ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਮਾਂ ਦੀ ਮਮਤਾ ਅਤੇ ਉਸ ਦੇ ਤੁਰ ਜਾਣ ਉਪਰੰਤ ਪੈਦਾ ਹੋਏ ਖਲਾਅ ਦੀ ਗੱਲ ਕੀਤੀ ਸੀ। ਉਨ੍ਹਾਂ ਦੇ ਸ਼ਬਦਾਂ ਵਿਚੋਂ ਅਜਿਹਾ ਦਰਦ ਉਭਰਦਾ ਹੈ ਕਿ ਸ਼ਬਦ ਸਿੰਮਦੇ ਮਹਿਸੂਸ ਹੁੰਦੇ ਹਨ।
ਮਾਂ ਦੇ ਤੁਰ ਜਾਣ ਪਿਛੋਂ ਮੁੜ ਮੁੜ ਕੰਨਾਂ ਵਿਚ ਬੋਲ ਗੂੰਜਦੇ ਹਨ, ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਬਜ਼ੁਰਗਾਂ ਦਾ ਆਦਰ ਮਾਣ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਹੈ ਕਿ ਬੱਚੇ ਜਦ ਬਜ਼ੁਰਗਾਂ ਦੇ ਚਾਅ ਮਨਾਉਂਦੇ ਨੇ ਤਾਂ ਮਾਪਿਆਂ ਦੀ ਉਮਰ ਵਧ ਜਾਂਦੀ ਏ ਅਤੇ ਉਨ੍ਹਾਂ ਦੇ ਸਾਹਾਂ ਵਿਚ ਰਵਾਨਗੀ ਤੇ ਜਿਉਣ ਦਾ ਚਾਅ ਮਿਉਂਦਾ ਨਹੀਂ। ਉਨ੍ਹਾਂ ਲਈ ਜਿਉਣਾ ਇਕ ਮੇਲਾ। ਉਨ੍ਹਾਂ ਆਖਿਆ ਕਿ ਮਾਪਿਆਂ ਨੂੰ ਧਨ ਨਹੀਂ, ਢਾਰਸ ਦੀ ਲੋੜ। ਦੌਲਤ ਨਹੀਂ, ਲਾਡ ਲੋੜੀਂਦੇ ਨੇ। ਉਹ ਤਾਂ ਦਰਿਆ ਕੰਢੇ ਰੁੱਖੜਾ ਨੇ ਅਤੇ ਉਨ੍ਹਾਂ ਦੀ ਖੈਰੀਅਤ ਮੰਗਦਿਆਂ ਦਰਅਸਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਹੱਥੋਂ ਆਪਣੀ ਹੀ ਖੈਰ ਮੰਗ ਰਹੇ ਹੁੰਦੇ ਹਾਂ।æææਬਜ਼ੁਰਗਾਂ ਦੀ ਬੇਇਜ਼ਤੀ, ਨਾ-ਮੁਆਫੀਯੋਗ ਗੁਨਾਹ, ਨਾ ਬਖਸ਼ਿਆ ਜਾਣ ਵਾਲਾ ਪਾਪ। ਉਨ੍ਹਾਂ ਦੀ ਬੇਹੁਰਮਤੀ ਵਿਚ ਸਾਡੀ ਨੀਚਤਾ, ਜੱਗ-ਜ਼ਾਹਰ। ਯਾਦ ਰੱਖਣਾ, ਬਜ਼ੁਰਗਾਂ ਨੇ ਸਦਾ ਬੈਠੇ ਨਹੀਂ ਰਹਿਣਾ ਅਤੇ ਅਸੀਂ ਵੀ ਜੱਗ-ਸਰਾਏ ‘ਚ ਇਕ ਮੁਸਾਫਰ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਕਦੇ ਕਦੇ ਫੁੱਲਾਂ ਦਾ ਗੁਲਦਸਤਾ, ਕਾਰਡ ਅਤੇ ਕੇਕ ਤੱਕ ਸੀਮਤ ਕਰ ਦਿਤੇ ਗਏ ਮਾਪੇ ਬਜ਼ੁਰਗ ਅਵਸਥਾ ‘ਚ ਬੱਚਿਆਂ ਲਈ ਬੋਝ ਬਣ ਜਾਂਦੇ ਨੇ। ਸੁੰਗੜ ਜਾਂਦੀਆਂ ਨੇ ਕਿਸਮਤ ਦੀਆਂ ਰੇਖਾਵਾਂ ਅਤੇ ਸਾਹਾਂ ਵਿਚ ਉਗ ਆਉਂਦੀ ਏ ਨਾ-ਜਿਉਣ ਦੀ ਤਮੰਨਾ।
ਮਾਪੇ, ਬੱਚਿਆਂ ਨੂੰ ਪਾਲਣ ਹਿੱਤ ਆਪਣਾ ਸਭ ਕੁਝ ਦਾਅ ‘ਤੇ ਲਾਉਂਦੇ। ਉਨ੍ਹਾਂ ਲਈ ਔਲਾਦ ਦੀ ਖੁਸ਼ੀ ਸਭ ਤੋਂ ਅਹਿਮ। ਲਾਡਲਿਆਂ ਦੀ ਕਾਮਯਾਬੀ, ਉਨ੍ਹਾਂ ਦੇ ਜੀਵਨ ਦਾ ਮਕਸਦ। ਮੰਜ਼ਲਾਂ ਵੰਨੀ ਵਧ ਰਹੇ ਨਿੱਕੇ ਨਿੱਕੇ ਕਦਮ, ਉਨ੍ਹਾਂ ਲਈ ਠੰਢਕ ਦਾ ਅਹਿਸਾਸ। ਜੀਵਨ ਦੇ ਸੁੱਚਮ ‘ਚ ਢਲਣ ਲਈ ਯਤਨਸ਼ੀਲ, ਨਵੀਂ ਨਸਲ ਦੀਆਂ ਤਕਦੀਰਾਂ ਅਤੇ ਤਦਬੀਰਾਂ।
‘ਕੇਰਾਂ ਬੁੱਢੜੇ ਮਾਂ-ਬਾਪ ਦੇ ਦੋ ਪੁੱਤ ਅਤੇ ਇਕ ਧੀ ਉਚੇ ਅਹੁਦਿਆਂ ਦੀ ਸ਼ੋਭਾ। ਮਾਪਿਆਂ ਦੀ ਮਿਹਨਤ ਨੂੰ ਲੱਗਿਆ ਫਲ। ਆਪਣੇ ਵਿਆਹ ਦੀ ਚਾਲੀਵੀਂ ਵਰ੍ਹੇ-ਗੰਢ ਮਨਾਉਣ ਲਈ ਸਭ ਤਿਆਰੀਆਂ ਅਤੇ ਇਨ੍ਹਾਂ ਵਿਚ ਸ਼ਮੂਲੀਅਤ ਲਈ ਬੱਚਿਆਂ ਨੂੰ ਵੇਲੇ ਸਿਰ ਆਉਣ ਲਈ ਉਚੇਚ। ਆਖਰੀ ਵਕਤ ‘ਤੇ ਵੱਡਾ ਪੁੱਤ ਘਰ ਆ ਕੇ ਬਾਪੂ ਨੂੰ ਕਹਿੰਦਾ ਏ ਕਿ ਅੱਜ ਬਹੁਤ ਸਾਰੀਆਂ ਮੀਟਿੰਗਾਂ ਕਰਨੀਆਂ ਪਈਆਂ। ਮੰਤਰੀ ਨੇ ਕੱਲ ਨੂੰ ਜੋ ਆਉਣਾ ਏ, ਇਸ ਲਈ ਤੁਹਾਡੇ ਲਈ ਤੋਹਫਾ ਲੈਣ ਲਈ ਬਾਜ਼ਾਰ ਨਹੀਂ ਜਾ ਹੋਇਆ। ਦੂਜਾ ਡਾਕਟਰ ਪੁੱਤ ਆਉਂਦੇ ਸਾਰ ਬਹਾਨਾ ਬਣਾਉਂਦਾ ਏ ਕਿ ਅੱਜ ਐਮਰਜੈਂਸੀ ਵਿਚ ਹਾਰਟ ਦਾ ਮਰੀਜ ਆ ਗਿਆ, ਉਸ ਨੂੰ ਅਟੈਂਡ ਕਰਦਿਆਂ ਹੀ ਬਹੁਤ ਲੇਟ ਹੋ ਗਿਆ। ਇਸ ਲਈ ਤੁਹਾਡੇ ਵਿਆਹ ਦੀ ਵਰ੍ਹੇ-ਗੰਢ ‘ਤੇ ਤੁਹਾਡੇ ਲਈ ਕੋਈ ਵਧੀਆ ਜਿਹੀ ਸੌਗਾਤ ਲੈਣ ਲਈ ਸਮਾਂ ਹੀ ਨਹੀਂ ਮਿਲਿਆ।
ਵਿਆਹ ਦੀ ਵਰ੍ਹੇ-ਗੰਢ ਦੇ ਜਸ਼ਨਾਂ ਦੀ ਸ਼ੁਰੂਆਤ ਤੋਂ ਜਰਾ ਕੁ ਪਹਿਲਾਂ ਧੀ ਆ ਜਾਂਦੀ ਏ ਅਤੇ ਆਪਣਾ ਰੋਣਾ ਲੈ ਕੇ ਬਹਿ ਜਾਂਦੀ ਏ ਕਿ ਮੈਨੂੰ ਫੀਲਡ ਵਿਚ ਇੰਸਪੈਕਸ਼ਨ ‘ਤੇ ਜਾਣਾ ਪਿਆ। ਇਸ ਲਈ ਮੈਂ ਸੁਗਾਤ ਲਿਆ ਹੀ ਨਹੀਂ ਸਕੀ।
ਬਾਪ ਦਾ ਮਨ ਤਿੜਕ ਜਾਂਦਾ ਏ ਅਤੇ ਉਹ ਆਪਣੇ ਬੱਚਿਆਂ ਨੂੰ ਮੁਖਾਤਬ ਹੋ ਕੇ ਕਹਿੰਦਾ ਹੈ ਕਿ ਮੈਂ ਤੁਹਾਨੂੰ ਅੱਜ ਇਕ ਭੇਤ ਦੱਸਣਾ ਏ। ਮੇਰਾ ਅਤੇ ਤੁਹਾਡੀ ਮਾਂ ਦਾ ਪਿਛਲੇ 40 ਸਾਲਾਂ ਤੋਂ ਬਹੁਤ ਪਿਆਰ ਹੈ। ਪਰ ਅੱਜ ਮੈਨੂੰ ਪਤਾ ਲੱਗਾ ਹੈ ਕਿ ਸਾਡਾ ਤਾਂ ਹੁਣ ਤੱਕ ਵਿਆਹ ਹੀ ਨਹੀਂ ਹੋਇਆ। ਬੱਚੇ ਭੁਚੱਕੇ ਰਹਿ ਜਾਂਦੇ ਨੇ ਤਾਂ ਬਾਪ ਕਹਿੰਦਾ ਏ, ਹਾਂ ਸਾਡਾ ਵਿਆਹ ਨਹੀਂ ਹੋਇਆ ਅਤੇ ਇਸ ਲਈ ਤੁਸੀਂ ਸਾਰੇ ਹਰਾਮ ਦੀ ਔਲਾਦ ਹੋ। ਕਮੀਨੇ ਹਰਾਮਜ਼ਾਦੇ।
ਇਹ ਸਾਡੇ ਸਮਿਆਂ ਦਾ ਸੱਚ ਏ ਅਤੇ ਅਸੀਂ ਅਕਸਰ ਹੀ ਅਜਿਹੇ ਸੱਚ ਦੇ ਰੂਬਰੂ ਹੁੰਦੇ ਹਾਂ।
ਬਜ਼ੁਰਗਾਂ ਨੂੰ ਫਾਲਤੂ ਵਸਤ ਸਮਝ ਕੇ ਘਰ ਦੀ ਬੇ-ਆਬਾਦ ਨੁੱਕਰ ਦਾ ਭਾਗ ਬਣਾਉਣ ਵਾਲੀ ਔਲਾਦ, ਆਪਣੀ ਔਲਾਦ ਲਈ ਕੀ ਦੇ ਰਹੀ ਏ, ਕਿਸੇ ਨੂੰ ਦਸਣ ਜਾਂ ਸਮਝਾਉਣ ਦੀ ਲੋੜ ਨਹੀਂ। ਨਵੀਂ ਔਲਾਦ ਆਪਣੇ ਆਪ ਹੀ ਸਭ ਕੁਝ ਸਮਝ ਜਾਵੇਗੀ।
