ਮਸ਼ੀਨੀ ਉਰਫ ਬਨਾਵਟੀ ਬੁੱਧੀ: ਨਫਾ ਅਤੇ ਨੁਕਸਾਨ

ਵਿਗਿਆਨ ਨੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ ਪਰ ਨਾਲ ਇਹ ਵੀ ਇਕ ਸੱਚ ਹੈ ਕਿ ਇਸ ਨੇ ਤਬਾਹੀ ਵੀ ਬਹੁਤ ਮਚਾਈ ਹੈ। ਇਸ ਦਾ ਇਕ ਵੱਡਾ ਸਬੂਤ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਐਟਮ ਬੰਬ ਦੀ ਮਚਾਈ ਤਬਾਹੀ ਹੈ। ਕੰਪਿਊਟਰ ਨੇ ਮਨੁੱਖ ਦਾ ਕੰਮ ਬਹੁਤ ਆਸਾਨ ਕੀਤਾ ਹੈ ਪਰ ਨਾਲ ਹੀ ਸੰਸਾ ਇਹ ਹੈ ਕਿ ਇਸ ਕਾਰਨ ਬਹੁਤ ਸਾਰੀਆਂ ਨੌਕਰੀਆਂ ਜਾ ਸਕਦੀਆਂ ਹਨ ਅਤੇ ਕਿਸੇ ਸਮੇਂ ਖੁਦਾ ਨਾ ਕਰੇ, ਕੰਪਿਊਟਰ ਦੀ ਗਲਤੀ ਕਾਰਨ ਤਬਾਹੀ ਵੀ ਮੱਚ ਸਕਦੀ ਹੈ।

ਇਸੇ ਸੰਸੇ ਨੂੰ ਲੇਖਕ ਬਲਬੀਰ ਸੂਦ ਨੇ ਇਸ ਲੇਖ ਵਿਚ ਜ਼ਾਹਰ ਕੀਤਾ ਹੈ। -ਸੰਪਾਦਕ

ਬਲਬੀਰ ਸੂਦ
ਫੋਨ: 91-94174-94610

ਕੰਪਿਊਟਰ ਸਾਇੰਸ ਦੇ ਪਿਤਾਮਾ ਅਮਰੀਕਾ ਵਾਸੀ ਜੌਨ ਮੈਕਾਰਥੀ ਨੇ ਸੰਨ 1955 ਵਿਚ Ḕਬਨਾਵਟੀ ਬੁੱਧੀḔ ਨਾਂ ਦਾ ਸ਼ਬਦ ਘੜਿਆ। ਬਨਾਵਟੀ ਬੁੱਧੀ ਇਕ ਉਹ ਸਿਧਾਂਤ ਹੈ ਜਿਸ ਰਾਹੀਂ ਇੱਕ ਸਵੈਚਾਲਿਤ ਕੰਪਿਊਟਰ/ਰੋਬੋਟ ਜੋ ਮਨੁੱਖ ਵਾਂਗੂ ਸੋਚਦਾ ਹੈ, ਤਰਕ ਕਰਦਾ ਹੈ ਅਤੇ ਫੈਸਲੇ ਲੈਣ ਦੀ ਯੋਗਤਾ, ਦ੍ਰਿਸ਼ਟੀਗਤ ਅਨੁਭਵ, ਭਾਸ਼ਾਈ ਪਹਿਚਾਣ, ਭਾਵਨਾਵਾਂ ਭਰਪੂਰ, ਆਪਣੀ ਗਲਤੀ ਦਾ ਸੁਧਾਰ ਆਪ ਹੀ ਕਰਨ ਦੇ ਸਮਰੱਥ ਹੈ। ਕੰਪਿਊਟਰ ਸਾਇੰਸ ਤਕਨੀਕ ਵਿਚ ਇਹ ਇਕ ਅਚਾਨਕ ਅਤੇ ਅਹਿਮ ਤਬਦੀਲੀ ਸਾਬਤ ਹੋਣ ਜਾ ਰਹੀ ਹੈ।
ਪ੍ਰੋæ ਰਿਚਰਡ ਸੁਸਕਿੰਡ, ਜੋ Ḕਫਿਊਚਰ ਆਫ ਪ੍ਰੋਫੈਸ਼ਨਜḔ ਨਾਂ ਦੀ ਕਿਤਾਬ ਦਾ ਸਹਾਇਕ ਲੇਖਕ ਹੈ, ਮੁਤਾਬਿਕ ਬਨਾਵਟੀ ਬੁੱਧੀ ਕੰਪਿਊਟਰ ਵਿਗਿਆਨ ਦਾ ਉਹ ਖੇਤਰ ਹੈ ਜਿਸ ਰਾਹੀਂ ਮੁਹਾਰਤ ਵਿਚ ਬੁਨਿਆਦੀ ਤਬਦੀਲੀ ਹੋਣ ਜਾ ਰਹੀ ਹੈ। ਵੱਡੇ-ਵੱਡੇ ਕਾਰਪੋਰੇਟ ਘਰਾਣੇ ਆਪਣੇ ਵਪਾਰ ‘ਚ ਇਸ ਤਕਨੀਕ ਰਾਹੀਂ ਘੱਟ ਲਾਗਤ, ਤੇਜ ਗਤੀ ਅਤੇ ਮੁਕੰਮਲ ਪ੍ਰਵੀਨਤਾ ਹਾਸਲ ਕਰਕੇ ਵੱਧ ਮੁਨਾਫਾ ਕਮਾ ਸਕਣਗੇ। ਸ਼ੁਰੂਆਤੀ ਦੌਰ ਵਿਚ ਮਿਲਟਰੀ, ਜਾਂ ਜਿੱਥੇ ਮਨੁੱਖ ਦੀ ਜਾਨ ਦਾ ਖਤਰਾ ਹੁੰਦਾ ਸੀ, ਉਥੇ ਰੋਬੋਟ ਦੀ ਵਰਤੋਂ ਹੁੰਦੀ ਸੀ ਪ੍ਰੰਤੂ ਹੁਣ ਰੋਬੋਟ ਦੀ ਵਰਤੋਂ ਵੱਧ ਮੁਨਾਫੇ ਦੀ ਹੋੜ ਦਾ ਆਧਾਰ ਬਣ ਚੁਕੀ ਹੈ।
ਬਰਤਾਨੀਆ ਦੇ ਅਖਬਾਰ ḔḔਗਾਰਡੀਅਨḔḔ ਦੇ ਪੱਤਰਕਾਰ ਡਾਨ ਸ਼ੇਵਾਨ ਦੀ 11 ਅਪਰੈਲ 2017 ਦੀ ਰਿਪੋਰਟ ਮੁਤਾਬਿਕ ਫਾਸਟ ਬ੍ਰਿਕਸ ਨਾਮੀ ਆਸਟ੍ਰੇਲੀਅਨ ਕੰਪਨੀ ਨੇ ਹਾਡਰੀਅਨ ਐਕਸ ਨਾਂ ਦੀ ਇਕ ਮਸ਼ੀਨ ਤਿਆਰ ਕੀਤੀ ਹੈ ਜੋ 1000 ਇੱਟ ਸਿਰਫ ਇੱਕ ਘੰਟੇ ਵਿਚ ਪੱਥ ਦੇਵੇਗੀ ਜੋ ਦੋ ਕਾਮੇ ਅੱਠਾਂ ਘੰਟਿਆਂ ਵਿਚ ਪੱਥਦੇ ਹਨ। ਸੈਨ ਫਰਾਂਸਿਸਕੋ ਆਧਾਰਤ ਸਿੰਬਲ ਰੋਬੋਟਿਕਸ ਦਾ ḔਟੈਲੀḔ ਨਾਂ ਦਾ ਰੋਬੋਟ ਵੱਡੇ-ਵੱਡੇ ਸ਼ਾਪਿੰਗ ਮਾਲਾਂ ਵਿਚ ਗ੍ਰਾਹਕਾਂ ਦੇ ਨਾਲ-ਨਾਲ ਸੈਲਫਾਂ ਉਪਰ ਸਮਾਨ ਅਤੇ ਕੀਮਤਾਂ ਦੇ ਮਿਲਾਨ ਨੂੰ ਯਕੀਨੀ ਬਣਾਵੇਗਾ। ਇਸ ਦੀ ਕਿਸੇ ਹੱਦ ਤੱਕ ਵਰਤੋਂ ਅਮਾਜ਼ੋਨ ਨਾਂ ਦੀ ਕੰਪਨੀ ਦੇ ਸਟੋਰਾਂ ਵਿਚ ਹੋ ਵੀ ਰਹੀ ਹੈ।
ਸਵੀਡਨ ਦੀ ਐਗਰੀ ਡੀ ਲਾਵਲ ਨਾਂ ਦੀ ਕੰਪਨੀ ਨੇ ਵੈਸਟਫੇਲੀਆ, ਮਿਸ਼ੀਗਨ ਵਿਚ ਗਾਈਆਂ ਚੋਣ ਵਾਲਾ ਇੱਕ ਰੋਬੋਟ ਭੇਜਿਆ ਹੈ ਜੋ, ਗਾਈਆਂ ਜਦੋਂ ਵੀ ਦੁੱਧ ਦੇਣਾ ਚਾਹੁਣ, ਉਹ ਦੁੱਧ ਚੋਅ ਲਵੇਗਾ। ਲਾਸ ਏਂਜਲਸ ਟਾਇਮਜ਼ ਨਾਂ ਦੀ ਅਖਬਾਰ ਸਵੈਚਾਲਿਤ ਪ੍ਰੋਗਰਾਮਾਂ ਰਾਹੀਂ ਵਿੱਤੀ ਅਤੇ ਖੇਡ ਆਧਾਰਤ ਨਤੀਜਿਆਂ ਦੀਆਂ ਰਿਪੋਰਟਾਂ ਤਿਆਰ ਕਰ ਰਹੀ ਹੈ ਪ੍ਰੰਤੂ ਛੇਤੀ ਹੀ ਸਨਾਰਕ ਬੋਟ ਤਿਆਰ ਹੋ ਰਹੇ ਹਨ, ਜੋ ਅਖਬਾਰੀ ਰਿਪੋਰਟਾਂ ਹੋਰ ਵੀ ਤੇਜ ਗਤੀ ਨਾਲ ਤਿਆਰ ਕਰਕੇ ਉਤਪਾਦਕਤਾ ਨੂੰ ਵਧਾ ਦੇਣਗੇ।
ਡਿਜੀਟਲਾਈਜੇਸ਼ਨ ਨਾਲ ਸਬੰਧਤ ਜੀ-20 ਦੇ ਮੰਤਰੀਆਂ ਦੀ ਜਰਮਨੀ ਵਿਚ ਮੀਟਿੰਗ ਦੌਰਾਨ ਕੇਂਦਰੀ ਮੁੱਦਾ ਸੀ ਕਿ ਉਤਪਾਦਕਤਾ ਅਤੇ ਆਰਥਿਕ ਖੇਤਰ ਵਿਚ ਬਨਾਵਟੀ ਬੁੱਧੀ ਦੀਆਂ ਵਿਸ਼ਾਲ ਸੰਭਾਵਨਾਵਾਂ ਦਾ ਕਿਵੇਂ ਇਸਤੇਮਾਲ ਕੀਤਾ ਜਾਵੇ? ਅੰਤਰਰਾਸ਼ਟਰੀ ਬਹਿਸਾਂ ਵਿਚ ਇੰਟਰਨੈਟ ਦੀ ਅਹਿਮ ਭੂਮਿਕਾ ਹੋਵੇਗੀ।
ਪਿਛਲੇ ਸਾਲ ਨਿਊ ਜਰਸੀ ਦੀ ਕਾਉਂਟੀ ਮੋਨਮਾਊਥ ਵਿਚ ਆਟੋਮੈਟਿਕ ਕਾਰ ਦਾ ਸਫਲ ਪ੍ਰਦਰਸ਼ਨ ਕੀਤਾ ਗਿਆ। ਬੀਮਾ ਅਤੇ ਬੈਂਕ ਖੇਤਰਾਂ ਵਿਚ ਵੀ ਮਸ਼ੀਨੀ ਬੁੱਧੀ ਨੂੰ ਮਨੁੱਖੀ ਬੁੱਧੀ ਨਾਲੋਂ ਤਰਜੀਹ ਦਿੱਤੀ ਜਾ ਰਹੀ ਹੈ। ਸੰਨ 2030 ਤੱਕ 30% ਤੱਕ ਮਸ਼ੀਨੀ ਬੁੱਧੀ ਦੀ ਵਰਤੋ ਸ਼ੁਰੂ ਹੋ ਜਾਵੇਗੀ। ਸਭ ਤੋਂ ਵੱਧ ਆਵਾਜਾਈ/ਢੋਆ ਢੁਆਈ, ਉਤਪਾਦਕਤਾ, ਥੋਕ ਅਤੇ ਪ੍ਰਚੂਨ ਦੇ ਖੇਤਰ ਦਾ ਮਸ਼ੀਨੀਕਰਨ ਹੋਣ ਜਾ ਰਿਹਾ ਹੈ। ਡਾਕਟਰੀ ਖੇਤਰ ਵਿਚ ਰੋਜਮਰ੍ਹਾ ਦੇ ਕੰਮ ਜਿਵੇਂ ਬਲੱਡ ਪ੍ਰੈਸ਼ਰ ਚੈਕ ਕਰਨਾ, ਭਾਰ ਤੋਲਣਾ ਆਦਿ ਦਾ ਮਸ਼ੀਨੀਕਰਨ ਹੋ ਚੁਕਾ ਹੈ। ਸਰਜਰੀ ਵਿਚ ਵੀ ਰੋਬੋਟ ਦੀ ਸਫਲਤਾ ਸਹਿਤ ਵਰਤੋਂ ਕੀਤੀ ਜਾ ਰਹੀ ਹੈ। ਇਨਸਾਨ ਦੀਆਂ ਖਤਰਨਾਕ ਬਿਮਾਰੀਆਂ ਦੀ ਘੋਖ ਪੜਤਾਲ ਵੀ ਹੁਣ ਰੋਬੋਟ ਹੀ ਕਰੇਗਾ। ਐਕਸੋਸਕੈਲਟਨ ਨਾਮੀ ਰੋਬੋਟ ਅਧਰੰਗ ਦੇ ਮਰੀਜਾਂ ਨੂੰ ਤੁਰਨ ਵਿਚ, ਸਟਰੋਕ ਤੋਂ ਬਾਅਦ ਮਰੀਜਾਂ ਦੀ ਮਦਦ ਕਰਨ ਅਤੇ ਰੀੜ੍ਹ ਦੀ ਹੱਡੀ ਦੀ ਸੱਟ ਦੇ ਇਲਾਜ ਵਿਚ ਵੀ ਮਦਦਗਾਰ ਸਾਬਿਤ ਹੋ ਰਿਹਾ ਹੈ ਪ੍ਰਤੂ ਇਸ ਰਾਹੀਂ ਮਹਿੰਗਾ ਇਲਾਜ ਸਿਰਫ ਅਮੀਰ ਲੋਕ ਹੀ ਕਰਵਾ ਸਕਣਗੇ।
ਰੋਬੋਟ ਹੁਣ ਹਵਾਈ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਅਸਮਾਨ ਵਿਚ ਉਡਾ ਅਤੇ ਧਰਤੀ ‘ਤੇ ਉਤਾਰ ਸਕਣਗੇ। ਰੋਬੋਟ ਹੁਣ ਪਾਲਤੂ ਕੁੱਤੇ ਨੂੰ ਸੈਰ ਵੀ ਕਰਵਾਉਣਗੇ। 