ਬਰਤਾਨੀਆ ਵਿਚ ਕੌਰਬਿਨ ਦੀ ਮਕਬੂਲੀਅਤ ਵਧੀ

ਲੰਡਨ: ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਬਰਤਾਨੀਆ ਵਿਚ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੇਰੇਮੀ ਕੌਰਬਿਨ ਦੀ ਮਕਬੂਲੀਅਤ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲੋਂ ਵਧ ਗਈ ਹੈ। ਇਸ ਸਰਵੇਖਣ ‘ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਮਹੀਨੇ ਹੋਈਆਂ ਆਮ ਚੋਣਾਂ ‘ਚ ਕਾਰਗੁਜ਼ਾਰੀ ਤੇ ਸੰਸਦ ਵਿਚ ਬਹੁਮਤ ਗੁਆਉਣ ਕਾਰਨ ਟੈਰੇਜ਼ਾ ਮੇਅ ਦੀ ਮਕਬੂਲੀਅਤ ਵਿਚ ਕਮੀ ਆਈ ਹੈ।

ਸਰਵੇ ਮੁਤਾਬਕ ਪ੍ਰਧਾਨ ਮੰਤਰੀ ਵਜੋਂ 35 ਫੀਸਦੀ ਵਿਅਕਤੀਆਂ ਨੇ ਕੌਰਬਿਨ ਨੂੰ ਪਸੰਦ ਕੀਤਾ ਹੈ ਜਦਕਿ 34 ਫੀਸਦੀ ਵਿਅਕਤੀ ਮੇਅ ਦੇ ਹੱਕ ਵਿਚ ਹਨ ਤੇ ਤਕਰੀਬਨ ਤੀਜਾ ਹਿੱਸਾ ਲੋਕਾਂ ਕਹਿਣਾ ਹੈ ਕਿ ਉਹ ਇਸ ਬਾਰੇ ਅਸਪੱਸ਼ਟ ਹਨ। ਦਿ ਟਾਈਮਜ਼ ਨੇ ਕਿਹਾ ਕਿ 9 ਜੂਨ ਨੂੰ ਹੋਈਆਂ ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ 43 ਫੀਸਦੀ ਵਿਅਕਤੀ ਟੈਰੇਜ਼ਾ ਮੇਅ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਸਨ ਜਦਕਿ ਕੌਰਬਿਨ ਦੇ ਹੱਕ ਵਿਚ ਉਸ ਸਮੇਂ 32 ਫੀਸਦੀ ਵਿਅਕਤੀ ਸਨ।
ਇਸ ਸਰਵੇਖਣ ‘ਚ 1670 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਸਰਵੇਖਣ ਦਾ ਨਤੀਜਾ ਮੇਅ ਲਈ ਇਕ ਧਮਾਕੇ ਦੀ ਤਰ੍ਹਾਂ ਹੈ, ਜੋ ਕਿ ਸੰਸਦ ‘ਚੋਂ ਆਪਣਾ ਬਹੁਮਤ ਗੁਆ ਚੁੱਕੀ ਹੈ। ਕੌਰਬਿਨ ਲਗਾਤਾਰ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਣ ਦੀ ਉਡੀਕ ਕਰ ਰਹੀ ਹੈ ਤੇ ਦੂਜੇ ਪਾਸੇ ਲੰਡਨ ‘ਚ ਗਰੇਨਫੈਨ ਟਾਵਰ ਵਿਚ ਅੱਗ ਲੱਗਣ ਦੀ ਘਟਨਾ ਲਈ ਮੇਅ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ‘ਚ 79 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਸੈਂਕੜੇ ਲੋਕ ਬੇਘਰ ਹੋ ਗਏ ਸਨ।
____________________________________________
ਟੈਰੇਜ਼ਾ ਵੱਲੋਂ ਯੂਰਪ ਯੂਨੀਅਨ ਨਾਗਰਿਕਾਂ ਨੂੰ ਭਰੋਸਾ
ਲੰਡਨ: ਪ੍ਰਧਾਨ ਮੰਤਰੀ ਟੈਰੇਜ਼ਾ ਮੇਅ, ਜਿਸ ਨੂੰ ਬ੍ਰਿਐਗਜ਼ਿਟ ‘ਤੇ ਸਖਤ ਰੁਖ ਲਈ ਜਾਣਿਆ ਜਾਂਦਾ ਹੈ, ਨੇ ਯੂਕੇ ਵਿਚ ਰਹਿੰਦੇ ਯੂਰਪ ਯੂਨੀਅਨ ਦੇ ਨਾਗਰਿਕਾਂ ਨੂੰ ਚੋਗਾ ਪਾਉਂਦਿਆਂ ਇਸ ਆਰਥਿਕ ਬਲਾਕ ਵਿਚੋਂ ਬਾਹਰ ਹੋਣ ਦੇ ਬਾਅਦ ਵੀ ਉਨ੍ਹਾਂ ਨੂੰ ਬ੍ਰਿਟੇਨ ਵਿਚ ਰਹਿਣ ਦੀ ਆਗਿਆ ਦੇਣ ਦਾ ਵਾਅਦਾ ਕੀਤਾ ਹੈ। ਬਰੱਸਲਜ਼ ਸੰਮੇਲਨ ਵਿਚ ਕੀਤਾ ਗਿਆ ਇਹ ਐਲਾਨ ਯੂਕੇ ਵਿਚ ਪੱਕੇ ਤੌਰ ‘ਤੇ ਰਹਿ ਰਹੇ ਤਕਰੀਬਨ 30 ਲੱਖ ਯੂਰਪ ਯੂਨੀਅਨ ਨਾਗਰਿਕਾਂ, ਜਿਨ੍ਹਾਂ ਵਿਚ 20 ਹਜ਼ਾਰ ਤੋਂ ਵੱਧ ਗੋਆ ਵਾਲੇ ਸ਼ਾਮਲ ਹਨ ਜਿਨ੍ਹਾਂ ਨੇ ਪੁਰਤਗਾਲੀ ਵਿਰਾਸਤ ਦੇ ਆਧਾਰ ‘ਤੇ ਯੂਰਪ ਯੂਨੀਅਨ ਦੀ ਨਾਗਰਿਕਤਾ ਲਈ ਅਪਲਾਈ ਕੀਤਾ ਸੀ, ਨੂੰ ਰਾਹਤ ਦੇਣ ਵਾਲਾ ਹੈ। ਸੰਮੇਲਨ ਦੌਰਾਨ ਟੈਰੇਜ਼ਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਕਿਸੇ ਨੂੰ ਹਿਜ਼ਰਤ ਕਰਨੀ ਪਵੇ ਜਾਂ ਪਰਿਵਾਰਾਂ ਵਿਚ ਵਿਛੋੜੇ ਪੈਣ।