ਸਾ ਰੁਤ ਸੁਹਾਵੀ-3

ਡਾæ ਗੁਰਨਾਮ ਕੌਰ, ਕੈਨੇਡਾ
ਕੁਦਰਤਿ ਦੀ ਰੰਗਾ-ਰੰਗ ਬਹੁਲਤਾ ਨੂੰ ਧਿਆਨ ‘ਚ ਰੱਖਦਿਆਂ ਹਰ ਮਹੀਨੇ ਦਾ ਆਪਣਾ ਮਹੱਤਵ ਹੈ ਕਿਉਂਕਿ ਇਹ ਮੌਸਮ ਦੇ ਕਿਸੇ ਨਾ ਕਿਸੇ ਕੁਦਰਤੀ ਬਦਲਾਅ ਨਾਲ ਜੁੜਿਆ ਹੋਇਆ ਹੈ। ਸਾਵਣ ਅਤੇ ਭਾਦੋਂ-ਦੋ ਅਜਿਹੇ ਮਹੀਨੇ ਹਨ ਜਿਨ੍ਹਾਂ ਦਾ ਸਬੰਧ ਵਰਖਾ ਦੀ ਰੁੱਤ ਨਾਲ ਹੈ। ਜੇਠ-ਹਾੜ ਦੀ ਤੱਪਦੀ ਧੁੱਪ ਤੋਂ ਬਾਅਦ ਜਦੋਂ ਸਾਵਣ ਦੇ ਮਹੀਨੇ ਵਿਚ ਮੀਂਹ ਦੀ ਠੰਡੀ ਫੁਹਾਰ ਪੈਂਦੀ ਹੈ ਤਾਂ ਧਰਤੀ ਦੇ ਤਪਦੇ ਸੀਨੇ ਨੂੰ ਠੰਢਾ ਕਰ ਦਿੰਦੀ ਹੈ। ਇਸ ਫੁਹਾਰ ਨਾਲ ਜਿੱਥੇ ਤਪਦਾ ਮੌਸਮ ਠਰਦਾ ਹੈ, ਉਥੇ ਕੁਦਰਤਿ ਵਿਚ ਹਰਿਆਲੀ ਛਾ ਜਾਂਦੀ ਹੈ, ਪਸ਼ੂ, ਪੰਛੀ, ਜੀਵ-ਜੰਤੂ, ਮਨੁੱਖ ਹਰ ਇੱਕ ਦਾ ਚਿਹਰਾ ਖਿੜ ਉਠਦਾ ਹੈ। ਭਾਦੋਂ ਸਾਵਣ ਮਹੀਨੇ ਜਿੰਨਾ ਸੁਹਾਵਣਾ ਨਹੀਂ ਹੁੰਦਾ ਕਿਉਂਕਿ ਇਸ ਮਹੀਨੇ ਵਰਖਾ ਦੇ ਨਾਲ ਨਾਲ ਮੌਸਮ ਵਿਚ ਖਾਸ ਤਰ੍ਹਾਂ ਦਾ ਹੁੰਮਸ ਵੀ ਪੈਦਾ ਹੋ ਜਾਂਦਾ ਹੈ ਜਿਸ ਦਾ ਅਨੁਭਵ ਬਹੁਤਾ ਸੁਖਾਵਾਂ ਨਹੀਂ ਹੁੰਦਾ। ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਜੀਵ-ਜੰਤੂ ਵੀ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਦੀ ਹੋਂਦ ਮਨੁੱਖੀ ਮਨ ਲਈ ਸੁਖਦਾਈ ਨਹੀਂ ਹੁੰਦੀ।
ਗੁਰਬਾਣੀ ਵਿਚ ਸਮੇਂ ਅਰਥਾਤ ਮਹੀਨਿਆਂ, ਦਿਨਾਂ, ਥਿਤਾਂ, ਵਾਰਾਂ ਦੀ ਸਾਰਥਕਤਾ ਨੂੰ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੋੜਿਆ ਗਿਆ ਹੈ। ਕੋਈ ਮਹੀਨਾ, ਦਿਨ ਜਾਂ ਥਿੱਤ, ਵਾਰ ਇਸ ਲਈ ਸ਼ੁਭ ਹੈ ਕਿ ਉਸ ਵਿਚ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਔਖਾ ਸਮਾਂ ਵੀ ਪ੍ਰਭੂ-ਮਿਲਾਪ ਵਿਚ ਸੁਖਾਵਾਂ ਲਗਦਾ ਹੈ ਪਰ ਜੇ ਮਨ ਵਿਚ ਅਕਾਲ ਪੁਰਖ ਦਾ ਨਿਵਾਸ ਨਹੀਂ ਤਾਂ ਸੁਹਾਵਣਾ ਸਮਾਂ ਵੀ ਦੁਖਦਾਈ ਹੁੰਦਾ ਹੈ। ਗੁਰੂ ਨਾਨਕ ਦੇਵ ਰਾਗ ਤੁਖਾਰੀ ਵਿਚ ਰਚੇ ‘ਬਾਰਹਮਾਹਾ’ ਵਿਚ ਭਾਦੋਂ ਮਹੀਨੇ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਭਾਦੋਂ ਦਾ ਮਹੀਨਾ ਆ ਗਿਆ ਹੈ ਜਿਸ ਵਿਚ ਵਰਖਾ ਕਾਰਨ ਸਾਰੇ ਟੋਏ-ਟਿੱਬੇ ਪਾਣੀ ਨਾਲ ਭਰ ਗਏ ਹਨ, ਸਭ ਜਲ-ਥਲ ਹੋ ਗਿਆ ਹੈ। ਇਹ ਕੁਦਰਤੀ ਨਜ਼ਾਰਾ ਮਨ ਨੂੰ ਚੰਗਾ ਲੱਗ ਸਕਦਾ ਹੈ ਪਰ ਜਿਸ ਜੀਵ-ਇਸਤਰੀ ਦਾ ਮਨ ਭਰਮ ਵਿਚ ਪਿਆ ਹੋਇਆ ਹੈ, ਭਰ ਜੋਬਨ ਦੀ ਰੁੱਤੇ ਵੀ ਉਸ ਦਾ ਮਨ ਪਛਤਾਵੇ ਵਿਚ ਹੈ ਕਿ ਉਹ ਆਪਣੇ ਪ੍ਰੀਤਮ-ਪ੍ਰਭੂ ਤੋਂ ਵਿਛੜੀ ਹੋਈ ਹੈ, ਇਹ ਕੁਦਰਤੀ ਨਜ਼ਾਰੇ ਵੀ ਉਸ ਦੇ ਮਨ ਨੂੰ ਚੰਗੇ ਨਹੀਂ ਲਗਦੇ। ਭਾਦੋਂ ਮਹੀਨੇ ਹਰ ਥਾਂ ਪਾਣੀ ਭਰ ਜਾਂਦਾ ਹੈ, ਧਰਤੀ ਦੀ ਤਹਿ ਅੰਦਰ ਵੀ ਹੁੰਮਸ ਹੋ ਜਾਂਦਾ ਹੈ, ਇਸ ਲਈ ਧਰਤੀ ਅੰਦਰਲੇ ਜੀਵ-ਜੰਤੂ ਜਿਵੇਂ ਸੱਪ, ਡੱਡੂ ਆਦਿ ਆਪਣੀਆਂ ਖੁੱਡਾਂ ਵਿਚੋਂ ਬਾਹਰ ਨਿਕਲ ਆਉਂਦੇ ਹਨ ਅਤੇ ਚਾਰ-ਚੁਫੇਰੇ ਇਨ੍ਹਾਂ ਦੀਆਂ ਆਵਾਜਾਂ ਕੰਨੀਂ ਪੈਂਦੀਆਂ ਹਨ। ਗੁਰੂ ਨਾਨਕ ਇਨ੍ਹਾਂ ਹੀ ਕੁਦਰਤੀ ਨਜ਼ਾਰਿਆਂ ਦਾ ਜ਼ਿਕਰ ਕਰਦਿਆਂ ਫਰਮਾਉਂਦੇ ਹਨ ਕਿ ਭਾਦੋਂ ਦੀ ਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੜੈਂ-ਗੜੈਂ ਕਰਦੇ ਹਨ, ਮੋਰ ਬੋਲ ਰਹੇ ਹਨ ਅਤੇ ਪਪੀਹਾ ਵੀ ‘ਪ੍ਰਿਉ ਪ੍ਰਿਉ’ ਕਰਦਾ ਹੈ, ਛੱਪੜ-ਤਲਾਬ ਪਾਣੀ ਨਾਲ ਭਰੇ ਹੋਏ ਹਨ ਪਰ ਆਪਣੇ ਪ੍ਰੀਤਮ ਤੋਂ ਵਿਛੜੀ ਹੋਈ ਜੀਵ-ਇਸਤਰੀ ਨੂੰ ਇਨ੍ਹਾਂ ਕੁਦਰਤੀ ਨਜ਼ਾਰਿਆਂ ਤੋਂ ਵੀ ਕੋਈ ਖੁਸ਼ੀ ਨਹੀਂ ਮਿਲਦੀ। ਉਸ ਨੂੰ ਤਾਂ ਇਸ ਮਹੀਨੇ ਦਾ ਨਾਂਹ-ਪੱਖੀ ਪਾਸਾ ਹੀ ਦਿਸਦਾ ਹੈ ਕਿ ਇਸ ਮੌਸਮ ਵਿਚ ਸੱਪ ਡੰਗ ਮਾਰਦੇ ਫਿਰਦੇ ਹਨ ਅਤੇ ਮੱਛਰ ਵੱਢ ਵੱਢ ਖਾ ਰਿਹਾ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਉਸ ਸਥਾਨ ਤੇ ਪਹੁੰਚ ਸਕੀਦਾ ਹੈ ਜਿਥੇ ਪ੍ਰਭੂ-ਪ੍ਰੀਤਮ ਨਾਲ ਮੇਲ ਹੋ ਸਕੇ,
ਮਛਰ ਡੰਗ ਸਾਇਰ ਭਰ ਸੁਭਰ
ਬਿਨੁ ਹਰਿ ਕਿਉ ਸੁਖੁ ਪਾਈਐ॥
ਨਾਨਕ ਪੂਛਿ ਚਲਉ ਗੁਰ ਅਪੁਨੇ
ਜਹ ਪ੍ਰਭੁ ਤਹ ਹੀ ਜਾਈਐ॥10॥
