ਗੁੰਗੀ ਪੱਤਝੜ

ਤੁਰ ਗਏ ਲਿਖਾਰੀ ਇਕਬਾਲ ਰਾਮੂਵਾਲੀਆ ਦੀ ਕਲਮ ਤੋਂ
ਕੈਨੇਡਾ ਵੱਸਦਾ ਇਕਬਾਲ ਰਾਮੂਵਾਲੀਆ ਇਸ ਫਾਨੀ ਸੰਸਾਰ ਨੂੰ ਆਖਰੀ ਅਲਵਿਦਾ ਕਹਿ ਗਿਆ ਹੈ। ਪਹਿਲਾਂ-ਪਹਿਲ ਉਹਨੇ ਕਵਿਤਾ ਲਿਖੀ, ਫਿਰ ਨਾਵਲ ਤੇ ਕਹਾਣੀ। ਦੋ ਭਾਗਾਂ ਵਿਚ ਸਵੈ-ਜੀਵਨੀ ‘ਸੜਦੇ ਸਾਜ਼ ਦੀ ਸਰਗਮ’ ਅਤੇ ‘ਬਰਫ ਵਿਚੋਂ ਉਗਦਿਆਂ’ ਲਿਖੀ। ‘ਪੰਜਾਬ ਟਾਈਮਜ਼’ ਦੇ ਪਾਠਕ ਉਸ ਦੀਆਂ ਲਿਖਤਾਂ ਦਾ ਅਨੰਦ ਮਾਣ ਚੁੱਕੇ ਹਨ। ਉਸ ਨੂੰ ਸ਼ਰਧਾਂਜਲੀ ਵਜੋਂ ਉਹਦੀ ਸਵੈ-ਜੀਵਨੀ ਵਿਚੋਂ ਇਕ ਲੇਖ ‘ਗੁੰਗੀ ਪਤਝੜ’ ਛਾਪ ਰਹੇ ਹਾਂ।

ਇਸ ਵਿਚ ਉਹਦੇ ਕੈਨੇਡਾ ਪੁੱਜਣ ਦੇ ਮੁਢਲੇ ਦਿਨਾਂ ਦਾ ਜ਼ਿਕਰ ਹੈ। ਇਸ ਲੇਖ ਵਿਚ ਕਮਾਲ ਦਾ ਦ੍ਰਿਸ਼ ਚਿਤਰਨ ਹੈ। ਜਾਪਦਾ ਹੈ, ਉਹ ਸਮਾਂ ਤੁਹਾਡੇ ਅੰਗ-ਸੰਗ ਖਹਿ ਕੇ ਲੰਘਿਆ ਹੋਵੇ! ਇਹੀ ਇਕਬਾਲ ਦੀਆਂ ਲਿਖਤਾਂ ਦੀ ਤਾਕਤ ਹੈ। -ਸੰਪਾਦਕ

ਸੰਨ 1975, ਸਤੰਬਰ ਮਹੀਨੇ ਦੀ 24 ਤਰੀਕ। ਇੰਗਲੈਂਡ ਦੇ ਸ਼ਹਿਰ ਲੰਡਨ ਵਿਚ ਪੰਜ ਦਿਨ ਸਾਊਥਹਾਲ ਦੇ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਅਤੇ ਰਿਸ਼ਤੇਦਾਰਾਂ ਦੇ ਘਰਾਂ ਵਿਚ ‘ਹਾਹਾ-ਹਾਹਾ’ ਅਤੇ ਬੀਅਰ ਦੀਆਂ ਗਲਾਸੀਆਂ ਖੜਕਾਉਣ ਤੋਂ ਬਾਅਦ, ਅਸੀਂ ਹੀਥਰੋ ਹਵਾਈ ਅੱਡੇ ਤੋਂ ਟੋਰਾਂਟੋ ਵਾਲੇ ਜਹਾਜ਼ ਵਿਚ ਸਵਾਰ ਹੋ ਗਏ। ਬੱਦਲਾਂ ਤੋਂ ਉਪਰ ਹੋ ਕੇ ਜਹਾਜ਼ ਨੇ ਆਪਣੇ ਮੌਰਾਂ ਤੇ ਪੂਛ ਨੂੰ ਗੁਣੀਏਂ ਵਿਚ ਕੀਤਾ ਹੀ ਸੀ ਕਿ ਪਿਛਲੇ ਪਾਸੇ ਸੀਟਾਂ ਦੀਆ ਕਤਾਰਾਂ ਦਰਮਿਆਨ ਟਰਾਲੀਆਂ ਪ੍ਰਗਟ ਹੋਣ ਲੱਗੀਆਂ।
‘ਕੀ ਪੀਓਂਗੇ, ਸਰ?’ ਟਰਾਲੀ ਉਪਰ ਚਿਣੀਆਂ ਸਕਾਚ, ਬੀਅਰ ਤੇ ਵਾਈਨ ਦੀਆਂ ਬੋਤਲਾਂ ਮੇਰੇ ਵੱਲ ਗੇੜ ਕੇ ਚਿੱਟੀ ਵਰਦੀ ਵਾਲੀ ਲਿਪਸਟਿਕ ਮੁਸਕਰਾਈ।
ਬਲੈਕ ਨਾਈਟ ਦੀਆਂ ਦੋ ਗਲਾਸੀਆਂ ਨੇ ਮੇਰੇ ਸਿਰ ਵਿਚ ਧੁੰਦ ਛਿੜਕਣੀ ਸ਼ੁਰੂ ਕਰ ਦਿੱਤੀ। ਏਨੇ ਨੂੰ ਖਾਣੇ ਦੀਆਂ ਟਰੇਆਂ ਹਾਜ਼ਰ ਹੋਣ ਲੱਗੀਆਂ।

ਜਾਗੋ-ਮੀਟੀ ਵਿਚ ਸੱਤ ਕੁ ਘੰਟੇ ਗੁਜ਼ਾਰਨ ਤੋਂ ਬਾਅਦ, ਛੱਤ ਵਿਚੋਂ ਪਾਇਲਟ ਦੀ ਭਰੜਾਈ ਆਵਾਜ਼, ਸਕਾਚ ਦੀਆਂ ਗਲਾਸੀਆਂ ਰਾਹੀਂ ਮੇਰੇ ਸਿਰ ਵਿਚ ਜੰਮੀ ਬੇਸੁਰਤ, ਭੁਲਾਵੇਂ ਅੱਖਰਾਂ ਵਾਂਙਣ ਖਿਲਰ ਗਈ। ਅਰਧ-ਖੁੱਲ੍ਹੀਆਂ ਅੱਖਾਂ ਵਿਚ ਮੇਰਾ ਚਿਹਰਾ ਖੱਬੇ ਪਾਸੇ ਵਾਲੀਆਂ ਸੀਟਾਂ ਦੀ ਕਤਾਰ ਵੱਲੀਂ ਘੁੰਮ ਗਿਆ: ਲੁੜਕੇ ਹੋਏ ਸਿਰ, ਤੇ ਲਮਕੇ ਹੋਏ ਬੁੱਲ੍ਹ! ਕਈ ਠੋਡੀਆਂ, ਛਾਤੀਆਂ ਵਿਚ ਖੁੱਭੀਆਂ ਹੋਈਆਂ ਅਤੇ ਕਈ ਕੰਨ ਸੱਜੇ ਖੱਬੇ ਮੋਢਿਆਂ ਉਤੇ ਝੁਕੇ ਹੋਏ। ਸਪੀਕਰ ਵਿਚ ਭਰੜਾਉਂਦੀ ਹੋਈ ਪਾਇਲਟ ਦੀ ਆਵਾਜ਼ ਇਨ੍ਹਾਂ ਦੇ ਉਪਰੋਂ ਦੀ ਛਾਲ ਮਾਰ ਕੇ ਇਨ੍ਹਾਂ ਦੀਆਂ ਸੀਟਾਂ ਦੀਆਂ ਢੋਆਂ ਵਿਚ ਜਜ਼ਬ ਹੋ ਗਈ।
ਸੁਖਸਾਗਰ (ਲਿਖਾਰੀ ਦੀ ਪਤਨੀ) ਦਾ ਸਿਰ ਉਹਦੇ ਸੱਜੇ ਪਾਸੇ ਵਾਲੀ ਕੰਧ ਨਾਲ ਜੁੜਿਆ ਹੋਇਆ ਸੀ। ਮੈਂ ਉਸ ਦੇ ਮੋਢੇ ਨੂੰ ਹਲੂਣਿਆ।
‘ਕੀ ਹੋ ਗਿਆ? ਕੀ ਹੋ ਗਿਆ?’ ਆਪਣੇ ਪੂਰੇ ਧੜ ਨੂੰ ਝਟਕੇ ਮਾਰ ਕੇ ਉਸ ਨੇ ਅੱਖਾਂ ਖੋਲ੍ਹੀਆਂ, ਸੁੰਗੇੜੀਆਂ ਅਤੇ ਫਿਰ ਆਪਣਾ ਚਿਹਰਾ ਮੇਰੇ ਵੱਲੀਂ ਘੁੰਮਾਇਆ।
ਆਪਣੀਆਂ ਨੈਣ-ਗੋਲੀਆਂ ਦੀ ਅਸਥਿਰਤਾ ਨੂੰ ਉਪਰ ਨੀਚੇ, ਸੱਜੇ ਖੱਬੇ ਫੇਰਦੀ ਉਹ ਬੋਲੀ: ‘ਕਿੱਥੇ ਆਂ ਆਪਾਂ?’
‘ਅਨਾਊਂਸਮੈਂਟ ਕੀਤੀ ਐ ਪਾਇਲਟ ਨੇ।’ ਆਪਣੇ ਹੱਥ ਨੂੰ ਆਪਣੀ ਸੱਜੀ ਵੱਖੀ ਕੋਲ ਉਤਾਰ ਕੇ ਮੈਂ ਸੀਟ-ਬੈਲਟ ਟਟੋਲਣ ਲੱਗਾ।
‘ਕਿਉਂ ਜਗਾ’ਤਾ ਮੈਨੂੰ?’ ਸੁਖਸਾਗਰ ਨੇ ਆਪਣੇ ਸੱਜੇ ਪੰਜੇ ਨੂੰ ਢਾਲ ਬਣਾ ਕੇ ਉਬਾਸੀ ਦੇ ਸਾਹਮਣੇ ‘ਤਾਇਨਾਤ’ ਕਰ ਲਿਆ- ‘ਮੈਂ ਤਾਂ ਘੁਡਾਣੀ ਵਾਲੇ ਘਰ ਵਿਚ ਪਹੁੰਚੀ ਹੋਈ ਸੀ!’
‘ਹੱਛਾਅਅ?’ ਮੇਰੀ ਉਬਾਸੀ ਬੋਲੀ- ‘ਨਸ਼ਾ ਹੁੰਦੈ ਸਿਰ ਦਰਦ ਦੀਆਂ ਗੋਲੀਆਂ ‘ਚ।’
‘ਪਰ ਆਹ ਧੁਰਲੀਆਂ ਜਿਹੀਆਂ ਕਾਹਤੋਂ ਮਾਰੀ ਜਾਂਦੈ ਜਹਾਜ਼?’ ਸੁਖਸਾਗਰ ਨੇ ਕੰਬਲ ਨੂੰ ਆਪਣੇ ਮੋਢਿਆਂ ਵੱਲ ਖਿੱਚ ਲਿਆ।
‘ਉਤਰਾਈ ਸ਼ੁਰੂ ਕਰ’ਤੀ ਐ ਜਹਾਜ਼ ਨੇ।’
ਸੀਟ-ਬੈਲਟ ਦੀ ਜੀਭ ਨੂੰ ਉਸ ਦੇ ਲਾਕ ਦੇ ਮੂੰਹ ਵਿਚ ਫਸਾਉਣ ਤੋਂ ਬਾਅਦ ਆਪਣੇ ਚਿਹਰੇ ਨੂੰ ਸੱਜੇ ਪਾਸੇ ਦੀ ਖਿੜਕੀ ਕੋਲ ਲਿਜਾ ਕੇ ਸੁਖਸਾਗਰ ਨੇ ਆਪਣੀਆਂ ਅੱਖਾਂ, ਹੇਠਾਂ ਜ਼ਮੀਨ ਵੱਲੀਂ ਲਟਕਾਅ ਦਿੱਤੀਆਂ।
‘ਨ੍ਹੇਰਾ ਈ ਨ੍ਹੇਰਾ ਐ! ਕੁਛ ਵ’ਨੀ ਦਿਸਦਾ ਥੱਲੇ।’
ਆਪਣੇ ਧੜ ਨੂੰ ਸੱਜੇ ਹੱਥ ਬੈਠੀ ਸਾਗਰ ਦੀ ਝੋਲੀ ਉਪਰ ਝੁਕਾਅ ਕੇ ਮੈਂ ਆਪਣੇ ਸਿਰ ਨੂੰ ਖਿੜਕੀ ਵੱਲ ਵਧਾਇਆ ਅਤੇ ਆਪਣੀਆਂ ਨਜ਼ਰਾਂ ਵਿਚਲੀ ਉਤਸੁਕਤਾ ਨੂੰ ਜਹਾਜ਼ ਦੀ ਖਿੜਕੀ ਦੇ ਬਾਹਰ ਖੰਭਾਂ ਦੁਆਰਾ ਚੀਰੇ ਜਾ ਰਹੇ ਹਨੇਰੇ ਦੀ ਸੰਘਣਾਈ ਵਿਚ ਚੋਭ ਦਿੱਤਾ।
‘ਬਾਹਰ ਤਾਂ ਵਾਕਿਆ ਈ ਕੁਛ ਨੀ ਦਿਸਦਾ।’
‘ਏਥੇ ਦਿਸਣਾ ਈ ਕੁਛ ਨੀ।’ ਸੁਖਸਾਗਰ ਆਪਣੇ ਸਿਰ ਨੂੰ ਸੱਜੇ ਖੱਬੇ ਗੇੜਨ ਲੱਗੀ- ‘ਚੰਗੇ ਭਲੇ ਮੌਜਾਂ ਕਰਦੇ ਸੀ ਕਾਲਜਾਂ ਵਿਚ, ਚਾਰ ਪੀਰੀਅਡ ਬੱਚਿਆਂ ਨਾਲ ਗੁਜ਼ਾਰ ਕੇ ਘਰ ਆ ਜਾਈਦਾ ਸੀ। ਨਾਲੇ ਸ਼ੁਗਲ, ਨਾਲੇ ਕਮਾਈ।’
‘ਕਿਤੇ ਸੱਚੀਂ ਹੀ ਹਨੇਰੇ ਵਿਚ ਨਾ ਖੁੱਭ ਜਾਈਏ ਕੈਨੇਡਾ ਵਿਚ ਆ ਕੇ!’ ਮੈਂ ਸੋਚਣ ਲੱਗਾ।
ਹੁਣ ਮੈਂ ਆਪਣਾ ਮੱਥਾ ਖਿੜਕੀ ਦੇ ਬਿਲਕੁਲ ਨੇੜੇ ਲਿਜਾ ਕੇ ਆਪਣੀਆਂ ਨਜ਼ਰਾਂ ਹੇਠਾਂ ਧਰਤੀ ਵੱਲ ਲਮਕਾਅ ਦਿੱਤੀਆਂ।
‘ਗਹੁ ਨਾਲ ਦੇਖ ਮੈਡਮ, ਅਹੁ ਦੇਖ ਹੇਠਾਂ ਧਰਤੀ ਉਪਰ ਟਿਮ-ਟਿਮਾਉਂਦੀਆਂ ਮੱਧਮ ਜਿਹੀਆਂ ਬੱਤੀਆਂæææ ਹਨੇਰੇ ਦੇ ਬਿਲਕੁਲ ਥੱਲੇ! ਹਨੇਰਾ ਸਦਾ ਨਹੀਂ ਰਹਿੰਦਾ ਮੈਡਮ!’
ਦਸਾਂ ਕੁ ਮਿੰਟਾਂ ਬਾਅਦ ਸੁਖਸਾਗਰ ਨੇ ਖਿੜਕੀ ਵਿਚਦੀ ਆਪਣੀਆਂ ਅੱਖਾਂ ਇਕ ਵਾਰ ਫੇਰ ਹਿਠਾਂਅ ਸੁੱਟ ਦਿੱਤੀਆਂ।
‘ਹਾਏ ਹਾਏ!’ ਉਸ ਦਾ ਮੂੰਹ ਸ਼ਿੰਗਾਰਦਾਨੀ ਵਾਂਙੂੰ ਖੁੱਲ੍ਹ ਗਿਆ- ‘ਆਹ ਦੇਖੋ ਹੇਠਾਂ!’
