ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਰਾਣੀ ਜਿੰਦਾਂ ਅਤੇ ਅੰਗਰੇਜ਼ ਰੈਜੀਡੈਂਟ ਲਾਰਡ ਹੈਨਰੀ ਲਾਰੈਂਸ ਵਿਚਾਲੇ ਖਤਾਂ ਰਾਹੀਂ ਖਹਿਬੜਬਾਜ਼ੀ ਕਾਫੀ ਦੇਰ ਚਲਦੀ ਰਹੀ। ਰੈਜੀਡੈਂਟ ਕਦੇ ਤਾਂ ਮਹਾਰਾਣੀ ਨੂੰ ਬਾਕੀ ਦੇਸ਼ਾਂ ਦੀਆਂ ਸ਼ਹਿਜਾਦੀਆਂ ਵਾਂਗ ਪਰਦੇ ਪਿਛੇ ਰਹਿਣ ਲਈ ਆਖਦਾ, ਕਦੇ ਆਖਦਾ ਕਿ ਉਹ ਆਪਣੇ ਨਿਜੀ ਮਹਿਲ ਵਿਚ ਪੰਜਾਹ ਪੰਜਾਹ ਬ੍ਰਾਹਮਣਾਂ ਦੇ ਪੈਰ ਧੋ ਕੇ ਭੋਜਨ ਨਾ ਛਕਾਵੇ ਅਤੇ ਨਾ ਹੀ ਹੋਰ ਸਰਦਾਰਾਂ ਨੂੰ ਆਪਣੇ ਨਿਜੀ ਮਹਿਲ ਵਿਚ ਬੁਲਾਵੇ।
ਰਾਣੀ ਵੀ ਅੰਗਰੇਜ਼ਾਂ ਦੀਆਂ ਨਸੀਹਤਾਂ ਨੂੰ ਟਿੱਚ ਸਮਝਦਿਆਂ ਬੜੇ ਅੱਖੜ ਜਿਹੇ ਜਵਾਬ ਭੇਜਦੀ ਰਹੀ। ਜ਼ਾਹਰਾ ਤੌਰ ‘ਤੇ ਇਹ ਲੜਾਈ ਹਾਸੋ-ਹੀਣੀ ਲਗਦੀ ਸੀ। ਲਾਰੈਂਸ ਤਾਂ ਆਪਣੇ ਵੱਲੋਂ ਠੀਕ ਤਾੜਨਾ ਕਰਦਾ ਸੀ, ਪਰ ਰਾਣੀ ਆਪਣੇ ਜਵਾਬ ਵਿਚ ਦਿਲ ਦੀ ਭੜਾਸ ਕੱਢਦੀ ਸੀ। ਇਉਂ ਲਗਦਾ ਕਿ ਦੋਹਾਂ ਨੇ ਇਕ ਦੂਜੇ ਉਤੇ ਵਾਰ ਕਰਨ ਲਈ ਹੱਥਾਂ ਵਿਚ ਚਾਕੂ ਫੜੇ ਹੋਏ ਹੋਣ।
ਰੈਜ਼ੀਡੈਂਟ ਨੇ ਕਲਕੱਤੇ (ਹੁਣ ਕੋਲਕਾਤਾ) ਅਪੀਲ ਕੀਤੀ। ਕੁਝ ਦਿਨਾਂ ਬਾਅਦ ਰੈਜ਼ੀਡੈਂਟ ਨੇ ਦਰਬਾਰ ਦੇ ਵਫਾਦਾਰ ਸਰਦਾਰਾਂ ਨੂੰ ਮਹਾਰਾਜਾ ਦਲੀਪ ਸਿੰਘ ਹੱਥੋਂ ਅਹੁਦੇ ਬਖਸ਼ੇ ਜਾਣ ਦਾ ਪ੍ਰੋਗਰਾਮ ਬਣਾਇਆ। ਸ਼ਾਹੀ ਜੋਤਸ਼ੀਆਂ ਨੇ 2 ਅਗਸਤ 1847 ਵਾਲਾ ਦਿਨ ਅਤੇ ਸਵੇਰ ਦੇ 8æ17 ਵਜੇ ਦਾ ਸਮਾਂ ਇਸ ਸਮਾਗਮ ਲਈ ਸ਼ੁਭ ਕਰਾਰ ਦਿੱਤਾ। ਮਿਥੇ ਸਮੇਂ ‘ਤੇ ਦਰਬਾਰ ਸਜਿਆ ਤਾਂ ਸਭ ਤੋਂ ਪਹਿਲਾਂ ਤੇਜ ਸਿੰਘ ਸਜ-ਧਜ ਕੇ ਮਹਾਰਾਜਾ ਨੂੰ ਨਮਸਕਾਰ ਕਰ ਕੇ ਮੱਥੇ ‘ਤੇ ਤਿਲਕ ਲਗਵਾਉਣ ਲਈ ਅੱਗੇ ਵਧਿਆ। ਮਹਾਰਾਜੇ ਨੇ ਆਪਣੇ ਹੱਥ ਕੱਛਾਂ ਵਿਚ ਦੇ ਲਏ। ਹਾਲਾਤ ਨੂੰ ਮੁੱਖ ਰੱਖ ਕੇ ਵੱਡੇ ਗ੍ਰੰਥੀ ਨੂੰ ਤਿਲਕ ਲਾਉਣ ਲਈ ਅੱਗੇ ਕੀਤਾ ਗਿਆ।
ਰੈਜ਼ੀਡੈਂਟ ਲਾਰੈਂਸ ਨੇ ਤੁਰੰਤ ਸਾਰੀ ਕਾਰਵਾਈ ਦੀ ਰਿਪੋਰਟ ਗਵਰਨਰ ਜਨਰਲ ਨੂੰ ਭੇਜੀ ਅਤੇ ਸ਼ਾਮ ਦੇ ਜਸ਼ਨ ਦੀ ਤਿਆਰੀ ਵਿਚ ਰੁੱਝ ਗਿਆ। ਰਾਤ ਦੇ ਖਾਣੇ ‘ਤੇ ਅੰਗਰੇਜ਼ ਅਫਸਰ, ਸਵੇਰੇ ਦਰਬਾਰ ਵੱਲੋਂ ਅਹੁਦੇ ਪ੍ਰਾਪਤ ਕਰਨ ਵਾਲੇ ਅਤੇ ਕੌਂਸਲ ਦੇ ਮੈਂਬਰ ਹਾਜ਼ਰ ਸਨ। ਮਹਾਰਾਜੇ ਨੂੰ ਉਸ ਦੀ ਮਾਤਾ ਨੇ ਆਉਣ ਨਾ ਦਿੱਤਾ। ਰਾਣੀ ਨੂੰ ਧਮਕੀ ਦਿੱਤੀ ਗਈ ਕਿ ਜੇ ਮਹਾਰਾਜਾ ਨਾ ਆਇਆ ਤਾਂ ਪਾਰਟੀ ਅਸਫਲ ਰਹੇਗੀ। ਬਾਕੀ ਸਰਦਾਰਾਂ ਨਾਲ ਮਸ਼ਵਰਾ ਕਰ ਕੇ ਰਾਣੀ ਜਿੰਦਾਂ ਦੇ ਭਰਾ ਨੂੰ ਭੇਜਿਆ ਗਿਆ ਕਿ ਉਹ ਰਾਣੀ ਨੂੰ ਹਾਲਾਤ ਦੀ ਗੰਭੀਰਤਾ ਬਾਰੇ ਦੱਸੇ ਤੇ ਬਾਲਕ ਦਲੀਪ ਸਿੰਘ ਨੂੰ ਹਰ ਕੀਮਤ ‘ਤੇ ਪਾਰਟੀ ਵਿਚ ਲੈ ਕੇ ਆਵੇ। ਉਹ ਜਾ ਕੇ ਬਾਲਕ ਦਲੀਪ ਸਿੰਘ ਨੂੰ ਲੈ ਕੇ ਆਇਆ ਤਾਂ ਉਹ ਰੁੱਸ ਕੇ ਬੈਠਾ ਰਿਹਾ ਅਤੇ ਉਸ ਨੇ ਚਲ ਰਹੀ ਆਤਿਸ਼ਬਾਜ਼ੀ ਵਲ ਤੱਕਿਆ ਤੱਕ ਨਾ।
