ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਨੇ ਮਾਂ ਦੀ ਮਮਤਾ ਅਤੇ ਉਸ ਦੇ ਤੁਰ ਜਾਣ ਉਪਰੰਤ ਪੈਦਾ ਹੋਏ ਖਲਾਅ ਦੀ ਗੱਲ ਕੀਤੀ ਸੀ।
ਉਨ੍ਹਾਂ ਦੇ ਸ਼ਬਦਾਂ ਵਿਚੋਂ ਅਜਿਹਾ ਦਰਦ ਉਭਰਦਾ ਹੈ ਕਿ ਸ਼ਬਦ ਸਿੰਮਦੇ ਮਹਿਸੂਸ ਹੁੰਦੇ ਹਨ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਬਜ਼ੁਰਗਾਂ ਦਾ ਆਦਰ ਮਾਣ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਹੈ ਕਿ ਬੱਚੇ ਜਦ ਬਜ਼ੁਰਗਾਂ ਦੇ ਚਾਅ ਮਨਾਉਂਦੇ ਨੇ ਤਾਂ ਮਾਪਿਆਂ ਦੀ ਉਮਰ ਵਧ ਜਾਂਦੀ ਏ ਅਤੇ ਉਨ੍ਹਾਂ ਦੇ ਸਾਹਾਂ ਵਿਚ ਰਵਾਨਗੀ ਤੇ ਜਿਉਣ ਦਾ ਚਾਅ ਮਿਉਂਦਾ ਨਹੀਂ। ਉਨ੍ਹਾਂ ਲਈ ਜਿਉਣਾ ਇਕ ਮੇਲਾ।æææਬਜ਼ੁਰਗਾਂ ਦੀ ਬੇਇਜ਼ਤੀ, ਨਾ-ਮੁਆਫੀਯੋਗ ਗੁਨਾਹ, ਨਾ ਬਖਸ਼ਿਆ ਜਾਣ ਵਾਲਾ ਪਾਪ। ਉਨ੍ਹਾਂ ਦੀ ਬੇਹੁਰਮਤੀ ਵਿਚ ਸਾਡੀ ਨੀਚਤਾ, ਜੱਗ-ਜ਼ਾਹਰ। ਯਾਦ ਰੱਖਣਾ, ਬਜ਼ੁਰਗਾਂ ਨੇ ਸਦਾ ਬੈਠੇ ਨਹੀਂ ਰਹਿਣਾ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਮੌਤ ਦੀ ਭਿਆਨਕਤਾ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਬਹੁਤ ਦੁੱਖਦਾਈ ਹੁੰਦਾ ਹੈ, ਕਿਸੇ ਪਿਆਰੇ ਦਾ ਤੁਰ ਜਾਣਾ।