ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਹੋ ਜੀਵਨ ਹੈ ਜਿਸ ਨੂੰ ਪ੍ਰਿੰæ ਬਲਕਾਰ ਸਿੰਘ ਬਾਜਵਾ ਨੇ ‘ਕੋਠੀ ਲੱਗਣਾ’ ਕਿਹਾ ਹੈ।
ਇਸ ਲੇਖ ਲੜੀ ਵਿਚ ਉਨ੍ਹਾਂ ਕੋਠੀ ਲੱਗੇ ਬਜ਼ੁਰਗਾਂ ਦੀ ਪੀੜਾ ਦੀ ਸਾਰ ਲਈ ਹੈ। ਇਹ ‘ਕੋਠੀ ਲੱਗੇ’ ਬਜ਼ੁਰਗ ਜਦੋਂ ਕਿਸੇ ਪਾਰਕ ਵਿਚ ‘ਕੱਠੇ ਹੁੰਦੇ ਹਨ ਤਾਂ ਆਪੋ ਵਿਚ ਦੁਖੜੇ ਫੋਲਦੇ ਹਨ। ਹਥਲੇ ਲੇਖ ਵਿਚ ਪ੍ਰਿੰæ ਬਾਜਵਾ ਨੇ ਆਪਣਾ ਜੀਵਨ ਸਫਰ ਬਿਆਨਿਆ ਹੈ ਕਿ ਕਿਵੇਂ ਉਨ੍ਹਾਂ ਨੂੰ ਆਪਣਾ ਘਰ ਬਣਾਉਣ ਲਈ ਤੰਗੀਆਂ ਵਿਚੋਂ ਲੰਘਣਾ ਪਿਆ। ਬੱਚੇ ਕੈਨੇਡਾ ਜਾ ਵੱਸੇ ਤੇ ਉਨ੍ਹਾਂ ਨੂੰ ਵੀ ਕੋਠੀ ਲੱਗਣਾ ਪਿਆ। -ਸੰਪਾਦਕ
ਪ੍ਰਿੰæ ਬਲਕਾਰ ਸਿੰਘ ਬਾਜਵਾ
ਫੋਨ: 647-402-2170
ਕੋਠੀ ਮਾਮਲੇ ਕੱਤਦਿਆਂ ਮੈਨੂੰ ਅੰਮ੍ਰਿਤਾ ਦੇ ਸ਼ੇਅਰ ‘ਸਾਈਂ ਵੇ ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ’ ਵਾਂਗ ਹੀ ਕੱਤ ਦਿੱਤੈ। ਮੈਂ ਤਾਂ ‘ਕੋਠੀ ਲੱਗਿਆਂ ‘ਤੇ ਇੱਕ ਪਾਰਕੀ ਸੱਥ ਚਰਚਾ’ ਨਾਲ ਪੀੜ੍ਹੀ, ਚਰਖਾ ਚੁੱਕ ਦਿੱਤਾ ਸੀ। ਪਾਠਕਾਂ ਦਾ ਹੁੰਗਾਰਾ ਪਹਿਲੇ ਲੇਖ ਨਾਲ ਹੀ ਆਉਣ ਲੱਗ ਪਿਆ ਸੀ। ਕਿਉਂਕਿ ਇਹ ਕਿੱਸੇ ਥੋੜ੍ਹੇ ਬਹੁਤੇ ਫਰਕ ਨਾਲ ਸਾਡੇ ਸਭ ਦੇ ਹੀ ਹਨ। ਵੈਨਕੁਵਰ ਤੋਂ ਇੱਕ ਬਾਈ ਦਾ ਫੋਨ ਆਇਆ। ਉਸ ਦੇ ਲਹਿਜੇ ਵਿਚ ਸ਼ਲਾਘਾ ਦੇ ਨਾਲ ਗਿਲਾ ਵੀ ਟਪਕਦਾ ਸੀ। ਉਸ ਕਿਹਾ, “ਤੁਸੀਂ ਪ੍ਰਿੰਸੀਪਲ ਸਰਵਣ ਸਿੰਘ ਦੇ ‘ਹੈਰਾਨ ਹਾਂ! ਕਿਵੇਂ ਬਚਿਆ ਆ ਰਿਹਾਂ’ ਵਾਂਗ ਆਪਣੇ ਕੋਠੀ ਦੇ ਕਿੱਸੇ ਬਾਰੇ ਕਿਉਂ ਨਹੀਂ ਲਿਖਦੇæææ।”
“ਵੀਰ ਜੀ! ਬਿਨਾ ਨਿਜੀ ਅਨੁਭਵ ਦੇ ਕਲਮ ਨਹੀਂ ਤੁਰਦੀ, ਲਿਖਿਆ ਕਿੱਥੇ ਜਾਂਦੈ, ਕਿਤੇ ਕਿਤੇ ਮੇਰੀ ਜਮੀਨ, ਜਾਇਦਾਦ, ਕੋਠੀ ਦਾ ਹਾਲ ਦਰਜ ਹੈ, ਕਦੀ ਹੈਡਮਾਸਟਰ, ਕਦੀ ਸੂਬੇਦਾਰ ਦਾ ਮੁੰਡਾ ਆਦਿ ਨਾਂਵਾਂ ਥੱਲੇ, ਪਹਿਲੇ ਲੇਖਾਂ ‘ਚ ਤਾਂ ਸਿੱਧਾ ਸਪਸ਼ਟ, ਮੇਰੀ ਹੀ ਕੋਠੀ ਦਾ ਕਿੱਸਾ ਸੀ।” ਉਤਰ ਨਾਲ ਉਹ ਸਹਿਮਤ ਨਹੀਂ ਸੀ। ਸਮੁੱਚੇ ਤੌਰ ‘ਤੇ ਸਭ ਪਾਠਕਾਂ ਦੀਆਂ ਇਛਾਵਾਂ, ਭਾਵਨਾਵਾਂ ਦੇ ਸਤਿਕਾਰ ਵਜੋਂ, ਸੁਹਿਰਦ ਵੀਰਨੋ! ਚਰਖਾ ਫਿਰ ਡਾਹ ਲਿਐ।