ਗੁਰੂ ਅਰਜਨ ਦੇਵ ਮਾਝ ਰਾਗ ਵਿਚ ਰਚੇ ‘ਬਾਰਹ ਮਾਹਾ’ ਵਿਚ ਭਾਦੋਂ ਦੇ ਮਹੀਨੇ ਦਾ ਜ਼ਿਕਰ ਕਰਦਿਆਂ ਫਰਮਾਉਂਦੇ ਹਨ ਕਿ ਜਿਨ੍ਹਾਂ ਜੀਵ-ਇਸਤਰੀਆਂ ਦਾ ਮਨ ਪਰਮਾਤਮਾ ਨੂੰ ਛੱਡ ਕੇ ਦੂਸਰੇ ਪਾਸੇ ਲੱਗ ਜਾਂਦਾ ਹੈ, ਉਹ ਭਰਮ-ਭੁਲੇਖਿਆਂ ਵਿਚ ਪੈ ਜਾਂਦੀਆਂ ਹਨ ਅਤੇ ਅਸਲੀ ਮਕਸਦ ਤੋਂ ਖੁੰਝ ਜਾਂਦੀਆਂ ਹਨ। ਅਜਿਹੀਆਂ ਜੀਵ-ਇਸਤਰੀਆਂ ਭਾਵੇਂ ਜਿੰਨੇ ਮਰਜ਼ੀ ਹਾਰ-ਸ਼ਿੰਗਾਰ ਲਾ ਲੈਣ, ਕਿਸੇ ਕੰਮ ਨਹੀਂ ਆਉਂਦੇ। ਜਦੋਂ ਮਨੁੱਖ ਦਾ ਸਰੀਰ ਖਤਮ ਹੋ ਜਾਂਦਾ ਹੈ, ਉਦੋਂ ਕੋਈ ਵੀ ਲਾਗੂ ਨਹੀਂ ਹੁੰਦਾ, ਸਭ ਪ੍ਰੇਤ ਪ੍ਰੇਤ ਕਹਿ ਕੇ ਦੌੜਦੇ ਹਨ ਅਤੇ ਜਲਦੀ ਹੀ ਉਸ ਮਰੇ ਹੋਏ ਸਰੀਰ ਨੂੰ ਘਰੋਂ ਕੱਢਣਾ ਚਾਹੁੰਦੇ ਹਨ। ਜਮ ਜਦੋਂ ਜਿੰਦ ਨੂੰ ਸਰੀਰ ਵਿਚੋਂ ਕੱਢ ਕੇ ਲੈ ਜਾਂਦੇ ਹਨ ਤਾਂ ਕਿਸੇ ਨੂੰ ਇਹ ਭੇਦ ਨਹੀਂ ਦਿੰਦੇ ਕਿ ਕਿਥੇ ਲੈ ਕੇ ਜਾ ਰਹੇ ਹਨ। ਜਿਨ੍ਹਾਂ ਸਕੇ-ਸਬੰਧੀਆਂ ਨਾਲ ਸਾਰੀ ਉਮਰ ਪ੍ਰੇਮ ਵਿਚ ਲੰਘਾਈ ਹੁੰਦੀ ਹੈ, ਉਹ ਪਲਾਂ ਵਿਚ ਸਾਥ ਛੱਡ ਕੇ ਪਾਸੇ ਹੋ ਜਾਂਦੇ ਹਨ। ਮੌਤ ਆਈ ਦੇਖ ਕੇ ਮਨੁੱਖ ਨੂੰ ਪਛਤਾਵਾ ਹੁੰਦਾ ਹੈ ਅਤੇ ਘਬਰਾਹਟ ਵਿਚ ਉਹ ਰੰਗ ਬਦਲਦਾ ਹੈ।
ਗੁਰੂ ਅਰਜਨ ਦੇਵ ਅੱਗੇ ਫਰਮਾਉਂਦੇ ਹਨ ਕਿ ਮਨੁੱਖ ਦਾ ਸਰੀਰ ਇੱਕ ਖੇਤ ਦੀ ਤਰ੍ਹਾਂ ਹੈ, ਜਿਵੇਂ ਖੇਤ ਵਿਚ ਜਿਸ ਫਸਲ ਦਾ ਬੀਅ ਬੀਜਿਆ ਜਾਂਦਾ ਹੈ, ਉਹੀ ਫਸਲ ਵੱਢੀ ਜਾਂਦੀ ਹੈ। ਇਸੇ ਤਰ੍ਹਾਂ ਸਰੀਰ ਵਿਚ ਜਿਸ ਕਿਸਮ ਦੇ ਕਰਮਾਂ ਦਾ ਅਸੀਂ ਬੀਅ ਪਾਉਂਦੇ ਹਾਂ ਅਰਥਾਤ ਜਿਹੋ ਜਿਹੇ ਕਰਮ ਬੀਜਦੇ ਹਾਂ, ਉਹੋ ਜਿਹਾ ਹੀ ਫਲ ਪ੍ਰਾਪਤ ਕਰਦੇ ਹਾਂ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿਹੜੇ ਗੁਰੂ ਦਾ ਆਸਰਾ ਤੱਕ ਲੈਂਦੇ ਹਨ, ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਆਪ ਬਣ ਜਾਂਦਾ ਹੈ, ਉਹ ਗੁਰੂ ਦੀ ਮਿਹਰ ਸਦਕਾ ਅਕਾਲ ਪੁਰਖ ਦੀ ਸ਼ਰਨ ਵਿਚ ਆ ਕੇ ਉਸ ਦੇ ਚਰਨਾਂ-ਰੂਪੀ ਜਹਾਜ਼ ਵਿਚ ਸਵਾਰ ਹੋ ਕੇ ਪਾਰ ਲੱਗ ਜਾਂਦੇ ਹਨ। ਭਾਦੋਂ ਦਾ ਸੁਨੇਹਾ ਇਹ ਹੈ ਕਿ ਅਜਿਹੇ ਜੀਵਾਂ ਨੂੰ ਨਰਕ ਨਹੀਂ ਪੋਂਹਦਾ,
