ਸਿੱਖ ਨੌਜਵਾਨਾਂ ਦੀਆਂ ਧੜਾ ਧੜ ਗ੍ਰਿਫਤਾਰੀਆਂ ‘ਤੇ ਉਠਣ ਲੱਗੇ ਸਵਾਲ

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਆਉਣ ਮਗਰੋਂ ਲਗਾਤਾਰ ਅਜਿਹੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਨ, ਜਿਨ੍ਹਾਂ ਦੇ ਤਾਰ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਪੱਖੀਆਂ ਨਾਲ ਜੋੜੇ ਜਾ ਰਹੇ ਹਨ। ਪੁਲਿਸ ਨੇ ਦੋ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਤਿਵਾਦੀ ਤਾਣੇ-ਬਾਣੇ ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਨੈੱਟਵਰਕ ਦਾ ਬੀਤੇ ਮਹੀਨੇ ਪਰਦਾਫਾਸ਼ ਕੀਤਾ ਗਿਆ ਸੀ। ਇਨ੍ਹਾਂ ਦੀ ਪਛਾਣ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜੀਵਨਵਾਲਾ ਦੇ ਗੁਰਪ੍ਰੀਤ ਸਿੰਘ ਤੇ ਮੋਗਾ ਦੇ ਕਮਾਲਪੁਰ ਦੇ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਤੋਂ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਉਨ੍ਹਾਂ ਕੋਲੋਂ æ32 ਬੋਰ ਦੀਆਂ ਦੋ ਪਿਸਤੌਲਾਂ, ਚਾਰ ਮੈਗਜ਼ੀਨ ਤੇ ਕਾਰਤੂਸ ਬਰਾਮਦ ਹੋਏ ਹਨ। ਇਸ ਗਰੁੱਪ ਨੂੰ ਪੰਜਾਬ ਵਿਚ ‘ਸਿੱਖ-ਵਿਰੋਧੀ’ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਪੁਲਿਸ ਦਾ ਦਾਅਵਾ ਹੈ ਕਿ ਕੈਨੇਡਾ ਰਹਿੰਦੇ ਗੁਰਜੀਤ ਚੀਮਾ ਨੇ ਇਸੇ ਸਾਲ ਆਪਣੀ ਭਾਰਤ ਫੇਰੀ ਦੌਰਾਨ ਗੁਰਪ੍ਰੀਤ ਉਰਫ ਪ੍ਰੀਤ ਨੂੰ ਦੋ ਪਿਸਤੌਲ ਤੇ ਅਸਲਾ ਦਿੱਤਾ ਸੀ। ਬਾਅਦ ਵਿਚ ਪ੍ਰੀਤ ਨੇ ਇਕ ਪਿਸਤੌਲ ਸਿਮਰਨਜੀਤ ਉਰਫ ਨਿੱਕਾ ਨੂੰ ਸੌਂਪ ਦਿੱਤੀ।
ਇਸ ਤੋਂ ਪਹਿਲਾਂ ਪੁਲਿਸ ਨੇ 21 ਮਈ ਨੂੰ ਗੁਰਦਾਸਪੁਰ ਦੇ ਮਾਨ ਸਿੰਘ ਤੇ ਜਲੰਧਰ ਦੇ ਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਹੋਰ ਵੀ ਗ੍ਰਿਫਤਾਰੀਆਂ ਹੋਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪੁਲਿਸ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਕਿਸੇ ਵੀ ਦੋਸ਼ੀ ਨੂੰ ਨਹੀਂ ਫੜ ਸਕੀ। ਇਸ ਤੋਂ ਇਲਾਵਾ ਗੈਂਗਸਟਰ ਦਿਨ-ਦਿਹਾੜੇ ਲੁੱਟਾਂ-ਖੋਹਾਂ ਤੇ ਕਤਲ ਕਰ ਰਹੇ ਹਨ ਪਰ ਅਜੇ ਤੱਕ ਕੋਈ ਵੀ ਵੱਡਾ ਗੈਂਗਸਟਰ ਨਹੀਂ ਫੜਿਆ ਗਿਆ।
ਪੰਜਾਬ ਵਿਚ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਹੈ। ਕਾਂਗਰਸ ਸਰਕਾਰ ਨੇ ਇਕ ਮਹੀਨੇ ਵਿਚ ਨਸ਼ਿਆਂ ਦਾ ਖਾਤਮਾ ਕਰਨ ਦਾ ਐਲਾਨ ਕੀਤਾ ਸੀ। ਹੁਣ ਤਿੰਨ ਮਹੀਨੇ ਬੀਤ ਚੁੱਕੇ ਹਨ ਪਰ ਪੁਲਿਸ ਨੇ ਕਿਸੇ ਵੀ ਵੱਡੇ ਨਸ਼ਾ ਤਸਕਰ ਨੂੰ ਹੱਥ ਨਹੀਂ ਪਾਇਆ। ਅਜਿਹੇ ਵਿਚ ਸਵਾਲ ਉਠ ਰਹੇ ਹਨ ਕਿ ਸੁਰੱਖਿਆ ਏਜੰਸੀਆਂ ਇਨ੍ਹਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕੋਈ ਨਵੀਂ ਖੇਡ ਤਾਂ ਨਹੀਂ ਖੇਡ ਰਹੀਆਂ।
__________________________________________
ਬਡੂੰਗਰ ਨੇ ਰਾਜਪਾਲ ਕੋਲ ਉਠਾਏ ਸਿੱਖ ਮਸਲੇ
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਰਾਜਪਾਲ ਵੀæਪੀæ ਸਿੰਘ ਬਦਨੌਰ ਨਾਲ ਮੁਲਾਕਾਤ ਕਰ ਕੇ ਸਿੱਖ ਮਸਲਿਆਂ ਦੇ ਹੱਲ ਲਈ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿਚ ਚਾਰ ਪ੍ਰਮੁੱਖ ਮੁੱਦੇ ਉਭਾਰੇ ਗਏ, ਜਿਨ੍ਹਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ‘ਤੇ ਜਬਰੀ ਕਬਜ਼ੇ, ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਨਾਲ ਛੇੜ-ਛਾੜ ਕਰਨ ਅਤੇ ਪੰਜਾਬ ਵਿਧਾਨ ਸਭਾ ਅੰਦਰ ਸਿੱਖ ਵਿਧਾਇਕ ਦੀ ਦਸਤਾਰ ਉਤਾਰੇ ਜਾਣ ਦੇ ਮਾਮਲੇ ਸ਼ਾਮਲ ਹਨ। ਉਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਨੂੰਨ ਤਹਿਤ ਸਖਤ ਸਜ਼ਾ ਦੇਣ ਲਈ ਕਾਰਵਾਈ ਕੀਤੀ ਜਾਵੇ। ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਨਾਲ ਕੀਤੀ ਛੇੜ-ਛਾੜ ਦਾ ਮਾਮਲਾ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਗਏ ਅਨੁਵਾਦਕ ਖੋਜ ਕਾਰਜ ਵਿਚ ਇਸ ਦੀ ਭਾਸ਼ਾ, ਕਾਵਿ ਬਣਤਰ, ਸ਼ਬਦਾਵਲੀ ਆਦਿ ਨਾਲ ਵੱਡੇ ਪੱਧਰ ‘ਤੇ ਛੇੜ-ਛਾੜ ਕੀਤੀ ਗਈ ਹੈ। ਇਸ ਨਾਲ ਖੋਜਾਰਥੀਆਂ ਨੂੰ ਦੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੀਆਂ ਛਪ ਚੁੱਕੀਆਂ ਸਾਰੀਆਂ ਕਾਪੀਆਂ ਨੂੰ ਤੁਰਤ ਜ਼ਬਤ ਕਰ ਕੇ ਵਿਕਰੀ ‘ਤੇ ਰੋਕ ਲਗਾਈ ਜਾਵੇ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇ।