ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਝਾਕੀ ਪਹਿਲੀ: ਮੇਰੀ ਮਾਂ ਨੇ ਦੇਖਿਆ ਕਿ ਬਾਪੂ (ਉਸ ਦਾ ਸਹੁਰਾ) ਪਸ਼ੂ ਖੋਲ੍ਹ ਕੇ ਚਰਾਉਣ ਲਈ ਬਾਹਰ ਲੈ ਗਿਆ ਹੈ ਤਾਂ ਉਸ ਨੇ ਨਹਾਤੇ ਹੋਏ ਕੇਸ ਮੋਢਿਆਂ ‘ਤੇ ਖਿਲਾਰ ਲਏ ਅਤੇ ਦੁਪੱਟਾ ਉਤੇ ਲੈ ਲਿਆ। ਇੰਜ ਸਿਰ ਵੀ ਨੰਗਾ ਨਾ ਰਿਹਾ ਅਤੇ ਖੁੱਲ੍ਹੇ ਕੇਸਾਂ ਨੂੰ ਧੁੱਪ-ਹਵਾ ਵੀ ਲੱਗਣ ਲੱਗ ਪਈ। ਸਹੁਰਾ ਸਾਹਿਬ ਦੀ ਗੈਰ ਹਾਜ਼ਰੀ ਸਦਕਾ ਉਹ ਵਿਹੜੇ ਵਿਚ ਘੁੰਮ ਫਿਰ ਕੇ ਆਪਣੇ ਕੇਸ ਸੁਕਾਉਂਦੀ ਹੋਈ ਘਰੇਲੂ ਕੰਮ-ਕਾਰ ਕਰਦੀ ਰਹੀ।
ਸ਼ਾਮ ਨੂੰ ਪਸ਼ੂ ਚਰਾ ਕੇ ਘਰੇ ਵਾਪਸ ਆਏ ਬਾਪੂ ਦੇ ਮੱਥੇ ‘ਤੇ ਪਈਆਂ ਤਿਊੜੀਆਂ ਦੇਖ ਕੇ ਮੇਰੀ ਮਾਂ ਨੇ ਅੰਦਾਜ਼ਾ ਲਾਇਆ ਕਿ ਬੁੜ੍ਹਾ ਬਾਹਰ ਹੀ ਕਿਸੇ ਨਾਲ ਲੜਿਆ-ਖਹਿਬੜਿਆ ਹੋਵੇਗਾ, ਪਰ ਰਾਤ ਦੇ ਰੋਟੀ-ਟੁੱਕ ਤੋਂ ਬਾਅਦ ਜਦ ਮੇਰੀ ਦਾਦੀ ਨੇ ਮੇਰੀ ਮਾਂ ਨੂੰ ਦੱਬਵੀਂ ਜਿਹੀ ਜੀਭੇ ਕਿਹਾ, ‘ਬਹੂ, ਮੇਰੀ ਗੱਲ ਸੁਣੀ ਜ਼ਰਾ ਕੂੜੇ!’ ਤਾਂ ਮੇਰੀ ਮਾਂ ਦਾ ਮੱਥਾ ਠਣਕਿਆ। ਦਿਲ ਹੀ ਦਿਲ ਉਸ ਨੂੰ ਸਹੁਰੇ ਦੇ ਮੱਥੇ ਦੀਆਂ ਤਿਊੜੀਆਂ ਦਾ ਕਾਰਨ ਆਪਣੀ ਕਿਸੇ ਅਣਗਹਿਲੀ ਜਾਂ ਗਲਤੀ ਦਾ ਹੋਣਾ ਜਾਪਣ ਲੱਗਿਆ। ਉਹੀ ਗੱਲ ਹੋਈ, ਜਦੋਂ ਸਾਡੀ ਦਾਦੀ ਉਸ ਨੂੰ ਅੰਦਰ ਲਿਜਾ ਕੇ ਕਹਿਣ ਲੱਗੀ ਕਿ ਧੀਏ ਤੇਰਾ ਬਾਪੂ ਖਿਝਦਾ ਸੀ ਕਿæææ।