ਵੈਸੇ ਅਸੀਂ ਕੋਠੀਆਂ ਵਾਲੇ ਕਿੱਥੇ ਹਾਂ। ਕੱਚੇ ਕੋਠਿਆਂ ਵਿਚ ਜੰਮੇ-ਪਲੇ ਹਾਂ। ਉਹੀ ਕੋਠੇ ਜਿੱਥੇ ਸਾਡੇ ਵਡੇਰੇ, ਤਾਏ ਚਾਚੇ, ਮਾਂ-ਪਿਉ ਤੇ ਭੈਣ ਭਰਾ ਜਨਮਦੇ ਆਏ। ਉਨ੍ਹਾਂ ਕੱਚੀਆਂ ਕੋਠੜੀਆਂ ਦੀ ਮੈਨੂੰ ਪੂਰੀ ਸੰਭਾਲ ਹੈ। ਕਾਨਿਆਂ ਵਾਲੀਆਂ ਫਿਰਕੀਆਂ ਤੇ ਲਕੜ ਦੇ ਬਾਲੇ ਛਤੀਰਾਂ ਵਾਲੇ ਛੱਤ ਹੁੰਦੇ ਸਨ। ਜਿਹੜੇ ਘਰ ਦੇ ਚੁੱਲ੍ਹੇ ਚੌਂਕੇ ਦੇ ਧੂੰਏਂ ਨਾਲ ਧੁਆਂਖੇ, ਕਾਲੇ ਸ਼ਾਹ ਹੋ ਗਏ ਹੋਏ ਸਨ। ਛੱਤਾਂ ‘ਚ ਚਿੜੀਆਂ ਆਲ੍ਹਣੇ ਪਾਉਂਦੀਆਂ ਤੇ ਬੋਟ ਪਾਲਦੀਆਂ। ਛੱਤਾਂ ‘ਚੋਂ ਘਾਹ ਫੂਸ ਦੀਆਂ ਤਿੜਾਂ ਸਿਹਰਿਆਂ ਵਾਂਗ ਲਟਕਦੀਆਂ ਤੇ ਝੂਮਦੀਆਂ ਹੁੰਦੀਆਂ। ਉਨ੍ਹਾਂ ਦੇ ਚਹਿਕਣ ਤੇ ਟਹਿਕਣ ਦੀਆਂ ਆਵਾਜ਼ਾਂ ਨਾਲ ਇੱਕ ਇਲਾਹੀ ਰਾਗ ਕੰਨਾਂ ‘ਚ ਘੁਲਦਾ ਰਹਿੰਦਾ। ਆਥਣ ਸਵੇਰ ਤਾਂ ਬਹੁਤਾ ਹੀ ਰਸਭਿੰਨਾ ਲੱਗਦਾ। ਜਦੋਂ ਉਹ ਆਲ੍ਹਣਿਆਂ ਵਿਚ ਆਉਂਦੀਆਂ, ਉਦੋਂ ਹਾਲੀ, ਪਾਲੀ ਵੀ ਪੱਠਾ-ਦੱਥਾ, ਮਾਲ ਡੰਗਰ ਲੈ ਘਰੀਂ ਪਰਤ ਆਉਂਦੇ। ਏਦਾਂ ਦੇ ਅਲੌਕਿਕ ਦ੍ਰਿਸ਼ ਵੇਖੇ ਤੇ ਮਾਣੇ ਹੋਏ ਹਨ।
ਏਦਾਂ ਦੇ ਕੋਠਿਆਂ ‘ਚ ਰਹਿੰਦਿਆਂ, ਸਾਡੇ ਤਾਏ, ਚਾਚੇ ਤੇ ਬਾਪ ਵੱਡੇ ਹੋਏ। ਜਮੀਨਾਂ ਸੌੜੀਆਂ ਸਨ। ਬਰਾਨੀ ਜਮੀਨਾਂ। ਕਿਤੇ ਕਿਤੇ ਖੂਹ ਵੀ ਸਨ। ਹਾੜੀ ਸਾਉਣੀ ਦਾਣੇ ਭੜੋਲਿਆਂ ‘ਚ ਪੈਂਦੇ ਤੇ ਹੋਰ ਲੋੜਾਂ ਪੂਰੀਆਂ ਹੁੰਦੀਆਂ। ਡੰਗਰ ਚਾਰਦਾ, ਹਲ ਵਾਹੁੰਦਾ ਮੇਰਾ ਬਾਪ ਆਪਣੇ ਇੱਕ ਯਾਰ ਨਾਲ 1909 ਦੀ ਇੱਕ ਰਾਤ ਚੋਰੀ ਭੱਜ ਗਿਆ ਤੇ ਫੌਜ ‘ਚ ਭਰਤੀ ਜਾ ਹੋਇਆ। ਜਿਵੇਂ ਸਾਉਣ ਭਾਦੋਂ ਦੀਆਂ ਕੜਕਦੀਆਂ ਧੁੱਪਾਂ, ਚਮਾਸਿਆਂ ਤੋਂ ਤੰਗ ਆਇਆ ਜੱਟ ਸਾਧ ਬਣਿਆ ਸੀ। ਸ਼ਾਹੀ ਅਨਪੜ੍ਹ ਸੀ। ਮਿਹਨਤ ਕੀਤੀ। ਤਰੱਕੀ ਕਰਦਾ ਗਿਆ। ਪਹਿਲੀ ਤੇ ਦੂਜੀ ਜੰਗ ਵਿਚ ਲੜਿਆ। ਆਖਿਰ 1942 ਵਿਚ ਫੌਜ ‘ਚੋਂ ਔਨਰੇਰੀ ਕੈਪਟਨ ਅਤੇ ਮਾਣਮੱਤੇ ਐਸ ਬੀ, ਓ ਬੀ ਆਈ ਦੇ ਖਿਤਾਬਾਂ ਨਾਲ ਸੇਵਾ ਮੁਕਤ ਹੋਇਆ।
