ਸ਼ਾਹ ਆਲਮ ਕੈਂਪ ਦੀਆਂ ਰੂਹਾਂ

ਅਸਗਰ ਵਜਾਹਤ
ਅਨੁਵਾਦ: ਕੇਹਰ ਸ਼ਰੀਫ
ਸ਼ਾਹ ਆਲਮ ਕੈਂਪ ਵਿਚ ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੇ ਹਨ ਪਰ ਰਾਤਾਂ ਕਿਆਮਤ ਦੀਆਂ ਹੁੰਦੀਆਂ ਹਨ। ਹਫੜਾ ਦਫੜੀ ਦਾ ਆਲਮ ਇਹ ਕਿ ਅੱਲ੍ਹਾ ਬਚਾਵੇ। ਇੰਨੀਆਂ ਆਵਾਜ਼ਾਂ ਹੁੰਦੀਆਂ ਹਨ ਕਿ ਕੰਨ ਪਈ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਚੀਕ ਪੁਕਾਰ, ਰੌਲਾ-ਰੱਪਾ, ਰੋਣਾ-ਪਿੱਟਣਾ, ਆਹਾਂ-ਸਿਸਕੀਆਂ!

ਰਾਤੀਂ ਰੂਹਾਂ ਆਪਣੇ ਬਾਲ-ਬੱਚੇ ਨੂੰ ਮਿਲਣ ਆਉਂਦੀਆਂ ਹਨ, ਸਿਰ ‘ਤੇ ਹੱਥ ਫੇਰਦੀਆਂ ਹਨ, ਉਨ੍ਹਾਂ ਦੀਆਂ ਸੁੰਨੀਆਂ ਅੱਖਾਂ ਵਿਚ ਸੁੰਨੀਆਂ ਅੱਖਾਂ ਪਾ ਕੇ ਕੁਝ ਕਹਿੰਦੀਆਂ ਹਨ। ਬੱਚਿਆਂ ਨੂੰ ਛਾਤੀ ਨਾਲ ਲਾਉਂਦੀਆਂ ਹਨ। ਜਿਉਂਦੇ ਸਾੜੇ ਜਾਣ ਤੋਂ ਪਹਿਲਾਂ ਉਨ੍ਹਾਂ ਦੀਆਂ ਜੋ ਸੀਨਾਂ ਪਾੜਵੀਆਂ ਚੀਕਾਂ ਨਿਕਲੀਆਂ ਸਨ, ਉਹ ਪਿਛੋਕੜ ਵਿਚ ਗੂੰਜਦੀਆਂ ਰਹਿੰਦੀਆਂ ਹਨ।
ਸਾਰਾ ਕੈਂਪ ਜਦੋਂ ਸੌਂ ਜਾਂਦਾ ਹੈ ਤਾਂ ਬੱਚੇ ਜਾਗਦੇ ਹਨ। ਉਨ੍ਹਾਂ ਨੂੰ ਉਡੀਕ ਰਹਿੰਦੀ ਹੈ, ਆਪਣੀ ਮਾਂ ਨੂੰ ਦੇਖਣ ਦੀ, ਅੱਬਾ ਨਾਲ ਖਾਣਾ ਖਾਣ ਦੀ।
“ਕਿਵੇਂ ਹੋ ਸਿਰਾਜ?” ਅੰਮਾਂ ਦੀ ਰੂਹ ਨੇ ਸਿਰਾਜ ਦੇ ਸਿਰ ‘ਤੇ ਹੱਥ ਫੇਰਦਿਆਂ ਕਿਹਾ।
“ਤੁਸੀਂ ਕਿਵੇਂ ਹੋ ਅੰਮਾ?”
ਮਾਂ ਖੁਸ਼ ਨਜ਼ਰ ਆ ਰਹੀ ਸੀ, ਕਹਿਣ ਲੱਗੀ, “ਸਿਰਾਜ ਹੁਣ ਮੈਂ ਰੂਹ ਹਾਂ, ਮੈਨੂੰ ਕੋਈ ਜਾਲ ਨਹੀਂ ਸਕਦਾ।”
“ਅੰਮਾ, ਕੀ ਮੈਂ ਵੀ ਤੁਹਾਡੀ ਤਰ੍ਹਾਂ ਹੋ ਸਕਦਾਂ?”

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਪਿਛੋਂ ਇਕ ਔਰਤ ਦੀ ਘਾਬਰੀ ਰੂਹ ਪਹੁੰਚੀ ਜੋ ਆਪਣੇ ਬੱਚੇ ਨੂੰ ਲੱਭ ਰਹੀ ਸੀ। ਬੱਚਾ ਨਾ ਉਸ ਦੁਨੀਆਂ ਵਿਚ ਸੀ, ਨਾ ਹੀ ਉਹ ਕੈਂਪ ਵਿਚ ਸੀ। ਬੱਚੇ ਦੀ ਮਾਂ ਦਾ ਕਾਲਜਾ ਫਟਿਆ ਜਾ ਰਿਹਾ ਸੀ। ਦੂਜੀਆਂ ਔਰਤਾਂ ਦੀਆਂ ਰੂਹਾਂ ਵੀ ਇਸ ਔਰਤ ਨਾਲ ਬੱਚੇ ਨੂੰ ਢੂੰਡਣ ਲੱਗੀਆਂ। ਉਨ੍ਹਾਂ ਨੇ ਇਕੱਠੀਆਂ ਹੋ ਕੇ ਸਾਰਾ ਕੈਂਪ ਛਾਣ ਮਾਰਿਆ, ਮੁਹੱਲੇ ਗਈਆਂ, ਘਰ ਧੂੰਆਂ ਧੂੰਆਂ ਹੋਏ ਜਲ ਰਹੇ ਸਨ। ਕਿਉਂਕਿ ਉਹ ਰੂਹਾਂ ਸਨ ਇਸ ਕਰਕੇ ਜਲਦੇ ਮਕਾਨਾਂ ਅੰਦਰ ਚਲੀਆਂ ਗਈਆਂ। ਕੋਨਾ ਕੋਨਾ ਛਾਣ ਮਾਰਿਆ ਪਰ ਬੱਚਾ ਨਾ ਲੱਭਾ।
ਆਖਰ ਸਭ ਔਰਤਾਂ ਦੀਆਂ ਰੂਹਾਂ ਫਸਾਦੀਆਂ ਕੋਲ ਗਈਆਂ। ਉਹ ਭਲਕ ਲਈ ਪੈਟਰੋਲ ਬੰਬ ਬਣਾ ਰਹੇ ਸਨ, ਬੰਦੂਕਾਂ ਸਾਫ ਕਰ ਰਹੇ ਸਨ, ਹਥਿਆਰ ਚਮਕਾ ਰਹੇ ਸਨ।
ਬੱਚੇ ਦੀ ਮਾਂ ਨੇ ਆਪਣੇ ਬੱਚੇ ਬਾਰੇ ਪੁੱਛਿਆ ਤਾਂ ਉਹ ਹੱਸਣ ਲੱਗੇ ਤੇ ਬੋਲੇ, “ਸੁਣ ਪਾਗਲ ਔਰਤ ਜਦੋਂ ਦਸ ਦਸ, ਵੀਹ ਵੀਹ ਲੋਕਾਂ ਨੂੰ ਇਕੱਠੇ ਸਾੜਿਆ ਜਾਂਦਾ ਹੈ ਤਾਂ ਇਕ ਬੱਚੇ ਦਾ ਹਿਸਾਬ ਕੌਣ ਰੱਖਦਾ ਹੈ? ਪਿਆ ਹੋਣੈ ਕਿਸੇ ਸੁਆਹ ਦੇ ਢੇਰ ਵਿਚ।”
ਮਾਂ ਨੇ ਕਿਹਾ, “ਨਹੀਂ, ਨਹੀਂ ਮੈਂ ਤਾਂ ਹਰ ਥਾਂ ਦੇਖ ਲਿਆ ਹੈ, ਕਿਧਰੇ ਨਹੀਂ ਮਿਲਿਆ।” ਕਿਸੇ ਦੰਗਾਕਾਰੀ ਨੇ ਕਿਹਾ, “ਉਏ, ਇਹ ਕਿਧਰੇ ਉਸ ਬੱਚੇ ਦੀ ਮਾਂ ਤਾਂ ਨਹੀਂ ਜਿਹਨੂੰ ਅਸੀਂ ਤ੍ਰਿਸ਼ੂਲ ਉਤੇ ਟੰਗ ਆਏ ਸਾਂ।”

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਬਾਅਦ ਰੂਹਾਂ ਆਉਂਦੀਆਂ ਹਨ। ਰੂਹਾਂ ਆਪਣੇ ਬੱਚਿਆਂ ਲਈ ਸਵਰਗ ਤੋਂ ਖਾਣਾ, ਪਾਣੀ ਤੇ ਦਵਾਈਆਂ ਲਿਆਉਂਦੀਆਂ ਹਨ। ਇਹੋ ਕਾਰਨ ਹੈ ਕਿ ਸ਼ਾਹ ਆਲਮ ਕੈਂਪ ਵਿਚ ਨਾ ਤਾਂ ਕੋਈ ਬੱਚਾ ਭੁੱਖਾ, ਨੰਗਾ ਰਹਿੰਦਾ ਹੈ, ਨਾ ਹੀ ਬੀਮਾਰ। ਇਸੇ ਕਾਰਨ ਸ਼ਾਹ ਆਲਮ ਕੈਂਪ ਮਸ਼ਹੂਰ ਹੋ ਗਿਆ ਹੈ। ਦੂਰ-ਦੂਰ ਤੱਕ ਮੁਲਕਾਂ ਵਿਚ ਉਸ ਦਾ ਨਾਮ ਹੈ। ਦਿੱਲੀ ਤੋਂ ਇਕ ਵੱਡਾ ਨੇਤਾ ਜਦੋਂ ਸ਼ਾਹ ਆਲਮ ਕੈਂਪ ਦੇ ਦੌਰੇ ‘ਤੇ ਗਿਆ ਤਾਂ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ, “ਇਹ ਤਾਂ ਬਹੁਤ ਵਧੀਆ ਥਾਂ ਹੈ। ਇੱਥੇ ਤਾਂ ਦੇਸ਼ ਦੇ ਸਾਰੇ ਮੁਸਲਮਾਨ ਬੱਚਿਆਂ ਨੂੰ ਪਹੁੰਚਾ ਦੇਣਾ ਚਾਹੀਦਾ ਹੈ।”

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਬਾਅਦ ਰੂਹਾਂ ਆਉਂਦੀਆਂ ਹਨ। ਰਾਤ ਭਰ ਬੱਚਿਆਂ ਨਾਲ ਰਹਿੰਦੀਆਂ ਹਨ, ਉਨ੍ਹਾਂ ਨੂੰ ਰੂਹ ਨਾਲ ਦੇਖਦੀਆਂ ਹਨ, ਉਨ੍ਹਾਂ ਦੇ ਭਵਿੱਖ ਬਾਰੇ ਸੋਚਦੀਆਂ ਹਨ ਤੇ ਗੱਲਬਾਤ ਕਰਦੀਆਂ ਹਨ। “ਸਿਰਾਜ ਹੁਣ ਤੂੰ ਘਰ ਚਲਾ ਜਾਹ।” ਮਾਂ ਦੀ ਰੂਹ ਨੇ ਸਿਰਾਜ ਨੂੰ ਕਿਹਾ।
“ਘਰ?” ਸਿਰਾਜ ਸਹਿਮ ਗਿਆ। ਉਹਦੇ ਚਿਹਰੇ ‘ਤੇ ਮੌਤ ਦੇ ਪਰਛਾਵੇਂ ਨੱਚਣ ਲੱਗੇ।
“ਹਾਂ, ਇੱਥੇ ਕਦੋਂ ਤੱਕ ਰਵੇਂਗਾ? ਮੈਂ ਹਰ ਰੋਜ਼ ਰਾਤ ਨੂੰ ਤੇਰੇ ਕੋਲ ਆਇਆ ਕਰਾਂਗੀ।”
“ਨਹੀਂ, ਮੈਂ ਘਰ ਨਹੀਂ ਜਾਵਾਂਗਾ, ਕਦੀ ਨਹੀਂ, ਕਦੀæææ।”
ਧੂਆਂ, ਅੱਗ, ਚੀਕਾਂ, ਰੌਲਾæææ।
“ਅੰਮਾ, ਮੈਂ ਤੇਰੇ ਅਤੇ ਅੱਬੂ ਨਾਲ ਰਹਾਂਗਾ।”
“ਤੂੰ ਸਾਡੇ ਨਾਲ ਕਿਵੇਂ ਰਹਿ ਸਕਦਾ ਏਂ ਸਿੱਕੂ?”
“ਭਾਈ ਜਾਨ ਤੇ ਭੈਣ ਵੀ ਰਹਿੰਦੇ ਹਨ ਨਾ ਤੁਹਾਡੇ ਨਾਲ!”
“ਉਨ੍ਹਾਂ ਨੂੰ ਵੀ ਸਾਡੇ ਨਾਲ ਹੀ ਜਲਾ ਦਿੱਤਾ ਗਿਆ ਸੀ ਨਾ।”
“ਫੇਰ! ਫੇਰ ਤਾਂ ਮੈਂ ਘਰ ਚਲਾ ਜਾਵਾਂਗਾ ਅੰਮਾ।”

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਪਿਛੋਂ ਇਕ ਬੱਚੇ ਦੀ ਰੂਹ ਆਉਂਦੀ ਹੈ, ਬੱਚਾ ਰਾਤ ਵੇਲੇ ਚਮਕਦੇ ਟਟਹਿਣੇ ਵਰਗਾ ਲਗਦਾ ਹੈ। ਇੱਧਰ ਉਧਰ ਉਡਦਾ ਤੇ ਕੈਂਪ ਵਿਚ ਦੌੜਾ ਫਿਰਦਾ ਹੈ, ਉਛਲਦਾ-ਕੁੱਦਦਾ ਤੇ ਸ਼ਰਾਰਤਾਂ ਕਰਦਾ ਹੈ, ਤੁਤਲਾਉਂਦਾ ਨਹੀਂ, ਸਾਫ ਸਾਫ ਬੋਲਦਾ ਹੈ, ਮਾਂ ਦੇ ਕੱਪੜਿਆਂ ਨਾਲ ਲਿਪਟਿਆ ਰਹਿੰਦਾ ਹੈ, ਬਾਪ ਦੀ ਉਂਗਲ ਫੜੀ ਰੱਖਦਾ ਹੈ।
ਸ਼ਾਹ ਆਲਮ ਕੈਂਪ ਦੇ ਦੂਜੇ ਬੱਚਿਆਂ ਤੋਂ ਵੱਖਰਾ ਇਹ ਬੱਚਾ ਬਹੁਤ ਖੁਸ਼ ਰਹਿੰਦਾ ਹੈ।
“ਤੂੰ ਇੰਨਾ ਖੁਸ਼ ਕਿਉਂ ਰਹਿੰਦਾ ਏਂ ਬੱਚੇ?”
“ਤੁਹਾਨੂੰ ਨਹੀਂ ਪਤਾ, ਇਹ ਤਾਂ ਸਭ ਜਾਣਦੇ ਹਨ।”
“ਕੀ?”
“ਇਹ ਹੀ ਕਿ ਮੈਂ ਸਬੂਤ ਹਾਂ।”
“ਸਬੂਤ? ਕਾਹਦਾ ਸਬੂਤ?”
“ਬਹਾਦਰੀ ਦਾ ਸਬੂਤ ਹਾਂ।”
“ਕਿਹਦੀ ਬਹਾਦਰੀ ਦਾ ਸਬੂਤ ਐਂ?”
“ਉਨ੍ਹਾਂ ਦੀ, ਜਿਨ੍ਹਾਂ ਨੇ ਮੇਰੀ ਮਾਂ ਦਾ ਪੇਟ ਚੀਰ ਕੇ ਮੈਨੂੰ ਕੱਢਿਆ ਸੀ ਅਤੇ ਮੇਰੇ ਦੋ ਟੁਕੜੇ ਕਰ ਦਿੱਤੇ ਸਨ।”

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਪਿਛੋਂ ਰੂਹਾਂ ਆਉਂਦੀਆਂ ਹਨ। ਇਕ ਮੁੰਡੇ ਕੋਲ ਉਹਦੀ ਮਾਂ ਦੀ ਰੂਹ ਆਈ। ਮੁੰਡਾ ਦੇਖ ਕੇ ਹੈਰਾਨ ਹੋ ਗਿਆ।
“ਮਾਂ ਤੂੰ ਅੱਜ ਇੰਨੀ ਖੁਸ਼ ਕਿਉਂ ਏਂ?”