30 ਸਾਲਾਂ ਤੱਕ ਰੋਬੋਟ ਕਾਰਪੋਰੇਸ਼ਨਾਂ ਦੇ ਸੀæਈæਓæ ਹੋਣਗੇ ਜੋ ਭਾਵਨਾਵਾਂ ਤੋਂ ਉਪਰ ਉਠ ਕੇ ਤਰਕ ਆਧਾਰਤ ਤੇਜ ਗਤੀ ਗਿਣਤੀ ਮਿਣਤੀ ਕਰਕੇ ਵੱਧ ਮੁਨਾਫੇ ਕਮਾਉਣ ਵਾਲੇ ਫੈਸਲੇ ਲੈ ਸਕਣਗੇ। ਇਕ ਰਿਪੋਰਟ ਮੁਤਾਬਕ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਬਨਾਵਟੀ/ਮਸ਼ੀਨੀ ਬੁੱਧੀ ਦੀ ਤਾਕਤ ਵੱਧ ਰਹੀ ਹੈ ਜੋ ਆਰਥਿਕ ਸੰਭਾਵਨਾਵਾਂ ਵਿਚ ਤਬਦੀਲੀਆਂ ਨੂੰ ਪ੍ਰਭਾਵਿਤ ਕਰੇਗੀ।
ਨਿਜੀ ਖੇਤਰ ਦੀਆਂ ਕਾਰਪੋਰੇਸ਼ਨਾਂ ਨੇ ਬਨਾਵਟੀ/ਮਸ਼ੀਨੀ ਬੁੱਧੀ ਦੇ ਖੇਤਰ ਵਿਚ 300% ਵੱਧ ਪੂੰਜੀ ਦਾ ਨਿਵੇਸ਼ ਕੀਤਾ ਹੈ। ਇਕ ਹੋਰ ਰਿਪੋਰਟ ਮੁਤਾਬਕ ਗੂਗਲ, ਟਵਿੱਟਰ, ਇੰਟੈਲ, ਐਪਲ ਆਦਿ ਕੰਪਨੀਆਂ ਛੇਤੀ ਤੋਂ ਛੇਤੀ ਮਸ਼ੀਨੀ ਬੁੱਧੀ ਪੈਦਾ ਕਰਨ ਵਾਲੀਆਂ 100 ਤੋਂ ਵੀ ਵੱਧ ਕੰਪਨੀਆਂ ਵਿਚ ਧੜਾ ਧੜ ਵੱਧ ਤੋਂ ਵੱਧ ਪੂੰਜੀ ਨਿਵੇਸ਼ ਕਰ ਰਹੀਆਂ ਹਨ। ਇਕੱਲੇ ਅਮਰੀਕਾ ਵਿਚ ਹੀ ਤਕਨੀਕ ਦੇ 78 ਖੇਤਰਾਂ ਵਿਚ ਪੂੰਜੀ ਨਿਵੇਸ਼ ਹੋ ਰਿਹਾ ਹੈ। 15 ਮਾਰਚ 2017 ਦੀ ਬੈਂਗਲੌਰ ਆਧਾਰਤ ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ 2025 ਤੱਕ 100 ਤੋਂ 120 ਅਰਬ ਡਾਲਰ ਦਾ ਉਤਪਾਦਕਤਾ ਆਧਾਰਤ ਲਾਭ ਪ੍ਰਾਪਤ ਹੋ ਸਕਦਾ ਹੈ।
ਆਉਂਦੇ 7 ਤੋਂ 10 ਸਾਲਾਂ ਵਿਚ ਮਾਰਕੀਟ ਦੇ ਨਵੇਂ-ਨਵੇਂ ਖੇਤਰਾਂ ਵਿਚ 400 ਅਰਬ ਡਾਲਰ ਦਾ ਪੂੰਜੀ ਨਿਵੇਸ਼ ਹੋਵੇਗਾ। ਟਾਟਾ ਕੰਨਸਲਟੈਂਸੀ ਇਗਨੋ ਰਾਹੀਂ, ਵਿਪਰੋ ਹੋਮਜ਼ ਰਾਹੀਂ ਅਤੇ ਇਨਫੋਸਿਸ ਮਾਨਾ ਦੇ ਨਾਂ ‘ਤੇ ਅਤੇ ਐਚæਸੀæ ਐਲ ਡਰਾਈ ਆਇਸ ਦੇ ਨਾਂ ‘ਤੇ ਬਨਾਵਟੀ ਬੁੱਧੀ ਵਿਚ ਨਿਵੇਸ਼ ਕਰ ਰਹੇ ਹਨ। ਡੈਲੋਆਇਟ ਦੀ ਸੰਨ 2016 ਦੀ ਭਵਿੱਖਵਾਣੀ ਮੁਤਾਬਕ ਮਸ਼ੀਨੀ ਬੁੱਧੀ 31000 ਖੇਤਰਾਂ ਵਿਚ ਨੌਕਰੀਆਂ ਵਿਚ ਖਤਰਾ ਬਣ ਸਕਦੀ ਹੈ। ਆਉਂਦੇ 20 ਸਾਲਾਂ ਵਿਚ 38% ਕਿੱਤੇ ਅਰਥਹੀਣ ਹੋ ਜਾਣਗੇ। ਅਮਰੀਕਾ ਵਿਚ 38% ਅਤੇ ਜਰਮਨੀ ਵਿਚ 