-ਜਤਿੰਦਰ ਪਨੂੰ
ਲੋਕਤੰਤਰ ਦੇ ਪੰਜਾਬ ਵਾਲੇ ਅਖਾੜੇ ਵਿਚ ਬੜਾ ਕੁਝ ਏਦਾਂ ਦਾ ਵਾਪਰ ਰਿਹਾ ਹੈ, ਜੋ ਅਸੀਂ ਲੋਕ ਪਹਿਲੀ ਵਾਰ ਵਾਪਰਦਾ ਵੇਖ ਰਹੇ ਹਾਂ। ਇਹ ਪਹਿਲੀ ਵਾਰ ਹੋਇਆ ਕਿ ਚਾਰ ਕੁ ਸਾਲ ਪਹਿਲਾਂ ਬਣੀ ਇੱਕ ਸਿਆਸੀ ਪਾਰਟੀ ਨੇ ਇਸ ਰਾਜ ਦੀ ਸੱਤਾ ਸੰਭਾਲਣ ਦੀ ਦੌੜ ਲਾਈ ਤੇ ਉਸ ਵਿਚ ਭਾਵੇਂ ਉਹ ਸਫਲ ਨਹੀਂ ਸੀ ਹੋਈ, ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਮੁੱਖ ਪਾਰਟੀ ਦਾ ਦਰਜਾ ਲੈਣ ਜੋਗੀ ਹੋ ਗਈ। ਦੋ ਕੁ ਸਾਲ ਪਹਿਲਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਕ ਐਨæ ਆਰæ ਆਈæ ਪਰਿਵਾਰ ਦੇ ਸਮਾਗਮ ਵਿਚ ਇਹ ਗੱਲ ਕਹੀ ਸੀ ਕਿ
ਭਾਰਤ ਦੇ ਜਿਹੜੇ ਵੀ ਰਾਜ ਵਿਚ ਕਾਂਗਰਸ ਪਾਰਟੀ ਲਗਾਤਾਰ ਦੋ ਵਾਰੀ ਹਾਰ ਜਾਂਦੀ ਰਹੀ ਹੈ, ਫਿਰ ਰਾਜ ਕਰਨ ਦੇ ਕਾਬਲ ਨਹੀਂ ਹੋ ਸਕੀ ਤੇ ਪੰਜਾਬ ਵਿਚ ਵੀ ਨਹੀਂ ਹੋ ਸਕਣੀ। ਉਸ ਸਮਾਗਮ ਵਿਚ ਅਸੀਂ ਹਾਜ਼ਰ ਸਾਂ ਤੇ ਸੁਖਬੀਰ ਸਿੰਘ ਨੇ ਇਹ ਗੱਲ ਉਦੋਂ ਸੱਚੀ ਕਹੀ ਸੀ, ਪਰ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਦੋ ਵਾਰ ਹਾਰਨ ਪਿੱਛੋਂ ਕਦੇ ਕਿਸੇ ਰਾਜ ਵਿਚ ਮੁੜ ਕੇ ਅੱਗੇ ਨਾ ਆਉਣ ਦਾ ਫੱਟਾ ਪੁੱਟ ਕੇ ਪੰਜਾਬ ਦੀ ਰਾਜ ਸਾਂਭਣ ਵਾਲੀ ਬਣੀ ਹੈ। ਪਹਿਲੀ ਵਾਰ ਇਹ ਵੀ ਹੋਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਤੇ ਪੰਜ ਵਾਰੀਆਂ ਦੇ ਮੁੱਖ ਮੰਤਰੀ, ਪ੍ਰਕਾਸ਼ ਸਿੰਘ ਬਾਦਲ ਦਾ ਵਿਧਾਇਕ ਦੀ ਸਹੁੰ ਚੁੱਕਣ ਲਈ ਵਿਧਾਨ ਸਭਾ ਵੱਲ ਜਾਣ ਦਾ ਹੀਆ ਨਾ ਪਿਆ ਅਤੇ ਉਹ ਸਪੀਕਰ ਦੇ ਚੈਂਬਰ ਵਿਚ ਏਨੀ ਕਾਰਵਾਈ ਪਾਉਣ ਮਗਰੋਂ ਅਜੇ ਤੱਕ ਵਿਧਾਨ ਸਭਾ ਵਿਚ ਜਾਣ ਲਈ ਮਾਨਸਿਕ ਪੱਖੋਂ ਤਿਆਰ ਨਹੀਂ ਹੋਏ। ਇਹ ਗੱਲ ਵੀ ਪਹਿਲੀ ਵਾਰੀ ਹੋਈ, ਤੇ ਇਸ ਦਾ ‘ਸਿਹਰਾ’ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਟੀਮ ਦੀ ‘ਮਿਹਨਤ’ ਦੇ ਸਿਰ ਬੱਝਦਾ ਹੈ ਕਿ ਕਰੀਬ ਇੱਕ ਸਦੀ ਉਮਰ ਵਾਲਾ ਅਕਾਲੀ ਦਲ, ਇਨ੍ਹਾਂ ਚੋਣਾਂ ਵਿਚ ਏਨੀਆਂ ਸੀਟਾਂ ਤੱਕ ਸਿਮਟ ਗਿਆ ਕਿ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੋਵਾਂ ਨੂੰ ਵਿਧਾਨ ਸਭਾ ਵਿਚ ਆਪਣੇ ਵਿਧਾਇਕਾਂ ਦੀ ਅਗਵਾਈ ਕਰਨੀ ਚੰਗੀ ਨਹੀਂ ਲੱਗ ਸਕੀ। ਅਜੀਤ ਸਿੰਘ ਕੁਹਾੜ ਦਾ ਨੌਂਗਾ ਉਵੇਂ ਹੀ ਪਿਆ ਹੈ, ਜਿਵੇਂ ਆਜ਼ਾਦੀ ਪਿੱਛੋਂ 70 ਵਿਚੋਂ 54 ਸਾਲ ਰਾਜ ਕਰ ਚੁੱਕੀ ਕਾਂਗਰਸ ਦੇ ਸਿਰਫ 44 ਪਾਰਲੀਮੈਂਟ ਮੈਂਬਰ ਆਏ ਵੇਖ ਕੇ ਸੋਨੀਆ ਗਾਂਧੀ ਨੇ ਆਪਣੀ ਥਾਂ ਮਲਿਕਾਰਜੁਨ ਖੜਗੇ ਦੇ ਸਿਰ ਲੀਡਰੀ ਦਾ ਫਰਲਾ ਟੰਗ ਦਿੱਤਾ ਸੀ।
ਜਿਸ ਪੰਜਾਬ ਵਿਚ ਏਨੀਆਂ ਗੱਲਾਂ ਪਹਿਲੀ ਵਾਰ ਹੋਈਆਂ ਹਨ, ਉਸ ਨੇ ਇਸ ਹਫਤੇ ਅਸੈਂਬਲੀ ਵਿਚ ਧਮੱਚੜ ਪਾਉਣ ਦਾ ਉਹ ਰਿਕਾਰਡ ਵੀ ਬਣਦਾ ਵੇਖ ਲਿਆ, ਜੋ ਪਹਿਲੀ ਵਾਰ ਪਿਆ ਹੈ, ਅੱਗੇ ਕਦੇ ਨਹੀਂ ਪਿਆ। ਇਹ ਵੀ ਪਹਿਲੀ ਵਾਰ ਹੋਇਆ ਕਿ ਵਿਧਾਨ ਸਭਾ ਦੇ ਸਪੀਕਰ ਦੇ ਖਿਲਾਫ ਕੁਝ ਦੋਸ਼ ਸਿੱਧੇ ਲਾਏ ਗਏ ਹਨ, ਭਾਵੇਂ ਉਨ੍ਹਾਂ ਦਾ ਉਸ ਨਾਲ ਆਪਣਾ ਸਬੰਧ ਨਹੀਂ, ਉਸ ਦੇ ਜਵਾਈ ਦਾ ਮਾਮਲਾ ਹੈ ਤੇ ਪਰਿਵਾਰ ਦੇ ਜੀਆਂ ਦੇ ਕੀਤੇ ਦੀ ਜ਼ਿੰਮੇਵਾਰੀ ਕਾਨੂੰਨੀ ਤੌਰ ਉਤੇ ਕਿਸੇ ਨੇਤਾ ਦੀ ਨਹੀਂ ਬਣਦੀ। ਫਿਰ ਵੀ ਇਹ ਦੋਸ਼ ਅਕਾਲੀਆਂ ਨਹੀਂ ਲਾਏ, ਸਗੋਂ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ ਲਾਏ ਹਨ, ਜਿਸ ਕੋਲ ਕਾਂਗਰਸੀਆਂ-ਅਕਾਲੀਆਂ ਦੋਵਾਂ ਦੇ ਖਿਲਾਫ ਦਸਤਾਵੇਜ਼ਾਂ ਦੇ ਥੱਬੇ ਪਏ ਸੁਣੀਂਦੇ ਹਨ। ਖਹਿਰਾ ਦੋਸ਼ ਲਾਉਂਦਾ ਸੀ ਤਾਂ ਸਪੀਕਰ ਨੂੰ ਕਾਨੂੰਨ ਪੱਖੋਂ ਜਵਾਬ ਦੇਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਖਹਿਰਾ ਅਤੇ ਲੁਧਿਆਣੇ ਵਾਲੇ ਦੋ ਬੈਂਸ ਭਰਾ ਵਿਧਾਇਕਾਂ ਨੂੰ ਸਿਰਫ ਸਦਨ ਤੋਂ ਨਹੀਂ, ਸਮੁੱਚੇ ਵਿਧਾਨ ਸਭਾ ਭਵਨ ਤੋਂ ਹੀ ਬਾਹਰ ਕਰਨ ਦਾ ਉਹ ਹੁਕਮ ਦੇ ਦਿੱਤਾ, ਜੋ ਪਹਿਲੀ ਵਾਰੀ ਹੋਇਆ ਸਮਝਿਆ ਜਾਂਦਾ ਹੈ।
ਇਹ ਉਹ ਹਾਲਾਤ ਸਨ, ਜਿਨ੍ਹਾਂ ਪਿੱਛੋਂ 22 ਜੂਨ ਨੂੰ ਵਿਧਾਨ ਸਭਾ ਵਿਚ ਅਣਕਿਆਸੇ ਰੱਫੜ ਪੈਣ ਦੇ ਬਾਅਦ ਮਾਰਸ਼ਲਾਂ ਨੇ ਵਿਧਾਇਕਾਂ ਨੂੰ ਚੁੱਕ ਕੇ ਅਤੇ ਕੁਝ ਹੱਦ ਤੱਕ ਘੜੀਸ ਕੇ ਬਾਹਰ ਕੱਢਿਆ। ਭੇੜ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਚਾਲੇ ਸੀ, ਅਕਾਲੀ ਇਸ ਵਿਚ ਇਸ ਲਈ ਕੁੱਦ ਪਏ ਕਿ ਇਸ ਸਰਗਰਮੀ ਨਾਲ ਆਮ ਆਦਮੀ ਪਾਰਟੀ ਹੌਲੀ-ਹੌਲੀ ਆਮ ਲੋਕਾਂ ਦੀ ਨਜ਼ਰ ਵਿਚ ਕਾਂਗਰਸ ਦਾ ਰਾਹ ਰੋਕਣ ਵਾਲੀ ਅਸਲੀ ਧਿਰ ਵਾਲਾ ਅਕਸ ਬਣਾਈ ਜਾਂਦੀ ਤੇ ਅਕਾਲੀ ਪਛੜਦੇ ਜਾਂਦੇ ਹਨ। ਇਸ ਪਿੱਛੋਂ ਸੁਖਬੀਰ ਸਿੰਘ ਬਾਦਲ ਨੇ ਢੰਗ ਦੀ ਲੜਾਈ ਨਹੀਂ ਲੜੀ, ਸਗੋਂ ਆਪ ਵਾਲਿਆਂ ਦੀ ਹਮਦਰਦੀ ਕਰਨ ਦੇ ਬਹਾਨੇ ਇਹ ਮੁੱਦਾ ਚੁੱਕ ਲਿਆ ਕਿ ਵਿਧਾਇਕਾਂ ਦੀ ਬੇਇਜਤੀ ਹੋਈ ਹੈ। ਏਦਾਂ ਦੀ ਬੇਇਜਤੀ ਉਨ੍ਹਾਂ ਦੇ ਆਪਣੇ ਰਾਜ ਵਿਚ ਕਈ ਵਾਰੀ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਹੋ ਚੁਕੀ ਸੀ ਤੇ ਜੇ ਇਸ ਦਾ ਗੁੱਸਾ ਸੀ ਤਾਂ ਬੇਇਜਤੀ ਦੇ ਜਵਾਬ ਵਿਚ ਬੇਇਜਤੀ ਕਰਨ ਦਾ ਰਾਹ ਨਹੀਂ ਸੀ ਚੁਣਨਾ ਚਾਹੀਦਾ। ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਲਈ ‘ਗੁੰਡਾ’ ਸ਼ਬਦ ਦੀ ਵਰਤੋਂ ਕੀਤੀ ਤੇ ਇਸ ਨਾਲ ਵਿਧਾਨ ਸਭਾ ਦੀ ਸ਼ਬਦਾਵਲੀ ਦੇ ਸ਼ਬਦ-ਕੋਸ਼ ਵਿਚ ਉਹ ਨਵਾਂ ਵਾਧਾ ਕਰ ਦਿੱਤਾ, ਜੋ ਪਹਿਲੀ ਵਾਰ ਹੋਇਆ ਹੈ। ਭਵਿੱਖ ਦੀਆਂ ਬਹਿਸਾਂ ਦੌਰਾਨ ਮੁੜ-ਮੁੜ ਕੇ ਵਿਧਾਇਕਾਂ ਦੇ ਆਪਸੀ ਚੁੰਝ-ਭਿੜਾਈ ਵੇਲੇ ‘ਕੰਮ ਆਉਂਦਾ’ ਰਹੇਗਾ।
ਵਿਧਾਨ ਸਭਾ ਸਮਾਗਮ ਸ਼ੁਰੂ ਹੋਣ ਤੋਂ ਲੈ ਕੇ ਘਟੀਆ ਘਟਨਾਵਾਂ ਵਾਪਰਨ ਦੀ ਘੜੀ ਪੁੱਜਣ ਤੱਕ ਪੂਰਾ ਸਮਾਂ ਉਥੇ ਹੋਈਆਂ ਬਹਿਸਾਂ ਨੂੰ ਅਸੀਂ ਧਿਆਨ ਨਾਲ ਵਾਚਿਆ ਸੀ ਅਤੇ ਇਸ ਆਧਾਰ ਉਤੇ ਕਹਿ ਸਕਦੇ ਹਾਂ ਕਿ ਸਾਰਾ ਦੋਸ਼ ਵਿਰੋਧੀ ਧਿਰ ਦਾ ਨਹੀਂ। ਹਾਕਮ ਧਿਰ ਦੇ ਨਵਜੋਤ ਸਿੰਘ ਸਿੱਧੂ ਵਰਗੇ ਕੁਝ ਲੋਕ ਵੀ ਹਰ ਗੱਲ ਮਿਹਣੇਬਾਜ਼ੀ ਅਤੇ ਚੂੰਢੀਆਂ ਵੱਢਣ ਦੀ ਭਾਸ਼ਾ ਵਿਚ ਕਰਦੇ ਸਨ। ਪਾਰਲੀਮੈਂਟ ਵਿਚ ਏਦਾਂ ਦੇ ਇੱਕ ਮੌਕੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਦੋ ਬੇਗਾਨੀਆਂ ਧਿਰਾਂ ਦੀ ਲੜਾਈ ਵਿਚ ਦਖਲ ਦੇ ਕੇ ਕਿਹਾ ਸੀ ਕਿ ਹਾਕਮ ਤੇ ਵਿਰੋਧੀ ਧਿਰ ਵਾਲੇ ਜਿਹੜੀ ਭਾਸ਼ਾ ਵਰਤਣ ਦੇ ਰਾਹ ਪੈ ਗਏ ਹਨ, ਭਲਕ ਨੂੰ ਨਵੇਂ ਆਏ ਮੈਂਬਰ ਉਹੋ ਭਾਸ਼ਾ ਇਸ ਦੇਸ਼ ਦੇ ਸਤਿਕਾਰਤ ਆਗੂਆਂ ਦੇ ਖਿਲਾਫ ਵਰਤਣਗੇ। ਇਹ ਭਾਸ਼ਾ ਸੁਣਨ ਦੀ ਤਿਆਰੀ ਵੀ ਉਹ ਹੁਣੇ ਤੋਂ ਕਰ ਲੈਣ। ਅਗਲੇ ਦਿਨ ਸਭਨਾਂ ਧਿਰਾਂ ਦੇ ਵੱਡੇ ਲੀਡਰਾਂ ਦੀ ਮੀਟਿੰਗ ਹੋਈ ਤੇ ਇਸ ਗੱਲ ਦੀ ਸਹਿਮਤੀ ਹੋ ਗਈ ਸੀ ਕਿ ਬੋਲੀ ਦੀ ਮਰਿਆਦਾ ਕਾਇਮ ਰੱਖੀ ਜਾਵੇਗੀ। ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਇੱਕ ਵਾਰੀ ਹਾਕਮ ਧਿਰ ਦੇ ਮੈਂਬਰਾਂ ਨੇ ਨਵਜੋਤ ਸਿੱਧੂ ਦੇ ਢੰਗ ਨਾਲ ਬੋਲਣਾ ਸ਼ੁਰੂ ਕੀਤਾ ਤਾਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਹਿ ਦਿੱਤਾ ਸੀ ਕਿ ਜਿੱਦਾਂ ਦਾ ਵਿਹਾਰ ਕਰ ਕੇ ਅੱਜ ਸਾਨੂੰ ਬੋਲਣ ਤੋਂ ਤੁਸੀਂ ਰੋਕਣ ਲੱਗੇ ਹੋਏ ਹੋ, ਯਾਦ ਰੱਖੋ, ਭਲਕੇ ਜਦੋਂ ਬਾਦਲ ਸਾਹਿਬ ਬੋਲਣਗੇ ਤਾਂ ਸਾਡੇ ਮੈਂਬਰ ਵੀ ਇਹੋ ਕਰ ਸਕਦੇ ਹਨ। ਉਸ ਦੇ ਏਨੀ ਗੱਲ ਕਹਿਣ ਨੇ ਮੁੱਦਾ ਸ਼ਾਂਤ ਕਰਨ ਲਈ ਸਾਰਿਆਂ ਨੂੰ ਮਜਬੂਰ ਕਰ ਦਿੱਤਾ ਸੀ ਅਤੇ ਬਾਕੀ ਦਾ ਸਾਰਾ ਸਮਾਗਮ ਆਰਾਮ ਨਾਲ ਚੱਲਦਾ ਰਿਹਾ ਸੀ।
ਇਸ ਵਾਰ ਇਸ ਗੱਲ ਦੀ ਘਾਟ ਮਹਿਸੂਸ ਕੀਤੀ ਗਈ ਹੈ। ਘਾਟ ਬੀਬੀ ਰਾਜਿੰਦਰ ਕੌਰ ਦੇ ਵਿਧਾਇਕ ਨਾ ਹੋਣ ਦੀ ਨਹੀਂ, ਉਹ ਆਪਣੀ ਗਲਤੀ ਨਾਲ ਚੋਣ ਹਾਰ ਗਈ ਹੈ, ਸਗੋਂ ਘਾਟ ਦੋ ਵੱਡੇ ਆਗੂਆਂ ਦੇ ਸਦਨ ਵਿਚ ਨਾ ਹੋਣ ਦੀ ਮਹਿਸੂਸ ਕੀਤੀ ਜਾਂਦੀ ਹੈ। ਮੁੱਖ ਮੰਤਰੀ ਦੇ ਪੈਰ ਉਤੇ ਸੱਟ ਲੱਗੀ ਹੋਣ ਕਾਰਨ ਲਗਾਤਾਰ ਨਹੀਂ ਆ ਸਕਦੇ ਤਾਂ ਉਲਝੇ ਹਾਲਾਤ ਵਿਚ ਅਤੇ ਖਾਸ ਕਰ ਕੇ ਜਦੋਂ ਹਾਕਮ ਧਿਰ ਦਾ ਕੋਈ ਮੈਂਬਰ ਬੇਹੂਦਾ ਬੋਲੀ ਬੋਲਦਾ ਹੈ, ਉਸ ਨੂੰ ਆਪਣੇ ਘਰ ਸੱਦ ਕੇ ਸਮਝਾਉਣ ਦਾ ਕੰਮ ਕਰ ਸਕਦੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਪੱਖੋਂ ਕੁਝ ਕੀਤਾ ਜਾਂ ਨਹੀਂ, ਸਾਨੂੰ ਇਸ ਬਾਰੇ ਪਤਾ ਨਹੀਂ, ਪਰ ਅਕਾਲੀ ਦਲ ਦੇ ਸਰਪ੍ਰਸਤ ਬਾਪੂ ਬਾਦਲ ਨੂੰ ਵੀ ਛੋਟੇ ਗਰੁਪ ਦੀ ਲੀਡਰੀ ਦੀ ਸੰਗ ਛੱਡ ਕੇ ਏਦਾਂ ਦੇ ਵਕਤ ਉਥੇ ਜਾਣਾ ਤੇ ਲੋਕਤੰਤਰੀ ਪਰਿਵਾਰ ਦੇ ਬਜ਼ੁਰਗ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ। ਇਥੇ ਤਾਂ ਕਾਂਗਰਸੀ ਰਾਜ ਹੈ, ਕੇਂਦਰ ਵਿਚ ਰਾਜ ਕਰਦੀ ਭਾਜਪਾ ਦੇ ਆਗੂਆਂ ਨੇ ਖੁਦ ਆਪਣੇ ਬਾਪੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਿਸੇ ਗਿਣਤੀ ਵਿਚ ਨਹੀਂ ਰੱਖਿਆ, ਪਰ ਪਿਛਲੇ ਸਮਾਗਮ ਵਿਚ ਉਸ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਗੱਲ ਕਹਿ ਦਿੱਤੀ ਸੀ ਕਿ ਜੋ ਕੁਝ ਹੋ ਰਿਹਾ ਹੈ, ਇਹ ਪਾਰਲੀਮੈਂਟ ਦੇ ਪੱਧਰ ਦਾ ਨਹੀਂ। ਅਡਵਾਨੀ ਨੇ ਜਿੰਨੀ ਗੱਲ ਉਥੇ ਕਹੀ, ਉਹੋ ਕਹਿਣ ਵਾਸਤੇ ਬਾਦਲ ਸਾਹਿਬ ਵਿਧਾਨ ਸਭਾ ਜਾ ਸਕਦੇ ਸਨ, ਪਰ ਉਹ ਨਹੀਂ ਗਏ। ਹਸਪਤਾਲ ਵਿਚ ਆਮ ਆਦਮੀ ਪਾਰਟੀ (ਆਪ) ਵਾਲਿਆਂ ਨਾਲ ਹਮਦਰਦੀ ਦਾ ਉਹ ਪ੍ਰਗਟਾਵਾ ਕਰਨ ਚਲੇ ਗਏ, ਜੋ ਉਨ੍ਹਾਂ ਨੇ ਚੌਵੀ ਘੰਟਿਆਂ ਵਿਚ ਠੁਕਰਾ ਦਿੱਤਾ। ‘ਆਪ’ ਦੇ ਬੁਲਾਰੇ ਨੂੰ ਜਦੋਂ ਪੁੱਛਿਆ ਗਿਆ ਕਿ ਬਾਦਲ ਬਾਪ-ਬੇਟਾ ਤੁਹਾਡੇ ਨਾਲ ਹਮਦਰਦੀ ਕਰਨ ਆਏ ਸਨ ਤਾਂ ਉਸ ਨੇ ਹੱਸ ਕੇ ਕਹਿ ਦਿੱਤਾ ਕਿ ਹਮਦਰਦੀ ਕਰਨ ਨਹੀਂ, ਸਾਡੇ ਕਾਰਨ ਬਣਿਆ ਮੌਕਾ ਵਰਤਣ ਆਏ ਸਨ, ਤੇ ਇਹ ਟੋਟਕਾ ਜੋੜਨ ਤੋਂ ਵੀ ਨਹੀਂ ਖੁੰਝਿਆ ਕਿ ‘ਉਹ ਮੌਕਾਪ੍ਰਸਤ ਜੁ ਹੋਏ।’
ਅਖੀਰ ਵਿਚ ਇੱਕ ਗੱਲ ‘ਆਪ’ ਲੀਡਰਾਂ ਦੇ ਸੋਚਣ ਦੀ ਹੈ। ਉਨ੍ਹਾਂ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਭੱਲ ਵੀ ਬੜੀ ਖੱਟੀ ਤੇ ਭੱਲ ਤੋਂ ਬਾਅਦ ਭੁੱਲਾਂ ਵੀ ਏਨੀਆਂ ਕੀਤੀਆਂ ਕਿ ਹੁਣ ਦਿੱਲੀ ਵਿਚ ਹਾਲ ਚੰਗਾ ਨਹੀਂ ਕਿਹਾ ਜਾ ਰਿਹਾ। ਚਾਰੇ ਪਾਸਿਓਂ ਹੁੰਦੇ ਸਿਆਸੀ ਹੱਲੇ ਦਾ ਸਾਹਮਣਾ ਕਰਨਾ ਇੱਕ ਗੱਲ ਹੈ, ਰਾਸ਼ਟਰਪਤੀ ਚੋਣ ਵਿਚ ਸਾਰੇ ਦੇਸ਼ ਦੀਆਂ ਹਰ ਰੰਗ ਦੀਆਂ ਧਿਰਾਂ ਨਾਲੋਂ ਏਨਾ ਕੱਟਿਆ ਪਿਆ ਹੈ ਕਿ ਕਿਤੇ ਜ਼ਿਕਰ ਨਹੀਂ ਹੁੰਦਾ। ਮਾਇਆਵਤੀ ਤੇ ਅਰਵਿੰਦ ਕੇਜਰੀਵਾਲ ਦੋ ਅਜਿਹੇ ਆਗੂ ਹਨ, ਜਿਨ੍ਹਾਂ ਨੂੰ ਕੋਈ ਨੇੜੇ ਲਾਉਣ ਨੂੰ ਤਿਆਰ ਨਹੀਂ ਅਤੇ ਇਹ ਦੋਵੇਂ ਵੀ ਇੱਕ ਦੂਸਰੇ ਨਾਲ ਚੱਲਣ ਦਾ ਫੈਸਲਾ ਕਰਨ ਦੀ ਹਿੰਮਤ ਨਹੀਂ ਕਰ ਸਕਦੇ। ਕਿਸੇ ਵਕਤ ਵੱਡੀ ਚੜ੍ਹਤ ਵਾਲੇ ਦੌਰ ਹੰਢਾ ਚੁਕੀ ਬਹੁਜਨ ਸਮਾਜ ਪਾਰਟੀ ਜਿਵੇਂ ਹੁਣ ਕਿਸੇ ਖਾਤੇ ਵਿਚ ਨਹੀਂ ਰਹਿ ਗਈ, ਉਹ ਦੌਰ ਅਗਲੇ ਸਾਲਾਂ ਵਿਚ ਆਪਣੇ ਪੱਲੇ ਪੈਣ ਤੋਂ ਬਚਾਉਣਾ ਹੈ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ, ਦਿੱਲੀ ਵਿਚ ਨਾ ਸਹੀ, ਪੰਜਾਬ ਵਿਚ ਸੋਚਣਾ ਪੈਣਾ ਹੈ। ਲੋਕ ਕਿਸੇ ਦੇ ਪਿਛਲੱਗ ਨਹੀਂ ਹੁੰਦੇ। ਪਾਰਲੀਮੈਂਟ ਚੋਣ ਬਹੁਤ ਨੇੜੇ ਹੈ, ਉਦੋਂ ਤੱਕ ਇਸ ਨਵੀਂ ਪਾਰਟੀ ਨੂੰ ਅਕਲ ਨਾਲ ਚੱਲਣ ਬਾਰੇ ਸੋਚਣਾ ਜਾਂ ਫਿਰ ਭਾਣਾ ਮੰਨਣ ਲਈ ਮਾਨਸਿਕ ਤਿਆਰੀ ਸ਼ੁਰੂ ਕਰਨੀ ਹੋਵੇਗੀ।
ਹਾਲਾਤ ਏਦਾਂ ਦੇ ਨਹੀਂ ਕਿ ਕਿਸੇ ਇੱਕ ਧਿਰ ਉਤੇ ਸਾਰਾ ਜ਼ਿੰਮਾ ਸੁੱਟ ਕੇ ਕਿਸੇ ਸੁਧਾਰ ਦੀ ਆਸ ਰੱਖ ਲਈ ਜਾਵੇ, ਪੰਜਾਬ ਦੀ ਵਿਧਾਨ ਸਭਾ ਵਿਚਲੀਆਂ ਤਿੰਨਾਂ ਵੱਡੀਆਂ ਧਿਰਾਂ ਨੂੰ ਨਜ਼ਾਕਤ ਸਮਝ ਕੇ ਚੱਲਣਾ ਪਵੇਗਾ।