ਸੁਰਜੀਤ ਸਿੰਘ ਪੰਛੀ
ਸ੍ਰੀ ਗੁਰੂ ਗ੍ਰੁੰਥ ਸਾਹਿਬ ਦੂਜੇ ਸਾਰੇ ਧਰਮਾਂ ਦੇ ਗ੍ਰੰਥਾਂ ਨਾਲੋਂ ਵੱਖਰੀ ਤਰ੍ਹਾਂ ਅਰੰਭ ਹੁੰਦਾ ਹੈ। ਬਾਈਬਲ ਬਹੁਤ ਸਾਰੇ ਦੇਵਤਿਆਂ ਦੇ ਨਾਂਵਾਂ ਨਾਲ ਸ਼ੁਰੂ ਹੁੰਦੀ ਹੈ। ਹਿਬਰੂ ਸ਼ਬਦ ਅਲਾਹਿਮ ਜਾਂ ਅਲੋਹਿਮ ਸਾਮੀ ਭਾਸ਼ਾ ਦੇ ਅੱਲ੍ਹਾ ਜਾਂ ਰੱਬ ਦੇ ਬਹੁ-ਵਚਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਦੇ ਗਿਣਤੀ ਵਾਲੇ ਅੱਖਰ ੧ (ਇਕ) ਨਾਲ ਸ਼ੁਰੂ ਹੁੰਦਾ ਹੈ। ਪ੍ਰੋæ ਸਾਹਿਬ ਸਿੰਘ ਅਨੁਸਾਰ ਮੂਲ ਮੰਤਰ ਮੰਗਲਾਚਰਨ ਹੈ।
ਸਾਡੇ ਕੀਰਤਨੀਏ, ਕਥਾਕਾਰ ਜਾਂ ਕਵੀਸ਼ਰ ਆਦਿ ਪਰਮਾਤਮਾ ਦੀ ਸਿਫਤ ਦੇ ਸ਼ਬਦਾਂ ਨਾਲ ਸ਼ੁਰੂ ਕਰਦੇ ਹਨ। ਕਿੱਸਾਕਾਰ ਅਤੇ ਵਾਰਾਂ ਦੇ ਰਚੈਤਾ ਵੀ ਅਰੰਭ ਵਿਚ ਅਕਾਲ ਪੁਰਖ ਦੀ ਉਸਤਤ ਦੇ ਸ਼ਬਦ ਲਿਖਦੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਨੇ ‘ਜਪੁ’ ਸਾਹਿਬ ਦੀ ਬਾਣੀ ਲਿਖਣ ਤੋਂ ਪਹਿਲਾਂ ਮੂਲ ਮੰਤਰ ਵੀ ਅਕਾਲ ਪੁਰਖ ਦੀ ਉਸਤਤ ਵਿਚ ਲਿਖਿਆ ਹੈ। ਮੂਲ ਮੰਤਰ: ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਪ੍ਰੋæ ਸਾਹਿਬ ਸਿੰਘ ਅਰਥ ਕਰਦੇ ਹਨ, “ਅਕਾਲ ਪੁਰਖ ਇਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ (ਭਾਵ, ਜਿਸ ਦਾ ਸਰੀਰ ਨਾਸ ਰਹਿਤ ਹੈ) ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।”
ਮੂਲਮੰਤਰ ਅਕਾਲ ਪੁਰਖ ਪਰਮਾਤਮਾ ਦੀ ਪੂਰਨ ਵਿਆਖਿਆ ਹੈ ਕਿ ਉਹ ਹੈ ਕੀ?
੧ ਲਿਖਣ ਦਾ ਭਾਵ ਪਰਮਾਤਮਾ ਇਕ ਹੈ ਅਤੇ ਕੇਵਲ ਇਕ, ਹੋਰ ਦੂਜਾ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਵਾਰ ਇਸ ਦੀ ਪ੍ਰੋੜ੍ਹਤਾ ਕੀਤੀ ਗਈ ਹੈ।
ਸਾਹਿਬੁ ਮੇਰਾ ਏਕੋ ਹੈ॥
ਏਕੋ ਹੈ ਭਾਈ eੋਕੋ ਹੈ॥
(ਪੰਨਾ 350 ਰਾਗ ਆਸਾ ਮ:1)
ਇਸ ਦਾ ਅਰਥ ਇਹ ਵੀ ਹੈ ਕਿ ਉਹ ਕਿਸੇ ਹੋਰ ਤੱਤਾਂ ਦਾ ਮਿਸ਼ਰਨ ਨਹੀਂ। ਉਹ ਨਿਰੋਲ ਹੈ:
ਰੂਪੁ ਨ ਰੇਖ ਨ ਰੰਗੁ ਕਿਛੁ
ਤ੍ਰਿਹੁ ਗੁਣ ਤੇ ਪ੍ਰਭ ਭਿੰਨ॥
(ਪੰਨਾ 283 ਗਉੜੀ ਸੁਖਮਣੀ ਮ: 1)
ਅਕਾਲ ਪੁਰਖ ਦਾ ਸਾਨੀ ਕੋਈ ਨਹੀਂ, ਉਹ ਅਦੁਤੀ ਹੈ:
ਗੁਣੁ ਏਹੋ ਹੋਰੁ ਨਾਹੀ ਕੋਇ॥
ਨਾ ਕੋ ਹੋਆ ਨਾ ਕੋ ਹੋਇ॥
(ਪੰਨਾ 9 ਜਪੁਜੀ ਸਾਹਿਬ)
ਅਕਾਲ ਪੁਰਖ ਪੂਰਾ ਸੂਰਾ ਤੇ ਸ਼ਕਤੀਸ਼ਾਲੀ ਹੈ:
ਤਿਸੁ ਬਿਨੁ ਘੜੀ ਨ ਜੀਵੀਐ
ਭਾਈ ਸਰਬ ਕਲਾ ਭਰਪੂਰਿ।
(ਪੰਨਾ 640 ਰਾਗ ਸੋਰਠਿ ਮ: 5)
ਅਕਾਲ ਪੁਰਖ ਦਾ ਕੋਈ ਵਾਰਸ ਨਹੀਂ। ਉਹ ਸਰਬ ਵਿਆਪਕ ਤੇ ਹਰ ਤਰ੍ਹਾਂ ਸਮਰੱਥ ਹੈ। ਉਸ ਦੀ ਕੋਈ ਸੀਮਾ ਨਹੀਂ। ਉਹ ਅਨੰਤ ਹੈ। ਰਹੱਸਪੂਰਨ ਹੈ ਅਤੇ ਅਕਥ ਹੈ:
