ਪਈ। ਬੱਚਿਆਂ ਦਾ ਜ਼ੋਰ ਪੈ ਗਿਆ। ਏਧਰੋਂ ਉਧਰੋਂ ਦੋਸਤਾਂ ਮਿੱਤਰਾਂ ਦੀਆਂ ਸਲਾਹਾਂ, ਬਾਹਰ ਦੇ ਮਾਹੌਲ ਮਾਣਨ ਦੇ ਕਿੱਸਿਆਂ ਨੇ ਵੀ ਪਰੇਰਿਆ। ਸੋਚਿਆ ਬੁਢੇਪੇ ‘ਚ ਅਸੀਂ ਬਾਗ ‘ਚ ਬੈਠੇ ਹੀ ਫੱਬਦੇ ਹਾਂ। ਕੀਹਦਾ ਚਿੱਤ ਨਹੀਂ ਕਰਦਾ ਰੌਣਕਾਂ ‘ਚ ਰਹਿਣ ਦਾ! ਸਾਡੇ ਨਾਂਹ ਨੁੱਕਰ ਕਰਦਿਆਂ ਮੁੰਡਿਆਂ ਨੇ ਸਪਾਂਸਰਸ਼ਿਪ ਭੇਜ ਦਿੱਤੀ। ਤਿੰਨ ਕੁ ਮਹੀਨਿਆਂ ‘ਚ ਵੀਜ਼ਾ ਆ ਗਿਆ ਅਤੇ ਅਸੀਂ ਮਾਰਚ 1999 ‘ਚ ਕਨੇਡਾ ਆ ਡੇਰੇ ਲਾਏ। ਜਹਾਜ਼ ‘ਚੋਂ ਹੀ ਚਾਰ ਚੁਫੇਰੇ ਚਿੱਟ ਚਟੈਨ ਨਜ਼ਰ ਆਉਣ ਲੱਗ ਪਈ। ਪਿੰਡ ਦਾ ਮੁਹਾਂਦਰਾ ਪਰਾਲੀ ਤੋਂ ਹੀ ਦਿੱਸਣ ਲੱਗ ਪਿਆ।
2010 ਅਕਤੂਬਰ ‘ਚ ਕੈਨੇਡੀਅਨ ਪੈਨਸ਼ਨ ਦੇ ਸਾਲ ਵੀ ਪੂਰੇ ਹੋ ਗਏ। ਹੋਰ ਵੀ ਮੌਜਾਂ ਲੱਗ ਗਈਆਂ। ਕਿਤਾਬਾਂ ਦੀ ਛਪਾਈ ਦੇ ਖਰਚੇ ਕਰਨ ਲਈ ਦਲੇਰੀ ਵਧ ਗਈ। ਖੇਡ ਕਲੱਬਾਂ ਤੇ ਭਲੇ ਕੰਮਾਂ ਲਈ ਦਿਲ ਖੋਲ੍ਹ ਕੇ ਦਸਵੰਧ ਦੇਣੇ ਸ਼ੁਰੂ ਕਰ ਦਿੱਤੇ। ਇੱਥੇ ਦਾ ਸਰਕਾਰੀ ਪ੍ਰਸ਼ਾਸਨ ਨੇਮਬੱਧ ਹੈ। ਇਸ ਦੇ ਤੌਰ ਤਰੀਕੇ ਅਤੇ ਸਹੂਲਤਾਂ ਭਾਰਤ ਨਾਲੋਂ ਕਿਤੇ ਵਧੀਆ ਹਨ। ਡਾਕਟਰੀ ਸਹੂਲਤਾਂ ਦਾ ਇੱਕ ਸਿਸਟਮ ਹੈ। ਡਾਕਟਰੀ ਸੇਵਾਵਾਂ ਤੇ ਦਵਾਈਆਂ ਮੁਫਤ। ਕਾਇਦੇ ਕਾਨੂੰਨ ਦੀ ਪੂਰੀ ਪਾਲਣਾ ਹੁੰਦੀ ਹੈ। ਸਾਫ ਸੁਥਰੇ ਵਾਕ ਵੇਅ ‘ਤੇ ਸੈਰਾਂ ਕਰਨ ਦਾ ਅਨੰਦ ਆ ਜਾਂਦੈ। ਉਚੇ ਛਾਂਦਾਰ ਰੰਗ ਬਰੰਗੇ ਮੈਪਲਾਂ ਹੇਠ ਪਿਕਨਿਕਾਂ ਸੱਜਦੀਆਂ ਨੇ। ਖੁੱਲ੍ਹੇ ਪਾਰਕ ਫਿਰਨ ਤੁਰਨ ਤੇ ਬੈਠਣ ਲਈ। ਹੰਸਾਂ ਵਾਂਗ ਬੈਠੇ ਬਾਬੇ ਪਾਰਕਾਂ ‘ਚ ਜ਼ਿੰਦਗੀ ਦੇ ਪੂਰੇ ਅਨੰਦ ਮਾਣਦੇ ਹਨ। ਰੇਡੀਉ ਤੇ ਅਖਬਾਰਾਂ ‘ਤੇ ਖੂਬ ਤਪਸਰੇ ਕਰਦੇ ਹਨ। ਕੀ ਇਹ ਸਵਰਗ ਨਹੀਂ? ਹੋਰ ਸਵਰਗ ਕਿਹੋ ਜਿਹਾ ਹੁੰਦੈ! ਬਾਬੇ ਤਾਂ ਗਾਉਂਦੇ ਫਿਰਦੇ ਨੇ ‘ਜੱਟ ਮੌਜਾਂ ਕਰਦੇ ਨੇ, ਰੱਬ ਨੇ ਤੋਟ ਕੋਈ ਨਾ ਛੱਡੀ।’ ਹੋਈ ਨਾ ਇਹ ਫਿਰ ਬਾਬਿਆਂ ਦੀ ਕੈਨੇਡੀਅਨ ਫਲਾਵਰ ਵੈਲੀ। ਘੱਟ ਤੋਂ ਘੱਟ ਮੇਰੀ ਤਾਂ ਅਵੱਸ਼ ਹੀ ਦੂਜੀ ਅਨੰਦ ਵਾਦੀ ਹੈ। ਪਹਿਲੀ ਨਾਲੋਂ ਕਈ ਪੱਖੋਂ ਉਚੇਰੀ ਤੇ ਸੁੰਦਰ।
2011 ਦੀ ਪੰਜਾਬ ਫੇਰੀ ਦੌਰਾਨ ਲੁਧਿਆਣੇ ਆਪਣੀ ਕੋਠੀ ਵਾਲੇ ਪ੍ਰਭੂਸੱਤਾ ਮੰਜ਼ਰ ਦੀ ਇੱਕ ਸ਼ਾਮ। ਮਾਰਚ ਦੀ ਮਿੱਠੀ ਮਿੱਠੀ ਸ਼ਾਮ, ਰੁਮਕਦੀ ਹਵਾ। 1994 ਦੇ ਲਾਏ ਅਸ਼ੋਕ, ਗੁਲਾਬ ਤੇ ਬੋਗਨ ਬੇਲਾਂ ਦੇ ਫੁੱਲ ਝੂਮ ਰਹੇ ਸਨ। ਹਵਾ ਪਿਆਜ਼ੀ ਹੋਈ ਮੇਰੀ ਸ਼ਾਮ…ਕਿਸੇ ਵੱਡੇ ਤੋਂ ਵੱਡੇ ਅਨੰਦ ਨੂੰ ਮਾਤ ਪਾ ਰਹੀ ਸੀ। ਮਨ ਦਾ ਮੋਰ ਪੈਲਾਂ ਪਾ ਰਿਹਾ ਸੀ। ‘ਮੇਰੇ ਹਮਸਫਰ’ ਕਿਤਾਬ ਦੀ ਰੂਪਰੇਖਾ ਦੇ ਚਿੱਤਰ ਨੂੰ ਨਿਹਾਰ ਰਿਹਾ ਸੀ। ਕੈਨੇਡਾ ਦੇ ਰੰਗ ਢੰਗ ਜ਼ਿਹਨ ‘ਤੇ ਛਾਏ ਹੋਏ ਸਨ। ਕੈਨੇਡਾ ਦੇ ਆ ਰਹੇ ਗਰਮੀਆਂ ਦੇ ਨਜ਼ਾਰੇ, ਪਾਰਕਾਂ ‘ਚ ਮਿਲਣੀਆਂ, ਪਿਕਨਿਕਾਂ, ਬਾਬਿਆਂ ਦੇ ਮੇਲਿਆਂ ਦੇ ਸੀਨ-ਕੈਨੇਡਾ ਲਈ ਤੁਰਨ ਦੀ ਤਿਆਰੀ ਚਿਤਵ ਰਿਹਾ ਸੀ। ਸੂਰਜ ਆਪਣੀਆਂ ਰਿਸ਼ਮਾਂ ਨਾਲ ਬੱਦਲਾਂ ਨੂੰ ਸੁਨਹਿਰੀ ਭਾਅ ‘ਚ ਰੰਗ ਰਿਹਾ ਸੀ ਅਤੇ ਹੁਸੈਨੀਵਾਲ ਦੇ ਦਿਸਹੱਦੇ ਥੱਲੇ ਉਤਰੀ ਜਾ ਰਿਹਾ ਸੀ। ਦੂਸਰੇ ਦੇਸ਼ਾਂ ਦੀ ਫਿਜ਼ਾ ਵਿਚ ਸਰਘੀ ਵੇਲੇ ਦਾ ਪੈਗਾਮ ਦੇ ਰਿਹਾ ਸੀ। ਇੱਕ ਕਮਾਲ ਦਾ ਅਲੌਕਿਕ ਨਜ਼ਾਰਾ। ਪਰ ਦੋਹਾਂ ਥਾਂਵਾਂ ਦੇ ਅਨੰਦ ਆਪੋ ਆਪਣੇ ਹਨ। ਇੱਕ ਵੱਡੀ ਮੱਕੜੀ ਜਿੱਡੀ ਸੋਹਣੀ ਫੁਰਤੀਲੀ ਚਿੜੀ ਵੀ ਅਸ਼ੋਕ ‘ਚ ਆਪਣੇ ਟਿਕਾਣੇ ‘ਚ ਜਾ ਬੈਠੀ। ਘੁੱਗੀ ਨੇ ਵੀ ਆਪਣੇ ਛੇਵੇਂ ਪਹਿਰ ਦੀ ਘੂੰ ਘੂੰ ਸੁਣਾ ਦਿੱਤੀ। Ḕਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆḔ ਦ੍ਰਿਸ਼ਮਾਨ ਹੋ ਰਿਹਾ ਸੀ। ਸ਼ਾਲਾ! ਇਹ ਰੰਗ ਲੱਗੇ ਰਹਿਣ। ਜੀਵੇ ਪੰਜਾਬ ਤੇ ਜੀਵੇ ਕੈਨੇਡਾ!
ਇਹ ਜੇ ਵੀਰਨੋ! ਮੇਰੀ ਕੋਠੀ ਲੱਗਣ ਦੀ ਬਾਤ। ਲੱਗਾ ਹੋਇਆ ਵੀ ਹਾਂ ਤੇ ਨਹੀਂ ਵੀ! ਵੇਚ ਦਿਆਂਗੇ ਜਦੋਂ ਚਿੱਤ ਕੀਤਾ। ਰੁਕਾਵਟ ਕੋਈ ਨਹੀਂ। ਹਾਲੀ ਆਈਦੈ। ਰਹੀਦੈ। ਰਿਸ਼ਤੇਦਾਰਾਂ ਅਤੇ ਬੇਲੀ ਮਿੱਤਰਾਂ ਨੂੰ ਮਿਲ-ਗਿਲ ਜਾਈਦੈ। ਹੁਣ ਬਿਝੜੇ ਵਾਂਗ ਆਪਣੇ ਕਰ ਕਮਲਾਂ ਨਾਲ ਬੁਣੇ ਆਲ੍ਹਣੇ ਨੂੰ ਛੱਡਣ ਨੂੰ ਚਿੱਤ ਤਾਂ ਨਹੀਂ ਕਰਦਾ, ਪਰ ਤਸੱਲੀ ਹੈ, ਇਹ ਰੁਲੇਗਾ ਨਹੀਂ। ਆਪਣੇ ਹੱਥੀਂ ਹੀ ਇਹਦਾ ਇੰਤਕਾਲ ਕਰਾਵਾਂਗੇ। ਉਦੋਂ ਸਾਡਾ ਵੀ ਅੰਤਕਾਲ ਬੂਹੇ ‘ਤੇ ਖੜ੍ਹਾ ਦਸਤਕ ਦੇ ਰਿਹਾ ਹੋਵੇਗਾ। ਇਹ ਆਲ੍ਹਣਾ ਓਨੀ ਹੱਥੀਂ ਹੀ ਸਮੇਟਿਆ ਜਾਵੇਗਾ ਜਿਨ੍ਹਾਂ ਇਸ ਨੂੰ ਬੁਣਿਆ ਸੀ।
(ਚਲਦਾ)