ਗੁਲਜ਼ਾਰ ਸਿੰਘ ਸੰਧੂ
ਗੱਲ 1971 ਦੀ ਹੈ ਪਰ ਦੱਸਣ ਵਾਲੀ ਮੇਰੀ ਆਸਟ੍ਰੇਲੀਅਨ ਦੋਸਤ ਬੈਟੀ ਕਾਲਿਨਜ਼ ਦਿੱਲੀ ਆਈ ਹੋਈ ਸੀ। ਉਸ ਨੇ ਬੁੱਧ ਧਰਮ ਅਪਨਾ ਲਿਆ ਸੀ। ਆਪਣੇ ਦੇਸ਼ ਵਿਚ ਉਹ ਆਪਣੀ ਨਾਵਲ ਨਵੀਸੀ ਤੇ ਪੱਤਰਕਾਰਤਾ ਲਈ ਜਾਣੀ ਜਾਂਦੀ। ਭਾਰਤ ਵਿਚ ਮਹਾਤਮਾ ਬੁੱਧ ਨਾਲ ਸਬੰਧਤ ਇਤਿਹਾਸਕ ਥਾਂਵਾਂ ਵੇਖਣ ਆਈ ਸੀ। ਮੈਂ ਉਸ ਨੂੰ ਆਪਣੀ ਕਾਰ ਵਿਚ ਬੁੱਧ ਦੇ ਜਨਮ ਸਥਾਨ ਲੁੰਬਨੀ (ਨੇਪਾਲ) ਵੀ ਲੈ ਕੇ ਗਿਆ ਤੇ ਨਿਰਵਾਣ ਸਥਾਨ ਕੁਸ਼ੀਨਗਰ ਵੀ।
ਅੱਜ ਵਾਲੀ ਗੱਲ ਦਾ ਸਬੰਧ ਦਿੱਲੀ ਤੋਂ ਕੁਸ਼ੀਨਗਰ ਵਾਲੀ ਫੇਰੀ ਨਾਲ ਹੈ।
ਅਸੀਂ ਖਜੁਗਹੋ ਦੀਆਂ ਮੂਰਤੀਆਂ ਵੇਖ ਕੇ ਛਤਰਪੁਰ ਨੂੰ ਜਾ ਰਹੇ ਸਾਂ ਤਾਂ ਉਥੋਂ ਦੀ ਕਿਸਾਨੀ ਦੇ ਦਰਸ਼ਨ ਹੋਏ। ਸੜਕ ਦੇ ਕੰਢੇ ਇਕ ਹਲਟ ਚਲ ਰਿਹਾ ਸੀ। ਤ੍ਰੇਹ ਲੱਗੀ ਹੋਈ ਸੀ ਤੇ ਕਾਰ ਦਾ ਇੰਜਣ ਵੀ ਪਾਣੀ ਮੰਗ ਰਿਹਾ ਸੀ। ਨੇੜੇ ਜਾ ਕੇ ਦੇਖਿਆ ਕਿ ਉਸ ਹਲਟ ਦਾ ਬੈੜ, ਗਾਧੀ, ਕੁੱਤਾ ਤੇ ਪਾੜਛਾ ਲੋਹੇ ਦੇ ਨਹੀਂ ਸਗੋਂ ਲਕੜ ਦੇ ਸਨ। ਇਥੋਂ ਤੱਕ ਕਿ ਲੋਹੇ ਦੀਆਂ ਟਿੰਡਾਂ ਦੀ ਥਾਂ ਮਿੱਟੀ ਦੇ ਕਟੋਰੇ ਬੰਨੇ ਹੋਏ ਸਨ। ਪਾੜਛੇ ਵਿਚ ਪੈਣ ਤੋਂ ਪਹਿਲਾਂ ਅੱਧਾ ਪਾਣੀ ਖੂਹ ਵਿਚ ਹੀ ਲੀਕ ਕਰ ਕਰ ਰਿਹਾ ਸੀ। ਜਿਹੜਾ ਬਚਦਾ ਸੀ, ਉਸ ਵਿਚੋਂ ਅੱਧਾ ਲੱਕੜੀ ਦੇ ਪਾੜਛੇ ਵਿਚੋਂ ਏਧਰ ਓਧਰ ਡੁੱਲ੍ਹ ਰਿਹਾ ਸੀ। ਇਹ ਦ੍ਰਿਸ਼ ਬੈਟੀ ਕਾਲਿਨਜ਼ ਲਈ ਤਾਂ ਹੈਰਾਨੀ ਵਾਲਾ ਹੋਣਾ ਹੀ ਸੀ, ਮੇਰੇ ਲਈ ਵੀ ਘੱਟ ਨਹੀਂ ਸੀ। 