ਸੁਖਸਾਗਰ ਦੀ ਝੋਲੀ ਉਪਰ ਪਹਿਲਾਂ ਵਾਂਗ ਹੀ ਟੇਢਾ ਹੋ ਕੇ ਮੈਂ ਆਪਣੇ ਚਿਹਰੇ ਨੂੰ ਖਿੜਕੀ ਦੇ ਹਵਾਲੇ ਕਰ ਦਿੱਤਾ: ਥੱਲੇ ਜਿਥੋਂ ਤੀਕਰ ਮੇਰੀ ਨਜ਼ਰ ਗਈ, ਇਕ ਦੂਜੀ ਨੂੰ ਕੱਟਦੀਆਂ ਸੜਕਾਂ ਦੇ ਦੋਹੀਂ ਪਾਸੀਂ ਪਹਿਰੇਦਾਰਾਂ ਵਾਂਙ ਸਿੱਧੀਆਂ-ਸਤੋਰ ਖਲੋਤੀਆਂ ਖੰਭਿਆਂ ਦੀਆਂ ਅਮੁੱਕ ਕਤਾਰਾਂ। ਖੰਭਿਆਂ ਦੇ ਸਿਰਾਂ ਵਿਚੋਂ ਸੜਕਾਂ ਉਤੇ ਬਰਸ ਰਹੀ ਰੌਸ਼ਨੀ। ਸੜਕਾਂ ਉਪਰ ਏਨੀ ਤੇਜ਼ ਰਫ਼ਤਾਰ ਨਾਲ ਭੱਜਦੀਆਂ ਕਾਰਾਂ ਦੀਆਂ ਏਨੀਆਂ ਕਤਾਰਾਂ ਮੈਂ ਪਹਿਲੀ ਵਾਰ ਦੇਖ ਰਿਹਾ ਸਾਂ। ਹੈੱਡ-ਲਾਈਟਾਂ ਨਾਲ ਸੜਕਾਂ ਦੀਆਂ ਕੁਲੱਤਣ ਨੂੰ ਧੋਂਦੀਆਂ ਹੋਈਆਂ ਲੰਬੂਤਰੀਆਂ ਕਾਰਾਂ।
ਅਸਮਾਨ ਤੋਂ ਹੇਠਾਂ ਤੱਕਿਆਂ ਟੋਰਾਂਟੋ ਸ਼ਹਿਰ ਮੈਨੂੰ ਧਰਤੀ ਉਪਰ ਦੂਰ ਤੀਕਰ ਵਿਛਿਆ ਅਸਮਾਨ ਦਾ ਪੱਲਾ ਜਾਪਿਆ ਜਿਸ ਉਪਰ ਨਿੱਕਾ ਨਿੱਕਾ ਚੰਦ-ਤਾਰਿਆਂ ਦਾ ਭਰਵਾਂ ਛਿੱਟਾ ਦਿੱਤਾ ਹੋਇਆ ਸੀ। ਰੌਸ਼ਨੀਆਂ ਦਾ ਇਹ ਝੁਰਮਟ ਦੱਖਣ ਵਾਲੇ ਪਾਸੇ ਜਿਥੇ ਜਾ ਕੇ ਖਤਮ ਹੁੰਦਾ ਸੀ, ਉਸ ਤੋਂ ਅੱਗੇ ਗਹਿਰੇ ਹਨੇਰੇ ਦਾ ਕੰਬਲ ਸੀ, ਬਹੁਤ ਦੂਰ ਤੀਕਰ ਫੈਲਿਆ ਹੋਇਆ।
ਟੋਰਾਂਟੋ ਦੇ ਟਿਮ-ਟਿਮਾਉਂਦੇ ਸਿਰ ਉਪਰ ਦੀ ਗੇੜਾ ਕੱਢਣ ਤੋਂ ਬਾਅਦ ਹਵਾਈ ਜਹਾਜ਼ ਨੇ ਆਪਣੀ ਚੁੰਝ, ਸ਼ਹਿਰ ਦੀ ਪੱਛਮੀ ਬਾਹੀ ਵਿਚ ਵਿਛੇ ਏਅਰਪੋਰਟ ਵੱਲੀਂ ਮੋੜੀ। ਹਵਾਈ ਜਹਾਜ਼ਾਂ ਦੇ ਸਫਰ ਨਾਲ ਬਾਵਾਸਤਾ ਲੋਕ ਜਾਣਦੇ ਹਨ ਕਿ ਲੋਹੇ ਦੇ ਇਨ੍ਹਾਂ ਪੰਖੇਰੂਆਂ ਲਈ ਬਹੁਤੇ ਅਣਸੁਖਾਵੇਂ ਪਲ ਅਕਸਰ ਹੀ ਉਡਾਣ ਭਰਨ ਵੇਲੇ, ਤੇ ਜਾਂ ਫਿਰ ਰਨਵੇਅ ‘ਤੇ ਉਤਰਨ ਵੇਲੇ ਹੀ ਵਾਪਰਦੇ ਹਨ। ਇਸੇ ਲਈ ਬੱਦਲਾਂ ਤੋਂ ਉਪਰਲੇ ਪਾਸੇ ਹੋਣ ਲਈ ਜਹਾਜ਼ ਜਦ ਰਨਵੇਅ ਉਪਰ ਸਿਰਤੋੜ ਦੌੜਦਾ ਹੈ, ਜਾਂ ਉਤਰਨ ਵੇਲੇ ਆਪਣੇ ਪਿਛਲੇ ਚੱਕਿਆਂ ਦੀ ਛੋਹ ਨੂੰ ਰਨਵੇਅ ਦੀ ਲੁੱਕ ਨਾਲ ਘਸਾਉਣ ਦੀ ਤਿਅਰੀ ਕਰਦਾ ਹੈ, ਤਾਂ ਮੁਸਾਫ਼ਰਾਂ ਦੀਆਂ ਛਾਤੀਆਂ ਵਿਚ ਗੁੰਗਾ ਧੁੜਕੂ ਜਾਗ ਉਠਦਾ ਹੈ।

ਸਾਡੇ ਜਹਾਜ਼ ਦੇ ਪਿਛਲੇ ਪਹੀਏ ਆਖਰ ਹਲਕੇ ਜਿਹੇ ਝਟਕੇ ਨਾਲ ਰਨਵੇਅ ਨੂੰ ਨਤਮਸਤਕ ਹੋਏ ਅਤੇ ਕਈ ਕੁਇੰਟਲ ਵਜ਼ਨ ਨਾਲ ਲੱਦੇ ਜਹਾਜ਼ ਨੂੰ ਏਅਰਪੋਰਟ ਦੀ ਇਮਾਰਤ ਵੱਲ ਦੌੜਾਉਣ ਲੱਗੇ।
ਜਹਾਜ਼ ਦੇ ਰੁਕਦਿਆਂ ਹੀ ਹੈਂਡਬੈਗ ਸੰਭਾਲਦੇ ਮੁਸਾਫ਼ਰਾਂ ਦੀ ਭੀੜ ਜਹਾਜ਼ ਦੇ ਦਰਵਾਜ਼ਿਆਂ ਵੱਲ ਵਗਣ ਲੱਗੀ।
ਇੰਮੀਗਰੇਸ਼ਨ ਕਾਊਂਟਰ ਤੋਂ ਆਪਣੇ ਪਾਸਪੋਰਟਾਂ ਵਿਚ ‘ਲੈਂਡਡ’ ਹੋਣ ਦੀਆਂ ਮੋਹਰਾਂ ਲੁਆ ਕੇ ਅਸੀਂ ਆਪਣੇ ਸੂਟਕੇਸਾਂ ਨਾਲ ਲੱਦੀਆਂ ਟਰਾਲੀਆਂ ਨੂੰ ਵੱਡ-ਆਕਾਰੀ ਦਰਵਾਜ਼ੇ ਦੇ ਮੱਥੇ ਉਪਰ ਲਾਲ ਅੱਖਰਾਂ ਵਿਚ ਦਗਦੇ ‘ਐਗਜ਼ਿਟ’ (ਬਾਹਰ ਜਾਣ ਦਾ ਰਸਤਾ) ਦੇ ਨਿਸ਼ਾਨ ਵੱਲ ਧੱਕਣ ਲੱਗੇ। ਦਰਵਾਜ਼ਾ ਖੁੱਲ੍ਹਿਆ ਤਾਂ ਬਾਹਰ ਰਛਪਾਲ (ਲਿਖਾਰੀ ਦਾ ਭਰਾ) ਅਤੇ ਉਸ ਦੇ ਦੋਸਤਾਂ ਨੇ ਆਪਣੇ ਹੱਥਾਂ ਨੂੰ ਸਿਰਾਂ ਤੋਂ ਉਚੇ ਚੁੱਕ ਕੇ ਲਹਿਰਾਉਣਾ ਸ਼ੁਰੂ ਕਰ ਦਿੱਤਾ।

ਗੱਡੀਆਂ ਦੀਆਂ ਡਿੱਕੀਆਂ (ਟਰੰਕਾਂ) ਵਿਚ ਸਮਾਨ ਟਿਕਾਅ ਕੇ ਏਅਰਪੋਅਟ ਦੀ ਬੁੱਕਲ ਵਿਚੋਂ ਬਾਹਰ ਨਿਕਲੇ ਤਾਂ ਆਲੇ-ਦੁਆਲੇ ਦੀ ਹਰ ਚੀਜ਼ ਇਉਂ ਜਾਪੇ, ਜਿਵੇਂ ਹਵਾ ਭਰ ਕੇ ਫੁਲਾਈ ਹੋਈ ਹੋਵੇ! ਸੜਕਾਂ ਸੱਜੇ ਖੱਬੇ ਕਿਨਾਰਿਆਂ ਵੱਲ ਦੂਰ ਤੀਕਰ ਖਿੱਚੀਆਂ ਹੋਈਆਂ। ਹੋਟਲਾਂ ਦੀਆਂ ਇਮਾਰਤਾਂ ਦੇ ਸਿਰ ਬੱਦਲਾਂ ਵਿਚ ਘੁਸੇ ਹੋਏ। ਕਾਰਾਂ ਇਉਂ ਜਾਪਣ, ਜਿਵੇਂ ਭਾਰਤ ਵਿਚਲੀਆਂ ਅੰਬੈਸਡਰਾਂ ਨੂੰ ਵੱਡੇ ਵੱਡੇ ਜਮੂਰਾਂ ਨਾਲ ਅੱਗਿਓਂ ਪਿਛਿਓਂ ਖਿੱਚ ਕੇ ਵਧਾਇਆ ਹੋਵੇ, ਤੇ ਟਰੱਕ? ਜਿਵੇਂ ਸੁਧਾਰ ਬਾਜ਼ਾਰ ਦੀਆਂ ਪੰਜ ਪੰਜ, ਛੇ ਛੇ ਦੁਕਾਨਾਂ ਨੂੰ ਜੋੜ ਕੇ ਸੜਕ ਉਤੇ ਖਿੱਚਿਆ ਜਾ ਰਿਹਾ ਹੋਵੇ!