ਪੁੜੁ ਧਰਤੀ ਪੁੜੁ ਪਾਣੀ ਆਸਣੁ
ਚਾਰਿ ਕੁੰਟ ਚਉਬਾਰਾ॥
ਸਗਲ ਭਵਣ ਕੀ ਮੂਰਤਿ ਏਕਾ
ਮੁਖਿ ਤੇਰੈ ਟਕਸਾਲਾ॥੧॥
(ਪੰਨਾ 596 ਰਾਗ ਸੋਰਠਿ ਮ: 1)
ਬਾਈਬਲ ਤੇ ਕੁਰਾਨ ਆਦਿ ਗ੍ਰੰਥ ਪਹਿਲਾਂ ਜ਼ੁਬਾਨੀ ਗਾਏ ਤੇ ਸੁਣੇ ਜਾਂਦੇ ਸਨ, ਲਿਖਤੀ ਰੂਪ ਵਿਚ ਨਹੀਂ ਸਨ। ਗੁਰੂ ਅਰਜਨ ਦੇਵ ਵਲੋਂ ਸੰਕਲਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਤੀ ਰੂਪ ਵਿਚ ਹੈ। ਇਸ ਨੂੰ ਚੁੱਪ-ਚਾਪ ਵੀ ਪੜ੍ਹਿਆ ਜਾ ਸਕਦਾ ਹੈ, ਗਾਇਨ ਕੀਤਾ ਜਾ ਸਕਦਾ ਅਤੇ ਸਾਜ਼ਾਂ ਨਾਲ ਗਾਇਆ ਵੀ ਜਾ ਸਕਦਾ ਹੈ। ਇਸ ਨੂੰ ਗਾਉਣ ਲਈ ਰਾਗਾਂ ਦੇ ਨਾਂ ਵੀ ਦਿੱਤੇ ਗਏ ਹਨ।
ਇਸ ਮਹਾਨ ਗ੍ਰੰਥ ਦੀ ਬਾਣੀ ਅਲਹਾਮ ਸ਼ਬਦ ਹੈ, ਅਕਾਸ਼ਬਾਣੀ ਹੈ। ਗੁਰੂ ਜੀ ਲਿਖਦੇ ਹਨ:
(A) ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥
(ਪੰਨਾ 628 ਰਾਗ ਸੋਰਠਿ ਮ: 5)
(ਅ) ਹਉ ਆਪਹੁ ਬੋਲਿ ਨ ਜਾਣਦਾ
ਮੈ ਕਹਿਆ ਸਭੁ ਹੁਕਮਾਉ ਜੀਉ॥
(ਰਾਗ ਸੂਹੀ ਮ: 5 ਗੁਣਵੰਤੀ ਪੰਨਾ 763)
ਗੁਰੂ ਗ੍ਰੰਥ ਸਾਹਿਬ ਦੀ ਹੋਰਨਾਂ ਧਰਮ ਗ੍ਰੰਥਾਂ ਨਾਲੋਂ ਵਿਲੱਖਣਤਾ ਇਹ ਹੈ ਕਿ ਗੁਰੂ ਸਾਹਿਬਾਨ ਨੇ ਆਪ ਇਸ ਵਿਚਲੀ ਬਾਣੀ ਨੂੰ ਲਿਖਿਆ ਤੇ ਸੰਭਾਲਿਆ। ਇਸ ਲਈ ਇਸ ਦੀ ਪ੍ਰਮਾਣਿਕਤਾ ਦਾ ਵਿਸ਼ੇਸ਼ ਸਥਾਨ ਹੈ। ਗੁਰੂ ਨਾਨਕ ਦੇਵ ਦੀ ਬਾਣੀ ‘ਪੱਟੀ ਲਿਖੀ’ ਜੋ ਰਾਗ ਆਸਾ ਦੇ ਮੁੱਢ ਵਿਚ ਹੈ। ‘ਲਿਖੀ’ ਸ਼ਬਦ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਨੇ ਇਹ ਬਾਣੀ ਆਪ ਲਿਖੀ। ਗੁਰੂ ਜੀ ਦੇ ਸਾਥੀਆਂ ਹੱਸੂ ਤੇ ਸੀਹਾਂ, ਸੈਦੋ ਜੱਟ ਅਤੇ ਮਨਮੁੱਖ ਨੇ ਵੀ ਬਾਣੀ ਸੰਭਾਲਣ ਵਿਚ ਮੁੱਖ ਯੋਗਦਾਨ ਪਾਇਆ। ਭਾਈ ਗੁਰਦਾਸ ਅਨੁਸਾਰ ਜਦੋਂ ਗੁਰੂ ਜੀ ਮੱਕੇ ਗਏ ਤਾਂ ਉਨ੍ਹਾਂ ਦੀ ਕੱਛ ਵਿਚ ਆਪਣੀ ਲਿਖੀ ਬਾਣੀ ਦੀ ਪੋਥੀ ਸੀ। ਗੁਰੂ ਨਾਨਕ ਦੇਵ ਤੋਂ ਪਿਛੋਂ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਦੀ ਬਾਣੀ ਦੇ ਨਾਲ ਆਪਣੀ ਬਾਣੀ ਸੰਭਾਲੀ ਅਤੇ ਅੱਗੇ ਅੱਗੇ ਗੁਰੂ ਅਰਜਨ ਦੇਵ ਤੱਕ ਸੰਭਾਲਦੇ ਗਏ। ਗੁਰੂ ਅਰਜਨ ਦੇਵ ਨੇ ਗੁਰੂ ਸਾਹਿਬਾਨ ਦੀ ਬਾਣੀ ਨਾਲ ਸੰਭਾਲੀ ਗਈ ਭਗਤਾਂ ਦੀ, ਭੱਟਾਂ ਆਦਿ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਭਾਈ ਗੁਰਦਾਸ ਦੀ ਸਹਾਇਤਾ ਨਾਲ ਸੰਭਾਲਿਆ। ਇਸ ਤਰ੍ਹਾਂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਆਪਣੇ ਅਸਲੀ ਅਤੇ ਪ੍ਰਮਾਣਿਕ ਰੂਪ ਵਿਚ ਹੈ।
ਮੈਕਾਲਿਫ ਲਿਖਦਾ ਹੈ, “ਬਹੁਤ ਸਾਰੇ ਮਹਾਨ ਅਧਿਆਪਕਾਂ (ਪ੍ਰਚਾਰਕਾਂ) ਨੂੰ ਸੰਸਾਰ ਜਾਣਦਾ ਹੈ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦੀ ਇਕ ਲਾਈਨ ਵੀ ਨਹੀਂ ਛੱਡੀ। ਅਸੀਂ ਕੇਵਲ ਓਹੀ ਜਾਣਦੇ ਹਾਂ ਜੋ ਉਨ੍ਹਾਂ ਨੇ ਰੀਤੀ ਰਾਹੀਂ ਪ੍ਰਚਾਰਿਆ ਜਾਂ ਇਕ ਦੂਜੇ ਤੋਂ ਪ੍ਰਾਪਤ ਸੂਚਨਾਵਾਂ ਰਾਹੀਂ ਪ੍ਰਾਪਤ ਕੀਤਾ, ਪਰ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਨੂੰ ਸੰਭਾਲਿਆ ਗਿਆ ਹੈ ਅਤੇ ਅਸੀਂ ਝਟ ਜਾਣ ਜਾਂਦੇ ਹਾਂ ਕਿ ਉਨ੍ਹਾਂ ਨੇ ਕੀ ਸਿੱਖਿਆ ਦਿੱਤੀ।”
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਬਾ ਫਰੀਦ (ਸੂਫੀ ਮੂਸਲਮਾਨ), ਰਵਿਦਾਸ (ਚਮਾਰ), ਧੰਨਾ (ਜੱਟ), ਕਬੀਰ (ਜੁਲਾਹਾ), ਸੈਨ (ਨਾਈ), ਨਾਮਦੇਵ (ਬਿਠਲ ਭਗਤ), ਸੂਰਦਾਸ (ਕ੍ਰਿਸ਼ਨ ਭਗਤ) ਆਦਿ ਭਾਰਤ ਦੇ ਵੱਖ ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ ਜਿਸ ਵਿਚੋਂ ਇਕੋ ਇਕ ਅਕਾਲ ਪੁਰਖ, ਪਰਮਾਤਮਾ ਦੀ ਮਹਿਕ ਆਉਂਦੀ ਹੈ ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਸਨਮਾਨ ਦਿੱਤਾ ਗਿਆ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ। ਬਾਣੀ ਦੀ ਰਚਨਾ ਕਰਨ ਵਾਲੇ ਲੋਕਾਂ ਨਾਲ ਬਰਾਬਰ ਖਲੋਤੇ ਹਨ:
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
(ਸਿਰੀ ਰਾਗੁ ਮ: 1 ਪੰਨਾ 15)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕੋ ਜੋਤਿ ਰੂਪ ਅਕਾਲ ਪੁਰਖ ਨੂੰ ਹਰ ਇਕ ਵਿਚ ਵਸਿਆ ਸਮਝਿਆ ਗਿਆ ਹੈ। ਇਸੇ ਕਾਰਨ ਸਭ ਨੂੰ ਸਮਾਨ ਆਦਰ ਮਾਣ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਅਨੁਸਾਰ, ਜਿਵੇਂ ਸੂਰਜ ਸਭ ਨੂੰ ਇਕ ਸਮਾਨ ਰੋਸ਼ਨੀ ਵੰਡਦਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਮਨੁੱਖ ਜਾਤੀ ਨੂੰ ਇਕੋ ਜੋਤਿ ਦਿੰਦਾ ਹੈ,
ਏਕੋ ਏਕੁ ਆਪਿ ਇਕੁ ਏਕੈ
ਏਕੈ ਹੈ ਸਗਲਾ ਪਾਸਾਰੇ॥
(ਆਸਾ ਮ: 5 ਪੰਨਾ 379)
ਸੂਰਜੁ ਏਕੋ ਰੁਤਿ ਅਨੇਕ॥
ਨਾਨਕ ਕਰਤੇ ਕੇ ਕੇਤੇ ਵੇਸ॥
(ਰਾਗ ਆਸਾ ਮ: 1 ਪੰਨਾ 12)
ਆਪਣੇ ਆਪ ਨੂੰ ਦੂਜਿਆਂ ਨਾਲੋਂ ਨੀਵਾਂ ਸਮਝਣਾ ਜਿਸ ਦਾ ਕਾਰਨ ਉਚਿਆਂ ਵੱਲੋਂ ਨੀਵਿਆਂ ਨੂੰ ਘ੍ਰਿਣਾ ਕੀਤੀ ਜਾਂਦੀ ਸੀ, ਪਰ ਗ੍ਰੰਥ ਸਾਹਿਬ ਵਿਚ ਰਵਿਦਾਸ ਭਗਤ ਜੋ ਆਪਣੇ ਆਪ ਨੂੰ ਮੁਰਦਾ ਪਸ਼ੂਆਂ ਨੂੰ ਢੋਣ ਵਾਲਾ ਚਮਾਰ ਨੀਚ ਕਹਿੰਦਾ ਹੈ, ਨੂੰ ਵੀ ਪੂਰਨ ਸਤਿਕਾਰ ਦਿੱਤਾ ਗਿਆ ਹੈ:
(1) ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ
ਓਛਾ ਜਨਮੁ ਹਮਾਰਾ॥
ਤੁਮ ਸਰਨਾਗਤਿ ਰਾਜਾ ਰਾਮ ਚੰਦ
ਕਹਿ ਰਵਿਦਾਸ ਚਮਾਰਾ॥
(ਭਗਤ ਰਵਿਦਾਸ, ਪੰਨਾ 659)
(2) ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ (ਭਗਤ ਰਵਿਦਾਸ, ਪੰਨਾ 1293)
ਆਪਸੀ ਸਤਿਕਾਰ ਵੱਖ ਵੱਖ ਮਜ਼ਹਬਾਂ, ਕੌਮੀ ਏਕਤਾ ਲਈ ਮਹੱਤਵਪੂਰਨ ਸੱਚਾਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ ਦੀ ਜੀਵਨੀ ਨਹੀਂ ਹੈ। ਇਹ ਕੇਵਲ ਪਰਮ ਸ਼ਕਤੀ ਅਕਾਲ ਪੁਰਖ ਨੂੰ ਸਮਰਪਿਤ ਹੈ। ਇਸ ਵਿਚ ਕਿਸੇ ਲਗ ਮਾਤਰ ਨੂੰ ਬਦਲਣ ਦੀ ਆਗਿਆ ਨਹੀਂ ਹੈ। ਇਸ ਵਿਚ ਮਿਲਾਵਟ ਨੂੰ ਰੋਕਣ ਦਾ ਯਤਨ ਹੈ। ਗ੍ਰੰਥ ਸਾਹਿਬ ਪੁਨਰ-ਕ੍ਰਿਤ ਜਾਂ ਮਿਲਾਵਟ ਨਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਕਤੀ ਪ੍ਰਾਪਤ ਕਰਨ ਲਈ ਵਰਤਾਂ, ਰੀਤਾਂ ਅਤੇ ਰਸਮਾਂ ਨੂੰ ਰੱਦ ਕਰਦੀ ਹੈ। ਇਹ ਯੋਗ, ਸਰੀਰ ਨੂੰ ਕਸ਼ਟ ਦੇਣ, ਤਪ ਅਤੇ ਤਿਆਗ ਨੂੰ ਵੀ ਰੱਦ ਕਰਦੀ ਹੈ। ਸਿੱਖ ਧਰਮ ਦੇਵੀ ਦੇਵਤਿਆਂ, ਪੱਥਰਾਂ, ਬੁੱਤਾਂ, ਸਮਾਧ ਅਤੇ ਸਿਵਿਆਂ ਨੂੰ ਮੱਥਾ ਟੇਕਣ ਤੋਂ ਵੀ ਰੋਕਦਾ ਹੈ। ਕੇਵਲ ਇਕ ਅਕਾਲ ਪੁਰਖ, ਦੇਹ ਰਹਿਤ ਨੂੰ ਹੀ ਮੰਨਣ ਦੀ ਪ੍ਰੇਰਨਾ ਦਿੰਦਾ ਹੈ।
ਸੰਸਾਰ ਵਿਚ ਅਨੇਕਾਂ ਧਰਮਾਂ ਅਤੇ ਜਾਤਾਂ ਦੇ ਲੋਕ ਵਸਦੇ ਹਨ। ਗੁਰਬਾਣੀ ਕਹਿੰਦੀ ਹੈ,
ਬਿਰਖੈ ਹੇਠਿ ਸਭਿ ਜੰਤ ਇਕਠੇ॥
ਇਕਿ ਤਤੇ ਇਕਿ ਬੋਲਨਿ ਮਿਠੇ।
(ਮਾਰੂ ਮ: 5 ਪੰਨਾ 1019)
ਗੁਰਬਾਣੀ ਇਨ੍ਹਾਂ ਨੂੰ ਨਕਾਰਦੀ ਨਹੀਂ। ਪੁਨਰ ਪਰਿਭਾਸ਼ਾ ਦਾ ਆਧਾਰ ਇਕ ਜੋਤਿ, ਇਕ ਅਕਾਲ ਪੁਰਖ ਹੈ:
(1) ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ।
(ਭੈਰਉ ਮ: 3 ਪੰਨਾ 1127)
(2) ਮਿਹਰ ਮਸੀਤਿ ਸਿਦਕੁ ਮੁਸਲਾ
ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ
ਹੋਹੁ ਮੁਸਲਮਾਣੁ।
(ਵਾਰ ਮਾਝ ਮ: 1, ਪੰਨਾ 140)
ਗੁਰੂ ਨਾਨਕ ਨੇ ਯੋਗਿ ਮੱਤ ਦੇ ਸਾਰੇ ਤੱਤਾਂ ਨੂੰ ਕਾਇਮ ਰਖਦਿਆਂ ਮੁੜ ਪਰਿਭਾਸ਼ਤ ਕੀਤਾ ਹੈ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ
ਧਿਆਨ ਕੀ ਕਰਹਿ ਬਿਭੂਤਿ॥
ਖਿੰਥਾ ਕਾਲੁ ਕੁਆਰੀ ਕਾਇਆ
ਜੁਗਤਿ ਡੰਡਾ ਪਰਤੀਤਿ।
(ਜਪੁਜੀ ਸਾਹਿਬ ਪੰਨਾ 6)
ਇਸੇ ਤਰ੍ਹਾਂ ਮੁਸਲਮਾਨ ਦੀਆਂ ਪੰਜ ਨਮਾਜ਼ਾਂ ਨੂੰ ਪੁਨਰ ਪਰਿਭਾਸ਼ਤ ਕੀਤਾ ਹੈ:
ਪੰਜਿ ਨਿਵਾਜਾ ਵਖਤ ਪੰਜਿ
ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ
ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ
ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖਿ ਕੈ
ਤਾ ਮੁਸਲਮਾਣੁ ਸਦਾਇ।
(ਵਾਰ ਮਾਝ ਮ: 1 ਪੰਨਾ 141)
ਇਸ ਤਰ੍ਹਾਂ ਪੁਨਰ ਪਰਿਭਾਸ਼ਿਤ ਕਰਦਿਆਂ ਬਾਣੀਕਾਰ ਹਉਮੈ ਤੋਂ ਪ੍ਰੇਰਿਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਭਾਸ਼ਾ ਤੇ ਸਭਿਆਚਾਰ ਦੇ ਖੇਤਰ ਵਿਚ ਸਹਿਨਸ਼ੀਲਤਾ ਦਾ ਪੱਖ ਪੂਰਦਾ ਹੈ ਅਤੇ ਭਾਸ਼ਾ, ਰੂਪ ਤੇ ਸਭਿਆਚਾਰ ਦੀ ਵੰਡ ਨੂੰ ਨਕਾਰਦਾ ਹੈ। ਗੁਰੂ ਸਾਹਿਬਾਨ ਨੇ ਨੀਚਾਂ ਦੀ ਭਾਸ਼ਾ ਅਤੇ ਲਿਪੀ ਨੂੰ ਆਪਣੀ ਬਾਣੀ ਦਾ ਆਧਾਰ ਬਣਾਇਆ, ਆਮ ਆਦਮੀ ਦੀ ਭਾਸ਼ਾ ਨੂੰ ਸਜਾਇਆ, ਸੰਵਾਰਿਆ ਤੇ ਵਾਚਿਆ। ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਵਿਚ ਹਰ ਤਰ੍ਹਾਂ ਦੇ ਭਾਸ਼ਾਈ, ਉਪ-ਭਾਸ਼ਾਈ ਰੰਗ ਬਿਖਰੇ ਹੋਏ ਹਨ। ਭਾਰਤ ਦੇ ਹਰ ਕੋਨੇ ਦੇ ਸ਼ਬਦ ਇਸ ਵਿਚ ਮਿਲਦੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਰਚਨਾ ਤੋਂ ਪਹਿਲਾਂ ਭਾਰਤੀ ਸਮਾਜ ਭਾਸ਼ਾ, ਸਭਿਆਚਾਰ ਤੇ ਸੰਸਕ੍ਰਿਤੀ ਕੁਲੀਨਤੰਤਰ ਦੇ ਹਉਮੈ, ਦੰਭ ਤੇ ਦਮਨ ਦਾ ਸ਼ਿਕਾਰ ਸੀ। ਜਾਤ ਪਾਤ ਤੇ ਧਾਰਮਿਕ ਸੰਪਰਦਾਇਕ ਵਿਰੋਧ ਸਿਖਰਾਂ ‘ਤੇ ਸੀ। ਜਬਰ ਤੇ ਜ਼ੁਲਮ ਆਪਣੇ ਆਪ ਨੂੰ ਉਚੀਆਂ ਸਮਝਣ ਵਾਲੀਆਂ ਜਾਤੀਆਂ ਦਾ ਹਥਿਆਰ ਸੀ। ਰਾਮ ਭਗਤ, ਸ਼ਿਵ ਭਗਤ, ਕ੍ਰਿਸ਼ਨ ਭਗਤ ਆਪਣੇ ਆਪ ਨੂੰ ਇਕ ਦੂਜੇ ਤੋਂ ਉਤਮ ਸਮਝਦੇ ਸਨ। ਨੀਚ ਸਮਝੇ ਜਾਣ ਵਾਲੇ ਹੀਣ ਅਤੇ ਨਿਰਬਲ ਸਮਝਦੇ ਸਨ। ਇਸਲਾਮੀ ਜਬਰ ਜ਼ੁਲਮ ਦੇ ਸਮੇਂ ਹਾਲਤ ਹੋਰ ਵੀ ਮਾੜੀ ਹੋ ਗਈ ਸੀ। ਮੁਸਲਮਾਨਾਂ ਤੋਂ ਬਿਨਾ ਦੂਜਿਆਂ ਨੂੰ ਕਾਫਰ ਸਮਝਦੇ ਸਨ। ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਤੇ ਆਪਣੇ ਆਪ ਨੂੰ ਸੱਚਾ-ਸੁੱਚਾ ਸਮਝਿਆ ਜਾਂਦਾ ਸੀ। ਧਰਮ ਵੀ ਜਬਰੀ ਬਦਲਿਆ ਜਾਂਦਾ ਸੀ। ਹਿੰਦੂਆਂ ਤੇ ਮੁਸਲਮਾਨਾਂ ਵਿਚ ਵੱਡੀ ਖਾਈ ਸੀ:
ਸਚ ਕਿਨਾਰੇ ਰਹਿ ਗਯਾ
ਖਹਿ ਮਰਦੇ ਬਾਮਣ ਮਉਲਾਣੇ॥
(ਭਾਈ ਗੁਰਦਾਸ 1-21-7)
ਗੁਰੂ ਗ੍ਰੰਥ ਸਾਹਿਬ ਵਿਚ ਭਾਂਤ ਭਾਂਤ ਦੇ ਸਥਾਨਕ ਬਿਰਤਾਂਤ ਮਹਾਂ-ਬਿਰਤਾਤਾਂ ਵਿਚ ਤੋੜ ਭੰਨ ਕੇ ਆਪਣੀ ਥਾਂ ਬਣਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਇਸੇ ਪ੍ਰਸੰਗ ਵਿਚ ਸਮਝਣਾ ਚਾਹੀਦਾ ਹੈ। ਇਸ ਵਿਚ ਗਿਆਰ੍ਹਵੀਂ ਸਦੀ ਤੋਂ ਲੈ ਕੇ ਸੋਲ੍ਹਵੀਂ ਸਦੀ ਤੱਕ ਦੇ ਬਿਰਤਾਂਤ ਸਮੋਏ ਹੋਏ ਹਨ।