ਅਸਲ ਵਿਚ ਮੇਰੀ ਮਾਂ ਨੇ ਸਮਝਿਆ ਸੀ ਕਿ ਬਾਪੂ ਪਸ਼ੂ ਚਰਾਉਣ ਕਿਤੇ ਦੂਰ ਗਿਆ ਹੋਵੇਗਾ, ਪਰ ਉਹ ਉਸ ਦਿਨ ਲਾਗਲੇ ਉਚੇ ਟਿੱਬੇ ‘ਤੇ ਪਸ਼ੂ ਲੈ ਗਿਆ ਸੀ ਜਿਥੋਂ ਸਾਡੇ ਘਰ ਦਾ ਵਿਹੜਾ ਸਾਫ ਦਿਖਾਈ ਦਿੰਦਾ ਸੀ। ਉਸ ਨੇ ਦੂਰੋਂ ਹੀ ਦੇਖ ਲਿਆ ਕਿ ਕਿਵੇਂ ਨੂੰਹ ‘ਨੰਗੇ ਮੂੰਹ’ ਵਿਹੜੇ ਵਿਚ ਤੁਰੀ ਫਿਰਦੀ ਹੈ। ਉਸ ਨੂੰ ਇਹ ‘ਅਨਰਥ’ ਦੇਖ ਕੇ ਗੁੱਸਾ ਚੜ੍ਹ ਗਿਆ। ਕਹਿਰਾਂ ਦੇ ਕੱਬੇ ਸੁਭਾਅ ਵਾਲੇ ਸਾਡੇ ਬਾਬੇ ਨੇ ‘ਜ਼ਮਾਨੇ ਦੀ ਤਬਦੀਲੀ’ ਦਾ ਕੁਝ ਲਿਹਾਜ਼ ਕਰਦਿਆਂ ਸਿੱਧਾ ਸਾਡੀ ਮਾਂ ਨੂੰ ਤਾਂ ਕੁਝ ਨਾ ਕਿਹਾ, ਪਰ ਦਾਦੀ ਦੀ ਜ਼ੁਬਾਨੇ ਆਪਣਾ ‘ਸਖਤ ਆਦੇਸ਼’ ਸਣੇ ਉਲਾਂਭੇ, ਸਾਡੀ ਮਾਂ ਤੱਕ ਪਹੁੰਚਾ ਦਿੱਤਾ। ਅਖੇ, ਇਹ ਇਹਦੇ ਪੇਕਿਆਂ ਦਾ ਘਰ ਐ ਭਲਾ? ਇਹਨੂੰ ਪਤਾ ਨਹੀਂ ਕਿ ਸਹੁਰੇ ਘਰ ਕਿਵੇਂ ਰਹੀਦਾ? ਧੀ-ਪੁੱਤ ਦਾ ਕੰਮ ਐ ਕਿ ਆਪਣੇ ਪਰਦੇ ਦਾ ਖਿਆਲ ਰੱਖੇæææ ‘ਇਸ ਤਰ੍ਹਾਂ ਕਰ ਕੇ’ (ਸਾਡੇ ਬਾਬੇ ਦਾ ਤਕੀਆ ਕਲਾਮ) ਅੱਗੇ ਵਾਸਤੇ ਭਾਈ ਆਪਣੇ ਲਿਬਾਸ ਦਾ ਬਹੁਤ ਖਿਆਲ ਰੱਖਣਾ ਚਾਹੀਦੈ ਨੂੰਹਾਂ ਧੀਆਂ ਨੂੰ!
ਝਾਕੀ ਦੂਜੀ: ਫਿਰ ਸਾਡੇ ਬਾਬੇ ਦਾ ਪੁੱਤ, ਯਾਨਿ ਮੇਰਾ ਬਾਪ ਮੇਰੀ ਘਰਵਾਲੀ ਦਾ ਸਹੁਰਾ ਬਣਿਆ। ਇਹ ਸੰਨ ਉਣਾਸੀ ਦੀ ਗੱਲ ਹੈ। ਚਲਦੇ ਰਿਵਾਜ ਅਨੁਸਾਰ ਮੇਰੀ ਪਤਨੀ ਆਪਣੇ ਸਹੁਰੇ ਅਤੇ ਗਲੀ-ਗੁਆਂਢ ਦੇ ਹੋਰ ਬਜ਼ੁਰਗਾਂ ਤੋਂ ਘੁੰਡ ਕੱਢਣ ਲੱਗੀ। ਘੁੰਡ ਦੇ ਕਜੀਏ ਤੋਂ ਛੁਟਕਾਰਾ ਪਾਉਣਾ ਤਾਂ ਉਹ ਵੀ ਚਾਹੁੰਦੀ ਸੀ, ਪਰ ਨਵੀਂ ਨਵੀਂ ਆਈ ਹੋਣ ਕਰ ਕੇ ਉਸ ਨੇ ਹਾਲੇ ਸਹੁਰੇ ਘਰ ਦੇ ਜੀਆਂ ਦਾ ‘ਭੇਤ’ ਨਹੀਂ ਸੀ ਪਾਇਆ; ਇਸ ਕਰ ਕੇ ਘੁੰਡ ਚੁੱਕਣ ਦਾ ਉਹਦਾ ਹਿਆ ਨਹੀਂ ਸੀ ਪੈਂਦਾ।
ਵਿਆਹ ਤੋਂ ਡੇੜ ਕੁ ਮਹੀਨੇ ਬਾਅਦ ਹੀ ਅਮਰੀਕਾ ਤੋਂ ਵੱਡੀ ਭੈਣ ਨੇ ਨਵੀਂ ਵਹੁਟੀ ਦਾ ਘੁੰਡ ਚੁਕਾਉਣ ਵਾਲਾ ‘ਮਤਾ’ ਚਿੱਠੀ ਰਾਹੀਂ ਸਾਡੇ ਘਰ ਲਿਖ ਭੇਜਿਆ। ਪੰਜਾਬ ਵਸਦੀਆਂ ਤਿੰਨਾਂ ਭੈਣਾਂ ਨੇ ਬੜੀ ਫੁਰਤੀ ਨਾਲ ‘ਘੁੰਡ ਚੁਕਾਊ ਮਤੇ’ ਦੀ ਤਾਈਦ ਕਰ ਦਿੱਤੀ ਅਤੇ ਮੇਰੀ ਨਵ-ਵਿਆਹੀ ਵਹੁਟੀ ਸਹੁਰੇ ਘਰ ਵਿਚ ਕੁੜੀਆਂ ਵਾਂਗ ਵਿਚਰਨ ਲੱਗ ਪਈ।
ਉਪਰੋਂ ਉਪਰੋਂ ਤਾਂ ਮੇਰੇ ਬਾਪ ਨੇ ਇਸ ‘ਤੇ ਕੋਈ ਉਜਰ ਨਾ ਕੀਤਾ, ਪਰ ਇਕ ਦਿਨ ਉਹ ਪਿੰਡ ਵਿਚ ਘੁੰਮ ਘਿਰ ਕੇ ਘਰੇ ਆਏ ਮੇਰੀ ਮਾਤਾ ਨੂੰ ਕਹਿਣ ਲੱਗੇ, “ਸੁਣਦੀ ਐਂ ਲੋਕਾਂ ਦੀਆਂ ਗੱਲਾਂ?” ਆਪਣੇ ਬਚਪਨ ਦੇ ਸਾਥੀ ਉਤਮ ਬੁੜ੍ਹੇ ਦਾ ਨਾਂ ਲੈ ਕੇ ਹੱਸਦਿਆਂ ਕਹਿੰਦੇ, “ਉਤਮ ਮੈਨੂੰ ਕਹਿੰਦਾ ਕਿ ਗਿਆਨੀ ਜੀ, ਹੁਣ ਸਾਨੂੰ ਸਹੁਰਿਆਂ-ਪਤਿਆਹੁਰਿਆਂ ਨੂੰ ਹੀ ਕੋਈ ਖੇਸੀ, ਚਾਦਰ ਮੋਢੇ ‘ਤੇ ਰੱਖਣੀ ਪੈਣੀ ਐਂ। ਜਦ ਕੋਈ ਬਹੂ ਸਾਹਮਣੇ ਆਇਆ ਕਰੂ, ਅਸੀਂ ਆਪਣੇ ਮੂੰਹ ‘ਤੇ ਖੇਸੀ ਦਾ ਲੜ ਲੈ ਲਿਆ ਕਰਾਂਗੇ।”