ਬਜ਼ੁਰਗਾਂ ਪ੍ਰਤੀ ਅਣਗਹਿਲੀ ਇਕ ਮਹਾਂ ਪਾਪ, ਸਮਿਆਂ ਦੀ ਕੁੱਖ ਦਾ ਸੰਤਾਪ, ਸਾਹੀਂ-ਤਰੁੱਠੀ ਮਨੁੱਖੀ ਜਾਤ ਅਤੇ ਆਪਣੇ ਕੁਕਰਮਾਂ ਦੀ ਨਿਸ ਦਿਨ ਭਰ ਰਹੀ ਪਰਾਤ।
ਬੱਚੇ ਜਦ ਬਜ਼ੁਰਗਾਂ ਦੇ ਚਾਅ ਮਨਾਉਂਦੇ ਨੇ ਤਾਂ ਮਾਪਿਆਂ ਦੀ ਉਮਰ ਵਧ ਜਾਂਦੀ ਏ ਅਤੇ ਉਨ੍ਹਾਂ ਦੇ ਸਾਹਾਂ ਵਿਚ ਰਵਾਨਗੀ ਤੇ ਜਿਉਣ ਦਾ ਚਾਅ ਮਿਉਂਦਾ ਨਹੀਂ। ਉਨ੍ਹਾਂ ਲਈ ਜਿਉਣਾ ਇਕ ਮੇਲਾ।
ਮਾਪਿਆਂ ਨੂੰ ਧਨ ਨਹੀਂ, ਢਾਰਸ ਦੀ ਲੋੜ। ਦੌਲਤ ਨਹੀਂ, ਲਾਡ ਲੋੜੀਂਦੇ ਨੇ। ਉਹ ਤਾਂ ਦਰਿਆ ਕੰਢੇ ਰੁੱਖੜਾ ਨੇ ਅਤੇ ਉਨ੍ਹਾਂ ਦੀ ਖੈਰੀਅਤ ਮੰਗਦਿਆਂ ਦਰਅਸਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਹੱਥੋਂ ਆਪਣੀ ਹੀ ਖੈਰ ਮੰਗ ਰਹੇ ਹੁੰਦੇ ਹਾਂ।
ਯਾਦ ਰੱਖਣਾ, ਜੋ ਅਸੀਂ ਆਪਣੇ ਮਾਪਿਆਂ ਨਾਲ ਕਰਦੇ ਹਾਂ, ਸਾਡੇ ਬੱਚੇ ਦੇਖਦੇ ਨੇ ਅਤੇ ਸਾਨੂੰ ਇਸ ਤੋਂ ਬਦਤਰ ਵਤੀਰੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ। ਸਾਡੇ ‘ਤੇ ਇਹੋ ਜਿਹਾ ਵਕਤ ਤਾਂ ਜਰੂਰ ਹੀ ਆਵੇਗਾ।
ਧੀ ਪਰਦੇਸ ਵਿਚ ਰਹਿੰਦੀ ਏ। ਆਪਣੇ ਮਾਪਿਆਂ ਦਾ ਜਨਮ ਦਿਨ ਹੋਵੇ ਜਾਂ ਉਨ੍ਹਾਂ ਦੇ ਵਿਆਹ ਦੀ ਵਰ੍ਹੇ-ਗੰਢ ਹੋਵੇ, ਆਪਣੇ ਬਚਪਨੇ ਘਰ ‘ਚ ਪਹਿਲੀ ਦਸਤਕ ਉਸ ਦੇ ਕੇਕ ਅਤੇ ਫੁੱਲਾਂ ਦੇ ਗੁਲਦਸਤੇ ਦੀ ਹੁੰਦੀ ਏ। ਘਰ ਵਿਚ ਰਹਿਣ ਵਾਲਿਆਂ ਨੂੰ ਭਾਵੇਂ ਯਾਦ ਰਹੇ ਜਾਂ ਨਾ ਰਹੇ, ਪਰ ਧੀ ਨੂੰ ਸਭ ਕੁਝ ਯਾਦ ਰਹਿੰਦਾ ਏ। ਧੀ ਦੇ ਇਹ ਦਿਲੀ-ਚਾਅ ਹੀ ਮਾਪਿਆਂ ਲਈ ਯੁੱਗ ਜਿਉਣ ਦਾ ਆਹਰ, ਸੁਖਾਵੇਂ ਸਫਰ ਦਾ ਆਧਾਰ ਅਤੇ ਢਲਦੇ ਦੁਪਹਿਰ ਵਿਚ ਜਿਉਣ-ਖੁਮਾਰ।
ਤੋਹਫਿਆਂ, ਨਿਸ਼ਾਨੀਆਂ ਅਤੇ ਪਿਆਰ-ਸਤਿਕਾਰ ਚਿੰਨ੍ਹਾਂ ਨੂੰ ਦੌਲਤ ਦੇ ਤਰਾਜੂ ਵਿਚ ਤੋਲਣ ਵਾਲੇ, ਅਹਿਸਾਸ ਵਿਹੂਣੇ ਲੋਕ, ਚਲਦੇ-ਫਿਰਦੇ ਰੋਬੋਟ, ਧਨ ਇਕੱਤਰ ਕਰਨ ਦੀ ਹੌੜ ਵਿਚ ਗਲਤਾਨ ਕਲਪੁਰਜੇ। ਇਹ ਹੁੰਦੇ ਨੇ ਕਿਸੇ ਦਾ ਦਿਲ-ਦਰਵਾਜਾ, ਮਨ ਦੇ ਗੁੰਬਦ ‘ਤੇ ਜਗਮਗ ਜਗਦਾ ਚਿਰਾਗ, ਭਾਵਨਾਵਾਂ ਦਾ ਵਹਿੰਦਾ ਦਰਿਆ, ਸੁæਭ ਕਾਮਨਾਵਾਂ ਦੀ ਵਹਿੰਗੀ, ਸੁੱਚੇ ਚਾਵਾਂ ਦੀ ਨਿਰਮਲ ਕੱਸੀ, ਮੋਹਵੰਤੇ ਬੋਲਾਂ ‘ਚੋਂ ਝਰਦਾ ਪਿਆਰ ਅਤੇ ਰਿਮਝਿਮ ਬਰਸਦਾ ਸਤਿਕਾਰ।
ਹੈਪੀ ਫਾਦਰ’ਜ਼ ਅਤੇ ਮਦਰ’ਜ਼ ਡੇਅ ਤੱਕ ਸੀਮਤ ਹੋ ਕੇ ਰਹਿ ਗਏ ਮਾਪਿਆਂ ਦੇ ਚੇਤਿਆਂ ਵਿਚੋਂ ਖੁਰ ਜਾਂਦੇ ਨੇ ਪੋਤੇ-ਪੋਤੀਆਂ ਦੇ ਲਾਡਲੇ ਬੋਲ, ਮਸੋਸੇ ਜਾਂਦੇ ਨੇ ਮਾਸੂਮੀਅਤ ਨਾਲ ਲਬਰੇਜ ਕਲੋਲ, ਦੂਰ ਤੁਰ ਜਾਂਦੀ ਏ ਰੁੱਸ ਕੇ ਰਾਜੇ-ਰਾਣੀਆਂ ਦੀਆਂ ਕਹਾਣੀਆਂ ਦੀ ਰੁੱਤ, ਫਿਸ ਪੈਂਦੀ ਏ ਗੋਦ ਵਿਚ ਅਲਸਾਈ ਹੋਈ ਬੱਚੜੀ ਦੇ ਚਿਹਰੇ ਦੀ ਬਚਪਨੀ ਤੇ ਲੋਰੀ ਅਤੇ ਐਨਕਾਂ ਥੀਂ ਨਿਹਾਰਦੀ ਨਿਗਾਹ ਵਿਚ ਉਗ ਆਉਂਦਾ ਏ ਝਉਲਿਆਂ ਦਾ ਵਿਸਥਾਰ।