ਗੁਰੂ ਗ੍ਰੰਥ ਸਾਹਿਬ ਦੇ ਰਚਨਕਾਰਾਂ ਦੀ ਬਾਣੀ ਨਵੀਂ ਪਰੰਪਰਾ ਹੈ, ਜੋ ਆਮ ਆਦਮੀ ਦੀ ਇਤਿਹਾਸ ਨਾਲ ਟਕਰਾਅ ਦੀ ਪਰੰਪਰਾ ਹੈ, ਜੋ ਸਥਾਨਕ ਹਾਲਾਤ ਨੂੰ ਹਰ ਥਾਂ ਵੰਗਾਰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਮੁੱਢਲਾ ਰਚੈਤਾ ਬਾਬਾ ਫਰੀਦ ਅੱਲਾ, ਮਲਕ-ਉਲ-ਮੌਤ, ਪੁਰਸਲਾਤ, ਨਮਾਜ਼, ਮਸਤੀ ਆਦਿ ਗੈਰ-ਭਾਰਤੀ ਮੁਸਲਮਾਨੀ ਸ਼ਬਦਾਂ ਦੀ ਵਰਤੋਂ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਤਦਭਵ ਰੂਪ ਵੀ ਵਰਤਦਾ ਹੈ। ਗੁਰੂ ਅਰਜਨ ਦੇਵ ਦਵੈਤ ਦੀ ਨਹੀਂ, ਆਦਰ ਦੀ ਨਿਗ੍ਹਾ ਨਾਲ ਦੇਖਦੇ ਹਨ। ਬਾਬਾ ਫਰੀਦ ਦੀ ਬਾਣੀ ਪਵਿਤਰ ਅਪਵਿਤਰ ਦੀ ਵੰਡ ਨੂੰ ਨਕਾਰਦੀ ਹੈ। ਬਾਬਾ ਫਰੀਦ ਸਰੀਰ ਨੂੰ ਨਕਾਰਨ ਦੀ ਥਾਂ ਇਸ ਨਾਲ ਪ੍ਰੇਮ ਨੂੰ ਰੱਬੀ ਪ੍ਰੇਮ ਲਈ ਵਰਤਦੇ ਹਨ:
ਅਜੁ ਨ ਸੁਤੀ ਕੰਤ ਸਿਉ
ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ
ਤੁਮ ਕਿਉ ਰੈਣਿ ਵਿਹਾਇ॥
(ਸਲੋਕ ਬਾਬਾ ਫਰੀਦ ਪੰਨਾ 1379)
ਗੁਰਬਾਣੀ ਦੇਹ ਨੂੰ ਨਕਾਰਦੀ ਨਹੀਂ। ਇਹ ਤਾਂ ਸਰੀਰ ਨੂੰ ਹਰੀ ਦਾ ਮੰਦਿਰ ਸਮਝਦੀ ਹੈ। ਸਾਰੇ ਬ੍ਰਹਮ ਵਿਸ਼ਨੂੰ ਮਹੇਸ਼ ਸਰੀਰ ਵਿਚ ਹੀ ਸਨ। ਗੁਰਬਾਣੀ ਰੱਬ ਦੀ ਪ੍ਰਾਪਤੀ ਲਈ ਸਰੀਰ ਨੂੰ ਪੀੜਤ ਕਰਨ, ਭਾਵ ਤਪ ਕਰਨ, ਪੁੱਠੇ ਲਟਕਣ ਆਦਿ ਨੂੰ ਨਕਾਰਦੀ ਹੈ। ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦਰਸ਼ਨ ਨੂੰ ਅਕਾਲ ਪੁਰਖ ਦੇ ਉਸ ਸੰਕਲਪ ਦੁਆਲੇ ਵਿਉਂਤਿਆਂ ਜੋ ਕੁਰਾਨ ਦੇ ਅਤਿ ਨੇੜੇ ਸੀ। ਉਹ ਉਸ ਅਕਾਲ ਪੁਰਖ ਨੂੰ ਸਵੀਕਾਰਦੇ ਹਨ ਜਿਸ ਦੇ ਹੁਕਮ ਵਿਚ ਸਾਰੀ ਕਾਇਨਾਤ ਹੈ, ਪਰ ਇਸ ਨੂੰ ਇਸਲਾਮੀ ਧਰਮ ਦੇ ਨਿਸਚੇਵਾਦੀ ਤੱਤ ਦੇ ਰੂਪ ਵਿਚ ਨਹੀਂ ਲੈਂਦੇ।
ਗੁਰੂ ਗ੍ਰੰਥ ਸਾਹਿਬ ਵਿਚ ਉਹ ਰੂਪਕ ਵਰਤੇ ਗਏ ਹਨ ਜੋ ਆਮ ਲੋਕ ਜੀਵਨ ਦੇ ਦੁਨਿਆਵੀ ਵਿਹਾਰ ਵਿਚ ਆਪਣੇ ਮਨੋਭਾਵ ਪ੍ਰਗਟਾਉਣ ਲਈ ਵਰਤਦੇ ਸਨ। ਗੁਰੂ ਸਾਹਿਬਾਨ ਨੇ ਇਨ੍ਹਾਂ ਵਿਚ ਵਿਸ਼ੇ ਜਾਂ ਰੂਪ ਪੱਖੋਂ ਲੋੜ ਅਨੁਸਾਰ ਪਰਿਵਰਤਨ ਕਰਦਿਆਂ ਲਚਕ ਰੱਖੀ ਹੈ। ਵਾਰ ‘ਚ ਕਿਸੇ ਨਾਇਕ ਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ, ਪਰ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਦਾ ਗੁਣ ਗਾਇਨ ਕੀਤਾ ਹੈ। ਵਾਰ ਤੋਂ ਬਿਨਾ ਘੋੜੀਆਂ, ਲਾਵਾਂ, ਪਹਿਰੇ, ਅਲਾਹੁਣੀਆਂ, ਕਰਹਲੇ ਆਦਿ ਦੇ ਰੂਪਾਂ ਦੀ ਵਰਤੋਂ ਕੀਤੀ ਹੈ। ਗੁਰਬਾਣੀ ਵਿਚ ਲੋਕ ਰੂਪਾਕਾਰ, ਮੁਹਾਵਰੇ, ਛੰਦ ਤੇ ਧੁਨੀਆਂ ਦੀ ਵਿਸ਼ੇਸ਼ ਮਹੱਤਤਾ ਹੈ। ਅਕਾਲ ਪੁਰਖ ਦੇ ਗੁਣ ਗਾਇਨ ਦੀ ਵਿਧੀ, ਅਹਿਸਾਸ ਲੋਕਾਂ ਦੀ ਆਪਣੀ ਯੋਗਤਾ, ਆਪਣੇ ਦੇਸ਼ ਅਤੇ ਕਾਲ ਅਨੁਸਾਰ ਕਰਦੇ ਹਨ:
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥
ਗਾਵੈ ਕੋ ਦਾਤਿ ਜਾਣੈ ਨੀਸਾਣੁ॥
ਗਾਵੈ ਕੋ ਗੁਣ ਵਡਿਆਈਆ ਚਾਰ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥
(ਜਪੁਜੀ ਸਾਹਿਬ)
ਗੁਰੂ ਗ੍ਰੰਥ ਸਾਹਿਬ ‘ਚ ਧਾਰਮਿਕ ਤਾਨਾਸ਼ਾਹੀ ਲਈ ਕੋਈ ਥਾਂ ਨਹੀਂ। ਮੁਕਤੀ ਜਾਂ ਜਗਤ ਦੇ ਉਧਾਰ ਦੀ ਹਰ ਵਿਧੀ ਗੁਰਬਾਣੀ ਵਿਚ ਸਵੀਕ੍ਰਿਤ ਹੈ:
ਜਗਤੁ ਜਲੰਦਾ ਰਖਿ ਲੈ
ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥
(ਵਾਰ ਬਿਲਾਵਲ ਮ: 3 ਪੰਨਾ 853)
ਜਾਤ-ਪਾਤ, ਉਚ-ਨੀਚ, ਭਾਂਤ ਭਾਂਤ ਦੇ ਦੇਵੀ ਦੇਵਤਿਆਂ ਦੇ ਪੈਰੋਕਾਰਾਂ ਦੇ ਪਰਸਪਰ ਵਿਰੋਧੀ ਜੁੱਟ ਸਮਾਜਿਕ ਜੀਵਨ ਨੂੰ ਵਿਗਾੜਨ ਲੱਗੇ ਹੋਏ ਸਨ। ਗੁਰੂ ਨਾਨਕ ਦੇਵ ਨੇ ਇਕ ਓਅੰਕਾਰ ਦੇ ਚਿੰਨ੍ਹ ਨਾਲ ਵਾਹਿਗੁਰੂ ਦੇ ਇਕੋ ਇਕ ਹੋਣ ਦਾ ਸੰਦੇਸ਼ ਦਿੱਤਾ ਅਤੇ ਮੁੜ ਰੂਪ ਤੇ ਨਾਮ ਵੱਲ ਮੋੜਿਆ। ਉਨ੍ਹਾਂ ਅਕਾਲ ਪੁਰਖ ਦੇ ਇਕਤਵ ਨੂੰ ਕਦੇ ਵੀ ਉਸ ਦੀ ਪ੍ਰਾਪਤੀ ਦੇ ਇਕੋ ਰਾਹ ਤੱਕ ਸੀਮਤ ਨਹੀਂ ਕੀਤਾ। ਵਾਹਿਗੁਰੂ ਦੇ ਗੁਣਾਂ ਵਾਂਗ ਉਸ ਦੀ ਪ੍ਰਾਪਤੀ ਦੇ ਰਾਹ ਵੀ ਅਨੇਕ ਹੋ ਸਕਦੇ ਹਨ। ਗੁਰੂ ਨਾਨਕ ਦੇਵ ਨੇ ਜਾਤ-ਪਾਤ, ਉਚ-ਨੀਚ ਦੇ ਭਰਮਾਂ ਨੂੰ ਦੂਰ ਕਰਦਿਆਂ ਸਭ ਨੂੰ ਅਕਾਲ ਪੁਰਖ ਦੀ ਰਚਨਾ ਦੱਸਿਆ ਅਤੇ ਸਭ ਨੂੰ ਸਮਾਨ ਸਮਝਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣੇ ਆਪ ਨੂੰ ਨੀਚਾਂ ਤੋਂ ਵੀ ਨੀਚ ਕਿਹਾ ਤੇ ਸੱਭੇ ‘ਸਾਂਝੀਵਾਲ ਸਦਾਇਨ’ ਦਾ ਉਪਦੇਸ਼ ਦਿੱਤਾ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ 36 ਲੇਖਕਾਂ ਦੀ ਬਾਣੀ 31 ਰਾਗਾਂ ਵਿਚ ਸਲੋਕ, ਵਾਰਾਂ ਤੇ ਸਵੱਈਆਂ ਵਿਚ ਹੈ। ਇਸ ਵਿਚ ਕੁੱਲ 5872 ਸ਼ਬਦ ਹਨ। ਇਨ੍ਹਾਂ ਵਿਚ 4956 ਸ਼ਬਦ ਛੇ ਗੁਰੂ ਸਾਹਿਬਾਨ (ਪਹਿਲੇ ਪੰਜ ਅਤੇ ਨੌਵੇਂ ਗੁਰੂ) ਦੇ ਹਨ, ਬਾਕੀ ਦੇ ਸ਼ਬਦਾਂ ਵਿਚੋਂ 15 ਭਗਤਾਂ ਤੇ ਸੰਤਾਂ ਦੇ 778 ਸ਼ਬਦ, ਚਾਰ ਸਿਦਕੀ ਸਿੱਖਾਂ ਦੇ 17 ਸ਼ਬਦ ਅਤੇ ਗਿਆਰਾਂ ਭੱਟਾਂ ਦੇ 121 ਸਵੱਈਏ ਹਨ। ਇਹ ਤੀਹ ਸੰਤ ਬ੍ਰਾਹਮਣ, ਸ਼ੂਦਰ, ਮੁਸਲਮਾਨ ਅਤੇ ਹਿੰਦੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਸਿੱਖਾਂ ਲਈ ਨਹੀਂ, ਸਗੋਂ ਕੁੱਲ ਮਨੁੱਖਤਾ ਲਈ ਰੱਬੀ ਸੁਨੇਹਾ ਹੈ।
ਗੁਰਬਾਣੀ ਸਿੱਖ ਲਈ ਗੁਰੂ ਅਤੇ ਸਿੱਖ ਗੁਰੂ ਦੀ ਬਾਣੀ ਦਾ ਸਰੂਪ ਹੈ। ਬਾਣੀ ਵਿਚ ਆਤਮਿਕ ਜੀਵਨ ਦੇਣ ਵਾਲਾ ਨਾਮ ਰੂਪੀ ਜਲ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ
ਮਾਨੈ ਪਰਤਖਿ ਗੁਰੂ ਨਿਸਤਾਰੇ॥
(ਰਾਗ ਨਟ ਪੰਨਾ 982)
ਗੁਰਬਾਣੀ ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ, ਜੇ ਕੋਈ ਆਪਣੇ ਮਨ ਵਿਚ ਵਸਾ ਲਵੇ। ਗੁਰਬਾਣੀ ਦਾ ਅਸਰ ਕਬੂਲਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਮਾਨਸਿਕ ਰੋਗ ਦੂਰ ਹੋ ਸਕਦੇ ਹਨ:
(1) ਦੂਖ ਵਿਸਾਰਣੁ ਸਬਦੁ ਹੈ
ਜੇ ਮੰਨਿ ਵਸਾਏ ਕੋਇ॥
(ਸਲੋਕ ਵਾਰਾਂ ਤੋਂ ਵਧੀਕ ਮ: 3 ਪੰਨਾ 1413)
(2) ਗੁਰਮਤੀ ਸਾਂਤਿ ਵਸੈ ਸਰੀਰ।
ਸਬਦੁ ਚੀਨਿ ਫਿਰਿ ਲਗੈ ਨ ਪੀਰ॥
(ਬਿਲਾਵਲ ਮ: 3 ਪੰਨਾ 842)
ਗੁਰਬਾਣੀ ਹਊਮੈ ਦੀ ਜ਼ਹਿਰ ਨੂੰ ਦੂਰ ਕਰ ਦਿੰਦੀ ਹੈ:
ਗੁਰੂ ਕੈ ਸਬਦਿ ਹਉਮੈ ਬਿਖੁ ਮਾਰੇ।
(ਰਾਗ ਭੈਰਉ ਮ: 3 ਪੰਨਾ 1133)
ਗੁਰਬਾਣੀ ਤੇ ਵਿਚਾਰ ਕਰ ਕੇ ਬੰਦੇ ਦਾ ਵਾਹਿਗੁਰੂ ਨਾਲ ਮਿਲਾਪ ਹੋ ਸਕਦਾ ਹੈ:
ਰੂੜੀ ਬਾਣੀ ਹਰਿ ਪਾਇਆ
ਗੁਰੂ ਸਬਦੀ ਬੀਚਾਰਿ।
ਆਪੁ ਗਇਆ ਦੁਖੁ ਕਟਿਆ
ਹਰਿ ਵਰੁ ਪਾਇਆ ਨਾਰਿ॥
(ਪੰਨਾ 937 ਓਅੰਕਾਰ ਮ: 1)
ਜਿਹੜਾ ਬੰਦਾ ਗੁਰਬਾਣੀ ਨੂੰ ਵਿਸਾਰ ਦਿੰਦਾ ਹੈ, ਉਹ ਰੋਗੀ ਵਾਂਗ ਕੁਰਲਾਉਂਦਾ ਹੈ:
ਜੈ ਤਨਿ ਬਾਣੀ ਵਿਸਰਿ ਜਾਇ॥
ਜਿਉ ਪਕਾ ਰੋਗੀ ਵਿਲਲਾਇ॥
(ਧਨਾਸਰੀ ਮ: 1 ਪੰਨਾ 661)
ਗੁਰਬਾਣੀ ਸੰਸਾਰ ਵਿਚ ਰੋਸ਼ਨੀ ਹੈ। ਇਹ ਵਾਹਿਗੁਰੂ ਦੀ ਮਿਹਰ ਨਾਲ ਸਾਡੇ ਮਨ ਵਿਚ ਆ ਕੇ ਵਸਦੀ ਹੈ:
ਗੁਰਬਾਣੀ ਇਸੁ ਜਗ ਮਹਿ ਚਾਨਣੁ
ਕਰਮਿ ਵਸੈ ਮਨਿ ਆਏ॥
(ਪੰਨਾ 67 ਸਿਰੀ ਰਾਗ ਅਸ਼ਟਪਦੀਆ ਮ: 3)
ਗੁਰੂ ਗੋਬਿੰਦ ਸਿੰਘ ਨੇ ਇਸ ਗ੍ਰੰਥ ਨੂੰ ਜੋਤੀ ਜੋਤਿ ਸਮਾਉਣ ਸਮੇਂ ਨਾਂਦੇੜ ਸਾਹਿਬ (ਹਜ਼ੂਰ ਸਾਹਿਬ) ਵਿਚ ਸੰਗਤ ਨੂੰ ਬੁੱਧਵਾਰ, 6 ਅਕਤੂਬਰ 1708 ਈਸਵੀ (ਕੱਤਕ ਚੌਥ, ਸ਼ੁਕਲਾ ਪੱਖ, ਸੰਮਤ 1765 ਬਿæ) ਨੂੰ ਕਿਹਾ ਕਿ ਹੁਣ ਗੁਰੂ ਦੇਹਧਾਰੀ ਨਹੀਂ ਹੋਵੇਗਾ, ਏਹੋ ਹੀ ਗੁਰੂ ਹੋਵੇਗਾ। ਉਨ੍ਹਾਂ ਨੇ ਪੰਜ ਪੈਸੇ ਤੇ ਨਾਰੀਅਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ। ਉਸੇ ਦਿਨ ਤੋਂ ਹੀ ਗ੍ਰੰਥ ਸਾਹਿਬ ਦੇ ਅੱਗੇ ‘ਗੁਰੂ’ ਸ਼ਬਦ ਲਗਾ ਕੇ ਗੁਰੂ ਗ੍ਰੰਥ ਸਾਹਿਬ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਕਿਹਾ ਜਾਂਦਾ ਹੈ।
ਗੁਰੂ ਨਾਨਕ ਦੇਵ ਨੇ ਆਪ ਸ਼ਬਦ ਨੂੰ ਆਤਮਿਕ ਗੁਰੂ ਦਾ ਦਰਜਾ ਦਿੱਤਾ ਹੈ। ਜਦੋਂ ਸਿੱਧਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਅਤੇ ਤੁਸੀਂ ਕਿਸ ਦੇ ਚੇਲੇ ਹੋ?
ਗੁਰੂ ਸਾਹਿਬ ਨੇ ਉਤਰ ਦਿੱਤਾ, “ਸ਼ਬਦ ਗੁਰੂ ਸੁਰਤ ਧੁਨ ਚੇਲਾ।”