ਅਲਵਿਦਾ ਅਫ਼ਜ਼ਲ: ਸਿਆਸਤ ਦੀ ਖੇਡ ਵਿਚ ਅਫ਼ਜ਼ਲ ਗੁਰੂ ਦੀ ਬਲੀ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸੰਸਦ ਉਪਰ ਸਾਲ 2001 ਦੌਰਾਨ ਹੋਏ ਅਤਿਵਾਦੀ ਹਮਲੇ ਯੋਜਨਾ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਮੁਹੰਮਦ ਅਫ਼ਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਫਾਂਸੀ ਦੇ ਕੇ ਉੱਥੇ ਹੀ ਦਫਨਾ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਫਾਂਸੀ ਦੇਣ ਤੋਂ ਸਿਰਫ ਛੇ ਦਿਨ ਪਹਿਲਾਂ ਹੀ ਉਸ ਦੀ ਰਹਿਮ ਦੀ ਅਪੀਲ ਰੱਦ ਕੀਤੀ ਸੀ। ਭਾਰਤ ਸਰਕਾਰ ਨੇ ਇਸ ਮਾਮਲੇ ਵਿਚ ਇੰਨੀ ਚੁਸਤੀ ਵਿਖਾਈ ਕਿ ਹਫਤੇ ਦੇ ਅੰਦਰ-ਅੰਦਰ ਚੁੱਪ-ਚੁਪੀਤੇ ਅਫਜ਼ਲ ਨੂੰ ਫਾਹੇ ਲਾ ਦਿੱਤਾ। ਇਥੋਂ ਤੱਕ ਕਿ ਉਸ ਦੇ ਘਰਦਿਆਂ ਨੂੰ ਵੀ ਬਾਅਦ ਵਿਚ ਪਤਾ ਲੱਗਾ। ਇਸ ਤਰ੍ਹਾਂ ਹੁਣ ਤੱਕ ਇਹ ਰਾਏ ਉਭਰ ਕੇ ਆਈ ਹੈ ਕਿ ਅਫਜ਼ਲ ਸਿਆਸਤ ਦੀ ਖੇਡ ਲਈ ਬਲੀ ਚੜ੍ਹਿਆ ਹੈ।
ਉਤਰੀ ਕਸ਼ਮੀਰ ਦੇ ਸੋਪੋਰ ਨਿਵਾਸੀ ਤੇ ਮੈਡੀਕਲ ਦੀ ਪੜ੍ਹਾਈ ਵਿਚਾਲੇ ਛੱਡਣ ਵਾਲੇ 43 ਸਾਲਾ ਅਫ਼ਜ਼ਲ ਨੂੰ ਚੁੱਪ ਚੁਪੀਤੇ ਨੌਂ ਫਰਵਰੀ ਨੂੰ ਸਵੇਰੇ ਅੱਠ ਵਜੇ ਫਾਂਸੀ ਦੇ ਤਖਤੇ ‘ਤੇ ਲਟਕਾਇਆ ਗਿਆ। ਇਹ ਸਾਰੀ ਕਾਰਵਾਈ ਗੁਪਤ ਰੱਖੀ ਗਈ ਤੇ ਫਾਂਸੀ ਦੇਣ ਮਗਰੋਂ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲੀ। ਉਸ ਨੂੰ ਫਾਂਸੀ ਦੇਣ ਤੋਂ ਤੁਰੰਤ ਬਾਅਦ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਪੱਤਰਕਾਰਾਂ ਨੂੰ ਦੱਸਿਆ ਕਿ “ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਅਨੁਸਾਰ ਸਵੇਰੇ ਸਾਢੇ ਸੱਤ ਵਜੇ ਉਸ ਨੂੰ ਫਾਂਸੀ ਦੇ ਤਖਤੇ ਉਪਰ ਲਿਜਾਇਆ ਗਿਆ ਤੇ ਉਹ ਉਸ ਸਮੇਂ ਸ਼ਾਂਤ ਨਜ਼ਰ ਆ ਰਿਹਾ ਸੀ।