ਉਸ ਦੇ ਮਾਮੇ ਨੇ ਬਾਲਕ ਦਲੀਪ ਸਿੰਘ ਦੇ ਕੰਨਾਂ ਵਿਚ ਕਿਹਾ, “ਮਹਾਰਾਜ, ਤੁਸੀਂ ਨਾਰਾਜ਼ ਨਾ ਹੋਵੋ, ਹੁਕਮ ਹੋਵੇ ਤਾਂ ਤੁਹਾਡੇ ਸਾਥ ਲਈ ਕੁਝ ਸਾਥੀ ਬੁਲਾਵਾਂ।”
ਖੁਸ਼ਕਿਸਮਤੀ ਨਾਲ ਉਸ ਦੇ ‘ਸਾਥੀ ਬੁਲਾਉਣ’ ਦੇ ਸ਼ਬਦ ਸੁਣ ਕੇ ਸਮਝ ਲਏ ਗਏ। ਜੇ ‘ਸਾਥੀਆਂ’ ਨੂੰ ਆ ਲੈਣ ਦਿੱਤਾ ਜਾਂਦਾ ਤਾਂ ਪਾਰਟੀ ਵਿਚ ਕਤਲੇਆਮ ਹੋ ਜਾਣਾ ਸੀ। ਸਾਜ਼ਿਸ਼ ਰਚਣ ਵਾਲੇ ਸਾਰੇ ਸਾਥੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਕਰੜੀਆਂ ਸਜ਼ਾਵਾਂ ਸੁਣਾਈਆਂ ਗਈਆਂ, ਪਰ ਸਾਜ਼ਿਸ਼ ਦੀ ਮੁਖੀ ਜਿੰਦਾਂ ਨੂੰ ਨਰਮ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਕਿ ਮਾਂ ਅਤੇ ਪੁੱਤਰ ਨੂੰ ਵੱਖਰੇ ਕਰ ਦਿੱਤਾ ਜਾਵੇ। ਰਾਣੀ ਨੂੰ ਲਾਹੌਰ ਤੋਂ ਬਾਹਰ ਕਿਸੇ ਕਿਲ੍ਹੇ ਵਿਚ ਵਫਾਦਾਰ, ਬੁੱਢੇ ਸੇਵਕਾਂ ਨਾਲ ਨਜ਼ਰਬੰਦ ਕਰਨ ਦਾ ਫੈਸਲਾ ਕੀਤਾ ਗਿਆ, ਪਰ ਬਿੱਲੀ ਦੇ ਗਲ ਟੱਲੀ ਪਾਉਣ ਤੋਂ ਹਰ ਕੋਈ ਕੰਨੀ ਕਤਰਾਉਂਦਾ ਸੀ। ਰਾਣੀ ਫੌਜ ਬੁਲਾ ਸਕਦੀ ਸੀ ਤੇ ਲਾਹੌਰ ਛੱਡਣ ਤੋਂ ਇਨਕਾਰ ਵੀ ਕਰ ਸਕਦੀ ਸੀ। ਰੈਜ਼ੀਡੈਂਟ ਨੇ ਆਪਣੇ ਸਹਾਇਕ ਨੂੰ ਦਰਬਾਰ ਦੇ ਜ਼ਰਾ ਹੌਸਲੇ ਵਾਲੇ ਮੈਂਬਰਾਂ ਨਾਲ ਇਹ ਕੰਮ ਸਿਰੇ ਚਾੜ੍ਹਨ ਲਈ ਕਿਹਾ।