ਫੌਜੀ ਨੌਕਰੀ ਦੌਰਾਨ ਵੀਹਵੀਂ ਸਦੀ ਦੇ 20ਵਿਆਂ ਵਿਚ ਪਿੰਡ ਦੋ ਮੰਜ਼ਲਾ ਮਮਟੀ ਵਾਲਾ ਘਰ ਉਸਾਰ ਲਿਆ। ਨਾਲ ਹੀ ਲਾਗ ਦੇ ਪਿੰਡ ਭਰੋਕਿਆਂ ਤੋਂ ਆਪਣੀ ਜੱਦੀ ਜਮੀਨ ਨਾਲ ਲੱਗਦੀ 25 ਕਿੱਲੇ ਜਮੀਨ ਵੀ ਖਰੀਦੀ। ਇਸ ਵਿਚ ਖੂਹ ਲਵਾਇਆ ਤੇ ਇੱਕ ਕਿੱਲੇ ਕੁ ਦੇ ਵਾਗਲੇ ਵਿਚ ਤੂੜੀ ਪੱਠੇ ਲਈ ਲੰਮੀ ਕੁੜ, ਅੱਗੇ ਇੱਕ ਓਡਾ ਹੀ ਲੰਮਾ ਵਰਾਂਡਾ ਬਣਵਾਇਆ। ਇਸ ਦੇ ਨਾਲ ਹੀ ਇੱਕ ਕਮਰਾ ਆਪਣੇ ਬਹਿਣ ਉਠਣ ਲਈ। ਸਾਹਮਣੇ ਇੱਕ ਛੋਟਾ ਜਿਹਾ ਬਗੀਚਾ ਵੀ। ਇਸ ਸਭ ਕੁਝ ‘ਚ ਮੈਂ ਖੇਡਦਾ ਮੱਲਦਾ ਰਿਹਾਂ। ਉਦੋਂ ਮੈਂ ਚੌਥੀ ਪੰਜਵੀਂ ਵਿਚ ਪੜ੍ਹਦਾ ਹੁੰਦਾ ਸੀ। ਅੱਜ ਇਹ ਸਭ ਕੁਝ ਓਵੇਂ ਹੀ ਲੱਗਦੈ ਜਿਵੇਂ ਐਨæ ਆਰæ ਆਈæ ਪਿੱਛੇ ਆਪਣੀਆਂ ਜਾਇਦਾਦਾਂ ਤੇ ਕੋਠੀਆਂ ਬਣਾਉਂਦੇ ਹਨ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਹ ਮਾਣਮੱਤਾ ਸਾਰਾ ਕੁਝ 17 ਅਗਸਤ 1947 ਨੂੰ ਛੱਡ ਸਿਰਾਂ ‘ਤੇ ਗਠੜੀਆਂ ਰੱਖ ਭਾਰਤ ਵੱਲ ਭੱਜ ਤੁਰੇ। ਮਸੀਂ ਜਾਨਾਂ ਬਚੀਆਂ। ਸ਼ਰਨਾਰਥੀ ਬਣ ਆਜ਼ਾਦ ਭਾਰਤ ਵਿਚ ਆ ਗਏ। ਖਾਨਾ ਬਦੋਸ਼ਾਂ ਵਾਂਗ ਕੁਝ ਸਮਾਂ ਏਧਰ ਓਧਰ ਭਟਕਦੇ ਰਹੇ। ਫਿਰ ਪੱਕੀ ਅਲਾਟਮੈਂਟ ਕਪੂਰਥਲੇ ਦੇ ਪਿੰਡ ਫੂਲੇਵਾਲ ਵਿਚ ਹੋ ਗਈ। ਉਜਾੜੇ ਦੇ ਸਦਮੇ ਕਰਕੇ ਬਾਪ ਨੇ ਆਪਣੀ ਸਾਰੀ ਹਿੰਮਤ ਸਾਨੂੰ ਪੰਜਾਂ ਭਰਾਵਾਂ ਨੂੰ ਪੜ੍ਹਾਉਣ ‘ਤੇ ਝੋਕ ਦਿੱਤੀ। ਸਾਨੂੰ ਹੋਰ ਕਿਸੇ ਲਾਲਚ ਵਿਚ ਪੈਣ ਹੀ ਨਹੀਂ ਦਿੱਤਾ। ਉਹ ਕਹਿੰਦੇ ਸਨ-ਬੰਦੇ ਦੀ ਜਾਇਦਾਦ, ਮਿਲਖਾਂ ਦਾ ਕੋਈ ਵਸਾਹ ਭਰੋਸਾ ਨਹੀਂ ਜੇ ਲੋਕੋ, ਬੰਦੇ ਦੀ ਵਿੱਦਿਆ ਅਸਲ ਕਮਾਈ ਏ, ਇਸ ਨੂੰ ਕੋਈ ਨਹੀਂ ਖੋਹ ਸਕਦਾ, ਇਸ ਵੰਡ ਨੇ ਵੱਡੇ ਵੱਡਿਆਂ ਨੂੰ, ਮਹਿਲ ਮਾੜੀਆਂ ਵਾਲਿਆਂ ਨੂੰ, ਰੜੇ ਲਿਆ ਸੁੱਟਿਆ। ਉਨ੍ਹਾਂ ਦੀ ਇਸੇ ਦੇਣ ਕਰਕੇ ਅੱਜ ਅਸੀਂ ਇਸ ਮੌਜੂਦਾ ਸਥਿਤੀ ਵਿਚ ਪਹੁੰਚੇ ਮੌਜਾਂ ਕਰ ਰਹੇ ਹਾਂ।
ਮੈਂ ਰਣਧੀਰ ਕਾਲਜ ਕਪੂਰਥਲੇ ਤੋਂ ਬੀ ਏ ਕਰ, ਡੀ ਏ ਵੀ ਕਾਲਜ ਜਲੰਧਰ, ਖਾਲਸਾ ਕਾਲਜ ਅੰਮ੍ਰਿਤਸਰ, ਹਰਗੋਬਿੰਦ ਖਾਲਸਾ ਟਰੇਨਿੰਗ ਕਾਲਜ ਗੁਰੂਸਰ ਸੁਧਾਰ, ਸਰਕਾਰੀ ਟਰੇਨਿੰਗ ਕਾਲਜ ਜਲੰਧਰ ਤੋਂ ਹੁੰਦਾ ਹੋਇਆ 1961 ਤੱਕ ਐਮ ਏ, ਐਮ ਐਡ ਹੋ ਗਿਆ। ਐਮ ਐਡ ਕਰਦਿਆਂ ਹੀ ਜੀ ਐਚ ਜੀ ਖਾਲਸਾ ਟਰੇਨਿੰਗ ਕਾਲਜ ਵਿਚ ਬਤੌਰ ਲੈਕਚਰਾਰ 8 ਜਨਵਰੀ 1962 ਨੂੰ ਲੱਗ ਗਿਆ। ਇਥੇ ਜ਼ਿੰਦਗੀ ਕੁਝ ਐਸੀ ਲੀਹੇ ਪਈ ਕਿ ਕਦੀ ਕਾਰਜਕਾਰੀ ਪ੍ਰਿੰਸੀਪਲ, ਕਦੀ ਪੂਰਾ ਪ੍ਰਿੰਸੀਪਲ, ਕਦੀ ਫਿਰ ਪ੍ਰੋਫੈਸਰ ਅਤੇ ਫਿਰ ਪ੍ਰਿੰਸੀਪਲ ਦਾ ਉਲਟ ਫੇਰ ਚੱਲੀ ਗਿਆ। ਆਖੀਰ ਇਥੋਂ ਹੀ 30 ਅਕਤੂਬਰ 1995 ਨੂੰ ਸੇਵਾ ਮੁਕਤ ਹੋਇਆ, ਜਿੱਥੇ 1959 ਵਿਚ ਬੀ ਟੀ ਕਰਨ ਆਇਆ ਸੀ।
ਫਿਰੋਜ਼ਪੁਰ ਰੋਡ ‘ਤੇ ਚੁੰਗੀ ਲਾਗੇ ਆਪਣੀ ਬਣਾਈ ਪੱਕੀ ਰਿਹਾਇਸ਼ ਵਿਚ ਬੋਰੀ ਬਿਸਤਰਾ ਲਿਆ ਟਿਕਾਇਆ। ਹੁਣ ਵੀਰਨੋ, ਇਸ ਨੂੰ ਭਾਵੇਂ ਕਹਿ ਲਵੋ ਕੋਠੀ, ਭਾਵੇਂ ਕਹਿ ਲਓ ਪੱਕਾ ਘਰ, ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾਂ।
1970 ਵਿਚ ਮੇਰੇ ਇੱਕ ਸਨੇਹੀ ਨੇ ਦੱਸਿਆ ਕਿ ਪੱਖੋਵਾਲ ਰੋਡ ‘ਤੇ ਜਵੱਦੀ ਲਾਗੇ ਪਲਾਟ ਵਿਕ ਰਹੇ ਹਨ। ਅਸੀਂ ਦੋਵੇਂ ਜਣੇ ਮੋਟਰ ਸਾਈਕਲ ‘ਤੇ ਵੇਖਣ ਚਲੇ ਗਏ। 500 ਗਜ ਦੇ ਪਲਾਟ ਦਾ ਕੋਈ 11 ਕੁ ਹਜ਼ਾਰ ਵਿਚ ਸੌਦਾ ਹੋ ਗਿਆ। ਚਾਰ ਚੁਫੇਰੇ ਪਲਾਟ ਬੁਰਜੀਆਂ ਲੱਗੀਆਂ ਹੋਈਆਂ ਸਨ। ਲੋਕ ਕਹਿਣ ਕਿੱਥੇ ਉਜਾੜ ਜਿਹੀ ਥਾਂ ‘ਤੇ ਪਲਾਟ ਲੈ ਲਿਆ। ਇੱਕ ਵਾਰ ਨਿਰਾਸ਼ ਹੋ ਕੇ ਪਲਾਟ ਵੇਚਣ ਲਾ ਦਿੱਤਾ। ਇੱਕ ਸੁਹਿਰਦ ਪਰਿਵਾਰ ਸਨੇਹੀ ਨੂੰ ਰਜਿਸਟਰੀ ਫੜਾ ਦਿੱਤੀ। ਬੱਸ ਵੇਚ ਦਿਓ ਜੀ। ਉਹਨੇ ਵੇਚਣ ਨਾ ਦਿੱਤਾ। 1975 ਵਿਚ ਐਮਰਜੈਂਸੀ ਚੁੱਕੀ ਗਈ। ਰੀਅਲ ਅਸਟੇਟ ਦੇ ਭਾਅ ਇੱਕ ਦਮ ਚੜ੍ਹ ਗਏ। ਉਹੀ ਪਲਾਟ ਪਚਾਸੀ ਹਜ਼ਾਰ ਦਾ ਵਿਕਿਆ। ਇਸ ਸੌਦੇ ਨੇ ਨੌਕਰੀ ਪੇਸ਼ਾ ਬੰਦੇ ਦਾ ਹੌਂਸਲਾ ਵਧਾ ਦਿੱਤਾ। ਘਰ ਤਾਂ ਬਣਾਉਣਾ ਹੀ ਬਣਾਉਣਾ ਸੀ। ਚਾਰ ਜੀਆਂ ਦੇ ਪਰਿਵਾਰ ਦੀ ਇੱਕੋ ਤਨਖਾਹ। ਮੇਰੇ ਯੂਨੀਅਨਇਜ਼ਮ ਨੇ ਘਰ ਵਾਲੀ ਦੀ ਨੌਕਰੀ ਦੀ ਬਲੀ ਲੈ ਲਈ ਹੋਈ ਸੀ। ਪਰਿਵਾਰ ਦੀ ਇੱਛਾ ਫਿਰੋਜ਼ਪੁਰ ਰੋਡ ‘ਤੇ ਕੋਈ ਪਲਾਟ ਲੈਣ ਦੀ ਸੀ।
80ਵਿਆਂ ਦੇ ਅਰੰਭ ਵਿਚ ਚੁੰਗੀ ਨੇੜੇ ਸੜਕ ਤੋਂ ਥੋੜ੍ਹਾ ਹਟਵਾਂ 500 ਗਜ ਦਾ ਪਲਾਟ ਮਿਲ ਗਿਆ। ਇਸ ‘ਤੇ 65 ਹਜ਼ਾਰ ਰੁਪਏ ਲੱਗੇ। ਅਗਲੇ ਸਾਲ ਨਾਲ ਲੱਗਦਾ ਏਡਾ ਹੀ ਇੱਕ ਹੋਰ ਪਲਾਟ 50 ਹਜ਼ਾਰ ‘ਚ ਹੀ ਮਿਲ ਗਿਆ। ਸੋਚਿਆ, ਸੇਵਾ ਮੁਕਤੀ ਪਿੱਛੋਂ 1000 ਗਜ ਵਿਚ ਖੁੱਲ੍ਹਾ-ਡੁੱਲ੍ਹਾ ਮਕਾਨ ਬਣਾਵਾਂਗਾ ਅਤੇ ਕਿਚਨ ਗਾਰਡਨਿੰਗ ਵਗੈਰਾ ਕਰਿਆ ਕਰਾਂਗੇ। ਹੱਥੀਂ ਕੰਮ ਕਰਨ ਦਾ ਸ਼ੌਕ ਸੀ। ਇੱਟਾਂ ਵੀ ਸੁਟਾ ਲਈਆਂ। ਪਰ Ḕਬੈਟਰ ਹਾਫḔ ਇਥੇ ਘਰ ਬਣਾਉਣਾ ਨਾ ਮੰਨੀ। ਅਖੇ ਇਹਦੇ ਲਾਗੇ ਇੱਕ ਫੈਕਟਰੀ ਹੈ। ਇਸੇ ਥਾਂ ਨੇੜੇ ਅੱਜਕੱਲ੍ਹ ਐਮ ਬੀ ਡੀ ਮਾਲ ਹੈ। ਵਧੀਆ ਕੋਠੀਆਂ ਬਣ ਗਈਆਂ ਹਨ। ਦੂਜੇ ਪਾਸੇ ਰਾਜਗੁਰੂ ਨਗਰ ਲੱਗਦੈ।
1991 ਦੇ ਸ਼ੁਰੂ ਵਿਚ ਹੀ ਚੁੰਗੀ ਲਾਗੇ ਦੀਆਂ ਕਾਲੋਨੀਆਂ ਵਿਚ ਭਾਲ ਕੀਤੀ। ਨਵੀਂ ਨਵੀਂ ਕੱਟੀ ਜਾ ਰਹੀ ਕੋਹਿਨੂਰ ਪਾਰਕ ਵਿਚ ਇੱਕ 500 ਗਜ ਦਾ ਪਲਾਟ ਪਸੰਦ ਆ ਗਿਆ। ਇਆਲੀ ਚੌਕ ਬੱਸ ਅੱਡਾ ਨੇੜੇ ਹੀ ਲੱਗਦਾ ਸੀ। 30 ਫੁੱਟੀਆਂ ਪੱਕੀਆਂ ਸੜਕਾਂ ਬਣੀਆਂ ਹੋਈਆਂ ਸਨ। ਪਲਾਟਾਂ ਦੀਆਂ ਬੁਰਜੀਆਂ ਲੱਗੀਆਂ ਹੋਈਆਂ ਸਨ। ਮਸੀਂ ਇੱਕ ਅੱਧੇ ਪਲਾਟ ‘ਚ ਉਸਾਰੀ ਹੋਈ ਹੋਈ ਸੀ। ਗੁਰਦੁਆਰਾ ਬਣਿਆ ਹੋਇਆ ਸੀ। ਨਾਲ ਹੀ ਪਾਰਕ ਲਈ ਜਗ੍ਹਾ ਛੱਡੀ ਹੋਈ ਸੀ। ਬਾਕੀ ਚਾਰ ਚੁਫੇਰੇ ਖੇਤ ਅਤੇ ਖਾਲੀ ਪਲਾਟਾਂ ‘ਚ ਡੰਗਰ ਚੁਗਦੇ ਹੁੰਦੇ। ਉਧਰੋਂ ਸੇਵਾ ਮੁਕਤੀ ਦਾ ਸਮਾਂ ਭੱਜਾ ਆ ਰਿਹਾ ਸੀ। ਫਿਕਰ ਸੀ, ਟਿੰਡ ਫੂਹੜੀ, ਲੀਰ ਪਰਾਂਦਾ ਕਿੱਥੇ ਰੱਖਾਂਗੇ! ਨੌਕਰੀ ਤਾਂ ਕਿਰਾਏ ਦੀਆਂ ਰਿਹਾਇਸ਼ਾਂ ‘ਚ ਕੱਟ ਲਈ। ਹੁਣ ਤਾਂ ਆਪਣੀ ਕੁੱਲੀ ਦੇ ਛੱਤ ਵਾਸਤੇ ਕੁਝ ਕਰਨਾ ਹੀ ਪੈਣੈ। ਇਨ੍ਹਾਂ ਸੋਚਾਂ ‘ਚ ਦਫਤਰ ਬੈਠਿਆਂ ਹੀ ਆਪਣੀਆਂ ਲੋੜਾਂ ਅਨੁਸਾਰ 90 ਦੇ ਕੋਨਾਂ ‘ਤੇ ਸਿੱਧੀਆਂ ਲਕੀਰਾਂ ਖਿੱਚ ਲੋੜਾਂ ਤੇ ਚਾਹਤਾਂ ਅਨੁਸਾਰ ਨਕਸ਼ਾ ਆਪ ਹੀ ਤਿਆਰ ਕਰ ਲਿਆ। ਹਰ ਸੰਭਵ ਸਰੋਤ ਤੋਂ ਮਾਇਕ ਵਸੀਲੇ ਜੋੜੇ। ਮਜਬੂਰੀ ਵੱਸ ਕਿਸੇ ਆਰਕੀਟੈਕਟ ਨੂੰ ਪੈਸੇ ਦੇਣੇ ਫਜ਼ੂਲ ਸਮਝੇ। ਇੱਕ ਰਾਜਸਥਾਨੀ ਮਿਸਤਰੀ ਠੇਕੇਦਾਰ ਨਾਲ ਲੇਬਰ ਠੇਕਾ ਤੈਅ ਕਰ ਲਿਆ। ਪੁਲ ਸੁਧਾਰ ਦੇ ਫੱਲੇਵਾਲੀਏ ਮੁੰਡਿਆਂ ਨੇ ਮੋਟਰ ਦਾ ਬੋਰ ਕਰ ਦਿੱਤਾ। ਬਿਜਲੀ ਦੇ ਖੰਬੇ ਦੂਰ ਦੂਰ ਸਨ। 500 ਤੋਂ ਹਜ਼ਾਰ ਗਜ ਦੀ ਦੂਰੀ ਤੋਂ ਆਪਣੀਆਂ ਤਾਰਾਂ ਪਾ ਦੋਸਤਾਂ ਕੋਲੋਂ ਬਿਜਲੀ ਲਈ ਤੇ ਮੋਟਰ ਚਾਲੂ ਕਰ ਦਿੱਤੀ।