æææਪਲ ਪਲ ਕਰਕੇ ਕਿਰਦੇ ਸਾਹਾਂ ਦੀ ਵੇਦਨਾ, ਉਮਰ ਦੀ ਦਹਿਲੀਜ ‘ਤੇ ਛਿੜਕਿਆ ਦਰਦ। ਅੱਖਾਂ ਸਾਹਵੇਂ ਪਿਆਰੇ ਦੀ ਸਦੀਵੀ ਉਡਾਰੀ ‘ਚ ਉਸ ਦੇ ਪਰਤਣ ਦੀ ਮੋਈ ਆਸ, ਤੁਹਾਡੀਆਂ ਕਰਮ-ਰੇਖਾਵਾਂ ‘ਚ ਤਿੜਕਣ ਬੀਜ ਜਾਂਦੀ ਏ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਤੜਕਸਾਰ ਦਾ ਸਮਾਂ। ਸਵੇਰ ਦੇ ਤਿੰਨ ਵਜੇ ਨੇ। ਅੱਬੜਵਾਹੇ ਉਠਦਾ ਹਾਂ। ਮਾਂ ਨੂੰ ਲੱਗੀ ਹੋਈ ਅੱਚਵੀ ਅਤੇ ਆ ਰਿਹਾ ਔਖਾ ਸਾਹ। ਬਰਫ ‘ਚ ਲੱਗੇ ਪੈਰ। ਬਹੁਤ ਧੀਮੀ ਚੱਲ ਰਹੀ ਨਬਜ਼। ਨੀਮ ਬੇਹੋਸ਼ੀ ‘ਚ ਕੁਝ ਬੁੜਬੁੜਾਉਂਦੀ। ਹੱਥ ਦੇ ਇਸ਼ਾਰੇ ਨਾਲ ‘ਕੁਝ ਨਹੀਂ ਹੋਇਆ’ ਸਮਝਾਉਂਦੀ, ਪਰ ਅਸਲ ‘ਚ ਮਾਂ ਹੌਲੀ ਹੌਲੀ ਸਾਥੋਂ ਦੂਰ ਜਾ ਰਹੀ। ਸਰੀਰ ਵਿਚ ਜਿਵੇਂ ਦਮ ਹੀ ਨਾ ਹੋਵੇ। ਅਜੇ ਚਾਰ ਦਿਨ ਪਹਿਲਾਂ ਤਾਂ ਭਤੀਜੇ ਦੇ ਵਿਆਹ ‘ਚ ਡੰਗੋਰੀ ਖੜਕਾਉਂਦੀ ਰਹੀ ਸੀ ਅਤੇ ਕੱਲ ਹੀ ਪਿੰਡ ਵਿਆਹ ਦੀ ਭਾਜੀ ਵੰਡ ਕੇ ਆਈ ਏ। ਪਤਾ ਨਹੀਂ ਦੋ ਕੁ ਦਿਨਾਂ ‘ਚ ਸਦੀਵੀ ਯਾਤਰਾ ਦੇ ਰਾਹ ਤੁਰਨ ਲਈ ਤਿਆਰ ਲੱਗਦੀ ਏ ਮਾਂ। ਡਾਕਟਰ ਨੂੰ ਨਬਜ਼ ਨਹੀਂ ਲੱਭਦੀ। ਡਾਕਟਰ ਦਾ ਕਹਿਣਾ ਏ, “ਦਿਲ ਦੀ ਧੜਕਣ ਹੌਲੀ ਹੌਲੀ ਬੰਦ ਹੋ ਰਹੀ ਏ। ਮੈਂ ਬੇਬੱਸ ਹਾਂ। ਕੋਸ਼ਿਸ਼ ਕਰ ਲਓ। ਦਿਲ ਦੇ ਰੋਗਾਂ ਦੇ ਹਸਪਤਾਲ ਲੈ ਜਾਓ, ਸ਼ਾਇਦ ਬਚ ਜਾਵੇ। ਪਰ ਪਹੁੰਚ ਗਈ ਤਾਂæææ!”
