ਅਮਰੀਕਾ ਦੇ ਰੈਡ ਇੰਡੀਅਨ

ਗੁਲਜ਼ਾਰ ਸਿੰਘ ਸੰਧੂ
ਮੈਂ ਆਪਣੀ 1980 ਦੀ ਅਮਰੀਕੀ ਫੇਰੀ ਸਮੇਂ ਉਥੋਂ ਦੇ ਰੈਡ ਇੰਡੀਅਨ ਵਸਨੀਕਾਂ ਨੂੰ ਮਿਲਣਾ ਚਾਹੁੰਦਾ ਸਾਂ।
ਮੈਂ ਭਾਰਤ ਵਿਚ ਰਹਿੰਦਿਆਂ ਰੈਡ ਇੰਡੀਅਨ ਲੋਕਾਂ ਬਾਰੇ ਸੁਣਿਆ ਸੀ। ਉਨ੍ਹਾਂ ਦੀਆਂ ਕੁਝ ਆਦਤਾਂ ਭਾਰਤੀ ਲੋਕਾਂ ਨਾਲ ਮਿਲਦੀਆਂ-ਜੁਲਦੀਆਂ ਸਨ। ਉਨ੍ਹਾਂ ਦੀ ਮੁਹੱਬਤ ਅਤੇ ਗੁੱਸਾ ਭਾਰਤੀਆਂ ਵਰਗੇ ਹਨ। ਉਹ ਕਿਸੇ ਦਾ ਦੁਖਦਾ ਦਿਲ ਨਹੀਂ ਦੁਖਾਉਂਦੇ। ਅਮਰੀਕਨਾਂ ਨੇ ਉਨ੍ਹਾਂ ਨੂੰ ਧੱਕ ਕੇ ਇਕ ਥਾਂ ਇਕੱਠੇ ਕਰ ਰਖਿਆ ਸੀ।

ਉਹ ਭੋਲੇ ਲੋਕ ਸਨ, ਚਲਾਕ ਲੋਕਾਂ ਦਾ ਮੁਕਾਬਲਾ ਨਾ ਕਰ ਸਕੇ। ਇਸ ਤੋਂ ਪਹਿਲਾਂ ਸਭਿਆ ਲੋਕਾਂ ਦਾ ਇਹ ਵਰਤਾਰਾ ਮੈਂ ਅੰਡੇਮਾਨ ਤੇ ਨਿਕੋਬਾਰ ਦੇ ਲੋਕਾਂ ਨਾਲ ਹੋਇਆ ਵੇਖ ਆਇਆ ਸਾਂ।
ਵਿਉਂਤੇ ਪ੍ਰੋਗਰਾਮ ਅਨੁਸਾਰ ਇਕ ਸੋਸ਼ਲ ਵਰਕਰ ਮੈਨੂੰ ਚਿਰੋਕੀ ਨੇਸ਼ਨ ਨਾਂ ਦੇ ਰੈਡ ਇੰਡੀਅਨਾਂ ਕੋਲ ਲੈ ਗਿਆ। ਚਿਰੋਕੀ ਨੇਸ਼ਨ ਦੇ ਮੁਖੀ ਨੇ ਮੈਨੂੰ ਆਪਣੇ ਘਰ ਸਿੱਟ-ਡਾਊਨ ਡਿਨਰ ‘ਤੇ ਬੁਲਾਇਆ। ਇਹ ਲੋਕ ਅਜਿਹਾ ਡਿਨਰ ਖਾਸ ਬੰਦਿਆਂ ਲਈ ਕਰਦੇ ਹਨ ਤਾਂ ਕਿ ਸਾਰੇ ਇਕ ਮੇਜ਼ ‘ਤੇ ਬੈਠ ਕੇ ਖਾਣਾ ਖਾ ਸਕਣ ਤਾਂ ਜੋ ਇਕ ਦੂਜੇ ਨਾਲ ਨਿੱਘੀ ਜਾਣ ਪਛਾਣ ਬਣ ਸਕੇ।
ਮੈਂ ਇਨ੍ਹਾਂ ਰੈਡ ਇੰਡੀਅਨਾਂ ਦੀ ਕਹਾਣੀ ਪੜ੍ਹੀ ਸੀ ਕਿ ਕਿਸ ਤਰ੍ਹਾਂ ਨਿਊ ਯਾਰਕ, ਨਿਊ ਜਰਸੀ ਤੇ ਸੈਲਿਸਬਰੀ ਵਿਚ ਕਾਬਜ਼ ਹੋਏ ਬਸਤੀਵਾਦੀਆਂ ਨੇ ਕੁਦਰਤ ਦੀ ਗੋਦ ‘ਚ ਪਲਦੇ ਲੋਕਾਂ ਉਤੇ ਜ਼ੁਲਮ ਕੀਤੇ ਤੇ ਕਿਵੇਂ ਉਨ੍ਹਾਂ ਨੂੰ ਘਰੋਂ ਬੇਘਰ ਕਰਕੇ ਹੁਣ ਆਪਣੀ ਸਭਿਅਤਾ ਦੀਆਂ ਫੜਾਂ ਮਾਰਦੇ ਸਨ। ਕਿਵੇਂ ਉਨ੍ਹਾਂ ਦੀ ਜਾਰਜੀਆ, ਅਲਬਾਮਾ ਤੇ ਟੈਨੇਸੀ ਦੀ ਉਪਜਾਊ ਜਮੀਨ ਉਤੇ ਕਬਜ਼ਾ ਕਰਕੇ ਇਥੇ ਉਨ੍ਹਾਂ ਨੂੰ ਖੇਤੀ ਲਈ ਜੰਗਲ ਦੇ ਕੇ ਬੜਾ ਅਹਿਸਾਨ ਜਤਾ ਰਹੇ ਸਨ।
ਖਾਣਾ ਖਾਣ ਤੋਂ ਪਹਿਲਾਂ ਨੇਸ਼ਨ ਦੇ ਮੁਖੀ ਨੇ ਜੋ ਅਰਦਾਸ ਕੀਤੀ, ਮੈਂ ਉਸ ਦਾ ਅਰਥ ਪੁੱਛਿਆ ਤਾਂ ਬਿਲਕੁਲ ਹੀ ਪੰਜਾਬੀ ਅਰਦਾਸ ਵਰਗੀ ਸੀ।
ਦੇਂਦਾ ਦਾਤਾ ਏਕ ਹੈ
ਸਭ ਕੋ ਦੇਵਣਹਾਰ।
ਦਿੰਦਿਆਂ ਤੋਟ ਨਾ ਆਵਈ
ਅਟੁੱਟ ਭਰੇ ਭੰਡਾਰ।
ਮੈਨੂੰ ਏਦਾਂ ਜਾਪਿਆ ਜਿਵੇਂ ਮੈਂ ਆਪਣੇ ਹੀ ਘਰ ਬੈਠਾ ਹੋਵਾਂ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਆਪਣੇ ਪਿੰਡ ਸੂਨੀ ਵਿਖੇ। ਮੇਰੇ ਸੌਣ ਕਮਰੇ ‘ਚ ਮੇਰੇ ਪੜ੍ਹਨ ਲਈ ਕਈ ਪੁਸਤਕਾਂ ਸਨ। ਉਨ੍ਹਾਂ ਲੋਕਾਂ ਦੇ ਜੀਵਨ ਦੀ ਬਾਤ ਪਾਉਂਦੀਆਂ। ਉਨ੍ਹਾਂ ਦੇ ਰਸਮ ਰਿਵਾਜ ਪਰੰਪਰਕ ਸਨ। ਮੌਤ ਮਗਰੋਂ ਮਰਨ ਵਾਲਿਆਂ ਦੇ ਸਮਾਨ ਦਾ ਮੁੱਲ ਪਾਇਆ ਜਾਂਦਾ ਸੀ। ਖੁਰਪਾ, ਦਾਤੀ, ਪੰਘੂੜੀ, ਤਵੇ, ਪਤੀਲੇ, ਤਖਤ ਪੋਸ, ਰਜਾਈਆਂ ਨੀਲਾਮ ਕੀਤੇ ਜਾਂਦੇ ਤੇ ਆਮਦਨ ਸਾਂਝੇ ਖਾਤੇ ਵਿਚ ਜਮ੍ਹਾਂ ਕਰ ਲਈ ਜਾਂਦੀ ਸੀ।
ਉਨ੍ਹਾਂ ਦੀਆਂ ਚਿੱਠੀਆਂ, ਉਨ੍ਹਾਂ ਦੇ ਭੋਲੇਪਨ, ਹੌਸਲੇ ਤੇ ਈਮਾਨਦਾਰੀ ਦਾ ਸਬੂਤ ਸਨ। ਇਕ ਆਈ-ਨੋ-ਲੀ ਨਾਂ ਦੇ ਬੰਦੇ ਦੀਆਂ ਚਿੱਠੀਆਂ ਤਾਂ ਮੇਰੇ ਮਨ ਵਿਚ ਵਸ ਗਈਆਂ ਸਨ।
