ਆਲੀਆ ਤੇ ਮੇਘਨਾ ‘ਰਾਜ਼ੀ’

ਅਦਾਕਾਰਾ ਆਲੀਆ ਭੱਟ ਹੁਣ ਮੇਘਨਾ ਗੁਲਜ਼ਾਰ ਦੀ ਅਗਲੀ ਫਿਲਮ ‘ਰਾਜ਼ੀ’ ਵਿਚ ਕਸ਼ਮੀਰੀ ਕੁੜੀ ਦਾ ਕਿਰਦਾਰ ਨਿਭਾਏਗੀ। ‘ਉੜਤਾ ਪੰਜਾਬ’ ਵਿਚ ਆਲੀਆ ਨੇ ਬਿਹਾਰੀ ਕੁੜੀ ਦਾ ਜ਼ੋਰਦਾਰ ਕਿਰਦਾਰ ਅਦਾ ਕੀਤਾ ਸੀ। ‘ਰਾਜ਼ੀ’ ਵਿਚ ਉਸ ਦੀ ਜੋੜੀ ਵਿੱਕੀ ਕੌਸ਼ਲ ਨਾਲ ਬਣੇਗੀ ਜੋ ਪਿਛੇ ਜਿਹੇ ਆਈ ਆਪਣੀ ਫਿਲਮ ‘ਮਸਾਨ’ ਨਾਲ ਚਰਚਾ ਵਿਚ ਆਇਆ ਸੀ।

‘ਰਾਜ਼ੀ’ ਦੀ ਕਹਾਣੀ ਕਸ਼ਮੀਰੀ ਕੁੜੀ ਦੁਆਲੇ ਘੁੰਮਦੀ ਹੈ ਜਿਸ ਦਾ ਵਿਆਹ ਪਾਕਿਸਤਾਨੀ ਫੌਜ ਦੇ ਅਫਸਰ ਨਾਲ ਹੋ ਜਾਂਦਾ ਹੈ। ਇਹ ਫਿਲਮ ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਿਮਤ’ ਉਤੇ ਆਧਾਰਤ ਹੈ। ਇਸ ਕਹਾਣੀ ਵਿਚ ਅਜਿਹੀ ਜਾਸੂਸ ਕੁੜੀ ਦੀ ਕਥਾ ਪਰੋਈ ਹੋਈ ਹੈ ਜੋ ਅਮਨ-ਸ਼ਾਂਤੀ ਖਾਤਰ ਖੁਦ ਅਤੇ ਆਪਣੇ ਪਰਿਵਾਰ ਨੂੰ ਮੁਲਕ ਤੋਂ ਕੁਰਬਾਨ ਕਰ ਦਿੰਦੀ ਹੈ। ਮੇਘਨਾ ਗੁਲਜ਼ਾਰ ਲਈ ਇਹ ਪ੍ਰੋਜੈਕਟ ਬੜਾ ਅਹਿਮ ਹੈ। ਉਸ ਦੀ ਪਿਛਲੀ ਫਿਲਮ ‘ਤਲਵਾਰ’ ਕਾਫੀ ਚਰਚਿਤ ਰਹੀ ਸੀ ਜੋ ਦਿੱਲੀ ਦੇ ਦੋਹਰੇ ਕਤਲ ਕੇਸ ਉਤੇ ਆਧਾਰਤ ਸੀ। ਇਹ ਫਿਲਮ ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿਚ ਵੀ ਦਿਖਾਈ ਗਈ ਸੀ। ਪਹਿਲਾਂ ਇਸ ਫਿਲਮ ਦਾ ਨਾਂ ‘ਨੋਇਡਾ’ ਰੱਖਿਆ ਗਿਆ ਸੀ, ਪਰ ਬਾਅਦ ਵਿਚ ਬਦਲ ਦਿੱਤਾ ਗਿਆ। ਇਸ ਤੋਂ ਪਹਿਲਾਂ ਮੇਘਨਾ ‘ਫਿਲਹਾਲ’ (2002), ‘ਜਸਟ ਮੈਰਿਡ’ (2007), ‘ਦਸ ਕਹਾਨੀਆਂ’ (2007) ਫਿਲਮਾਂ ਬਣਾ ਚੁੱਕੀ ਹੈ, ਪਰ ਉਸ ਦੀ ਪਛਾਣ ਅਜੇ ਵੀ ਗੁਲਜ਼ਾਰ ਦੀ ਕੁੜੀ ਵਜੋਂ ਹੀ ਹੋ ਰਹੀ ਹੈ। ਫਿਲਮ ਸਨਅਤ ਵਿਚ ਉਹ ਆਪਣੀ ਛਾਪ ਛੱਡਣ ਵਿਚ ਅਸਫ਼ਲ ਰਹੀ ਹੈ। ਗੁਲਜ਼ਾਰ ਦੇ ਨੇੜਲੇ ਵਿਸ਼ਾਲ ਭਾਰਦਵਾਜ ਨੇ ਉਸ ਦੇ ਕਰੀਅਰ ਨੂੰ ਠੁੰਮਣਾ ਦੇਣ ਲਈ ਹੀ ਫਿਲਮ ‘ਤਲਵਾਰ’ ਦੀ ਪਟਕਥਾ ਲਿਖੀ ਸੀ। ਹੁਣ ਦੇਖਣਾ ਇਹ ਹੈ ਕਿ ‘ਰਾਜ਼ੀ’ ਨਾਲ ਮੇਘਨਾ ਗੁਲਜ਼ਾਰ ਆਪਣੇ ਕਰੀਅਰ ਨੂੰ ਕਿੰਨਾ ਕੁ ਅੱਗੇ ਲੈ ਕੇ ਜਾਂਦੀ ਹੈ ਅਤੇ ਆਪਣੇ ਪਿਤਾ ਦੇ ਪ੍ਰਛਾਵੇਂ ਤੋਂ ਕਿੰਨਾ ਕੁ ਦੂਰ ਜਾ ਕੇ ਖਲੋਂਦੀ ਹੈ। ਆਲੀਆ ਭੱਟ ਦਾ ਕਰੀਅਰ ਅੱਜ ਕੱਲ੍ਹ ਖੂਬ ਚਮਕ ਰਿਹਾ ਹੈ। ‘ਸ਼ਾਨਦਾਰ’ ਦੀ ਅਸਫਲਤਾ ਤੋਂ ਬਾਅਦ ਉਸ ਨੇ ‘ਕਪੂਰ ਐਂਡ ਸਨਜ਼’, ‘ਉੜਤਾ ਪੰਜਾਬ’, ‘ਡੀਅਰ ਜ਼ਿੰਦਗੀ’ ਅਤੇ ‘ਬਦਰੀਨਾਥ ਕੀ ਦੁਲਨੀਆ’ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਹੁਣ ਉਹ ਫਿਲਮ ‘ਡਰੈਗਨ’ ਦੀ ਸ਼ੂਟਿੰਗ ਵਿਚ ਰੁਝੀ ਹੋਈ ਹੈ। ‘ਡਰੈਗਨ’ ਵਿਚ ਆਲੀਆ ਭੱਟ ਤੋਂ ਇਲਾਵਾ ਰਣਬੀਰ ਕਪੂਰ ਅਤੇ ਅੱਯਾਨ ਮੁਖਰਜੀ ਦੇ ਮੁਖ ਕਿਰਦਾਰ ਹਨ। ਵਿੱਕੀ ਕੌਸ਼ਲ ਅੱਜ ਕੱਲ੍ਹ ਦੋ ਫਿਲਮਾਂ ਵਿਚ ਰੁਝਿਆ ਹੋਇਆ ਹੈ- ‘ਮਨਮਰਜ਼ੀਆਂ’ ਵਿਚ ਉਹ ਭੂਮੀ ਪੜਨੇਕਰ ਤੇ ਆਯੂਸ਼ਮਾਨ ਖੁਰਾਨਾ ਨਾਲ ਕੰਮ ਕਰ ਰਿਹਾ ਹੈ। ਇਹ ਫਿਲਮ ਪੰਜਾਬ ਦੀ ਪਿੱਠ ਭੂਮੀ ਵਿਚ ਬਣਾਈ ਜਾ ਰਹੀ ਹੈ ਅਤੇ ਤਕਰੀਬਨ ਸਾਰੇ ਕਿਰਦਾਰ ਪੰਜਾਬੀ ਹਨ।
-ਗੁਰਜੰਟ ਸਿੰਘ