ਮਜੀਠੀਆ ਨਾਲ ਨਰਮੀ ਵਿਰੁਧ ਕਾਂਗਰਸੀ ਵਿਧਾਇਕ ਇਕਜੁੱਟ

ਚੰਡੀਗੜ੍ਹ: ਨਸ਼ਾ ਤਸਕਰੀ ਦੇ ਮਾਮਲੇ ਸਬੰਧੀ ਕਾਂਗਰਸੀ ਵਿਧਾਇਕਾਂ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਇਹ ਮਾਮਲਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ।

ਇਸ ਮੁੱਦੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੁੱਪ ਹਨ। ਉਨ੍ਹਾਂ ਦੀ ਹਾਜ਼ਰੀ ਵਿਚ ਸੀਨੀਅਰ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਪਾਲ ਦੇ ਧੰਨਵਾਦ ਮਤੇ ‘ਤੇ ਬਹਿਸ ਦੌਰਾਨ ਸਾਬਕਾ ਅਕਾਲੀ ਮੰਤਰੀ ਵਿਰੁੱਧ ਕਾਰਵਾਈ ਦਾ ਮਸਲਾ ਉਠਾਇਆ ਸੀ।
ਪੰਜਾਬ ਵਿਧਾਨ ਸਭਾ ਵਿਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਸਮੇਤ ਪ੍ਰੈੱਸ ਗੈਲਰੀ ਵਿਚ ਮੀਡੀਆ ਨਾਲ ਗੱਲਬਾਤ ਕਰਨ ਆਏ ਸ੍ਰੀ ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਹੈ ਜੇ ਉਸ ਵਿਰੁੱਧ ਕਾਰਵਾਈ ਹੋਵੇ ਤਾਂ ਨਸ਼ਿਆਂ ਦਾ ਅੱਧਾ ਕਾਰੋਬਾਰ ਬੰਦ ਹੋ ਸਕਦਾ ਹੈ। ਜਦੋਂ ਇਹ ਪੁੱਛਿਆ ਗਿਆ ਕਿ ਉਹ ਇਹ ਮਸਲਾ ਮੁੱਖ ਮੰਤਰੀ ਕੋਲ ਕਿਉਂ ਨਹੀਂ ਉਠਾਉਂਦੇ ਤਾਂ ਉਨ੍ਹਾਂ ਕਿਹਾ ਕਿ ਇਹ ਸਵਾਲ ਮੀਡੀਆ ਮੁੱਖ ਮੰਤਰੀ ਕੋਲੋਂ ਖੁਦ ਪੁੱਛੇ ਕਿ ਉਹ ਸਾਬਕਾ ਮੰਤਰੀ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੇ।
ਬਾਅਦ ਵਿਚ ਉਨ੍ਹਾਂ ਕਿਹਾ ਕਿ ਉਹ ਇਹ ਮਸਲਾ ਮੁੱਖ ਮੰਤਰੀ ਕੋਲ ਜ਼ਰੂਰ ਉਠਾਉਣਗੇ। ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਨਸ਼ਿਆਂ ਦੇ ਮਸਲੇ ‘ਤੇ ਸਾਬਕਾ ਮੰਤਰੀ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ।
___________________________________________
ਕਾਂਗਰਸੀ ਅਤੇ ਅਕਾਲੀ ਰਲੇ ਹੋਏ: ਖਹਿਰਾ
ਚੰਡੀਗੜ੍ਹ: ਆਪ ਦੇ ਵਿਧਾਇਕ ਸੁਖਪਾਲ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਵਾਲੇ ਰਲੇ ਹੋਏ ਹਨ ਤੇ ਦੋਸਤਾਨਾ ਮੈਚ ਖੇਡ ਰਹੇ ਹਨ। ਇਸ ਲਈ ਕੁਝ ਵੀ ਹੋਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਪਹਿਲਵਾਨ ਵਰਗੇ ਮੁਲਜ਼ਮਾਂ ਦੀ ਕੀ ਹਿੰਮਤ ਹੈ ਕਿ ਉਹ ਇਕੱਲਾ ਹੀ 1200 ਕਰੋੜ ਰੁਪਏ ਲੁੱਟ ਲਵੇ।
_____________________________________________
ਕੈਪਟਨ ਸਰਕਾਰ ਨੇ ਨਸ਼ਿਆਂ ਵਿਰੁਧ ਮੁਹਿੰਮ ਵਿਸਾਰੀ
ਚੰਡੀਗੜ੍ਹ: ਆਪਣੇ ਪਲੇਠੇ ਬਜਟ ਵਿਚ ਨਸ਼ਿਆਂ ਖਿਲਾਫ ਮੁਹਿੰਮ ਲਈ ਢੁਕਵੇਂ ਫੰਡ ਅਲਾਟ ਨਾ ਕਰਨ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਤੇ ਵਾਅਦਾ ਖਿਲਾਫੀ ਦੇ ਦੋਸ਼ ਲੱਗੇ ਹਨ। ਬਜਟ ਵਿਚ ਚਲੰਤ ਸਾਲ ਦੌਰਾਨ ਡਾਕਟਰੀ ਸਹਾਇਤਾ ਤੇ ਜਨ ਸਿਹਤ ਲਈ 1358 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਹ ਰਕਮ ਪਿਛਲੇ ਮਾਲੀ ਸਾਲ ਲਈ ਨਿਰਧਾਰਤ ਰਕਮ ਨਾਲੋਂ 14æ21 ਫੀਸਦੀ ਵੱਧ ਹੈ, ਪਰ ਇਸ ਵਿਚ ਨਸ਼ਿਆਂ ਖਿਲਾਫ਼ ਜੰਗ ਵਾਸਤੇ ਕੋਈ ਠੋਸ ਪ੍ਰਾਵਧਾਨ ਨਹੀਂ ਕੀਤਾ ਗਿਆ। ਜਿਹੜੀ 50 ਕਰੋੜ ਰੁਪਏ ਦੀ ਰਕਮ ਮੁਢਲੇ ਦਿਹਾਤੀ ਪੁਨਰਵਾਸ ਤੇ ਨਸ਼ਾ ਛੁਡਾਊ ਕੇਂਦਰਾਂ ਦੀ ਸਥਾਪਨਾ ਲਈ ਰੱਖੀ ਗਈ ਹੈ, ਉਹ ਨਿਗੂਣੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਪੰਜਾਬ ਵਿਚ ਨਸ਼ਿਆਂ ਦੇ ਪਸਾਰੇ ਨੂੰ ਮੁੱਖ ਮੁੱਦਾ ਬਣਾਇਆ ਸੀ। ਉਨ੍ਹਾਂ ਦਾ ਹੁਣ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਅਰੰਭੀ ਮੁਹਿੰਮ ਸਦਕਾ ਪੰਜਾਬ ਵਿਚ ਸਿੰਥੈਟਿਕ ਨਸ਼ਿਆਂ ਦੀ ਉਪਲਬਧਤਾ ਬਹੁਤ ਘਟ ਗਈ ਹੈ ਅਤੇ ਇਹ ਨਸ਼ੇ ਬਹੁਤ ਮਹਿੰਗੇ ਹੋਣ ਕਾਰਨ ਆਮ ਨਸ਼ੇੜੀਆਂ ਦੇ ਵੱਸ ਦਾ ਰੋਗ ਨਹੀਂ ਰਹੇ। ਦੂਜੇ ਪਾਸੇ, ਨਸ਼ਿਆਂ ਦੇ ਆਦੀ, ਨਸ਼ੇ ਮਹਿੰਗੇ ਹੋਣ ਦੀ ਗੱਲ ਤਾਂ ਮੰਨਦੇ ਹਨ, ਪਰ ਨਾਲ ਹੀ ਇਹ ਵੀ ਕਹਿੰਦੇ ਹਨ ਕਿ ਸਪਲਾਈ ਵਿਚ ਕੋਈ ਕਮੀ ਨਹੀਂ ਆਈ।