ਸੁਰਜੀਤ ਜੱਸਲ
ਫੋਨ: 91-98146-07737
ਸਵਰਨਦੀਪ ਸਿੰਘ ਨੂਰ ਸਮਾਜ ਵਿਚ ਵਾਪਰਦੀਆਂ ਘਟਨਾਵਾਂ ‘ਤੇ ਗੰਭੀਰਤਾ ਨਾਲ ਲਿਖਣ ਵਾਲਾ ਸਮਰੱਥ ਕਹਾਣੀਕਾਰ ਹੈ। ਗਰੀਬੀ ਦੀ ਦਲਦਲ ਵਿਚ ਜ਼ਿੰਦਗੀ ਜਿਉਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਦੀ ਗੱਲ ਕਰਦੀ ਉਸ ਦੀ ਕਹਾਣੀ ‘ਰਿਜਕਦਾਤਾ’ ‘ਤੇ ਫਿਲਮ ਬਣਨਾ ਮਾਣ ਵਾਲੀ ਗੱਲ ਹੈ।
Ḕਸੱਚ ਫਿਲਮ ਪ੍ਰੋਡਕਸ਼ਨਜ ਮੁੰਬਈḔ ਦੇ ਬੈਨਰ ਹੇਠ ਬਣੀ ਨਿਰਮਾਤਰੀ ਰੇਸ਼ਮ ਕੌਰ ਦੀ ਇਸ ਫਿਲਮ ਦਾ ਨਿਰਦੇਸ਼ਨ ਜਗਦੀਪ ਧਾਲੀਵਾਲ ਨੇ ਕੀਤਾ ਹੈ। ਅਮੀਰ ਪਰਿਵਾਰ ਦੇ ਘਰ ਗੋਲਾ-ਧੰਦਾ ਕਰਕੇ ਚੁੱਲ੍ਹਾ ਬਾਲਣ ਵਾਲੀ ਗਰੀਬੜੀ ਦੀ ਆਸਾਂ ਭਰੀ ਜ਼ਿੰਦਗੀ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੀ ਨਾਇਕਾ ਭਾਨੀ ਹੈ, ਜੋ ਪਿੰਡ ਵਿਚ ਹੀ ਸਰਦਾਰਾਂ ਦੀ ਹਵੇਲੀ ਵਿਚ ਕਾਮੀ ਹੈ। ਉਹ ਸਿਰੋਂ ਨੰਗੀ ਹੈ। ਪਹਿਲਾਂ ਉਸ ਦਾ ਘਰਵਾਲਾ ਜਿੰਦਰ ਵੀ ਇਸੇ ਸਰਦਾਰ ਕੋਲ ਸ਼ੀਰੀ ਰਲਿਆ ਹੁੰਦਾ ਹੈ ਜੋ ਖੇਤ ਸਪਰੇਅ ਕਰਦਿਆਂ ਦਵਾਈ ਚੜ੍ਹਨ ਕਰਕੇ ਮਰ ਜਾਂਦਾ ਹੈ। ਉਸ ਦੀ ਮੌਤ ਮਗਰੋਂ ਪੰਚਾਇਤੀ ਫੈਸਲੇ ਮੁਤਾਬਕ ਜਿੰਦਰ ਦੇ ਪਰਿਵਾਰ ਦੀ ਮਦਦ ਪ੍ਰਤੀ ਸਰਦਾਰ ਕਰਮ ਸਿੰਘ ਦਾ ਪਰਿਵਾਰ ਜ਼ਿੰਮੇਵਾਰੀ ਲੈਂਦਾ ਹੈ। ਪਰ ਇਸ ਆਸਰੇ ਦੇ ਬਾਵਜੂਦ ਭਾਨੀ ਆਪਣੀਆਂ ਆਸਾਂ ਦੀ ਪੰਡ ਚੁੱਕੀ ਤਿਲ-ਤਿਲ ਮਰਦੀ ਹੈ। ਉਹ ਸਰਦਾਰਾਂ ਦੇ ਘਰ ਗੋਹਾ-ਕੂੜਾ ਕਰਦਿਆਂ ਆਪਣੇ ਪੁੱਤ ਗੁਰਜੰਟ ਨੂੰ ਪੜ੍ਹਾ ਕੇ ਵੱਡਾ ਅਫਸਰ ਬਣਾਉਣਾ ਚਾਹੁੰਦੀ ਹੈ ਤਾਂ ਕਿ ਘਰ ਦੀ ਗਰੀਬੀ ਧੋਤੀ ਜਾ ਸਕੇ। ਜਦੋਂ ਸਰਦਾਰਨੀ ਗਿਆਨ ਕੌਰ ਦਾ ਇਕਲੌਤਾ ਪੁੱਤਰ ਵਿਦੇਸ਼ ਜਾਣ ਦੀ ਤਿਆਰੀ ਕਰਦਾ ਹੈ ਤਾਂ ਸਰਦਾਰਨੀ, ਭਾਨੀ ਵਲੋਂ ਵਧਾਈ ਵਜੋਂ ਮਨਪਸੰਦ ਸੂਟ ਅਤੇ ਆਪਣੇ ਗੁਰਜੰਟ ਪੁੱਤਰ ਲਈ ਨਵੀਂ ਸਕੂਲੀ ਵਰਦੀ ਦੀ ਮੰਗ ‘ਤੇ ਹਾਮੀ ਓਟਦੀ ਹੈ। ਮੁੰਡੇ ਦੀ ਵਿਦੇਸ਼ ਜਾਣ ਦੀ ਤਿਆਰੀ ਵੇਖ ਭਾਨੀ ਨੂੰ ਕਰਮ ਸਿੰਘ ਤੇ ਗਿਆਨ ਕੌਰ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਨਜ਼ਰ ਆਉਂਦੀ ਹੈ।
ਪਰ ਅਫਸੋਸ ਸਰਦਾਰਨੀ ਦੀਆਂ ਅਰਦਾਸਾਂ ਪੂਰੀਆਂ ਹੋਣ ‘ਤੇ ਭਾਨੀ ਦੀਆਂ ਆਸਾਂ ‘ਤੇ ਪਾਣੀ ਫਿਰ ਜਾਂਦਾ ਹੈ। ਮੁੰਡੇ ਨੂੰ ਵਿਦੇਸ਼ ਭੇਜਣ ਦੇ ਖਰਚੇ ਗਿਣਾ ਕੇ ਉਹ ਕੁਝ ਸਮਾਂ ਸਬਰ ਕਰਨਾ ਕਹਿ, ਦਿੱਤੀ ਜੁਬਾਨ ਤੋਂ ਤਿਲਕ ਜਾਂਦੀ ਹੈ। ਉਹ ਆਪਣੇ ਘਰਵਾਲੇ ਜਿੰਦਰ ਨੂੰ ਚੇਤੇ ਕਰ ਭੂਬਾਂ ਮਾਰਦੀ ਹੈ। ਅਚਾਨਕ ਜਿੰਦਰ ਦੇ ਬੋਲ ਉਸ ਦੇ ਕੰਨੀਂ ਗੂੰਜਦੇ ਹਨ, “ਭਾਨੀਏ, ਐਵੇਂ ਚਿੱਤ ਨਾ ਹੌਲਾ ਕਰ, ਭਰੋਸਾ ਰੱਖ। ਇਹ ਸਰਦਾਰ ਹੀ ਆਪਣੇ ਰਿਜਕਦਾਤੇ ਨੇ!”
ਫਿਲਮ ਵਿਚ ਪਵਨ ਦੇਵਗਣ, ਬਾਣੀ ਸ਼ਰਮਾ, ਬਲਜੀਤ ਸਿੰਘ, ਅਨੁਰਾਧਾ ਸ਼ਰਮਾ, ਜਗਦੇਵ ਹੁੰਦਲ, ਸੁਖਮਨੀ, ਐਮ ਪਾਰਸ, ਰਿਸ਼ੀ ਸ਼ਰਮਾ, ਕਮਲ ਸ਼ਰਮਾ, ਮਾਸਟਰ ਪ੍ਰਭਜੋਤ ਮਾਨ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਸੰਗੀਤ ਆਰ ਯੂæਕੇæ ਦਾ ਹੈ। ਫਿਲਮ ਦੀ ਕਹਾਣੀ, ਪਟਕਥਾ-ਸੰਵਾਦ ਤੇ ਗੀਤ ਸਵਰਨਦੀਪ ਸਿੰਘ ਨੂਰ ਨੇ ਲਿਖੇ ਹਨ। ਇਸ ਫਿਲਮ ਵਿਚ ਸੁਰ-ਸਰਤਾਜ ਐਵਾਰਡ ਜੇਤੂ ਹਰਪ੍ਰੀਤ ਹੰਸ ਤੇ ਦੀਪ ਗਿੱਲ ਨੇ ਪਲੇਅ ਬੈਕ ਗਾਇਆ ਹੈ। ਕੈਮਰਾਮੈਨ ਆਸ਼ੀਸ ਮਹਿਤਾ ਹਨ।
ਨਿਰਦੇਸ਼ਕ ਜਗਦੀਪ ਧਾਲੀਵਾਲ ਨੇ ਦੱਸਿਆ ਕਿ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਰਜ਼ਾ ਮੁਰਾਦ ਨੇ ਫਿਲਮ ਵਿਚ ਸੂਤਰਧਾਰ ਵਜੋਂ ਆਵਾਜ਼ ਦਿੱਤੀ ਹੈ। ਇਹ ਫਿਲਮ ਪੂਨਾ ਵਿਚ ਹੋ ਰਹੇ ਸ਼ਾਰਟ ਫਿਲਮ ਮੇਲੇ ਵਿਚ ਵੀ ਵਿਖਾਈ ਜਾਵੇਗੀ।