ਜਿੰਦ ਦਾ ਖੌਅ

ਭਾਰਤੀ ਸਮਾਜ ਵਿਚ ਸਦੀਆਂ ਤੋਂ ਔਰਤਾਂ ਨੂੰ Ḕਪੈਰ ਦੀ ਜੁੱਤੀḔ ਆਖ ਕੇ ਛੁਟਿਆਇਆ ਜਾਂਦਾ ਰਿਹਾ ਹੈ। ਪਤੀ ਦੀ ਮੌਤ ਪਿਛੋਂ ਔਰਤ ਨੂੰ ਸਤੀ ਹੋਣ ਲਈ ਮਜਬੂਰ ਕੀਤੇ ਜਾਣਾ ਵੀ ਇਸੇ ਸੋਚ ਦਾ ਨਤੀਜਾ ਹੈ। ਔਰਤ ਨੂੰ ਇਕ ਇਨਸਾਨ ਨਹੀਂ, ਸਗੋਂ ਵਸਤੂ ਸਮਝਿਆ ਜਾਂਦਾ ਰਿਹਾ ਹੈ। ਇਸੇ ਕਰਕੇ ਜੂਏ ਵਿਚ ਔਰਤ ਨੂੰ ਦਾਅ ‘ਤੇ ਲਾਇਆ ਗਿਆ। ਔਰਤ ਪ੍ਰਤੀ ਇਸ ਜਾਲਮ ਵਤੀਰੇ ਵਿਰੁਧ ਗੁਰੂ ਨਾਨਕ ਦੇਵ ਜੀ ਨੇ Ḕਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨḔ ਆਖ ਕੇ ਆਵਾਜ਼ ਉਠਾਈ ਸੀ।

ਅਫਸੋਸ ਇਸ ਗੱਲ ਦਾ ਹੈ ਕਿ ਬਾਬੇ ਨਾਨਕ ਦੇ ਪੈਰੋਕਾਰ ਔਰਤ ਪ੍ਰਤੀ Ḕਮੰਗਲ ਸੂਤਰḔ ਵਾਲੀ ਧਾਰਨਾ ਤੋਂ ਅੱਜ ਵੀ ਮੁਕਤ ਨਹੀਂ ਹੋ ਸਕੇ। ਇਸ ਲੇਖ ਵਿਚ ਲੇਖਕ ਕੇਹਰ ਸ਼ਰੀਫ ਨੇ ਔਰਤ ਪ੍ਰਤੀ ਮਰਦ ਦੇ ਇਸੇ ਵਤੀਰੇ ‘ਤੇ ਉਂਗਲ ਉਠਾਈ ਹੈ। -ਸੰਪਾਦਕ

ਕੇਹਰ ਸ਼ਰੀਫ
ਕਿਸੇ ਵੀ ਇਨਸਾਨ ਵਾਸਤੇ ਜ਼ਿੰਦਗੀ ਤੋਂ ਵੱਧ ਪਿਆਰਾ ਹੋਰ ਕੁੱਝ ਨਹੀਂ ਹੋ ਸਕਦਾ। ‘ਜਾਨ ਨਾਲ ਜਹਾਨ’ ਵਾਲੀ ਕਹਾਵਤ ਇਥੋਂ ਹੀ ਪੈਦਾ ਹੁੰਦੀ ਹੈ। ਇਸ ਕਰਕੇ ਹੀ ਜ਼ਿੰਦਗੀ ਜਿਉਣ ਦਾ ਚਾਅ ਤੇ ਸੱਧਰ ਮਨ ਵਿਚ ਹੋਣੀ ਬਹੁਤ ਜ਼ਰੂਰੀ ਹੈ। ਜੇ ਕਿਸੇ ਮਨ ਵਿਚ ਜਿਉਣ ਦੀ ਸੱਧਰ ਹੀ ਪੈਦਾ ਨਾ ਹੋਵੇ ਤਾਂ ਕਾਹਦਾ ਜਿਉਣ? ਰੋਣ-ਧੋਣ ਵਾਲੀ ਜ਼ਿੰਦਗੀ ਵਿਚੋਂ ਵੀ ਕਦੇ ਕਿਸੇ ਨੇ ਕੁੱਝ ਖੱਟਿਆ? ਜੱਗ ਉਤੇ ਆਏ ਹਾਂ ਤਾਂ ਜਿੰæਦਗੀ ਸਾਰਥਕ ਅਤੇ ਅਰਥ ਭਰਪੂਰ ਵੀ ਹੋਣੀ ਚਾਹੀਦੀ ਹੈ।
ਅੱਜ ਦੁਨੀਆਂ ਤਕਨੀਕੀ ਤਰੱਕੀ ਦੀ ਸਿਖਰ ਛੋਹ ਰਹੀ ਹੈ। ਨਵੀਆਂ ਵਿਗਿਆਨਕ ਕਾਢਾਂ ਦੇ ਆਸਰੇ ਅੱਗੇ ਵਧਣ ਦੇ ਦਰ ਖੁੱਲ੍ਹ ਰਹੇ ਹਨ, ਨਵੇਂ ਸੁਖ, ਨਵੇਂ ਰਾਹ ਮਨੁੱਖ ਦੇ ਪੈਰਾਂ ਹੇਠ ਵਿਛ ਰਹੇ ਹਨ। ਇਹ ਮਨੁੱਖੀ ਸੋਚ-ਸੂਝ ਦੀ ਸਰਗਰਮੀ ਅਤੇ ਸਿਰਜਣਾ ਦੇ ਕ੍ਰਿਸ਼ਮੇ ਹਨ। ਇਨ੍ਹਾਂ ਵਲ ਧਿਆਨ ਨਾ ਦੇਣਾ ਆਪਣੇ ਆਪ ਨਾਲ ਬੇ-ਇਨਸਾਫੀ ਕਰਨ ਦੇ ਬਰਾਬਰ ਹੈ। ਪਰ ਇਹ ਵੀ ਸੱਚ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਸਮਝਣ ਤੋਂ ਵੀ ਅਸਮਰਥ ਹਨ। ਅਜਿਹੇ ਲੋਕ ਅੱਗੇ ਵੀ ਨਹੀਂ ਵਧ ਸਕਦੇ। ਇਸ ਕਰਕੇ ਹੀ ਉਹ ਆਪਣੇ ਆਪ ਅਤੇ ਸਮਾਜ ਵਾਸਤੇ ਸੁਖਾਵਾਂ ਮਾਹੌਲ ਸਿਰਜਣ ਤੋਂ ਵਿਰਵੇ ਰਹਿ ਜਾਂਦੇ ਹਨ। ਸਮਾਜੀ ਸੰਸਕਾਰ ਦਸਦੇ ਹਨ ਕਿ ਦੁਨੀਆਂ ਅੰਦਰ ਅਜੇ ਵੀ ਬਹੁਤ ਸਾਰੇ ਵਿਤਕਰੇ ਕਾਇਮ ਹਨ। ਬਹੁਤ ਵਾਰ ਪੱਖਪਾਤ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ।
ਭਾਰਤੀ ਸਮਾਜ ਨੂੰ ਇਸ ਦੇ ਗੁੰਝਲਦਾਰ ਢਾਂਚੇ ਅਤੇ ਵਤੀਰੇ ਕਰਕੇ ਸਮਝਣਾ ਬਹੁਤ ਔਖਾ ਹੈ। ਕੀ ਇਸ ਨੂੰ ਕੋਈ ਸਮਝਦਾਰੀ ਦੀ ਗੱਲ ਕਹਿ ਸਕਦਾ ਹੈ ਕਿ ਸਮਾਜ ਅੰਦਰ ਔਰਤ ਨੂੰ ਦੂਜੇ ਦਰਜੇ ਦਾ ਇਨਸਾਨ ਸਮਝਿਆ ਜਾਵੇ, ਉਹ ਵੀ ਔਰਤ ਦੇ ਆਪਣੇ ਹੀ ਜਾਇਆਂ ਵਲੋਂ? ਜੇ ਸੰਸਕਾਰਾਂ ਦੀ ਤਹਿ ਫਰੋਲਣ ਵਲ ਵਧੀਏ ਤਾਂ ਦੇਖਦੇ ਹਾਂ ਕਿ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਹੀਣੀ ਸਮਝ ਕੇ ਬਹੁਤ ਰੋਲਿਆ ਹੈ, ਤੜਪਾਇਆ, ਦੁਖਾਇਆ, ਸਤਾਇਆ ਅਤੇ ਰੁਆਇਆ ਹੈ। ਸੰਤਾਪ ਭੋਗਣ ਵਾਸਤੇ ਮਜਬੂਰ ਕੀਤਾ ਹੈ। ਬੱਚੇ ਨਾ ਜੰਮਣ ਤਾਂ ਔਰਤ ਦਾ ਕਸੂਰ, ਬੱਚੇ ਬਹੁਤੇ ਜੰਮਣ ਤਾਂ ਵੀ ਔਰਤ ਦੋਸ਼ੀ। ਜੇ ਸਿਰਫ ਧੀਆਂ ਹੀ ਜੰਮ ਪੈਣ ਤਾਂ ਕੁਲਹਿਣੀ, ਕੁਲੱਛਣੀ ਤੇ ਹੋਰ ਭਲਾਂ ਕਿਹੜਾ ਅਜਿਹਾ ਭੈੜਾ ਸ਼ਬਦ ਹੈ ਜੋ ਉਹਦੇ ਵਾਸਤੇ ਨਹੀਂ ਵਰਤਿਆ ਜਾਂਦਾ? ਕੀ ਕਿਸੇ ਜਣਨੀ ਦਾ ਇਸ ਤਰ੍ਹਾਂ ਬਿਨਾ ਕਿਸੇ ਕਾਰਨ ਅਪਮਾਨ ਕਰਨਾ ਠੀਕ ਹੈ? ਕੀ ਮਰਦ ਕਦੇ ਵੀ ਕਸੂਰਵਾਰ ਨਹੀਂ ਹੁੰਦਾ? ਇਹਦੇ ਬਾਰੇ ਠੰਢੇ ਦਿਲ ਤੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ।
