ਡੋਗਰ ਪਰਿਵਾਰ ਮੂਲ ਵਿਚ ਅੰਮ੍ਰਿਤਸਰ ਨੇੜਲੇ ਪਿੰਡ ਵੱਲਾ ਵੇਰਕਾ ਤੋਂ ਹੈ ਤੇ ਅੱਜ ਕਲ ਸਿਆਲਕੋਟ ਦੇ ਇਕ ਪਿੰਡ ਵਿਚ ਆਬਾਦ ਹੈ। ਮੁਸਤਫਾ ਡੋਗਰ ਹੁਣ ਇੰਗਲੈਂਡ ਦੇ ਮਾਨਚੈਸਟਰ ਸ਼ਹਿਰ ਦਾ ਵਾਸੀ ਹੈ ਤੇ ਤਵਾਰੀਖ ਵਿਚ ਉਸ ਦੀ ਡੂੰਘੀ ਦਿਲਚਸਪੀ ਹੈ। ਹਾਲਾਂਕਿ ਉਸ ਦਾ ਕਿੱਤਾ ਫਾਈਨੈਂਸ ਨਾਲ ਸਬੰਧਤ ਹੈ ਅਤੇ ਉਸ ਨੇ ਰਸਮੀ ਤੌਰ ‘ਤੇ ਇਤਿਹਾਸ ਦੀ ਕੋਈ ਵੀ ਡਿਗਰੀ ਆਦਿ ਵੀ ਨਹੀਂ ਕੀਤੀ। ਉਂਜ ਉਸ ਦੀ ਪੰਜਾਬੀ ਸਭਿਆਚਾਰ ਉਤੇ ਬੜੀ ਪੀਡੀ ਪਕੜ ਹੈ, ਦੂਜੇ ਲਫਜ਼ਾਂ ਵਿਚ
ਉਹ ਪੰਜਾਬ ਦੇ ਜ਼ੱਰੇ ਜ਼ੱਰੇ ਤੋਂ ਵਾਕਿਫ ਹੈ। ਪਿਛਲੇ ਲੇਖ ਵਿਚ ਉਸ ਨੇ ਅਣਵੰਡੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਲੋਕਾਂ ਦੀਆਂ ਜਾਤਾਂ-ਗੋਤਾਂ ਦਾ ਵੇਰਵਾ ਬੜੇ ਦਿਲਚਸਪ ਅੰਦਾਜ਼ ਵਿਚ ਆਖ ਸੁਣਾਇਆ ਸੀ। ਹਥਲੇ ਲੇਖ ਵਿਚ ਜਨਾਬ ਡੋਗਰ ਨੇ ਪੰਜਾਬ ਦੇ ਪਿੰਡਾਂ-ਸ਼ਹਿਰਾਂ ਦੇ ਨਾਂਵਾਂ ਦਾ ਪਿਛੋਕੜ ਤਲਾਸ਼ਣ ਦਾ ਯਤਨ ਕੀਤਾ ਹੈ। -ਸੰਪਾਦਕ
ਗੁਲਾਮ ਮੁਸਤਫਾ ਡੋਗਰ
ਅਨੁਵਾਦ: ਅਹਿਸਾਨ ਬਾਜਵਾ
ਪੰਜਾਬ ਦੇ ਹਜਾਰਾਂ ਪਿੰਡ-ਸ਼ਹਿਰ ਅਜਿਹੇ ਨੇ ਜਿਨ੍ਹਾਂ ਦੇ ਨਾਂ ਨਾਲ ਵਾਲਾ, ਵਾਲੇ, ਜਾਂ ਵਾਲ ਲਗਦਾ ਹੈ ਜਿਵੇਂ ਗੁਜਰਾਂਵਾਲਾ, ਬੁਰੇਵਾਲਾ, ਸਾਹੀਵਾਲ, ਨਾਰੋਵਾਲ, ਜਫਰਵਾਲ, ਚੂਚਕਵਾਲ, ਅੰਬਾਲਾ, ਪਟਿਆਲਾ, ਹਰੂਵਾਲ, ਹਰਚੋਵਾਲ, ਨਾਰੰਗਵਾਲ।
ਇਥੇ ਵਾਲਾ, ਵਾਲ, ਵਾਲੀ, ਵਾਲੇ ਥਾਂ ਹੈ ਭਾਵ ਆਮ ਨਾਉਂ ਤੇ ਫਿਰ ਉਸ ਦੇ ਨਾਲ ਖਾਸ ਨਾਉਂ (ਪਰਾਪਰ ਨਾਊਨ) ਲੱਗਾ ਹੈ ਕਿ ਕਿਹੜਾ ਵਾਲਾ ਜਾਂ ਵਾਲੀ। ਸੋ, ਤਰਤੀਬਵਾਰ ਖਾਸ ਨਾਉਂ ਹਨ-ਗੁੱਜਰ, ਬੂਰੇ, ਸਾਹੀ, ਜਫਰ, ਨਾਰੋ, ਚੂਚਕ, (ਮਾਂ) ਅੰਬਾ, ਪੱਟਾ, ਹਰੂ, ਹਰਚੋ, ਜਫਰ, ਚੂਚਕ, ਨਾਰੰਗ ਆਦਿ।
ਸਾਡੇ ਖਿਆਲ ਮੁਤਾਬਕ ਇਸ ḔਵਾਲਾḔ ਲਫਜ਼ ਦੀ ਜੜ੍ਹ ਫਾਰਸੀ ਲਫਜ਼ ḔਦਾਰḔ ਵਿਚ ਹੈ, ਜਿਵੇਂ ਖੁਸ਼ਬੂਦਾਰ, ਮਜੇਦਾਰ, ਹਵਾਦਾਰ, ਰੰਗਦਾਰ, ਸਰਦਾਰ। ਹਾਲਾਂਕਿ ਪੰਜਾਬ ਵਿਚ ਅਨੇਕਾਂ ਅਲਫਾਜ਼ ਮੂਲ ਫਾਰਸੀ ਦੇ ਹੀ ਵਰਤੇ ਜਾਂਦੇ ਹਨ ਪਰ ਪੰਜਾਬੀ ਲਹਿਜੇ ਵਿਚ ਜਦੋਂ ਅਸੀਂ ਨਾਂ ਰਖਦੇ ਹਾਂ ਤਾਂ ਵਾਲਾ, ਵਾਲੀ, ਵਾਲ, ਵਾਲੇ ਲਾ ਲੈਂਨੇ ਆਂ। (ਮਜੇਵਾਲਾ, ਖੁਸ਼ਬੂ ਵਾਲਾ, ਹਵਾ ਵਾਲਾ, ਰੰਗਾਂ ਵਾਲਾ) ਜਿਥੇ ਲੋਧੀ ਆਏ ਤਾਂ ਸ਼ਹਿਰ ਬਣ ਗਿਆ ਲੋਧੀਆਣਾ, ਲੋਧੀ ਵਾਲਾ ਜਾਂ ਲੁਧਿਆਣਾ। ਭੱਟੀਆਂ ਦਾ ਇਲਾਕਾ ਕਹਾਉਂਦਾ ਸੀ, ਭਟਿਆਣਾ ਤੇ ਫਿਰ ਸ਼ਹਿਰ ਬਣਿਆ ਭੱਟੀਆਂ ਵਾਲਾ ਜਾਂ ਸਿੱਧਾ ਹੀ ਭਟਿੰਡਾ ਜਾਂ ਬਟਿੰਡਾ (ਬਠਿੰਡਾ)।
ਕੁਝ ਹੋਰ ਨਾਂਵਾਂ ਦੀ ਵੀ ਜੜ੍ਹ ਫੋਲ ਲਈਏ।
ਅਟਾਰੀ: ਸਾਡਾ ਖਿਆਲ ਹੈ ਕਿ ਹਿੰਦੁਸਤਾਨ-ਪਾਕਿਸਤਾਨ ਵਿਚ ਅਟਾਰੀ ਨਾਂ ਦੇ ਜੋ ਪਿੰਡ, ਥਾਂਵਾਂ ਆਉਂਦੀਆਂ ਹਨ, ਉਹਦਾ ਕਾਰਨ ਇਹ ਹੈ ਕਿ ਕਿਸੇ ਵੇਲੇ ਉਥੇ ਕੋਈ ਉਚੀ ਇਮਾਰਤ ਹੋਵੇਗੀ, ਜਿਸ ‘ਤੇ ਚੁਬਾਰਾ ਰਿਹਾ ਹੋਵੇਗਾ। ਸੋ, ਅਮੀਰ ਚੁਬਾਰਾ ਹੀ ਅਟਾਰੀ ਕਹਾਉਂਦਾ ਸੀ। ਅਟਾਰੀ ਨਾਂ ਦੇ ਵੀ ਅਨੇਕਾਂ ਪਿੰਡ ਹਨ ਪੰਜਾਬ ਵਿਚ। ਇਥੋਂ ਤਕ ਕਿ ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕੁਝ ਪਿੰਡ ਅਟਾਰੀ ਨਾਂ ਦੇ ਹਨ ਪਰ ਉਥੇ ਉਨ੍ਹਾਂ ਨੂੰ ਅਟਰੀਆ ਕਿਹਾ ਜਾਂਦਾ ਹੈ।
ਮਾੜੀ: ਕਿਸੇ ਅਮੀਰ ਬੰਦੇ ਦੇ ਮਹਿਲ ਨੁਮਾ ਮਕਾਨ ਨੂੰ ਮਾੜੀ ਕਿਹਾ ਜਾਂਦਾ ਸੀ। ਅਜਿਹੀ ਰਿਹਾਇਸ਼ ‘ਤੇ ਬਾਅਦ ਵਿਚ ਜੋ ਪਿੰਡ ਬਣਿਆ, ਉਹ ਮਾੜੀ ਕਹਾਇਆ। ਮਾੜੀ ਮੇਘਾ, ਮਾੜੀ ਪੰਨੂਆਂ। ਸੋ, ਇਥੇ ਮਾੜੀ ਨਾਉਂ ਹੈ ਤੇ ਮੇਘਾ ਜਾਂ ਪਨੂੰਆਂ ਖਾਸ ਨਾਉਂ ਹੈ। ਪਰ ਕਿਤੇ ਕਿਤੇ ਕਿਸੇ ਮਸ਼ਹੂਰ ਬੰਦੇ ਦੀ ਸਮਾਧ ਜਾਂ ਮੜ੍ਹੀ ਨੇੜੇ ਜੋ ਪਿੰਡ ਬੱਝਾ, ਉਹ ਮੜੀ ਕਹਾਇਆ ਜਿਵੇਂ ਸ਼ਹਿਰ ਜੰਮੂ ਲਾਗੇ ਮੜੀ ਕਸਬਾ ਹੈ। ਸੋ, ਮਾੜੀ ਤੇ ਮੜੀ ਵਖਰੇ ਵਖਰੇ ਹਨ।
ਢੋਲ, ਢੋਲਾ ਜਾਂ ਢੋਲਨ: ਪੰਜਾਬੀ ਵਿਚ ਮਾਹੀ, ਪ੍ਰੇਮੀ ਜਾਂ ਮਹਿਬੂਬ ਨੂੰ ਢੋਲਾ ਕਿਹਾ ਜਾਂਦਾ ਸੀ। (ਢੋਲ ਯਾਨਿ ਸਾਡੀ ਗਲੀ ਆਈ ਤੇਰੀ ਮਿਹਰਬਾਨੀ) ਇਹੋ ਕਾਰਨ ਹੈ, ਪੰਜਾਬ ਵਿਚ ਅਨੇਕਾਂ ਪਿੰਡਾਂ ਦੇ ਨਾਂਵਾਂ ਨਾਲ ਢੋਲਾ ਲਗਦਾ ਹੈ। ਜਿਵੇਂ ਅੰਮ੍ਰਿਤਸਰ ਜਿਲ੍ਹੇ ਦਾ ਪਿੰਡ ਗੋਲਾ ਢੋਲਾ। ਢੋਲਣ ਨਾਰੋਵਾਲ।
ਬੱਸੀ: ਇਸ ਲਫਜ਼ ਦਾ ਸਰੋਤ ਬਸਤੀ ਹੈ। ਬਸਤੀ ਲਫਜ਼ ਦਾ ਮੂਲ ਬਸਤ ਹੈ। ਬਸਤ ਲਫਜ਼ ਫਾਰਸੀ ਮੂਲ ਦਾ ਹੈ ਜਿਹਦਾ ਮਤਲਬ ਹੈ, ਆਬਾਦ ਹੋਣਾ। ਅੰਗਰੇਜ਼ੀ ਦਾ ਲਫਜ਼ ਹੈ, ਕਾਲੋਨੀ। ਬੱਸੀ ਸਿਕੰਦਰ ਖਾਂ, ਬੱਸੀ ਡੋਗਰਾਂ, ਬੱਸੀ ਗੋਜਰਾਂ, ਬੱਸੀ ਪਠਾਣਾਂ। ਇਥੇ ਬੱਸੀ ਆਮ ਨਾਉਂ ਹੈ ਤੇ ਬਾਕੀ ਖਾਸ ਨਾਉਂ ਹਨ। ਬਸਤ ਲਫਜ਼ ਫਾਰਸੀ ਦਾ ਹੈ ਜਿਹਦਾ ਮਤਲਬ Ḕਆਬਾਦ ਹੋਣਾḔ ਹੈ ਪਰ ਹਕੂਮਤ ਤਹਿਤ।
ਢਿੱਲਮ/ਢਿੱਲਵਾਂ/ਕਾਹਲਵਾਂ: ਇਸ ਨਾਂ ਦੇ ਪਿੰਡ ਜੱਟਾਂ ਦੀਆਂ ਗੋਤਾਂ ਤੋਂ ਹਨ। ਗੁਜਰਾਂਵਾਲੇ ਨਾਲ ਦਾ ਪਿੰਡ ਢਿੱਲਮ ਤੇ ਕਪੂਰਥਲੇ ਦਾ ਮਸ਼ਹੂਰ ਪਿੰਡ ਢਿੱਲਵਾਂ। ਸੋ, ਢਿੱਲੋਂ ਤੋਂ ਢਿੱਲਵਾਂ ਤੇ ਕਾਹਲੋਂ ਤੋਂ ਕਾਹਲਵਾਂ। ਇਸੇ ਤਰ੍ਹਾਂ ਜੱਟਾਂ ਤੇ ਖੱਤਰੀਆਂ ਦੀਆਂ ਕਈ ਹੋਰ ਗੋਤਾਂ ‘ਤੇ ਵੀ ਪਿੰਡ ਸ਼ਹਿਰ ਆਬਾਦ ਹਨ ਜਿਵੇਂ ਲੁਧਿਆਣੇ ਦਾ ਖੰਨਾ, ਗੁਰਦਾਸਪੁਰ ਦਾ ਧਵਾਣ ਦਮੋਦਰ, ਜਲੰਧਰ ਦਾ ਸਰ੍ਹੀ ਸਰੀਨ ਗੋਤ ਤੋਂ, ਫਰੀਦਕੋਟ ਦਾ ਚੋਪੜਾ, ਜਲੰਧਰ ਦਾ ਰੰਧਾਵਾ ਮਸੰਦਾਂ। ਇਹ ਜਰੂਰੀ ਨਹੀਂ ਕਿ ਢਿੱਲਵਾਂ ਪਿੰਡ ਵਿਚ ਢਿੱਲੋਂ ਗੋਤ ਦੇ ਜੱਟ ਵਸਦੇ ਹੋਣ। ਤਵਾਰੀਖ ਵਿਚ ਅਕਸਰ ਹੁੰਦਾ ਵੇਖੀਦਾ ਹੈ ਕਿ ਲੋਕਾਂ ਕੋਲੋਂ ਮਾਮਲਾ ਨਾ ਦਿੱਤਾ ਗਿਆ ਤਾਂ ਪਿੰਡ ਛੱਡ ਕੇ ਦੌੜ ਗਏ ਜਾਂ ਕੋਈ ਦੁਸ਼ਮਣੀ ਆਦਿ ਕਰਕੇ ਪਿੰਡ ਛੱਡਣਾ ਪੈ ਗਿਆ। ਪਰ ਉਥੇ ਆਬਾਦੀ ਕਾਇਮ ਰਹਿੰਦੀ ਸੀ ਤੇ ਹੋਰ ਲੋਕ ਆ ਵਸਦੇ ਸਨ। ਬਾਕੀ ਦੀਆਂ ਬਰਾਦਰੀਆਂ ਅਮੂਮਨ ਉਥੇ ਹੀ ਆਬਾਦ ਰਹਿੰਦੀਆਂ ਸਨ, ਪਿੰਡ ਬਚਿਆ ਰਹਿੰਦਾ ਸੀ ਤੇ ਕੋਈ ਹੋਰ ਕਾਸ਼ਤਕਾਰ ਆ ਵਸਦੇ ਸਨ। ਪਿੰਡ ਦਾ ਨਾਂ ਪਹਿਲਾਂ ਵਾਲਾ ਹੀ ਰਹਿੰਦਾ ਸੀ।
ਹਿਸਾਰ: ਇਹ ਤੁਰਕੀ ਜ਼ਬਾਨ ਦਾ ਲਫਜ਼ ਹੈ ਜਿਹਦਾ ਮਤਲਬ ਹੈ, ਘੇਰਾ ਜਾਂ ਵਲਗਣ ਜਾਂ ਕਿਲਾ। ਭਾਰਤੀ ਹਰਿਆਣੇ ਵਾਲੇ ਹਿਸਾਰ ਤੋਂ ਇਲਾਵਾ ਪਾਕਿਸਤਾਨ ਦੇ ਪਖਤੂਨਵਾ ਵਿਚ ਵੀ ਹਿਸਾਰ ਨਾਂ ਦੇ ਕਸਬੇ ਆਉਂਦੇ ਹਨ, ਜਿਵੇਂ ਕਿਲਾ ਬਾਲਾ (ਉਚਾ) ਹਿਸਾਰ, ਕਿਲਾ ਹਿਸਾਰ ਜੀਰੀ (ਨੀਵਾਂ)।
ਥੇਹ ਤੇ ਥੇੜ੍ਹੀ: ਉਚੇ ਥੇਹ ‘ਤੇ ਆਬਾਦ ਹੋਣ ਵਾਲੇ ਪਿੰਡਾਂ ਦੇ ਨਾਂਵਾਂ ਦੇ ਨਾਲ ਵੀ ਥੇਹ ਆਉਂਦਾ ਹੈ। ਥੇਹ ਜਾਂ ਉਚੀ ਥਾਂ ‘ਤੇ ਪਿੰਡ ਨੂੰ ਇਸ ਕਰਕੇ ਆਬਾਦ ਕੀਤਾ ਜਾਂਦਾ ਸੀ ਕਿ ਹੜ੍ਹਾਂ ਤੋਂ ਬਚਿਆ ਰਹੇ। ਜੇ ਥੇਹ ‘ਤੇ ਛੋਟਾ ਪਿੰਡ ਆਬਾਦ ਹੋਇਆ ਜਾਂ ਥੇਹ ਛੋਟਾ ਜਿਹਾ ਸੀ ਤਾਂ ਪਿੰਡ ਦੇ ਨਾਂ ਨਾਲ ਥੇੜ੍ਹੀ ਲਗਦਾ। ਥੇਹ ਦਾ ਨਿਮਾਣਾ ਭਾਵ ਡਿਮਿਨਿਉਟਿਵ ਨਾਊਨ (ਜਿਵੇਂ ਪਿੰਡ ਅਤੇ ਪਿੰਡੀ ਜਾਂ ਪੰਡੋਰੀ)। ਪਸਰੂਰ ਲਾਗੇ ਮੇਰੇ ਪਿੰਡ ਦੇ ਕੋਲ ਹੀ ਪਿੰਡ ਹੈ, ਥੇਹ ਪੰਨਵਾਂ ਜਿਥੋਂ ਦੇ ਗਿੱਲ ਜੱਟ ਅੱਜ ਕਲ ਸੁਣੀਂਦਾ ਹੈ, ਦਸੂਹਾ ਮੁਕੇਰੀਆਂ ਜਾ ਕੇ ਆਬਾਦ ਹਨ। ਗੁਜਰਾਂਵਾਲਾ ਲਾਗਲੇ ਪਿੰਡ ਹਨ-ਥੇੜ੍ਹੀ ਸਾਂਸੀਆਂ ਤੇ ਥੇੜ੍ਹੀ ਗਿੱਲਾਂ। ਬੁੱਢਾ ਥੇਹ, ਅੰਮ੍ਰਿਤਸਰ।
ਕਈ ਪਿੰਡਾਂ ਦੇ ਨਾਂ ਰਾਹ ਤੋਂ ਵੀ ਰੱਖੇ ਗਏ। ਜੇ ਦੋ ਮੁਖ ਰਾਹਾਂ ‘ਤੇ ਹੋਵੇ ਤਾਂ ਦੋਰਾਹਾ (ਲੁਧਿਆਣਾ ਜਿਲ੍ਹਾ), ਸਤਰਾਹ (ਸਿਆਲਕੋਟ) ਜਿਥੇ ਸੱਤ ਵੱਖ ਵੱਖ ਸ਼ਹਿਰਾਂ ਦੇ ਰਾਹ ਇਕ ਦੂਸਰੇ ਨੂੰ ਮਿਲਦੇ ਹਨ: ਗੁਜਰਾਂਵਾਲਾ, ਡਸਕਾ, ਸਿਆਲਕੋਟ, ਪਸਰੂਰ, ਨਾਰੋਵਾਲ, ਸੌੜੀਆਂ (ਅਜਨਾਲੇ ਲਾਗੇ ਲਗਭਗ ਖਤਮ ਹੋ ਚੁਕਾ ਸ਼ਹਿਰ), ਨਾਰੰਗ ਮੰਡੀ (ਲਾਹੌਰ ਵਲ) ਸਤਰਾਹ ਸੰਧੂ ਜੱਟਾਂ ਦਾ ਕੇਂਦਰ ਸੀ, ਇਨ੍ਹਾਂ ਦੇ ਵਡੇਰੇ ਕਾਲਾ ਪੀਰ ਦੀ ਜਗ੍ਹਾ ਵੀ ਇਥੇ ਹੀ ਬਣੀ ਹੋਈ ਹੈ।
ਸੁਹਾਵਾ: ਜਿਵੇਂ ਰੰਗਾਂ ਦੇ ਨਾਂ ‘ਤੇ ਲੋਕਾਂ ਦੇ ਨਾਂ ਆਮ ਸਨ, ਕੁਦਰਤੀ ਹੈ ਕਿ ਪਿੰਡਾਂ ਦੇ ਨਾਂ ਵੀ ਰੰਗਾਂ ਦੇ ਨਾਂ ਹੇਠ ਆ ਜਾਣਗੇ। ਸੂਹਾ ਰੰਗ ਮਤਲਬ ਗੂੜ੍ਹਾ ਲਾਲ ਸੁਰਖ। ਸੋ ਫਿਰ ਸੂਹੇ ਵਾਲਾ ਜਿਹੜਾ ਪਿੰਡ ਬਣਿਆ ਉਹਦਾ ਨਾਂ ਹੋ ਗਿਆ, ਸੁਹਾਵਾ। ਸੁਹਾਵਾ, ਅੰਮ੍ਰਿਤਸਰ। ਸੁਹਾਵੀਆਂ ਸਰੰਗੀਆਂ ਨੇੜੇ ਪਸਰੂਰ, ਸਿਆਲਕੋਟ। ਹੈਰਾਨੀ ਦੀ ਗੱਲ ਇਹ ਹੈ ਕਿ ਸੁਹਾਵੇ ਨਾਂ ਦੇ ਪਿੰਡ ਸ਼ਹਿਰ ਨਿਰਾ ਪੰਜਾਬ ਹੀ ਨਹੀਂ, ਪੂਰੇ ਉਤਰੀ ਭਾਰਤ ਵਿਚ ਮਿਲਦੇ ਹਨ। ਕਾਲੇ ਤੋਂ ਬਹੁਤ ਪਿੰਡ ਹਨ। ਕਾਲਾ (ਅਫਗਾਨਾ) ਗੁਰਦਾਸਪੁਰ ਦਾ ਮਸ਼ਹੂਰ ਪਿੰਡ ਹੈ। ਬੂਰੇ ਰੰਗ ਵਾਲੇ ਬੰਦੇ ਜਾਂ ਜਨਾਨੀਆਂ ਦੇ ਨਾਂ ‘ਤੇ ਬੱਝੇ ਪਿੰਡ ਹਨ-ਕੱਕੀ, ਕੱਕੇ, ਕੱਕੇਕੇ। ਇਸ ਨਾਂ ਦੇ ਅਨੇਕਾਂ ਪਿੰਡ ਨੇ।
ਚਵਿੰਡਾ: ਇਸ ਨਾਂ ਦੇ ਵੀ ਕਈ ਪਿੰਡ ਤੇ ਸ਼ਹਿਰ ਦੋਹਾਂ ਪੰਜਾਬਾਂ ਵਿਚ ਮਿਲਦੇ ਹਨ। ਵਜ੍ਹਾ ਹੈ ਕਿ ਪੁਰਾਣੇ ਜਮਾਨੇ ਵਿਚ ਹਿੰਦੂ ਲੋਕ ਚਮੁੰਡਾ ਜਾਂ ਚਵਿੰਡਾ ਨਾਂ ਦੀ ਦੇਵੀ ਦੀ ਪੂਜਾ ਕਰਦੇ ਸਨ। ਇਸ ਦੇਵੀ ਦੇ ਜਿਥੇ ਜਿਥੇ ਮਸ਼ਹੂਰ ਮੰਦਿਰ ਬਣ ਗਏ ਤੇ ਉਸ ਉਪਰੰਤ ਜੋ ਬਸਤੀ ਬਣੀ, ਉਹ ਚਵਿੰਡਾ ਹੀ ਕਹਾਈ। ਚਵਿੰਡਾ, ਸਿਆਲਕੋਟ; ਚਵਿੰਡਾ, ਲਾਹੌਰ; ਚਵਿੰਡਾ ਦੇਵੀ, ਅੰਮ੍ਰਿਤਸਰ; ਚਵਿੰਡਾ ਖੇਮਕਰਨ, ਅੰਮ੍ਰਿਤਸਰ; ਚਵਿੰਡਾ ਖੁਰਦ ਤੇ ਕਲਾਂ, ਅਜਨਾਲੇ ਲਾਗੇ, ਅੰਮ੍ਰਿਤਸਰ ਅਤੇ ਚਵਿੰਡਾ, ਜਲੰਧਰ।
