ਪੰਜਾਬ ਵਿਧਾਨ ਸਭਾ ਵਿਚ ਮਰਿਆਦਾ ਹੋਈ ਲੀਰੋ-ਲੀਰ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸਰਕਾਰ ਭਾਵੇਂ ਆਪਣਾ ਪਲੇਠਾ ਬਜਟ ਪਾਸ ਕਰਵਾਉਣ ਤੋਂ ਇਲਾਵਾ ਹੋਰ ਵਿਧਾਨਕ ਕੰਮ-ਕਾਜ ਸਿਰੇ ਚਾੜ੍ਹਨ ਵਿਚ ਕਾਮਯਾਬ ਰਹੀ, ਪਰ ਵਿਧਾਨ ਸਭਾ ਦੇ ਇਤਿਹਾਸ ਵਿਚ ਇਸ ਸੈਸ਼ਨ ਵਰਗਾ ਭਿਆਨਕ ਵਰਤਾਰਾ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ, ਜਦੋਂ ਦੋ ਵਿਧਾਇਕਾਂ ਨੂੰ ਸਟਰੇਚਰਾਂ ‘ਤੇ ਪਾ ਕੇ ਹਸਪਤਾਲ ਦਾਖਲ ਕਰਵਾਉਣਾ ਪਿਆ। ਕੁਝ ਵਿਧਾਇਕ ਬੁਰੀ ਤਰ੍ਹਾਂ ਘੜੀਸੇ ਗਏ ਤੇ ਉਨ੍ਹਾਂ ਦੀਆਂ ਪੱਗਾਂ ਲਹਿ ਗਈਆਂ।

ਵਿਧਾਨ ਸਭਾ ਦੇ ਦਾਖਲੇ ਵਾਲੇ ਗੇਟ ਦੇ ਬਾਹਰ ਜ਼ਬਰਦਸਤ ਰੌਲੇ-ਰੱਪੇ ਤੇ ਚੀਕ-ਚਿਹਾੜੇ ਦਾ ਆਲਮ ਸੀ ਤੇ ਇਕ ਤਰ੍ਹਾਂ ਮੱਛੀ ਮਾਰਕੀਟ ਤੋਂ ਵੀ ਮਾੜੀ ਹਾਲਤ ਬਣੀ ਹੋਈ ਸੀ।
ਇਸ ਦੌਰਾਨ ਚਾਰ-ਪੰਜ ਵਿਧਾਇਕਾਂ ਦੀਆਂ ਪੱਗਾਂ ਲੱਥੀਆਂ। ਮਾਮਲਾ ਉਦੋਂ ਵਿਗੜ ਗਿਆ ਜਦੋਂ ‘ਆਪ’ ਦੇ ਸੁਖਪਾਲ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਦੇ ਕੰਪਲੈਕਸ ਦੇ ਅੰਦਰ ਜਾਣੋਂ ਰੋਕ ਦਿੱਤਾ ਗਿਆ। ਉਹ ਉਥੇ ਹੀ ਧਰਨੇ ‘ਤੇ ਬੈਠ ਗਏ। ਇਸ ਮੁੱਦੇ ਉਤੇ ਸਦਨ ਦੇ ਅੰਦਰ ਵੀ ਹੰਗਾਮਾ ਹੋ ਗਿਆ। ‘ਆਪ’ ਦੇ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਲੱਤਾਂ-ਬਾਹਾਂ ਤੋਂ ਫੜ ਕੇ ਸਦਨ ਦੇ ਬਾਹਰ ਕੀਤਾ ਤਾਂ ਮਾਰਸ਼ਲਾਂ ਨਾਲ ਝੜਪਾਂ ਕਾਰਨ ਚਾਰ-ਪੰਜ ਵਿਧਾਇਕਾਂ ਦੀਆਂ ਪੱਗਾਂ ਲਹਿ ਗਈਆਂ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਸਣੇ ਚਾਰ ਵਿਧਾਇਕ ਜ਼ਖਮੀ ਹੋ ਗਏ। ਬੀਬੀ ਮਾਣੂੰਕੇ ਤੇ ਮਨਜੀਤ ਸਿੰਘ ਬਿਲਾਸਪੁਰ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਵਿਧਾਨ ਸਭਾ ਦੇ ਦਾਖਲੇ ਵਾਲੇ ਗੇਟ ਸਾਹਮਣੇ ਭਾਰੀ ਰੌਲਾ ਤੇ ਚੀਕ-ਚਿਹਾੜਾ ਪੈ ਰਿਹਾ ਸੀ, ਪਰ ਕੋਈ ਕਿਸੇ ਦੀ ਸੁਨਣ ਵਾਲਾ ਨਹੀਂ ਸੀ। ਗਰਮੀ ਤੇ ਹੁੰਮਸ ਹਾਲਾਤ ਹੋਰ ਵਿਗਾੜੇ ਹੋਏ ਸਨ। ਦੋ ਜ਼ਖਮੀ ਵਿਧਾਇਕ ਨੀਮ ਬੇਹੋਸ਼ੀ ਦੀ ਹਾਲਤ ਵਿਚ ਸਨ, ਜਿਨ੍ਹਾਂ ਨੇ ਪਾਣੀ ਪਿਆਏ ਜਾਣ ‘ਤੇ ਕੁਝ ਸੁਰਤ ਸੰਭਾਲੀ।
ਸਦਨ ਵਿਚੋਂ ਕੱਢੇ ਜਾਣ ਉਤੇ ‘ਆਪ’ ਵਿਧਾਇਕ ਵਿਧਾਨ ਸਭਾ ਅੰਦਰਲੇ ਗੇਟ ਸਾਹਮਣੇ ਲੇਟ ਗਏ ਪਰ ਮਾਰਸ਼ਲ ਉਨ੍ਹਾਂ ਨੂੰ ਕੰਪਲੈਕਸ ਵਿਚੋਂ ਬਾਹਰ ਕੱਢਣ ਲਈ ਖਿੱਚ-ਧੂਹ ਕਰਦੇ ਰਹੇ, ਜਿਸ ਕਾਰਨ ਦੋ-ਤਿੰਨ ਵਿਧਾਇਕਾਂ ਦੀਆਂ ਕਮੀਜ਼ਾਂ ਦੇ ਬਟਨ ਵੀ ਟੁੱਟ ਗਏ। ਮਾਰਸ਼ਲਾਂ ਅਤੇ ‘ਆਪ’ ਵਿਧਾਇਕਾਂ ਵਿਚਾਲੇ ਅੱਧੇ ਘੰਟੇ ਤੋਂ ਵੱਧ ਸਮਾਂ ਖਿੱਚ-ਧੂਹ ਹੁੰਦੀ ਰਹੀ। ‘ਆਪ’ ਦੇ ਜੈ ਕਿਸ਼ਨ ਸਿੰਘ ਰੋੜੀ ਅਤੇ ਅਕਾਲੀ ਦਲ ਦੇ ਪਵਨ ਟੀਨੂੰ ਨੇ ਸਦਨ ਵਿਚ ਜਾਣ ਲਈ ਕਈ ਵਾਰ ਗੇਟ ਨੂੰ ਧੱਕੇ ਮਾਰ ਕੇ ਖੋਲ੍ਹਣ ਦਾ ਯਤਨ ਕੀਤਾ ਪਰ ਉਹ ਸਫਲ ਨਾ ਹੋਏ। ‘ਆਪ’ ਵਿਧਾਇਕਾਂ ਨੇ ਸਪੀਕਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ‘ਜਮਹੂਰੀਅਤ ਦਾ ਕਾਤਲ’ ਦੱਸਿਆ।
ਵਿਰੋਧੀ ਧਿਰ ਦੇ ਨੇਤਾ ‘ਆਪ’ ਦੇ ਐਚæਐਸ਼ ਫੂਲਕਾ ਅਤੇ ਕੰਵਰ ਸੰਧੂ ਨੇ ਸੁਮੱਚੀ ਸਥਿਤੀ ਨੂੰ ਜਮਹੂਰੀਅਤ ਦੇ ਇਤਿਹਾਸ ਵਿਚ ‘ਕਾਲਾ ਦਿਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਾਲਾਤ ਐਮਰਜੈਂਸੀ ਤੋਂ ਵੀ ਮਾੜੇ ਹੋ ਗਏ ਹਨ। ਸਪੀਕਰ ਨੇ ਵਿਰੋਧੀ ਆਵਾਜ਼ ਹੀ ਬੰਦ ਕਰ ਦਿੱਤੀ ਹੈ। ਅਸਲ ਵਿਚ ਕਾਂਗਰਸ ਸਰਕਾਰ ਦਾ ਪਲੇਠਾ ਬਜਟ ਇਜਲਾਸ ਉਸ ਦੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਸਿਆਸੀ ਖਹਿਬਾਜ਼ੀ ਅਤੇ ਕੁੜੱਤਣ ਦੀ ਭੇਟ ਹੀ ਚੜ੍ਹ ਗਿਆ। ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਦਬਾਅ ਹੇਠ ਸਰਕਾਰ ਵੱਲੋਂ ਇਸ ਪਾਸੇ ਵੱਲ ਕੁਰਕੀ ਅਤੇ ਟਰੱਕ ਯੂਨੀਅਨ ਖਤਮ ਕਰਨ ਤੇ ਬਿਜਲੀ ਦੇ ਭਾੜੇ 5 ਰੁਪਏ ਨਿਸ਼ਚਿਤ ਕਰਨ ਵਰਗੇ ਕੁਝ ਫੈਸਲੇ ਤਾਂ ਜ਼ਰੂਰ ਲਏ, ਪਰ ਕਰਜ਼ਾ ਮੁਆਫੀ ਤੇ ਲੜਕੀਆਂ ਲਈ ਮੁਫਤ ਸਿੱਖਿਆ ਦੇ ਐਲਾਨਾਂ ‘ਤੇ ਅਜੇ ਕਿਸੇ ਵੱਲੋਂ ਵੀ ਇਤਬਾਰ ਨਹੀਂ ਕੀਤਾ ਜਾ ਰਿਹਾ।
