ਨਵੀਂ ਪੰਜਾਬ ਵਿਧਾਨ ਸਭਾ ਦੇ ਪਲੇਠੇ ਹੀ ਸੈਸ਼ਨ ਦੌਰਾਨ ਜੋ ਹੰਗਾਮਾ ਹੋਇਆ, ਉਸ ਲਈ ਸੱਤਾ ਅਤੇ ਵਿਰੋਧੀ ਧਿਰ ਇਕ-ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ। ਨਤੀਜਾ ਇਹ ਨਿਕਲਿਆ ਹੈ ਕਿ ਲੋਕਾਂ ਦੇ ਮਸਲਿਆਂ ਬਾਰੇ ਬਹਿਸ ਹੋਣ ਦੀ ਥਾਂ ਦੂਸ਼ਣਬਾਜ਼ੀ ਹੀ ਭਾਰੂ ਹੋ ਗਈ। ਸੈਸ਼ਨ ਅਰੰਭ ਹੁੰਦਿਆਂ ਹੀ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਦੋਵੇਂ ਧਿਰਾਂ ਆਪੋ-ਆਪਣੇ ਹਿਸਾਬ ਨਾਲ ਵਿਚਰਨ ਦੀ ਜੀਅ-ਤੋੜ ਕੋਸ਼ਿਸ਼ ਕਰਨਗੀਆਂ।
ਸੱਤਾ ਧਿਰ ਕਾਂਗਰਸ ਲਈ ਇਹ ਪਲੇਠਾ ਸੈਸ਼ਨ ਬੜਾ ਅਹਿਮ ਸੀ, ਕਿਉਂਕਿ ਇਸ ਨੇ ਇਸ ਦੀ ਪ੍ਰਸ਼ਾਸਨਿਕ ਪਕੜ ਦਾ ਜਲਵਾ ਦਿਖਾਉਣਾ ਸੀ। ਜਦੋਂ ਦੀ ਸਰਕਾਰ ਬਣੀ ਹੈ, ਮੀਡੀਆ ਵਿਚ ਇਹ ਖਬਰਾਂ ਲਗਾਤਾਰ ਨਸ਼ਰ ਹੋ ਰਹੀਆਂ ਹਨ ਕਿ ਸੱਤਾ ਤੋਂ ਲਾਂਭੇ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਜੇ ਵੀ ਪ੍ਰਸ਼ਾਸਨ ਉਤੇ ਭਾਰੂ ਹਨ। ਨਵੀਂ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪੂਰੀ ਤਿਆਰੀ ਨਾਲ ਸਦਨ ਵਿਚ ਉਤਰੀ ਅਤੇ ਇਸ ਦੇ ਵਿਧਾਇਕਾਂ ਨੇ ਜਚਾਇਆ ਕਿ ਇਹ ਸੱਤਾ ਧਿਰ ਨੂੰ ਖੂਬ ਘੇਰਾ ਪਾਵੇਗੀ, ਪਰ ਸਾਰਾ ਮਾਮਲਾ ਅਚਾਨਕ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਦੀ ਮੁਅੱਤਲੀ ਤੋਂ ਵਿਗੜ ਗਿਆ। ਸਦਨ ਦੇ ਸਪੀਕਰ ਦੇ ਹੁਕਮਾਂ ਪਿਛੋਂ ਮਾਰਸ਼ਲਾਂ ਦੀ ਸਖਤ ਕਾਰਵਾਈ ਨਾਲ ਕਈ ਵਿਧਾਇਕਾਂ ਦੀਆਂ ਦਸਤਾਰਾਂ ਲੱਥ ਗਈਆਂ ਅਤੇ ਕਈ ਜ਼ਖਮੀ ਤੱਕ ਹੋ ਗਏ।
ਇਸ ਸਾਰੀ ਆਪੋ-ਧਾਪੀ ਦਾ ਸਭ ਤੋਂ ਵੱਧ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਇਆ ਜਿਸ ਉਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਸੀ। ਸਾਫ ਜ਼ਾਹਰ ਹੋ ਗਿਆ ਕਿ ਇਸ ਪਾਰਟੀ ਦੇ ਵਿਧਾਇਕ ਜਿੰਨਾ ਵਿਧਾਨ ਸਭਾ ਤੋਂ ਬਾਹਰ ਕਾਹਲੇ ਦਿਖਾਈ ਦਿੱਤੇ, ਵਿਧਾਨ ਸਭਾ ਦੇ ਅੰਦਰ ਉਸ ਤੋਂ ਵੀ ਵੱਧ ਕਾਹਲੇ ਵਗੇ। ਵਿਧਾਨ ਸਭਾ ਦੇ ਬਾਹਰ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਨੇ ਜੋ ਕੁਝ ਕੀਤਾ, ਉਸ ਨੇ ਬੈਂਸ ਭਰਾਵਾਂ ਦੀ ਸਿਆਸਤ ਸਭ ਦੇ ਸਾਹਮਣੇ ਲਿਆ ਦਿੱਤੀ। ਬੈਂਸ ਭਰਾਵਾਂ ਦਾ ਪਿਛੋਕੜ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਕੰਮ ਨਾ ਕਰਨ ਕਰ ਕੇ ਇਨ੍ਹਾਂ ਭਰਾਵਾਂ ਨੇ ਲੁਧਿਆਣੇ ਤਹਿਸੀਲ ਅੰਦਰ ਜਾ ਕੇ ਤਹਿਸੀਲਦਾਰ ਦਾ ਸ਼ਰੇਆਮ ਕੁੱਟ-ਕੁਟਾਪਾ ਕੀਤਾ ਸੀ। ਵਿਧਾਨ ਸਭਾ ਦੇ ਗੇਟ ਉਤੇ ਵੀ ਬੈਂਸ ਭਰਾਵਾਂ ਦੀ ਇਸੇ ਸਿਆਸਤ ਦਾ ਰੰਗ ਦੇਖਣ ਨੂੰ ਮਿਲਿਆ। ਇਸ ਮਸੁੱਚੀ ਕਾਰਵਾਈ ਦਾ ਲਾਹਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ। ਇਹ ਦਲ ਜੋ ਵੱਖ ਵੱਖ ਮਸਲਿਆਂ ‘ਤੇ ਸਦਨ ਦੇ ਅੰਦਰ ਵੀ, ਤੇ ਬਾਹਰ ਵੀ, ਬੁਰੀ ਤਰ੍ਹਾਂ ਘਿਰਿਆ ਹੋਇਆ ਸੀ, ਮੌਕੇ ਦਾ ਫਾਇਦਾ ਉਠਾਉਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਇਕ ਦਿਨ ਵੀ ਨਵੇਂ ਸੈਸ਼ਨ ਦੌਰਾਨ ਸਦਨ ਵਿਚ ਪੈਰ ਨਹੀਂ ਸੀ ਪਾਇਆ, ਅਚਾਨਕ ਆਮ ਆਦਮੀ ਪਾਰਟੀ ਵਿਧਾਇਕ ਦੀ ਲੱਥੀ ਦਸਤਾਰ ਲੈ ਕੇ ਹਸਪਤਾਲ ਪਹੁੰਚ ਗਏ। ਨਾਲ ਹੀ ਮਸਲਾ ਸਿੱਖ ਭਾਵਨਾਵਾਂ ਦਾ ਬਣਾ ਧਰਿਆ। ਤੁਰੰਤ ਅਕਾਲ ਤਕਤ ਦੇ ਜਥੇਦਾਰ ਕੋਲ ਪਹੁੰਚ ਕਰ ਲਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਜਿਨ੍ਹਾਂ ਬਾਰੇ ਕੱਲ੍ਹ ਤੱਕ ਇਹ ਗੱਲਾਂ ਚਲਦੀਆਂ ਕਿ ਉਹ ਨਫੀਸ ਬਹੁਤ ਹਨ, ਖੁੱਲ੍ਹ ਕੇ ਸਿਆਸੀ ਪਿੜ ਵਿਚ ਆਣ ਨਿੱਤਰੇ। ਚੰਦ ਰੋਜ਼ ਪਹਿਲਾਂ ਹੀ ਉਹ ਬੇਅਦਬੀ ਦੇ ਮਾਮਲੇ ‘ਤੇ ਅਕਾਲੀ ਦਲ ਵੱਲੋਂ ਦਿੱਤੇ ਰੋਸ ਧਰਨੇ ਵਿਚ ਸ਼ਾਮਲ ਹੋਏ ਸਨ। ਸਿਤਮਜ਼ਰੀਫੀ ਇਹ ਰਹੀ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਉਨ੍ਹਾਂ ਨੂੰ ਇਹ ਮਸਲਾ ਯਾਦ ਤੱਕ ਨਹੀਂ ਸੀ ਆਇਆ। ਦੂਜੇ ਬੰਨੇ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਫਿਰ, ਕਾਂਗਰਸ ਦੇ ‘ਪੰਜਾਬ ਤੇ ਸਿੱਖ ਵਿਰੋਧੀ’ ਹੋਣ ਵਾਲਾ ਪੁਰਾਣਾ ਰਾਗ ਅਲਾਪ ਦਿੱਤਾ ਹੈ। ਫਿਰ ਅਜਿਹੇ ਮਾਹੌਲ ਵਿਚ ਕੌਣ ਪੁੱਛੇਗਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਅਤੇ ਦਸ ਸਾਲ ਚਲਾਈ ਸਰਕਾਰ ਦੌਰਾਨ ਉਨ੍ਹਾਂ ਨੇ ਕੀ ਤੀਰ ਮਾਰੇ ਸਨ?