ਅਤਿਵਾਦੀ ਹਮਲੇ ਵਿਚ ਮਦਦ ਕਰਨ ਤੇ ਉਕਸਾਉਣ ਵਿਚ ਭੂਮਿਕਾ ਬਾਰੇ ਇਕ ਵਿਸ਼ੇਸ਼ ਅਦਾਲਤ ਨੇ ਦਸੰਬਰ 2002 ਵਿਚ ਅਫ਼ਜ਼ਲ ਨੂੰ ਸਜ਼ਾ-ਏ-ਮੌਤ ਸੁਣਾਈ ਸੀ। ਸੁਪਰੀਮ ਕੋਰਟ ਨੇ ਚਾਰ ਅਗਸਤ, 2005 ਨੂੰ  ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਸੀ। ਉਸ ਸਮੇਂ 271 ਸਫਿਆਂ ਦਾ ਫੈਸਲਾ ਸੁਣਾਉਂਦਿਆਂ ਜਸਟਿਸ ਪੀæਵੀæ ਰੈਡੀ ਤੇ ਜਸਟਿਸ ਪੀæਪੀæ ਨਾਓਲੇਕਰ ਨੇ ਡਿਵੀਜ਼ਨ ਬੈਂਚ ਨੇ ਕਿਹਾ ਸੀ ਕਿ “ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਉਦੋਂ ਹੀ ਸ਼ਾਂਤ ਹੋਣਗੀਆਂ ਜਦੋਂ ਅਫ਼ਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। 13 ਦਸੰਬਰ 2001 ਵਿਚ ਸੰਸਦ ‘ਤੇ ਹਮਲਾ ਕਰਨ  ਵਾਲੇ ਅਤਿਵਾਦੀਆਂ ਨੂੰ ਪਨਾਹ ਦੇਣ ਤੇ ਉਨ੍ਹਾਂ ਦੇ ਹਮਲੇ ਦੀ ਸਾਜ਼ਿਸ਼ ਰਚਨ ਦੇ ਦੋਸ਼ੀ ਅਫ਼ਜ਼ਲ ਦੀ ਲਾਸ਼ ਨੂੰ ਜੇਲ੍ਹ ਦੇ ਨਿਯਮਾਂ ਅਨੁਸਾਰ ਜੇਲ੍ਹ ਨੰਬਰ ਤਿੰਨ ਵਿਚ ਹੀ ਦਫਨਾ ਦਿੱਤਾ ਗਿਆ। ਮੁੰਬਈ ਹਮਲਿਆਂ ਦੇ ਦੋਸ਼ੀ ਅਜਮਲ ਕਸਾਬ ਨੂੰ ਵੀ ਫਾਂਸੀ ਦੇਣ ਮਗਰੋਂ ਲਾਸ਼ ਪੁਣੇ  ਦੀ ਯਰਾਵੜਾ ਜੇਲ੍ਹ ਵਿਚ ਦਫਨਾ ਦਿੱਤੀ ਗਈ ਸੀ। ਰਾਸ਼ਟਰਪਤੀ ਮੁਖਰਜੀ ਨੇ ਤਿੰਨ ਫਰਵਰੀ ਨੂੰ ਗੁਰੂ ਦੀ ਰਹਿਮ ਦੀ ਅਪੀਲ ਨਾਮਨਜ਼ੂਰ ਕਰ ਦਿੱਤੀ ਸੀ। ਸੁਪਰੀਮ  ਕੋਰਟ ਅਨੁਸਾਰ ਅਫ਼ਜ਼ਲ ਗੁਰੂ ਦੇ ਸੰਸਦ ਉਪਰ ਹਮਲਾ ਕਰਨ ਵੇਲੇ ਮਾਰੇ ਗਏ ‘ਫਿਦਾਇਨ’ ਅਤਿਵਾਦੀਆਂ ਨਾਲ ਚੰਗੇ ਸਬੰਧ ਸਨ ਤੇ ਹਮਲੇ ‘ਤੇ ਕੁਝ ਮਿੰਟ ਪਹਿਲਾਂ ਹੀ ਅਤਿਵਾਦੀਆਂ ਦੀ ਅਫ਼ਜ਼ਲ ਨਾਲ ਮੋਬਾਈਲ ਫੋਨ ‘ਤੇ ਗੱਲ ਹੋਈ ਸੀ। ਇਹ ਫੋਨ ਹਮਲਾਵਰਾਂ ਵਿਚੋਂ ਇਕ ਨੇ ਸਵੇਰੇ 10æ43, 11 ਤੇ 11æ25 ‘ਤੇ ਕੀਤੇ। ਗੁਰੂ ਨੇ ਮਾਰੇ ਗਏ ਪੰਜਾਂ ਅਤਿਵਾਦੀਆਂ ਮੁਹੰਮਦ, ਹੈਦਰ, ਹਮਜ਼ਾ, ਰਾਣਾ ਤੇ ਰਾਜਾ ਦੀਆਂ ਲਾਸ਼ਾਂ ਦੀ ਪਛਾਣ ਵੀ ਕੀਤੀ ਸੀ। ਅਫ਼ਜ਼ਲ ਗੁਰੂ ਦਾ ਜਨਮ ਉਤਰੀ ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਵਿਚ ਹਬੀਬੁਲ੍ਹਾ ਗੁਰੂ ਦੇ ਘਰ ਹੋਇਆ ਤੇ ਉਨ੍ਹਾਂ ਦਾ ਟਰਾਂਸਪੋਰਟ ਤੇ ਲੱਕੜ ਦਾ ਕਾਰੋਬਾਰ ਸੀ। ਅਫ਼ਜ਼ਲ ਦੇ ਪਿਤਾ ਦੀ ਮੌਤ ਉਸ ਦੀ ਬੜੀ ਛੋਟੀ ਉਮਰੇ ਹੀ ਹੋ ਗਈ ਸੀ। 1988 ਵਿਚ ਉਸ ਨੇ ਜੇਹਲਮ ਵੈਲੀ ਮੈਡੀਕਲ ਕਾਲਜ ਦੇ ਐਮਬੀਬੀਸੀ ਕੋਰਸ ਵਿਚ ਦਾਖਲਾ ਲਿਆ ਪਰ  ਪੜ੍ਹਾਈ ਵਿਚਾਲੇ ਛੱਡ ਦਿੱਤੀ। ਦਿੱਲੀ ਵਿਖੇ ਆਪਣੇ ਰਿਸ਼ਤੇਦਾਰ ਸ਼ੌਕਤ ਗੁਰੂ ਕੋਲ ਰਿਹਾ। ਗੁਰੂ ਇਥੇ ਫਲਾਂ ਦੇ ਕਾਰੋਬਾਰ ਵਿਚ ਕਮਿਸ਼ਨ ਏਜੰਟ ਬਣ ਗਿਆ। ਸੰਸਦ ‘ਤੇ ਹਮਲੇ ਲਈ ਉਸ ਨੇ ਜੈਸ਼-ਏ-ਮੁਹੰਮਦ ਦੀ ਮਦਦ ਕੀਤੀ ਸੀ। ਅਫ਼ਜ਼ਲ ਦਾ ਇਕ ਪੁੱਤਰ ਗ਼ਾਲਿਬ ਹੈ ਜੋ ਆਪਣੀ ਮਾਂ ਨਾਲ ਵਾਦੀ ਵਿਚ ਰਹਿ ਰਿਹਾ ਹੈ।

__________________________________________
ਆਮ ਜ਼ਿੰਦਗੀ ਜਿਉਣ ਦੀ ਬੜੀ ਸੀ ਚਾਹ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਤਬਾਹੀ ਦੀ ਘੁੰਮਣਘੇਰੀ ਵਿਚ ਫਸੇ ਕਸ਼ਮੀਰੀ ਨੌਜਵਾਨ ਮੁਹੰਮਦ ਅਫਜ਼ਲ ਗੁਰੂ ਦਾ ਵਿਲੱਖਣ ਕਿਸਮ ਦਾ ਮਾਮਲਾ ਹੈ। ਉਸ ਦੀ 34 ਸਾਲਾ ਪਤਨੀ ਤੁਬੱਸੁਮ ਗੁਰੂ ਬੀਤੇ ਸਮੇਂ ਨੂੰ ਚੇਤੇ ਕਰਦਿਆਂ ਦੱਸਦੀ ਹੈ ਕਿ ਉਹ ਦੂਸਰੇ ਹਜ਼ਾਰਾਂ ਨੌਜਾਵਨਾਂ ਵਾਂਗ ਜੰਮੂ ਤੇ ਕਸ਼ਮੀਰ ਲਿਬਰੇਸ਼ਨ ਫਰੰਟ ਦੀ ਅਗਵਾਈ ਵਿਚ ਸ਼ੁਰੂ ਹੋਈ ਲਹਿਰ ਵੱਲ ਖਿੱਚਿਆ ਗਿਆ ਸੀ। ਉਹ ਪਾਕਿਸਤਾਨ ਸਿਖਲਾਈ ਲਈ ਗਿਆ ਸੀ ਪਰ ਛੇਤੀ ਹੀ ਨਿਰਾਸ਼ ਹੋ ਗਿਆ ਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਹੀ ਕਸ਼ਮੀਰ ਵਾਪਸ ਆ ਗਿਆ। ਉਸ ਨੇ ਦੱਸਿਆ ਕਿ ਉਸਦਾ ਪਤੀ ਆਮ ਜ਼ਿੰਦਗੀ ਜਿਊਣੀ ਚਾਹੁੰਦਾ ਸੀ ਤੇ ਇਸੇ ਇਰਾਦੇ ਨਾਲ ਉਸ ਨੇ ਬੀਐਸਐਫ ਅੱਗੇ ਆਤਮ-ਸਮਰਪਣ ਕੀਤਾ ਸੀ। ਬੀਐਸਐਫ ਦੇ ਕਮਾਂਡੈਂਟ ਨੇ ਉਸ ਨੂੰ ਉਦੋਂ ਤਕ ਆਤਮ-ਸਮਰਪਣ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਨਾਲ ਉਹ ਅਮਨ-ਚੈਨ ਨਾਲ ਰਹਿ ਸਕਦਾ ਜਦੋਂ ਤਕ ਉਸ ਨੇ ਦੋ ਹੋਰ ਨੌਜਾਵਨਾਂ ਨੂੰ ਆਤਮ-ਸਮਰਪਣ ਕਰਨ ਲਈ ਪ੍ਰੇਰਿਤ ਨਹੀਂ ਕੀਤਾ। ਆਪਣੇ 17 ਸਾਲਾ ਪੁੱਤਰ ਗਾਲਿਬ ਨਾਲ ਰਹਿ ਰਹੀ ਤੁਬੱਸੁਮ ਨੂੰ ਅਫਜ਼ਲ ਦੀ ਕਿਸਮਤ ਬਾਰੇ ਪਹਿਲਾਂ ਹੀ ਕਨਸੋਅ ਮਿਲ ਗਈ ਸੀ ਕਿਉਂਕਿ ਕਸ਼ਮੀਰੀ ਕੈਦੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਸੀ ਕਿ ਤਿਹਾੜ ਜੇਲ੍ਹ ਵਿਚ ਕਾਫੀ ਅਫਵਾਹਾਂ ਫੈਲੀਆਂ ਹੋਈਆਂ ਹਨ ਕਿ ਉਸ ਨੂੰ ਛੇਤੀ ਹੀ ਫਾਂਸੀ ਦੇ ਦਿੱਤੀ ਜਾਵੇਗੀ। ਉਸ ਨੂੰ ਫਾਂਸੀ ‘ਤੇ ਲਟਕਾਏ ਜਾਣ ਬਾਰੇ ਜਾਣਕਾਰੀ ਉਨ੍ਹਾਂ ਦੇ ਰਿਸ਼ਤੇਦਾਰ ਨੇ ਦਿੱਤੀ ਜਿਸ ਨੂੰ ਟੈਲੀਵਿਜ਼ਨ ਤੋਂ ਇਸ ਬਾਰੇ ਪਤਾ ਲੱਗਾ ਸੀ। ਤੁਬੱਸੁਮ ਜਿਹੜੀ ਪ੍ਰਾਈਵੇਟ ਹਸਪਤਾਲ ਵਿਚ ਨਰਸ ਵਜੋਂ ਕੰਮ ਕਰਦੀ ਹੈ, ਨੇ ਅਫ਼ਜ਼ਲ ਦੀ ਔਖੀ ਜਿੰਦਗੀ ਬਾਰੇ ਦੱਸਦਿਆਂ ਕਿਹਾ ਕਿ 1997 ਵਿਚ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਅਫਜ਼ਲ ਨੇ ਕਸ਼ਮੀਰ ਵਿਚ ਦਵਾਈਆਂ ਤੇ ਸਰਜੀਕਲ ਵਸਤਾਂ ਦਾ ਛੋਟਾ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਸੁਰੱਖਿਆ ਏਜੰਸੀਆਂ ਵੱਲੋਂ ਉਸ ਨੂੰ ਜਾਸੂਸ ਕਹਿ ਕੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ।
_______________________________________________
ਦਿਨਾਂ ਵਿਚ ਹੀ ਨਿਬੇੜਿਆ ਕੰਮ
ਨਵੀਂ ਦਿੱਲੀ: ਅਫ਼ਜ਼ਲ ਗੁਰੂ ਨੂੰ ਫਾਂਸੀ ਦੇਣ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ “ਰਾਸ਼ਟਰਪਤੀ ਨੇ ਤਿੰਨ ਫਰਵਰੀ ਨੂੰ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਸੀ। ਇਸ ਮਗਰੋਂ ਉਨ੍ਹਾਂ ਚਾਰ ਫਰਵਰੀ ਨੂੰ ਫਾਂਸੀ ਦੀ ਮਨਜ਼ੂਰੀ ਦੇ ਦਿੱਤੀ ਤੇ ਨਿਆਂਇਕ ਅਧਿਕਾਰੀ ਵੱਲੋਂ ਤਾਰੀਖ਼ ਤੇ ਸਮੇਂ ਦੀ ਪੁਸ਼ਟੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਨਾਮਨਜ਼ੂਰ ਕਰਨ ਦੀ ਸਿਫਾਰਸ਼ ਪਹਿਲਾਂ 2011 ਵਿਚ ਗ੍ਰਹਿ ਮੰਤਰਾਲੇ ਨੇ ਕੀਤੀ ਸੀ। ਪਿਛਲੇ ਸਾਲ ਪ੍ਰਣਬ ਮੁਖਰਜੀ ਦੇ ਰਾਸ਼ਟਰਪਤੀ ਬਣਨ ‘ਤੇ ਉਨ੍ਹਾਂ ਨੇ ਲਟਕ ਰਹੀਆਂ ਪਟੀਸ਼ਨਾਂ ਨਜ਼ਰਸਾਨੀ ਲਈ ਉਨ੍ਹਾਂ ਨੂੰ ਭੇਜੀਆਂ। ਜਦੋਂ ਉਨ੍ਹਾਂ ਅਗਸਤ-2012 ਵਿਚ ਗ੍ਰਹਿ ਮੰਤਰਾਲੇ ਦਾ ਕਾਰਜ ਭਾਰ ਸੰਭਾਲਿਆ ਤਾਂ ਫਾਈਲ ਨੂੰ ਬੜੇ ਧਿਆਨ ਨਾਲ ਦੇਖਿਆ ਤੇ 21 ਜਨਵਰੀ ਨੂੰ ਰਾਸ਼ਟਰਪਤੀ ਕੋਲ ਸਿਫਾਰਸ਼ ਕੀਤੀ ਕਿ ਗੁਰੂ ਦੀ ਪਟੀਸ਼ਨ ਨਾਮਨਜ਼ੂਰ ਕਰ ਦਿੱਤੀ ਜਾਵੇ। ਇਸ ਤਰ੍ਹਾਂ ਸਰਕਾਰ ਨੇ ਇਹ ਕੰਮ ਦਿਨਾਂ ਵਿਚ ਹੀ ਨਿਬੇੜ ਦਿੱਤਾ।
______________
ਨਿਆਂਪਾਲਿਕਾ ਦੀ ਕਾਹਲ!
ਨਵੀਂ ਦਿੱਲੀ: ਸੰਸਦ ‘ਤੇ ਹਮਲੇ ਦੇ ਮਾਮਲੇ ਦੀ ਸੁਣਵਾਈ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਵੱਲੋਂ ਬੜੀ ਤੇਜ਼ੀ ਨਾਲ ਨਿਬੇੜੀ ਗਈ। ਵਿਸ਼ੇਸ਼ ਅਦਾਲਤ ਨੇ ਮਾਮਲਾ ਕਰੀਬ ਛੇ ਮਹੀਨਿਆਂ ਵਿਚ ਸੁਣਾ ਦਿੱਤਾ। ਕੇਸ ‘ਚ 90 ਗਵਾਹ ਪੇਸ਼ ਹੋਏ। 80 ਸਰਕਾਰੀ ਧਿਰ ਵੱਲੋਂ ਤੇ 10 ਬਚਾਅ ਪੱਖ ਵੱਲੋਂ। ਸੁਣਵਾਈ ਅਦਾਲਤ ਵੱਲੋਂ 18 ਦਸੰਬਰ, 2002 ਵਿਚ ਅਫਜ਼ਲ ਗੁਰੂ ਨੂੰ ਸਜ਼ਾ-ਏ-ਮੌਤ ਸੁਣਾਈ ਗਈ। 29 ਅਕਤੂਬਰ 2003 ਵਿਚ ਦਿੱਲੀ ਹਾਈ ਕੋਰਟ ਨੇ ਫੈਸਲਾ ਬਰਕਰਾਰ ਰੱਖਿਆ ਤੇ ਚਾਰ ਅਗਸਤ 2005 ਵਿਚ ਸੁਪਰੀਮ ਕੋਰਟ ਨੇ ਇਸ ‘ਤੇ ਆਪਣੀ ਮੋਹਰ ਲਾ ਦਿੱਤੀ।

Be the first to comment

Leave a Reply

Your email address will not be published.