35% ਕਾਮਿਆਂ ਦੀ ਥਾਂ ਰੋਬੋਟ ਲੈ ਲੈਣਗੇ। ਹਰੇਕ ਸਾਲ 2 ਲੱਖ ਨੌਕਰੀਆਂ ਦਾ ਖਾਤਮਾ ਹੋ ਸਕਦਾ ਹੈ। ਵਰਲਡ ਇਕਨਾਮਿਕ ਫੋਰਸ ਦੀ ਤਾਜਾਤਰੀਨ ਭਵਿੱਖਵਾਣੀ ਅਨੁਸਾਰ ਸੰਨ 2020 ਤੱਕ 15 ਵਿਕਾਸਸ਼ੀਲ ਦੇਸ਼ਾਂ ਅੰਦਰ 50 ਲੱਖ ਨੌਕਰੀਆਂ ਖਤਮ ਹੋ ਜਾਣਗੀਆਂ।
ਅੰਤਰਰਾਸ਼ਟਰੀ ਲੇਬਰ ਸੰਸਥਾ ਅਨੁਸਾਰ ਇੰਡੋਨੇਸ਼ੀਆ, ਵੀਅਤਨਾਮ, ਕੰਬੋਡੀਆ, ਥਾਈਲੈਂਡ ਆਦਿ ਦੇਸ਼ਾਂ ਵਿਚ 137 ਮਿਲੀਅਨ (ਕੁਝ ਕਿਰਤ ਸ਼ਕਤੀ ਦਾ 56% ਕੰਮ) ਖਾਸ ਕਰਕੇ ਸਰਕਾਰੀ ਖੇਤਰ ਵਿਚ, ਰੋਬੋਟ ਖੋਹ ਲਵੇਗਾ। ਮਕੈਨਜੀ ਐਂਡ ਕੰਪਨੀ ਦੀ ਰਿਪੋਰਟ ਮੁਤਾਬਕ ਕਾਮਿਆਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਵਿਚੋਂ 45% ਕੰਮਾਂ ਦਾ ਅਤੇ 60% ਕਿੱਤਿਆਂ ਦਾ ਮਸ਼ੀਨੀਕਰਨ ਹੋ ਜਾਵੇਗਾ। ਆਈæਡੀæਸੀæ ਦੇ ਖੋਜ ਡਾਇਰੈਕਟਰ ਜਿੰਗ ਬਿੰਗ ਝਾਂਗ ਅਨੁਸਾਰ ਮਸ਼ੀਨੀਕਰਨ ਰਾਹੀਂ ਤਬਦੀਲੀ ਲੱਖਾਂ ਲੋਕਾਂ ਦੀ ਰੋਜੀ/ਰੋਟੀ ਖੋਹ ਲਵੇਗੀ।
ਅਖਬਾਰ ḔਗਾਰਡੀਅਨḔ ਦੀ 25 ਅਪਰੈਲ 2017 ਦੀ ਇਕ ਰਿਪੋਰਟ ਅਨੁਸਾਰ “ਹਰੇਕ ਵਿਅਕਤੀ ਨੂੰ ਫਿਕਰ ਹੈ ਕਿ ਉਸ ਦੀ ਕੰਮ ਤੋਂ ਛੁੱਟੀ ਹੋਣ ਵਾਲੀ ਹੈ।” 24 ਅਪਰੈਲ 2017 ਦੇ ਅਖਬਾਰ ḔਗਾਰਡੀਅਨḔ ਵਿਚ ਹੀ ਅਲੀ ਬਾਬਾ ਦੇ ਜਨਮਦਾਤਾ ਜੈਕ ਮਾ ਅਨੁਸਾਰ “ਬਨਾਵਟੀ ਬੁੱਧੀ ਖੁਸ਼ੀਆਂ ਨਾਲੋਂ ਵੱਧ ਦੁਖ ਦੇਵੇਗੀ।” ਅਮਰੀਕਾ ਵਿਚ ਨੌਕਰੀਆਂ ਪੈਦਾ ਕਰਨ ਦਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਸੁਫਨਾ ਤਹਿਸ ਨਹਿਸ ਹੋ ਸਕਦਾ ਹੈ। ਜੁਮਲਿਆਂ ਦੇ ਮੱਕੜ ਜਾਲ ਦੇ ਮਾਹਿਰ ਨਰੇਂਦਰ ਮੋਦੀ ਦਾ ਤਰੋ ਤਾਜ਼ਾ ਜੁਮਲਾ (ੀਠ+ੀਠ=ੀਠ) ਸੂਚਨਾ ਤਕਨੋਲੋਜੀ+ਭਾਰਤੀ ਯੋਗਤਾ=ਭਾਰਤ ਦਾ ਭਵਿੱਖ ਵੀ ਇਕ ਜੁਮਲਾ ਬਣ ਕੇ ਹੀ ਰਹਿ ਗਿਆ, ਜਦੋਂ ਅਗਲੇ ਹੀ ਦਿਨ 7 ਸੂਚਨਾ ਤਕਨਾਲੋਜੀ ਨਾਲ ਸਬੰਧਤ ਕੰਪਨੀਆਂ ਨੇ 56000 ਨੌਕਰੀਆਂ ਖਤਮ ਕਰਨ ਦਾ ਐਲਾਨ ਕਰ ਦਿੱਤਾ। ਲੰਘੀ 15 ਮਈ ਨੂੰ ਰੈਨਸਮਵੇਅਰ ਨਾਂ ਦੇ ਵਾਇਰਸ ਨੇ 100 ਤੋਂ ਵੱਧ ਦੇਸ਼ਾਂ ਵਿਚ ਹਸਪਤਾਲਾਂ, ਕਾਰ ਫੈਕਟਰੀਆਂ, ਦੁਕਾਨਾਂ ਅਤੇ ਸਕੂਲਾਂ ਦੇ ਇਕ ਕਰੋੜ 70 ਲੱਖ ਕੰਪਿਊਟਰ ਜਾਮ ਕਰ ਦਿੱਤੇ। 20 ਅਪਰੈਲ 2017 ਦੀ ਅਖਬਾਰ ḔਗਾਰਡੀਅਨḔ ਵਿਚ ਛਪੀ ਲੌਰੀ ਪੈਨੀ ਦੀ ਰਿਪੋਰਟ ਅਨੁਸਾਰ ਰੋਬੋਟ ਉਨ੍ਹਾਂ ਲੋਕਾਂ ਵਾਂਗੂੰ ਜਿਨ੍ਹਾਂ ਨੇ ਰੋਬੋਟ ਬਣਾਇਆ ਹੈ, ਨਸਲਵਾਦੀ, ਲਿੰਗਭੇਦੀ ਅਤੇ ਮਰਦ ਪ੍ਰਧਾਨ ਪਰਵਿਰਤੀਆਂ ਦਾ ਮਾਲਕ ਹੋਵੇਗਾ।
ਕੰਪਿਊਟਰ ਵਿਗਿਆਨੀ ਜੋਆਨਾ ਬਰਾਇਸਨ ਅਨੁਸਾਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਬਨਾਵਟੀ ਬੁੱਧੀ/ਮਸ਼ੀਨ ਪੱਖਪਾਤ ਕਰਦੀ ਹੈ ਪ੍ਰੰਤੂ ਇਹ ਸਾਰਾ ਕੁਝ ਸਾਡੇ ਪੱਖਪਾਤੀ ਰਵਈਏ ਤੋਂ ਹੀ ਸਿਖਦੀ ਹੈ। ਆਕਸਫਾਰਡ ਯੂਨੀਵਰਸਿਟੀ ਦਾ ਖੋਜਾ ਵਿਦਿਆਰਥੀ ਸੈਂਡਰਾ ਵਾਚਰ ਕਹਿੰਦਾ ਹੈ ਕਿ ਦੁਨੀਆਂ ਪੱਖਪਾਤੀ ਹੈ, ਇਤਿਹਾਸਕ ਅੰਕੜੇ ਪੱਖਪਾਤੀ ਹਨ। ਜੇ ਅਸੀਂ ਨਤੀਜੇ ਵੀ ਪੱਖਪਾਤੀ ਪ੍ਰਾਪਤ ਕਰਦੇ ਹਾਂ ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ। ਲੰਘੀ 13 ਮਾਰਚ ਦੇ ḔਗਾਰਡੀਅਨḔ ਵਿਚ ਛਪੀ ਮਾਈਕਰੋਸਾਫਟ ਦੇ ਖੋਜ ਵਿਦਿਆਰਥੀ ਕੇਟ ਕਰਾਫੋਰਡ ਦੀ ਰਿਪੋਰਟ ਅਨੁਸਾਰ ਬਨਾਵਟੀ/ਮਸ਼ੀਨੀ ਬੁੱਧੀ ਦੇ ਵਾਧੇ ਨਾਲ ਅੰਧਰਾਸ਼ਟਰਵਾਦ, ਸੱਜਪਛਾਖੜੀ ਏਕਾਅਧਿਕਾਰਵਾਦ ਅਤੇ ਫਾਸ਼ੀਵਾਦ ਦਾ ਉਭਾਰ ਹੋ ਰਿਹਾ ਹੈ ਕਿਉਂਕਿ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਸਾਡਾ ਪੱਖਪਾਤ ਅੰਕੜਿਆਂ ਵਿਚ ਉਸਰ ਰਿਹਾ ਹੈ। ਕਰਾਫਰਡ ਅਨੁਸਾਰ ਸ਼ੋਸ਼ਲ ਮੀਡੀਆ ਉਪਰ ਲੋਕਾਂ ਦੀ ਪਸੰਦ ਅਤੇ ਨਾ ਪਸੰਦ ਦੇ ਆਧਾਰ ‘ਤੇ ਉਨ੍ਹਾਂ ਦੇ ਧਾਰਮਿਕ ਵਿਚਾਰਾਂ ਦਾ ਪਤਾ ਲਾਇਆ ਜਾ ਸਕਦਾ ਹੈ।
