ਲਾਹੌਰ: ਲਹਿੰਦੇ ਪੰਜਾਬ ਵਿਚ ਇਕ ਸ਼ਾਹਰਾਹ ਉਤੇ ਤੇਲ ਟੈਂਕਰ ਪਲਟਣ ਮਗਰੋਂ ਪੈਟਰੌਲ ਇਕੱਠਾ ਕਰਨ ਲਈ ਇਕੱਤਰ ਹੋਏ 160 ਵਿਅਕਤੀ ਅੱਗ ਲੱਗਣ ਕਾਰਨ ਮਾਰੇ ਗਏ ਅਤੇ 140 ਹੋਰ ਜ਼ਖ਼ਮੀ ਹੋ ਗਏ। ਕਰਾਚੀ ਤੋਂ ਲਾਹੌਰ ਜਾ ਰਿਹਾ ਤੇਲ ਟੈਂਕਰ ਟਾਇਰ ਫਟਣ ਕਾਰਨ ਜ਼ਿਲ੍ਹਾ ਬਹਾਵਲਪੁਰ ਦੇ ਅਹਿਮਦਪੁਰ ਸ਼ਰਕੀਆ ਇਲਾਕੇ ਵਿਚ ਕੌਮੀ ਮਾਰਗ ਉਤੇ ਪਲਟ ਗਿਆ। ਪੈਟਰੌਲ ਇਕੱਠਾ ਕਰਨ ਲਈ ਨੇੜਲੇ ਰਿਹਾਇਸ਼ੀ ਇਲਾਕਿਆਂ ਦੇ ਲੋਕ ਮੌਕੇ ਉਤੇ ਆ ਪੁੱਜੇ। ਇਸ ਦੌਰਾਨ ਕਿਸੇ ਨੇ ਸਿਗਰਟ ਬਾਲ ਲਈ, ਜਿਸ ਨਾਲ ਅੱਗ ਲੱਗ ਗਈ।
ਅੱਗ ਦੀ ਲਪੇਟ ਵਿਚ ਆਉਣ ਕਾਰਨ 160 ਵਿਅਕਤੀ ਮਾਰੇ ਗਏ ਅਤੇ 140 ਹੋਰ ਜ਼ਖ਼ਮੀ ਹੋ ਗਏ। ਇਸ ਨੂੰ ਪਾਕਿਸਤਾਨ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਦੁਖਾਂਤ ਦੱਸਿਆ ਜਾ ਰਿਹਾ ਹੈ। ਟੈਂਕਰ ਵਿਚੋਂ ਤਕਰੀਬਨ 50 ਹਜ਼ਾਰ ਲਿਟਰ ਪੈਟਰੋਲ ਡੁੱਲਿਆ। ਜ਼ਿਆਦਾਤਰ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਅਤੇ ਇਨ੍ਹਾਂ ਦੀ ਪਛਾਣ ਸਿਰਫ ਡੀæਐਨæਏæ ਟੈਸਟਾਂ ਰਾਹੀਂ ਹੋਵੇਗੀ। ਵਿਕਟੋਰੀਆ ਹਸਪਤਾਲ ਵਿਚ ਦਾਖਲ ਇਕ ਫੱਟੜ ਮੁਹੰਮਦ ਹਨੀਫ਼ (40) ਨੇ ਦੱਸਿਆ ਕਿ ਉਹ ਘਰ ਵਿਚ ਮੌਜੂਦ ਸੀ, ਜਦੋਂ ਉਸ ਦੇ ਚਚੇਰੇ ਭਰਾ ਨੇ ਦੱਸਿਆ ਕਿ ਪਿੰਡ ਦੇ ਲੋਕ ਤੇਲ ਇਕੱਠਾ ਕਰਨ ਲਈ ਕੌਮੀ ਮਾਰਗ ਵੱਲ ਭੱਜ ਰਹੇ ਹਨ।
ਭਰਾ ਨੇ ਉਸ ਨੂੰ ਬੋਤਲਾਂ ਲੈ ਕੇ ਆਉਣ ਲਈ ਕਿਹਾ। ਜਦੋਂ ਉਹ ਘਰੋਂ ਬਾਹਰ ਨਿਕਲਿਆ ਤਾਂ ਲੋਕ ਕੌਮੀ ਮਾਰਗ ਵੱਲ ਭੱਜੇ ਜਾ ਰਹੇ ਸਨ ਅਤੇ ਕਈ ਮੋਟਰਸਾਈਕਲਾਂ ਉਤੇ ਵੀ ਸਨ। ਉਹ ਆਪਣੇ ਚਚੇਰੇ ਭਰਾ ਨਾਲ ਸੜਕ ਉਤੇ ਪੁੱਜਿਆ ਅਤੇ ਤੇਲ ਇਕੱਠਾ ਕਰਨ ਲੱਗਿਆ। ਅਚਾਨਕ ਟੈਂਕਰ ਫਟ ਗਿਆ ਅਤੇ ਕਈ ਬੰਦੇ ਜਿਊਂਦੇ ਸੜ ਗਏ। ਰਾਸ਼ਿਦ ਤੇ ਉਹ ਟੈਂਕਰ ਤੋਂ ਥੋੜ੍ਹੀ ਦੂਰ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਉਸ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਲਾਲਚ ਨੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ। ਇਹ ਦੁਖਾਂਤ ਅਜਿਹੇ ਸਮੇਂ ਵਾਪਰਿਆ, ਜਦੋਂ ਇਕ ਦਿਨ ਬਾਅਦ ਹੀ ਦੇਸ਼ ਵਿਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਣਾ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਕਰਾਚੀ ਵਿਚ ਤੇਲ ਟੈਂਕਰ ਤੇ ਬੱਸ ਦੀ ਟੱਕਰ ਕਾਰਨ ਅੱਗ ਲੱਗਣ ਨਾਲ 62 ਜਣੇ ਮਾਰੇ ਗਏ ਸਨ।