________________________________
ਬਰਗਾੜੀ ਕਾਂਡ ਸਮੇਂ ਵੀ ਲੱਥੀਆਂ ਸਨ ਪੱਗਾਂ: ਰਾਣਾ ਗੁਰਜੀਤ
ਜਲੰਧਰ: ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਪੱਗਾਂ ਲੱਥਣ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬਰਗਾੜੀ ਕਾਂਡ ਵੇਲੇ ਅਕਾਲੀ-ਭਾਜਪਾ ਦੇ ਰਾਜ ਵਿਚ ਸਿੱਖਾਂ ਦੀਆਂ ਪੱਗਾਂ ਸਿਰਾਂ ਸਮੇਤ ਲੱਥੀਆਂ ਸਨ। ਉਨ੍ਹਾਂ ਸਵਾਲ ਕੀਤਾ ਕਿ ਉਸ ਘਟਨਾ ਦਾ ਅਕਾਲੀ ਦਲ ਤੇ ਭਾਜਪਾ ਵੱਲੋਂ ਜ਼ਿਕਰ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਸੁਖਬੀਰ ਬਾਦਲ ਖੁਦ ਤਾਂ ਚਲਾਕੀ ਵਰਤ ਕੇ ਸਦਨ ‘ਚੋਂ ਬਾਹਰ ਨਿਕਲ ਗਏ।
_____________________________
ਕੈਪਟਨ ਵੱਲੋਂ ਵਿਰੋਧੀ ਧਿਰਾਂ ਦੇ ਰਵੱਈਏ ਦੀ ਆਲੋਚਨਾ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਰਵੱਈਏ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਸਦਨ ਦੀ ਕੋਈ ਮਰਿਆਦਾ ਹੁੰਦੀ ਹੈ ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਵਿਰੋਧੀ ਧਿਰ ਵੱਲੋਂ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਿਧਾਇਕ ਜੋ ਪਹਿਲੀ ਵਾਰ ਸਦਨ ‘ਚ ਆਏ ਹਨ, ਨੂੰ ਸ਼ਾਇਦ ਸਦਨ ਦੀਆਂ ਰਵਾਇਤਾਂ ਦੀ ਸਮਝ ਨਹੀਂ, ਹਾਲਾਂਕਿ ਉਨ੍ਹਾਂ ਵਿਚੋਂ ਕਈ ਸੀਨੀਅਰ ਵਕੀਲ ਤੇ ਸੰਪਾਦਕ ਵੀ ਰਹੇ ਹਨ।
——————
ਵਿਧਾਇਕਾਂ ਦੀ ਖਿੱਚ-ਧੂਹ ਬੇਹੱਦ ਸ਼ਰਮਨਾਕ ਕਾਰਾ: ਬਾਦਲ
ਬਠਿੰਡਾ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਅੰਦਰ ਸਿੱਖ ਵਿਧਾਇਕਾਂ ਦੀਆਂ ਪੱਗਾਂ ਲੱਥਣਾ, ਵਿਧਾਇਕ ਬੀਬੀਆਂ ਦੀਆਂ ਚੁੰਨੀਆਂ ਰੋਲ ਕੇ ਉਨ੍ਹਾਂ ਨੂੰ ਘਸੀਟ-ਘਸੀਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਵਿਧਾਨ ਸਭਾ ਤੋਂ ਬਾਹਰ ਕੱਢਣ ਨਾਲ ਸੱਤਾਧਾਰੀਆਂ ਨੇ ਮਾਣ ਮਰਿਆਦਾ ਦਾ ਹੀ ਘਾਣ ਕਰ ਦਿੱਤਾ ਹੈ।