ਮਰਦ ਪ੍ਰਧਾਨ ਸਮਾਜ ਅੰਦਰ ਮਰਦਾਂ ਨੇ ਆਪਣੇ ਆਪ ਨੂੰ ਹੀ ਸੂਤ ਬੈਠਦੀਆਂ ਰਸਮਾਂ/ਰੀਤਾਂ (ਅਲਾਮਤਾਂ) ਸੰਸਕਾਰਾਂ ਦੇ ਨਾਂ ਹੇਠ ਮੱਲੋਜੋਰੀ ਔਰਤ ਦੇ ਗਲ ਪਾਈਆਂ ਹਨ, ਕਿਉਂਕਿ ਇਸ ਤਰ੍ਹਾਂ ਮਰਦ ਦੀ ਹਉਮੈ ਨੂੰ ਪੱਠੇ ਪੈਂਦੇ ਹਨ। ਸਵੈ ਮਾਣ ਅਤੇ ਸਵੈ-ਵਿਕਾਸ ਵਲ ਵਧਦੇ ਕਿਸੇ ਔਰਤ ਦੇ ਕਦਮਾਂ ਨੂੰ ਬ੍ਰਾਹਮਣੀ ਸੋਚ (ਜੋ ਗੈਰ ਮਨੁੱਖੀ ਹੈ) ਦਾ ਡਾਹਾ ਪਾਇਆ ਜਾਂਦਾ ਹੈ (ਜਿਨ੍ਹਾਂ ਲੋਕਾਂ ਨੇ ਛੋਟੇ ਹੁੰਦਿਆਂ ਪਸ਼ੂ ਚਾਰੇ ਹਨ, ਉਨ੍ਹਾਂ ਨੂੰ ਪਤਾ ਹੋਣੈ ਕਿ ਨੱਠਣ ਭੱਜਣ ਵਾਲੇ ਅਵੈੜ ਕਿਸਮ ਦੇ ਪਸ਼ੂਆਂ ਦੇ ਬਾਹਰ ਜਾਣ ਵੇਲੇ ਰੱਸੇ ਨਾਲ ਬੰਨ੍ਹ ਕੇ ਗਲ ਵਿਚ ਮਜਬੂਤ ਲੱਕੜ ਦਾ ਇਕ ਟੋਟਾ ਪਾ ਦਿੱਤਾ ਜਾਂਦਾ ਹੈ ਜਿਸ ਨੂੰ ਡਾਹਾ ਆਖਿਆ ਜਾਂਦਾ ਹੈ। ਜੇ ਪਸ਼ੂ ਨੱਠਣ-ਭੱਜਣ ਦਾ ਯਤਨ ਕਰੇ ਤਾਂ ਉਹ ਗਲ ਪਾਇਆ ਡਾਹਾ ਉਹਦੇ ਗੋਡੇ-ਗਿੱਟੇ ਭੰਨਦਾ ਹੈ), ਜਿਸ ਨੇ ਔਰਤ ਨਾਲ ਸਦੀਆਂ ਤੱਕ ਇਹ ਹੀ ਵਿਹਾਰ ਕੀਤਾ। ਔਰਤ ਨੂੰ ਮਰੇ ਹੋਏ ਪਤੀ ਦੇ ਨਾਲ ਮੱਲੋ-ਜੋਰੀ ਜਿਉਂਦਿਆਂ ਸਾੜ ਕੇ ‘ਸਤੀ’ ਦਾ ‘ਖਿਤਾਬ’ ਦਿੱਤਾ ਜਾਂਦਾ ਸੀ। ਕੀ ਕਦੇ ਕਿਸੇ ਮਰਦ ਨੇ ਵੀ ਜਿਉਂਦਿਆਂ ‘ਸਤੀ’ ਹੋਣ ਵਰਗੀ ‘ਮਰਦਾਨਗੀ’ ਵਿਖਾਈ ਸੀ ਜਾਂ ਹੈ? ਸਮਾਜ ਦੇ ਇਨ੍ਹਾਂ ਆਪੇ ਬਣੇ ਦੱਲਿਆਂ ਵਰਗੇ ਮੁਖੀਆਂ ਵਲੋਂ ਵਿਧਵਾ ਔਰਤਾਂ ਨੂੰ ਨਰਕ ਵਰਗੀ ਜ਼ਿੰਦਗੀ ਭੋਗਣ ਵਾਸਤੇ ਮਜਬੂਰ ਕੀਤਾ ਜਾਂਦਾ ਰਿਹਾ। ਜਦੋਂ ਕੋਈ ਸਿਆਣੀ, ਸੂਝਵਾਨ, ਜਾਗ੍ਰਿਤ ਤੇ ਦਲੇਰ ਦੀਪਾ ਮਹਿਤਾ ਕਲਾ ਦੇ ਰਸਤੇ ਔਰਤ ਦੀ ਇਸ ਕੋਹਝ ਭਰੀ ਜ਼ਿੰਦਗੀ ਦਾ ਚਿਤ੍ਰਣ ਪੇਸ਼ ਕਰਨ ਦਾ ਸਾਹਸ ਤੇ ਯਤਨ ਕਰਦੀ ਹੈ ਤਾਂ ਬਦੀ ਅਤੇ ਹਨੇਰੇ ਦੀਆਂ ਹਮਾਇਤੀ, ਨੇਕੀ ਅਤੇ ਚਾਨਣ ਦੀਆਂ ਦੋਖੀ ਕਾਲੀਆਂ-ਕੁਲਹਿਣੀਆਂ ਬੇਸ਼ਰਮ ਤਾਕਤਾਂ ਆਪਣੀ ਸਿਆਸੀ ਰਖੇਲ ਰਾਜ ਸ਼ਕਤੀ ਨੂੰ ਵਰਤਦੀਆਂ ਹਨ। ਅਜਿਹੇ ਸਮੇਂ ਰਾਜ ਸੱਤਾ ਉਤੇ ਕਾਬਜ਼ ਲੋਕ ਦੋਖੀ, ਸਿਆਸੀ ਹੀਜੜੇ (ਜਿਨ੍ਹਾਂ ਨੂੰ ਰਾਜਸੀ ਨੇਤਾ ਵੀ ਆਖਿਆ ਜਾਂਦਾ ਹੈ) ਲੋਕ ਰਾਜ ਦੇ ਹਮਾਇਤੀ ਹੋਣ ਦੀ ਝੂਠੀ ਡੌਂਡੀ ਪਿੱਟਣ ਵਾਲੇ, ਆਪਣੇ ਵੋਟ ਬੈਂਕ ਦੀ ਰਾਖੀ ਕਰਨ ਦਾ ਦੰਭ ਪਾਲਦਿਆਂ ਸੁੱਚੀਆਂ ਲੋਕ ਭਾਵਨਾਵਾਂ ਦਾ ਅਪਮਾਨ ਕਰਦੇ ਹਨ ਅਤੇ ਗੈਰ-ਮਨੁੱਖੀ Ḕਸੰਸਕ੍ਰਿਤੀḔ ਦੇ ਝੂਠੇ ਦਾਅਵੇਦਾਰਾਂ ਅੱਗੇ ਸਿਰ ਪਰਨੇ ਹੋ ਕੇ ਆਪਣੀ ਭੁੱਲ ਬਖਸ਼ਾਉਣ ਦੇ ਖੇਖਣ ਵੀ ਕਰਦੇ ਹਨ। ਕੀ ਝੂਠ ਦੇ ਇਨ੍ਹਾਂ ਪੁੱਤਰਾਂ ਵਲੋਂ ਇਸੇ ਤਰ੍ਹਾਂ ਦੇ ‘ਰਾਮ ਰਾਜ’ ਨੂੰ ਲਿਆਉਣ ਦੀ ਦੁਹਾਈ ਦਿੱਤੀ ਜਾਂਦੀ ਹੈ? ਫੇਰ ਤਾਂ ਇਸ ਤੋਂ ਇਨਕਾਰੀ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਗੋਂ ਹਰ ਕਿਸੇ ਵਲੋਂ ਆਪੋ-ਆਪਣੀ ਸਮੱਰਥਾ ਮੁਤਾਬਿਕ ਇਸ ਕੁਚੱਜ ਦਾ ਜੋਰਦਾਰ ਵਿਰੋਧ ਕਰਨਾ ਪਵਿੱਤਰ ਮਨੁੱਖੀ ਫਰਜ਼ ਹੋਣਾ ਚਾਹੀਦਾ ਹੈ।
ਔਰਤ ਨੂੰ ‘ਸੰਸਕ੍ਰਿਤੀ’ ਦੇ ਨਾਂ ਹੇਠ ਲੱਜਾ, ਸ਼ਰਮ-ਹਯਾ ਦੇ ਬਹੁਤ ਪ੍ਰਵਚਨ ਸੁਣਾਏ ਜਾਂਦੇ ਹਨ। ਕੀ ਸ਼ਰਮ-ਹਯਾ ਦਾ ਮਸਲਾ ਸਿਰਫ ਔਰਤ ਤੱਕ ਹੀ ਸੀਮਤ ਹੋਣਾ ਚਾਹੀਦਾ ਹੈ? ਕੀ ਮਰਦਾਂ ਦਾ ਬੇ-ਲੱਜ ਤੇ ਬੇ-ਹਯਾ ਹੋਣਾ ਸਹਿਣਯੋਗ ਹੈ? ਕੀ ਇਹ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੈ? ਨਹੀਂ, ਬਿਲਕੁਲ ਨਹੀਂ।
ਜਦੋਂ ਵੀ ਕਿਸੇ ਕਿਸਮ ਦੇ ਕਹਿਰ ਵਾਪਰਦੇ ਹਨ ਤਾਂ ਰਾਜ ਸੱਤਾ ਉਤੇ ਕਾਬਜ਼, ਸੱਚ ਦੇ ਨਾਂ ‘ਤੇ ਝੂਠੀਆਂ ਕਸਮਾਂ ਖਾਣ ਵਾਲੇ ਝੂਠ ਦੇ ਪੁੱਤਰ ਲੋੜ ਵੇਲੇ ਸਮੇਂ ਅਤੇ ਸਮਾਜ ਵਲ ਪਿੱਠ ਕਰ ਲੈਂਦੇ ਹਨ। ਆਪਣੇ ਹੀ ਰਾਜ (ਜਿਸ ਨੂੰ ਉਹ ਲੋਕ ਰਾਜ ਵੀ ਕਹਿੰਦੇ ਹਨ) ਦੀ ਪ੍ਰਜਾ ਨੂੰ ਦਰਿੰਦਿਆਂ ਦੇ ਮੂੰਹ ਦੇਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਆਪ ਬੇਸ਼ਰਮੀ ਦੇ ਘੋੜੇ ‘ਤੇ ਸਵਾਰ ਹੋ ਕੇ ਨੈਤਿਕਤਾ ਬਾਰੇ ਲੈਕਚਰ ਵੀ ਝਾੜਦੇ ਫਿਰਨਗੇ। ਕਾਨੂੰਨ ਜੋ ਉਨ੍ਹਾਂ ਨੇ ਖੁਦ ਹੀ ਬਣਾਏ ਹੁੰਦੇ ਹਨ, ਉਨ੍ਹਾਂ ਦੇ ਕਮਜ਼ੋਰ ਹੋਣ ਦੀ ਦੁਹਾਈ ਦੇਣਗੇ। ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਪੂਰਾ ਟਿੱਲ ਲਾ ਦਿੰਦੇ ਹਨ। ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਦੇ ਹਨ ਜਾਗਦਿਆਂ ਨੂੰ ਪੈਂਦੀਂ ਪਾਉਣ ਦੀ। ਅਜਿਹੇ ਕਮੀਨਿਆਂ ਨੂੰ ਬੇਈਮਾਨ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ?
ਭਾਰਤੀ ‘ਸੰਸਕ੍ਰਿਤੀ’ ਆਮ ਕਰਕੇ ਹਿੰਦੂਵਾਦ ਦੇ ਨਾਂ ਥੱਲੇ ਹੋਏ ਵਾਪਰੇ, ਇਤਿਹਾਸਕ/ਮਿਥਿਹਾਸਕ ਕਲੋਲਾਂ ਨਾਲ ਬੰਨਣ ਦਾ ਯਤਨ ਕੀਤਾ ਜਾਂਦਾ ਹੈ। ਝੂਠ ਨੂੰ ਸੱਚ ਦੇ ਤੌਰ ‘ਤੇ ਪੇਸ਼ ਕਰਨ ਦੇ ਮੱਲੋਜ਼ੋਰੀ ਗੈਰ-ਇਖਲਾਕੀ ਉਪਰਾਲੇ ਕੀਤੇ ਜਾਂਦੇ ਹਨ। ਚੇਤਿਆਂ ਵਿਚੋਂ ਨਾ ਵਿਸਰਨ ਦੇਣ ਵਾਲੀ ਅਹਿਮ ਗੱਲ ਇਹ ਹੈ ਕਿ ਭਾਰਤੀ ਸੱਭਿਆਚਾਰਕ ਰਵਾਇਤ ਸਾਰੀ ਦੀ ਸਾਰੀ ਬਿਲਕੁਲ ਗੈਰ-ਮਨੁੱਖੀ ਨਹੀਂ ਰਹੀ। ਇਸ ਅੰਦਰ ਸਹਿਣਸ਼ੀਲਤਾ, ਭਰੱਪਣ, ਆਪਸੀ ਸਾਂਝ ਅਤੇ ਮਸਲਿਆਂ ਸਬੰਧੀ ਸੰਵਾਦ ਰਚਾਉਣ ਦੇ ਜੋਰਦਾਰ ਹੰਭਲੇ ਵਜਦੇ ਰਹੇ ਹਨ। ਦੂਰ ਨਾ ਜਾਈਏ ਭਗਤੀ ਲਹਿਰ, ਗੁਰੂਆਂ ਦੀ ਬਾਣੀ ਅਤੇ ਸੂਫੀਆਂ ਦੇ ਸੁੱਚੇ ਦਰਵੇਸ਼ੀ ਬੋਲ ਕਾਹਦਾ ਸੱਦਾ ਦਿੰਦੇ ਹਨ ਭਲਾਂ? ਆਰਿਆਂ ਥੱਲੇ ਖੜ੍ਹੇ ਹੋਣਾ, ਜ਼ੁਲਮ ਨੂੰ ਵੰਗਾਰਦਿਆਂ ਤੱਤੀ ਤਵੀ ‘ਤੇ ਬੈਠ ਤੱਤੀ ਰੇਤ ਸਿਰ ਵਿਚ ਪੈਂਦੀ ਸਹਿਣਾ, ਆਪਣਾ ਸਿਰ ਲੋਕਾਂ ਤੋਂ ਵਾਰ ਕੇ ਹਿੰਦ ਦੀ ਅਣਖ ਦਾ ਨੰਗਾ ਸਿਰ ਢਕਣਾ, ਦੇਸ਼ ਦੀ ਇੱਜਤ-ਅਣਖ ਖਾਤਰ ਤੋਪਾਂ ਮੂਹਰੇ ਖੜ੍ਹੇ ਹੋ ਤੂੰਬਾ ਤੂੰਬਾ ਹੋ ਕੇ ਉਡਣਾ, ਅਣਖੀ ਤੇ ਸੂਝਵਾਨ ਗੱਭਰੂਆਂ ਵਲੋਂ ਮੁਲਕ ਦੇ ਗਲ ਪਏ ਗੁਲਾਮੀ ਦੇ ਸੰਗਲ ਕੱਟਣ ਵਾਸਤੇ ਹੱਸਦਿਆਂ ਫਾਂਸੀ ਦੇ ਰੱਸੇ ਚੁੰਮਣੇ ਆਦਿ ਇਹਨੂੰ ਕਹਿੰਦੇ ਹਨ ਨੈਤਿਕਤਾ, ਲੋਕ ਦਰਦ ਅਤੇ ਸਹਿਣਸ਼ੀਲਤਾ। ਇਹ ਹੈ ਭਾਰਤ ਦੇ ਸੂਰਬੀਰਾਂ ਵਲੋਂ ਸਿਰਜੀ ਅਸਲੀ ਰਵਾਇਤ ਅਣਖੀ ਤੇ ਸੂਝ ਭਰਪੂਰ।
ਜਦੋਂ ਵੀ ਬ੍ਰਾਹਮਣੀ ਸੋਚ/ਸੰਸਕਾਰਾਂ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਮਨੁੱਖਤਾ ਨੂੰ ਪਾੜਦੀ, ਇਨਸਾਨਾਂ ਦਰਮਿਆਨ ਇਕ ਦੂਜੇ ਪ੍ਰਤੀ ਨਫਰਤ ਪੈਦਾ ਕਰਦੀ ਨਜ਼ਰ ਆਉਂਦੀ ਹੈ। ਔਰਤ ਦਾ ਸਭ ਤੋਂ ਵੱਧ ਅਪਮਾਨ ਇਸੇ ਸੋਚ ਦੇ ਧਾਰਨੀ ਲੋਕਾਂ ਨੇ ਹੀ ਕੀਤਾ ਹੈ। ਔਰਤ ਨੂੰ ਸ਼ਰਮ-ਹਯਾ ਦਾ ਪਾਠ ਪੜ੍ਹਾਉਣ ਵਾਲੇ ਵਿਹਲੜ, ਨਿਕੰਮੇ, ਠਰਕੀ ਅਤੇ ਅੱਯਾਸ਼ ਕਿਸਮ ਦੇ Ḕਮਹਾਂਪੁਰਸ਼Ḕ ਔਰਤ ਨੂੰ ਜੂਏ ਵਿਚ ਦਾਅ ‘ਤੇ ਲਾਉਣ ਅਤੇ ਹਾਰਨ ਵਰਗਾ ਕੁਕਰਮ ਵੀ ਕਰਦੇ ਰਹੇ ਹਨ। ਇਹ ਹੀ ਹਨ, ਸ਼ਰਮਾਂ ਵਾਲੇ ਨੈਤਿਕਤਾ ਦੇ ਵੱਡੇ ਠੇਕੇਦਾਰ? ਕਦੇ ਆਪਣੇ ਆਪ ਨੂੰ ਭਗਵਾਨ ਕਹਾਉਣ ਵਾਲੇ ਆਪਣੀ ਹੀ ‘ਅਰਧਾਂਗਨੀ’ (ਪਤਨੀ) ਨੂੰ ਸ਼ੱਕੀ ਸਮਝ ਕੇ ਅਗਨੀ ਪ੍ਰੀਖਿਆ ਦੇਣ ਵਾਸਤੇ ਆਖਦੇ ਰਹੇ। ਇਹਤੋਂ ਵੱਡਾ ਅਨਰਥ ਹੋਰ ਕੀ ਹੋ ਸਕਦਾ ਹੈ? ਇਹ ਤਾਂ ਭਾਰਤ ਦੇ ਭਰੱਪਣ ਭਰੇ ਸਾਂਝੇ ਲੋਕ ਸੱਭਿਆਚਾਰ ਦੇ ਇਤਿਹਾਸ ਉਤੇ ਪਏ ਕਾਲੇ ਧੱਬੇ ਹਨ। ਕਾਲੇ ਧੱਬਿਆਂ ਦੀ ਪੂਜਾ ਨਹੀਂ ਕੀਤੀ ਜਾ ਸਕਦੀ, ਦਲੀਲ ਨਾਲ ਪਰਖਦਿਆਂ ਇਨ੍ਹਾਂ ਨੂੰ ਨਕਾਰਨਾ ਸਮੇਂ ਦੀ ਵੱਡੀ ਲੋੜ ਹੈ।
ਸਮਾਜੀ ਰਹੁ-ਰੀਤਾਂ ਦੇ ਆਸਰੇ ਵੀ ਔਰਤ ਨੂੰ ਪਛਾੜਿਆ ਤੇ ਲਤਾੜਿਆ ਜਾਂਦਾ ਹੈ। ਔਰਤ ਦੇ ਪਤੀਵਰਤਾ ਹੋਣ ਦਾ ਸਬੂਤ ਦੇਣ ਖਾਤਰ ਵਿਆਹ ਵੇਲੇ ਇਕ ਮੰਗਲ ਸੂਤਰ (ਦਰਅਸਲ ਇਹ ਸੰਗਲ ਸੂਤਰ ਹੈ, ਪਸ਼ੂਆਂ ਦੇ ਗਲ ਵਿਚ ਸੰਗਲ ਪਾਇਆ ਜਾਂਦਾ ਹੈ ਤੇ ਔਰਤਾਂ ਦੇ ਗਲ ਵਿਚ ਸੰਗਲ-ਸੂਤਰ) ਪਾਇਆ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਇਹ ਪਸ਼ੂਆਂ ਦੇ ਗਲ ਵਿਚ ਪਾਏ ਜਾਂਦੇ ਡਾਹੇ ਦਾ ਹੀ ਸੁਧਰਿਆ ਰੂਪ ਹੈ। ਕੀ ਔਰਤ ਦੇ ਗਲ ਵਿਚ ਮੰਗਲ ਸੂਤਰ ਪਾਉਣਾ ਉਸ ਦੀ ਵਫਾਦਾਰੀ ਅਤੇ ਪ੍ਰੇਮ ਉਤੇ ਸ਼ੱਕ ਨਹੀਂ? ਮਰਦ ਪਤਨੀਵਰਤਾ (ਪਤਨੀ ਦਾ ਵਫਾਦਾਰ) ਵਜੋਂ ਗਲ ਵਿਚ ਕਿਉਂ ਕੁੱਝ ਨਹੀਂ ਪਾਉਂਦਾ? ਕੀ ਮਰਦ ਵਾਸਤੇ ਸਭ ਕੁੱਝ ਜਾਇਜ਼ ਹੈ, ਉਹ ਸਿਆਹ ਕਰੇ ਜਾਂ ਸੁਆਹ? ਪ੍ਰੇਮ ਅਤੇ ਵਫਾਦਾਰੀ ਤਾਂ ਇਕ ਦੂਜੇ ਪ੍ਰਤੀ ਦਿਲਾਂ ਦੇ ਸੌਦੇ ਹਨ, ਅਪਣੱਤ ਦੀਆਂ ਗੰਢਾਂ ਹਨ। ਸੱਚਾ ਪਿਆਰ ਤਾਂ ਦੋ ਦਿਲਾਂ ਵਿਚਲੀ ਸਾਂਝ ਦੀ ਖੁਸ਼ਬੋਈ ਹੈ। ਇਨ੍ਹਾਂ ਕੱਚੇ ਧਾਗਿਆਂ (ਪੈਸੇ ਵਾਲੇ ਬੇਹੱਦ ਕੀਮਤੀ ਸੋਨੇ ਦੇ ਹੀਰਿਆਂ ਜੜੇ ਵੀ ਪਾਉਂਦੇ ਹਨ) ਤੋਂ ਬਿਨਾ ਆਪਸੀ ਵਿਸ਼ਵਾਸ ਡੋਲਣ ਨਹੀਂ ਲੱਗਾ, ਅਤੇ ਇਸ ਪਖੰਡ ਤੋਂ ਬਿਨਾ ਪ੍ਰੇਮ ਖਿਲਰਨ ਨਹੀਂ ਲੱਗਾ। ਇਹ ਤਾਂ ਸਿਰਫ ਔਰਤ ਨੂੰ ਹੀਣੀ ਕਰਨ ਦਾ ਸ਼ਰਾਰਤੀਆਂ ਵਲੋਂ ਕਮੀਨਗੀ ਭਰਿਆ ਸੁਚੇਤ ਯਤਨ ਹੀ ਹੈ। ਇਸੇ ਤਰ੍ਹਾਂ ਔਰਤ ਦੇ ਨੱਕ ਵਿਚ ਪਾਏ ਕੋਕੇ ਅਤੇ ਨੱਥ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ। ਨੱਥ ਵੀ ਪਸ਼ੂਆਂ ਖਾਸ ਕਰਕੇ ਬਲਦਾਂ ਅਤੇ ਝੋਟਿਆਂ ਦੇ ਨੱਕ ਵਿਚ ਪਾਈ ਜਾਂਦੀ ਹੈ। ਇਸ ਤਰ੍ਹਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਹ ਮਰਦ ਪ੍ਰਧਾਨ ਸਮਾਜ ਅੰਦਰਲੀ ਭੈੜੀ ਅਤੇ ਬੌਣੀ ਸੋਚ ਵਲੋਂ ਔਰਤ ਨੂੰ ਹੀਣਾ ਕਰਨ ਵਲ ਤੁਰਦੇ ਕਦਮ ਹਨ। ਕਈ ਵਾਰ ਇਸ ਨੂੰ ‘ਬਹੁਤੇ ਸਿਆਣੇ’ ਹਿੰਦੂ ਰਹੁ-ਰੀਤਾਂ ਵੀ ਆਖ ਦਿੰਦੇ ਹਨ। ਜੋ ਕੁੱਝ ਵੀ ਹੋਵੇ ਪਰ ਇਹ ਸੱਚ ਨਹੀਂ, ਨਿਰਾ ਝੂਠ ਹੈ, ਦੰਭ ਹੈ, ਪਖੰਡ ਹੈ। ਇਹ ਭੰਡਣ ਯੋਗ ਤੋਂ ਵੀ ਅੱਗੇ ਨਕਾਰਨ ਯੋਗ ਹੈ। ਮਾਂਵਾਂ, ਭੈਣਾਂ, ਧੀਆਂ ਦਾ ਇਹ ਅਪਮਾਨ ਕਦੋਂ ਤੱਕ, ਆਖਰ ਕਦੋਂ ਕੁ ਤੱਕ ਹੁੰਦਾ ਰਹੇਗਾ? ਔਰਤਾਂ ਵਲੋਂ ਵਰਤਮਾਨ ਦੇ ਹਾਣ ਦਾ ਹੋ ਕੇ ਜਿਉਣ ਵਾਸਤੇ, ਆਪਣੇ ਸਵੈਮਾਣ ਦੀ ਰਾਖੀ ਲਈ ਇਹੋ ਜਿਹੇ ਪਖੰਡਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੈ।
ਇਕ ਹੋਰ ਭੈੜੀ ਰੀਤ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਔਰਤ ਨੂੰ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਵਰਤ ਰੱਖਣ (ਕਰਵਾ ਚੌਥ ਆਦਿ) ਦਾ ਆਦੇਸ਼ ਹੈ। ਪਰਦੇਸ ਵਸਦੇ ਭਾਰਤੀ ਭਾਈਚਾਰੇ ਵਿਚ ਇਸ ਵਰਤਾਰੇ ਬਾਰੇ ਬੜਾ ਕੁੱਝ ਸੁਣਨ ਨੂੰ ਮਿਲਦਾ ਹੈ ਜਿਵੇਂ, ਕੋਈ ਬੀਬੀ ਤੜਕੇ ਹੀ ਉਠ ਕੇ, ਲਾਈਟ ਜਗਾ ਕੇ ਘਰ ਦੇ ਅੰਦਰ ਇੱਧਰ-ਉਧਰ ਫਿਰਨ ਲੱਗੀ। ਉਹ ਕਰਵਾ ਚੌਥ ਦਾ ਵਰਤ ਰੱਖਣ ਦੀ ਤਿਆਰੀ ਕਰ ਰਹੀ ਸੀ। ਸੁੱਤੇ ਪਏ ਉਸ ਦੇ ਘਰ ਵਾਲੇ ਦੀ ਅੱਖ ਖੁੱਲ੍ਹ ਗਈ ਤਾਂ ਕਹਿਣ ਲੱਗਾ, ਭਾਗਵਾਨੇ ਕੀ ਗੱਲ ਐ, ਘੜੀ ਸੌਂ ਲੈਣ ਦੇ ਫੇਰ ਕੰਮ ‘ਤੇ ਵੀ ਜਾਣਾ ਹੈ। ਬੀਬੀ ਜੋ ਪਹਿਲਾਂ ਹੀ ਖਪੀ ਪਈ ਸੀ, ਕਹਿਣ ਲੱਗੀ, ‘ਚੁੱਪ ਕਰਕੇ ਪਏ ਰਹੋ, ਤੁਹਾਡਾ ਹੀ ਸਿਆਪਾ ਕਰ ਰਹੀ ਹਾਂ।’ ਇਸ ਦਾ ਭਾਵ ਸਮਝਣਾ ਸਮਝਾਉਣਾ ਔਖਾ ਨਹੀਂ।
ਕੀ ਕਦੇ ਕਿਸੇ ਪਤੀ ਨੇ ਵੀ ਆਪਣੀ ਪਤਨੀ ਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ ਹੈ? ਜੇ ਨਹੀਂ ਤਾਂ ਔਰਤ ਦੇ ਗਲ ਮੱਲੋਜ਼ੋਰੀ ਦਾ ਇਹ ਫਾਹਾ ਕਿਉਂ ਪਾਇਆ ਗਿਆ ਹੈ? ਇਸ ਪੱਖਪਾਤ ਅਤੇ ਮਰਦ ਔਰਤ ਦੇ ‘ਵਰਤਾਂ ਬੱਧੇ ਰਿਸ਼ਤੇ’ ਵਾਲੀ ਅਸਮਾਨਤਾ ਵਿਚੋਂ ਘ੍ਰਿਣਾ ਦੀ ਬੋਅ ਆਉਂਦੀ ਹੈ। ਨਾ ਇਹਦੇ ਨਾਲ ਰਿਸ਼ਤੇ ਵਿਚ ਪਕਿਆਈ ਆਉਣ ਦੀ ਕੋਈ ਸੰਭਾਵਨਾ ਹੁੰਦੀ ਹੈ, ਨਾ ਕਿਸੇ ਦੀ ਉਮਰ ਲੰਬੀ ਹੋ ਜਾਣ ਦੀ ਗਾਰੰਟੀ। ਥਾਲੀ ਵਿਚ ਪਾਏ ਪਾਣੀ ਜਾਂ ਛਾਨਣੀ ਵਿਚੋਂ ਚੰਨ ਸਾਫ ਨਹੀਂ ਘਸਮੈਲਾ ਹੀ ਨਜ਼ਰ ਆਵੇਗਾ, ਭਾਵੇਂ ਲੱਖ ਵਾਰ ਵੇਖੋ।