ਝਾਕੀ ਤੀਜੀ: ਆਪਣੇ ਬਾਬੇ ਦੀ ਤੀਜੀ ਪੀੜ੍ਹੀ, ਯਾਨਿ ਮੈਂ ਹੁਣ ਆਪਣੀਆਂ ਦੋ ਨੂੰਹਾਂ ਦਾ ਸਹੁਰਾ ਬਣਿਆ ਅਮਰੀਕਾ ਵਿਚ ਰਹਿ ਰਿਹਾ ਹਾਂ। ਇਕ ਦਿਨ ਸ਼ਾਮ ਵੇਲੇ ਦੀ ਚਾਹ ਪੀਣ ਉਪਰੰਤ ਕੀ ਹੋਇਆ ਕਿ ਤੜਕੇ ਪੰਜ ਵਜੇ ਦੀ ਕੰਮ ‘ਤੇ ਗਈ ਹੋਈ ਮੇਰੀ ਪਤਨੀ ਥੱਕ-ਟੁੱਟ ਕੇ ਘਰੇ ਆਈ। ਅੱਧਾ ਕੁ ਕੱਪ ਚਾਹ ਦਾ ਪੀ ਕੇ ਉਹ ਥਕਾਵਟ ਲਾਹੁਣ ਲਈ ਬੈਡ ‘ਤੇ ਜਾ ਡਿੱਗੀ। ਰਸੋਈ ਦਾ ਸਿੰਕ ਜੂਠੇ ਭਾਂਡਿਆਂ ਨਾਲ ਇਉਂ ਭਰਿਆ ਪਿਆ ਸੀ, ਜਿਵੇਂ ਲੰਗਰ ਦੇ ਜੂਠੇ ਭਾਂਡੇ ‘ਕੱਠੇ ਕੀਤੇ ਹੋਏ ਹੋਣ। ਟੂਟੀ ਤੱਕ ਪਹੁੰਚੀ ਹੋਈ ਕੱਪ ਕੌਲੀਆਂ ਪਲੇਟਾਂ ਦੀ ਟੀਸੀ!
ਬੈਡ ‘ਤੇ ਪਈ ਪਤਨੀ ਦੇ ਘੁਰਾੜੇ ਸੁਣ ਕੇ ਮੈਨੂੰ ਤਰਸ ਆ ਗਿਆ ਕਿ ਇਸ ਨੇ ਘੜੀ ਘੰਟਾ ਸੁਸਤੀ ਲਾਹ ਕੇ ਹੁਣੇ ਰਾਤ ਦੀ ਰੋਟੀ ਦੇ ਆਹਰ ਵਿਚ ਲੱਗ ਜਾਣਾ ਹੈ, ਆਹ ਭਾਂਡਿਆਂ ਦਾ ਟੋਕਰਾ ਵੀ ਇਸੇ ਨੂੰ ਮਾਂਜਣਾ ਪੈਣਾ ਹੈ, ਇਹ ਸੋਚ ਕੇ ਮੈਂ ਫਟਾ-ਫਟ ਬਾਹਾਂ ਦੇ ਕਫ ‘ਤਾਂਹ ਨੂੰ ਚੜ੍ਹਾਏ ਤੇ ਭਾਂਡੇ ਮਾਂਜਣ ਲੱਗ ਪਿਆ। ਅਮਰੀਕਨ ਤਰਜ਼ੇ-ਜ਼ਿੰਦਗੀ ਮੁਤਾਬਕ ਪਰਵਾਸੀ ਪਰਿਵਾਰਾਂ ਵਿਚ ਪਤੀਆਂ ਵੱਲੋਂ ਭਾਂਡਿਆਂ ਦੀ ਅਜਿਹੀ ਸੇਵਾ ਕਰਨੀ ਕੋਈ ਅਨੋਖੀ ਜਾਂ ਅਚੰਭੇ ਵਾਲੀ ਗੱਲ ਨਹੀਂ ਹੈ। ਮੈਂ ਕਦੇ ਕਦਾਈਂ ਮੌਕਾ ਬਣੇ ‘ਤੇ ਅਜਿਹਾ ਹੱਥ ਵਟਾਉਂਦਾ ਰਹਿੰਦਾ ਹਾਂ, ਪਰ ਇਸ ਵਾਰ ਖੜ੍ਹੇ ਖੜ੍ਹੇ ਭਾਂਡੇ ਮਾਂਜਦਿਆਂ ਮੈਨੂੰ ਆਪਣਾ ਬਾਪ ਬਹੁਤ ਯਾਦ ਆਇਆ ਕਿ ਇਕ ਉਹ ਵੀ ਸਹੁਰਾ ਸੀ ਜਿਸ ਨੇ ਜੂਠੇ ਭਾਂਡੇ ਮਾਂਜਣੇ ਤਾਂ ਕਿਤੇ ਰਹੇ, ਸਗੋਂ ਉਸ ਨੇ ਕਦੇ ਆਪਣੇ ਜੂਠੇ ਬਰਤਨਾਂ ਨੂੰ ਵੀ ਹੱਥ ਨਹੀਂ ਸੀ ਲਾਇਆ। ਪ੍ਰਸ਼ਾਦਾ ਪਾਣੀ ਛਕ ਕੇ ‘ਵਾਹਿਗੁਰੂ’ ਕਹਿੰਦਾ ਹੋਇਆ ਉਠ ਖੜ੍ਹਦਾ ਸੀ।
ਇਸੇ ਸੋਚ ਲੜੀ ਦੇ ਵਹਿਣ ਵਿਚ ਮੈਂ ਦਾਲਾਂ-ਸਬਜ਼ੀਆਂ ਨਾਲ ਲਿਬੜੇ-ਤਿਬੜੇ ਭਾਂਡੇ ਮਾਂਜਦਾ ਭਾਵੁਕ ਜਿਹਾ ਹੋ ਗਿਆ। ਆਪਣੇ ਬਾਪ-ਦਾਦੇ ਦੇ ਮੁਕਾਬਲੇ ਮੈਨੂੰ ਆਪਣੇ ਸਹੁਰਾ ਹੋਣ ‘ਤੇ ਹੀਣਤਾ ਆਉਣ ਲੱਗੀ। ਆਪਣੇ ਪੇਕੀਂ ਮਿਲਣ-ਗਿਲਣ ਗਈਆਂ ਆਪਣੀਆਂ ਦੋਹਾਂ ਨੂੰਹਾਂ ਨੂੰ ਯਾਦ ਕਰ ਕੇ ਮੇਰਾ ਹੋਰ ਵੀ ਦਿਲ ਭਰਨ ਲੱਗਾ। ‘ਮਨਾਂ! ਦੋ ਦੋ ਨੂੰਹਾਂ ਦਾ ਸਹੁਰਾ ਹੁੰਦਿਆਂ ਵੀ ਭਾਂਡੇ ਮਾਂਜ ਰਿਹਾਂ?’ ਨਵੇਂ ਨਵੇਂ ਅਮਰੀਕਾ ਆਇਆਂ ‘ਤੇ ਵੱਡੀ ਭੈਣ ਦੇ ਘਰ ਰਹਿੰਦਿਆਂ ਮੈਂ ਇਕ ਵਾਰ ਆਪਣੀਆਂ ਜੂਠੀਆਂ ਕੌਲੀਆਂ ਧੋਣ ਲੱਗਾ ਸੀ ਤਾਂ ਮੇਰੀ ਭਾਣਜ ਨੂੰਹ ਨੇ ਮੇਰੇ ਹੱਥ ਫੜ ਲਏ ਸੀ, ਇਹ ਕਹਿੰਦਿਆਂ, ਕਿ ਮਾਮਾ ਜੀ, ਆਪਣੇ ਘਰੇ ਜਾ ਕੇ ਬੇਸ਼ੱਕ ਮਾਂਜ ਲਿਓ ਭਾਂਡੇ, ਪਰ ਅਸੀਂ ਨਹੀਂ ਇਹ ਕੰਮ ਕਰਨ ਦੇਣਾ ਤੁਹਾਨੂੰ!
ਸਹੁਰਿਆਂ ਦੇ ਸ਼ਿਕਵਿਆਂ ਦਾ ਇਹ ਸਿਲਸਿਲਾ ਚਲਦੇ ਚਲਦੇ ਭਾਂਡੇ ਨਿਬੇੜ ਕੇ, ਦਿਲ ਹੋਧਰੇ ਪਾਉਣ ਲਈ ਮੈਂ ਚਾਰਜਰ ‘ਤੇ ਲਾਇਆ ਆਪਣਾ ਫੋਨ ਚੁੱਕ ਲਿਆ। ਪੇਕੀਂ ਗਈ ਹੋਈ ਇਕ ਨੂੰਹ ਦਾ ‘ਵਟਸਐਪ ‘ਤੇ ਮੈਨੂੰ ਤਾਜ਼ਾ ਤਾਜ਼ਾ ਮੈਸਿਜ ਆਇਆ ਹੋਇਆ ਸੀ, ‘ਡੈਡੀ ਜੀ ਹੈਪੀ ਫਾਦਰ’ਜ਼ ਡੇ।’ ਮੇਰਾ ‘ਵੈਰਾਗ’ ਹਾਸੇ ਵਿਚ ਬਦਲ ਗਿਆ!