ਡਾਕਟਰ ਨੂੰ ਪਤਾ ਏ ਕਿ ਮਾਂ ਆਖਰੀ ਸਫਰ ‘ਚ ਏ ਅਤੇ ਉਸ ਦੇ ਸਾਹਾਂ ਦੀ ਤੰਦ ਹੌਲੀ ਹੌਲੀ ਟੁੱਟ ਰਹੀ ਪਰ ਉਹ ਸਾਡਾ ਦਿਲ ਨਹੀਂ ਤੋੜਨਾ ਚਾਹੁੰਦਾ। ਮਾਂ ਦੇ ਨਾਲ ਨਾਲ ਹੀ ਟੁੱਟ ਰਹੇ ਨੇ ਸਾਹਾਂ ਵਰਗੇ ਸਬੰਧ, ਜਿਗਰੇ ਜਿਹੀਆਂ ਰਿਸ਼ਤੇਦਾਰੀਆਂ ਅਤੇ ਉਮਰਾਂ ਵਰਗੀਆਂ ਸਾਂਝਾਂ। ਹੂੰਗਰ ਵਰਗੇ ਸਾਹ ਲੈਂਦੀ ਮਾਂ ਹਸਪਤਾਲ ਤਾਂ ਪਹੁੰਚ ਜਾਂਦੀ ਏ ਅਤੇ ਆਖਰੀ ਸਾਹ ਡਾਕਟਰ ਦੀ ਹਾਜਰੀ ਵਿਚ ਲੈਂਦੀ ਏ। ਸ਼ਾਇਦ ਉਸ ਦੇ ਆਖਰੀ ਵਕਤ ਦਾ ਨਿਸ਼ਚਿਤ ਸਮਾਂ, ਸਥਾਨ ਅਤੇ ਸਬੱਬ ਮਿਲ ਗਏ ਸਨ। ਮਾਂ ਆਖਰੀ ਸਾਹ ਸਮੇਟਦੀ, ਦੁਨਿਆਵੀ ਸਫਰ ਨੂੰ ਪੂਰਾ ਕਰ, ਵੱਸਦੇ ਰਸਦੇ ਪਰਿਵਾਰ ਨੂੰ ਦੁਆਵਾਂ ਦਿੰਦੀ, ਕੁਝ ਪੂਰਨ ਅਤੇ ਕੁਝ ਅਪੂਰਨ ਆਸਾਂ ਦੀ ਝੋਲ ਭਰ, ਸੁਪਨਿਆਂ ਦੇ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਜਾਂਦੀ ਏ।
ਬੜਾ ਕਸ਼ਟਮਈ ਹੁੰਦਾ ਏ, ਤੁਹਾਡੇ ਪਿਆਰੇ ਦਾ ਰੇਤ ਵਾਂਗ ਤੁਹਾਡੇ ਹੱਥਾਂ ‘ਤੋਂ ਕਿਰ ਜਾਣਾ। ਤੁਹਾਡੇ ਵਿੰਹਦਿਆਂ ਵਿੰਹਦਿਆਂ ਛਪਨ ਹੋ ਜਾਣਾ। ਤੁਹਾਡੇ ਸਾਹਵੇਂ ਅਲੋਪ ਹੋ ਜਾਣਾ ਅਤੇ ਆਪਣੇ ਆਪ ਨੂੰ ਇਕ ਖਲਾਅ ਦੀ ਪੂਰਤੀ ਲਈ ਉਲਝਾਉਣਾ।
ਜ਼ਿੰਦਗੀ ਦੇਣ ਵਾਲੇ ਪਲ ਤਾਂ ਇਕ ਸੁਖਨ ਹੁਲਾਰਾ, ਪਰ ਜ਼ਿੰਦਗੀ ਲੈਣ ਵਾਲੇ ਪਲ ਸਾਹਾਂ ਦੀ ਤਲੀ ‘ਤੇ ਦਰਦ ਕੁਆਰਾ। ਸਾਹਾਂ ‘ਚ ਆਹਾਂ ਉਗਾਉਣਾ, ਜ਼ਿੰਦਗੀ ਨੂੰ ਆਪਨੜੇ ਹੱਥੀਂ ਸਮੇਟਣਾ।
ਤੁਰਦੇ ਪਲਾਂ ਨੂੰ ਕਿਸੇ ਨਾ ਫੜਿਆ ਅਤੇ ਨਾ ਹੀ ਕਿਸੇ ਨੇ ਭਵਿੱਖ ਦਾ ਮੱਥਾ ਪੜ੍ਹਿਆ। ਪਲ ਪਲ ਕਰਕੇ ਆਉਂਦੀ ਮੌਤ ਦਾ ਪ੍ਰਛਾਵਾਂ, ਜ਼ਰਦ ਪਲਾਂ ਦੀਆਂ ਵਿਛੀਆਂ ਛਾਂਵਾਂ।