ਮਾਈਕਰੋਸਾਫਟ ਦੇ ਸਹਿ ਬਾਨੀ ਬਿਲ ਗੇਟਸ ਦੇ ਕਥਨ ਅਨੁਸਾਰ ਅੰਤ ਵਿਚ ਵੀਹਾਂ ਸਾਲਾਂ ਬਾਅਦ ਸਵੈਚਾਲਿਤ ਕੰਪਿਊਟਰ ਨੌਕਰੀਆਂ ਖਤਮ ਹੀ ਕਰ ਦੇਣਗੇ। ਖਰਬਪਤੀ ਏਲਨ ਮੱਸਕ ਬਨਾਵਟੀ ਬੁੱਧੀ ਨੂੰ Ḕਸ਼ੈਤਾਨ ਨੂੰ ਸੱਦਾ ਦੇਣ ਦੇ ਬਰਾਬਰḔ ਕਹਿੰਦਾ ਹੈ। ਵਿਗਿਆਨੀ ਸਟੀਫਨ ਹਾਕਿੰਗ ਦਾ ਕਹਿਣਾ ਹੈ ਕਿ ਬਨਾਵਟੀ ਬੁੱਧੀ ਮਨੁੱਖੀ ਨਸਲ ਦਾ ਸੰਭਾਵਿਤ ਤੌਰ ‘ਤੇ ਅੰਤ ਲਿਖਣ ਜਾ ਰਹੀ ਹੈ। ਮਿਟ ਟੈਕਨੋਲੋਜੀ ਦੇ ਪ੍ਰੋਫੈਸਰ ਟੋਮੀ ਜੈਕੋਲਾ ਦੇ ਕਥਨ ਅਨੁਸਾਰ ਪੂੰਜੀ ਨਿਵੇਸ਼, ਸਿਹਤ ਸਬੰਧੀ ਫੈਸਲੇ ਅਤੇ ਮਿਲਟਰੀ ਦੇ ਫੈਸਲੇ ਇਕ ਕਾਲੇ ਬਕਸ ਦੇ ਢੰਗ ਤਰੀਕੇ ਉਪਰ ਨਹੀਂ ਛੱਡੇ ਜਾ ਸਕਦੇ। ਮਿਟ ਟੈਕਨੋਲੋਜੀ ਦੇ ਸੀਨੀਅਰ ਸੰਪਾਦਕ ਬਿਲ ਨਾਇਟ ਅਨੁਸਾਰ ਬਨਾਵਟੀ ਬੁੱਧੀ/ਮਸ਼ੀਨ ਦੇ ਅੰਦਰੂਨੀ ਕੰਮ ਢੰਗ ਦੀ ਪਾਰਦਰਸ਼ਤਾ ਤੇ ਇਹ ਕਿਵੇਂ ਕੰਮ ਕਰਦੀ ਹੈ ਅਤੇ ਜੇ ਗਲਤ ਕਰਦੀ ਹੈ ਤਾਂ ਕਿਉਂ ਗਲਤ ਕਰਦੀ ਹੈ, ਦੀ ਵਿਆਖਿਆ ਇਸ ਦੇ ਰਾਹ ਵਿਚ ਇੱਕ ਵੱਡਾ ਰੋੜਾ ਸਾਬਿਤ ਹੋ ਰਿਹਾ ਹੈ।
ਸਟੀਫਨ ਹਾਕਿੰਗ, ਸਟੁਆਰਟ ਰੱਸਲ, ਏਲਨ ਮਸਕ, ਬਿਲ ਗੇਟਸ ਅਤੇ ਸਟੀਵ ਵੋਜਨਾਇਕ ਨੂੰ ਡਰ ਹੈ ਕਿ ਸੰਸਾਰ ਵਿਚ ਮੁਕਾਬਲੇਬਾਜ਼ੀ ਕਰਕੇ ਕੌਮਾਂ ਕੋਈ ਅਜਿਹੇ ਅਤਿ ਦਰਜੇ ਦੇ ਅਸੁਰਖਿਅਤ ਅਤੇ ਅਨੈਤਿਕ ਬਨਾਵਟੀ ਬੁੱਧੀ/ਮਸ਼ੀਨ ਵਿਕਸਿਤ ਨਾ ਕਰ ਲੈਣ। ਸੂਸਿਧਾ ਅਨੁਸਾਰ ਸਿੰਥੈਟਿਕ ਸੁਪਰ ਇੰਟੈਲੀਜੈਂਸ, ਐਸ਼ਐਸ਼ਆਈæ ਕੰਪਿਊਟਰ ਲੱਖਾਂ ਮਨੁੱਖਾਂ ਦੇ ਬਰਾਬਰ ਤਾਕਤ ਅਤੇ ਯੋਗਤਾ ਦਾ ਮਾਲਕ ਹੋਵੇਗਾ ਅਤੇ ਅੰਤ ਵਿਚ ਉਹ ਸਮਾਜਿਕ ਆਧਾਰ-ਜਿਵੇਂ ਬੁਨਿਆਦੀ ਆਧਾਰ, ਬਿਜਲੀ, ਪਾਣੀ, ਖੇਤੀਬਾੜੀ, ਵਾਤਾਵਰਣ, ਅਵਾਜਾਈ, ਢੋਆ ਢੁਆਈ, ਵਿਤੀ ਪ੍ਰਬੰਧ ਅਤੇ ਅੰਤ ਨੂੰ ਸਰਕਾਰ ਨੂੰ ਆਪਣੇ ਵੱਸ ਵਿਚ ਕਰਨ ਦੇ ਸਮਰੱਥ ਹੋਵੇਗਾ। ਬਜਾਰੀ ਮੰਦੀ, ਬੇਲਗਾਮ ਬਜਾਰੀ ਘੋੜ-ਦੌੜ, ਕਾਰਪੋਰੇਸ਼ਨਾਂ ਦੀਆਂ ਗੁਲਾਮ ਸਰਕਾਰਾਂ ਅਤੇ ਸੀਮਾ ਰਹਿਤ ਧੰਨ ਕਮਾਉਣ ਦੀ ਹੋੜ ਮਨੁੱਖਤਾ ਨੂੰ ਤਬਾਹੀ ਦੇ ਕੰਡੇ ਵੱਲ ਤੇਜੀ ਨਾਲ ਧੱਕ ਰਹੀ ਹੈ। ਵਿਗਿਆਨ ਦੀ ਆਖਰੀ ਖੋਜ ਬਨਾਵਟੀ ਬੁੱਧੀ ਮਨੁੱਖਤਾ ਦੇ ਤਾਬੂਤ ਵਿਚ ਆਖਰੀ ਕਿਲ ਸਾਬਿਤ ਹੋਵੇਗੀ।
ਅੱਜ ਉਸ ਭਾਵੁਕਤਾ ਭਰਪੂਰ ਬਨਾਵਟੀ ਬੁੱਧੀ ਦੀ ਖੋਜ ਦੀ ਲੋੜ ਹੈ ਜੋ ਸਰਮਾਏਦਾਰੀ ਦੁਆਰਾ ਪਰਿਵਾਰਕ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾ ਸਕੇ ਅਤੇ ਟੁਟੇ ਰਿਸ਼ਤਿਆਂ ਨੁੰ ਮੁੜ ਗੰਢ ਸਕੇ; ਜੋ ਮਾਤਾ-ਪਿਤਾ ਅਤੇ ਬੱਚਿਆਂ ਦਰਮਿਆਨ ਨੇੜਤਾ ਵਧਾ ਸਕੇ; ਜੋ ਮਨੁੱਖੀ ਅਗਿਆਨ, ਨੀਰਸਤਾ, ਭਵਿੱਖ ਦੀ ਚਿੰਤਾ, ਮਨੁੱਖ ਅੰਦਰ ਦੱਬੇ ਸਮਾਜ ਪ੍ਰਤੀ ਚੰਗੇ ਗੁਣਾਂ ਨੂੰ ਉਭਾਰ ਸਕੇ; ਜੋ ਵਿਦਿਆਰਥੀਆਂ ਦੇ ਸੁਭਾਅ ਮੁਤਬਿਕ ਵਿਸ਼ੇ ਦੀ ਚੋਣ ਲਈ ਮਦਦਗਾਰ ਹੋ ਸਕੇ; ਜੋ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੇ ਕੂੜ ਪ੍ਰਚਾਰ ਤੋਂ ਸਮਾਜ, ਕੌਮ ਅਤੇ ਦੇਸ਼ ਨੂੰ ਬਚਾ ਸਕੇ, ਅਜਿਹੇ ਕਿੱਸੇ, ਕਹਾਣੀਆਂ, ਨਾਟਕ, ਨਾਵਲ ਆਦਿ ਪੈਦਾ ਕਰ ਸਕੇ ਜੋ ਦੇਖ, ਸੁਣ ਤੇ ਪੜ੍ਹ ਕੇ ਇੱਕ ਉਸਾਰੂ ਸਮਾਜ ਦੀ ਸਿਰਜਣਾ ਹੋ ਸਕੇ; ਅਜਿਹੀ ਬੁੱਧੀ ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਬਾਬੇ ਨਾਨਕ, ਬਾਲੇ ਅਤੇ ਮਰਦਾਨੇ ਦੇ ਸਾਂਝੀਵਾਲਤਾ ਦੇ ਸੰਦੇਸ਼ ਅਨੁਸਾਰ ਨਸਲਵਾਦ, ਜਾਤਪਾਤ, ਖੇਤਰਵਾਦ ਲਿੰਗ ਭੇਦ ਆਦਿ ਨਕਾਰਦਿਆਂ ਪੂਰੀ ਦੂਨੀਆਂ ਨੂੰ ਆਪਸ ਵਿਚ ਜੋੜ ਸਕੇ। Ḕਦੁਨੀਆਂ ਭਰ ਦੇ ਲਾਲੋ ਇਕ ਹੋ ਜਾਉḔ ਨਾਅਰੇ ਦੇ ਥੱਲੇ ਬਾਬੇ ਨਾਨਕ ਦੇ ਲਾਲੋਆਂ ਦੀ ਏਕਤਾ ਹੀ ਸਾਮਰਾਜਵਾਦੀਆਂ/ਸਰਮਾਏਦਾਰੀ ਦੇ ਤਾਬੂਤ ਵਿਚ ਆਖਰੀ ਕਿੱਲ ਦਾ ਕੰਮ ਕਰੇਗੀ।