ਕੋਠੀ ਦੀ 13 ਅਪਰੈਲ 1992 ਨੂੰ ਨੀਂਹ ਰੱਖ ਦਿੱਤੀ। ਨੀਂਹ ਦੀ ਪਹਿਲੀ ਇੱਟ ਸਭ ਤੋਂ ਛੋਟੇ ਮਾਮੇ ਦੇ ਪੁੱਤ ਪ੍ਰੋæ ਗੁਰਭਜਨ ਗਿੱਲ ਨੇ ਰੱਖੀ। ਅਰਦਾਸ ਵੀ ਉਨ੍ਹੇ ਹੀ ਕੀਤੀ। ਕਿਸੇ ਭਾਈ ਜੀ ਨੂੰ ਤਕਲੀਫ ਨਾ ਦਿੱਤੀ। ਮਿਸਤਰੀਆਂ ਤੇ ਮਜ਼ਦੂਰਾਂ ਨੂੰ ਖੁੱਲ੍ਹੇ ਲੱਡੂ ਵੰਡ ਕੰਮ ਸ਼ੁਰੂ ਕਰ ਦਿੱਤਾ। ਉਸਾਰੀ ਦੇ ਹਰ ਪੱਖ, ਹਰ ਅਵਸਥਾ, ਹਰ ਮੁਸ਼ਕਿਲ ਪਿੱਛੇ ਇੱਕ ਕਹਾਣੀ ਏ। ਭੁੱਲ ਨਹੀਂ ਸਕਦੀਆਂ ਉਹ! ਬਣਾਉਣ ਵੇਲੇ ਇੱਕੋ ਸਾਧਨ ਤਨਖਾਹ ਹੀ ਸੀ। ਪ੍ਰਾਵੀਡੈਂਟ ਫੰਡ, ਰਿਸ਼ਤੇਦਾਰਾਂ, ਯਾਰਾਂ ਬੇਲੀਆਂ ਤੋਂ ਫੜ-ਫੁੜ ਕੰਮ ਤੋਰੀ ਗਏ। ਲੈਂਟਰ ਪਿੱਛੋਂ ਅਗਲੇ ਕੰਮਾਂ ਲਈ ਪੈਸਾ ਚਾਹੀਦਾ ਸੀ। ਚਾਰ ਕੁ ਸਾਲ ਪਹਿਲਾਂ ਕੈਨੇਡਾ ਗਏ ਦੋਹਾਂ ਮੁੰਡਿਆਂ ਨੂੰ ਵੰਗਾਰਿਆ। ‘ਓਏ ਸ਼ੇਰੋ!, ਜਾਣਦਾ ਆਂ, ਤੁਸੀਂ ਵੀ ਪਹਿਲੇ ਸਾਲਾਂ ‘ਚ ਓਧਰ, ਕੋਈ ਸੌਖੇ ਨਹੀਂ, ਪਰ ਏਧਰ ਤੁਹਾਡੇ ਬਾਪੂ ਦਾ ਗੱਡਾ ਫਸ ਗਿਆ, ਇਹਨੂੰ ਕੱਢੋ, ਕੰਮ ਸਿਰੇ ਲੱਗੇ, ਦੋ ਢਾਈ ਲੱਖ ਦਾ ਜੁਗਾੜ ਛੇਤੀ ਕਰੋ।Ḕ
ਇੱਕ ਵੇਲੇ ਵਾਸ਼ਰੂਮ ਦੀਆਂ ਟਾਈਲਾਂ ਖਰੀਦਣ, ਲਵਾਉਣ ਵਾਸਤੇ 20 ਕੁ ਹਜ਼ਾਰ ਦੀ ਲੋੜ ਸੀ। ਨੰਗਲ ਵਾਲੇ ਇੱਕ ਸਨੇਹੀ ਐਕਸੀਅਨ ਨੂੰ ਵੰਗਾਰਿਆ। ਚੰਡੀਗੜ੍ਹੋਂ ਮੀਟਿੰਗ ਅਟੈਂਡ ਕਰਕੇ ਸ਼ਾਮੀਂ ਸਿੱਧਾ ਨੰਗਲ ਪਹੁੰਚਿਆ। ਅਗਲੇ ਦਿਨ ਪੈਸੇ ਲੈ ਵਾਪਸੀ ‘ਤੇ ਟਾਈਲਾਂ ਵਾਲੇ ਨੂੰ ਅਦਾਇਗੀ ਕੀਤੀ। ਰੁਕਿਆ ਕੰਮ ਚਾਲੂ ਹੋਇਆ। ਕੇਰਾਂ ਸਹੁਰਿਆਂ ਨੇ 25 ਹਜ਼ਾਰ ਦੇ ਕੇ ਮੁੰਡਾ ਭੇਜਿਆ। ਉਹਨੂੰ ਅੱਡੇ ਤੋਂ ਲੈਣ ਗਿਆ। ਰਸਤੇ ‘ਚ ਅਗਰਵਾਲ ਟਿੰਬਰ ਵਾਲਿਆਂ ਦਾ ਹੀ ਮਸੀਂ ਸਰਿਆ।