ਬੰਨ: ਇਹ ਫਾਰਸੀ ਲਫਜ਼ ਬੰਦ ਤੋਂ ਨਿਕਲਿਆ ਹੈ ਜਿਹਦਾ ਮਤਲਬ ਹੈ, ਰੁਕਾਵਟ। ਖੇਤਾਂ ਦੀ ਹੱਦਬੰਦੀ ਵਾਲਾ ਬੰਨਾ ਵੀ ਇਸ ਤੋਂ ਬਣਿਆ। ਘਰਾਂ ਦੀ ਬੰਨੀ ਤੇ ਬਨੇਰਾ ਵੀ ਇਸੇ ਤੋਂ ਹੀ ਨਿਕਲਦੇ ਹਨ। ਤਹਿਸੀਲ ਪਸਰੂਰ ਵਿਚ ਇਕ ਪਿੰਡ ਹੈ, ਬੰਨ ਬਾਜਵਾ। ਮੰਨਿਆ ਜਾਂਦਾ ਹੈ ਕਿ ਬਾਜਵਾ ਜੱਟਾਂ ਦਾ ਇਹ ਪੱਛਮ ਵਲ ਆਖਰੀ ਪਿੰਡ ਹੈ। ਸਿਆਲਕੋਟ ਇਲਾਕੇ ਵਿਚ ਬਾਜਵਿਆਂ ਦੇ ਕਰੀਬ ਸੌ ਪਿੰਡ ਹਨ। ਇਹ ਆਖਰੀ ਪਿੰਡ ਹੋਣ ਕਰਕੇ ਬੰਨ ਕਹਾਇਆ।
ਅੱਟਕ: ਜਿਵੇਂ ਆਪਾਂ ਜਾਣਦੇ ਹਾਂ ਕਿ ਹਿੰਦੁਸਤਾਨ ‘ਤੇ ਬਹੁਤੇ ਹਮਲੇ ਪੱਛਮ ਵਲੋਂ ਹੀ ਹੋਏ ਹਨ। ਹਮਲਾਵਰ ਜਦੋਂ ਇਸ ਉਪ ਮਹਾਂਦੀਪ ਵਿਚ ਦਾਖਲ ਹੁੰਦਾ ਸੀ ਤਾਂ ਉਸ ਵਾਸਤੇ ਪਹਿਲੀ ਰੁਕਾਵਟ ਪੈਂਦੀ ਸੀ, ਦਰਿਆ ਸਿੰਧ। ਇਹੋ ਕਾਰਨ ਹੈ ਇਸ ਇਲਾਕੇ ਵਿਚ ਦਰਿਆ ਸਿੰਧ ਦਾ ਨਾਂ ਅਟਕ ਪੈ ਗਿਆ। ਅੱਟਕ ਮਤਲਬ ਰੁਕਾਵਟ। ਇਸ ‘ਤੇ ਫਿਰ ਜੋ ਸ਼ਹਿਰ ਆਬਾਦ ਹੋਇਆ, ਉਹ ਵੀ ਅੱਟਕ ਨਾਮ ਨਾਲ ਹੀ ਮਸ਼ਹੂਰ ਹੋਇਆ।
ਕੱਸੀਆਂ: ਪਿਛੇ ਜਿਹੇ ਮੈਨੂੰ ਚੜ੍ਹਦੇ ਪੰਜਾਬ ਤੋਂ ਇਕ ਸਿੱਖ ਦਾ ਫੋਨ ਆਇਆ ਕਿ ਸਾਡੇ ਪਿੰਡ ਦਾ ਨਾਂ ਕੱਸੀਆਂ ਹੈ, ਇਹਦਾ ਕੀ ਮਤਲਬ ਹੋਇਆ? ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਕਿਉਂਕਿ ਕੱਸੀਆਂ ਲਫਜ਼ ਤਾਂ ਪੋਠੋਹਾਰ ਇਲਾਕੇ ਦਾ ਹੈ। ਉਥੇ ਛੱਪੜੀ ਨੂੰ ਕੱਸੀ ਆਖਦੇ ਨੇ। ਉਧਰ ਪਿੰਡਾਂ ਦੇ ਨਾਂ ਵੀ ਕੱਸੀਆਂ ‘ਤੇ ਹਨ। ਜਿਵੇਂ ਕੱਸੀਆਂ ਖੈਬਰ ਪਖਤੂਨਵਾ, ਕੱਸੀਆਂ ਐਬਟਾਬਾਦ, ਕੱਸੀਆਂ ਮੁਜੱਫਰਾਬਾਦ। ਸੋ, ਮੈਂ ਉਸ ਸਿੱਖ ਭਰਾ ਨੂੰ ਕਿਹਾ, ਭਾਈ ਤੁਹਾਡਾ ਪਿੰਡ ਕਿਸੇ ਪੋਠੋਹਾਰੀ ਬੰਦੇ ਨੇ ਆਬਾਦ ਕੀਤਾ ਸੀ।
ਮਾਜਰਾ: ਜਮੀਨ ਕਾਸ਼ਤ ਕਰਨ ਦੇ ਦੋ ਤਰੀਕੇ ਸਨ-ਖੁਦ ਕਾਸ਼ਤ ਤੇ ਮਜਰੂਹਾ ਕਾਸ਼ਤ। ਜਿਥੇ ਮਜਾਰੇ ਕਾਸ਼ਤ ਕਰਦੇ ਸਨ, ਉਹ ਮਜਰੂਹਾ ਕਹਾਉਂਦੀ ਸੀ। ਸੋ, ਮਜਰੂਹਾ ਤੋਂ ਵਿਗੜ ਕੇ ਬਣ ਗਿਆ, ਮਾਜਰਾ। ਜਿਥੇ ਜਮੀਨਾਂ ਦੇ ਮਾਲਕ ਖਤਰੀ ਸਨ, ਜੋ ਇਕ ਵਪਾਰੀ ਕੌਮ ਹੁੰਦੀ ਸੀ। ਉਹ ਅਮੂਮਨ ਮਜਾਰਿਆਂ ਰਾਹੀਂ ਖੇਤੀ ਕਰਵਾਉਂਦੇ ਸਨ। ਮਜਾਰੇ ਅਮੂਮਨ ਪੈਲੀਆਂ ਵਿਚ ਹੀ ਛੰਨਾਂ ਜਾਂ ਘਰ ਬਣਾ ਲੈਂਦੇ ਸਨ। ਵਕਤ ਪਾ ਕੇ ਪਿੰਡ ਬੱਝ ਜਾਂਦਾ ਸੀ ਤੇ ਕਈ ਕਾਰਨਾਂ ਕਰਕੇ ਉਹੋ ਮੁਜਾਰੇ ਹੀ ਫਿਰ ਮਾਲਕ ਵੀ ਬਣ ਜਾਂਦੇ ਸਨ। ਸੋ, ਮਜਾਰਿਆਂ ਦਾ ਡੇਰਾ ਜੋ ਬਾਅਦ ਵਿਚ ਪਿੰਡ ਦੀ ਸ਼ਕਲ ਅਖਤਿਆਰ ਕਰ ਗਿਆ, ਉਹ ਮਾਜਰਾ ਕਹਾਇਆ। ਇਸ ਨਾਂ ‘ਤੇ ਪੂਰੇ ਪਾਕਿਸਤਾਨ ਤੇ ਉਤਰੀ ਭਾਰਤ ਵਿਚ ਕਈ ਪਿੰਡ ਤੇ ਸ਼ਹਿਰ ਹਨ। ਇਸ ਦੀ ਮਿਸਾਲ ਦੇਣ ਦੀ ਸ਼ਾਇਦ ਜਰੂਰਤ ਹੀ ਨਹੀਂ। ਬੰਗਾ, ਜਿਲ੍ਹਾ ਜਲੰਧਰ (ਅੱਜ ਕਲ ਨਵਾਂ ਸ਼ਹਿਰ) ਲਾਗੇ ਪਿੰਡ ਪੈਂਦੇ ਹਨ ਜਿਨ੍ਹਾਂ ਦੇ ਨਾਂ ਅਜੇ ਵੀ ਸਾਫ ਤੌਰ ‘ਤੇ ਮਜਾਰਿਆਂ ਵਾਲੇ ਹਨ-ਭਰੋ ਮਜਾਰਾ, ਲਾਲੋ ਮਜਾਰਾ, ਟੁੱਟੋ ਮਜਾਰਾ। ਇਸਤੇ ਤਰ੍ਹਾਂ ਹਨ-ਮਜਾਰਾ ਮੁਹਾਲੀ, ਮਜਾਰਾ ਅਨੰਦਪੁਰ ਲਾਗੇ, ਮਨੀ ਮਾਜਰਾ।
ਠੱਠਾ ਪੰਜਾਬੀ ਲਫਜ਼ ਠੱਠ ਤੋਂ ਨਿਕਲਿਆ ਹੈ, ਜਿਹਦਾ ਮਤਲਬ ਕਿਸੇ ਜਗ੍ਹਾ ਲੋਕਾਂ ਦਾ ਹਜੂਮ ਜਾਂ ਇਕੱਠ। ਜੇ ਕਿਤੇ ਕਿਸੇ ਕਾਰਨ ਲੋਕ ਅਕਸਮਾਤ ਹੀ ਕਿਤੇ ਆ ਬਹਿਣ ਤਾਂ ਉਸ ਆਬਾਦੀ ਨੂੰ ਠੱਠਾ ਜਾਂ ਠੱਟਾ ਕਹਿ ਦਿੱਤਾ ਜਾਂਦਾ ਸੀ। ਇਹੋ ਕਾਰਨ ਹੈ ਕਿ ਪੰਜਾਬ ਵਿਚ ਅਨੇਕਾਂ ਪਿੰਡ ਇਸ ਨਾਂ ਤੋਂ ਹੈਨ, ਜਿਵੇਂ ਪਿੰਡ ਤੋਂ ਪੰਡੋਰੀ ਤੇ ਕੋਟ ਤੋਂ ਕੋਟਲੀ। ਇਸੇ ਤਰ੍ਹਾਂ ਠੱਠੇ ਤੋਂ ਠੱਠੀ ਬਣ ਜਾਂਦੀ ਹੈ। ਹਿੰਦੂ ਧਰਮ ਦੇ ਜਾਤ ਵੰਡ ਅਸੂਲ ਮੁਤਾਬਕ ਅਛੂਤ ਲੋਕਾਂ ਨੂੰ ਪਿੰਡਾਂ ਵਿਚ ਨਹੀਂ ਸੀ ਰਹਿਣ ਦਿੱਤਾ ਜਾਂਦਾ, ਇਸ ਕਰਕੇ ਉਨ੍ਹਾਂ ਦੀ ਪਿੰਡੋਂ ਬਾਹਰ ਜੋ ਆਬਾਦੀ ਹੁੰਦੀ ਸੀ, ਉਹਨੂੰ ਅਮੂਮਨ ਠੱਠੀ ਕਹਿ ਦਿੱਤਾ ਜਾਂਦਾ ਸੀ।
ਕਿਸੇ ਘਟਨਾ ਜਾਂ ਵਾਕਿਆ ਦੇ ਨਾਂ ‘ਤੇ ਆਬਾਦ ਹੋਏ ਪਿੰਡ: ਮਿਸਾਲ ਦੇ ਤੌਰ ‘ਤੇ ਪਿੰਡ ਹੈ, ਦਾਤੀ ਵਾਲਾ ਖੂਹ ਜਿਸ ਬਾਬਤ ਕਹਾਣੀ ਮਸ਼ਹੂਰ ਹੈ ਕਿ ਇਕ ਜੱਟ ਨੇ ਦਾਤਰੀ ਖਰੀਦਣ ਵਾਸਤੇ ਬਾਣੀਏ ਕੋਲੋ ਕਰਜਾ ਲਿਆ ਪਰ ਮੋੜ ਨਾ ਸਕਿਆ। ਵਿਆਜ ‘ਤੇ ਵਿਆਜ ਪੈਂਦਾ ਰਿਹਾ ਅਤੇ ਅਖੀਰ ਖੂਹ ਸਮੇਤ ਜਮੀਨ ਕੁਰਕ ਹੋ ਗਈ। ਖੂਹ ‘ਤੇ ਆਬਾਦੀ ਸੀ, ਜਿਸ ਦਾ ਨਾਂ ਫਿਰ ਦਾਤੀ ਵਾਲਾ ਖੂਹ ਮਸ਼ਹੂਰ ਹੋ ਗਿਆ, ਜੋ ਵਕਤ ਪਾ ਕੇ ਪਿੰਡ ਦਾ ਰੂਪ ਧਾਰਨ ਕਰ ਗਈ।
ਬਾਹਰਲੇ ਮੁਲਕਾਂ ਦੇ ਸ਼ਹਿਰਾਂ ਦੇ ਨਾਂਵਾਂ ‘ਤੇ ਪਿੰਡ-ਸ਼ਹਿਰ: ਭਾਰਤੀ ਉਪ ਮਹਾਂਦੀਪ ਦੀ ਬਹੁਤ ਜਮੀਨ ਬੇਆਬਾਦ ਸੀ ਜਿਸ ਕਰਕੇ ਬਾਹਰੋਂ ਲੋਕ ਆ ਆ ਕੇ ਇਥੇ ਵੱਸੇ। ਪਹਿਲਾਂ ਪਹਿਲ ਇਥੇ ਆਰੀਆ ਲੋਕ ਆਏ। ਫਿਰ ਪਹਾੜ ਤੇ ਪੱਛਮ ਤੋਂ ਤਾਂ ਲਗਾਤਾਰ ਇਥੇ ਹਿਜਰਤ ਹੁੰਦੀ ਹੀ ਰਹੀ। ਕਿਤੇ ਕਿਤੇ ਤਾਂ ਲੋਕਾਂ ਨੇ ਆਪਣੇ ਪਿਛਲੇ ਸ਼ਹਿਰ ਇਲਾਕੇ ਦੇ ਨਾਂ ‘ਤੇ ਹੀ ਪਿੰਡ ਵਸਾ ਦਿਤੇ। ਕੁਝ ਇਕ ਮਿਸਾਲਾਂ ਹਨ:
ਕਾਲਾ ਖਤਾਈ: ਕਾਰਾ ਤੁਰਕੀ ਜ਼ਬਾਨ ਦਾ ਲਫਜ਼ ਹੈ, ਕਾਰਾ ਜਿਸ ਤੋਂ ਵਿਗੜ ਕੇ ਬਣ ਗਿਆ, ਕਾਲਾ। ਲਾਹੌਰ ਤੋਂ ਨਾਰੋਵਾਲ ਨੂੰ ਜਾਓ ਤਾਂ ਪਹਿਲਾ ਸਟੇਸ਼ਨ ਹੈ, ਸ੍ਰੀ ਰਾਮ ਚੰਦ ਤੇ ਅਗਲਾ ਸਟੇਸ਼ਨ ਹੈ, ਕਾਲਾ ਖਤਾਈ। ਸ਼ਾਇਦ ਹੀ ਪਾਠਕਾਂ ਨੂੰ ਅਹਿਸਾਸ ਹੋਵੇਗਾ ਕਿ ਕਾਲਾ ਖਤਾਈ ਦੇ ਨਾਂ ‘ਤੇ ਕਿਸੇ ਵੇਲੇ ਉਤਰ ਪੱਛਮ ਵਿਚ ਇਕ ਬਹੁਤ ਵੱਡੀ ਸਲਤਨਤ ਹੁੰਦੀ ਸੀ, ਐਡੀ ਵੱਡੀ ਕਿ ਅੱਜ ਦੇ 5-6 ਵੱਡੇ ਮੁਲਕ ਉਸ ਦਾ ਹਿੱਸਾ ਸਨ। ਉਸ ਵਿਚ ਸ਼ਾਮਲ ਸਨ-ਉਜਬੇਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ ਤੇ ਰੂਸ ਅਤੇ ਚੀਨ ਦੇ ਵੀ ਕੁਝ ਇਲਾਕੇ। ਇਹ ਸਲਤਨਤ 1124 ਈæ ਤੋਂ ਲੈ ਕੇ ਸਾਲ 1218 ਤਕ ਕਾਇਮ ਰਹੀ। ਇਸ ਦਾ ਨਾਂ ਸੀ, ਕਾਰਾ ਖੈਟਾਨ। ਇਹ ਮੂਲ ਰੂਪ ਵਿਚ ਮੰਗੋਲ ਤੁਰਕ ਸਨ। ਅੱਜ ਵੀ ਤੁਰਕ ਲੋਕ ਕਾਲੇ ਨੂੰ ਕਾਰਾ ਹੀ ਕਹਿੰਦੇ ਹਨ। ਸੋ, ਇਹ ਪਿੰਡ ਉਸੇ ਸਲਤਨਤ ਦੇ ਨਾਂ ‘ਤੇ ਹੀ ਪਿਆ। ਇਸ ਨਾਂ ਤੋਂ ਜ਼ਾਹਰ ਹੈ ਕਿ ਹਿੰਦੁਸਤਾਨ ਵਿਚ ਕਿੱਥੋਂ ਕਿੱਥੋਂ ਲੋਕ ਆ ਕੇ ਵੱਸੇ। ਇਸ ਸਲਤਨਤ ਨੂੰ ਖੈਤਾਨ ਤੋਂ ਖਤਾਈ ਨਾਂ ਮੁਸਲਮਾਨ ਇਤਿਹਾਸਕਾਰਾਂ ਨੇ ਦਿੱਤਾ ਸੀ, ਯਾਨਿ ਖੈਤਾਈ ਵਾਲੇ ਲੋਕ।
ਇਸੇ ਤਰ੍ਹਾਂ ਸਾਡੇ ਇਕ ਸਿੱਖ ਦੋਸਤ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਜੱਟਾਂ ਵਿਚ ਛੀਨਾ ਗੋਤ ਹੈ, ਉਹ ਅਸਲ ਵਿਚ ਚੀਨੀ ਲੋਕ ਹਨ ਜੋ 2000 ਸਾਲ ਪਹਿਲਾਂ ਚੀਨ ਤੋਂ ਆਏ। ਸੋ, ਹੋ ਸਕਦਾ ਹੈ ਜੋ ਖੈਤਾਨ ਲੋਕ ਆਏ, ਉਨ੍ਹਾਂ ਦੇ ਨਾਂ ‘ਤੇ ਹੀ ਪਿੰਡ ਬੱਝਾ ਜੋ ਅੱਜ ਸ਼ਹਿਰ ਦਾ ਰੂਪ ਧਾਰ ਚੁਕਾ ਹੈ।
ਗੋਤਾ: ਗੋਤਾ ਸਿਰਾਜ ਨਾਰੋਵਾਲ ਨੇੜਲਾ ਪਿੰਡ ਹੈ। ਸੀਰੀਆ ਵਿਚ ਇਕ ਸ਼ਹਿਰ ਗੋਤਾ ਹੈ ਤੇ ਹੋ ਸਕਦਾ ਹੈ ਕਿ ਉਥੋ ਕੋਈ ਸ਼ਖਸ ਆਇਆ ਹੋਵੇ ਤੇ ਉਹਦੇ ਕਰਕੇ ਜਿਹੜਾ ਪਿੰਡ ਵਸਿਆ, ਗੋਤਾ ਕਹਾਇਆ। ਸੋ, ਸਾਮ ਸੀਰੀਆਂ ਤੋਂ ਕੋਈ ਸਿਰਾਜ ਨਾਂ ਦਾ ਬੰਦਾ ਉਠ ਕੇ ਆਇਆ ਹੋਵੇਗਾ ਤੇ ਜਿਹਨੇ ਪਿੰਡ ਬੰਨਿਆ, ਗੋਤਾ ਸਿਰਾਜ।
ਖੀਵਾ ਜਾਂ ਖੀਵੀ ਜਾਂ ਖੀਵਾਂ: ਉਜ਼ਬੇਕਿਸਤਾਨ ਵਿਚ ਇਕ ਬਹੁਤ ਹੀ ਮਸ਼ਹੂਰ ਤੇ ਤਜਾਰਤੀ ਸ਼ਹਿਰ ਹੈ ਜੋ ਤਵਾਰੀਖ ਵਿਚ ਵਾਧੂ ਮਸ਼ਹੂਰ ਸੀ। ਜਿਵੇਂ ਬਲਖ ਬੁਖਾਰਾ ਨਾਂਵ ਆਉਂਦੇ ਹਨ। ਹੋਰ ਤਾਂ ਹੋਰ ਲੋਕਾਂ ਆਪਣੇ ਬੱਚਿਆਂ ਦੇ ਨਾਂ ਵੀ ਉਹਦੇ ‘ਤੇ ਰੱਖਣੇ ਸ਼ੁਰੂ ਕਰ ਦਿੱਤੇ ਜੋ ਅੱਜ ਤਕ ਜਾਰੀ ਹਨ। ਖੀਵਾ ਅਮੀਰ ਤਜਾਰਤੀ ਸ਼ਹਿਰ ਹੋਣ ਕਰਕੇ ਸਾਡੇ ਹਿੰਦੁਸਤਾਨੀਆਂ ਲਈ ਇਹ ਖੁਸ਼ੀ ਜਾਂ ਅਮੀਰੀ ਦਾ ਚਿੰਨ/ਪ੍ਰਤੀਕ ਬਣ ਗਿਆ। ਬੰਦੇ ਦਾ ਨਾਂ ਖੀਵਾ ਤੇ ਜਨਾਨੀ ਹੋ ਗਈ, ਖੀਵਾਂ। ਜਿਵੇਂ ਜਿਉਣਾ ਤੇ ਜੀਵਾਂ। ਤੇ ਇਧਰ ਤਾਂ ਪਿੰਡਾਂ ਥਾਂਵਾਂ ਦੇ ਨਾਂ ਵੀ ਖੀਵਾ ਪੈਣੇ ਸ਼ੁਰੂ ਹੋ ਗਏ। ਮਿਰਜੇ ਜੱਟ ਦੇ ਪਿੰਡ ਦਾ ਨਾਂ ਖੀਵਾ ਹੈ। ਇਸੇ ਤਰ੍ਹਾਂ ਖੁਰਾਸਾਨ ਤੋਂ ਪਰਤੇ ਵਪਾਰੀ ਖੁਰਾਨੇ ਅਖਵਾਏ। ਸੋ, ਜੇ ਗਹੁ ਨਾਲ ਵਾਚੀਏ ਤਾਂ ਇਹ ਨਾਂ ਸਾਡੀ ਤਵਾਰੀਖ ਵੱਲ ਵੀ ਇਸ਼ਾਰਾ ਕਰ ਰਹੇ ਹੁੰਦੇ ਨੇ।
ਬੂਬਕ: ਨਾਰੋਵਾਲ ਦੇ ਲਾਗੇ ਕੁਝ ਪਿੰਡ ਹਨ, ਜਿਨ੍ਹਾਂ ਨੂੰ ਬੂਬਕਾਂ ਕਿਹਾ ਜਾਂਦਾ ਹੈ, ਮਤਲਬ ਬੂਬਕ ਦਾ ਬਹੁਵਚਨ। ਬੂਬਕ ਲਫਜ਼ ਵਿਚ ਬਾਬਕ ਦਾ ਵਿਗਾੜ ਹੈ। ਬਾਬਕ ਨਾਂ ਦਾ ਮੁਗਲ ਦਰਬਾਰ ਵਿਚ ਅਹੁਦਾ ਹੁੰਦਾ ਸੀ। ਸੋ, ਬਾਬਕ ਅਫਸਰ ਨੇ ਜੋ ਪਿੰਡ ਵਸਾਇਆ, ਉਹ ਬਾਬਕ ਤੋਂ ਬੂਬਕ ਬਣ ਗਿਆ। ਪਾਕਿਸਤਾਨ ਦਾ ਇਕ ਵਜੀਰ ਅੱਜ ਵੀ ਆਪਣੇ ਨਾਂ ਨਾਲ ਬਾਬਕ ਲਿਖਦਾ ਹੈ। ਗੁਜਰਾਤ ਦੀ ਜੂਨਾਗੜ੍ਹ ਰਿਆਸਤ ਦੇ ਜੋ ਯੂਸਫਜਾਈ ਪਠਾਣ ਹੁਕਮਰਾਨ ਸਨ, ਉਹ ਵੀ ਕਿਸੇ ਵੇਲੇ ਮੁਗਲ ਦਰਬਾਰ ਵਿਚ ਬਾਬਕ ਸਨ। ਪਰ ਗੁਜਰਾਤੀ ਲੋਕਾਂ ਦੀ ਬੋਲਚਾਲ ਵਿਚ ਬਾਬਕ ਬਾਬੀ ਬਣ ਗਏ ਜਿਵੇ ਅਸਾਂ ਪੰਜਾਬੀਆਂ ਨੇ ਬਾਬਕ ਦਾ ਬੂਬਕ ਬਣਾ ਦਿੱਤਾ। ਫਿਲਮ ਇੰਡਸਟਰੀ ਦੀ ਮਸ਼ਹੂਰ ਹੀਰੋਇਨ ਪਰਵੀਨ ਬਾਬੀ ਅਸਲ ਵਿਚ ਪਰਵੀਨ ਬਾਬਕ ਹੀ ਸੀ।
ਮੜ੍ਹ ਜਾਂ ਮੜ੍ਹੀ: ਜਿਵੇਂ ਸਾਡੇ ਦਫਨਾਉਣ ‘ਤੇ ਕਬਰ ਬਣਦੀ ਹੈ, ਉਸੇ ਤਰ੍ਹਾਂ ਹਿੰਦੂ ਦੀ ਲਾਸ਼ ਨੂੰ ਸਾੜਨ ਬਾਅਦ ਜੋ ਯਾਦਗਾਰੀ ਥਾਂ ਬਣਾਇਆ ਜਾਂਦਾ ਹੈ, ਉਸ ਨੂੰ ਮੜ੍ਹ ਜਾਂ ਮੜ੍ਹੀ ਕਹਿੰਦੇ ਹਨ। ਫਿਰ ਉਥੇ ਬਸਤੀ ਬਣ ਜਾਂਦੀ ਯਾਨਿ ਮੜ੍ਹ ਮਾਂਗਾ ਬਾਜਵਾ ਪਸਰੂਰ; ਮੜ੍ਹ ਬਲੋਚਾਂ ਫੈਸਲਾਬਾਦ। ਜਿਵੇਂ ਮੜ੍ਹੀ ਮਹਾਰਾਜਾ ਰਣਜੀਤ ਸਿੰਘ, ਮੜ੍ਹੀ ਕਰਤਾਰਪੁਰ ਜਲੰਧਰ, ਗੁੱਗਾ ਮੜ੍ਹੀ ਖਰੜ।