“ਸਿਰਾਜ ਮੈਂ ਅੱਜ ਤੇਰੇ ਦਾਦੇ ਨੂੰ ਮਿਲੀ ਸਾਂ। ਉਨ੍ਹਾਂ ਮੈਨੂੰ ਆਪਣੇ ਅੱਬਾ ਨਾਲ ਮਿਲਾਇਆ। ਉਨ੍ਹਾਂ ਆਪਣੇ ਦਾਦੇ ਨਾਲ, ਨਕੜ ਦਾਦਾ, ਤੇਰੇ ਨਕੜ ਦਾਦੇ ਨੂੰ ਮੈਂ ਮਿਲੀ।” ਮਾਂ ਦੀ ਆਵਾਜ਼ ਵਿਚੋਂ ਖੁਸ਼ੀ ਫੁੱਟ ਰਹੀ ਸੀ। “ਸਿਰਾਜ ਤੇਰੇ ਨਕੜ ਦਾਦਾ ਹਿੰਦੂ ਸਨ, ਹਿੰਦੂæææਸਮਝਿਆ? ਸਿਰਾਜ ਇਹ ਗੱਲ ਸਾਰਿਆਂ ਨੂੰ ਦੱਸ ਦੇਵੀਂ।”

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਪਿਛੋਂ ਰੂਹਾਂ ਆਉਂਦੀਆਂ ਹਨ। ਇਕ ਭੈਣ ਦੀ ਰੂਹ ਆਈ। ਰੂਹ ਆਪਣੇ ਭਰਾ ਨੂੰ ਲੱਭ ਰਹੀ ਸੀ। ਉਸ ਦਾ ਭਰਾ ਉਸ ਨੂੰ ਪੌੜੀਆਂ ‘ਤੇ ਬੈਠਾ ਦਿਸਿਆ। ਭੈਣ ਦੀ ਰੂਹ ਖੁਸ਼ ਹੋਈ। ਉਹ ਨੱਠ ਕੇ ਭਰਾ ਕੋਲ ਪਹੁੰਚੀ ਅਤੇ ਬੋਲੀ, “ਵੀਰਾ।” ਭਰਾ ਨੇ ਸੁਣ ਕੇ ਵੀ ਅਨਸੁਣਿਆ ਕਰ ਦਿੱਤਾ। ਉਹ ਪੱਥਰ ਦੀ ਮੂਰਤੀ ਬਣਿਆ ਬੈਠਾ ਰਿਹਾ।
ਭੈਣ ਨੇ ਫਿਰ ਕਿਹਾ, “ਸੁਣ ਵੀਰਿਆ।” ਭਰਾ ਨੇ ਫਿਰ ਨਾ ਸੁਣਿਆ ਤੇ ਨਾ ਭੈਣ ਵਲ ਦੇਖਿਆ ਹੀ।
“ਤੂੰ ਮੇਰੀ ਗੱਲ ਕਿਉਂ ਨਹੀਂ ਸੁਣਦਾ ਵੀਰਿਆ?” ਭੈਣ ਨੇ ਜੋਰ ਨਾਲ ਕਿਹਾ ਤਾਂ ਭਰਾ ਦਾ ਚਿਹਰਾ ਅੱਗ ਵਾਂਗ ਲਾਲ ਸੁਰਖ ਹੋ ਗਿਆ ਤੇ ਅੱਖਾਂ ਉਬਲਣ ਲੱਗੀਆਂ। ਉਹ ਇਕ ਦਮ ਉਠਿਆ ਤੇ ਭੈਣ ਨੂੰ ਬੁਰੀ ਤਰ੍ਹਾਂ ਕੁੱਟਣ ਲੱਗਾ। ਲੋਕ ਇਕੱਠੇ ਹੋ ਗਏ। ਕਿਸੇ ਨੇ ਕੁੜੀ ਤੋਂ ਪੁੱਛਿਆ ਕਿ ਉਹਨੇ ਅਜਿਹਾ ਕੀ ਕਹਿ ਦਿੱਤਾ ਕਿ ਭਰਾ ਉਹਨੂੰ ਕੁੱਟਣ ਹੀ ਲੱਗ ਪਿਆ?
“ਮੈਂ ਤਾਂ ਸਿਰਫ ਇਹਨੂੰ ਵੀਰਾ ਕਹਿ ਕੇ ਬੁਲਾਇਆ ਹੀ ਹੈ।”
ਇਕ ਬਜ਼ੁਰਗ ਕਹਿਣ ਲੱਗਾ, “ਨਹੀਂ ਸਲੀਮਾ ਨਹੀਂ, ਤੂੰ ਇੰਨੀ ਵੱਡੀ ਗਲਤੀ ਕਿਉਂ ਕੀਤੀ? ਬਜ਼ੁਰਗ ਫੁੱਟ ਫੁੱਟ ਕੇ ਰੋਣ ਲੱਗਾ ਅਤੇ ਭਰਾ ਆਪਣਾ ਸਿਰ ਪਿੱਟਣ ਲੱਗਾ।

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਪਿਛੋਂ ਰੂਹਾਂ ਆਉਂਦੀਆਂ ਹਨ। ਇਕ ਦਿਨ ਹੋਰ ਰੂਹਾਂ ਦੇ ਨਾਲ ਇਕ ਬੁੱਢੇ ਦੀ ਰੂਹ ਵੀ ਸ਼ਾਹ ਆਲਮ ਕੈਂਪ ਵਿਚ ਆ ਗਈ। ਬੁੱਢਾ ਨੰਗੇ ਪਿੰਡੇ ਸੀ, ਉਚੀ ਧੋਤੀ ਬੰਨੀ ਹੋਈ ਸੀ। ਪੈਰਾਂ ਵਿਚ ਚੱਪਲਾਂ ਤੇ ਹੱਥ ਵਿਚ ਇਕ ਬਾਂਸ ਦਾ ਡੰਡਾ ਸੀ। ਧੋਤੀ ਵਿਚ ਉਹਨੇ ਕਿਧਰੇ ਘੜੀ ਬੰਨੀ ਹੋਈ ਸੀ। ਰੂਹਾਂ ਨੇ ਬੁੱਢੇ ਨੂੰ ਪੁੱਛਿਆ, “ਤੁਹਾਡਾ ਵੀ ਕੋਈ ਰਿਸ਼ਤੇਦਾਰ ਕੈਂਪ ਵਿਚ ਹੈ?”
ਬੁੱਢੇ ਨੇ ਕਿਹਾ, “ਨਹੀਂ ਅਤੇ ਹਾਂ।”
ਰੂਹਾਂ ਨੇ ਬੁੱਢੇ ਨੂੰ ਪਾਗਲ ਸਮਝ ਕੇ ਛੱਡ ਦਿੱਤਾ ਅਤੇ ਕੈਂਪ ਦਾ ਗੇੜਾ ਲਾਉਣ ਲੱਗੀਆਂ।
ਕਿਸੇ ਨੇ ਬੁੱਢੇ ਨੂੰ ਪੁੱਛਿਆ, “ਬਾਬਾ ਤੁਸੀਂ ਕਿਸ ਨੂੰ ਲੱਭ ਰਹੇ ਹੋ?” ਬੁੱਢੇ ਬੋਲਿਆ, “ਅਜਿਹੇ ਲੋਕਾਂ ਨੂੰ ਜੋ ਮੇਰਾ ਕਤਲ ਕਰ ਸਕਣ।”
“ਕਿਉਂ?”
“ਅੱਜ ਤੋਂ ਪੰਜਾਹ ਸਾਲ ਪਹਿਲਾਂ ਮੈਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਹੁਣ ਮੈਂ ਚਾਹੁੰਦਾ ਹਾਂ, ਦੰਗਾਕਾਰੀ ਮੈਨੂੰ ਜਿਉਂਦੇ ਨੂੰ ਸਾੜ ਕੇ ਮਾਰ ਦੇਣ।”
“ਤੁਸੀਂ ਇਹ ਕਿਉਂ ਕਰਨਾ ਚਾਹੁੰਦੇ ਹੋ ਬਾਬਾ?”
“ਸਿਰਫ ਇਹ ਦੱਸਣ ਲਈ ਕਿ ਨਾ ਤਾਂ ਉਨ੍ਹਾਂ ਵਲੋਂ ਗੋਲੀ ਮਾਰਿਆਂ ਹੀ ਮੈਂ ਮਰਿਆ ਸੀ ਅਤੇ ਨਾ ਹੀ ਜਿਉਂਦੇ ਸਾੜ ਦੇਣ ਨਾਲ ਮੈਂ ਮਰਾਂਗਾ।”

ਸ਼ਾਹ ਆਲਮ ਕੈਂਪ ਵਿਚ ਇਕ ਰੂਹ ਤੋਂ ਕਿਸੇ ਨੇ ਪੁੱਛਿਆ, “ਤੇਰੇ ਮਾਂ-ਬਾਪ ਹਨ?”
“ਮਾਰ ਦਿੱਤਾ ਸਾਰਿਆਂ ਨੂੰ।”
“ਭੈਣ-ਭਰਾ?”