ਬਿਰਖ ਦੀ ਅਉਧ, ਉਸ ਦੇ ਪੱਤਿਆਂ, ਫਲਾਂ ਅਤੇ ਫੁੱਲਾਂ ਸਦਕਾ। ਪੱਤਰ ਵਿਹੂਣਾ ਬਿਰਖ, ਕਾਹਦੀ ਆਸ ਬੰਨਾਵੇ, ਕਿਹੜੀ ਰੁੱਤੋਂ ਫੁੱਲ ਲਿਆਵੇ ਅਤੇ ਕਿਹੜੇ ਵਿਹੜਿਆਂ ‘ਚੋਂ ਫਲਾਂ ਦਾ ਸੰਧਾਰਾ ਲੈ ਕੇ ਆਵੇ! ਨੰਗੇ ਬਿਰਖ ਤੋਂ ਤਾਂ ਪਰਿੰਦੇ ਵੀ ਡਰਦੇ ਅਤੇ ਇਕ ਹਉਕਾ ਫਿਜ਼ਾ ਦੇ ਨਾਮ ਕਰਦੇ। ਜੇ ਬਿਰਖ ਹੀ ਤੁਰ ਜਾਵੇ ਤਾਂ ਜੰਗਲ ‘ਚ ਵਿਛਦੀ ਸੋਗ ਦੀ ਸਫ।
ਪਲ ਪਲ ਕਰਕੇ ਕਿਰਦੇ ਸਾਹਾਂ ਦੀ ਵੇਦਨਾ, ਉਮਰ ਦੀ ਦਹਿਲੀਜ ‘ਤੇ ਛਿੜਕਿਆ ਦਰਦ। ਅੱਖਾਂ ਸਾਹਵੇਂ ਪਿਆਰੇ ਦੀ ਸਦੀਵੀ ਉਡਾਰੀ ‘ਚ ਉਸ ਦੇ ਪਰਤਣ ਦੀ ਮੋਈ ਆਸ, ਤੁਹਾਡੀਆਂ ਕਰਮ-ਰੇਖਾਵਾਂ ‘ਚ ਤਿੜਕਣ ਬੀਜ ਜਾਂਦੀ ਏ।
ਬਹੁਤ ਔਖਾ ਹੁੰਦਾ ਏ, ਉਮਰ ਲਈ ਲੋਚਦੇ ਸਾਹਾਂ ਦੀ ਡੋਰ ਦਾ ਅੱਧਵਾਟੇ ਟੁੱਟ ਜਾਣਾ ਅਤੇ ਸਾਰੀ ਉਮਰ ਦਾ ਪਛਤਾਵਾ, ਅਉਧ ਦੇ ਨਾਂਵੇਂ ਕਰ ਜਾਣਾ। ਸੁਪਨੇ ਬੀਜਣ ਦੀ ਰੁੱਤੇ ਜਦ ਸੁਪਨਿਆਂ ਦੀ ਅਰਥੀ ਦਾ ਭਾਰ ਢੋਣਾ ਪਵੇ ਤਾਂ ਸੰਤਾਪੇ ਸੁਪਨੇ ਨੂੰ ਸੁਪਨੇ ਕਹਿਣਾ ਹੀ ਸਭ ਤੋਂ ਵੱਡਾ ਗੁਨਾਹ ਬਣ ਜਾਂਦਾ ਏ। ਅਲੂਈਂ ਉਮਰੇ ਜਦ ਸਾਹ ਬੇਵਫਾ ਹੋ ਜਾਣ ਤਾਂ ਰੱਬ ਨੂੰ ਉਲਾਹਮਾ ਦੇਣ ਨੂੰ ਜੀਅ ਕਰਦਾ ਏ। ਐਕਸੀਡੈਂਟ ‘ਚ ਸਿਰ ਦੀ ਸੱਟ ਲੱਗਣ ਕਾਰਨ, ਸੋਲਾਂ ਸਾਲ ਦਾ ਜੁਆਕ ਬੇਸੁਰਤ ਹਸਪਤਾਲ ਦੇ ਇੰਟੈਸਿਵ ਕੇਅਰ ਯੂਨਿਟ ਵਿਚ ਦਾਖਲ। ਮਾਂ-ਬਾਪ, ਭੈਣ-ਭਰਾ ਅਤੇ ਸਕੇ ਸਬੰਧੀਆਂ ਨੂੰ ਨੇੜੇ ਜਾਣ ਦੀ ਮਨਾਹੀ। ਬੇਹੋਸ਼ੀ ਟੁੱਟਣ ਦਾ ਨਾਮ ਨਹੀਂ ਲੈ ਰਹੀ ਅਤੇ ਸੁੱਕ ਰਹੇ ਨੇ ਹਰ ਇਕ ਦੀਆਂ ਆਂਦਰਾਂ ਦੇ ਸਾਹ। ਡਾਕਟਰ ਆਪਣੀ ਪੂਰੀ ਵਾਹ ਲਾ ਰਹੇ ਨੇ ਅਤੇ ਕਈ ਦਿਨਾਂ ਦੀ ਜਦੋ-ਜਹਿਦ ਤੋਂ ਬਾਅਦ ਆਖਰ ਜ਼ਿੰਦਗੀ ਹਾਰ ਗਈ ਅਤੇ ਮੌਤ ਜਿੱਤ ਗਈ। ਇਕ ਸੁਪਨਾ ਸਦਾ ਲਈ ਟੁੱਟ ਗਿਆ। ਇਕ ਆਸ ਬੇਆਸ ਹੋ ਗਈ। ਆਸਥਾ ਬੇਹੀ ਹੋ ਗਈ ਅਤੇ ਚਾਵਾਂ ਦੀ ਦੁਨੀਆਂ ‘ਚ ਵੀਰਾਨਗੀ।
ਜਦ ਕੋਈ ਅਣਕਿਆਸਿਆ ਅਤੇ ਅਣਕਿਹਾ ਵਾਪਰਦਾ ਏ ਤਾਂ ਬਹੁਤ ਕੁਝ ਤਿੜਕ ਜਾਂਦਾ ਏ। ਟੁੱਟ ਜਾਂਦੇ ਨੇ ਤਸੱਵਰ, ਲੀਰੋ-ਲੀਰ ਹੋ ਜਾਂਦੇ ਨੇ ਵਿਸਮਾਦੀ ਚਾਅ, ਉਗ ਆਉਂਦਾ ਏ ਵੱਸਦੇ ਚੌਂਕਿਆਂ ‘ਚ ਘਾਹ, ਜਿਉਣਾ ਤੁਰ ਪੈਂਦਾ ਏ ਕਬਰਾਂ ਦੇ ਰਾਹ ਅਤੇ ਜ਼ਰਦਈ ਰੰਗਤ ਵਿਚ ਰੰਗੀ ਜਾਂਦੀ ਏ ਸੁਰਖ-ਭਾਅ। ਅਕਾਰਥ ਜਾਪਦਾ ਏ ਜੀਣਾ ਅਤੇ ਸਿਰਫ ਜਿਉਣ ਲਈ ਪੈਂਦਾ ਏ ਹਿਰਖ-ਸੋਗ ਦਾ ਘੁੱਟ ਪੀਣਾ।
ਅਜਿਹੇ ਸੋਗ ‘ਚੋਂ ਉਭਰਨਾ, ਕੰਡਿਆਲੇ ਰਾਹਾਂ ਦੀ ਪੈੜ ਵਰਗਾ, ਉਜਾੜ ਬੀਆਬਾਨ ‘ਚ ਮੰਗੀ ਹੋਈ ਖੈਰ ਵਰਗਾ, ਅਣਸੁਣੇ ਕਮਾਏ ਹੋਏ ਵੈਰ ਵਰਗਾ ਅਤੇ ਐਟਮ ਬੰਬਾਂ ਦੀ ਮਾਰ ਹੇਠ ਆਏ ਹੋਏ ਸ਼ਹਿਰ ਵਰਗਾ।
ਮੇਰਾ ਬਹੁਤ ਪਿਆਰਾ ਵਿਦਿਆਰਥੀ ਹੈ। ਜੀਵਨ ‘ਚ ਬਹੁਤ ਵੱਡੀ ਅਤੇ ਲੰਮੀ ਜਦੋਜਹਿਦ ਤੋਂ ਬਾਅਦ ਕੁਦਰਤ ਨੇ ਸਭ ਨਿਆਮਤਾਂ ਦਿੱਤੀਆਂ ਹੋਈਆਂ ਹਨ। ਖੁਸ਼ੀਆਂ ਖੇੜਿਆਂ ਭਰਪੂਰ ਜ਼ਿੰਦਗੀ ਜਿਉਂਦਾ, ਉਹ ਆਪਣੇ ਇਲਾਕੇ, ਮਾਪਿਆਂ ਅਤੇ ਬਿਗਾਨੇ ਦੇਸ਼ ਲਈ ਇਕ ਮਾਣ ਏ। ਬੜਾ ਮਨ ਪ੍ਰਸੰਨ ਹੁੰਦਾ, ਉਸ ਨੂੰ ਮਿਲ ਕੇ। ਅਚਾਨਕ ਹੀ ਉਸ ਦੀ ਢਾਈ ਕੁ ਸਾਲ ਦੀ ਬੱਚੀ ਦੇ ਫੇਫੜੇ ਵਿਚ ਕੈਂਸਰ ਦਾ ਪਤਾ ਲੱਗਦਾ ਏ। ਜਦ ਬਿਹਤਰੀਨ ਇਲਾਜ ਨਾਲ ਵੀ ਉਸ ਦਾ ਬਚਣਾ ਅਸੰਭਵ ਹੋ ਗਿਆ ਤਾਂ ਬੱਚੀ ਦੇ ਦਰਦ ਨੂੰ ਘਟਾਉਣ ਅਤੇ ਤੜਫਣੀ ਤੋਂ ਨਿਜਾਤ ਪਾਉਣ ਲਈ ਡਾਕਟਰਾਂ ਨੇ ਮਾਰਫੀਨ ਦੇ ਟੀਕੇ ਲਾਉਣੇ ਸ਼ੁਰੂ ਕਰ ਦਿਤੇ। ਅੱਖਾਂ ‘ਚ ਜੰਮ ਚੁਕੇ ਅੱਥਰੂ ਅਤੇ ਛਾਤੀ ‘ਚ ਮਰ ਚੁਕੀਆਂ ਹਿਚਕੀਆਂ ਦਾ ਭਾਰ ਢੋ ਰਹੀ ਬੱਚੀ ਦੀ ਮਾਂ ਦਾ ਕਹਿਣਾ ਸੀ, “ਮੈਂ ਆਪਣੀ ਕੁੱਖੋਂ ਜਾਈ ਦੀ ਮੌਤ ਦੀ ਦੁਆ ਨਹੀਂ ਸੀ ਬਣਨਾ ਚਾਹੁੰਦੀ ਅਤੇ ਮੇਰੇ ਕੋਲੋਂ ਮਾਰਫੀਨ ਦਾ ਟੀਕਾ ਕਈ ਦਿਨ ਨਾ ਲੱਗਿਆ ਕਿਉਂਕਿ ਮਾਰਫੀਨ ਦੇ ਟੀਕੇ ਦਾ ਮਤਲਬ ਸੀ ਆਪਣੀ ਲਾਡਲੀ ਨੂੰ ਹੌਲੀ ਹੌਲੀ ਮੌਤ ਦੀ ਪਨਾਹ ਵਿਚ ਲੈ ਕੇ ਜਾਣਾ। ਟੀਕਾ ਲਾਉਣ ਵੇਲੇ ਮੇਰੇ ਹੱਥ ਮੇਰਾ ਸਾਥ ਨਹੀਂ ਸੀ ਦਿੰਦੇ ਅਤੇ ਮੇਰੀ ਆਤਮਾ ਮੈਨੂੰ ਲਾਹਨਤਾਂ ਪਾਉਂਦੀ ਸੀ। ਮੈਂ ਹਰ ਰੋਜ ਆਪਣੀ ਬੇਟੀ ਦੇ ਪਿਆਰ ਦੀ ਸੰਘੀ ਘੁੱਟਦੀ ਰਹੀ। ਹਰ ਰੋਜ ਤਿੱਲ ਤਿੱਲ ਕਰਕੇ ਮਰ ਰਹੀ ਮੇਰੀ ਬੇਟੀ ਦੀਆਂ ਅੱਖਾਂ ਵਿਚ ਝਲਕਦੀ ਬੇਬਸੀ ਦੀ ਇਬਾਰਤ ਪੜ੍ਹਨ ਤੋਂ ਮੈਂ ਬੇਬੱਸ ਹੋ ਗਈ ਅਤੇ ਮੈਂ ਆਪਣੇ ਆਪ ਦੀ ਗੁਨਾਹਗਾਰ ਬਣੀ, ਆਪਣੀ ਆਂਦਰ ਦੀ ਮੌਤ ਦੀ ਅਰਦਾਸ ਬਣ ਗਈ। ਆਖਰ ਜਦ ਮੈਨੂੰ ਨਰਸ ਨੇ ਕਿਹਾ ਕਿ ਹੁਣ ਇਹ ਸਿਰਫ ਇਕ ਦਿਨ ਦੀ ਪ੍ਰਾਹੁਣੀ ਹੈ, ਇਸ ਦੀ ਫਿਊਨਰਲ ਵਗੈਰਾ ਦਾ ਇੰਤਜਾਮ ਕਰ ਲਓ ਤਾਂ ਮੇਰੀ ਸਾਰੀ ਹਿੰਮਤ ਜਵਾਬ ਦੇ ਗਈ ਅਤੇ ਮੈਂ ਨਰਸ ਨੂੰ ਹੀ ਕਿਹਾ ਕਿ ਤੂੰ ਆਪ ਹੀ ਸਭ ਕੁਝ ਕਰ ਦੇਹ। ਜਦ ਅਗਲੇ ਦਿਨ ਮੇਰੇ ਜਿਗਰ ਦੀ ਬੋਟੀ, ਮੈਥੋਂ ਸਦਾ ਲਈ ਵਿਛੜੀ ਤਾਂ ਮੇਰਾ ਰੋਣਾ ਵੀ ਮੈਨੂੰ ਜਵਾਬ ਦੇ ਗਿਆ। ਤਿੰਨ ਹਫਤਿਆਂ ਤੋਂ ਨਿਰੰਤਰ ਰੋਣਾ ਅੰਦਰ ਪਾਈ ਜਾ ਰਹੀ ਸਾਂ ਅਤੇ ਇਸ ਨੇ ਮੇਰੇ ਅੰਦਰਲੇ ਨੂੰ ਰਾਖ ਕਰ ਦਿੱਤਾ ਏ। ਰੱਬ ਕਿਸੇ ਨੂੰ ਅਜਿਹੇ ਇਮਤਿਹਾਨ ਵਿਚ ਨਾ ਪਾਵੇ ਕਿ ਆਪਣੇ ਸਾਹ ਦੀ ਸੰਘੀ ਆਪ ਹੀ ਨੱਪਣੀ ਪਵੇ ਅਤੇ ਨਾਲ ਹੀ ਰੂੰ ਵਰਗੇ ਬੋਟ ਦੀ ਅਰਥੀ ਦਾ ਮਣਾਂ-ਮੂੰਹੀਂ ਬੋਝ ਸਾਰੀ ਉਮਰ ਉਠਾਉਣਾ ਪਵੇ। ਇਕ ਚੁੱਪ ਮੇਰੇ ਅੰਦਰ ਪਸਰ ਗਈ ਅਤੇ ਇਕ ਚੁੱਪ ਇਸ ਘਰ ਵਿਚ ਫੈਲ ਗਈ ਏ ਜਿਥੇ ਕਦੇ ਉਸ ਨੰਨ੍ਹੀ ਦੇ ਮਾਸੂਮ ਬੋਲ ਗੁਟਕਦੇ ਸਨ। ਹੁਣ ਤਾਂ ਸਾਹਾਂ ਦੀ ਗਿਣਤੀ ਪੂਰੀ ਕਰਨ ਦਾ ਸਵਾਲ ਹੈ। ਜ਼ਿੰਦਗੀ ਨੂੰ ਜਿਉਣ ਦਾ ਖਿਆਲ ਤਾਂ ਮਨੋਂ ਹੀ ਨਿਕਲ ਗਿਆ ਏ।”
ਅਤੇ ਮੈਂ ਉਸ ਦੇ ਗਮ ਦੀ ਧਾਰਾ ‘ਚ ਵਹਿ, ਹੱਡੀਂ ਰਚ ਗਈਆਂ ਲੇਰਾਂ ਦੀ ਹਮਦਰਦੀ ਭਾਲਣ ਤੁਰ ਪਿਆ।
ਹੌਲੀ ਹੌਲੀ ਜਿਉਣ ਤੋਂ ਮੁਨਕਰ ਹੋ ਰਹੇ ਸਾਹਾਂ ਦਾ ਆਖਰੀ ਸਾਹ ਬਣਨਾ, ਆਪਣੇ ਕਦਮਾਂ ਨੂੰ ਕਬਰਾਂ ‘ਚ ਧਰਨਾ ਅਤੇ ਆਪਣਾ ਮਰਸੀਆ ਆਪ ਪੜ੍ਹਨਾ ਏ। ਮੌਤ ਦੇ ਪਰਛਾਵੇਂ ‘ਚ ਕੁਝ ਪਲਾਂ ਦਾ ਜਿਉਣਾ, ਦਰਦਮੰਦਾਂ ਦੀਆਂ ਆਹੀਂ, ਕਦੇ ਨਾ ਜੁੜਨ ਵਾਲੀਆਂ ਭੱਜੀਆਂ ਬਾਹੀਂ ਅਤੇ ਕੰਡਿਆਲੀ ਥੋਹਰ ਉਗਾਉਣੀ ਸਾਹੀਂ।