1971 ਤੱਕ ਪੰਜਾਬ ਦੇ ਜੱਟਾਂ ਨੇ ਲੋਹੇ ਦੇ ਹਲਟਾਂ ਦੀ ਥਾਂ ਟਿਊਬਵੈਲਾਂ ਦਾ ਪ੍ਰਬੰਧ ਕਰ ਲਿਆ ਸੀ। ਹਲਟਾਂ ਦਾ ਲੋਹਾ ਬਟਾਲਾ (ਗੁਰਦਾਸਪੁਰ) ਤੇ ਗੋਬਿੰਦਗੜ੍ਹ (ਲੁਧਿਆਣਾ) ਦੀਆਂ ਮੰਡੀਆਂ ਨੂੰ ਭੇਟ ਕਰ ਛੱਡਿਆ ਸੀ।
ਮੈਂ ਲਕੜੀ ਦੇ ਹਲਟ ਵਾਲੇ ਮਾਲਕ ਨੂੰ ਪੁੱਛਿਆ ਕਿ ਉਹ ਗਊ ਦੇ ਜਾਇਆਂ ਦੀ ਜਾਨਮਾਰੀ ਕਰਨ ਦੀ ਥਾਂ ਲੋਹੇ ਦਾ ਹਰਟ ਕਿਉਂ ਨਹੀਂ ਲਵਾ ਲੈਂਦਾ। Ḕਉਸ ਪੈ ਤੋਂ 800 ਰੁਪਏ ਲਗ ਜੀ’, ਕਹਿ ਕੇ ਉਸ ਨੇ ਬੌਲਦ ਦੀ ਪੂਛ ਨੂੰ ਮਰੋੜਾ ਦੇ ਕੇ ਇੱਕ ਪ੍ਰਣ ਵੀ ਕੱਢ ਮਾਰੀ। ਮੈਂ ਭਾਰਤ ਦੇ ਖੇਤੀ ਮੰਤਰਾਲੇ ਵਿਚ ਕੰਮ ਕਰਦਾ ਹੋਣ ਸਦਕਾ ਮੱਧ ਪ੍ਰਦੇਸ਼ ਦੇ ਡਿਪਟੀ ਡਾਇਰੈਕਟਰ ਖੇਤੀ ਵਿਭਾਗ ਡਾæ ਆਤਮਾ ਸਿੰਘ ਢਿੱਲੋਂ ਨੂੰ ਜਾਣਦਾ ਸਾਂ। ਮੈਂ ਹਲਟ ਵਾਲੇ ਨੂੰ ਦੱਸਿਆ ਕਿ ਉਸ ਨੂੰ 800 ਰੁਪਏ ਕਰਜ਼ਾ ਦਿਲਵਾ ਦਿੰਦਾ ਹਾਂ। ਲੋਹੇ ਦਾ ਹਲਟ ਏਨੀ ਉਟ ਦੇਵੇਗਾ ਕਿ ਦੋ ਜਾਂ ਤਿੰਨ ਸਾਲ ਵਿਚ ਏਨੇ ਪੈਸੇ ਆਰਾਮ ਨਾਲ ਬਚ ਜਾਣਗੇ। Ḕਕਰਜ਼ਾ ਤੋਂ ਮੇਰੇ ਬਾਪ ਦਾਦਾ ਨੇ ਨਹੀਂ ਲੀਆ, ਮੈਂ ਕਿਉਂ ਲੂੰਗਾ।’ ਉਸ ਦੀ ਜਿੱਦ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ।
1977 ਵਿਚ ਡਾæ ਢਿੱਲੋਂ ਮੱਧ ਪ੍ਰਦੇਸ਼ ਤੋਂ ਖੇਤੀ ਯੂਨੀਵਰਸਿਟੀ, ਲੁਧਿਆਣਾ ਵਿਚ ਡਾਇਰੈਕਟਰ ਆ ਲੱਗੇ। ਮੈਂ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਕਿਸਾਨ ਦੀ ਗੱਲ ਦੱਸੀ। ਡਾæ ਢਿੱਲੋਂ ਨੇ ਦੱਸਿਆ, ਕਰਜ਼ਾ ਲੈਣ ਦਾ ਕੋਈ ਹਰਜ ਨਹੀਂ, ਪਰ ਬਹੁਤੇ ਜ਼ਿਮੀਂਦਾਰ ਇਹ ਪੈਸਾ ਉਸ ਕੰਮ ਲਈ ਨਹੀਂ ਵਰਤਦੇ ਜਿਸ ਲਈ ਲੈਂਦੇ ਹਨ। ਵਿਆਹ ਸ਼ਾਦੀਆਂ ਅੰਟ-ਸ਼ੰਟ ਪਾਰਟੀਆਂ ‘ਤੇ ਉੜਾ ਛਡਦੇ ਹਨ। ਜਾਪਦਾ ਹੈ ਕਿ ਇਹ ਰੁਝਾਨ ਅੱਜ ਕੱਲ ਹੋਰ ਵੀ ਵਧ ਗਿਆ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਕਰਜ਼ ਲਿਆ ਪੈਸਾ ਜੱਟ ਨੂੰ ਓਨੀ ਉਪਜ ਨਾ ਦੇਵੇ ਜਿੰਨੀ ਮਿਲਣੀ ਚਾਹੀਦੀ ਹੈ। ਪੰਜਾਬ ਦੀ ਕਿਸਾਨੀ ਨੂੰ ਤਾਂ ਨਸ਼ੇ ਵੀ ਖਾ ਰਹੇ ਹਨ। ਦੇਖੀਏ ਨਵੀਂ ਸਰਕਾਰ ਕਿੰਨੀ ਕੁ ਨੱਥ ਪਾਉਂਦੀ ਹੈ। ਰੌਲਾ ਗੌਲਾ ਤਾਂ ਬਹੁਤ ਹੈ।
ਬ੍ਰਿਟਿਸ਼ ਕੋਲੰਬੀਆ ਵਿਚ ਦੁਆਬਾ: ਚੰਗੇਰੇ ਜੀਵਨ ਦੀ ਭਾਲ ਵਿਚ ਦੁਆਬੇ ਦੇ ਲੋਕਾਂ ਦਾ ਵਿਦੇਸ਼ ਜਾਣਾ ਅੱਜ ਦੀ ਗੱਲ ਨਹੀਂ। ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦਾ ਵੈਨਕੂਵਰ ਸ਼ਹਿਰ ਹੀ ਲਈਏ ਤਾਂ ਹਰ ਥਾਂ ਪੰਜਾਬੀ ਦਿਖਾਈ ਦਿੰਦੇ ਹਨ। ਉਜਲ ਦੁਸਾਂਝ ਪੂਰੇ ਸੂਬੇ ਦਾ ਪ੍ਰੀਮੀਅਰ ਰਹਿ ਚੁਕਾ ਹੈ। ਲੰਮਾ ਸਮਾਂ ਜਲੰਧਰ ਨਾਲ ਜੁੜੇ ਰਹੇ ਪੰਜਾਬੀ ਮਹਾਰਥੀ ਤੇਰਾ ਸਿੰਘ ਚੰਨ ਦੀ ਦੋਹਤੀ ਰਚਨਾ ਸਿੰਘ ਬੀæਸੀæ ਦੀ ਵਿਧਾਨ ਸਭਾ ਦੀ ਮੈਂਬਰ ਹੈ। ਮੈਂ ਆਪਣੇ ਪਿੰਡ ਗਿਆ ਤਾਂ ਮੇਰੇ ਭਤੀਜੇ ਦੀ ਬੇਟੀ ਦਿਲਪ੍ਰੀਤ ਨੇ ਨਵਾਂ ਸ਼ਹਿਰ ਵਿਖੇ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (ਆਈਲੈਟਸ) ਦੀ ਤਿਆਰੀ ਲਈ ਜਾਣਾ ਸੀ। ਆਈਲੈਟ ਪਾਸ ਬੱਚੇ ਨੂੰ ਵਿਦੇਸ਼ਾਂ ਦੇ ਸਕੂਲਾਂ ਵਿਚ ਦਾਖਲਾ ਮਿਲ ਜਾਂਦਾ ਹੈ ਤੇ ਉਹ ਪੜ੍ਹਾਈ ਦੇ ਨਾਲ ਨਾਲ ਕਮਾਈ ਵੀ ਕਰ ਲੈਂਦੇ ਹਨ। ਮੇਰੇ ਭਤੀਜੇ ਨੇ ਡੇਢ ਮਹੀਨਾ ਹਰ ਸਵੇਰ ਉਸ ਨੂੰ ਉਥੇ ਛੱਡ ਕੇ ਆਉਣਾ ਸੀ ਤੇ ਹਰ ਸ਼ਾਮ ਲੈ ਕੇ ਆਉਣਾ ਸੀ। ਉਸ ਦੇ ਖੇਤੀ ਵਾਲੇ ਕੰਮ ਉਤੇ ਅਸਰ ਪੈਣਾ ਸੀ। ਦਿਲਪ੍ਰੀਤ ਆਪ ਵੀ ਜੀਪ ਚਲਾ ਲੈਂਦੀ ਹੈ। ਮੇਰੇ ਸੁਝਾਅ ਉਤੇ ਉਸ ਨੇ ਆਪਣੇ ਤੋਂ ਛੋਟੀ ਭੈਣ ਹਰਮਨਦੀਪ ਨੂੰ ਵੀ ਨਾਲ ਲਿਜਾਣਾ ਮੰਨ ਲਿਆ। ਉਹ ਦੋਵੇਂ ਜੀਪ ਉਤੇ ਜਾਣ ਲੱਗੀਆਂ ਤਾਂ ਸਾਡੇ ਪਿੰਡ ਦੀਆਂ ਦੋ ਹੋਰ ਕੁੜੀਆਂ ਉਨ੍ਹਾਂ ਨਾਲ ਜਾਣ ਲੱਗੀਆਂ। ਫੇਰ ਖਬਰ ਮਿਲੀ ਕਿ ਇੱਕ ਹਫਤੇ ਪਿਛੋਂ ਨੇੜਲੇ ਪਿੰਡਾਂ ਦੀਆਂ ਦੋ ਹੋਰ ਕੁੜੀਆਂ ਵੀ ਰਲ ਗਈਆਂ। ਦਿਲਪ੍ਰੀਤ ਜੀਪ ਚਲਾਉਂਦੀ ਸੀ ਤੇ ਬਾਕੀ ਉਸ ਦੀਆਂ ਸਹਿਪਾਠੀ ਸਹੇਲੀਆਂ। ਨੇੜਲੇ ਪਿੰਡਾਂ ਦੀਆਂ ਕੁੜੀਆਂ ਦੇ ਮਾਪੇ ਆਪਣੀਆਂ ਧੀਆਂ ਨੂੰ ਸਵੇਰੇ ਸਾਡੇ ਘਰ ਪਹੁੰਚਾ ਦਿੰਦੇ ਸਨ ਤੇ ਸ਼ਾਮ ਨੂੰ ਲੈ ਜਾਂਦੇ ਸਨ।
