ਅਤਿਵਾਦ ਦੁਆਲੇ ਘੁੰਮਦੀ ਰਹੀ ਮੋਦੀ-ਟਰੰਪ ਵਾਰਤਾ

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਲੇਠੀ ਮੁਲਾਕਾਤ ਦੌਰਾਨ ਅਤਿਵਾਦ ਮੁੱਖ ਮੁੱਦਾ ਰਿਹਾ। ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਖਤ ਸੁਨੇਹੇ ਵਿਚ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਵੇ ਕਿ ਉਸ ਦੀ ਧਰਤੀ ਨੂੰ ਸਰਹੱਦ ਪਾਰਲੀ ਦਹਿਸ਼ਤਗਰਦੀ ਲਈ ਨਾ ਵਰਤਿਆ ਜਾ ਸਕੇ। ਇਸ ਦੇ ਨਾਲ ਹੀ ਨਰੇਂਦਰ ਮੋਦੀ ਅਤੇ ਟਰੰਪ ਨੇ ਆਈæਐਸ਼ਆਈæਐਸ਼, ਜੈਸ਼-ਏ-ਮੁਹੰਮਦ, ਲਸ਼ਕਰੇ-ਤੋਇਬਾ ਅਤੇ ਦਾਊਦ ਕੰਪਨੀ ਵਰਗੇ ਦਹਿਸ਼ਤੀ ਗਰੁੱਪਾਂ ਖਿਲਾਫ਼ ਆਪਣੀ ਸਾਂਝੀ ਲੜਾਈ ਜਾਰੀ ਰੱਖਣ ਦਾ ਅਹਿਦ ਵੀ ਦੁਹਰਾਇਆ।

ਦੋਵਾਂ ਆਗੂਆਂ ਨੇ ਆਪਣੀ ਪਹਿਲੀ ਮੀਟਿੰਗ ਦੌਰਾਨ ਪਾਕਿਸਤਾਨ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਪਾਕਿਸਤਾਨ ਵਿਚਲੇ ਅਤਿਵਾਦੀਆਂ ਵੱਲੋਂ ਭਾਰਤ ਵਿਚ ਸਰਹੱਦ ਪਾਰੋਂ ਕੀਤੇ ਮੁੰਬਈ, ਪਠਾਨਕੋਟ ਅਤੇ ਹੋਰ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਤੇਜ਼ੀ ਨਾਲ ਕਾਰਵਾਈ ਕਰੇ। ਦੋਵਾਂ ਆਗੂਆਂ ਨੇ ਦਹਿਸ਼ਤਗਰਦੀ ਦੇ ਟਾਕਰੇ ਅਤੇ ਅਤਿਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਦੇ ਖਾਤਮੇ ਦਾ ਵੀ ਅਹਿਦ ਲਿਆ। ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਸ੍ਰੀ ਟਰੰਪ ਨਾਲ ਜਾਰੀ ਸਾਂਝੇ ਪ੍ਰੈਸ ਬਿਆਨ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਦਾ ਖਾਤਮਾ ਸਾਡੀਆਂ ਸਭ ਤੋਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ। ਦੋਹਾਂ ਆਗੂਆਂ ਦੀ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਪਾਕਿਸਤਾਨ ਨੂੰ ਸੱਦਾ ਦਿੰਦੀਆਂ ਹਨ ਕਿ ਉਹ ਇਹ ਯਕੀਨੀ ਬਣਾਵੇ ਕਿ ਉਸ ਦੀ ਸਰਜ਼ਮੀਨ ਦੂਜੇ ਮੁਲਕਾਂ ਉਤੇ ਅਤਿਵਾਦੀ ਹਮਲਿਆਂ ਲਈ ਇਸਤੇਮਾਲ ਨਾ ਕੀਤੀ ਜਾ ਸਕੇ। ਗੌਰਤਲਬ ਹੈ ਕਿ ਮੀਟਿੰਗ ਤੋਂ ਐਨ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਕਸ਼ਮੀਰੀ ਅਤਿਵਾਦੀ ਗਰੁੱਪ ਹਿਜ਼ਬੁਲ-ਮੁਜਾਹਦੀਨ ਦੇ ਆਗੂ ਸਈਦ ਸਲਾਹੂਦੀਨ ਨੂੰ ਆਲਮੀ ਦਹਿਸ਼ਤਗਰਦ ਗਰਦਾਨ ਕੇ ਮੀਟਿੰਗ ਦੀ ਸੁਰ ਤੈਅ ਕਰ ਦਿੱਤੀ ਸੀ।
ਟਰੰਪ ਨੇ ਸੰਯੁਕਤ ਰਾਸ਼ਟਰ ਦੇ ਸੁਧਾਰ ਮੌਕੇ ਸਲਾਮਤੀ ਕੌਂਸਲ ਵਿਚ ਪੱਕੀ ਸੀਟ ਸਮੇਤ ਐਨæਐਸ਼ਜੀæ ਵਰਗੇ ਹੋਰ ਕੌਮਾਂਤਰੀ ਅਦਾਰਿਆਂ ਦੀ ਮੈਂਬਰੀ ਲਈ ਭਾਰਤੀ ਮੁਹਿੰਮ ਦੀ ਹਮਾਇਤ ਕੀਤੀ ਹੈ। ਮੋਦੀ ਨੇ ਇਸ ਹਮਾਇਤ ਲਈ ਸ੍ਰੀ ਟਰੰਪ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਚੀਨ ਤੇ ਪਾਕਿਸਤਾਨ ਦੇ ਆਰਥਿਕ ਕੌਰੀਡੋਰ ਅਤੇ ਚੀਨ ਦੀ ਬੈਲਟ ਤੇ ਰੋਡ ਪਹਿਲਕਦਮੀ (ਬੀæਆਰæਆਈæ) ਦੇ ਮੁੱਦੇ ਉਤੇ ਵੀ ਸ੍ਰੀ ਟਰੰਪ ਨੇ ਭਾਰਤ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਅਜਿਹੇ ਖੇਤਰੀ ਆਰਥਿਕ ਸੰਪਰਕ ਭਾਵੇਂ ਜ਼ਰੂਰੀ ਹਨ, ਪਰ ਇਸ ਮੌਕੇ ਪ੍ਰਭੂਸੱਤਾ ਅਤੇ ਇਲਾਕਾਈ ਅਖੰਡਤਾ ਦਾ ਧਿਆਨ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ।
_____________________________________
ਐਚ-1ਬੀ ਮੁੱਦੇ ‘ਤੇ ਖਾਮੋਸ਼ੀ
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਲੇਠੀ ਮੁਲਾਕਾਤ ਦੌਰਾਨ ਐਚ-1ਬੀ ਵੀਜ਼ੇ ਦਾ ਮੁੱਦਾ ਆਸ ਦੇ ਉਲਟ ਉਕਾ ਹੀ ਨਹੀਂ ਵਿਚਾਰਿਆ ਗਿਆ। ਐਚ-1ਬੀ ਵੀਜ਼ਿਆਂ ‘ਤੇ ਟਰੰਪ ਪ੍ਰਸ਼ਾਸਨ ਵੱਲੋਂ ਲਾਈ ਆਰਜ਼ੀ ਰੋਕ ਕਰ ਕੇ ਭਾਰਤ-ਅਮਰੀਕਾ ਸਬੰਧਾਂ ‘ਤੇ ਖਤਰੇ ਦੇ ਬੱਦਲ ਛਾਏ ਹੋਏ ਸਨ ਤੇ ਅਜਿਹੇ ਕਿਆਸ ਲਾਏ ਜਾ ਰਹੇ ਸਨ ਕਿ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਦੁਵੱਲੀ ਗੱਲਬਾਤ ਦਾ ਹਿੱਸਾ ਬਣਾਇਆ ਜਾਵੇਗਾ।