ਓਠੀਆਂ: ਕਰਮ ਸਿੰਘ ਸੰਧੂ ਸ਼ੁਕਰਚੱਕੀਆ ਮਿਸਲ ਦਾ ਮਸ਼ਹੂਰ ਜਥੇਦਾਰ ਸੀ। ਉਹਦਾ ਪਿੰਡ ਓਠੀਆਂ ਸਿਆਲਕੋਟ ਦੀ ਤਹਿਸੀਲ ਡਸਕਾ ਵਿਚ ਹੈ। ਇਸ ਪਿੰਡ ਵਿਚ ਅੱਜ ਵੀ ਮੁਸਲਮਾਨਾਂ ਦੀ ਗੋਤ ਓਠੀ ਹੈ, ਜਿੱਥੋਂ ਦੇ ਵਸਨੀਕ ਊਠਾਂ ਵਾਲੇ ਸਨ। ਊਠ ਵਾਲਿਆਂ ਤੋਂ ਓਠੀਆਂ ਕਹਾਏ। ਕਿਤੇ ਕਿਤੇ ਓਠੀਆਂ ਤੋਂ ਬਣ ਗਿਆ, ਹੋਠੀਆਂ। ਇਸ ਨਾਂ ਦੇ ਵੀ ਕਈ ਪਿੰਡ ਦੋਹਾਂ ਪੰਜਾਬਾਂ ਵਿਚ ਆਬਾਦ ਨੇ। ਓਠੀਆਂ ਅਜਨਾਲਾ, ਓਠੀਆਂ ਬਟਾਲਾ। ਖੈਰ, ਮੈਨੂੰ ਇਹ ਨਹੀਂ ਪਤਾ ਕਿ ਚੜ੍ਹਦੇ ਪੰਜਾਬ ਦੇ ਓਠੀਆਂ ਪਿੰਡਾਂ ਦੇ ਲੋਕ ਸੰਧੂ ਹਨ ਜਾਂ ਕੋਈ ਹੋਰ ਗੋਤ। ਮੈਨੂੰ ਲਗਦਾ ਹੈ ਕਿ ਅਠਵਾਲ ਤੇ ਅਟਵਾਲ ਗੋਤ ਵੀ ਊਠਾਂ ਵਾਲੇ ਲਫਜ਼ ਨਾਲ ਹੀ ਸਬੰਧਤ ਹਨ।
ਟਿੱਬਾ ਟਿਬੀ: ਉਚੀ ਥਾਂ ‘ਤੇ ਆਬਾਦ ਵੱਡੀ ਬਸਤੀ ਬਣ ਜਾਂਦੀ-ਟਿੱਬਾ ਤੇ ਜੇ ਟਿੱਬਾ ਰਕਬਾ Ḕਚ ਜਰਾ ਛੋਟਾ ਹੋਵੇ ਤਾਂ ਟਿੱਬੀ। ਲਾਹੌਰ ਦਾ ਟਿੱਬੀ ਇਲਾਕਾ ਤੇ ਮਸ਼ਹੂਰ ਠਾਣਾ ਟਿੱਬੀ।
ਬਹਿਕ: ਬਹਿਣ ਜਾਂ ਬਹਿਣੀ ਤੋਂ ਬਹਿਕ। ਜੇ ਕਿਸੇ ਕਿਸਾਨ ਦੀ ਜਮੀਨ ਪਿੰਡ ਤੋਂ ਹਟਵੀਂ ਹੁੰਦੀ ਸੀ ਤਾਂ ਉਹ ਵਾਢੀਆਂ ਮੌਕੇ ਆਪਣਾ ਆਰਜੀ ਘਰ ਹੀ ਖੇਤਾਂ ਵਿਚ ਲੈ ਜਾਂਦੇ ਸਨ। ਉਸ ਡੇਰੇ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿਚ ਬਹਿਕ ਕਿਹਾ ਜਾਂਦਾ ਹੈ। ਬਹਿਕ ਗੁਜਰਾਂ, ਫਿਰੋਜਪੁਰ।
ਦਰੱਖਤਾਂ ਦੇ ਨਾਂ ‘ਤੇ ਅਮੂਮਨ ਪਿੰਡਾਂ ਦੇ ਨਾਂ ਮਿਲਦੇ ਹਨ-ਪਿਪਲੀ, ਅੰਬਵਾਲੀ, ਪਿੱਪਲਾਂ, ਜੰਡ, ਟਾਹਲੀ, ਸ਼ਰੀਹ, ਕਿੱਕਰ ਆਦਿ। ਪੱਛਮੀ ਪੰਜਾਬ ਦੇ ਜਿਲ੍ਹਾ ਮੀਆਂਵਾਲੀ ਵਿਚ ਸ਼ਹਿਰ ਹੈ, ਪਿੱਪਲਾਂ। ਖੂਹ ਦੇ ਨਾਂ ‘ਤੇ ਵੀ ਬਹੁਤ ਪਿੰਡ ਆਬਾਦ ਹਨ-ਚਿੱਟੀ ਖੂਹੀ, ਲਾਲ ਖੂਹ, ਕਰਮੀ ਵਾਲੀ ਖੂਹੀ। ਪੌੜੀਆਂ ਵਾਲੇ ਖੂਹ ਲਾਗੇ ਜੇ ਪਿੰਡ ਬੱਝ ਗਿਆ ਤਾਂ ਉਹ ਬਉਲੀ ਨਾਂ ਤੋਂ ਹੀ ਮਸ਼ਹੂਰ ਹੋਇਆ। ਬਉਲੀ ਆਸਾ ਸਿੰਘ (ਸਿਆਲਕੋਟ), ਬਉਲੀ ਇੰਦਰਜੀਤ (ਬਟਾਲਾ)।
ਕੁਝ ਸਿੰਧ ਦੇ ਹਵਾਲੇ ਨਾਲ ਵੀ: ਪਿੱਛੇ ਅਸੀਂ ḔਕੋਟḔ ਨਾਂ ਦੇ ਸ਼ਹਿਰਾਂ-ਪਿੰਡਾਂ ਬਾਰੇ ਦਸ ਆਏ ਹਾਂ। ਇਸ ਦੇ ਨਾਲ ਹੀ ਦਸਣਾ ਬਣਦਾ ਹੈ ਕਿ ਸਿੰਧ ਵਿਚ ਤਾਂ ਬਹੁਤੇ ਪਿੰਡਾਂ ਨੂੰ ਗੋਠ ਹੀ ਕਿਹਾ ਜਾਂਦਾ ਹੈ। ਸਾਡੇ ਅੰਦਾਜ਼ੇ ਮੁਤਾਬਕ ਇਹ ਵੀ ਕੋਟ ਦਾ ਹੀ ਵਿਗਾੜ ਹੈ। ਸਿੰਧੀ ਤੇ ਪੰਜਾਬੀ ਬਹੁਤ ਕੁਝ ਮਿਲਦੀ ਜੁਲਦੀ ਹੀ ਹੈ।
ਫਿਰ ਸਿੰਧ ਵਿਚ ਜਾਓ ਤੇ ਉਥੇ ਬਹੁਤ ਸਾਰੇ ਪਿੰਡਾਂ-ਸ਼ਹਿਰਾਂ ਦੇ ਨਾਂ ਨਾਲ ਟਾਂਡੋ ਲਗਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਹ ਵੀ ਪੰਜਾਬੀ ਦੇ ਲਫਜ਼ ਟਾਂਡੇ ਤੋਂ ਹੀ ਵਿਗੜਿਆ ਹੈ। ਸਿੰਧੀ ਦੇ ਬੋਲਣ ਲਹਿਜੇ ਵਿਚ ਅਮੂਮਨ ਕੰਨੇ ਦੀ ਥਾਂ ਹੌੜਾ ਲਾ ਦਿੰਦੇ ਨੇ, ਇਸ ਕਰਕੇ ਟਾਂਡਾ ਬਣ ਜਾਂਦਾ ਹੈ, ਟੰਡੋ।
ਸਿਰਫ ਏਨਾ ਹੀ ਨਹੀਂ, ਪੰਜਾਬ ਵਾਲੀਆਂ ਅਨੇਕਾਂ ਜਾਤਾਂ ਬਰਾਦਰੀਆਂ ਸਿੰਧ ਵਿਚ ਵੀ ਵਸਦੀਆਂ ਹਨ। ਜੇ ਤੁਸੀਂ ਗੌਰ ਕਰੋਗੇ ਤਾਂ ਪਤਾ ਲੱਗੇਗਾ ਕਿ ਇਹ ਤਾਂ ਪੰਜਾਬੀ ਲੋਕ ਹੀ ਹਨ। ਜਿਵੇਂ ਇਕ ਸਾਡੀ ਗੋਤ ਹੈ, ਸਮਰਾ ਜਾਂ ਸੁਮਰਾ ਅਤੇ ਸਿੰਧ ਵਿਚ ਇਹੋ ਲੋਕ ਸੁਮਰੋ ਕਹਾਉਂਦੇ ਨੇ। ਜੁਨੇਜਾ ਸਿੰਧ ਵਿਚ ਜੁਨੇਜੋ ਹੋ ਜਾਂਦਾ ਹੈ ਤੇ ਭੁਟਾ ਹੋ ਜਾਂਦਾ ਹੈ ਭੁੱਟੋ। ਭੁੱਟੋ ਨੂੰ ਤਾਂ ਸਾਰੇ ਜਾਣਦੇ ਹੀ ਹਾਂ-ਜੁਲਫਕਾਰ ਭੁੱਟੋ ਤੇ ਬੇਨਜ਼ੀਰ ਭੁੱਟੋ। ਮੁਹੰਮਦ ਖਾਂ ਜੁਨੇਜੋ ਵੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਿਹਾ ਹੈ। ਮੀਆਂ ਮੁਹੰਮਦ ਬਖਸ਼ ਸੁਮਰੋ ਪਾਕਿਸਤਾਨ ਦਾ ਵੱਡਾ ਵਜੀਰ ਰਿਹਾ ਹੈ। ਇਹ ਮਿਸਾਲਾਂ ਤਾਂ ਸਿੰਧ ਦੇ ਮਸ਼ਹੂਰ ਸਿਆਸਤਦਾਨਾਂ ਦੀਆਂ ਹੀ ਹਨ, ਜੇ ਬਾਕੀ ਦੀਆਂ ਗੋਤਾਂ ‘ਤੇ ਖੋਜ ਕਰੋਗੇ ਤਾਂ ਅਨੇਕਾਂ ਪੰਜਾਬ ਨਾਲ ਆ ਜੁੜਨੀਆਂ ਨੇ।
ਜਾਨਵਰਾਂ ਦੇ ਨਾਂਵਾਂ ‘ਤੇ: ਕਾਂਵਾਂਵਾਲੀ, ਬੋਤੇ, ਕੁੱਕੜਾਂਵਾਲੀ, ਕੁੱਤਿਆਂਵਾਲੀ, ਭਾਗੀ ਬਾਂਦਰ।
ਮੱਤਾ: ਪੁਰਾਣੀ ਪੰਜਾਬੀ ਵਿਚ ਮਸਤ ਹੋਏ ਨੂੰ ਮੱਤਾ ਕਿਹਾ ਜਾਂਦਾ ਸੀ। ਇਹ ਅਮੂਮਨ ਨਾਂਗੇ ਸਾਧੂਆਂ ਬਾਰੇ ਲਫਜ਼ ਵਰਤਿਆ ਜਾਂਦਾ ਸੀ ਜੋ ਅਕਸਰ ਨਸ਼ੇ ਵਾਲੀਆਂ ਚੀਜਾਂ ਦਾ ਸੇਵਨ ਕਰਕੇ ਸਮਾਜ ਦੇ ਅਸੂਲਾਂ ਨੂੰ ਤੋੜਦਿਆਂ ਮਸਤੀ ਦੇ ਆਲਮ ਵਿਚ ਵਿਖਾਵਾ ਕਰਦੇ ਸਨ। ਅੰਦਾਜ਼ਾ ਹੈ ਕਿ ਇਨ੍ਹਾਂ ਦੇ ਡੇਰਿਆਂ ਦੇ ਨੇੜੇ ਜੋ ਪਿੰਡ ਵੱਸੇ, ਉਹ ਮੱਤਾ ਕਹਾਏ। ਮੱਤੇ ਦੇ ਨਾਂ ‘ਤੇ ਅਨੇਕਾਂ ਪਿੰਡ ਥਾਂਵਾਂ ਹਨ। ਕਈ ਖਿਆਲਾਂ ਮੁਤਾਬਿਕ ਮੱਤਾ, ਮੱਤ ਭਾਵ ਅਕਲ ਤੋਂ ਲਿਆ ਜਾਂਦਾ ਹੈ। ਸਿਆਣੇ ਬੰਦਿਆਂ ਨੂੰ ਮੱਤਾ ਕਿਹਾ ਜਾਂਦਾ ਸੀ: ਮੱਤਵਾਲਾ, ਮੱਤੜ।
ਨਾਂਵਾਂ ਦਾ ਵਿਗਾੜ: ਸਾਡੇ ਨਿਰੋਲ ਪੇਂਡੂ ਲਹਿਜੇ ਵਿਚ ਕਈ ਥਾਂਈਂ ਲੋਕੀਂ ḔਜḔ ਵਾਲਾ ਉਚਾਰਨ ਬੋਲਣ ਤੋਂ ਪ੍ਰਹੇਜ਼ ਕਰਦੇ ਹਨ, ਇਹੋ ਕਾਰਨ ਹੈ ਕਿ ਪੇਂਡੂ ਜ਼ੱਫਰਵਾਲ ਨੂੰ ਡੱਫਰਵਾਲ ਤੇ ਮੁਜੱਫਰਪੁਰ ਨੂੰ ਮਡੱਫਰਪੁਰ ਬੋਲਦੇ ਹਨ। ਅਨੇਕਾਂ ਨਾਂ ਹੋਰ ਵੀ ਹੋਣਗੇ ਜਿਨ੍ਹਾਂ ਦਾ ਵਿਗੜਿਆ ਹੋਇਆ ਰੂਪ ਹੀ ਸਾਡੇ ਤਕ ਪਹੁੰਚਿਆ ਹੈ।