ਬਾਲਕ ਮਹਾਰਾਜੇ ਨੂੰ ਪਿਕਨਿਕ ਦੇ ਬਹਾਨੇ ਲਾਹੌਰ ਤੋਂ ਬਾਹਰ ਲਿਜਾਇਆ ਗਿਆ ਜਿਥੇ ਉਹ ਕੋਈ ਮਸ਼ੀਨੀ ਖਿਡੌਣਾ ਲੈ ਕੇ ਬਹੁਤ ਖੁਸ਼ ਹੋਇਆ। ਉਸ ਦੀ ਗੈਰ-ਹਾਜ਼ਰੀ ਵਿਚ ਰਾਣੀ ਨੂੰ ਰੋਂਦੀ ਕੁਰਲਾਂਦੀ ਨੂੰ ਬੱਘੀ ਵਿਚ ਬਿਠਾਇਆ ਗਿਆ। ਆਪਣੇ ਕੀਮਤੀ ਹੀਰੇ ਜਵਾਹਰਾਤ ਦਾ ਅਟੈਚੀ ਕੇਸ ਉਸ ਨੇ ਘੁੱਟ ਕੇ ਆਪਣੇ ਹੱਥਾਂ ਵਿਚ ਫੜਿਆ ਹੋਇਆ ਸੀ ਤੇ ਗੁੱਸੇ ਵਿਚ ਆਖ ਰਹੀ ਸੀ, ‘ਮੈਂ ਲੰਡਨ ਅਪੀਲ ਕਰਾਂਗੀ।’ ਉਸ ਦੇ ਅਟੈਚੀ ਕੇਸ ਵਿਚ 60,000 ਪੌਂਡ ਦੇ ਕੀਮਤੀ ਗਹਿਣੇ ਤੇ ਹੀਰੇ ਸਨ। ਇਸ ਤੋਂ ਬਾਅਦ ਜਦੋਂ ਬਾਲਕ ਮਹਾਰਾਜੇ ਨੂੰ ਇਹ ਭੈੜੀ ਖਬਰ ਦੱਸੀ ਗਈ ਤਾਂ ਉਸ ਨੇ ਮਾਸੂਮੀਅਤ ਨਾਲ ਆਪਣਾ ਮਸ਼ੀਨੀ ਖਿਡੌਣਾ ਦਿਖਾ ਕੇ ਕਿਹਾ, “ਮੇਰੇ ਪਾਸ ਇਹ ਜੋ ਹੈ।” ਉਦੋਂ ਉਸ ਨੂੰ ਆਪਣੀ ਮਾਂ ਨਾਲੋਂ ਖਿਡੌਣਾ ਵੱਧ ਖੁਸ਼ੀ ਦੇ ਰਿਹਾ ਸੀ! ਅਖੇ, ਮਗਰੋਂ ਉਸ ਨੇ ਆਪਣੀ ਮਾਂ ਨੂੰ ਯਾਦ ਨਾ ਕੀਤਾ।
ਫੌਜ ਨੂੰ ਇਸ ਬਾਰੇ ਖਬਰ ਮਿਲੀ, ਪਰ ਉਨ੍ਹਾਂ ਨੂੰ ਰਾਣੀ ਨਾਲੋਂ ਆਪਣੀਆਂ ਪੈਨਸ਼ਨਾਂ ਦੀ ਵੱਧ ਫਿਕਰ ਸੀ। ਇਹ ਔਖਾ ਕੰਮ ਪੂਰਾ ਕਰ ਕੇ ਹੈਨਰੀ ਲਾਰੈਂਸ ਨੇ ਸਿਹਤ ਖਰਾਬ ਹੋਣ ਕਰ ਕੇ ਛੁੱਟੀ ‘ਤੇ ਜਾਣ ਦੀ ਬੇਨਤੀ ਕੀਤੀ ਤੇ ਉਸ ਦੇ ਭਰਾ ਜਾਨ ਲਾਰੈਂਸ ਨੂੰ ਉਸ ਦਾ ਚਾਰਜ ਦਿੱਤਾ ਗਿਆ। ਦੋਵਾਂ ਭਰਾਵਾਂ ਦੇ ਕੰਮ ਨੇਪਰੇ ਚਾੜ੍ਹਨ ਦੇ ਤੌਰ-ਤਰੀਕੇ ਇਕ ਦੂਜੇ ਨਾਲੋਂ ਵੱਖਰੇ ਸਨ।
(ਹਵਾਲਾ: ਆਈæਸੀæਐਸ਼ ਸੈਪਟੀਮਸ ਸਮੈਟ ਥੌਰਬਰਨ ਦੀ ਕਿਤਾਬ ‘ਪੰਜਾਬ ਇਨ ਪੀਸ ਐਂਡ ਵਾਰ’)