ਭਾਦੁਇ ਭਰਮਿ ਭੁਲਾਣੀਆ
ਦੂਜੈ ਲਗਾ ਹੇਤੁ॥
ਲਖ ਸੀਗਾਰ ਬਣਾਇਆ
ਕਾਰਜਿ ਨਾਹੀ ਕੇਤੁ॥

ਸੇ ਭਾਦੁਇ ਨਰਕਿ ਨ ਪਾਈਅਹਿ
ਗੁਰੁ ਰਖਣ ਵਾਲਾ ਹੇਤੁ॥7॥
ਭਾਦੋਂ ਦੀ ਹੁੰਮਸ ਭਰੀ ਰੁੱਤ ਤੋਂ ਬਾਅਦ ਅੱਸੂ ਮਹੀਨਾ ਆਉਂਦਾ ਹੈ ਜਿਸ ਵਿਚ ਮੌਸਮ ਮਿੱਠਾ ਹੋ ਜਾਦਾ ਹੈ। ਅੱਸੂ ਵਿਚ ਰੁੱਤ ਸੁਹਣੀ ਅਤੇ ਮਿੱਠੀ ਹੁੰਦੀ ਹੈ। ਗੁਰੂ ਨਾਨਕ ਦੇਵ ਫਰਮਾਉਂਦੇ ਹਨ ਕਿ ਜਦੋਂ ਅੱਸੂ ਦੀ ਰੁੱਤ ਆਉਂਦੀ ਹੈ ਤਾਂ ਇਸਤਰੀ ਦਾ ਦਿਲ ਕਰਦਾ ਹੈ ਕਿ ਉਸ ਦਾ ਪ੍ਰੀਤਮ-ਪਿਆਰਾ ਘਰ ਆਵੇ। ਉਹ ਝੂਰਦੀ ਹੈ (ਭਾਦਉ ਭਰਮਿ ਭੁਲੀ) ਕਿਉਂਕਿ ਉਸ ਦਾ ਮਨ ਦਵੈਤ ਵਾਲੇ ਪਾਸੇ ਲੱਗ ਕੇ ਭਰਮਾਂ ਵਿਚ ਪਿਆ ਰਿਹਾ। ਵਿਕਾਰਾਂ ਦੇ ਕਾਰਨ ਜੀਵ-ਇਸਤਰੀ ਪਰਮਾਤਮਾ ਤੋਂ ਵਿਛੜੀ ਰਹਿੰਦੀ ਹੈ ਪਰ ਜਦੋਂ ਉਸ ਨੂੰ ਆਪਣੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਪਰਮਾਤਮਾ ਅੱਗੇ ਮਿਲਾਪ ਲਈ ਅਰਦਾਸ ਕਰਦੀ ਹੈ ਕਿ ਦੁਨਿਆਵੀ ਮਾਇਆ ਦੇ ਮੋਹ ਵਿਚ ਪੈ ਕੇ ਉਹ ਪਰਮਾਤਮਾ ਨੂੰ ਭੁੱਲੀ ਰਹੀ ਹੈ ਅਤੇ ਉਹ ਪਰਮਾਤਮਾ ਨੂੰ ਤਾਂ ਹੀ ਮਿਲ ਸਕਦੀ ਹੈ ਜੇ ਉਹ ਆਪ ਮਿਲਾਵੇ ਅਰਥਾਤ ਉਸ ਦੀ ਮਿਹਰ ਤੋਂ ਬਿਨਾ ਮੇਲ ਸੰਭਵ ਨਹੀਂ ਹੈ। ਜੀਵ-ਇਸਤਰੀ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਜਦੋਂ ਤੋਂ ਉਹ ਝੂਠੇ ਦੁਨਿਆਵੀ ਮੋਹ ਵਿਚ ਉਲਝ ਗਈ ਹੈ, ਉਦੋਂ ਤੋਂ ਹੀ ਪਰਮਾਤਮਾ ਤੋਂ ਵਿਚੜੀ ਹੋਈ ਹੈ। ਕਾਹੀ ਨੂੰ ਸੁਫੈਦ ਫੁੱਲ ਆ ਗਏ ਹਨ ਗਰਮੀ ਦਾ ਮੌਸਮ ਪਿੱਛੇ ਲੰਘ ਗਿਆ ਹੈ ਅਤੇ ਸਰਦ ਰੁੱਤ ਆ ਰਹੀ ਹੈ ਜਿਸ ਨੂੰ ਦੇਖ ਕੇ ਜੀਵ-ਇਸਤਰੀ ਦਾ ਮਨ ਡੋਲ ਰਿਹਾ ਹੈ ਕਿ ਹੁਣ ਤਾਂ ਪਰਮਾਤਮਾ ਨਾਲ ਮਿਲਾਪ ਹੋਵੇ। ਚਾਰੇ ਪਾਸੇ ਹਰਿਆਵਲ ਦੇਖ ਕੇ ਮਨ ਨੂੰ ਧੀਰਜ ਵੀ ਆਉਂਦਾ ਹੈ ਕਿ ਜਿਹੜਾ ਫਲ ਸਹਿਜ ਨਾਲ ਪੱਕਦਾ ਹੈ, ਉਹ ਮਿੱਠਾ ਹੁੰਦਾ ਹੈ ਅਰਥਾਤ ਮਨ ਨੂੰ ਧੀਰਜ ਅਤੇ ਅਡੋਲ ਰੱਖਿਆਂ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਇਸ ਅੱਸੂ ਦੇ ਮਹੀਨੇ ਅਕਾਲ ਪੁਰਖ ਅੱਗੇ ਅਰਦਾਸ ਕਰ ਕਿ ਗੁਰੂ ਦੀ ਮਿਹਰ ਹੋਵੇ ਅਤੇ ਪਰਮਾਤਮਾ ਮਿਲ ਜਾਵੇ,