ਸ਼ੀਸ਼ੇ ਵਾਂਗ ਪੱਧਰੀਆਂ ਸੜਕਾਂ ਉਤੇ ਪੰਦਰਾਂ ਕੁ ਮਿੰਟ ਰੁੜ੍ਹਨ ਤੋਂ ਬਾਅਦ ਸਾਡੀਆਂ ਕਾਰਾਂ ਛੇ ਕੁ ਮੰਜ਼ਲਾਂ ਉਚੀ ਇਮਾਰਤ ਵੱਲ ਮੁੜੀਆਂ। ਮੇਰੀ ਸੁਰਤ ਵਿਚ ਰਛਪਾਲ ਵੱਲ ਲਿਖੀਆਂ ਦਰਜਨਾਂ ਚਿੱਠੀਆਂ ਦਾ ਸਿਰਨਾਵਾਂ ਬੋਲ ਉਠਿਆ: ਹਾਂ ਇਕਬਾਲ ਸਿਅ੍ਹਾਂ, ਮੈਂ ਹੀ ਆਂ 6-ਅਰਬਨਡੇਲ ਕੋਰਟ!

ਲਿਫ਼ਟ ਦਾ ਬੁਢੇਪਾ ਹੌਲੀ ਹੌਲੀ ਉਪਰ ਵੱਲ ਖਿਸਕਣ ਲੱਗਾ।
ਅਪਾਰਟਮੈਂਟ ਵਿਚ ਦਾਖਲ ਹੋਏ ਤਾਂ ਲਿਵਿੰਗ-ਰੂਮ ਵਿਚ ਮਧਰੇ ਕੱਦ ਦੇ ਕਾਫੀ ਟੇਬਲ ਉਪਰ ਖਲੋਤੀਆਂ ‘ਕੈਨੇਡੀਅਨ ਕਲੱਬ’ ਦੀਆਂ ਦੋ ਕੱਦਾਵਰ ਬੋਤਲਾਂ ਅਤੇ ਛੇ ਸੱਤ ਖਾਲੀ ਗਲਾਸ ਸਾਨੂੰ ਛੇ ਸੱਤ ਮਰਦਾਂ ਨੂੰ ਦੇਖਦਿਆਂ ਹੀ ਖਿੜ ਉਠੇ।
ਰਛਪਾਲ ਨੇ ਮਸਾਲੇ ਵਿਚ ਭੁੱਜੀ ‘ਕੁੜ-ਕੁੜ’ ਦਾ ਡੌਂਗਾ ਭਰ ਕੇ ਕੈਨੇਡੀਅਨ ਕਲੱਬ ਦੀਆਂ ਬੋਤਲਾਂ ਦੇ ਪੈਰਾਂ ਕੋਲ ਲਿਆ ਧਰਿਆ। ਸਾਡੇ ਚਚੇਰੇ ਭਰਾ ਰਣਜੀਤ ਗਿੱਲ ਨੇ ਬੋਤਲ ਵਿਚਲਾ ਸਰੂਰ ਗਲਾਸਾਂ ਵਿਚ ਉਤਾਰਿਆ ਤਾਂ ਕਲੱਬ ਸੋਢੇ ਦੀ ਬੋਤਲ ਦਾ ਢੱਕਣ ਰਛਪਾਲ ਦੀ ਮੁੱਠੀ ਵਿਚਕਾਰ ਕੜੱਕ ਕੜੱਕ ਗਿੜਨ ਲੱਗਾ।
ਪੰਦਰਾਂ ਵੀਹਾਂ ਮਿੰਟਾਂ ਵਿਚ ਹੀ ਬੋਤਲਾਂ ਦੇ ਗੁਆਂਢ ਵਿਚ ਪਈ ਥਾਲੀਨੁਮਾ ਪਲੇਟ ਉਪਰ ਹੱਡਾਰੋੜੀ ਉਭਰ ਆਈ।

ਅਗਲੀ ਸਵੇਰ ਸਵਖਤੇ ਹੀ ਲਿਵਿੰਗ-ਰੂਮ ਦੇ ਕਾਫ਼ੀ ਟੇਬਲ ਉਪਰ ਪਈਆਂ ਚਾਹ ਦੀਆਂ ਪਿਆਲੀਆਂ ਵਿਚ ਚਮਚਾ ਫੇਰ ਰਿਹਾ ਰਛਪਾਲ ਬੋਲਿਆ: ਨੀਂਦ ਆ’ਗੀ ਸੀ ਚੰਗੀ ਮੱਲਾ?
ਮੈਂ ਆਪਣੀ ਉਬਾਸੀ ਆਪਣੀ ਮੁੱਠੀ ਦੇ ਹਵਾਲੇ ਕਰਦਿਆਂ ਆਪਣਾ ਸਿਰ ਸੱਜੇ ਖੱਬੇ ਝਟਕਿਆ: ਰਾਤ ਤਾਂ ਜ਼ਿਆਦਾ ਈ ਮਸਤਾਨੇ ਕਰ’ਤਾ ਤੁਸੀਂ ਚੌੜ ਚੌੜ ਵਿਚ!
ਪਿਆਲੀਆਂ ਨੂੰ ਸਿੰਕ ਦੇ ਹਵਾਲੇ ਕਰ ਕੇ ਰਛਪਾਲ ਨੇ ਆਪਣੀਆਂ ਉਂਗਲਾਂ ਕਿਚਨ-ਕਾਊਂਟਰ ਉਪਰ ਖਲੋਤੇ ਲੰਚ ਬਾਕਸ ਵੱਲੀਂ ਵਧਾ ਦਿੱਤੀਆਂ।
‘ਮੈਂ ਤੇ ਰਣਜੀਤ ਨੇ ਤਾਂ ਨਿਕਲ ਜਾਣੈ ਬੱਸ ਦੋ ਕੁ ਮਿੰਟਾਂ ਵਿਚ।’ ਉਹ ਬੋਲਿਆ।
‘ਸੱਤ ਵਜੇ ਤੋਂ ਪਹਿਲਾਂ ਕਾਰਡ ਪੰਚ ਕਰਨਾ ਹੁੰਦੈ ਫੈਕਟਰੀ ਵਿਚæææ ਅਹੁ ਸਾਹਮਣੇ ਪਲਾਜ਼ਾ ਐæææ ਦਸ ਵਜੇ ਖੁੱਲ੍ਹ ਜਾਂਦੈ, ਤੁਸੀਂ ਦੋਵੇਂ ਜਣੇ ਘੁੰਮ ਆਇਓ ਓਥੇ।’
‘ਰਜਿੰਦਰ ਨੂੰ ਲੈ ਜਾਂ’ਗੇ ਨਾਲ!’ ਸੁਖਸਾਗਰ ਬੋਲੀ।
‘ਉਹ ਤੇ ਗੁਰਪਾਲ (ਰਣਜੀਤ ਦੀ ਪਤਨੀ) ਤਾਂ ਚਲੀਆਂ ਗਈਆਂ ਕੰਮ ‘ਤੇ ਅੱਧਾ ਘੰਟਾ ਪਹਿਲਾਂ।’ ਰਛਪਾਲ ਬੋਲਿਆ।

ਅਗਲੀਆਂ ਕਈ ਸ਼ਾਮਾਂ ਪਲਾਜ਼ਿਆਂ ਦੇ ਫਰਸ਼ਾਂ ਦੀ ਲਿਸ਼ਕ ਅਤੇ ਸਟੋਰਾਂ ਵਿਚ ਪਏ ਸਮਾਨ ਦੀ ਸੁਥਰਤਾ ਨਾਲ ਵਾਕਫ਼ੀਅਤ ਕਰਨ ਅਤੇ ਰਛਪਾਲ ਹੋਰਾਂ ਦੇ ਦੋਸਤਾਂ-ਸਨੇਹੀਆਂ ਦੇ ਘਰੀਂ ਕੱਚ ਕੇ ਗਲਾਸਾਂ ਅਤੇ ਪਲੇਟਾਂ ਚਮਚਿਆਂ ਨਾਲ ਗੁਫ਼ਤਗੂ ਕਰਨ ਵਿਚ ਗੁਜ਼ਰ ਗਏ।
ਇਕ ਦਿਨ ਰਛਪਾਲ ਕਹਿਣ ਲੱਗਾ: ਅਹੁ ਸਾਹਮਣੇ ਇੰਟਰ-ਸੈਕਸ਼ਨ (ਚੁਰਸਤਾ) ਐ, ਇਸਲਿੰਗਟਨ ਤੇ ਬਰਗਾਮੌਂਟ ਦਾ; ਉਥੇ ‘ਟੋਰਾਂਟੋ ਸਟਾਰ’ ਦਾ ਬਾਕਸ ਲੱਗਿਆ ਹੋਇਐ ਨੀਲੇ ਰੰਗ ਦਾ, ਉਦ੍ਹੇ ਵਿਚ ਝੀਤ ਜਿਹੀ ਬਣੀ ਹੋਈ ਐ, ਉਸ ਵਿਚ ਪੈਸੇ ਪਾ ਕੇ ਅਖਬਾਰ ਚੁੱਕ ਲਿਆਇਆ ਕਰ, ਤੇ ‘ਹੈਲਪ ਵਾਂਟਡ’ ਵਾਲੇ ਸਫ਼ੇ ‘ਤੇ ਨਜ਼ਰ ਮਾਰ ਲਿਆ ਕਰ।

‘ਟੋਰਾਂਟੋ ਸਟਾਰ’ ਹੁਣ ਹਰ ਸਵੇਰ ਸਾਡੇ ਡਾਈਨਿੰਗ ਟੇਬਲ ਉਪਰ ਵਿਛਿਆ ਹੁੰਦਾ। ਮੈਂ ਚਾਹ ਦੇ ਪਿਆਲੇ ਨੂੰ ਚੁਸਕਦਾ ਅਤੇ ਮੇਰੀ ਨਜ਼ਰ ਅਖਬਾਰ ਦੇ ਪਹਿਲੇ ਸੈਕਸ਼ਨ ਦੇ ਅੱਠ ਦਸ ਸਫ਼ਿਆਂ ਵਿਚ ਗਸ਼ਤ ਕਰਨ ਲਗਦੀ। ਇਨ੍ਹਾਂ ਵਿਚ ਕਿਧਰੇ ਕੈਨੇਡਾ ਦੇ ਅਤੇ ਸਾਡੇ ਸੂਬੇ ਆਂਟੇਰੀਓ ਦੇ ਸਿਆਸੀ ਲੀਡਰ ਸ਼ਬਦੋ-ਸ਼ਬਦੀ ਹੋ ਰਹੇ ਹੁੰਦੇ; ਕਿਧਰੇ ਪਿਛਲੀ ਰਾਤੀਂ ਸ਼ਰਾਬਖਾਨਿਆਂ ਵਿਚ ਬੀਅਰ ਦੀਆਂ ਬੋਤਲਾਂ ਨਾਲ ਜ਼ਖ਼ਮੀ ਹੋਏ ਮੱਥਿਆਂ ਦਾ ਖਰੂਦ ਲੜਖੜਾਉਂਦਾ ਅਤੇ ਕਿਧਰੇ ਸੜਕਾਂ ਉਪਰ ਗੱਡੀਆਂ ਦੀਆਂ ਟੱਕਰਾਂ ਦੇ ਵਿਰਲੇ ਵਿਰਲੇ ਖੜਾਕੇ ਸੁਣਦੇ।
ਫਿਰ ਮੈਂ ਅਗਲੇ ਸੈਕਸ਼ਨ ਵਿਚ ਅੱਖਾਂ ਖੁਭੋ ਦਿੰਦਾ: ਓਥੇ ਘਰਾਂ ਦੀਆਂ ਨਿੱਕੀਆਂ-ਵੱਡੀਆਂ ਤਸਵੀਰਾਂ ਦੇ ਬੰਦ ਦਰਵਾਜ਼ੇ ਖੁੱਲ੍ਹਣ ਲਗਦੇ। ਤਸਵੀਰਾਂ ਦੇ ਹੇਠਾਂ ਲਿਖਿਆਂ ਹੁੰਦਾ: ਐਨੇ ਬੈੱਡਰੂਮ; ਸਾਰੇ ਘਰ ਵਿਚ ਹਾਰਡਵੁਡ ਫਰਸ਼; ਐਨੇ ਵਾਸ਼ਰੂਮ, ਫਿਨਿਸ਼ਡ ਬੇਸਮੈਂਟ; ਖੁੱਲ੍ਹਾ-ਡੁੱਲ੍ਹਾ ਪਿਛਲਾ ਵਿਹੜਾ; ਬਸ ਸਟਾਪ ਤੇ ਸਕੂਲ ਦੇ ਲਾਗੇ!