ਸਿਆਲਕੋਟ ਜਿਲ੍ਹੇ ਵਿਚ ਹੀ ਪਿੰਡ ਹੈ, ਅਰਕੀ ਤੇ ਨਾਲ ਹੀ ਪਿੰਡ ਸ਼ਜਾਦਾ ਹੈ। ਹੁਣ ਜੇ ਤੁਸੀਂ ਤਵਾਰੀਖ ਵੇਖੋ ਤਾਂ ਪਤਾ ਲਗਦਾ ਹੈ ਕਿ ਤੁਗਲਕ ਖਾਨਦਾਨ ਦਾ ਇਕ ਸ਼ਹਿਜ਼ਾਦਾ ਸੀ, ਅਰਕਲੀ। ਸੋ, ਹੋ ਸਕਦਾ ਹੈ ਅਰਕੀ ਅਰਕਲੀ ਤੋਂ ਹੋਵੇ। ਸ਼ਜਾਦਾ ਤਾਂ ਸਾਫ ਤੌਰ ‘ਤੇ ਸ਼ਹਿਜ਼ਾਦੇ ਤੋਂ ਹੀ ਹੈ।
ਡੋਗਰਾਇ: ਇਸ ਨਾਂ ਤੋਂ ਅਨੇਕਾਂ ਪਿੰਡ ਹਨ। ਖੋਜ ਕਰਨ ‘ਤੇ ਪਤਾ ਲਗਦਾ ਹੈ ਕਿ ਇਹ ਡੋਗਰੇ ਲੋਕਾਂ ਦੇ ਵਸਾਏ ਹੋਏ ਪਿੰਡ ਹਨ ਜੋ ਡੁੱਗਰ ਤੋਂ ਉਠ ਕੇ ਆਏ। 1965 ਦੀ ਜੰਗ ਮੌਕੇ ਦੋ ਖਾਸ ਪਿੰਡਾਂ ਦਾ ਰੇਡੀਓ ‘ਤੇ ਬੜਾ ਜ਼ਿਕਰ ਆਇਆ ਕਰਦਾ ਸੀ। ਡੋਗਰਾਇ ਕਲਾਂ ਤੇ ਡੋਗਰਾਇ ਖੁਰਦ ਜੋ ਲਾਹੌਰ ਲਾਗਲੇ ਦੋ ਪਿੰਡ ਹਨ। ਡੋਗਰਾਇ ‘ਤੇ ਕਦੀ ਭਾਰਤੀ ਫੌਜ ਦਾ ਕਬਜਾ ਹੋ ਜਾਂਦਾ ਤੇ ਕਦੀ ਪਾਕਿਸਤਾਨੀ ਫੌਜ ਦਾ। ਇਸ ਤਰ੍ਹਾਂ ਹੀ ਦੋ ਪਿੰਡ ਸਿਆਲਕੋਟ ਸ਼ਹਿਰ ਦੇ ਕੋਲ ਹਨ। ਅੱਜ ਸਿਆਲਕੋਟ ਦਾ ਜਿਥੇ ਸਿਵਲ ਹਸਪਤਾਲ ਹੈ, ਉਥੇ ਕਿਸੇ ਵੇਲੇ 12 ਬਰਾਦਰੀਆਂ ਦੇ ਵਖਰੇ ਵੱਖਰੇ ਖੂਹ ਹੁੰਦੇ ਸਨ। ਇਨ੍ਹਾਂ ਵਿਚ ਇਕ ਖੂਹ ਹੈ, ਚਾ ਡੋਗਰਿਆਂ। ਇਹ ਸਾਰੇ ਜੰਮੂ ਦੇ ਡੋਗਰੇ ਸਨ, ਜਿਨ੍ਹਾਂ ਆ ਪਿੰਡ ਵਸਾਏ।
ਹੁਸ਼ਿਆਰਪੁਰ: ਚੜ੍ਹਦੇ ਪੰਜਾਬ ਦਾ ਮਸ਼ਹੂਰ ਜਿਲ੍ਹਾ ਹੈ। ਹੁਸ਼ਿਆਰ ਅਰਬੀ ਜ਼ਬਾਨ ਦਾ ਲਫਜ਼ ਹੈ। ਕੁਝ ਹੀ ਅਰਸਾ ਪਹਿਲਾਂ ਇਰਾਕ ਦਾ ਇਕ ਮਸ਼ਹੂਰ ਵਜ਼ੀਰ ਸੀ, ਹੁਸ਼ਿਆਰ ਜ਼ਿਬਾਰੀ। ਇਹਦਾ ਮਤਲਬ ਇਹ ਕਿ ਸ਼ਹਿਰ ਕਿਸੇ ਮੁਸਲਮਾਨ ਦਾ ਹੀ ਵਸਾਇਆ ਹੋਇਆ ਹੈ।
ਤਲਵਾੜਾ: ਇਹ ਵੀ ਬਿਲਕੁਲ ਉਸੇ ਤਰ੍ਹਾਂ ਲਫਜ਼ ਬਣਿਆ ਜਿਵੇਂ ਤਲਵੰਡੀ। ‘ਤਲ’ ਅਸਲ ਵਿਚ ਉਤਲ ਦਾ ਛੋਟਾ ਰੂਪ ਹੈ। ਫਿਰੋਜਪੁਰ ਤੇ ਕਸੂਰ ਵਿਚ ਹਾਲੇ ਵੀ ਬਹੁਤ ਪਿੰਡ ਹਨ ਜੋ ਉਤਾਰ ਤੇ ਹਥਾੜ ਮਤਲਬ ਇਕ ਦਰਿਆ ਉਤਲੇ ਪਾਸੇ ਤੇ ਹੇਠਲੇ ਪਾਸੇ। ਬਿਲਕੁਲ ਇਸੇ ਤਰ੍ਹਾਂ ਹੀ ਫਿਰ ਤਲਵਾੜਾ ਤੇ ਤਲਵੰਡੀ ਬਣਦੇ ਹਨ। ਤਲਵਾੜਾ ਅਸਲ ਵਿਚ ਲਫਜ਼ ਉਤਲਵਾਲਾ ਸੀ, ਜੋ ਦੋ ਲਫਜ਼ਾਂ ਨਾਲ ਮਿਲ ਕੇ ਬਣਿਆ-ਉਤਲ ਤੇ ਵਾਲਾ।
ਲਗਭਗ ਪੂਰੇ ਬੜੇ ਸਗੀਰ (ਭਾਰਤੀ ਉਪ ਮਹਾਂਦੀਪ) ਭਾਵ ਕਸ਼ਮੀਰ ਦੇ ਹਿੰਦਵਾੜਾ ਤੇ ਹਲਵਾੜਾ। ਪੰਜਾਬ ਦੇ ਫਗਵਾੜਾ ਤੱਕ ਤੇ ਕਰਾਚੀ ਦੇ ਬੰਗਾਲੀ ਪਾੜਾ ਤੱਕ ਅਤੇ ਬੰਗਾਲ ਦੇ ਨਕਸਲਵਾੜੀ ਤੱਕ ਇਸ ਨਾਂ ਵਾਲੇ ਸ਼ਹਿਰ, ਪਿੰਡ ਜਾਂ ਬਸਤੀਆ ਆਬਾਦ ਹਨ। ਨਾਂਵਾਂ ਦਾ ਸਿਰਫ ਥੋੜ੍ਹਾ ਬਹੁਤ ਫਰਕ ਪੈਂਦਾ ਹੈ, ਜਿਵੇਂ ਬਾੜਾ, ਪਾੜਾ ਤੇ ਵਾੜਾ। ਵਾੜਾ ਵਾੜ ਤੋਂ ਬਣਦਾ ਹੈ। ਜਦੋਂ ਕਿਸੇ ਥਾਂ ਦੀ ਆਪਾਂ ਛਾਪਿਆਂ ਨਾਲ ਘੇਰਾਬੰਦੀ ਕਰ ਦਿੰਦੇ ਹਾਂ ਤਾਂ ਉਹ ਵਲਗਣ ਵਾੜਾ ਕਹਾਉਂਦੀ ਹੈ। ਇਸੇ ਤਰ੍ਹਾਂ ਫੱਗੂ ਜਾਂ ਫੱਗਣ ਨੇ ਇਕ ਵਲਗਣ ਵਲੀ ਸੀ ਜਿਥੋਂ ਦੀ ਆਬਾਦੀ ਵਕਤ ਪਾ ਕੇ ਫੱਗੂ-ਵਾੜਾ ਜਾਂ ਫਗਵਾੜਾ ਕਹਾਈ। ਵਾੜੇ ਨਾਂ ਵਾਲੇ ਹਰ ਪਿੰਡ-ਸ਼ਹਿਰ ਦੀ ਇਹੋ ਕਹਾਣੀ ਹੈ। ਬੰਗਾਲੀ ਪਾੜਾ ਬੰਬੇ। ਇਹੋ ਪਾੜੇ ਫਿਰ ਕਰਾਚੀ ਵਿਚ ਵੀ ਹੈਗੇ ਤੇ ਬੰਗਾਲ-ਬਿਹਾਰ ਦੀ ਨਕਸਲਵਾੜੀ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਸੋ, ਪੂਰੇ ਉਪ ਮਹਾਂਦੀਪ ਵਿਚ ਚਲਦਾ ਹੈ ਇਹ ਨਾਂ।
ਜਦੋਂ ਕਿਸਾਨ ਹਲ ਵਾਹ ਰਿਹਾ ਹੋਵੇ ਤਾਂ ਨੁੱਕਰ ‘ਤੇ ਅਮੂਮਨ ਮੋੜਦੇ ਵਕਤ ਦੋਹਾਂ ਸਿਆੜਾਂ ਵਿਚ ਜੋ ਖਾਲੀ ਜਗ੍ਹਾ ਰਹਿ ਜਾਂਦੀ, ਉਸ ਵਕਤ ਫਿਰ ਕਿਸਾਨ ਢੱਗਿਆਂ ਨੂੰ ਕਹਿੰਦਾ ਹੈ, ਪਾੜਾ ਪਾੜਾ ਪਾੜਾ। ਮਤਲਬ ਉਹ ਬਲਦਾਂ ਨੂੰ ਦੱਸ ਰਿਹਾ ਹੁੰਦਾ ਹੈ ਕਿ ਵਿਚ ਖਾਲੀ ਥਾਂ ਰਹਿ ਗਈ ਹੈ, ਭਈ ਇਸ ਤਰ੍ਹਾਂ ਨਾ ਕਰੋ। ਸਿਆੜ ਸਿਆੜ ਨਾਲ ਮਿਲ ਕੇ ਰਹੇ।
ਕਰਾਚੀ ਤੇ ਬੰਬੇ ਦੇ ਸਲੱਮ ਇਲਾਕਿਆਂ ਨੂੰ ਵੀ ਇਸੇ ਤਰ੍ਹਾਂ ਪਾੜਾ ਕਿਹਾ ਜਾਂਦਾ ਹੈ।
ਪੰਜਾਬ ਵਿਚ ਖਰਬੂਜਿਆਂ ਤੇ ਹਦਵਾਣਿਆਂ ਨੂੰ ਚੋਰਾਂ ਤੇ ਗਿੱਦੜਾਂ ਤੋਂ ਬਚਾਉਣ ਖਾਤਰ ਜਿਹੜੀ ਢੀਗਰੀਆਂ ਦੀ ਵਾੜ ਦਿੱਤੀ ਜਾਂਦੀ ਹੈ, ਉਸ ਵਲੀ ਹੋਈ ਥਾਂ ਨੂੰ ਵਾੜਾ ਕਿਹਾ ਜਾਂਦਾ ਹੈ। ਜਦੋਂ ਖਰਬੂਜੇ ਮੁੱਕ ਜਾਣ ਜਾਂ ਮੌਸਮ ਬਦਲ ਜਾਵੇ ਜਾਂ ਹੋਰ ਰਾਖੀ ਕਰਨੀ ਜਦੋਂ ਫਜੂਲ ਹੋ ਜਾਵੇ ਤਾਂ ਕਿਸਾਨ ਵਾੜਾ ਖੋਲ੍ਹ ਦਿੰਦਾ ਹੈ। ਉਦੋਂ ਕਿਹਾ ਜਾਂਦਾ ਹੈ, ਵਾੜਾ ਉਜੜ ਗਿਆ। ਪੰਜਾਬ ਵਿਚ ਇਕ ਮੁਹਾਵਰਾ ਹੈ, ‘ਖਾਲਾ ਜੀ ਦਾ ਵਾੜਾ।’ ਮਤਲਬ ਜਿਥੇ ਇਨਸਾਨ ਨੂੰ ਪੂਰੀ ਖੁੱਲ੍ਹ ਹੋਵੇ।