ਐ ਖੁਦਾਇਆ! ਮਰਨ ਵਰਗੀ ਮੌਤ ਹੋਵੇ ਤਾਂ ਪਰ ਪਲ ਪਲ ਕਰਕੇ ਮਰਨ ਪਲਾਂ ਨੂੰ ਜਰਨਾ ਸਭ ਤੋਂ ਅਸਹਿ। ਇਨ੍ਹਾਂ ਦੀ ਪੀੜਾ ਅਕਹਿ ਅਤੇ ਇਨ੍ਹਾਂ ਨੂੰ ਆਪਣੇ ਅੰਤਰੀਵ ‘ਚ ਜੀਰ ਕੇ, ਜ਼ਿੰਦਗੀ ਨੂੰ ਪਰਿਭਾਸ਼ਤ ਕਰਨਾ ਜੀਵਨ ਦੀ ਸਭ ਤੋਂ ਵੱਡੀ ਸਿਤਮਗੀਰੀ।
ਬੜਾ ਔਖਾ ਹੁੰਦਾ ਏ, ਕਿਸੇ ਦੇ ਦਰਦਾਂ ਨੂੰ ਦੇਖਣਾ। ਔਖੇ ਤਾਂ ਕਿਸੇ ਦੇ ਦਰਦ ਨੂੰ ਸੁਣ ਵੀ ਬਹੁਤ ਹੋਈਦਾ ਏ। ਦਰਦੀਲੀ ਗਾਥਾ ਪੜ੍ਹਨ ਨਾਲ ਅੱਖਾਂ ‘ਚ ਨਮੀ ਉਤਰ ਆਉਂਦੀ ਏ ਪਰ ਜਦ ਅਸੀਂ ਉਸ ਦਰਦ ਦਾ ਹਿੱਸਾ ਬਣ, ਉਸ ਨੂੰ ਆਪਣੇ ਅੰਦਰ ਉਤਾਰਦੇ ਹਾਂ ਤਾਂ ਫਿਰ ਪਤਾ ਲੱਗਦਾ ਏ ਕਿ ਦਰਦ ਕੀ ਹੁੰਦਾ ਏ ਅਤੇ ਕਿਸ ਤਰ੍ਹਾਂ ਤੁਹਾਡੇ ਜੀਵਨ ਦੇ ਸੁਗੰਧਤ ਪਲਾਂ ‘ਚ, ਬਿਰਹੋਂ ਰਾਗ ਅਲਾਪਦਾ, ਇਕ ਪੀੜ-ਪਰਾਗਾ ਤੁਹਾਡੀ ਝੋਲੀ ਵਿਚ ਧਰ ਜਾਂਦਾ ਏ, ਜਿਸ ਦੀ ਕਰੁਣਾ, ਤੁਹਾਡੀ ਉਮਰ ਦੀ ਲਕੀਰ ਨੂੰ ਟੋਟਾ-ਟੋਟਾ ਕਰਕੇ, ਹਿੱਚਕੀਆਂ ਦੀ ਗਾਥਾ ਪੜ੍ਹਨ ਲਈ ਸਾਰੀ ਉਮਰਾ ਅਵਾਜ਼ਾਰ ਕਰ ਦਿੰਦੀ ਏ।
ਖੁਦਾ ਕਰੇ! ਕਿਸੇ ਨੂੰ ਹਰਫ ਵਿਹੂਣੇ ਗਮ ਦਾ ਵਿਰਦ ਨਾ ਕਰਨਾ ਪਵੇ, ਕਿਸੇ ਨੂੰ ਹੰਝ ਤੋਂ ਵਿਰਵੇ ਨੀਰ ਜਿਹੇ ਨੈਣਾਂ ਦੀ ਇਬਾਦਤ ਨਾ ਬਣਨਾ ਪਵੇ ਅਤੇ ਨਾ ਹੀ ਕਿਸੇ ਨੂੰ ਹਉਕਿਆਂ ਦੀ ਤਾਸੀਰ ਦਾ ਸਿਰਲੇਖ ਬਣਨਾ ਪਵੇ।