ਤਸਵੀਰਾਂ ਵਾਲੇ ਘਰਾਂ ਦੇ ਬੈੱਡਰੂਮਾਂ ਵਿਚ ਝਾਤੀਆਂ ਮਾਰਦਾ ਮਾਰਦਾ ਮੈਂ ਪਿਛਲੇ ਵਿਹੜਿਆਂ ਵਿਚ ਮੂਲੀਆਂ, ਗਾਜਰਾਂ, ਟਮਾਟਰਾਂ ਅਤੇ ਧਨੀਏ ਦੀਆਂ ਕਿਆਰੀਆਂ ਦੇ ਸੁਪਨੇ ਬੀਜਣ ਲੱਗ ਜਾਂਦਾ।
ਫਿਰ ਮੇਰੀ ਨਜ਼ਰ ਇਨ੍ਹਾਂ ਘਰਾਂ ਤੋਂ ਥੱਲੇ ਮੋਟੇ ਅੱਖਰਾਂ ਵਿਚ ਲਿਖੀਆਂ ਇਨ੍ਹਾਂ ਦੀਆਂ ਕੀਮਤਾਂ ਉਪਰ ਉਤਰਦੀ, ਤਾਂ ਪੈਂਟ ਦੀ ਜੇਬ ਵਿਚ ਦੜਿਆ ਮੇਰਾ ਬਟੂਆ ਇਕ ਦਮ ਸੁੰਗੜ ਜਾਂਦਾ।
ਇਕ ਦਿਨ ਦੁਪਹਿਰੇ ਜਦੋਂ ਮੈਂ ‘ਟੋਰਾਂਟੋ ਸਟਾਰ’ ਦੇ ਕਾਲਮਾਂ ਵਿਚੋਂ ਚੁਗੇ ਫੋਨ ਨੰਬਰਾਂ ਨੂੰ ਕਾਗਜ਼ ਦੀ ਸ਼ੀਟ ਉਪਰ ਚਿਣ ਰਿਹਾ ਸਾਂ, ਤਾਂ ਫੋਨ ਦੀ ਘੰਟੀ ਹਰਕਤ ਵਿਚ ਆ ਗਈ।
‘ਕਿਵੇਂ ਐ ਮੱਲਾ?’ ਰਛਪਾਲ ਦੀ ਆਵਾਜ਼ ਗੁਟਕੀ।
‘ਟਰਾਂਟੋ ਸਟਾਰ ਪੜ੍ਹ ਰਿਹਾ।’
‘ਇਉਂ ਕਰੀਂ, ਅੱਜ ਫੋਨ ਕਰ’ਲੀਂ ਆਪਣੇ ਡਾਕਟਰ ਨੂੰæææ ਡਾਕਟਰ ਮੋਜ਼ਜ਼ ਹੈ ਉਹਦਾ ਨਾਮ, ਤੇ ਆਹ ਫੋਨ ਨੰਬਰ ਲਿਖ ਲਾ, ਉਹਦੇ ਦਫ਼ਤਰ ਦਾ: 746-????
‘ਕੀ ਗੱਲ ਹੋ ਗਈ? ਸੁੱਖ ਐ?’
‘ਅਪੋਐਂਟਮੈਂਟ ਬਣਾ’ਲੀਂ ਆਵਦੇ ਲਈ ਤੇ ਸੁਖਸਾਗਰ ਲਈ, ਉਹਦੇ ਨਾਲ ਕੱਲ੍ਹ ਜਾਂ ਪਰਸੋਂ ਦੀ ਸ਼ਾਮ ਨੂੰ ਸਾਢੇ ਪੰਜ ਤੋਂ ਬਾਅਦ ਦੀæææ।’
‘ਪਰ ਅਸੀਂ ਤਾਂ ਠੀਕ-ਠੀਕ ਆਂ।’
‘ਤੁਹਾਡੀ ਫ਼ਾਇਲ ਖੁਲ੍ਹਾਉਣੀ ਐਂ।’
‘ਫਾਇਲ?’
‘ਹਾਂ, ਏਥੇ ਹਰ ਬੰਦੇ ਨੂੰ ਆਪਣਾ ਪੱਕਾ ਫੈਮਿਲੀ ਡਾਕਟਰ ਬਣਾਉਣਾ ਪੈਂਦੈæææ ਡਾਕਟਰ ਤੁਹਾਡਾ ਸਾਰਾ ‘ਰੈਕਡ’ ਰਖਦੈæææ ਇੰਮੀਗਰੇਸ਼ਨ ਦਾæææ ਫੈਮਿਲੀ ਦਾæææ ਡਾਕਟਰ ਦੇ ਕਲਿਨਿਕ ਵਿਚ ਕੀਤੇ ਹਰ ਵਿਜ਼ਿਟ ਦਾæææ ਹਰ ਬਿਮਾਰੀ ਦਾ!’
ਰਛਪਾਲ ਵੱਲੋਂ ‘ਓæਕੇæ ਬਾਏ’ ਹੋਣ ਤੋਂ ਬਾਅਦ ਜਕੋ-ਤਕੀ ਕਰਦਿਆਂ ਮੈਂ ਆਪਣੀ ਪਹਿਲੀ ਉਂਗਲ ਫੋਨ ਡਾਇਲ ਦੀ ਗੋਲਾਈ ਵੱਲ ਸੇਧ ਦਿੱਤੀ।
‘ਮੋ’ਨਿੰਗ!’ ਅੱਗਿਓਂ ਮੁਲਾਇਮ ਜਿਹੀ ਆਵਾਜ਼ ਆਈ- ‘ਡਾਕਟਰ ਮੋਜ਼ਜ਼ ਆਫ਼ਿਸ, ਮਿ’ਐਲਪ ਯੋ?’
ਮੇਰੇ ਹੱਥ ਵਿਚ ਫੜਿਆ ਰਿਸੀਵਰ ਕੰਬਣ ਲੱਗਾ। ਕੀ ਕਹਿ’ਗੀ ਇਹ- ‘ਮਿ’ਐਲਪ ਯੋ, ਮਿ’ਐਲਪ ਯੋ?’ ਸੈਕਟਰੀ ਦੀ ਅੰਗਰੇਜ਼ੀ ਦੇ ਅੱਧੇ ਕੁ ਅਰਬ ਮੇਰੇ ਮੱਥੇ ਵਿਚ ਡਿਗਣ-ਉਠਣ, ਡਿਗਣ-ਉਠਣ ਕਰਨ ਲੱਗੇ। ਕੀ ਕਹਾਂ ਹੁਣ ਏਹਨੂੰ?
ਜੀ ਕੀਤਾ ਫੋਨ ਸੁਖਸਾਗਰ ਦੇ ਕੰਨ ਨਾਲ ਲਾ ਦਿਆਂ!