ਏਦਾਂ ਕੰਮ ਹੌਲੀ ਹੌਲੀ ਹੁੰਦੇ-ਹਵਾਂਦੇ ਰਹੇ। ਇੱਕ ਦਿਨ ਕਾਲੋਨੀ ਦਾ ਉਹੋ ਮੁਖਤਿਆਰ, ਜਿਸ ਤੋਂ ਇਹ ਪਲਾਟ ਲਿਆ ਸੀ ਆ ਗਿਆ, ਕਹਿੰਦਾ, “ਆਹ ਨਾਲ ਲੱਗਦਾ 233 ਗਜ ਦਾ ਪਲਾਟ ਵੀ ਲੈ ਲਓ। ਉਸੇ ਰੇਟ ‘ਤੇ ਹੀ।” ਪੈਸੇ ਪੱਖੋਂ ਹੱਥ ਤੰਗ ਹੋਣ ਕਰਕੇ ਨਾਂਹ ਕਰ ਦਿੱਤੀ। ਇੱਕ ਪਾਸੇ ਉਹ ਜ਼ੋਰ ਪਾਈ ਗਿਆ, ਦੂਜੇ ਪਾਸੇ ਸੱਸ ਨੇ ਹੌਂਸਲਾ ਦਿੱਤਾ, “ਲੈ ਲੈ ਪੁੱਤ! ਨਾਲ ਲੱਗਦੇ ਥਾਂ ਕਿਸਮਤ ਨਾਲ ਹੀ ਮਿਲਦੇ ਆ।”
ਲਓ ਜੀ! ਔਖੇ ਸੌਖੇ ਸੌਦਾ ਮਾਰ ਹੀ ਲਿਆ। ਕੋਠੀ ਦਾ ਇਸ ਛੋਟੇ ਪਲਾਟ ਵਾਲਾ ਪਾਸਾ ਬਲਾਈਂਡ ਰੱਖਿਆ ਹੋਇਆ ਸੀ। ਇਸ ਪਾਸੇ ਦੀ ਕੰਧ ਵਿਚ ਦੋ ਬਾਰੀਆਂ ਕਢਾ ਲਈਆਂ ਜਿਸ ਨਾਲ ਡਰਾਇੰਗ ਤੇ ਡਾਈਨਿੰਗ ਰੂਮ ਵਾਹਵਾ ਚਾਨਣਨੁਮਾ, ਧੁੱਪਨੁਮਾ, ਹਵਾਦਾਰ ਬਣ ਗਿਆ। ਕੋਈ ਛੇ ਕੁ ਮਹੀਨਿਆਂ ਵਿਚ ਆਪਣਾ ਪੱਕਾ ਘਰ ਸਿਰ ਲੁਕਾਉਣਯੋਗ ਹੋ ਗਿਆ। ਰਗੜਾਈ ਚੱਲਦੀ ‘ਤੇ ਹੀ ਕਾਲਜ ਕੁਆਟਰਾਂ ‘ਚੋਂ ਡੇਰਾ ਡੰਡਾ ਚੁੱਕ ਅਕਤੂਬਰ 1992 ‘ਚ ਇਸ ਸੁਪਨਈ ਆਲ੍ਹਣੇ ‘ਚ ਆ ਬੈਠੇ। ਬਾਕੀ ਕੰਮ ਵਿਚ ਰਹਿੰਦਿਆਂ ਕਰਾਈ ਗਏ। ਕਾਲਜ ਇਥੋਂ ਜਾਣ ਲੱਗ ਪਿਆ। ਏਸੇ ਸਾਲ ਪੰਜਾਬ ਯੂਨੀਵਰਸਟੀ ਦੀ ਸੈਨੇਟ ਦੀ ਚੋਣ ਆ ਗਈ। ਉਸਾਰੀ ਦੀ ਹਰ ਕਿਸਮ ਦੀ ਨਿਗਰਾਨੀ, ਪੈਸੇ ਦਾ ਪ੍ਰਬੰਧ ਕਰਨਾ, ਸੈਨੇਟ ਦੀ ਜਲੇਬੀ ਵਲ ਸਿਆਸਤ ਨਾਲ ਜੂਝਣਾ, ਕਾਲਜ ਦਾ ਕੰਮ ਆਦਿ ਨੇ ਚੰਗੀਆਂ ਹੀਲਾਂ, ਚਾਲਾਂ ਕਢਾਈਆਂ।
ਵਿਰਕਾਂ ਦੀ ਧੀ, ਪਤਨੀ ਦੀ ਮਾਤਾ, ਬੜੇ ਧੜੱਲੇਦਾਰ ਬੀਬੀ ਸੀ। ਡਾਂਗ ਫੜ ਮੇਰੇ ਉਸਾਰੀ ਦੇ ਕੰਮਾਂ ਵਿਚ ਪਹਿਰੇਦਾਰ ਤੇ ਨਿਗਰਾਨ ਬਣੀ ਰਹੀ। ਉਹਦੀ ਦੇਣ ਨੂੰ ਮੈਂ ਕਦੀ ਵੀ ਭੁੱਲ ਨਹੀਂ ਸਕਦਾ। ਗ੍ਰਹਿ ਪ੍ਰਵੇਸ਼ ਵਾਲਾ ਰਸਮੀ ਕਾਰਜ ਵੀ ਅੱਗੋਂ 1993 ਦੀ ਫਰਵਰੀ-ਮਾਰਚ ‘ਚ ਕੀਤਾ। ਸਮੁੱਚੀ ਕੋਠੀ ਨੂੰ ਪੇਂਟ, ਪਾਲਿਸ਼ ਤਾਂ ਗ੍ਰਹਿ ਪ੍ਰਵੇਸ਼ ਪਿੱਛੋਂ 1994 ‘ਚ ਜਾ ਕੇ ਮਸੀਂ ਮੁੱਕਾ। ਰਹਿੰਦੀ ਸਰਵਿਸ ਇਥੋਂ ਹੀ ਕਾਲਜ ਜਾਂਦਾ ਰਿਹਾ। ਆਪਣੇ ਇਸ ਆਲ੍ਹਣੇ ਨੂੰ ਆਪਣੀ ਦ੍ਰਿਸ਼ਟੀ, ਜੀਵਨ ਸ਼ੈਲੀ ਦੀਆਂ ਜ਼ਰੂਰਤਾਂ, ਖਾਹਿਸ਼ਾਂ ਅਨੁਸਾਰ ਤਿਆਰ ਕੀਤਾ। ਕਿਚਨ ਗਾਰਡਨ ਲਈ ਥਾਂ ਰੱਖਿਆ। ਪਿਛਲੇ ਤੇ ਅਗਲੇ ਪਾਸੇ ਦੀ ਖੁੱਲ੍ਹੀ ਵਿਉਂਤਬੰਦੀ ਕੀਤੀ। ਮੋਹਰਲੇ ਲਾਅਨ ‘ਚ ਰੀਝ ਨਾਲ ਪੀæਏæਯੂæ ‘ਚੋਂ ਲਿਆ ਫੁੱਲ ਬੂਟੇ ਲਾਏ।
ਜਦੋਂ ਹੇਮਕੁੰਟ ਸਾਹਿਬ ਦੇ ਯਾਤਰੀ ਗੋਬਿੰਦ ਘਾਟ ਤੋਂ ਚੱਲ ਕੇ ਇੱਕ ਦਿਨ ਵਿਚ ਗੋਬਿੰਦ ਧਾਮ ਪਹੁੰਚਦੇ ਹਨ। ਅਗਲੇ ਦਿਨ ਸਵੇਰੇ ਹੀ ਹੇਮਕੁੰਟ ਸਾਹਿਬ ਦੀ ਕਠਨ ਅਤੇ ਬਰਫਾਂ ਭਰੀ ਉਚਾਈ ਵਾਲੇ ਪੰਧ ‘ਤੇ ਤੁਰ ਪੈਂਦੇ ਹਨ। ਇਸ ਔਖੇ ਪੰਧ ‘ਤੇ ਥੋੜ੍ਹਾ ਚੱਲ ਕੇ ਖੱਬੇ ਪਾਸੇ ਨੂੰ ਸੁੰਦਰ ਲਈਅਰ ਵੈਲੀ (ਫਲਾਵਰ ਵੈਲੀ) ਵੱਲ ਨੂੰ ਰਾਹ ਨਿਕਲਦਾ ਹੈ। ਕਹਿੰਦੇ ਹਨ, ਵੇਖਣਯੋਗ ਥਾਂ ਹੈ। ਇੱਥੇ ਸ਼ਾਂਤੀ ਤੇ ਸੁੰਦਰਤਾ ਦਾ ਇੱਕ ਅਦਭੁਤ ਨਜ਼ਾਰਾ ਵੇਖਣ ਨੂੰ ਮਿਲਦੈ। ਚਾਰ ਚੁਫੇਰੇ ਪਹਾੜ ਅਤੇ ਵਾਦੀ ਵਿਚ ਫੁੱਲਾਂ ਦੀਆਂ ਸੁੰਗਧੀਆਂ ਭਰਿਆ ਦੈਵੀ ਨਜ਼ਾਰਾ ਅੱਖਾਂ ਅਤੇ ਆਤਮਾ ਨੂੰ ਰੂਹਾਨੀ ਸਕੂਨ ਦਿੰਦਾ ਹੈ, ਇੱਕ ਬਹਿਸ਼ਤੀ ਨਜ਼ਾਰਾ।
ਹੋਰ ਕੋਈ ਮੰਨੇ ਜਾਂ ਨਾ ਮੰਨੇ ਮੇਰੀ ਤਾਂ ਇਹ ਲਈਅæਰ ਵੈਲੀ ਅਨੰਦ ਵਾਦੀ ਏ। ਇਉਂ ਹੀ ਮਹਿਸੂਸ ਕੀਤਾ ਜਦੋਂ ਨੌਕਰੀ ਤੋਂ ਰਿਟਾਇਰ ਹੋ 31 ਅਕਤੂਬਰ 1995 ਨੂੰ ਆਪਣੇ ਇਸ ਰੈਣ ਬਸੇਰੇ ‘ਚ ਸਵੇਰੇ ਉਠਿਆ। ਪ੍ਰਸ਼ਾਸਕੀ ਬੋਝਾਂ ਦਾ ਜੂਲਾ ਮੋਢਿਆਂ ਤੋਂ ਲਹਿ ਗਿਆ ਹੋਇਆ ਸੀ। ਹੌਲਾ ਫੁੱਲ ਮਹਿਸੂਸ ਕੀਤਾ। ਆਪਣਾ ਪੱਕਾ ਘਰ ਜਿਸ ਵਿਚ ਪੂਰਾ ਪ੍ਰਭੂਸਤਾ ਸੰਪੰਨ ਸਾਂ, ਚਾਹਤ ਪੂਰੀ ਹੋਈ ਮਹਿਸੂਸ ਹੋਈ। ਇਸ ਖੁੱਲ੍ਹੀ, ਪ੍ਰਭੂਸਤਾ ਸੰਪੰਨ ਫਿਜ਼ਾ ਵਿਚ ਆਖਰੀ ਸਮਾਂ ਚੰਗਾ ਗੁਜ਼ਰਨ ਲੱਗਾ। ਨੌਕਰੀ ਦੇ ਝਮੇਲਿਆਂ ਤੋਂ ਮੁਕਤ ਇੱਕ ਪੂਰਨ ਅਨੰਦ ਵਾਦੀ। ਗੌਰਮੈਂਟ ਏਡਿੱਡ ਪ੍ਰਾਈਵੇਟ ਕਾਲਜ ਪ੍ਰਬੰਧਨ ਦੀ ਦੋਗਲੀ, ਟੀਰੀ, ਦੰਭੀ ਸਿਆਸੀ ਵਰਤਾਰੇ ਤੋਂ ਪੂਰੀ ਰਾਹਤ ਮਿਲੀ ਮਹਿਸੂਸ ਹੋਈ। ਪੂਰੀ ਸੰਤੁਸ਼ਟੀ ‘ਚ ਸਮਾਂ ਲੰਘਣ ਲੱਗ ਪਿਆ। ਪੂਰੇ ਮਲੰਗ ਮੌਲੇ ਦੇ ਫੱਕਰੀ ਅਨੰਦ ‘ਚ ਗੜੂੰਦ ਹੋ ਗਿਆ। ਦੋਵੇਂ ਮੁੰਡੇ ਕੈਨੇਡਾ ਸਨ। ਉਨ੍ਹਾਂ ਤੋਂ ਦੂਰ ਰਹਿਣ ਕਰਕੇ ਕੁਝ ਉਦਰੇਵਾਂ ਕਦੀ ਕਦੀ ਜ਼ਰੂਰ ਮਹਿਸੂਸ ਹੁੰਦਾ। ਦੋਹਾਂ ਪਾਸਿਆਂ ‘ਚ ਕੁਝ ਪਿਤਰੀ ਮੋਹ ਦੀ ਖਿੱਚ ਸੀ। ਇਕੱਠੇ ਹੋਣ ਦੀ ਕੁਦਰਤੀ ਖਿੱਚ ਕਦੀ ਕਦੀ ਜ਼ਰੂਰ ਸਤਾਉਂਦੀ।
(ਚਲਦਾ)