ਦਹਦਿਸਿ ਸਾਖ ਹਰੀ ਹਰੀਆਵਲ
ਸਹਜਿ ਪਕੈ ਸੋ ਮੀਠਾ॥
ਨਾਨਕ ਅਸੁਨਿ ਮਿਲਹੁ ਪਿਆਰੇ
ਸਤਿਗੁਰ ਭਏ ਬਸੀਠਾ॥11॥
ਗੁਰੂ ਅਰਜਨ ਦੇਵ ਅੱਸੂ ਦੀ ਸੁਹਣੀ ਰੁੱਤ ਦੀ ਗੱਲ ਕਰਦਿਆਂ ਫਰਮਾਉਂਦੇ ਹਨ ਕਿ ਜੀਵ-ਇਸਤਰੀ ਪੁੱਛਦੀ ਹੈ ਕਿ ਹੇ ਮਾਂ! ਅੱਸੂ ਦੀ ਰੁੱਤ ਆ ਗਈ ਹੈ, ਮਨ ਵਿਚ ਪ੍ਰਭੂ-ਪ੍ਰੀਤਮ ਨੂੰ ਮਿਲਣ ਲਈ ਪ੍ਰੇਮ ਉਛਾਲੇ ਮਾਰ ਰਿਹਾ ਹੈ, ਉਸ ਨੂੰ ਕਿਵੇਂ ਮਿਲਿਆ ਜਾਵੇ? ਉਸ ਪਰਮਾਤਮਾ ਨੂੰ ਮਿਲਣ ਦੀ ਪਿਆਸ, ਸਿੱਕ ਮਨ ਨੂੰ ਲੱਗੀ ਹੈ, ਕੋਈ ਉਸ ਨਾਲ ਮਿਲਾਪ ਕਰਾ ਦੇਵੇ। ਸੰਤ ਅਰਥਾਤ ਸਤਿ-ਪੁਰਸ਼ਾਂ ਦੀ ਸੰਗਤਿ ਹੀ ਪਰਮਾਤਮ-ਪ੍ਰੇਮ ਵਿਚ ਸਹਾਈ ਹੁੰਦੀ ਹੈ, ਇਸ ਲਈ ਉਨ੍ਹਾਂ ਦੀ ਸੰਗਤਿ ਕਰਨੀ ਚਾਹੀਦੀ ਹੈ। ਪਰਮਾਤਮਾ ਤੋਂ ਬਿਨਾ ਹੋਰ ਕੋਈ ਸੁੱਖ ਅਨੰਦ ਨਹੀਂ ਹੈ, ਕੋਈ ਦੂਸਰੀ ਥਾਂ ਅਜਿਹੀ ਨਹੀਂ ਜਿੱਥੇ ਇਹ ਸੁੱਖ ਮਿਲੇ। ਜਿਨ੍ਹਾਂ ਨੇ ਇੱਕ ਵਾਰ ਪਰਮਾਤਮ-ਪ੍ਰੇਮ ਦਾ ਅਨੰਦ ਮਾਣ ਲਿਆ, ਉਹ ਰੱਜ ਜਾਂਦੇ ਹਨ, ਉਨ੍ਹਾਂ ਨੂੰ ਹੋਰ ਕੋਈ ਭੁੱਖ ਨਹੀਂ ਰਹਿੰਦੀ। ਉਹ ਆਪਾ-ਭਾਵ ਤਿਆਗ ਕੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਆਪਣੇ ਚਰਨੀਂ ਲਾ ਕੇ ਰੱਖੇ। ਜਿਨ੍ਹਾਂ ਉਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਅਤੇ ਉਨ੍ਹਾਂ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ, ਉਹ ਫਿਰ ਦੁਬਾਰਾ ਕਦੀ ਨਹੀਂ ਵਿਛੜਦੀਆਂ (ਗੁਰਮਤਿ ਅਨੁਸਾਰ ਜੋ ਮਨੁੱਖ ਗੁਰਮੁਖਿ ਪਦ ਪ੍ਰਾਪਤ ਕਰ ਲੈਂਦਾ, ਉਸ ਮੁਕਾਮ ‘ਤੇ ਪਹੁੰਚ ਜਾਂਦਾ ਹੈ-ਉਹ ਫਿਰ ਉਸ ਗੁਰਮੁਖਿ ਪਦ ਤੋਂ ਥੱਲੇ ਨਹੀਂ ਡਿਗਦਾ)। ਉਸ ਅਕਾਲ ਪੁਰਖ ਤੋਂ ਬਿਨਾ ਦੂਸਰੀ ਹੋਰ ਕੋਈ ਹਸਤੀ ਨਹੀਂ ਹੈ। ਇਸ ਲਈ ਉਸ ਦਾ ਹੀ ਓਟ-ਆਸਰਾ ਤੱਕਣਾ ਚਾਹੀਦਾ ਹੈ, ਕਿਸੇ ਹੋਰ ਦਾ ਨਹੀਂ, ਉਸੇ ਦੀ ਸ਼ਰਨ ਵਿਚ ਜਾਣਾ ਚਾਹੀਦਾ ਹੈ। ਅੱਸੂ ਦੀ ਇਸ ਮਿੱਠੀ ਰੁੱਤ ਵਿਚ ਉਹ ਜੀਵ-ਇਸਤਰੀਆਂ ਸੁਖੀ ਵੱਸਦੀਆਂ ਹਨ, ਜਿਨ੍ਹਾਂ ਉਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ,