ਜੇ ਤੁਸੀਂ ਅਜੇ ਵੀ ਮੇਰੇ ਨਾਲ ਸਹਿਮਤ ਨਹੀ ਹੋ ਤਾਂ ਮੈਂ ਤੁਹਾਡੇ ਘਰ ਤੋਂ ਹੀ ਮਿਸਾਲ ਦਿੰਦਾ ਹਾਂ। ਪੰਜਾਬ ਦੇ ਪਿੰਡਾਂ ਵਿਚ ਤੁਹਾਡੇ ਘਰ ਦੇ ਪਿਛੇ ਜਿਹੜੀ ਥਾਂ ਹੁੰਦੀ ਹੈ, ਉਹਨੂੰ ਕੀ ਕਹਿੰਦੇ ਹੋ? ਜੀ ਹਾਂ, ਤੁਸੀਂ ਨਹੀਂ ਕਦੀ ਸੋਚਿਆ ਹੋਣਾ। ਉਹਨੂੰ ਪਛਵਾੜਾ ਕਹੀਦਾ ਹੈ। ਕੀ ਤੁਹਾਨੂੰ ਅਹਿਸਾਸ ਨਹੀਂ ਹੋ ਰਿਹਾ ਕਿ ਉਸ ਲਈ ਅਸਲ ਲਫਜ਼ ਹੋਵੇਗਾ ਪਿਛਲਾਵਾੜਾ। ਜੀ ਹਾਂ, ਲਫਜ਼ ਤਾਂ ਇਹੋ ਸੀ ਪਰ ਅਸੀਂ ਉਹਨੂੰ ਛੋਟਾ ਕਰ ਦਿੱਤਾ ਹੈ ਤੇ ਪਿਛਲਵਾੜੇ ਤੋਂ ਬਣ ਗਿਆ, ਪਛਵਾੜਾ। ਚਲੋ, ਹੁਣ ਤੁਹਾਡੇ ਘਰ ਦੇ ਅਗਲੇ ਪਾਸੇ ਚੱਲੀਏ। ਸੋ, ਅਗਲੇ ਪਾਸੇ ਜਿਹੜੀ ਥਾਂ ਹੈ, ਉਹਨੂੰ ਕੀ ਕਹਿੰਦੇ ਹੋ? ਭਾਈ ਇਹਨੂੰ ਤੁਸੀਂ ਵਿਹੜਾ ਕਹਿੰਦੇ ਹੋ। ਕੀ ਕਦੀ ਸੋਚਿਆ ਜੇ ਕਿ ਇਹ ਅਸਲ ਵਿਚ ਅਗਲਾਵਾੜਾ ਸੀ, ਸੋ ਅਸੀਂ ਪੰਜਾਬੀਆਂ ਨੇ ਇਹ ਵੀ ਛੋਟਾ ਕਰ ਲਿਆ ਤੇ ਅਗਲਾ ਲਾਹ ਦਿਤਾ ਤੇ ਵਾੜਾ ਤੋਂ ਬਣਾ ਦਿਤਾ, ਵਿਹੜਾ।
ਸੱਚੀ ਗੱਲ ਇਹ ਹੈ ਕਿ ਅਸੀਂ ਪੰਜਾਬੀ ਲੋਕ ਲੱਸੀ ਪੀ ਕੇ ਅਕਸਰ ਸੁਸਤ ਹੋ ਜਾਂਦੇ ਹਾਂ ਤੇ ਅਮੂਮਨ ਆਪਣੇ ਅੰਞਾਣਿਆਂ ਦੇ ਨਾਂ ਵੀ ਛੋਟੇ ਕਰ ਲੈਨੇ ਆਂ। ਸੋ, ਅੱਗੇ ਤੋਂ ਜਿਸ ਪਿੰਡ, ਜਿਸ ਸ਼ਹਿਰ, ਗਲੀ-ਮੁਹੱਲੇ ਜਾਓ ਥੋੜ੍ਹਾ ਜਿਹਾ ਠਹਿਰ ਜਾਣਾ, ਰੁਕ ਜਾਣਾ, ਜ਼ਰਾ ਸੋਚਣਾ ਪਿੰਡ ਦਾ ਨਾਂ ਉਸ ਦੀ ਤਵਾਰੀਖ ਦੱਸ ਰਿਹਾ ਹੋਵੇਗਾ। ਬੱਸ ਜ਼ਰਾ ਪੜ੍ਹਨ ਦੀ ਖੇਚਲ ਕਰਨਾ। ਜੇ ਨਾਂ ਦੀ ਕਹਾਣੀ ਸਮਝ ਨਾ ਲੱਗੇ ਤਾਂ ਮੈਨੂੰ ਫੋਨ ਕਰ ਲੈਣਾ।
1947 ਦੀ ਹਿਜਰਤ ਨੇ ਲੋਕਾਂ ਨੂੰ ਪਿੰਡਾਂ ਦਾ ਪਿਛੋਕੜ ਭੁਲਾ ਦਿੱਤਾ। 1947 ਦੀ ਹਿਜਰਤ ਮੌਕੇ ਲੋਕੀਂ ਆਪਣੇ ਜੱਦੀ ਪਿੰਡ ਛੱਡਣ ਵਾਸਤੇ ਮਜਬੂਰ ਹੋ ਗਏ। ਉਨ੍ਹਾਂ ਨੂੰ ਤਾਂ ਪਤਾ ਸੀ ਕਿ ਪਿੰਡ ਦਾ ਇਤਿਹਾਸ ਤੇ ਪਿਛੋਕੜ ਕੀ ਹੈ ਤੇ ਪਿੰਡ ਦੇ ਨਾਂ ਤੋਂ ਕੀ ਮੁਰਾਦ ਹੈ? ਪਰ 1947 ਤੋਂ ਬਾਅਦ ਜਿਥੇ ਜਿਥੇ ਸ਼ਰਨਾਰਥੀ ਆ ਵਸੇ, ਉਨ੍ਹਾਂ ਨੂੰ ਬੇਗਾਨੇ ਪਿੰਡ ਦੇ ਪਿਛੋਕੜ ਦਾ ਕੀ ਪਤਾ! ਮੇਰੇ ਪਿੰਡ ਦੇ ਕੋਲ ਹੀ ਬਲੱਗਣ ਨਾਂ ਦਾ ਪਿੰਡ ਹੈ। ਮੈਂ ਹੈਰਾਨ ਹੋ ਗਿਆ ਕਿ ਇੰਡੀਆ ਦੀ ਕਬੱਡੀ ਟੀਮ ਵਿਚ ਇਕ ਬਲੱਗਣ ਨਾਂ ਦਾ ਖਿਡਾਰੀ ਵੀ ਸੀ। ਫਿਰ ਮੈਨੂੰ ਲੋਕਾਂ ਦੱਸਿਆ ਕਿ ਬਲੱਗਣ ਤਾਂ ਜੱਟਾਂ ਦੀ ਗੋਤ ਹੈ। ਨਾਲ ਹੀ ਪਿੰਡ ਅਲਕੜੇ ਹੈ ਤੇ ਫਿਰ ਹੌਲੀ ਹੌਲੀ ਪਤਾ ਲੱਗਾ ਕਿ ਅਲਕੜੇ ਵੀ ਜੱਟਾਂ ਦੀ ਗੋਤ ਹੀ ਹੈ। ਵੇਰਕੇ (ਅੰਮ੍ਰਿਤਸਰ) ਦੇ ਰਹਿਣ ਵਾਲੇ ਮੌਜੂਦਾ ਲੋਕਾਂ ਨੂੰ ਕੀ ਪਤਾ ਕਿ ਵੇਰਕਾ ਮੁਸਲਮਾਨ ਡੋਗਰਾਂ ਦੀ ਗੋਤ ਹੈ। ਹੁਸ਼ਿਆਰਪੁਰ ਜਿਲ੍ਹੇ ਦੀ ਤਹਿਸੀਲ ਦਸੂਹਾ ਦਾ ਪਿੰਡ ਗੰਗੀਆਂ ਵੀ ਡੋਗਰਾਂ ਦੀ ਗੋਤ ਗੰਗੀ ‘ਤੇ ਹੈ। ਇਹ ਲੋਕ ਮੂਲ ਵਿਚ ਅੰਮ੍ਰਿਤਸਰ ਦੇ ਪਿੰਡ ਪੱਬਾਰਾਲੀ ਤੋਂ ਉਠ ਕੇ ਗੰਗੀਆਂ ਗਏ ਸਨ। ਇਸੇ ਤਰ੍ਹਾਂ ਦਸੂਹਾ-ਹਾਜੀਪੁਰ ਰੋਡ ‘ਤੇ ਪਿੰਡ ਭਾਗੜਾਂ ਵੀ ਡੋਗਰਾਂ ਦੀ ਗੋਤ ਭਾਗੜ ‘ਤੇ ਹੈ। ਨੇੜੇ ਹੀ ਦੋ ਪਿੰਡ ਹਨ-ਗੱਗ ਜਲੋ ਤੇ ਗੱਗ ਸੁਲਤਾਨ। ਇਹ ਪਿੰਡ ਵੀ ਡੋਗਰਾਂ ਦੀ ਗੋਤ ਗੱਗ ‘ਤੇ ਕਾਇਮ ਨੇ। ਫਿਰ ਪਿੰਡ ਤੋਇ ਮਾਖੋਵਾਲ ਵੀ ਡੋਗਰਾਂ ਦੀ ਤੋਇ ਗੋਤ ‘ਤੇ ਹੈ। ਜਿਲ੍ਹਾ ਫਿਰੋਜਪੁਰ ਦੇ ਮੱਤੜ ਨਾਂ ਦੇ ਜਿੰਨੇ ਪਿੰਡ ਹਨ, ਸਭ ਡੋਗਰਾਂ ਦੀ ਗੋਤ ਮੱਤਲ ‘ਤੇ ਕਾਇਮ ਹਨ-ਮਸਲਨ ਗੱਟੀ ਮੱਤੜ, ਮੱਤੜ ਹਥਾੜ ਤੇ ਮੱਤੜ ਉਥਾੜ। ਇਸੇ ਤਰ੍ਹਾਂ ਫਿਰੋਜਪੁਰ ਦੇ ਫੇਮੇ ਕੇ, ਕਰੀ ਕੇ, ਬਦਰੂ ਕੇ, ਪੰਜੇ ਕੇ, ਖੈਰੇ ਕੇ-ਸਭ ਡੋਗਰ ਕਬੀਲੇ ਦੀਆਂ ਗੋਤਾਂ ‘ਤੇ ਆਬਾਦ ਨੇ।
ਪਿੰਡ ਬੱਝਣਾ: ਖੁਸ਼ਕਿਸਮਤੀ ਨਾਲ 1855 ਈæ ਵਿਚ ਇਕ ਅੰਗਰੇਜ਼ ਅਫਸਰ ਬ੍ਰੈਂਡਰਥ ਵਲੋਂ ਪਿੰਡ ਬੱਝਣ ਦਾ ਸਾਰਾ ਤਰੀਕਾ ਵਿਸਥਾਰ ਨਾਲ ਬਿਆਨ ਕੀਤਾ ਮਿਲਦਾ ਹੈ। ਉਸ ਨੇ ਲਿਖਿਆ ਹੈ ਕਿ ਪੰਜਾਬ ਦੇ ਫਿਰੋਜਪੁਰ ਜਿਲ੍ਹੇ ਦੇ ਪਿੰਡ ਲਗਭਗ ਉਨ੍ਹਾਂ ਦਿਨਾਂ ਵਿਚ ਹੀ ਬੱਝੇ ਸਨ। ਬ੍ਰੈਂਡਰਥ ਲਿਖਦਾ ਹੈ, ਜਿਲ੍ਹੇ ਦਾ ਕੋਈ ਪਿੰਡ 50-60 ਸਾਲ ਤੋਂ ਵੱਧ ਪੁਰਾਣਾ ਨਹੀਂ ਹੈ। ਇਸ ਦਾ ਮਤਲਬ ਹੋਇਆ ਕਿ ਫਿਰੋਜਪੁਰ ਦੇ ਸਾਰੇ ਪਿੰਡ 1800 ਈæ ਤੋਂ ਬਾਅਦ ਹੀ ਬੱਝੇ ਹਨ।
ਬ੍ਰੈਂਡਰਥ ਲਿਖਦਾ ਹੈ, ਫਿਰੋਜਪੁਰ ਜਿਲ੍ਹੇ ਵਿਚ ਰਾਜਪੂਤ ਤੇ ਡੋਗਰ ਜੋਰ-ਜਬਰਦਸਤੀ ਰਕਬੇ ‘ਤੇ ਕਬਜਾ ਕਰ ਕੇ ਵਸਨੀਕਾਂ ਨੂੰ ਭਜਾ ਦਿੰਦੇ ਸਨ। ਪਰ ਜੱਟ ਤੈਅ ਸ਼ੁਦਾ ਤਰੀਕੇ ਨਾਲ ਪਿੰਡ ਬੰਨਦੇ ਹਨ। ਜਦੋਂ ਕਿਸੇ ਪਿੰਡ ਦੀ ਆਬਾਦੀ ਵਧਣ ‘ਤੇ ਜਮੀਨ ਘੱਟ ਪੈ ਜਾਂਦੀ ਸੀ, ਜੱਟ ਲੋਕ ਖਾਲੀ ਜਮੀਨ ਲੱਭ ਕੇ ਪਿੰਡ ਬੰਨਣ ਦਾ ਕੰਮ ਸ਼ੁਰੂ ਕਰਦੇ ਸਨ। ਜਮੀਨ ਤੈਅ ਕਰਨ ਤੋਂ ਬਾਅਦ ਜੱਟ ਲੋਕ ਸਰਕਾਰੀ ਦਫਤਰ ਨੂੰ ਇਤਲਾਹ ਦਿੰਦੇ ਸਨ ਕਿ ਉਨ੍ਹਾਂ ਦਾ ਇਰਾਦਾ ਪਿੰਡ ਬੰਨਣ ਦਾ ਹੈ। ਉਨ੍ਹੀਂ ਦਿਨੀਂ ਇਕ ḔਕਾਰਦਾਰḔ ਨਾਂ ਦਾ ਸਰਕਾਰੀ ਅਹੁਦਾ ਹੁੰਦਾ ਸੀ। ਕਾਰਦਾਰ ਫਿਰ ਉਸ ਹਲਕੇ ਦਾ ਦੌਰਾ ਕਰਦਾ ਤੇ ਪਿੰਡ ਬੰਨਣ ਦੀ ਇਜਾਜ਼ਤ ਦਿੰਦਾ। ਉਪਰੰਤ ਉਹ ਜਮੀਨ ਦੇ ਜਰਖੇਜ਼ ਹੋਣ ਆਦਿ ਦਾ ਅੰਦਾਜ਼ਾ ਲਾਉਂਦਾ। ਜਮੀਨ ਦੀ ਹਾਲਤ ਵੇਖ ਕੇ ਫਿਰ ਕਾਰਦਾਰ ਤੈਅ ਕਰਦਾ ਕਿ ਪਹਿਲੇ ਪੰਜ ਸਾਲ ਕਿੰਨਾ ਮਾਮਲਾ ਜੱਟ ਨੂੰ ਦੇਣਾ ਪਵੇਗਾ। ਜੇ ਜਮੀਨ ਜ਼ਿਆਦਾ ਸੰਘਣਾ ਜੰਗਲ ਹੋਵੇ ਜਾਂ ਫਿਰ ਥਾਂ ਜ਼ਿਆਦਾ ਹੀ ਉਚੀ-ਨੀਵੀਂ ਹੋਵੇ ਤਾਂ ਪਹਿਲੇ ਕੁਝ ਸਾਲ ਮਾਮਲੇ ਤੋਂ ਮੁਆਫੀ ਵੀ ਮਿਲ ਜਾਂਦੀ ਸੀ। ਕਈ ਵਾਰੀ ਕਈ ਜੱਟਾਂ ਨੂੰ ਸਰਕਾਰ ਇਨਾਮ ਵਜੋਂ ਵੀ ਕੋਈ ਰਕਬਾ ਅਲਾਟ ਕਰ ਦਿੰਦੀ ਸੀ ਤੇ ਉਨ੍ਹਾਂ ਨੂੰ ਵੀ ਸ਼ੁਰੂ ਦੇ ਕੁਝ ਸਾਲ ਮਾਮਲੇ ਤੋਂ ਮਾਫੀ ਹੁੰਦੀ ਸੀ। ਮਾਫੀ ਦੇ ਸਮੇਂ ਤੋਂ ਬਾਅਦ ਪੈਦਾਵਾਰ ਦਾ ਤੀਸਰਾ ਜਾਂ ਚੌਥਾ ਹਿੱਸਾ ਮਾਮਲਾ ਲੱਗਦਾ ਸੀ।
ਉਸ ਤੋਂ ਬਾਅਦ ਪਿੰਡ ਬੰਨਣ ਦੀ ਰਸਮ ਹੁੰਦੀ ਸੀ। ਰਸਮ ਵਿਚ ਨੇੜੇ-ਤੇੜੇ ਦੇ ਹੋਰ ਪਿੰਡਾਂ ਦੇ ਮੁਹਤਬਰ ਲੋਕਾਂ ਨੂੰ ਵੀ ਸੱਦਿਆ ਜਾਂਦਾ ਸੀ। ਪਿੰਡ ਬੱਝਣ ਵਾਲੀ ਥਾਂ ਦੇ ਚੜ੍ਹਦੇ ਬੰਨੇ ਮੋਹੜੀ ਗੱਡੀ ਜਾਂਦੀ ਸੀ। ਮੋਹੜੀ ਗੱਡ ਕੇ ਪਿੰਡ ਬੰਨਣ ਦਾ ਜ਼ਿਕਰ ਇਸ ਤੋਂ ਵੀ ਪੁਰਾਣੇ ਇਤਿਹਾਸਕ ਦਸਤਾਵੇਜ਼ਾਂ ਵਿਚ ਮਿਲਦਾ ਹੈ। ਕੋਈ 8 ਤੋਂ 10 ਫੁਟ ਲੰਮੀ ਮੋਹੜੀ ਅਮੂਮਨ ਕਿਸੇ ਦਰਖਤ ਦਾ ਤਣਾ ਹੁੰਦਾ ਸੀ। ਇਹਨੂੰ 3-4 ਫੁੱਟ ਡੂੰਘਾ ਜਮੀਨ Ḕਚ ਗੱਡਿਆ ਜਾਂਦਾ ਸੀ। ਪੁੱਟੇ ਟੋਏ ਵਿਚ ਗੁੜ, ਚਾਵਲ, ਲਾਲ ਕੱਪੜਾ ਹੇਠਾਂ ਰੱਖਿਆ ਜਾਂਦਾ ਸੀ। ਕਈ ਵਾਰ ਅਜਿਹਾ ਵੀ ਹੁੰਦਾ ਕਿ ਮੋਹੜੀ ਦੀਆਂ ਜੜ੍ਹਾਂ ਲੱਗ ਜਾਂਦੀਆਂ ਤੇ ਹਰਾ ਭਰਾ ਰੁੱਖ ਬਣ ਜਾਂਦਾ। ਜੜ੍ਹ ਲੱਗਣ ਨੂੰ ਸ਼ੁਭ ਗਿਣਿਆ ਜਾਂਦਾ ਸੀ। ਪੂਰਾ ਪਿੰਡ ਇਸ ਮੋਹੜੀ ਰੁਖ ਦਾ ਆਦਰ ਸਤਿਕਾਰ ਕਰਦਾ ਤੇ ਇਹਨੂੰ ਹਰਗਿਜ਼ ਨਹੀਂ ਸੀ ਵੱਢਿਆ ਜਾਂਦਾ। ਰਸਮ ਮੌਕੇ ਮਠਿਆਈ ਵੰਡੀ ਜਾਂਦੀ ਸੀ।
ਪਿੰਡ ਲਈ ਫਿਰ ਖੂਹ ਪੁਟਿਆ ਜਾਂਦਾ ਸੀ। ਪਾਣੀ ਦੇ ਪੱਧਰ ਦਾ ਉਚਾ ਜਾਂ ਨੀਵਾਂ ਹੋਣਾ ਵੀ ਪਿੰਡ ਦੇ ਭਵਿਖ ਬਾਰੇ ਇਸ਼ਾਰਾ ਸਮਝਿਆ ਜਾਂਦਾ ਸੀ।
ਕਿਸੇ ਵੀ ਥੇਹ ਜਾਂ ਬੇਆਬਾਦ ਹੋ ਚੁਕੇ ਪਿੰਡ ਦੇ ਲਾਗੇ ਨਵਾਂ ਪਿੰਡ ਨਹੀਂ ਸੀ ਬੰਨਿਆ ਜਾਂਦਾ। ਬੇਚਰਾਗ ਹੋਏ ਪਿੰਡ ਨੂੰ ਅਮੂਮਨ ਲੋਕ ਕਲਿਹਣਾ ਮੰਨਦੇ ਸਨ ਤੇ ਉਥੇ ਨਵਾਂ ਪਿੰਡ ਬੰਨਣ ਤੋਂ ਪ੍ਰਹੇਜ ਕੀਤਾ ਜਾਂਦਾ ਸੀ।
ਤਰਫੈਣ: ਫਿਰ ਜਮੀਨ ਨੂੰ ਆਪਸ ਵਿਚ ਵੰਡਣ ਦਾ ਸਮਾਂ ਆਉਂਦਾ ਸੀ। ਵੰਡ ਆਪਸੀ ਸਹਿਮਤੀ ਨਾਲ ਕੀਤੀ ਜਾਂਦੀ ਸੀ ਤਾਂ ਕਿ ਹਰ ਕੋਈ ਰਾਜੀ ਹੋਵੇ। ਕਿਹੜੀ ਤਰਫ ਕਿਹੜੇ ਪਰਿਵਾਰ ਨੂੰ ਮਿਲੇਗੀ, ਤੈਅ ਹੋ ਜਾਂਦਾ ਸੀ। ਤਰਫੈਣ ਦਾ ਮਤਲਬ ਤਰਫ (ਫਾਰਸੀ)। ਇਸ ਵਿਚ ਬਰਾਬਰ ਬਰਾਬਰ ਵੰਡਣ ਦਾ ਅਸੂਲ ਨਹੀਂ ਸੀ ਹੁੰਦਾ। ਜਿਹਦੇ ਕੋਲ ਜੋਆਂ ਜਾਂ ਜੋਗਾਂ (ਬਲਦਾਂ ਦੀਆਂ ਜੋੜੀਆਂ) ਵੱਧ ਹੋਣ ਉਹਨੂੰ ਵੱਧ ਜਮੀਨ ਦਿੱਤੀ ਜਾਂਦੀ ਸੀ। ਔਸਤ ਜਰਖੇਜ ਜਮੀਨ ਮਿਸਾਲ ਦੇ ਤੌਰ ‘ਤੇ ਫਿਰੋਜਪੁਰ ਇਲਾਕੇ ਵਿਚ ਇਕ ਜੋਗ ਪਿਛੇ ਤਕਰੀਬਨ 15 ਕਿਲੇ ਮਿਲਦੇ ਸਨ। ਕੰਮੀਆਂ ਨੂੰ ਕਿੰਨਾ ਥਾਂ ਦੇਣਾ ਹੈ, ਉਹ ਵੀ ਅਸੂਲ ਹੁੰਦਾ ਸੀ। ਤਰਫੈਣ ਨੂੰ ਫਿਰ ਅੱਗੇ ਵੰਡਿਆ ਜਾਂਦਾ ਸੀ, ਜਿਨ੍ਹਾਂ ਨੂੰ ਪੱਤੀਆਂ ਕਿਹਾ ਜਾਂਦਾ ਸੀ। ਪੱਤੀਆਂ ਤੈਅ ਕਰਨ ਬਾਅਦ ਫਿਰ ਅੱਗੇ ਵੰਡ ਕਰਕੇ ਲੜੀਆਂ ਬਣਾਈਆਂ ਜਾਂਦੀਆਂ ਸਨ। ਇਹ ਸ਼ਬਦਾਵਲੀ ਅੱਜ ਵੀ ਪਟਵਾਰੀ ਵਰਤਦੇ ਹਨ। ਤਰਫੈਣ ਵੱਡਾ ਖਾਨਦਾਨ ਤੇ ਅਗਲੀ ਵੰਡ ਪੱਤੀ ਤੇ ਫਿਰ ਲੜੀ। ਲੰਬੜਦਾਰ ਪੱਤੀ ਦਾ ਹੁੰਦਾ ਸੀ।
ਲਗਾਨ: 1793 ਈæ ਦੇ ਲਾਰਡ ਕਾਰਨਵੈਲੇਸ ਦੇ ਸੈਟਲਮੈਂਟ ਭਾਵ ਜਮੀਨੀ ਸੁਧਾਰ ਤੋਂ ਪਹਿਲਾਂ ਲਗਾਨ ਜਿਣਸ ਦੇ ਰੂਪ ਵਿਚ ਹੀ ਦਿੱਤਾ ਜਾਂਦਾ ਸੀ। ਹਾਂ, ਕਦੀ ਕਦੀ ਖੜੀ ਖਲੋਤੀ ਫਸਲ ਵੇਚ ਦਿੱਤੀ ਜਾਂਦੀ ਸੀ ਤੇ ਉਸ ਕੇਸ ਵਿਚ ਨਕਦ ਲਗਾਨ ਹੁੰਦਾ ਸੀ। ਲਗਾਨ ਦਾ 70% ਸਰਕਾਰ ਨੂੰ ਜਾਂਦਾ ਤੇ ਬਾਕੀ ਦੇ 30% ਰੈਵੇਨਿਊ ਕਰਿੰਦਿਆਂ ਨੂੰ ਜਾਂਦੇ ਜਿਵੇਂ ਪਟਵਾਰੀ (3æ5%), ਲੰਬੜਦਾਰ (5%), ਚੌਕੀਦਾਰ, ਪਿੰਡ ਦਾ ਸਾਂਝਾ ਖਰਚਾ ਆਦਿ। ਲਗਾਨ ਤੋਂ ਇਲਾਵਾ ਅਨਾਜ ਵਿਚ ਕੰਮੀਆਂ ਦਾ ਹਿੱਸਾ ਵੀ ਤੈਅ ਹੁੰਦਾ ਸੀ।
ਵਿਰਾਸਤ ਦੀ ਤਕਸੀਮ: ਇਸ ਦੇ ਦੋ ਕਾਇਦੇ ਪ੍ਰਚਲਿਤ ਸਨ-ਇਕ ਪੱਗ ਵੰਡ ਤੇ ਦੂਸਰੀ ਚੂੰਡਾ ਵੰਡ। ਪੱਗ ਵੰਡ ਅਸੂਲ ਤਹਿਤ ਵੱਖ ਵੱਖ ਮਾਂਵਾਂ ਦੇ ਜਿੰਨੇ ਮੁੰਡੇ ਹੁੰਦੇ ਸਨ, ਉਨ੍ਹਾਂ ਨੂੰ ਬਰਾਬਰ ਬਰਾਬਰ ਹਿੱਸਾ ਮਿਲਦਾ ਸੀ। ਚੂੰਡਾ ਵੰਡ ਮੁਤਾਬਿਕ ਮਾਂਵਾਂ ਨੂੰ ਬਰਾਬਰ ਦਾ ਹਿੱਸਾ। ਮਤਲਬ ਜੇ ਕਿਸੇ ਮਾਂ ਦਾ ਇਕ ਮੁੰਡਾ ਤਾਂ ਉਹਨੂੰ ਦੂਸਰੀ ਦੇ ਬਰਾਬਰ ਹਿੱਸਾ, ਜਿਹਦੇ ਚਾਰ ਮੁੰਡੇ ਹੋਣ। ਮਤਲਬ ਇਕੱਲੇ ਮੁੰਡੇ ਨੂੰ ਹੀ ਚਾਰ ਦੇ ਬਰਾਬਰ ਹਿਸਾ।