“ਨਹੀਂ ਹੈ।”
“ਕੋਈ ਹੈ?”
“ਨਹੀਂ।”
“ਇੱਥੇ ਅਰਾਮ ਨਾਲ ਹੋ?”
“ਹਾਂ, ਹਾਂ।”
“ਖਾਣਾ-ਪੀਣਾ ਮਿਲਦਾ ਹੈ?”
“ਹਾਂ, ਮਿਲਦਾ ਹੈ?”
“ਕੱਪੜੇ-ਲੱਤੇ ਹਨ?”
“ਹਾਂ, ਹੈਨ।”
“ਕੁਝ ਚਾਹੀਦਾ ਤਾਂ ਨਹੀਂ?”
“ਕੁਝ ਨਹੀਂ।”
“ਕੁਝ ਨਹੀਂ?”
“ਕੁਝ ਨਹੀਂ।”
ਨੇਤਾ ਜੀ ਖੁਸ਼ ਹੋ ਗਏ। ਸੋਚਿਆ ਮੁੰਡਾ ਸਮਝਦਾਰ ਹੈ। ਮੁਸਲਮਾਨਾਂ ਜਿਹਾ ਨਹੀਂ।

ਸ਼ਾਹ ਆਲਮ ਕੈਂਪ ਵਿਚ ਅੱਧੀ ਰਾਤ ਪਿਛੋਂ ਰੂਹਾਂ ਆਉਂਦੀਆਂ ਹਨ। ਇਕ ਦਿਨ ਰੂਹਾਂ ਨਾਲ ਸ਼ੈਤਾਨ ਦੀ ਰੂਹ ਵੀ ਆ ਗਈ। ਇਧਰ ਉਧਰ ਦੇਖ ਕੇ ਬੜਾ ਸ਼ਰਮਿੰਦਾ ਤੇ ਪ੍ਰੇਸ਼ਾਨ ਹੋਇਆ। ਲੋਕਾਂ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ। ਕੰਨੀ ਕਤਰਾ ਰਿਹਾ ਸੀ। ਰਸਤਾ ਬਦਲ ਲੈਂਦਾ ਸੀ। ਗਰਦਨ ਝੁਕਾ ਕੇ ਤੇਜੀ ਨਾਲ ਉਧਰ ਮੁੜ ਜਾਂਦਾ ਜਿੱਧਰ ਲੋਕ ਨਾ ਹੁੰਦੇ। ਅਖੀਰ ਲੋਕਾਂ ਉਹਨੂੰ ਫੜ੍ਹ ਹੀ ਲਿਆ। ਉਹ ਅਸਲੋਂ ਸ਼ਰਮਿੰਦਾ ਹੋ ਕੇ ਕਹਿਣ ਲੱਗਾ, “ਹੁਣ ਜੋ ਕੁਝ ਹੋਇਆ ਹੈ ਇਸ ਵਿਚ ਮੇਰਾ ਕੋਈ ਹੱਥ ਨਹੀਂ। ਅੱਲ੍ਹਾ ਦੀ ਕਸਮ ਮੇਰਾ ਕੋਈ ਹੱਥ ਨਹੀਂ।”
ਲੋਕਾਂ ਕਿਹਾ, “ਹਾਂ-ਹਾਂ ਅਸੀਂ ਜਾਣਦੇ ਹਾਂ ਕਿ ਤੂੰ ਤਾਂ ਇਵੇਂ ਕਰ ਹੀ ਨਹੀਂ ਸਕਦਾ। ਆਖਰ ਤੇਰਾ ਵੀ ਕੋਈ ਸਟੈਂਡਰਡ ਹੈ।”
ਸ਼ੈਤਾਨ ਠੰਢਾ ਸਾਹ ਲੈ ਕੇ ਕਹਿਣ ਲੱਗਾ, “ਚਲੋ ਦਿਲ ਤੋਂ ਇਕ ਬੋਝ ਲੱਥ ਗਿਆ, ਤੁਸੀਂ ਸੱਚ ਜਾਣਦੇ ਹੋ।”
ਲੋਕਾਂ ਕਿਹਾ, “ਕੁਝ ਦਿਨ ਪਹਿਲਾਂ ਅੱਲ੍ਹਾ ਮੀਆਂ ਵੀ ਆਏ ਸਨ ਅਤੇ ਇਹੋ ਕਹਿ ਰਹੇ ਸਨ।”