ਖਾਲੀ ਘਰਾਂ ਅਤੇ ਸੁੰਨੇ ਕਮਰਿਆਂ ਵਿਚ ਚੁੱਪ ਦੀ ਜੂਨੇ ਪਏ ਬਜ਼ੁਰਗਾਂ ਦੀ ਟੇਕ, ਜਦ ਦਰਾਂ ਵਿਚ ਉਗਣ ਵਾਲੀ ਦਸਤਕ ਅਤੇ ਮਧਮ ਪੈੜਚਾਲ ਵਿਚੋਂ ਆਪਣੀ ਹੋਂਦ ਨਿਹਾਰਨ ਲੱਗ ਪਵੇ ਤਾਂ ਉਨ੍ਹਾਂ ਦੇ ਸਾਹਾਂ ਦੀ ਪੂੰਜੀ ਮੁੱਕਣ ਕਿਨਾਰੇ ਹੁੰਦੀ ਏ। ਉਹ ਤਾਂ ਇਸ ਜਹਾਨ ਤੋਂ ਰੁਖਸਤਗੀ ਦਾ ਬਹਾਨਾ ਢੂੰਡਣ ਵਿਚ ਹੀ ਆਪਣੀ ਬਿਹਤਰੀ ਕਿਆਸਣ ਲੱਗ ਪੈਂਦੇ ਨੇ।
ਬਜ਼ੁਰਗ ਸਿਆਣਪਾਂ ਦਾ ਭੰਡਾਰ, ਜੀਵਨ ਦੀਆਂ ਕੌੜੀਆਂ ਸੱਚਾਈਆਂ ਦਾ ਅੰਬਾਰ, ਹੱਡੀਂ ਹੰਢਾਈਆਂ ਤਕਲੀਫਾਂ ਦਾ ਵਰਣਨ, ਮਾਣੀਆਂ ਖੁਸ਼ੀਆਂ ਦਾ ਧੜਕਦਾ ਸੰਸਾਰ, ਦੁੱਖਾਂ-ਸੁੱਖਾਂ ‘ਚ ਵਿਗਸਦਾ ਪਰਿਵਾਰ ਅਤੇ ਕੁੜਿੱਤਣਾਂ ਤੇ ਮਿਠਾਸਾਂ ਘੁੱਗ ਵਸੇਂਦਾ ਪਾਰਾਵਾਰ।
ਮਾਪੇ ਸਾਡੀ ਹੋਂਦ ਦੀ ਧਰਾਤਲ, ਸਾਡੇ ਸੁਪਨਿਆਂ ਦੇ ਚਸ਼ਮਦੀਦ ਗਵਾਹ, ਸਾਡੀਆਂ ਮੰਜ਼ਲਾਂ ‘ਤੇ ਅਪੜਨ ਦੀ ਲਾਲਸਾ, ਸਾਡੇ ਦੀਦਿਆਂ ਵਿਚ ਝਲਕਦੇ ਦਿਸਹੱਦਿਆਂ ਦੀ ਨਿਸ਼ਾਨਦੇਹੀ, ਸਾਡੀ ਪ੍ਰਾਪਤੀ ਵਿਚਲੇ ਸੁਖਨ ਦੀ ਅਸੀਸ ਅਤੇ ਸਾਡੀਆਂ ਦੁਸ਼ਵਾਰੀਆਂ, ਮੁਸ਼ਕਿਲਾਂ, ਝੰਜਟਾਂ ਅਤੇ ਔਕੜਾਂ ਦੀ ਨਵਿਰਤੀ ਲਈ ਅਰਦਾਸ। ਮਾਪਿਆਂ ਤੋਂ ਬਿਨਾ ਤਾਂ ਅਸੀਂ ਆਪਣੀ ਹੋਂਦ ਦਾ ਕਿਆਸ ਹੀ ਨਹੀਂ ਸਕਦੇ।
ਬਜ਼ੁਰਗਾਂ ਦੀ ਬੇਇਜ਼ਤੀ, ਨਾ-ਮੁਆਫੀਯੋਗ ਗੁਨਾਹ, ਨਾ ਬਖਸ਼ਿਆ ਜਾਣ ਵਾਲਾ ਪਾਪ। ਉਨ੍ਹਾਂ ਦੀ ਬੇਹੁਰਮਤੀ ਵਿਚ ਸਾਡੀ ਨੀਚਤਾ, ਜੱਗ-ਜ਼ਾਹਰ। ਯਾਦ ਰੱਖਣਾ, ਬਜ਼ੁਰਗਾਂ ਨੇ ਸਦਾ ਬੈਠੇ ਨਹੀਂ ਰਹਿਣਾ ਅਤੇ ਅਸੀਂ ਵੀ ਜੱਗ-ਸਰਾਏ ‘ਚ ਇਕ ਮੁਸਾਫਰ।
