ਕੈਨੇਡਾ ‘ਚ ਪਹਿਲੀ ਦਸਤਾਰਧਾਰੀ ਬੀਬੀ ਸੁਪਰੀਮ ਕੋਰਟ ਦੀ ਜੱਜ ਬਣੀ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਵਿਚ ਪਲਬਿੰਦਰ ਕੌਰ ਸ਼ੇਰਗਿੱਲ ਸੁਪਰੀਮ ਕੋਰਟ ਦੀ ਪਹਿਲੀ ਦਸਤਾਰਧਾਰੀ ਜੱਜ ਬਣ ਗਈ ਹੈ। ਪਲਬਿੰਦਰ ਕੌਰ ਸ਼ੇਰਗਿੱਲ ਨੂੰ ਨਿਊ ਵੈਸਟਮਨਿਸਟਰ ਵਿਚ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਹੈ। ਜਸਟਿਸ ਸ਼ੇਰਗਿੱਲ ਕੈਨੇਡਾ ਦੀ ਨਿਆਂਪਾਲਿਕਾ ਵਿਚ ਨਿਯੁਕਤ ਹੋਣ ਵਾਲੀ ਪਹਿਲੀ ਦਸਤਾਰਧਾਰੀ ਸਿੰਘਣੀ ਹੈ।

ਇਸ ਨਿਯੁਕਤੀ ਦਾ ਐਲਾਨ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਨੇ ਕੀਤਾ। ਉਨ੍ਹਾਂ ਨੇ ਸੁਪਰੀਮ ਕੋਰਟ ‘ਚ ਨਿਯੁਕਤ ਕੀਤੇ ਗਏ ਤਿੰਨ ਨਵੇਂ ਜੱਜਾਂ ਦੇ ਨਾਂਵਾਂ ਦਾ ਐਲਾਨ ਕੀਤਾ ਜਿਨ੍ਹਾਂ ਵਿਚੋਂ ਇਕ ਪਲਬਿੰਦਰ ਕੌਰ ਸ਼ੇਰਗਿੱਲ ਹਨ। ਪਲਬਿੰਦਰ ਕੌਰ ਨੇ ਵਕੀਲ ਵਜੋਂ ਕੈਨੇਡਾ ਵਾਸੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਕਈ ਅਹਿਮ ਕੇਸ ਲੜੇ ਹਨ। ਜਸਟਿਸ ਸ਼ੇਰਗਿੱਲ ਕੈਨੇਡਾ ਵਿਚ ਸਿੱਖ ਭਾਈਚਾਰੇ ਦਾ ਇਕ ਅਹਿਮ ਚਿਹਰਾ ਹਨ।
ਕੈਨੇਡਾ ਵਿਚ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮਨੁੱਖੀ ਹੱਕਾਂ ਬਾਰੇ ਤਕਰੀਰ ਕਰਨ ਲਈ ਹਮੇਸ਼ਾ ਜਸਟਿਸ ਸ਼ੇਰਗਿੱਲ ਨੂੰ ਪਹਿਲੇ ਨੰਬਰ ‘ਤੇ ਸੱਦਿਆ ਜਾਂਦਾ ਹੈ। 2012 ਵਿਚ ਪਲਬਿੰਦਰ ਕੌਰ ਕੁਈਨਸ ਕੌਂਸਲ ਚੁਣੀ ਗਈ ਤੇ ਭਾਈਚਾਰੇ ਦੀ ਸੇਵਾ ਕਰ ਕੇ ਉਸ ਨੂੰ ਕੁਈਨਸ ਗੋਲਡਨ ਜੁਬਲੀ ਮੈਡਲ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਪਹਿਲਾਂ ਜਸਟਿਸ ਸ਼ੇਰਗਿੱਲ ਵਕੀਲ ਵਜੋਂ ਪ੍ਰੈਕਟਿਸ ਕਰਨ ਦੇ ਨਾਲ ਸ਼ੇਰਗਿੱਲ ਐਂਡ ਕੰਪਨੀ ਲਾਅ ਫਰਮ ਵਿਚ ਵੀ ਸੇਵਾਵਾਂ ਨਿਭਾ ਰਹੇ ਸਨ।
ਆਪਣੇ ਪੇਸ਼ੇ ਦੇ ਨਾਲ ਜਸਟਿਸ ਸ਼ੇਰਗਿੱਲ ਸਿੱਖ ਭਾਈਚਾਰੇ ਦੀ ਸੇਵਾ ਲਈ ਸਦਾ ਵਾਲੰਟੀਅਰ ਵਜੋਂ ਸੇਵਾਵਾਂ ਦਿੰਦੀ ਰਹਿੰਦੀ ਹੈ। 2002 ਤੋਂ 2008 ਦੌਰਾਨ ਜਸਟਿਸ ਪਲਬਿੰਦਰ ਕੌਰ ਬੀਸੀ ਦੇ ਟ੍ਰਾਇਲ ਲਾਇਰ ਐਸੋਸੀਏਸ਼ਨ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੀ ਇਸ ਵੱਡੀ ਪ੍ਰਾਪਤੀ ਨਾਲ ਸਿੱਖ ਭਾਈਚਾਰੇ ਅੰਦਰ ਜਸ਼ਨ ਦਾ ਮਾਹੌਲ ਹੈ।
ਜਸਟਿਸ ਪਲਬਿੰਦਰ ਕੌਰ ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ’ ਦੇ ਸਾਬਕਾ ਪ੍ਰਧਾਨ ਗਿਆਨ ਸਿੰਘ ਸੰਧੂ ਦੀ ਬੇਟੀ ਹੈ ਅਤੇ ਪਰਿਵਾਰ ਲੰਮਾ ਸਮਾਂ ਪਹਿਲਾਂ ਜ਼ਿਲ੍ਹਾ ਜਲੰਧਰ ਦੇ ਮਸ਼ਹੂਰ ਪਿੰਡ ਰੁੜਕਾ ਕਲਾਂ ਤੋਂ ਪਰਵਾਸ ਕਰਕੇ ਕੈਨੇਡਾ ਪੁੱਜ ਗਿਆ ਸੀ। ਤਿੰਨ ਬੱਚਿਆਂ ਦੀ ਮਾਂ ਪਲਬਿੰਦਰ ਕੌਰ ਦੇ ਪਤੀ ਡਾæ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਕੈਨੇਡਾ ਦੇ ਨਾਮਵਰ ਮਨੋ-ਵਿਗਿਆਨੀ ਹਨ, ਜੋ ਕਿ ਕੈਨੇਡਾ ਵਸਦੇ ਪੰਜਾਬੀ ਦੇ ਸਰਬਾਂਗੀ ਲੇਖਕ ਰਵਿੰਦਰ ਰਵੀ ਦੇ ਸਪੁੱਤਰ ਹਨ ਅਤੇ ਪੰਜਾਬ ‘ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ (ਨਜ਼ਦੀਕ ਮੁਕੰਦਪੁਰ) ਨਾਲ ਸਬੰਧਿਤ ਹਨ। ਬੀਬੀ ਪਲਬਿੰਦਰ ਕੌਰ ਮਿਸ਼ੀਗਨ ਸਟੇਟ ਦੇ ਸ਼ਹਿਰ ਪਲਿਮਥ ਰਹਿੰਦੇ ਰਿਐਲਟਰ ਰਾਜ ਸ਼ੇਰਗਿੱਲ ਦੀ ਭਤੀਜ ਨੂੰਹ ਹੈ।
‘ਵਰਲਡ ਸਿੱਖ ਆਰਗੇਨਾਈਜ਼ੇਸ਼ਨ’ ਦੇ ਸੁਖਬੀਰ ਸਿੰਘ ਮੁਤਾਬਕ “ਕੈਨੇਡਾ ਵਿਚ ਪਲਬਿੰਦਰ ਕੌਰ ਦੀ ਸੁਪਰੀਮ ਕੋਰਟ ਵਿਚ ਨਿਯੁਕਤੀ ਸਿੱਖ ਭਾਈਚਾਰੇ ਦੀ ਇਕ ਹੋਰ ਅਹਿਮ ਪ੍ਰਾਪਤੀ ਹੈ। ਇਹ ਸਿੱਖ ਭਾਈਚਾਰੇ ਲਈ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਜਸਟਿਸ ਸ਼ੇਰਗਿੱਲ ਆਪਣੇ ਪੇਸ਼ੇ ਦੇ ਨਾਲ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਵੀ ਪੂਰੀ ਤਰ੍ਹਾਂ ਤਤਪਰ ਰਹਿੰਦੇ ਹਨ।”
___________________________________________
ਸ਼੍ਰੋਮਣੀ ਕਮੇਟੀ ਕਰੇਗੀ ਸ਼ੇਰਗਿੱਲ ਦਾ ਸਨਮਾਨ