ਪ੍ਰਭ ਵਿਣੁ ਦੂਜਾ ਕੋ ਨਹੀ
ਨਾਨਕ ਹਰਿ ਸਰਣਾਇ॥
ਅਸੂ ਸੁਖੀ ਵਸੰਦੀਆ
ਜਿਨਾ ਮਇਆ ਹਰਿ ਰਾਇ॥8॥
ਅੱਸੂ ਤੋਂ ਅਗਲਾ ਕੱਤਕ ਦਾ ਮਹੀਨਾ ਹੈ। ਆਮ ਹਿੰਦੂ ਪਰੰਪਰਾ ਵਿਚ ਕੱਤਕ ਦੇ ਮਹੀਨੇ ਤੀਰਥ ਜਾਂ ਕਿਸੇ ਪਵਿੱਤਰ ਸਥਾਨ ‘ਤੇ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਪੂਜਾ ਪਾਠ ਕੀਤਾ ਜਾਂਦਾ ਹੈ। ਗੁਰਮਤਿ ਵਿਚ ਇਸ ਕਿਸਮ ਦੇ ਕਿਸੇ ਵੀ ਕਰਮ-ਕਾਂਡ ਦੀ ਜਾਂ ਰਸਮੀ ਇਸ਼ਨਾਨ ਵਗੈਰਾ ਦੀ ਆਗਿਆ ਨਹੀਂ ਦਿੱਤੀ ਗਈ। ਗੁਰਮਤਿ ਵਿਚ ਮਨੁੱਖ ਨੂੰ ਪਰਮਾਤਮਾ ਦੇ ਨਾਮ ਸਿਮਰਨ ਰਾਹੀਂ ਉਸ ਨਾਲ ਜੁੜਨ ਦੀ ਸਿੱਖਿਆ ਦਿੱਤੀ ਗਈ ਹੈ। ਨਾਮ ਸਿਮਰਨ ਰਾਹੀਂ ਮਨੁੱਖ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਧੋ ਕੇ ਚੰਗੇ ਗੁਣ ਪੈਦਾ ਕਰ ਸਕਦਾ ਹੈ। ਕੱਤਕ ਦਾ ਮਹੀਨਾ ਸਾਉਣੀ ਦੀ ਫਸਲ ਦੀ ਕਮਾਈ ਘਰ ਲੈ ਆਉਣ ਅਤੇ ਨਵੀਂ ਫਸਲ ਬੀਜਣ ਦਾ ਵੀ ਮਹੀਨਾ ਹੈ। ਜਿਸ ਤਰ੍ਹਾ ਕੱਤਕ ਦੇ ਮਹੀਨੇ ਫਸਲ ਦੀ ਕਮਾਈ ਦਾ ਫਲ ਪ੍ਰਾਪਤ ਹੁੰਦਾ ਹੈ, ਇਸੇ ਤਰ੍ਹਾਂ ਮਨੁੱਖ ਨੂੰ ਅਕਾਲ ਪੁਰਖ ਦੇ ਭਾਣੇ ਵਿਚ ਆਪਣੇ ਕੀਤੇ ਕਰਮਾਂ ਦਾ ਫਲ ਅੰਦਰ ਇਕੱਠੇ ਹੋਏ ਸੰਸਕਾਰਾਂ ਦੇ ਰੂਪ ਵਿਚ ਮਿਲਦਾ ਹੈ। ਆਪਣੇ ਕੀਤੇ ਹੋਏ ਚੰਗੇ ਕਰਮਾਂ ਅਨੁਸਾਰ ਜੋ ਮਨੁੱਖ ਪਰਮਾਤਮਾ ਦੇ ਪ੍ਰੇਮ ਦਾ ਪਾਤਰ ਬਣ ਜਾਂਦਾ ਹੈ ਉਸ ਅੰਦਰ ਸਹਿਜ ਆ ਜਾਂਦਾ ਹੈ, ਆਤਮਕ ਸੰਤੁਲਨ ਆ ਜਾਂਦਾ ਹੈ ਅਤੇ ਆਤਮਕ ਗਿਆਨ ਦਾ ਦੀਵਾ ਜੱਗ ਪੈਂਦਾ ਹੈ।
ਚਾਨਣ ਦਾ ਇਹ ਦੀਵਾ ਪਰਮਾਤਮਾ ਨਾਲ ਮਿਲਾਪ ਤੋਂ ਜਗਦਾ ਹੈ। ਜਿਸ ਮਨੁੱਖ ਦਾ ਅਕਾਲ ਪੁਰਖ ਨਾਲ ਮਿਲਾਪ ਹੋ ਜਾਂਦਾ ਹੈ ਅਤੇ ਉਸ ਅੰਦਰ ਆਤਮਕ ਗਿਆਨ ਦੇਣ ਵਾਲੇ ਚਾਨਣ ਦੇ ਅਨੰਦ ਦਾ ਤੇਲ ਬਲ ਰਿਹਾ ਹੈ, ਉਹ ਮਨੁੱਖ ਪਰਮਾਤਮਾ ਦੇ ਮਿਲਾਪ ਦੀ ਖੁਸ਼ੀ ਉਤਸ਼ਾਹ ਨਾਲ ਮਾਣਦਾ ਹੈ। ਜਿਸ ਮਨੁੱਖ ਨੂੰ ਵਿਕਾਰਾਂ ਨੇ ਮਾਰ ਲਿਆ ਹੈ, ਉਹ ਆਤਮਕ ਮੌਤ ਮਰ ਜਾਂਦਾ ਹੈ ਅਤੇ ਕਾਮਯਾਬ ਨਹੀਂ ਹੁੰਦਾ। ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਸਿਮਰਨ, ਉਸ ਦੀ ਸਿਫਤਿ-ਸਾਲਾਹ ਰਾਹੀਂ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਮੋੜ ਲਿਆ ਹੈ, ਉਸ ਨੂੰ ਵਿਕਾਰ ਨਹੀਂ ਮਾਰ ਸਕਦੇ। ਗੁਰੂ ਨਾਨਕ ਸਾਹਿਬ ਅੱਗੇ ਦੱਸਦੇ ਹਨ ਕਿ ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਅਤੇ ਭਗਤੀ ਬਖਸ਼ਿਸ਼ ਕਰਦਾ ਹੈ, ਉਸ ਮਨੁੱਖ ਦੇ ਅੰਦਰ ਸਹਿਜ ਆ ਜਾਂਦਾ ਹੈ ਅਤੇ ਭਟਕਣ ਮੁੱਕ ਜਾਂਦੀ ਹੈ। ਅਜਿਹੇ ਮਨੁੱਖ ਅੰਦਰ ਪਰਮਾਤਮਾ ਨੂੰ ਮਿਲਣ ਦੀ, ਨਿਜ-ਘਰ (ਆਤਮ-ਅਨੁਭਵ) ਦੀ ਖਿੱਚ ਬਣੀ ਰਹਿੰਦੀ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਆਪਣੇ ਨਾਲ ਮਿਲਾਪ ਲਈ ਦਰਵਾਜ਼ੇ ਖੋਲ੍ਹ ਦੇ ਕਿਉਂਕਿ ਇੱਕ ਘੜੀ ਦਾ ਵਿਛੋੜਾ ਵੀ ਛੇ ਮਹੀਨੇ ਜਿੱਡਾ ਲੰਬਾ ਲੱਗਦਾ ਹੈ,
ਕਤਕਿ ਕਿਰਤੁ ਪਇਆ
ਜੋ ਪ੍ਰਭ ਭਾਇਆ॥
ਦੀਪਕੁ ਸਹਜਿ ਬਲੈ
ਤਤਿ ਜਲਾਇਆ॥

ਨਾਮੁ ਭਗਤਿ ਦੇ ਨਿਜ ਘਰਿ ਬੈਠੇ
ਅਜਹੁ ਤਿਨਾੜੀ ਆਸਾ॥
ਨਾਨਕ ਮਿਲਹੁ ਕਪਟ ਦਰ ਖੋਲਹੁ
ਏਕ ਘੜੀ ਖਟੁ ਮਾਸਾ॥12॥
ਉਪਰ ਵੀ ਜ਼ਿਕਰ ਹੈ ਕਿ ਕੱਤਕ ਮਹੀਨਾ ਇੱਕ ਪਾਸੇ ਫਸਲ ਦੀ ਕਮਾਈ ਦੇ ਘਰ ਆਉਣ ਦਾ ਸਮਾਂ ਹੈ ਅਤੇ ਦੂਜੇ ਪਾਸੇ ਨਵੀਂ ਫਸਲ ਬੀਜਣ ਦਾ। ਕੱਤਕ ਵਿਚ ਮੌਸਮ ਵੀ ਹੋਰ ਸੁਹਣਾ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਕੱਤਕ ਦੇ ਮਹੀਨੇ ਨੂੰ ਬੀਜੇ ਹੋਏ ਦਾ ਫਲ ਦੇਣ ਵਾਲਾ ਹੋਣ ਦੀ ਉਦਾਹਰਣ ਰਾਹੀਂ ਹੀ ਸਮਝਾਉਂਦੇ ਹਨ ਕਿ ਜੇ ਹੁਣ ਇਸ ਮਹੀਨੇ ਵੀ ਪਰਮਾਤਮਾ ਨਾਲ ਮਿਲਾਪ ਨਹੀਂ ਹੋਇਆ ਤਾਂ ਇਹ ਆਪਣੇ ਕੀਤੇ ਹੋਏ ਕਰਮਾਂ ਦੇ ਫਲ ਸਦਕਾ ਹੀ ਹੈ, ਕਰਮਾਂ ਦਾ ਹੀ ਸਿੱਟਾ ਹੈ, ਇਸ ਲਈ ਕਿਸੇ ਹੋਰ ਨੂੰ ਦੋਸ਼ ਦੇਣਾ ਠੀਕ ਨਹੀਂ ਹੈ। ਜਦੋਂ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਜਾਂਦਾ ਹੈ, ਪਰਮਾਤਮਾ ਨੂੰ ਭੁੱਲ ਜਾਂਦਾ ਹੈ ਤਾਂ ਦੁਨੀਆਂ ਦੇ ਸਾਰੇ ਦੁੱਖ ਅਤੇ ਕਲੇਸ਼ ਘੇਰ ਲੈਂਦੇ ਹਨ। ਜਿਹੜੇ ਇਸ ਜਨਮ ਵਿਚ ਪਰਮਾਤਮਾ ਵੱਲੋਂ ਮੂੰਹ ਮੋੜ ਲੈਂਦੇ ਹਨ ਅਰਥਾਤ ਉਸ ਨੂੰ ਯਾਦ ਨਹੀਂ ਕਰਦੇ, ਉਨ੍ਹਾਂ ਨੂੰ ਫਿਰ ਕਈ ਜਨਮਾਂ ਦੇ ਵਿਛੋੜੇ ਪੈ ਜਾਂਦੇ ਹਨ। ਜਿਸ ਮਾਇਆ ਦੀ ਖ਼ਾਤਰ ਪਰਮਾਤਮਾ ਵਲੋਂ ਮੂੰਹ ਮੋੜਿਆ ਸੀ, ਉਹ ਮਾਇਆਵੀ ਮੌਜਾਂ ਵੀ ਦੁਖਦਾਈ ਹੋ ਜਾਂਦੀਆਂ ਹਨ। ਵਿਛੋੜੇ ਦੇ ਇਸ ਦੁੱਖ ਦਾ ਰੋਜ਼ ਦਿਹਾੜੇ ਕਿਸੇ ਕੋਲ ਰੋਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਕੋਈ ਵੀ ਇਸ ਵਿਚ ਕੁੱਝ ਨਹੀਂ ਕਰ ਸਕਦਾ, ਕੋਈ ਮਿਲਾਪ ਲਈ ਵਿਚੋਲਗਿਰੀ ਨਹੀਂ ਕਰ ਸਕਦਾ। ਇਥੇ ਮਨੁੱਖ ਦੀ ਕੋਈ ਪੇਸ਼ ਨਹੀਂ ਚੱਲਦੀ ਕਿਉਂਕਿ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਲਿਖੇ ਲੇਖਾਂ ਕਾਰਨ ਇਹ ਸਭ ਕੁੱਝ ਹੁੰਦਾ ਹੈ। ਪਰ ਜੇ ਚੰਗੀ ਕਿਸਮਤ ਨੂੰ ਪਰਮਾਤਮਾ ਦੀ ਆਪ ਹੀ ਕਿਰਪਾ ਹੋ ਜਾਵੇ ਅਤੇ ਉਹ ਆ ਮਿਲੇ ਤਾਂ ਵਿਛੋੜੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਆਪ ਹੀ ਮਿਹਰ ਕਰੇ ਅਤੇ ਮਾਇਆ ਦੇ ਬੰਧਨਾਂ ਤੋਂ ਬਚਾ ਲਵੇ। ਇਸ ਪ੍ਰਾਪਤੀ ਦਾ ਸਾਧਨ ਸਾਧ-ਸੰਗਤਿ ਹੈ। ਕੱਤਕ ਦੇ ਮਹੀਨੇ ਜਿਨ੍ਹਾਂ ਨੂੰ ਸਾਧ-ਸੰਗਤਿ ਪ੍ਰਾਪਤ ਹੋ ਜਾਂਦੀ ਹੈ ਉਨ੍ਹਾਂ ਦੀ ਵਿਛੋੜੇ ਵਾਲੀ ਚਿੰਤਾ ਖਤਮ ਹੋ ਜਾਂਦੀ ਹੈ,
ਕਤਿਕਿ ਕਰਮ ਕਮਾਵਣੇ
ਦੋਸੁ ਨ ਕਾਹੂ ਜੋਗੁ॥
ਪਰਮੇਸਰ ਤੇ ਭੁਲਿਆਂ
ਵਿਆਪਨ੍ਹਿ ਸਭੈ ਰੋਗੁ॥

ਨਾਨਕ ਕਉ ਪ੍ਰਭ ਰਾਖਿ ਲੇਹਿ
ਮੇਰੇ ਸਾਹਿਬ ਬੰਦੀ ਮੋਚ॥
ਕਤਿਕਿ ਹੋਵੈ ਸਾਧ ਸੰਗੁ
ਬਿਨਸਹਿ ਸਭੇ ਸੋਚ॥9॥

Be the first to comment

Leave a Reply

Your email address will not be published.