“ਹੁਣ! ਮੈਂ ਆਈ-ਨੋ-ਲੀ ਹਾਂ। ਏਸ ਵਰ੍ਹੇ ਬੜਾ ਕੰਮ ਸੀ। ਵਿਹਲ ਕਿੱਥੇ? ਹੁਣ! ਅਸੀਂ ਗਿਗਦੀ ਦੀਆਂ ਸਭ ਚੀਜ਼ਾਂ ਵੇਚ ਦਿੱਤੀਆਂ ਹਨ। ਅਠਾਈ ਡਾਲਰ ਵਿਚ। ਹੁਣ! ਮੈਂ ਤੀਹ ਡਾਲਰ ਸਹਾਇਤਾ ਫੰਡ ਵਿਚ ਭੇਜ ਦਿੱਤੇ ਹਨ। ਇਸ ਦਾ ਮਤਲਬ ਕਿ ਮੈਂ ਦੋ ਡਾਲਰ ਆਪਣੇ ਕੋਲੋਂ ਪਾਏ ਹਨ। ਹੈਟ ਮੈਨੂੰ ਚਾਹੀਦੀ ਸੀ, ਮੈਂ ਰੱਖ ਲਈ ਹੈ। ਇਸ ਦੇ ਪੈਸੇ ਮੇਰੇ ਵੱਲ ਹਨ। ਤੌਫੀਕ ਹੁੰਦਿਆਂ ਦੇ ਦਿਆਂਗਾ। ਮੈਂ ਆਈ-ਨੋ-ਲੀ ਹਾਂ। ਹੁਣ! ਅੱਜ ਮੇਰੀ ਤਬੀਅਤ ਠੀਕ ਨਹੀਂ। ਪਰ ਜਿੰਦਾ ਹਾਂ। ਤਸੋਵਾ ਰਾਜ਼ੀ ਹੈ। ਨੀ-ਲੋ-ਸੀ ਕਾਫੀ ਬੀਮਾਰ ਹੈ। ਪਰ ਲਾ-ਸੀ-ਨੀ ਤੇ ਮੈਂ ਹਾਲੇ ਜ਼ਿੰਦਾ ਹਾਂ। ਹੁਣ ਤਿੰਨ ਅਪਰੈਲ ਨੂੰ ਸੂ-ਲੇ ਮਰ ਗਿਆ। ਉਹ ਤੁਰ ਨਹੀਂ ਸੀ ਸਕਿਆ। ਆਪਣੇ ਸਾਥੀਆਂ ਤੋਂ ਪਿੱਛੇ ਰਹਿ ਗਿਆ ਸੀ। ਜਦੋਂ ਦੇ ਇਥੇ ਆਏ ਹਾਂ ਪੰਜ ਮੌਤਾਂ ਹੋ ਚੁਕੀਆਂ ਹਨ। ਹੁਣ! ਸਾਡੀ ਇਥੋਂ ਹੀ ਸਲਾਮ ਕਬੂਲ ਕਰੋ। ਅਸੀਂ ਇਥੇ ਹਾਂ। ਮੈਂ ਆਈ-ਨੋ-ਲੀ ਤੇ ਤੇਰੀ ਚਾਚੀ ਈ-ਨੀ। ਅਸੀਂ ਹੁਣ ਠੀਕ ਹਾਂ। ਕੁਝ ਸਾਥੀ ਬੀਮਾਰ ਹਨ। ਬਹੁਤ ਬੀਮਾਰ ਹਨ। ਹੁਣ! ਮੈਂ ਬੰਦ ਕਰਦਾ ਹਾਂ। ਮੇਰਾ ਹੁਣ ਸਲਾਮ।”
ਕਿੰਨੀ ਵਾਰੀ ‘ਹੁਣ’ ਲਿਖਿਆ ਸੀ। ਬੀਮਾਰੀ ਦਾ ਵਾਰ-ਵਾਰ ਜ਼ਿਕਰ ਕੀਤਾ ਸੀ। ਕਿਨ੍ਹਾਂ ਹਾਲਤਾਂ ਵਿਚ ਰਹਿ ਰਹੇ ਸਨ। ਕਿਵੇਂ ਮਰੇ ਸਨ। ਦੁੱਖਾਂ ਦੀ ਵਾਰਤਾ।
ਇਕ ਹੋਰ ਚਿੱਠੀ ਵਿਚ ਇਕ ਬੁੜ੍ਹੀ ਦੇ ਮਰਨ ਤੋਂ ਪਿੱਛੋਂ ਉਸ ਦੇ ਘਰੋਂ ਨਿਕਲੀਆਂ ਚੀਜ਼ਾਂ ਦਾ ਮੁੱਲ ਪਾਇਆ ਗਿਆ ਸੀ। ਚੀਜ਼ਾਂ ਕੀ ਸਨ? ਕਾਲਾ ਕੋਟ। ਨੀਲੇ ਕੱਪੜੇ ਦਾ ਪੀਸ। ਪੇਟੀ ਵਾਲੀ ਵਰਦੀ। ਕੁਝ ਰਜਾਈਆਂ। ਕੁਝ ਹੋਰ ਰਜਾਈਆਂ। ਡੱਚ ਅੰਗੀਠੀ। ਇਕ ਹੋਰ ਡੱਚ ਅੰਗੀਠੀ। ਪਿੱਤਲ ਦਾ ਜਿੰਦਰਾ। ਘੋੜੇ ਵਾਲਾ ਹੱਲ। ਕੁਲਹਾੜਾ। ਖੁਰਪੀ। ਖੁਰਪੀ ਬਾਰੇ ਲਿਖਿਆ ਸੀ, ਕਿਸੇ ਹੋਰ ਦੀ ਸੀ ਤੇ ਉਸ ਨੂੰ ਮੁਫਤ ਮਿਲੀ ਹੋਈ ਸੀ।
ਪੈਸੇ ਦੇ ਮਾਮਲੇ ‘ਚ ਉਹ ਲੋਕ ਕਿੰਨੇ ਈਮਾਨਦਾਰ ਸਨ। ਕਿਸੇ ਦਾ ਧੇਲਾ ਨਹੀਂ ਸਨ ਰੱਖਦੇ। ਪੈਸੇ ਪੈਸੇ ਦਾ ਹਿਸਾਬ ਰੱਖਦੇ ਸਨ। ਪਾਈ-ਪਾਈ ਗਿਣੀ ਜਾਂਦੀ ਸੀ ਉਸ ਦਾ ਹਿਸਾਬ ਰੱਖਿਆ ਜਾਂਦਾ ਸੀ।
ਮੇਰੇ ਮਨ ਵਿਚ ਰੈਡ ਇੰਡੀਅਨ ਲੋਕਾਂ ਪ੍ਰਤੀ ਅਪਣੱਤ ਜਾਗ ਪਈ। ਉਨ੍ਹਾਂ ਵਿਚ ਬਹੁਤ ਕੁਝ ਆਪਣਾ ਸੀ। ਮੈਂ ਉਨ੍ਹਾਂ ਨੂੰ ਅਲਵਿਦਾ ਕਹਿਣ ਸਮੇਂ ਅਪਣੱਤ ਦੀ ਭਾਵਨਾ ਨਾਲ ਨੱਕੋ ਨੱਕ ਭਰਿਆ ਮਹਿਸੂਸ ਕਰ ਰਿਹਾ ਸਾਂ।
ਤਿੰਨ ਲੜੀਆਂ ਦਾ ਇਕੱਠਿਆਂ ਟੁੱਟਣਾ: ਪੰਜਾਬੀ ਸਾਹਿਤ ਤੇ ਪੱਤਰਕਾਰੀ ਨਾਲ ਜੁੜੇ ਮੇਰੇ ਤਿੰਨ ਮਿੱਤਰਾਂ ਦਾ ਇਕੱਠਿਆਂ ਤੁਰ ਜਾਣਾ ਦੁਖਦਾਈ ਵੀ ਹੈ ਤੇ ਨਾ ਪੂਰਾ ਹੋਣੇ ਵਾਲਾ ਘਾਟਾ ਵੀ। ਅਜਮੇਰ ਔਲਖ (75) ਨਾਟਕ ਜਗਤ ਦਾ ਧਰੂ ਤਾਰਾ ਸੀ, ਇਕਬਾਲ ਰਾਮੂੰਵਾਲੀਆ (72) ਆਪਣੇ ਪਿਤਾ ਕਰਨੈਲ ਸਿੰਘ ਪਾਰਸ ਦੀ ਸਾਹਿਤਕ ਆਤਮਾ ਨੂੰ ਪਰਨਾਇਆ ਅਤੇ ਪੂਰਨ ਸਿੱਖੀ ਸਰੂਪ, ਹੁਕਮ ਚੰਦ ਸ਼ਰਮਾ (70) ਪੱਤਰਕਾਰੀ ਦਾ ਮਹਾਰਥੀ। ਘੱਲੇ ਆਏ ਨਾਨਕਾ ਸੱਦੇ ਉਠੀ ਜਾਏ! ਜੋ ਉਸ ਨੂੰ ਮਨਜ਼ੂਰ!!
ਅੰਤਿਕਾ: ਸ਼ਮੀਮ ਰਾਂਚੀਰੀ
ਚਲਨੇ ਕੋ ਚਲ ਰਹਾ ਹੂੰ
ਪਰ ਇਸ ਕੀ ਖਬਰ ਨਹੀਂ
ਮੈਂ ਹੂੰ ਸਫਰ ਮੇ ਯਾ
ਮੇਰੀ ਮੰਜ਼ਿਲ ਸਫਰ ਮੇ ਹੈ।