‘ਹੈਲੋਅਅ?’ ਮੇਰੇ ਵੱਲੋਂ ਲਮਕ ਰਹੀ ਚੁੱਪ ਨੂੰ ਸੁਣਦਿਆਂ, ਦੂਸਰੇ ਬੰਨਿਓਂ ਸੈਕਟਰੀ ਨੇ ਆਪਣੀ ਹੈਲੋ ਨੂੰ ਪੀਂਘ ਦੇ ਹੁਲਾਰੇ ਵਾਂਙੂੰ ਦੂਰ ਤੀਕ ਲਮਕਾ ਦਿੱਤਾ- ‘ਆਅ ਯੋ ਦੇਅਆ?’
‘ਯæææ ਯæææ ਯੈੱਸ!’
‘ਹੌ ਕਨਾ’ਈ ਐਲਪਯੋ, ਸਾਅ?’
‘ਕਨਾ’ਈ?’ ਮੈਂ ਆਪਣੇ ਆਪ ਨੂੰ ਪੁੱਛਣ ਲੱਗਾ- ‘ਇਹ ਕਨਾ’ਈ ਕੀ ਹੋਈ?’
ਏਸ ਗੱਲ ਦਾ ਇਲਮ ਮੈਨੂੰ ਬਹੁਤ ਦੇਰ ਬਾਅਦ ਹੋਇਆ ਕਿ ਤੁਹਾਡੇ ਵੱਲੋਂ ‘ਪਾਅਡਨ ਮੀ?’ ਕਹਿਣ ਨਾਲ ਤੁਹਾਡੇ ਨਾਲ ਗੱਲ ਕਰ ਰਹੇ ਬੰਦੇ ਨੂੰ ਇਸ਼ਾਰਾ ਮਿਲ ਜਾਂਦਾ ਹੈ ਕਿ ਉਸ ਦੀ ਗੱਲ ਤੁਹਾਡੇ ਪੂਰੀ ਤਰ੍ਹਾਂ ਪੱਲੇ ਨਹੀਂ ਪਈ।
‘ਮæææ ਮæææ ਮਾਈ ਨੇਮ ਇਜ਼ ਇæææ ਇæææ ਇਕਬਾਲ ਗਿੱਲ।’ ਮੈਂ ਆਪਣੇ ਬੁੱਲ੍ਹਾਂ ਦੀ ਕੰਬਣੀ ਨੂੰ ਸੰਭਾਲਦਿਆਂ ਬੋਲਿਆ।
‘ਯਾ, ਮਿਸਟਾਅ ਗਿੱਲ, ਹੌ ਕਨਾ’ਈ ਐਲਪ ਯੋ?’
‘ਆਈæææ ਆਈæææ ਡੌਂਟ ਅੰਡਰਸਟੈਂਡ ਯੂਅਰ ਕæææ ਕæææ ਕੁਇਸਸ਼ਨ?’ ਪਲੀਜ਼ ਟਾਕ ਸਲੋਅਲੀ।
‘ਆਅਈ ਐਅਮ ਸੇਅਇੰਗ, ਹਾਅਓæææ ਕੈਅਨæææ ਆਅਈæææ ਹੈਲਪ ਯੂ?’ ਸੈਕਟਰੀ ਆਪਣੇ ਵਾਕ ਦੀਆਂ ਗਨੇਰੀਆਂ ਕੱਟਣ ਲੱਗੀ। ‘ਲਾਈਕæææ ਵ੍ਹਟæææ ਕੈਅਨ ਆਅਅਈæææ ਡੂæææ ਫੋਅ ਯੂ?’
‘ਆਈæææ ਆਈæææ ਆਈ ਵਾਂਟ ਟੂæææ ਟੂ ਮੀਟæææ ਡਾਕਟਰ ਮੋਜ਼ਜ਼।’

‘ਯੂ ਨੋ’, ‘ਪਲੀਜ਼’ ਤੇ ‘ਆਈ ਮਿਨ’ ਵਰਗੇ ‘ਫਿਲਰ’ ਉਦੋਂ ਮੇਰੀ ਜ਼ੁਬਾਨ ‘ਤੇ ਹਾਲੇ ਅਸਵਾਰ ਨਹੀਂ ਸਨ ਹੋਏ, ਤੇ ਨਾ ਹੀ ‘ਪਾਅਡਨ’, ‘ਐਕਸਕਿਊਜ਼ ਮੀ’ ਅਤੇ ‘ਓ ਯਾਅਅਅ’ ਵਰਗੇ ਲਫ਼ਜ਼ਾਂ ਨੇ ਹਾਲੇ ਮੇਰੀ ਅੰਗਰੇਜ਼ੀ ਵਿਚ ਦਾਖ਼ਲਾ ਲਿਆ ਸੀ।
‘ਯੁਮਿਨ ਅਨ ਅਪੋਂਟਮੰਟ?’
‘ਯੈੱਸ, ਯੈੱਸ, ਅਪਔਂਇੰਟਮੈਂਟ!’
‘ਆਅ ਯੂ ਅਨ ਐਅਅਕਟਿਵ ਪੇਅਸ਼ੰਟ ਅਵ ਡਾਕਟਾਅ ਮੋਜ਼ਜ਼?’
‘ਐਕਟਿਵ? ਅæææ ਅæææ ਨੋæææ ਨੋæææ ਨੋਅæææ।’
‘ਸੋ ਯੂ ਆਅ ਅ ਨਿਊ ਪੇਅਸ਼ੰਟ?’
‘ਯæææ ਯੈæææ ਯੈੱਸ, ਨਿਊ।’
ਇਸ ਦਿਨ ਦੀ ਗੱਲਬਾਤ ਤੋਂ ਬਾਅਦ ਫੋਨ ਦੀ ਘੰਟੀ ਜਦੋਂ ਵੀ ਖੜਕਦੀ, ਮੇਰੇ ਮੱਥੇ ਵਿਚ ਦਸੰਬਰ ਜਨਵਰੀ ਦੀ ਠਾਰੀ ਉਤਰ ਆਉਂਦੀ। ਸੋਚਦਾ, ਕਿਤੇ ਕਿਸੇ ਗੋਰੇ/ਗੋਰੀ ਨਾਲ ਪੇਚਾ ਨਾ ਪੈ ਜਾਵੇ!
ਉਧਰ ਅਖਬਾਰ ਫਰੋਲਦਿਆਂ ਅਨੇਕਾਂ ਓਪਰੇ ਲਫ਼ਜ਼ ਮੇਰੀਆਂ ਅੱਖਾਂ ਨੂੰ ਡਿਕਸ਼ਨਰੀ ਵੱਲੀਂ ਝਾਕਣ ਲਾ ਦਿੰਦੇ।
ਥੋੜ੍ਹੇ ਦਿਨਾਂ ਬਾਅਦ ਅਖਬਾਰ ਖੋਲ੍ਹਣ ਸਾਰ ਮੈਂ ਖਬਰਾਂ ਤੇ ਘਰਾਂ ਦੀਆਂ ਤਸਵੀਰਾਂ ਵਾਲੇ ਸਫ਼ਿਆਂ ਉਪਰ ਦੀ ਛਾਲ ਮਾਰ ਕੇ ਸਿੱਧਾ ਤੀਸਰੇ ਸੈਕਸ਼ਨ ਵਿਚ ਉਤਰਨ ਲੱਗਾ। ਇਸ ਸੈਕਸ਼ਨ ਵਿਚੋਂ ‘ਹੈਲਪ ਵਾਂਟਡ’ ਦੀਆਂ ਪੰਜ ਪੰਜ ਦਸ ਦਸ ਸਤਰਾਂ ਦੇ ਇਸ਼ਤਿਹਾਰਾਂ ਦੀ ਭੀੜ ਮੇਰੇ ਮੱਥੇ ਵਿਚ ਜੁੜਨ ਲਗਦੀ। ਬਹੁਤੇ ਇਸ਼ਤਿਹਾਰਾਂ ਵਿਚ ‘ਜਨਰਲ ਲੇਬਰ’ ਦੀਆਂ ਢਾਣੀਆਂ ਮੈਨੂੰ ਆਪਣੇ ਨਾਲ ਰਲਣ ਲਈ ਇਸ਼ਾਰੇ ਕਰ ਰਹੀਆਂ ਹੁੰਦੀਆਂ। ਮੈਨੂੰ ਇੰਜ ਲਗਦਾ, ਜਿਵੇਂ ਉਹ ਕਹਿ ਰਹੀਆਂ ਹੋਣ: ਉਏ ਭਲੇਮਾਣਸਾ! ਆਪਣੀਆਂ ਡਿਗਰੀਆਂ ਸ਼ਿਗਰੀਆਂ ਨੂੰ ਹੈਂਗਰਾਂ ‘ਤੇ ਟੁੰਗ ਕੇ ਕਲਾਜ਼ਿਟ ਵਿਚ ਲਟਕਾ ਦੇ! ਦਸਵੀਂ ਜਮਾਤ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਰੱਖ ਆਪਣੀਆਂ ਜੇਬਾਂ ਵਿਚ ਤੇ ਸੇਫ਼ਟੀ ਬੂਟ ਤੇ ਸੇਫ਼ਟੀ ਐਨਕਾਂ ਖਰੀਦ ਕਿਸੇ ਵੱਡੇ ਸਟੋਰ ਵਿਚ ਜਾ ਕੇ।
ਕਈਆਂ ਇਸ਼ਤਿਹਾਰਾਂ ਵਿਚ ਫ਼ਰਨੀਚਰ ਫੈਕਟਰੀਆਂ ਲਈ ਤਜਰਬੇਕਾਰ ਵਰਕਰਾਂ ਦੀ ਲੋੜ ‘ਕੜਿਕ ਕੜਿਕ’ ਕਰਦੀ, ਜਾਂ ਫਿਰ ‘ਬਰਿੱਕ ਲੇਅਰਾਂ’ ਦੀ ਮੰਗ ਇੱਟਾਂ ਵਾਂਙ ਚਿਣੀ ਹੁੰਦੀ। ਇਸ਼ਤਿਹਾਰ ਮੈਨੂੰ ਪੁਛਦੇ, ਪੰਜ ਸਾਲ ਦਾ ਤਜਰਬਾ ਹੈ ਤੈਨੂੰ ‘ਬਰਿੱਕ ਲੇਅਇੰਗ’ ਦਾ?æææ ਵਿਰਲੇ ਵਿਰਲੇ ਇਸ਼ਹਿਤਾਰਾਂ ਵਿਚ ਲਿਖਿਆ ਹੁੰਦਾ!