ਮੇਰੇ ਭਤੀਜੇ ਨੇ ਦੱਸਿਆ ਕਿ ਵਿਦੇਸ਼ ਵਿਚ ਬੱਚਿਆਂ ਨੂੰ ਨੌਕਰੀ ਵੀ ਸੌਖੀ ਮਿਲ ਜਾਂਦੀ ਹੈ ਤੇ ਵਿਆਹ ਲਈ ਮੁੰਡੇ ਵੀ। ਮੇਰੇ ਤੋਂ ਛੋਟੀ ਮੇਰੀ ਭੈਣ ਹਰਭਜਨ ਕੌਰ ਨੇ ਤਿੰਨ ਦਹਾਕੇ ਹੋਏ ਆਪਣੀ ਧੀ ਕਮਲ ਉਥੋਂ ਦੇ ਮੁੰਡੇ ਅਜਮੇਰ ਸਿੰਘ ਨੂੰ ਵਿਆਹੀ ਸੀ ਤੇ ਉਸ ਤੋਂ ਪਿਛੋਂ ਇੱਕ ਇੱਕ ਕਰਕੇ ਆਪਣੀ ਦੂਜੀ ਧੀ ਤੇ ਪੁੱਤਰ ਨੂੰ ਹੀ ਨਹੀਂ, ਆਪਣੇ ਤੋਂ ਛੋਟੀ ਭੈਣ ਦੇ ਸਾਰੇ ਬੱਚਿਆਂ ਨੂੰ ਬੀæਸੀæ ਲੈ ਗਈ। ਇਥੇ ਹੀ ਬਸ ਨਹੀਂ, ਉਸ ਨੇ ਅੱਧੀ ਦਰਜਨ ਹੋਰ ਰਿਸ਼ਤੇਦਾਰਾਂ ਲਈ ਵੀ ਉਥੇ ਜਾ ਕੇ ਵਸਣ ਦਾ ਰਾਹ ਖੋਲ੍ਹਿਆ। ਮੈਂ ਆਪਣੀ ਪਿਛਲੀ ਕੈਨੇਡਾ ਫੇਰੀ ਸਮੇਂ ਉਥੇ ਗਿਆ ਤਾਂ ਨਿਉਂਦੇ ਖਾ ਖਾ ਮੋਟਾ ਹੋ ਗਿਆ। ਜਿਸ ਘਰ ਖਾਣਾ ਹੁੰਦਾ, ਉਥੇ ਬਾਕੀ ਦੇ ਰਿਸ਼ਤੇਦਾਰ ਵੀ ਆਏ ਹੁੰਦੇ। ਉਹ ਦਿਨ ਦੂਰ ਨਹੀਂ ਜਦੋਂ ਵੈਨਕੂਵਰ ਦੇ ਨੇੜਲੇ ਸ਼ਹਿਰਾਂ ਵਿਚ ਪੰਜਾਬੀਆਂ ਦੀ ਬੱਲੇ ਬੱਲੇ ਹੋਵੇਗੀ।
ਅੰਤਿਕਾ: ਗੁਰਭਜਨ ਗਿੱਲ
ਮੈਂ ਸਾਰੀ ਧਰਤ ਦੀ ਅਗਨੀ ‘ਚ
ਖੁਦ ਨੂੰ ਭਸਮ ਕੀਤਾ ਹੈ,
ਨਜ਼ਰ ਭਰ ਵੇਖ ਮੈਨੂੰ,
ਧੁਖ ਰਿਹਾਂ ਹੁਣ ਠਾਰ ਦੇ ਮੈਨੂੰ।
ਮੇਰੇ ਬਿਰਖਾਂ ਦੇ ਪੱਤਰ, ਟਾਹਣ
ਅਜ ਕੱਲ੍ਹ ਬਹੁਤ ਸੁੰਨੇ ਨੇ,
ਖੁਦਾਇਆ ਰਹਿਮਤਾਂ ਕਰ,
ਪੰਛੀਆਂ ਦੀ ਡਾਰ ਦੇਹ ਮੈਨੂੰ।