ਪਰਦੇਸ ਵਸਦੇ (ਦੇਸ ਵਿਚ ਵੀ ਵੱਖਰਾ ਨਹੀਂ) ਭਾਰਤੀ ਲੋਕਾਂ ਵਿਚੋਂ ਜਿਹੜੇ ਹਿੰਦੂ ਮੱਤ ਦੇ ਧਾਰਨੀ ਹਨ, ਉਨ੍ਹਾਂ ਵਿਚਲੀ ਵੱਡੀ ਗਿਣਤੀ ਕਾਫੀ ਸਾਰੀਆਂ ਮਾੜੀਆਂ ਰਹੁ-ਰੀਤਾਂ ਨਾਲ ਹੀ ਚੁੱਕੀ ਫਿਰਦੇ ਹਨ। ਦੇਸ ਤੇ ਪਰਦੇਸ-ਦੋਹੀਂ ਥਾਂਈਂ ਬਹੁਤੀਆਂ ਔਰਤਾਂ ਬੇਸਮਝੀ ਵਿਚ ਹੀ ਸੋਨੇ ਦੇ ਮੋਟੇ ਮੋਟੇ ‘ਸੰਗਲ ਸੂਤਰ’ ਗਲਾਂ ਵਿਚ ਲਟਕਾਈ ਫਿਰਦੀਆਂ ਮਿਲਣਗੀਆਂ। ਇਨ੍ਹਾਂ ਵਿਚ ਸਾਰੀਆਂ ਹਿੰਦੂ ਔਰਤਾਂ ਹੀ ਨਹੀਂ, ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਗੁਰਦੁਆਰਿਆਂ ਵਿਚ ਵੀ ਦੇਖੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇ ਕਿਸੇ ਵੀ ਨਾਮ ਲੇਵਾ ਤੋਂ ਕਦੇ ਵੀ ਅਜਿਹੀ ਆਸ ਨਹੀਂ ਰੱਖੀ ਜਾ ਸਕਦੀ ਪਰ ਇਹ ਹੋ ਰਿਹਾ ਹੈ। ਦੁੱਖ ਹੁੰਦਾ ਹੈ ਜਦੋਂ ਸਦੀਆਂ ਪਹਿਲਾਂ ਝੂਠ, ਦੰਭ, ਪਖੰਡ ਤੇ ਹਰ ਕਿਸਮ ਦੀਆਂ ਬੋਦੀਆਂ ਰਸਮਾਂ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਬਾਬੇ ਨਾਨਕ ਦੇ ਪੈਰੋਕਾਰ ਵੀ ਇਸ ਰਾਹੇ ਤੁਰੇ ਫਿਰਦੇ ਨਜ਼ਰ ਆਉਂਦੇ ਹਨ। ਵਿਆਹਾਂ ਮੌਕੇ ਵੀ ਇਹ ਤਮਾਸ਼ਾ ਕਾਫੀ ਵੱਡੇ ਪੱਧਰ ‘ਤੇ ਹੁੰਦਾ ਹੈ।
ਮਾਂਵਾਂ-ਭੈਣਾਂ-ਧੀਆਂ ਦੇ ਸੋਚਣ ਦਾ ਵੇਲਾ ਹੈ। ਆਪਣੀ ਹੋਂਦ ਨੂੰ ਖੋਰਾ ਲਾਉਣ ਦਾ ਜਾਂ ਆਪਣੀ ਹੀ ਕਦਰ ਘਟਾਈ ਕਰਨ ਦਾ ਜਤਨ ਬਿਲਕੁਲ ਨਹੀਂ ਕਰਨਾ ਚਾਹੀਦਾ। ਅਜਿਹੇ ਯਤਨਾਂ ਵਿਚ ਸ਼ਰੀਕ ਹੋਣ ਤੋਂ ਇਨਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਯਤਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਹਰ ਕਦਮ ਦਾ ਜੋਰਦਾਰ ਵਿਰੋਧ ਵੀ ਹੋਣਾ ਚਾਹੀਦਾ ਹੈ। ਸੱਚ ਭਰਿਆ ਅਜਿਹਾ ਵਿਰੋਧ ਹੀ ਬੀਬੀਆਂ ਦੇ ਵਿਕਾਸ ਦਾ ਅਸਲ ਨੁਕਤਾ ਹੈ। ਅਸਲੋਂ ਸਮਝਣ ਵਾਲਾ ਮਸਲਾ ਇਹ ਹੈ ਕਿ ਤੁਹਾਡੇ ਗਲਾਂ ਵਿਚ ਪਾਇਆ ਇਹ ਸ਼ਰਾਰਤੀ ‘ਮੰਗਲ ਸੂਤਰ’ ਦਰਅਸਲ ‘ਸੰਗਲ ਸੂਤਰ’ ਹੈ, ਜੋ ਤੁਹਾਡੀ ਅਜਾਦ ਸ਼ਖਸੀਅਤ, ਤੁਹਾਡੇ ਸਵੈਮਾਣ ਅਤੇ ਤੁਹਾਡੇ ਬਹੁ ਪੱਖੀ ਵਿਕਾਸ ਦੇ ਰਾਹ ਦਾ ਵੱਡਾ ਰੋੜਾ ਹੈ। ਮਰਦ ਪ੍ਰਧਾਨ ਸਮਾਜ ਅੰਦਰਲੀ ਮਾੜੀ ਸੋਚ ਵਲੋਂ ਧੱਕੇ ਨਾਲ ਤੁਹਾਡੇ ਉਤੇ ਲੱਦੀ ਗਈ ਇਸ ਸੋਚਧਾਰਾ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਇਹ ਆਪਣੇ ਹੱਥੀਂ ਆਪਣਾ ਅਪਮਾਨ ਹੀ ਨਹੀਂ ਸਗੋਂ ਇਹ ਤਾਂ ਜਿੰਦ ਦਾ ਖੌਅ ਹੈ।