ਮਿਹਨਤ, ਮੁਸ਼ੱਕਤ, ਮੁੜ੍ਹਕੇ ਨਾਲ ਆਪਣੇ ਪਰਿਵਾਰ ਲਈ ਨਵੀਆਂ ਬੁਲੰਦੀਆਂ ਛੋਹਣ ਵਾਲੇ ਹੱਥ, ਜਦ ਆਪਣਿਆਂ ਸਾਹਵੇਂ ਰਹਿਮ ਦੀ ਭੀਖ ਮੰਗਦੇ ਨੇ ਤਾਂ ਸਮੇਂ ਦੀ ਅੱਖ ਵਿਚ ਉਤਰ ਆਈ ਕਰੁਣਾ, ਅੰਬਰ ਦੀ ਗਹਿਰ ਬਣ ਜਾਂਦੀ ਏ। ‘ਕੇਰਾਂ ਨਸ਼ਿਆਂ ਅਤੇ ਕੁਸੰਗਤ ਦੀ ਲਾਹਨਤ ਵਿਚ ਫਸਿਆ ਨੌਜਵਾਨ, ਆਪਣੇ ਬਾਪ ਸਾਹਵੇਂ ਪਿਸਤੌਲ ਤਾਣ ਕੇ ਕਹਿੰਦਾ ਏ ਕਿ ਸਾਰੀ ਜ਼ਮੀਨ ਮੇਰੇ ਨਾਮ ਲਵਾ ਦੇਹ। ਆਪਣੇ ਸਾਹਾਂ ਤੋਂ ਪਿਆਰੀ ਜ਼ਮੀਨ ਦੇ ਵਿੱਕ ਜਾਣ ਦੇ ਡਰੋਂ, ਜ਼ਮੀਨ ਨੂੰ ਆਪਣੇ ਫਰਜੰਦ ਦੀ ਥਾਂ ਆਪਣੇ ਪੋਤੇ ਦੇ ਨਾਮ ਲਵਾਉਣ ਵਾਲੇ ਬਾਪ ਦਾ ਤਰਲਾ ਕਿ ਮੇਰੀ ਪਿੱਠ ਵਿਚ ਗੋਲੀ ਮਾਰੀਂ, ਕਮ-ਸ-ਕਮ ਮੈਂ ਇਹ ਤਾਂ ਦੇਖ ਨਾ ਸਕਾਂ ਕਿ ਮੇਰਾ ਪੁੱਤ ਮੈਨੂੰ ਗੋਲੀ ਮਾਰ ਰਿਹਾ ਏ। ਇਹ ਵਰਤਾਰਾ ਬਹੁਤ ਸਾਰੇ ਪ੍ਰਸ਼ਨ ਅਜੋਕੀ ਸਮਾਜਿਕ ਵਿਵਸਥਾ ਦੇ ਨਾਮ ਕਰਦਾ ਏ, ਭਿਆਨਕ ਉਲਝਣਾਂ ਦੀ ਤਾਣੀ ਫੈਲਾਉਂਦਾ ਏ ਜਿਸ ਵਿਚ ਸਾਡਾ ਸਮਾਜਿਕ ਤਾਣਾ-ਬਾਣਾ ਢਹਿ-ਢੇਰੀ ਹੋਣ ਹੀ ਵਾਲਾ ਏ। ਆਪਣੇ ਅੰਦਰੋਂ ਅਜਿਹੇ ਪ੍ਰਸ਼ਨਾਂ ਦੇ ਉਤਰ ਭਾਲਣ ਦੀ ਕੋਸ਼ਿਸ਼ ਕਰਨਾ। ਬੜਾ ਭਿਆਨਕ ਹੁੰਦਾ ਏ ਅਜਿਹੀ ਕਰੂਰਤਾ ਦੇ ਰੂ-ਬ-ਰੂ ਹੋਣਾ।
ਬਜ਼ੁਰਗਾਂ ਦੀਆਂ ਕਬਰਾਂ ‘ਤੇ ਅਕੀਦਤ ਕਰਨਾ, ਉਨ੍ਹਾਂ ਨੂੰ ਫੁੱਲ ਭੇਟ ਕਰਨਾ, ਉਨ੍ਹਾਂ ਦੀਆਂ ਅਸਥੀਆਂ ਨੂੰ ਨਤਮਸਤਕ ਹੋਣਾ, ਉਨ੍ਹਾਂ ਦੀ ਯਾਦ ਮਨਾਉਣਾ, ਉਨ੍ਹਾਂ ਦੀਆਂ ਤਸਵੀਰਾਂ ਨੂੰ ਘਰਾਂ ਦੀਆਂ ਕੰਧਾਂ ‘ਤੇ ਲਾਉਣਾ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਬਜ਼ੁਰਗਾਂ ਦੀਆਂ ਕਹਾਣੀਆਂ ਸੁਣਾਉਣਾ, ਸ਼ੁਭ ਕਰਮਨ, ਨੇਕ-ਬਖਤਗੀ, ਚੰਗੇ ਖਿਆਲਾਂ ਦੀ ਜਿਉਣ-ਗਾਥਾ, ਬਿਹਤਰ ਅਮਲਾਂ ਦੀ ਕਰਮਯੋਗਤਾ, ਸੁਚਾਰੂ ਭਾਵਾਂ ਦੀ ਪਰਵਾਜ਼ ਅਤੇ ਜੀਵਨ ਦਾ ਸਥਾਈ ਅੰਦਾਜ਼।
ਜਦ ਅਸੀਂ ਬਜ਼ੁਰਗਾਂ ਨੂੰ ਘਰਾਂ ਦੀਆਂ ਦਹਿਲੀਜਾਂ ਵਿਚੋਂ ਬਾਹਰ ਧੱਕ ਦਿੰਦੇ ਹਾਂ ਤਾਂ ਦਾਦਾ-ਦਾਦੀ, ਨਾਨਾ-ਨਾਨੀ ਆਦਿ ਰਿਸ਼ਤੇ ਸਾਡੀ ਬੋਲਬਾਣੀ ਵਿਚੋਂ ਸਦਾ ਲਈ ਰੁਖਸਤ ਹੋ ਜਾਂਦੇ ਨੇ। ਫਿਰ ਰਿਸ਼ਤਿਆਂ ਦੀ ਰੁੱਸਣ-ਰੁੱਤ ਦਾ ਕਹਿਰ ਸਾਨੂੰ ਹੀ ਸਹਿਣਾ ਪੈਣਾ ਏ।
ਬਜ਼ੁਰਗ, ਯੁੱਗਾਂ ਜੇਡੀ ਇਬਾਦਤ, ਉਮਰਾਂ ਲੰਮੇਰੀ ਅਕੀਦਤ, ਸੁੱਚੀ ਅਰਦਾਸ, ਸਰਬਤ ਦੇ ਭਲੇ ਲਈ ਅਸੀਸ, ਨਰੋਈ ਸੋਚ, ਸਦਭਾਵਨਾ, ਨੇਕ ਕਰਮ-ਲੀਨਤਾ ਅਤੇ ਉਸਾਰੂ ਬਿਰਤੀ ਦਾ ਸਿਰਲੇਖ। ਲੋੜ ਏ, ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਬਿਰਤਾਂਤ ਬਣੀਏ, ਉਨ੍ਹਾਂ ਦੇ ਸੁਪਨਿਆਂ ਦੀ ਇਬਾਰਤ ਸਿਰਜੀਏ, ਉਨ੍ਹਾਂ ਦੀਆਂ ਤਮੰਨਾਵਾਂ ਦਾ ਅਕੀਦਾ ਉਗਾਈਏ ਅਤੇ ਬਜ਼ੁਰਗੀ ਰੋਲ-ਮਾਡਲਾਂ ਨੂੰ ਆਪਣੀ ਸੋਚ ਦਾ ਧੁਰਾ ਬਣਾਈਏ।
ਬਜ਼ੁਰਗਾਂ ਦਾ ਸਤਿਕਾਰ ਕਰਨ ਵਾਲੀਆਂ ਨਸਲਾਂ, ਆਪਣੇ ਸਤਿਕਾਰ ਦੀਆਂ ਆਪ ਹੀ ਪਾਤਰ, ਕਰਨੀ ਤੇ ਕਥਨੀ ਵਿਚ ਮਿਟਿਆ ਅੰਤਰ, ਸਰੋਕਾਰਾਂ ਦੀ ਸਰ-ਜ਼ਮੀਨ ‘ਤੇ ਉਗੀ ਫੁੱਲਾਂ ਦੀ ਫਸਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁੱਖਦ-ਸੁਨੇਹਾ।