ਇਕ ਦਿਨ ਵੱਡੀ ਸਾਰੀ ਡੱਬੀ ਵਿਚ ਮੋਟੇ ਮੋਟੇ ਅੱਖਰ: ਘਰਾਂ ਦੀ ਉਸਾਰੀ ਕਰਨ ਵਾਲੀ ਕੰਪਨੀ ਨੂੰ ‘ਡਰਾਈਵਾਲ ਇਨਸਟਾਲਰਾਂ’, ‘ਪਲੰਬਰਾਂ’ ਅਤੇ ‘ਅਲੈਕਟ੍ਰੀਸ਼ਨਾਂ’ ਦੀ ਸਖਤ ਜ਼ਰੂਰਤ: ਪੰਜ ਸਾਲਾਂ ਦਾ ਤਜਰਬਾ ਜ਼ਰੂਰੀ।’
‘ਇਹ ‘ਡਰਾਈਵਾਲ’ ਪਤਾ ਨੀ ਕੀ ਬਲਾਅ ਹੁੰਦੀ ਐ?’ ਮੈਂ ਸੋਚਣ ਲੱਗਾ।
‘ਮਿਗ ਵੈਲਡਰ! ਕੀ ਕਰਦੇ ਹੁੰਦੇ ਆ ਇਹ ਮਿਗ ਵੈਲਡਰ? ਆਹ ‘ਬਰਿੱਕ ਲੇਅਰ’ ਕਿਹੜੇ ਕਿੱਤੇ ਨੂੰ ਕਹਿੰਦੈ ਐ? ‘ਫਰੇਮਰ’, ‘ਰੂਫ਼ਰ’ ਤੇ ਅਪਹੋਲਸਟਰ! ਇਨ੍ਹਾਂ ਅਸਲੋਂ ਓਪਰੇ ਸ਼ਬਦਾਂ ਨੂੰ ਇਸ਼ਤਿਹਾਰਾਂ ਵਿਚ ਪੜ੍ਹਦਿਆਂ ਮੈਨੂੰ ਇੰਝ ਜਾਪਦਾ, ਜਿਵੇਂ ਅਖਬਾਰ ਮੈਨੂੰ ਕਿਸੇ ਓਪਰੀ ਭਾਸ਼ਾ ਵਿਚ ਗਾਲਾਂ ਕੱਢ ਰਿਹਾ ਹੋਵੇ।
ਫਿਰ ਕਿਸੇ ਨੇ ਰਛਪਾਲ ਦੇ ਕੰਨ ਵਿਚ ਫੂਕ ਮਾਰ ਦਿੱਤੀ: ਅਖੇ, ਏਥੇ ‘ਰੁਜ਼ਗਾਰ ਮਹਿਕਮੇ’ ਦੇ ਦਫ਼ਤਰ ਵਿਚ ਸਲਾਹਕਾਰ ਹੁੰਦੇ ਐ ਜਿਹੜੇ ਨਵੇਂ ਆਏ ਇੰਮੀਗਰੰਟਾਂ ਨੂੰ ਕੋਰਸਾਂ ਦੀ ਜਾਣਕਾਰੀ ਦਿੰਦੇ ਐ!

ਰੁਜ਼ਗਾਰ ਦਫ਼ਤਰ ਵਿਚ ਸਾਡੀਆਂ ਡਿਗਰੀਆਂ ਨੂੰ ਆਪਣੀਆਂ ਉਂਗਲਾਂ ਦੀ ਗੁਲਾਬੀਅਤ ਵਿਚ ਪਕੜ ਕੇ ਗਹੁ ਨਾਲ ਪੜ੍ਹ ਰਹੀ ਗੋਰੀ ਨੇ ਆਪਣੀ ਠੋਡੀ ਨੂੰ ਕਈ ਵਾਰ ਆਪਣੀ ਘੰਡੀ ਵੱਲ ਖਿੱਚਿਆ।
ਸੁਖਸਾਗਰ ਮੇਰੇ ਵੱਲੀਂ ਦੇਖ ਕੇ ਮੁਸਕਰਾਈ।
ਡਿਗਰੀਆਂ ਦੇ ਹਰਫ਼ਾਂ ਅਤੇ ਨੰਬਰਾਂ ਨੂੰ ਹੇਠੋਂ ਉਪਰੋਂ ਫਰੋਲਣ ਤੋਂ ਬਾਅਦ, ਗੋਰੀ ਕੁੜੀ ਨੇ ਡਿਗਰੀਆਂ ਨੂੰ ਸਾਡੇ ਹੱਥਾਂ ਵੱਲ ਵਧਾ ਦਿੱਤਾ।
‘ਬਹੁਤ ਵਧੀਆ ਵਿਦਿਅਕ ਯੋਗਤਾ ਹੈ ਤੁਹਾਡੀ।’ ਉਹ ਆਪਣੇ ਭਰਵੱਟਿਆਂ ਨੂੰ ਆਪਣੇ ਭੂਰੇ ਵਾਲਾਂ ਵੱਲ ਖਿਚਦਿਆਂ ਬੋਲੀ- ‘ਨਾਨ-ਇੰਗਲਿਸ਼ ਦੇਸ਼ ਵਿਚ ਰਹਿ ਕੇ ਬਿਦੇਸ਼ੀ ਭਾਸ਼ਾ ਸਿੱਖਣਾ ਬੜਾ ਚੁਣੌਤੀਆਂ ਭਰਿਆ ਕਾਰਜ ਹੁੰਦਾ ਐ!’
ਮੇਰੇ ਬੁੱਲ੍ਹਾਂ ਵਿਚ ਹੋਣ ਲੱਗੀ ਝਰਨ ਝਰਨ ਕੰਨਾਂ ਵੱਲ ਵਧਣ ਲੱਗੀ।
‘ਓæਕੇæ’ ਗੋਰੀ ਕੁੜੀ ਨੇ ਆਪਣੀਆਂ ਨਜ਼ਰਾਂ ਵਾਰੀ ਵਾਰੀ ਮੇਰੇ ਤੇ ਸਾਗਰ ਵੱਲੀਂ ਘੁੰਮਾਈਆਂ। ਮੈਂ ਹੁਣ ਇਹ ਜਾਣਨਾ ਚਾਹਾਂਗੀ ਕਿ ਵ੍ਹਟ ਐਗਜ਼ੈਅਕਟਲੀ ਯੂ ਹੈਵ ਇਨ ਯੋਅ ਮਾਈਂਡ!’