ਖੈਰ! ਵਿਰੋਧੀ ਧਿਰ ਦੇ ਵਿਧਾਇਕਾਂ ਖਿਲਾਫ ਕਾਰਵਾਈ ਨੇ ਦੋ ਵਿਰੋਧੀ ਦਲਾਂ- ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ, ਨੂੰ ਇਕ ਮੰਚ ‘ਤੇ ਲੈ ਆਂਦਾ। ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਵਿਚੋਂ ਕੋਈ ਲੀਡਰ ਉਭਰ ਨਹੀਂ ਸਕਿਆ ਜੋ ਸਮੁੱਚੇ ਹਾਲਾਤ ਨੂੰ ਆਪਣੇ ਹੱਕ ਵਿਚ ਕਰ ਲੈਂਦਾ ਅਤੇ ਅਕਾਲੀ ਦਲ ਨੂੰ ਪਿਛਾਂਹ ਧੱਕੀ ਰੱਖਦਾ। ਮੀਡੀਆ ਨੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਨੌਸਿਖੀਏ ਕਹਿ ਕੇ ਸਾਰ ਦਿੱਤਾ, ਪਰ ਮਸਲਾ ਤਾਂ ਲੋਕਾਂ ਦੇ ਮਸਲਿਆਂ ਦਾ ਹੈ ਜਿਨ੍ਹਾਂ ਨੂੰ ਉਠਾਉਣ ਦੇ ਦਾਅਵੇ ਇਸ ਪਾਰਟੀ ਦੇ ਆਗੂ ਅਕਸਰ ਕਰਦੇ ਹਨ। ਅਸਲ ਵਿਚ ਪਹਿਲਾਂ ਇਹ ਪਾਰਟੀ ਆਪਣੀਆਂ ਨਾਕਾਮੀਆਂ ਕਾਰਨ ਸੱਤਾ ਧਿਰ ਬਣਨ ਤੋਂ ਖੁੰਝ ਗਈ ਅਤੇ ਹੁਣ ਇਨ੍ਹਾਂ ਹੀ ਨਾਕਾਮੀਆਂ ਕਾਰਨ ਮੁੱਖ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾਉਣ ਵਿਚ ਨਾਕਾਮ ਰਹੀ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਸਦਨ ਵਿਚ ਆਪਣੀ ਮੋਹਰ-ਛਾਪ ਛੱਡਦੀ। ਜੇ ਇਕ ਵਿਧਾਇਕ ਮੁਅੱਤਲ ਹੋ ਗਿਆ ਤਾਂ ਕੀ ਸੀ, ਮੁੱਦੇ ਉਠਾਉਣ ਲਈ ਹੋਰ ਵਿਧਾਇਕ ਕਮਾਨ ਸੰਭਾਲ ਸਕਦੇ ਸਨ। ਆਮ ਆਦਮੀ ਪਾਰਟੀ ਦੇ ਕਰਤਿਆਂ-ਧਰਤਿਆਂ ਨੇ ਸਦਾ ਨਵੀਂ ਸਿਆਸਤ ਦਾ ਹੋਕਾ ਦਿੱਤਾ ਹੈ। ਰਵਾਇਤੀ ਪਾਰਟੀਆਂ ਕਿਉਂਕਿ ਪਹਿਲਾਂ ਵਾਲੀ ਚਾਲੇ ਹੀ ਤੁਰਨਾ ਗਿੱਝੀਆਂ ਹੋਈਆ ਹਨ ਅਤੇ ਇਸ ਤੋਰ ਤੁਰਨਾ ਇਨ੍ਹਾਂ ਨੂੰ ਸੂਤ ਵੀ ਬੈਠਦਾ ਹੈ, ਇਸ ਲਈ ਨਵੀਂ ਸਿਆਸਤ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਉਤੇ ਹੀ ਆਉਂਦੀ ਹੈ ਅਤੇ ਪੰਜਾਬ ਦੇ ਲੋਕ ਵੀ ਇਹੀ ਆਸ ਲਗਾਈ ਬੈਠੇ ਹਨ। ਅਕਾਲੀ ਦਲ ਦੀ ਹਾਂ ਵਿਚ ਹਾਂ ਮਿਲਾਉਣ ਦਾ ਮਤਲਬ ਇਸ ਦਲ ਨੂੰ ਵਧੇਰੇ ਅਹਿਮੀਅਤ ਦੇਣਾ ਹੀ ਹੈ। ਪਾਰਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਦਾਅਵਿਆਂ ਅਨੁਸਾਰ, ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਆਪਣੇ ਹੱਥ ਲਵੇ ਅਤੇ ਇਨ੍ਹਾਂ ਨੂੰ ਸਦਨ ਦੇ ਅੰਦਰ ਤੇ ਬਾਹਰ, ਦੋਹੀਂ ਥਾਈਂ ਉਠਾਉਣ ਲਈ ਰਣਨੀਤੀ ਬਣਾਵੇ। ਅਜਿਹਾ ਨਾ ਹੋ ਸਕਿਆ ਤਾਂ ਰਵਾਇਤੀ ਪਾਰਟੀਆਂ ਹੀ ਹਾਲਾਤ ਦਾ ਫਾਇਦਾ ਉਠਾਉਂਦੀਆਂ ਰਹਿਣਗੀਆਂ।