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਪਲਬਿੰਦਰ ਕੌਰ ਸ਼ੇਰਗਿੱਲ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਪ੍ਰੋæ ਬਡੂੰਗਰ ਨੇ ਕਿਹਾ ਕਿ ਜਸਟਿਸ ਸ਼ੇਰਗਿੱਲ ਕੈਨੇਡਾ ਦੇ ਸਕੂਲਾਂ ‘ਚ ਸਿੱਖ ਵਿਦਿਆਰਥੀਆਂ ਦੇ ਸ੍ਰੀ ਸਾਹਿਬ ਰੱਖਣ ਵਰਗੇ ਸਿੱਖ ਕੌਮ ਨਾਲ ਸਬੰਧਤ ਅਹਿਮ ਮਸਲਿਆਂ ਲਈ ਪ੍ਰਤੀਨਿਧਤਾ ਕਰ ਚੁੱਕੀ ਹੈ|
_________________________________________
ਪਲਬਿੰਦਰ ਕੌਰ ਸ਼ੇਰਗਿੱਲ ਦੇ ਪੇਕੇ ਪਿੰਡ ਰੁੜਕਾ ਕਲਾਂ ਖੁਸ਼ੀ ਦੀ ਲਹਿਰ
ਜਲੰਧਰ: ਪਿੰਡ ਰੁੜਕਾ ਕਲਾਂ ਦੀ ਦਸਤਾਰਧਾਰੀ ਧੀ ਬੀਬੀ ਪਲਬਿੰਦਰ ਕੌਰ ਸ਼ੇਰਗਿੱਲ ਦੇ ਬ੍ਰਿਟਿਸ਼ ਕੋਲੰਬੀਆ ਦੇ ਜੱਜ ਨਿਯੁਕਤ ਕੀਤੇ ਜਾਣ ਦੀ ਖਬਰ ਮਿਲਦੇ ਸਾਰ ਪਿੰਡ ਰੁੜਕਾ ਕਲਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਉਨ੍ਹਾਂ ਦੇ ਪਰਿਵਾਰ ਦੇ ਜੀਆਂ ਨੇ ਪਿੰਡ ਵਿਚ ਲੱਡੂ ਵੰਡ ਕੇ ਖੁਸ਼ੀ ਪ੍ਰਗਟਾਈ। ਇਸ ਸਬੰਧੀ ਪਲਬਿੰਦਰ ਕੌਰ ਸ਼ੇਰਗਿੱਲ ਦੇ ਚਾਚੇ ਦੇ ਪੁੱਤਰ ਗੁਰਵਿੰਦਰ ਸਿੰਘ ਪੁੱਤਰ ਸੋਹਨ ਸਿੰਘ ਨੇ ਦੱਸਿਆ ਕਿ ਗਿਆਨ ਸਿੰਘ ਦਾ ਪਰਿਵਾਰ ਪਿਛਲੇ ਕਾਫੀ ਅਰਸੇ ਤੋਂ ਕੈਨੇਡਾ ਵਿਖੇ ਪੱਕੇ ਤੌਰ ‘ਤੇ ਰਹਿ ਰਿਹਾ ਹੈ। ਪਲਵਿੰਦਰ ਕੌਰ 5-6 ਸਾਲ ਦੀ ਸੀ ਜਦੋਂ ਉਹ ਪਰਿਵਾਰ ਸਮੇਤ ਕੈਨੇਡਾ ਚਲੀ ਗਈ ਸੀ। ਉਸ ਦੀ ਇਕ ਭੈਣ ਕਮਲਜੀਤ ਕੌਰ ਅਤੇ ਇਕ ਭਰਾ ਹਰਜਿੰਦਰ ਸਿੰਘ ਹੈ ਜੋ ਕਿ ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਕੈਨੇਡਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਉਨ੍ਹਾਂ ਦੱਸਿਆ ਕਿ ਪਲਵਿੰਦਰ ਕੌਰ ਅਤੇ ਉਨ੍ਹਾਂ ਦੇ ਪਿਤਾ ਦਾ ਪਿੰਡ ਨਾਲ ਬਹੁਤ ਮੋਹ ਹੈ ਅਤੇ ਅਕਸਰ ਪਿੰਡ ਗੇੜਾ ਮਾਰਦੇ ਰਹਿੰਦੇ ਹਨ। ਉਨ੍ਹਾਂ ਵੱਲੋਂ ਆਪਣੇ ਜੱਦੀ ਘਰ ਵਿਖੇ ਬੱਚਿਆਂ ਲਈ ਮੁਫਤ ਕੰਪਿਊਟਰ ਸੈਂਟਰ ਤੇ ਲੜਕੀਆਂ ਲਈ ਸਿਲਾਈ ਸੈਂਟਰ ਵੀ ਚਲਾਇਆ ਜਾ ਰਿਹਾ ਹੈ।