‘ਮਾਈ ਵਾਈਫ਼ ਐਂਡ ਮੀæææ ‘ਵੂਈ’ ਹੈਵ ਗੁਡ ਐਜੂਕੇਸ਼ਨ ਫਰੌਮ ਇੰਡੀਆæææ ਵਰ ਲੈਕਚਰਰਜ਼ ਇਨ ਇੰਡੀਆ, ਸੋ ‘ਵੂਈ’ ਵਾਂਟæææ ਸਮ ਗੁਡ ‘ਜੌਬ’æææ ਨੌਟ ਲੇਬਰ ‘ਜੌਬ’ ਇਨ ਫੈਕਟਰੀ।’
ਗੋਰੀ ਦਾ ਸਿਰ ਸੱਜੇ ਖੱਬੇ ਹਿੱਲਣ ਲਗਾ।
ਮੇਰੀ ਛਾਤੀ ਅੰਦਰਲੇ ਖੱਬੇ ਹਿੱਸੇ ਵਿਚ ਠੁੱਡੇ ਜਿਹੇ ਵੱਜਣ ਲੱਗੇ।
‘ਪਰ ਕੈਨੇਡਾ ਵਿਚæææ ਸਿਸਟਮ ਕੁਝ ਵੱਖਰਾ ਹੈæææ ਮੇਰਾ ਮਤਲਬ ਆæææ ਜਾਬ ਲੈਣ ਲਈ ਕੋਈ ਹੁਨਰ ਹੋਣਾ ਲਾਜ਼ਮੀ ਹੈæææ ਕਈ ਆਪਸ਼ਨਜ਼ ਨੇ ਤੁਹਾਡੇ ਲਈæææ ਨੰਬਰ ਇਕ: ਤੁਹਾਡਾ ਪਿਛੋਕੜ ਇੰਗਲਿਸ਼ ਟੀਚਿੰਗ ਦਾ ਹੈ, ਪਰæææ ਏਥੇ ਸਕੂਲਾਂ ਵਿਚ ਟੀਚਰ ਬਣਨ ਲਈ ਤੁਹਾਨੂੰ ਬੀæਐਡæ ਦੀ ਡਿਗਰੀ ਹਾਸਲ ਕਰਨੀ ਪਵੇਗੀæææ ਤੇ ਇਕ ਗੱਲ ਮਾਈਂਡ ਵਿਚ ਰੱਖਣੀ ਜ਼ਰੂਰੀ ਐ ਕਿ ਨਾਨ-ਇੰਗਲਿਸ਼ ਮੁਲਕਾਂ ਵਿਚੋਂ ਆਏ ਅਵਾਸੀਆਂ ਦਾæææ ਅੰਗਰੇਜ਼ੀ ਦਾ ਉਚਾਰਨਅਅææ ਯੂ ਨੋਅ! ਇਸ ਲਈ ਟੀਚਿੰਗ ਲਾਈਨ ਵਿਚ ਕਾਮਯਾਬ ਹੋਣ ਲਈ ਉਚਾਰਨ ਸੁਧਾਰਨਾ ਬਹੁਤ ਬਹੁਤ ਜ਼ਰੂਰੀ ਹੋਵੇਗਾæææ ਨੰਬਰ ਦੋ: ਅਗਰ ਸਾਇੰਸ ਦਾ ਪਿਛੋਕੜ ਹੁੰਦਾ, ਤਾਂ ਹੋਰ ਬਥੇਰੇ ਰਸਤੇ ਸਨæææ ਜੇ ਤੁਹਾਡੀ ਵਿਦਿਅਕ ਯੋਗਤਾ ਸਿਰਫ਼ ਹਾਈ ਸਕੂਲ ਹੀ ਹੁੰਦੀ, ਤਾਂ ਕਾਫ਼ੀ ਸਾਰੇ ‘ਟਰੇਡਜ਼ ਵੱਲ ਵੀ ਜਾਇਆ ਜਾ ਸਕਦਾ ਸੀæææ ਪਲੰਮਿੰਗ ਤੇ ਵੈਲਡਿੰਗ ਵਗੈਰਾ ਦੀ ਟ੍ਰੇਨਿੰਗ ਵੀ ਲਈ ਜਾ ਸਕਦੀ ਸੀæææ ਪਰ ਇਹ ਸਭ ਕੁਝ ਤੁਹਾਨੂੰ ‘ਕਮਿਊਨਿਟੀ ਕਾਲਜ’ ਵਿਚ ਹੀ ਸਿੱਖਣਾ ਪੈਣਾ ਹੈ, ਤੇ ਕਮਿਊਨਿਟੀ ਕਾਲਜ ਦੀਆਂ ਫੀਸਾਂæææ ਯੂ ਨੋ ਵ੍ਹਟ ਆਈ ਮੀਨæææ।’
ਰੁਜ਼ਗਾਰ ਦਫਤਰ ਵਿਚੋਂ ਨਿਕਲ ਕੇ ਅਸੀਂ ਸੜਕ ਉਪਰ ਆਏ। ਮੈਂ ਇਕ ਦਮ ਰੁਕਿਆ, ਖੱਬੇ ਹੱਥ ਛਾਤੀ ਉਪਰਲੀ ਜੇਬ ਨੂੰ ਤੇ ਫਿਰ ਪੈਂਟਾਂ ਦੀਆਂ ਪਾਕਟਾਂ ਟਟੋਲਣ ਲੱਗਾ।
‘ਕੀ ਲਭਦੇ ਓਂ?’ ਸੁਖਸਾਗਰ ਬੋਲੀ।
ਮੈਂ ਸਾਗਰ ਨੂੰ ਕਿਹਾ, ‘ਮੈਨੂੰ ਲਗਦੈ, ਜਿਵੇਂ ਰੁਜ਼ਗਾਰ ਦਫ਼ਤਰ ਵਿਚ ਆਪਾਂ ਕੁਛ ਭੁੱਲ ਆਏ ਹੋਈਏ!’
ਸੁਖਸਾਗਰ ਵਾਰੀ ਵਾਰੀ ਆਪਣੇ ਪਰਸ ਵੱਲੀਂ ਤੇ ਹੱਥ ਵਿਚ ਫੜੇ ਲਫ਼ਾਫ਼ੇ ਵੱਲੀਂ ਦੇਖਣ ਲੱਗੀ।
‘ਆਪਾਂ ਆਹ ਡਿਗਰੀਆਂ ਈ ਲਿਆਏ ਸੀ ਘਰੋਂ, ਤੇ ਇਹ ਹੈਗੀਆਂ ਨੇ ਐਸ ਲਫ਼ਾਫ਼ੇ ਵਿਚ!’
‘ਡਿਗਰੀਆਂ!’ ਮੈਂ ਬੁੜਬੁੜਾਇਆ’- ਹਾਂ, ਹਾਂ ! ਸ਼ਾਇਦ ਡਿਗਰੀਆਂ!’
ਮੈਨੂੰ ਜਾਪਿਆ ਡਿਗਰੀਆਂ ਉਪਰਲੇ ਅੱਖਰ ਤੇ ਨੰਬਰ ਤਾਂ ਗੋਰੀ ਕੁੜੀ ਦੇ ਡੈਸਕ ਉਪਰ ਹੀ ਝੜ ਗਏ ਸਨ!

ਬੱਸ ਵਿਚ ਬੈਠਿਆਂ, 6 ਅਰਬਨਡੇਲ ਕੋਰਟ ਦਾ ਵੀਹ ਕੁ ਮਿੰਟ ਦਾ ਸਫ਼ਰ ਮੈਨੂੰ ਬਹੁਤ ਲਮਕ ਗਿਆ ਜਾਪਿਆ। ਖਿੜਕੀ ਤੋਂ ਬਾਹਰ ਦੌੜਦੀਆਂ ਕਾਰਾਂ, ਦਰਖਤਾਂ ਦੀ ਉਦਾਸੀ ਤੋਂ ਗਿਰ ਰਹੇ ਪੱਤਿਆਂ ਨੂੰ ਆਪਣੀ ਹਵਾ ਨਾਲ ਘੜੀਸਦੀਆਂ ਹੋਈਆਂ ਕਾਰਾਂ!
‘ਹਰੇ ਕਚੂਰ ਪੱਤੇ ਜਦੋਂ ਆਪਣੇ ਦਰਖਤ ਨਾਲੋਂ ਟੁੱਟ ਕੇ ਧਰਤੀ ਉਪਰ ਡਿੱਗ ਪੈਂਦੇ ਹਨ, ਤਾਂ ਉਨ੍ਹਾਂ ਵਿਚ ਜਾਨ ਨਹੀਂ ਰਹਿੰਦੀ।’ ਮੈਂ ਸੋਚਣ ਲੱਗਾ- ‘ਸੁੱਕ ਜਾਂਦੇ ਨੇ ਇਹ, ਹਲਕੀ ਜਿਹੀ ਹਵਾ ਹੀ ਉਡਾ ਕੇ ਲੈ ਜਾਂਦੀ ਹੈ ਦਰਖ਼ਤ ਤੋਂ ਟੁੱਟੇ ਪੱਤਿਆਂ ਨੂੰ! ਤੇਜ਼ ਰਫ਼ਤਾਰ ਕਾਰਾਂ ਇਨ੍ਹਾਂ ਨੂੰ ਮਿੱਧ ਸੁੱਟਦੀਆਂ ਨੇ, ਫਿਰ ਹੌਲੀ ਹੌਲੀ ਇਹ ਮਿੱਟੀ ਬਣ ਜਾਂਦੇ ਨੇ।’
ਮੇਰੀਆਂ ਸੋਚਾਂ ਵਿਚ ਸਾਡੀਆਂ ਡਿਗਰੀਆਂ ਘੁੰਮ ਰਹੀਆਂ ਸਨ: ਅਪਣੀਆਂ ਜੜ੍ਹਾਂ ਤੋਂ ਬਹੁਤ ਦੂਰ ਆ ਡਿੱਗੀਆਂ ਡਿਗਰੀਆਂ! ਪਤਝਤ ਦੇ ਝੰਬੇ ਦਰਖ਼ਤਾਂ ਵਾਂਗ ਰੁੰਡ-ਮਰੁੰਡ ਜਿਨ੍ਹਾਂ ਉਪਰਲੇ ਹਰਫ਼ ਪਤਝੜ ਦੇ ਪੱਤਿਆਂ ਵਾਂਗ ਕਿਰ ਗਏ ਸਨ, ਤੇ ਹਵਾ ਨਾਲ ਧਰਤੀ ਉਤੇ ਇਧਰ ਉਧਰ ਘੜੀਸੇ ਜਾ ਰਹੇ ਸਨ, ਝੜੇ ਹੋਏ ਪੱਤਿਆਂ ਦੇ ਨਾਲ ਨਾਲ !
ਸੁਖਸਾਗਰ ਮੇਰੇ ਖੱਬੇ ਹੱਥ ਅੱਖਾਂ ਮੀਟੀ ਬੈਠੀ ਸੀ, ਸ਼ਾਇਦ ਰੁਜ਼ਗਾਰ ਦਫ਼ਤਰ ਵਿਚ ਟੱਕਰੀ ਗੁੰਗੀ ਪਤਝੜ ਨਾਲ ਬਹਿਸ ਰਹੀ ਹੋਵੇ !